ਸਮਝਦਾਰੀ ਨਾਲ ਖ਼ੁਸ਼ ਖ਼ਬਰੀ ਸੁਣਾਓ
1 ਭਾਰਤ ਦੇ ਕਈ ਰਾਜਾਂ ਵਿਚ ਫ਼ਿਰਕੂ ਤਣਾਅ ਵਧਣ ਕਰਕੇ ਅਸੀਂ ਸ਼ਾਇਦ ਦੇਖਿਆ ਹੋਣਾ ਕਿ ਲੋਕੀ ਦੂਸਰੇ ਧਰਮਾਂ ਬਾਰੇ ਗੱਲ ਕਰਨ ਵੇਲੇ ਜਲਦੀ ਭੜਕ ਉੱਠਦੇ ਹਨ। ਅਸੀਂ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ ਅਤੇ ਪੌਲੁਸ ਨੇ ਕਿਹਾ ਸੀ ਕਿ ਲੋਕ “ਪੱਥਰ ਦਿਲ, . . . ਅਸੰਜਮੀ, ਕਰੜੇ, . . . ਕਾਹਲੇ” ਹੋਣਗੇ। (2 ਤਿਮੋ. 3:1-4) ਇਸ ਲਈ, ਯਹੋਵਾਹ ਦੇ ਲੋਕਾਂ ਨੂੰ ਇਨ੍ਹਾਂ ਨਾਜ਼ੁਕ ਸਮਿਆਂ ਵਿਚ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਸਮੇਂ ਸਮਝਦਾਰੀ ਵਰਤਣੀ ਚਾਹੀਦੀ ਹੈ।
2 ਸਮਝਦਾਰੀ ਦਾ ਕੀ ਮਤਲਬ ਹੈ? ਇਕ ਕੋਸ਼ ਵਿਚ ਸਮਝਦਾਰੀ ਦੀ ਇਹ ਪਰਿਭਾਸ਼ਾ ਦਿੱਤੀ ਗਈ ਹੈ: “ਕਿਸੇ ਔਖੀ ਜਾਂ ਨਾਜ਼ੁਕ ਸਥਿਤੀ ਵਿਚ ਸਹੀ ਕੰਮ ਕਰਨ ਜਾਂ ਸਹੀ ਗੱਲ ਕਹਿਣ ਦੀ ਜਾਚ, ਤਾਂਕਿ ਦੂਸਰਿਆਂ ਨਾਲ ਸੰਬੰਧ ਖ਼ਰਾਬ ਨਾ ਹੋਣ ਜਾਂ ਦੂਸਰਿਆਂ ਦੇ ਜਜ਼ਬਾਤਾਂ ਨੂੰ ਠੇਸ ਨਾ ਪਹੁੰਚੇ।” ਮਸੀਹੀ ਹੋਣ ਦੇ ਨਾਤੇ, ਸਾਡੀ ਇਹੋ ਇੱਛਾ ਹੈ ਕਿ ਅਸੀਂ ਹਰ ਧਰਮ ਦੇ ਲੋਕਾਂ ਨਾਲ ਚੰਗੇ ਸੰਬੰਧ ਰੱਖੀਏ ਅਤੇ ਉਨ੍ਹਾਂ ਦੇ ਜਜ਼ਬਾਤਾਂ ਨੂੰ ਠੇਸ ਨਾ ਪਹੁੰਚਾਈਏ। ਇਸ ਲਈ, ‘ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਅਸੀਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖਾਂਗੇ।’—ਰੋਮੀ. 12:18.
3 ਸਮਝਦਾਰੀ ਨਾਲ ਗਵਾਹੀ ਦੇਣ ਵਿਚ ਪੌਲੁਸ ਨੇ ਚੰਗੀ ਮਿਸਾਲ ਕਾਇਮ ਕੀਤੀ ਸੀ। ਯਾਦ ਕਰੋ ਕਿ ਅਥੇਨੈ ਦੇ ਲੋਕਾਂ ਨਾਲ ਗੱਲ ਕਰਦੇ ਸਮੇਂ ਉਸ ਨੇ ਉਨ੍ਹਾਂ ਦੀ ਮੂਰਤੀ-ਪੂਜਾ ਜਾਂ ਕਈ ਝੂਠੇ ਦੇਵਤਿਆਂ ਦੀ ਪੂਜਾ ਕਰਨ ਲਈ ਬੇਇਜ਼ਤੀ ਜਾਂ ਨਿੰਦਾ ਨਹੀਂ ਕੀਤੀ ਸੀ, ਭਾਵੇਂ ਕਿ ਇਨ੍ਹਾਂ ਚੀਜ਼ਾਂ ਨੂੰ ਦੇਖ ਕੇ ਉਸ ਨੂੰ ਬੜੀ ਖਿੱਝ ਆਈ ਸੀ। (ਰਸੂ. 17:16) ਸਗੋਂ ਪੌਲੁਸ ਨੇ ਅਥੇਨੈ ਦੇ ਭਗਤ ਲੋਕਾਂ ਦੀ ਰੂਹਾਨੀ ਰੁਚੀ ਨੂੰ ਆਪਣੀ ਚਰਚਾ ਦਾ ਆਧਾਰ ਬਣਾਇਆ।—ਰਸੂ. 17:22-31.
4 ਸਾਨੂੰ ਵੀ ਇਹੋ ਜਿਹੇ ਲੋਕ ਮਿਲ ਸਕਦੇ ਹਨ ਜੋ ਆਪਣੇ ਧਰਮ ਦੇ ਲੋਕਾਂ ਦਾ ਪੱਖ ਲੈਂਦੇ ਹਨ ਅਤੇ ਉਹ ਸਾਨੂੰ ਇਹ ਗੱਲ ਸਾਫ਼-ਸਾਫ਼ ਕਹਿ ਵੀ ਦਿੰਦੇ ਹਨ। ਉਦੋਂ ਅਸੀਂ ਕੀ ਕਰਾਂਗੇ? ਸਾਨੂੰ ਉਨ੍ਹਾਂ ਨਾਲ ਬਹੁਤ ਸਮਝਦਾਰੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਸਾਨੂੰ ਹੱਠਧਰਮੀ, ਝਗੜਾਲੂ ਜਾਂ ਆਲੋਚਨਾਤਮਕ ਨਹੀਂ ਹੋਣਾ ਚਾਹੀਦਾ। ਸਗੋਂ ਜੇ ਹੋ ਸਕੇ ਤਾਂ ਸਾਨੂੰ ਅਜਿਹੇ ਵਿਸ਼ਿਆਂ ਉੱਤੇ ਗੱਲ ਕਰਨੀ ਚਾਹੀਦੀ ਹੈ ਜਿਨ੍ਹਾਂ ਉੱਤੇ ਅਸੀਂ ਅਤੇ ਘਰ-ਸੁਆਮੀ ਦੋਨੋਂ ਹੀ ਸਹਿਮਤ ਹੋਣ। ਜੇ ਉਹ ਸਾਡੇ ਸੰਦੇਸ਼ ਨਾਲ ਸਹਿਮਤ ਨਹੀਂ ਹੈ, ਤਾਂ ਇਹ ਜ਼ਰੂਰੀ ਨਹੀਂ ਕਿ ਅਸੀਂ ਉਨ੍ਹਾਂ ਦੇ ਹਰ ਉਜ਼ਰ ਉੱਤੇ ਬਹਿਸ ਕਰੀਏ।
5 ਧਿਆਨ ਨਾਲ ਸੁਣਨਾ ਸਿੱਖੋ: ਸਮਝਦਾਰੀ ਵਿਚ ਸੁਣਨਾ ਵੀ ਸ਼ਾਮਲ ਹੈ। ਸਾਡੀ ਇਹ ਕਮਜ਼ੋਰੀ ਹੋ ਸਕਦੀ ਹੈ ਕਿ ਅਸੀਂ ਅਕਸਰ ਦੂਸਰਿਆਂ ਨੂੰ ਬੋਲਣ ਦਾ ਮੌਕਾ ਨਹੀਂ ਦਿੰਦੇ। ਪਰ ਜੇ ਅਸੀਂ ਘਰ-ਸੁਆਮੀ ਨੂੰ ਆਪਣੇ ਵਿਚਾਰ ਤੇ ਰਾਇ ਪੇਸ਼ ਕਰਨ ਦੀ ਪ੍ਰੇਰਣਾ ਦਿਆਂਗੇ, ਤਾਂ ਅਸੀਂ ਉਸ ਦੇ ਨਜ਼ਰੀਏ ਨੂੰ ਜਾਣ ਸਕਾਂਗੇ। ਅਸੀਂ ਉਸ ਨੂੰ ਸਵਾਲ ਵੀ ਪੁੱਛ ਸਕਦੇ ਹਾਂ, ਪਰ ਉਸ ਨੂੰ ਸ਼ਰਮਿੰਦਾ ਕਰਨ ਵਾਲੇ ਸਵਾਲ ਪੁੱਛਣ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੀ ਬਜਾਇ, ਅਜਿਹੇ ਸਵਾਲ ਪੁੱਛੋ ਜਿਨ੍ਹਾਂ ਦੁਆਰਾ ਉਹ ਸਾਡੇ ਨਾਲ ਖੁੱਲ੍ਹ ਕੇ ਗੱਲ ਕਰ ਸਕੇ।
6 ਜੇ ਸਾਡੇ ਸ਼ਬਦਾਂ ਅਤੇ ਚਿਹਰੇ ਦੇ ਹਾਵ-ਭਾਵ ਤੋਂ ਘਰ-ਸੁਆਮੀ ਲਈ ਪਰਵਾਹ, ਦਇਆ ਅਤੇ ਪਿਆਰ ਪ੍ਰਗਟ ਹੋਵੇਗਾ, ਤਾਂ ਜ਼ਿਆਦਾਤਰ ਲੋਕ ਇਹ ਦੇਖ ਕੇ ਦੋਸਤਾਨਾ ਤਰੀਕੇ ਨਾਲ ਪੇਸ਼ ਆਉਣਗੇ। ਪੌਲੁਸ ਦੀ ਸਲਾਹ ਨੂੰ ਯਾਦ ਰੱਖੋ: “ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।”—ਕੁਲੁ. 4:6.