ਹੋਰ ਵਧੀਆ ਪ੍ਰਚਾਰਕ ਬਣੋ—ਵਿੱਚੇ ਗੱਲ ਰੋਕਣ ਵਾਲਿਆਂ ਨੂੰ ਕਿਵੇਂ ਜਵਾਬ ਦੇਈਏ
ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਕਲਪਨਾ ਕਰੋ ਕਿ ਤੁਹਾਨੂੰ ਪਤਾ ਹੈ ਕੋਈ ਕੁਦਰਤੀ ਆਫ਼ਤ ਆਉਣ ਵਾਲੀ ਹੈ। ਲੋਕਾਂ ਦੀਆਂ ਜਾਨਾਂ ਚਲੇ ਜਾਣਗੀਆਂ ਜੇ ਉਹ ਕਿਸੇ ਸੁਰੱਖਿਅਤ ਥਾਂ ਨਾ ਗਏ। ਤੁਸੀਂ ਆਪਣੇ ਗੁਆਂਢੀ ਦੇ ਘਰ ਉਸ ਨੂੰ ਚੇਤਾਵਨੀ ਦੇਣ ਜਾਂਦੇ ਹੋ। ਪਰ ਉਹ ਤੁਹਾਡੀ ਗੱਲ ਵਿੱਚੇ ਰੋਕ ਕੇ ਕਹਿੰਦਾ ਹੈ ਕਿ ਉਹ ਬਿਜ਼ੀ ਹੈ। ਕੀ ਤੁਸੀਂ ਉਹ ਦੇ ਕਹੇ ਤੇ ਉਸ ਦੀ ਮਦਦ ਕਰਨੀ ਛੱਡ ਦਿਓਗੇ? ਬਿਲਕੁਲ ਨਹੀਂ! ਸਾਡੇ ਇਲਾਕੇ ਵਿਚ ਕਈ ਲੋਕ ਸਾਡੀ ਗੱਲ ਨਹੀਂ ਸੁਣਦੇ ਕਿਉਂਕਿ ਉਹ ਨਹੀਂ ਜਾਣਦੇ ਕਿ ਸਾਡਾ ਸੰਦੇਸ਼ ਸੁਣ ਕੇ ਉਨ੍ਹਾਂ ਦੀ ਜ਼ਿੰਦਗੀ ਬਚ ਸਕਦੀ ਹੈ। ਜਦ ਅਸੀਂ ਉਨ੍ਹਾਂ ਨੂੰ ਮਿਲਦੇ ਹਾਂ, ਤਾਂ ਉਹ ਸ਼ਾਇਦ ਬਿਜ਼ੀ ਹੋਣ। (ਮੱਤੀ 24:37-39) ਜਾਂ ਉਨ੍ਹਾਂ ਨੇ ਸ਼ਾਇਦ ਝੂਠੀਆਂ ਅਫ਼ਵਾਹਾਂ ਸੁਣ ਕੇ ਪਹਿਲਾਂ ਤੋਂ ਹੀ ਸਾਡੇ ਬਾਰੇ ਰਾਇ ਕਾਇਮ ਕਰ ਲਈ ਹੈ। (ਮੱਤੀ 11:18, 19) ਉਹ ਸ਼ਾਇਦ ਸੋਚਣ ਕਿ ਅਸੀਂ ਵੀ ਦੂਜੇ ਧਰਮਾਂ ਵਰਗੇ ਹਾਂ ਜਿਨ੍ਹਾਂ ਨੇ ਮਾੜੇ ਫਲ ਪੈਦਾ ਕੀਤੇ ਹਨ। (2 ਪਤ. 2:1, 2) ਜੇ ਘਰ-ਮਾਲਕ ਦਿਲਚਸਪੀ ਨਹੀਂ ਲੈਂਦਾ ਤੇ ਵਿਰੋਧ ਨਹੀਂ ਕਰਦਾ, ਤਾਂ ਸਾਨੂੰ ਜਲਦਬਾਜ਼ੀ ਵਿਚ ਹਾਰ ਨਹੀਂ ਮੰਨਣੀ ਚਾਹੀਦੀ।
ਇਸ ਤਰ੍ਹਾਂ ਕਿਵੇਂ ਕਰੀਏ:
• ਘਰ-ਘਰ ਪ੍ਰਚਾਰ ਕਰਨ ਤੋਂ ਪਹਿਲਾਂ ਜ਼ਰਾ ਸੋਚੋ ਕਿ ਲੋਕ ਕੀ ਕਹਿ ਕੇ ਤੁਹਾਡੀ ਗੱਲ ਵਿੱਚੇ ਰੋਕ ਸਕਦੇ ਹਨ ਤੇ ਤੁਸੀਂ ਸਮਝਦਾਰੀ ਨਾਲ ਕੀ ਕਹੋਗੇ।
• ਘੂਕ ਸੁੱਤੇ ਪਏ ਲੋਕਾਂ ਨੂੰ ਹੌਲੇ ਜਿਹੇ ਜਗਾਉਣਾ ਚੰਗਾ ਹੁੰਦਾ ਹੈ। ਪਰਮੇਸ਼ੁਰ ਨੂੰ ਨਾ ਮੰਨਣ ਵਾਲੇ ਲੋਕਾਂ ਨਾਲ ਵੀ ਇਸੇ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ। ਮਿਸਾਲ ਲਈ, ਜੇ ਕੋਈ ਪ੍ਰਚਾਰ ਦੌਰਾਨ ਸਾਨੂੰ ਗੁੱਸੇ ਹੁੰਦਾ ਹੈ, ਤਾਂ ਸਾਨੂੰ ਗੁੱਸੇ ਨਾਲ ਜਵਾਬ ਦੇਣ ਦੀ ਬਜਾਇ ਚੁੱਪ-ਚਾਪ ਉੱਥੋਂ ਚਲੇ ਜਾਣਾ ਚਾਹੀਦਾ ਹੈ। (ਕਹਾ. 15:1; 17:14; 2 ਤਿਮੋ. 2:24) ਕਦੇ-ਕਦੇ ਘਰ-ਮਾਲਕ ਦੀਆਂ ਭਾਵਨਾਵਾਂ ਜਾਂ ਉਸ ਦੇ ਹਾਲਾਤਾਂ ਨੂੰ ਸਮਝਣ ਨਾਲ ਅਸੀਂ ਗਵਾਹੀ ਦੇਣੀ ਜਾਰੀ ਰੱਖ ਸਕਦੇ ਹਾਂ। ਮਿਸਾਲ ਲਈ, ਜੇ ਉਹ ਕਹਿੰਦਾ ਹੈ ਕਿ ਉਹ ਬਿਜ਼ੀ ਹੈ, ਤਾਂ ਤੁਸੀਂ ਕਹਿ ਸਕਦੇ ਹੋ: “ਠੀਕ ਹੈ। ਪਰ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੇਣਾ ਚਾਹੁੰਦਾਂ।” ਜੇ ਉਹ ਕਹਿੰਦਾ ਹੈ ਕਿ ਉਸ ਨੂੰ ਦਿਲਚਸਪੀ ਨਹੀਂ ਹੈ, ਤਾਂ ਤੁਸੀਂ ਉਸ ਤੋਂ ਸਵਾਲ ਪੁੱਛ ਸਕਦੇ ਹੋ। ਤੁਸੀਂ ਕਹਿ ਸਕਦੇ ਹੋ: “ਕੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤੁਹਾਨੂੰ ਬਾਈਬਲ ਵਿਚ ਦਿਲਚਸਪੀ ਨਹੀਂ ਹੈ ਜਾਂ ਕੀ ਧਰਮ ਵਿਚ ਦਿਲਚਸਪੀ ਨਹੀਂ ਹੈ?” ਤੁਸੀਂ ਗੱਲ ਕਰਨ ਦੀ ਕਲਾ ਵਰਤਦੇ ਹੋਏ ਕੋਈ ਸਵਾਲ ਪੁੱਛ ਸਕਦੇ ਹੋ ਜਿਸ ਨਾਲ ਉਹ ਪਰਮੇਸ਼ੁਰ ਬਾਰੇ ਗੱਲ ਕਰਨ ਲਈ ਤਿਆਰ ਹੋ ਜਾਵੇ।—ਕੁਲੁ. 4:6.
• ਸਮਝਦਾਰੀ ਵਰਤੋ। ਯਾਦ ਰੱਖੋ ਕਿ ਯਹੋਵਾਹ ਲੋਕਾਂ ਨੂੰ ਸੁਣਨ ਲਈ ਮਜਬੂਰ ਨਹੀਂ ਕਰਦਾ। (ਬਿਵ. 30:19) ਯਹੋਵਾਹ ਅੱਗੇ ਹਰੇਕ ਜਣਾ ਆਪਣੇ ਫ਼ੈਸਲੇ ਲਈ ਜ਼ਿੰਮੇਵਾਰ ਹੋਵੇਗਾ। (ਗਲਾ. 6:5) ਜੇ ਘਰ-ਮਾਲਕ ਆਪਣੀ ਗੱਲ ʼਤੇ ਅੜਿਆ ਰਹਿੰਦਾ ਹੈ ਜਾਂ ਬਾਈਬਲ ਵਿੱਚੋਂ ਕੋਈ ਗੱਲ ਨਹੀਂ ਸੁਣਨੀ ਚਾਹੁੰਦਾ, ਤਾਂ ਉੱਥੋਂ ਚਲੇ ਜਾਣਾ ਚੰਗਾ ਹੋਵੇਗਾ। ਉਸ ਦੀਆਂ ਭਾਵਨਾਵਾਂ ਦੀ ਕਦਰ ਕਰਨ ਨਾਲ ਭਵਿੱਖ ਵਿਚ ਕਿਸੇ ਹੋਰ ਪਬਲੀਸ਼ਰ ਨੂੰ ਉਸ ਨੂੰ ਗਵਾਹੀ ਦੇਣ ਦਾ ਮੌਕਾ ਮਿਲ ਸਕਦਾ ਹੈ।—1 ਪਤ. 3:15.
ਇਸ ਮਹੀਨੇ ਇੱਦਾਂ ਕਰਨ ਦੀ ਕੋਸ਼ਿਸ਼ ਕਰੋ:
• ਜੇ ਘਰ-ਮਾਲਕ ਨੇ ਤੁਹਾਡੀ ਗੱਲ ਵਿੱਚੇ ਰੋਕ ਦਿੱਤੀ ਹੈ, ਤਾਂ ਉੱਥੋਂ ਜਾਣ ਤੋਂ ਬਾਅਦ ਆਪਣੇ ਨਾਲ ਪ੍ਰਚਾਰ ਕਰ ਰਹੇ ਭੈਣ-ਭਰਾ ਨਾਲ ਗੱਲ ਕਰੋ ਕਿ ਤੁਸੀਂ ਹੋਰ ਵਧੀਆ ਤਰੀਕੇ ਨਾਲ ਕਿਵੇਂ ਜਵਾਬ ਦੇ ਸਕਦੇ ਸੀ।