“ਤੁਹਾਡੀ ਗੱਲ ਬਾਤ ਸਦਾ . . . ਸਲੂਣੀ ਹੋਵੇ”
1. ‘ਗੱਲ ਬਾਤ ਸਲੂਣੀ’ ਰੱਖਣ ਦਾ ਕੀ ਮਤਲਬ ਹੈ?
1 “ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।” (ਕੁਲੁ. 4:6) ਆਪਣੀ ਗੱਲਬਾਤ ਸਲੂਣੀ ਰੱਖਣ ਦਾ ਮਤਲਬ ਹੈ ਕਿ ਅਸੀਂ ਗੱਲ ਕਰਨ ਵੇਲੇ ਸਹੀ ਸ਼ਬਦ ਵਰਤੀਏ ਅਤੇ ਇੱਦਾਂ ਗੱਲ ਕਰੀਏ ਕਿ ਸੁਣਨ ਵਾਲੇ ਨੂੰ ਚੰਗਾ ਲੱਗੇ। ਪ੍ਰਚਾਰ ਕਰਦਿਆਂ ਆਪਣੀ ਗੱਲਬਾਤ ਸਲੂਣੀ ਰੱਖਣੀ ਬਹੁਤ ਜ਼ਰੂਰੀ ਹੈ।
2. ਯਿਸੂ ਸਾਮਰੀ ਤੀਵੀਂ ਨੂੰ ਗਵਾਹੀ ਕਿਉਂ ਦੇ ਸਕਿਆ?
2 ਯਿਸੂ ਦੀ ਮਿਸਾਲ: ਇਕ ਖੂਹ ਤੇ ਆਰਾਮ ਕਰਦਿਆਂ ਯਿਸੂ ਨੇ ਪਾਣੀ ਭਰਨ ਆਈ ਇਕ ਸਾਮਰੀ ਤੀਵੀਂ ਨਾਲ ਗੱਲ ਸ਼ੁਰੂ ਕੀਤੀ। ਗੱਲ ਕਰਦਿਆਂ ਕਈ ਵਾਰ ਤੀਵੀਂ ਨੇ ਯਹੂਦੀਆਂ ਅਤੇ ਸਾਮਰੀਆਂ ਦੇ ਆਪਸੀ ਵੈਰ ਵੱਲ ਸੰਕੇਤ ਕੀਤਾ। ਉਸ ਨੇ ਦਾਅਵੇ ਨਾਲ ਕਿਹਾ ਕਿ ਸਾਮਰੀ ਯਾਕੂਬ ਦੇ ਘਰਾਣੇ ਵਿੱਚੋਂ ਸਨ ਜਦ ਕਿ ਯਹੂਦੀ ਇਸ ਗੱਲ ਨੂੰ ਨਕਾਰਦੇ ਹੋਏ ਕਹਿੰਦੇ ਸਨ ਕਿ ਸਾਮਰੀ ਪਰਦੇਸੀ ਸਨ। ਇਸ ਗੱਲ ਤੇ ਉਸ ਨਾਲ ਬਹਿਸ ਕਰਨ ਦੀ ਬਜਾਇ ਯਿਸੂ ਨੇ ਪਿਆਰ ਨਾਲ ਗੱਲ ਕੀਤੀ। ਇਸ ਕਰਕੇ ਉਹ ਉਸ ਤੀਵੀਂ ਨੂੰ ਗਵਾਹੀ ਦੇ ਸਕਿਆ। ਯਿਸੂ ਦੀ ਗਵਾਹੀ ਤੋਂ ਸਾਮਰੀ ਤੀਵੀਂ ਨੂੰ ਅਤੇ ਉਸ ਦੇ ਸ਼ਹਿਰ ਦੇ ਆਦਮੀਆਂ ਨੂੰ ਫ਼ਾਇਦਾ ਹੋਇਆ।—ਯੂਹੰ. 4:7-15, 39.
3. ਪ੍ਰਚਾਰ ਕਰਦਿਆਂ ਅਸੀਂ ਯਿਸੂ ਦੀ ਨਕਲ ਕਿਵੇਂ ਕਰ ਸਕਦੇ ਹਾਂ?
3 ਪ੍ਰਚਾਰ ਕਰਦਿਆਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ‘ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਣੀ’ ਹੈ। (ਰੋਮੀ. 10:15) ਅਸੀਂ ਲੋਕਾਂ ਨਾਲ ਬਾਈਬਲ ਵਿੱਚੋਂ ਚੰਗੀਆਂ ਤੇ ਹੌਸਲਾ ਵਧਾਉਣ ਵਾਲੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ। ਸਾਨੂੰ ਇਸ ਤਰ੍ਹਾਂ ਗੱਲ ਨਹੀਂ ਕਰਨੀ ਚਾਹੀਦੀ ਜਿਸ ਤੋਂ ਲੋਕਾਂ ਨੂੰ ਲੱਗੇ ਕਿ ਅਸੀਂ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਦੀ ਨਿੰਦਿਆ ਕਰ ਰਹੇ ਹਾਂ। ਜੇ ਉਹ ਕੋਈ ਗ਼ਲਤ ਵਿਚਾਰ ਦੱਸਦੇ ਹਨ, ਤਾਂ ਸਾਨੂੰ ਇਸ ਨੂੰ ਤੁਰੰਤ ਗ਼ਲਤ ਨਹੀਂ ਕਹਿਣਾ ਚਾਹੀਦਾ। ਜੇ ਉਹ ਕੋਈ ਗੱਲ ਕਹਿੰਦੇ ਹਨ ਜਿਸ ਨਾਲ ਅਸੀਂ ਸਹਿਮਤ ਹੋ ਸਕਦੇ ਹਾਂ, ਤਾਂ ਸਾਨੂੰ ਉਨ੍ਹਾਂ ਦੀ ਤਾਰੀਫ਼ ਕਰਨੀ ਚਾਹੀਦੀ ਹੈ। ਜਾਂ ਅਸੀਂ ਕੋਈ ਆਇਤ ਪੜ੍ਹਨ ਤੋਂ ਪਹਿਲਾਂ ਇਹ ਕਹਿ ਸਕਦੇ ਹਾਂ: “ਕੀ ਤੁਸੀਂ ਕਦੀ ਸੋਚਿਆ ਕਿ ਇੱਦਾਂ ਵੀ ਹੋ ਸਕਦਾ?”
4. ਜੇ ਪ੍ਰਚਾਰ ਕਰਦੇ ਸਮੇਂ ਕੋਈ ਸਾਨੂੰ ਬੁਰਾ-ਭਲਾ ਕਹਿੰਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
4 ਜੇ ਘਰ-ਘਰ ਪ੍ਰਚਾਰ ਕਰਦੇ ਸਮੇਂ ਕੋਈ ਸਾਨੂੰ ਬੁਰਾ-ਭਲਾ ਕਹਿੰਦਾ ਹੈ ਜਾਂ ਫਿਰ ਬਹਿਸ ਕਰਨਾ ਚਾਹੁੰਦਾ ਹੈ, ਤਾਂ ਉਸ ਹਾਲਤ ਵਿਚ ਸਾਨੂੰ ਕੀ ਕਰਨਾ ਚਾਹੀਦਾ ਹੈ? ਅਸੀਂ ਨਿਮਰਤਾ ਅਤੇ ਧੀਰਜ ਨਾਲ ਗੱਲ ਕਰ ਸਕਦੇ ਹਾਂ। (2 ਤਿਮੋ. 2:24, 25) ਜੇ ਕੋਈ ਰਾਜ ਦਾ ਸੰਦੇਸ਼ ਸੁਣਨਾ ਹੀ ਨਹੀਂ ਚਾਹੁੰਦਾ, ਤਾਂ ਸਮਝਦਾਰੀ ਨਾਲ ਗੱਲ ਖ਼ਤਮ ਕਰ ਕੇ ਉੱਥੋਂ ਚਲੇ ਜਾਣਾ ਹੀ ਠੀਕ ਹੈ।—ਮੱਤੀ 7:6; 10:11-14.
5. ਨਰਮ ਜਵਾਬ ਦੇਣ ਨਾਲ ਨਿਕਲੇ ਚੰਗੇ ਨਤੀਜੇ ਦਾ ਇਕ ਤਜਰਬਾ ਦੱਸੋ।
5 ਚੰਗੇ ਨਤੀਜੇ: ਜਦੋਂ ਇਕ ਭੈਣ ਨੇ ਆਪਣੀ ਗੁਆਂਢਣ ਨੂੰ ਰਾਜ ਬਾਰੇ ਦੱਸਣਾ ਚਾਹਿਆ, ਤਾਂ ਗੁਆਂਢਣ ਗੁੱਸੇ ਵਿਚ ਆ ਕੇ ਉਸ ਨੂੰ ਗਾਲਾਂ ਕੱਢਣ ਲੱਗ ਪਈ। ਭੈਣ ਨੇ ਨਰਮਾਈ ਨਾਲ ਕਿਹਾ: “ਮੈਨੂੰ ਅਫ਼ਸੋਸ ਹੈ ਕਿ ਤੁਹਾਨੂੰ ਮੇਰੀ ਗੱਲ ਚੰਗੀ ਨਹੀਂ ਲੱਗੀ। ਚੰਗਾ, ਗੁੱਸਾ ਨਾ ਕਰੋ।” ਦੋ ਹਫ਼ਤਿਆਂ ਬਾਅਦ ਉਹ ਗੁਆਂਢਣ ਭੈਣ ਦੇ ਘਰ ਆਈ ਤੇ ਉਸ ਨੇ ਮਾਫ਼ੀ ਮੰਗੀ। ਉਸ ਨੇ ਇਹ ਵੀ ਕਿਹਾ ਕਿ ਉਹ ਭੈਣ ਦੀ ਗੱਲ ਸੁਣਨ ਆਈ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਨਰਮਾਈ ਨਾਲ ਜਵਾਬ ਦੇਣ ਦੇ ਅਕਸਰ ਚੰਗੇ ਨਤੀਜੇ ਨਿਕਲਦੇ ਹਨ।—ਕਹਾ. 15:1; 25:15.
6. ਪ੍ਰਚਾਰ ਕਰਦਿਆਂ ਆਪਣੀ ਗੱਲਬਾਤ ਸਲੂਣੀ ਰੱਖਣੀ ਕਿਉਂ ਜ਼ਰੂਰੀ ਹੈ?
6 ਖ਼ੁਸ਼ ਖ਼ਬਰੀ ਸੁਣਾਉਂਦਿਆਂ ਆਪਣੀ ਗੱਲਬਾਤ ਸਲੂਣੀ ਰੱਖਣ ਦੀ ਕੋਸ਼ਿਸ਼ ਕਰੋ। ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਜੇ ਕੋਈ ਗੱਲ ਨਹੀਂ ਵੀ ਸੁਣਦਾ, ਤਾਂ ਹੋ ਸਕਦਾ ਉਹ ਸ਼ਾਇਦ ਅਗਲੀ ਵਾਰ ਯਹੋਵਾਹ ਦੇ ਗਵਾਹਾਂ ਦੀ ਗੱਲ ਸੁਣਨ ਲਈ ਤਿਆਰ ਹੋ ਜਾਵੇ।