“ਕੱਲ ਦੀ ਚਿੰਤਾ ਨਾ ਕਰੋ”
ਰੈਨੇ ਤੋਂ ਹੋਰ ਨਹੀਂ ਸੀ ਝੱਲ ਹੁੰਦਾ। ਤਿੰਨ ਤੋਂ ਜ਼ਿਆਦਾ ਸਾਲ ਹੋ ਗਏ ਸਨ, ਪਰ ਉਸ ਦੇ ਪਤੀ ਮੈਥਿਊ ਨੂੰ ਪੱਕੀ ਨੌਕਰੀ ਨਹੀਂ ਮਿਲੀ। ਰੈਨੇ ਯਾਦ ਕਰਦੀ ਹੈ: “ਚਿੰਤਾ ਮੈਨੂੰ ਅੰਦਰੋਂ-ਅੰਦਰੀਂ ਖਾਈ ਜਾ ਰਹੀ ਸੀ। ਮੈਂ ਬਹੁਤ ਨਿਰਾਸ਼ ਸੀ ਕਿਉਂਕਿ ਪਤਾ ਨਹੀਂ ਸੀ ਕਿ ਕੱਲ੍ਹ ਕੀ ਹੋਵੇਗਾ।” ਮੈਥਿਊ ਨੇ ਆਪਣੀ ਪਤਨੀ ਨੂੰ ਹੌਸਲਾ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਕੋਈ ਚੀਜ਼ ਦੀ ਕਮੀ ਨਹੀਂ ਸੀ। ਰੈਨੇ ਨੇ ਜਵਾਬ ਦਿੱਤਾ: “ਕਿੰਨੀ ਦੇਰ ਘਰ ਬੈਠਾ ਰਹੇਗਾ? ਪੈਸਿਆਂ ਤੋਂ ਬਿਨਾਂ ਸਾਡਾ ਕੀ ਹੋਵੇਗਾ?”
ਨੌਕਰੀ ਨਾ ਹੋਵੇ, ਤਾਂ ਚਿੰਤਾ ਤਾਂ ਹੁੰਦੀ ਹੈ। ਬੇਰੋਜ਼ਗਾਰ ਵਿਅਕਤੀ ਸੋਚਦਾ ਹੈ, ‘ਕਿੰਨਾ ਚਿਰ ਮੈਂ ਨੌਕਰੀ ਤੋਂ ਬਿਨਾਂ ਰਹਾਂਗਾ? ਅਸੀਂ ਆਪਣਾ ਗੁਜ਼ਾਰਾ ਕਿਵੇਂ ਤੋਰਾਂਗੇ?’
ਭਾਵੇਂ ਚਿੰਤਾ ਹੁੰਦੀ ਹੈ, ਪਰ ਯਿਸੂ ਮਸੀਹ ਨੇ ਅਜਿਹੀ ਵਧੀਆ ਸਲਾਹ ਦਿੱਤੀ ਜੋ ਸਾਡੀ ਚਿੰਤਾ ਨੂੰ ਘਟਾ ਸਕਦੀ ਹੈ। ਉਸ ਨੇ ਕਿਹਾ: “ਕੱਲ ਦੀ ਚਿੰਤਾ ਨਾ ਕਰੋ . . . ਅੱਜ ਦੇ ਲਈ ਅੱਜ ਦਾ ਦੁੱਖ ਹੀ ਬਹੁਤ ਹੈ।”—ਮੱਤੀ 6:34, CL.
ਤੁਹਾਨੂੰ ਕਿਨ੍ਹਾਂ ਗੱਲਾਂ ਦਾ ਡਰ ਹੈ?
ਯਿਸੂ ਇਹ ਨਹੀਂ ਸੀ ਕਹਿ ਰਿਹਾ ਕਿ ਸਾਨੂੰ ਲਾਪਰਵਾਹ ਅਤੇ ਬੇਫ਼ਿਕਰ ਹੋਣਾ ਚਾਹੀਦਾ ਹੈ। ਲੇਕਿਨ ਸਾਡੀ ਪਰੇਸ਼ਾਨੀ ਹੋਰ ਵੀ ਵਧੇਗੀ ਜੇ ਅਸੀਂ ਉਨ੍ਹਾਂ ਗੱਲਾਂ ਦੀ ਚਿੰਤਾ ਕਰਾਂਗੇ ਜੋ ਹੋ ਸਕਦੀਆਂ ਹਨ ਜਾਂ ਨਹੀਂ ਵੀ ਹੋ ਸਕਦੀਆਂ। ਸੱਚ ਤਾਂ ਇਹ ਹੈ ਕਿ ਕਿਸੇ ਨੂੰ ਨਹੀਂ ਪਤਾ ਕਿ ਕੱਲ੍ਹ ਨੂੰ ਕੀ ਹੋਵੇਗਾ। ਪਰ ਅਸੀਂ ਅੱਜ ਦਾ ਸਾਮ੍ਹਣਾ ਜ਼ਰੂਰ ਕਰ ਸਕਦੇ ਹਾਂ।
ਇਸ ਤਰ੍ਹਾਂ ਕਹਿਣਾ ਸੌਖਾ ਹੈ, ਪਰ ਕਰਨਾ ਔਖਾ! ਰਬੈਕਾ ਦੇ ਪਤੀ ਨੂੰ 12 ਸਾਲ ਨੌਕਰੀ ਕਰਨ ਤੋਂ ਬਾਅਦ ਕੰਮ ਤੋਂ ਜਵਾਬ ਮਿਲ ਗਿਆ। ਉਹ ਦੱਸਦੀ ਹੈ: “ਜਦ ਤੁਹਾਨੂੰ ਟੈਨਸ਼ਨ ਹੁੰਦੀ ਹੈ, ਤਾਂ ਠੰਢੇ ਦਿਮਾਗ਼ ਨਾਲ ਸੋਚਣਾ ਮੁਸ਼ਕਲ ਹੋ ਜਾਂਦਾ ਹੈ। ਪਰ ਸਾਨੂੰ ਇਹੀ ਕਰਨਾ ਪਿਆ। ਇਸ ਲਈ ਮੈਂ ਆਪਣੇ ਆਪ ʼਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਜਿਹੜੀਆਂ ਗੱਲਾਂ ਦਾ ਮੈਨੂੰ ਫ਼ਿਕਰ ਸੀ ਉਹ ਕਦੇ ਹੋਈਆਂ ਹੀ ਨਹੀਂ, ਤਾਂ ਮੈਂ ਸੋਚਿਆ ਫ਼ਿਕਰ ਕਰਨ ਦਾ ਕੀ ਫ਼ਾਇਦਾ? ਸਿਰਫ਼ ਅੱਜ ਦੀਆਂ ਮੁਸ਼ਕਲਾਂ ਬਾਰੇ ਸੋਚਣ ਨਾਲ ਅਸੀਂ ਆਪਣੀ ਟੈਨਸ਼ਨ ਘਟਾਈ।”
ਆਪਣੇ ਆਪ ਨੂੰ ਪੁੱਛੋ: ‘ਮੈਨੂੰ ਕਿਸ ਗੱਲ ਦਾ ਸਭ ਤੋਂ ਜ਼ਿਆਦਾ ਡਰ ਹੈ? ਜਿਸ ਗੱਲ ਦਾ ਡਰ ਹੈ, ਕੀ ਉਹ ਅਸਲ ਵਿਚ ਹੋਵੇਗੀ? ਮੈਂ ਉਨ੍ਹਾਂ ਗੱਲਾਂ ਬਾਰੇ ਕਿੰਨੀ ਕੁ ਚਿੰਤਾ ਕਰਦਾ ਹਾਂ ਜੋ ਸ਼ਾਇਦ ਹੋਣ ਜਾਂ ਨਾ ਹੋਣ?’
ਸੰਤੁਸ਼ਟ ਹੋਵੋ
ਸਾਡੀ ਸੋਚਣੀ ਦਾ ਸਾਡੇ ਜਜ਼ਬਾਤਾਂ ਉੱਤੇ ਅਸਰ ਪੈ ਸਕਦਾ ਹੈ। ਇਸ ਲਈ ਬਾਈਬਲ ਤਾਕੀਦ ਕਰਦੀ ਹੈ: “ਜੇਕਰ ਸਾਡੇ ਕੋਲ ਖਾਣ ਲਈ ਭੋਜਨ ਅਤੇ ਤਨ ਢੱਕਣ ਲਈ ਕਪੜਾ ਹੈ, ਤਾਂ ਇਹ ਹੀ ਬਹੁਤ ਹੈ।” (1 ਤਿਮੋਥਿਉਸ 6:8, CL) ਸੰਤੁਸ਼ਟ ਹੋਣ ਦਾ ਮਤਲਬ ਹੈ ਕਿ ਅਸੀਂ ਨਵੀਆਂ-ਨਵੀਆਂ ਚੀਜ਼ਾਂ ਦੀ ਖ਼ਾਹਸ਼ ਕਰਨ ਦੀ ਬਜਾਇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰ ਕੇ ਖ਼ੁਸ਼ ਹੋਈਏ। ਤੁਸੀਂ ਜਿੰਨੀਆਂ ਜ਼ਿਆਦਾ ਚੀਜ਼ਾਂ ਖ਼ਰੀਦੋਗੇ, ਉੱਨਾ ਹੀ ਜ਼ਿਆਦਾ ਤੁਹਾਡੇ ਲਈ ਜੀਵਨ ਸਾਦਾ ਰੱਖਣਾ ਮੁਸ਼ਕਲ ਹੋਵੇਗਾ।—ਮਰਕੁਸ 4:19.
ਰੈਨੇ ਨੇ ਆਪਣੇ ਹਾਲਾਤਾਂ ਵੱਲ ਧਿਆਨ ਦੇਣ ਤੋਂ ਬਾਅਦ ਸੰਤੁਸ਼ਟ ਹੋਣਾ ਸਿੱਖ ਲਿਆ। ਉਹ ਦੱਸਦੀ ਹੈ: “ਸਾਡੇ ਕੋਲ ਹਮੇਸ਼ਾ ਬਿਜਲੀ, ਪਾਣੀ ਅਤੇ ਸਿਰ ʼਤੇ ਛੱਤ ਰਹੀ ਹੈ। ਅਸਲੀ ਸਮੱਸਿਆ ਇਹ ਸੀ ਕਿ ਸਾਨੂੰ ਘੱਟ ਪੈਸਿਆਂ ਨਾਲ ਗੁਜ਼ਾਰਾ ਕਰਨ ਦੀ ਆਦਤ ਨਹੀਂ ਸੀ। ਪਰ ਇਹ ਮੇਰੀ ਗ਼ਲਤੀ ਸੀ ਕਿਉਂਕਿ ਮੈਂ ਚਾਹੁੰਦੀ ਸੀ ਕਿ ਸਾਡੀ ਜ਼ਿੰਦਗੀ ਪਹਿਲਾਂ ਵਾਂਗ ਚੱਲਦੀ ਰਹੇ। ਇਸ ਕਰਕੇ ਮੇਰੀ ਚਿੰਤਾ ਹੋਰ ਵੀ ਵਧ ਗਈ।”
ਰੈਨੇ ਨੂੰ ਅਹਿਸਾਸ ਹੋਇਆ ਕਿ ਉਸ ਦੀ ਸੋਚਣੀ ਗ਼ਲਤ ਸੀ ਅਤੇ ਇਸ ਕਰਕੇ ਉਹ ਆਪਣੇ ਨਵੇਂ ਹਾਲਾਤਾਂ ਦਾ ਸਾਮ੍ਹਣਾ ਨਹੀਂ ਕਰ ਸਕਦੀ ਸੀ। ਉਹ ਦੱਸਦੀ ਹੈ: “ਇਹ ਸੋਚਣ ਦੀ ਬਜਾਇ ਕਿ ਮੈਂ ਕੀ ਚਾਹੁੰਦੀ ਸੀ ਮੈਨੂੰ ਅਸਲੀਅਤ ਦਾ ਸਾਮ੍ਹਣਾ ਕਰਨਾ ਪਿਆ। ਮੈਂ ਇਸ ਨਾਲ ਸੰਤੁਸ਼ਟ ਰਹਿਣਾ ਸਿੱਖਿਆ ਕਿ ਰੋਜ਼ ਰੱਬ ਸਾਨੂੰ ਕੀ ਦੇ ਰਿਹਾ ਸੀ। ਇਸ ਤਰ੍ਹਾਂ ਮੈਂ ਖ਼ੁਸ਼ ਰਹਿਣ ਲੱਗੀ।”
ਆਪਣੇ ਆਪ ਨੂੰ ਪੁੱਛੋ: ‘ਕੀ ਮੇਰੀਆਂ ਅੱਜ ਦੀਆਂ ਲੋੜਾਂ ਪੂਰੀਆਂ ਹੋਈਆਂ ਹਨ? ਤਾਂ ਫਿਰ ਕੀ ਮੈਂ ਭਰੋਸਾ ਰੱਖ ਸਕਦਾ ਹਾਂ ਕਿ ਕੱਲ੍ਹ ਦੀਆਂ ਲੋੜਾਂ ਵੀ ਪੂਰੀਆਂ ਕੀਤੀਆਂ ਜਾਣਗੀਆਂ?’
ਜੇ ਅਸੀਂ ਘੱਟ ਪੈਸਿਆਂ ਨਾਲ ਗੁਜ਼ਾਰਾ ਕਰਨਾ ਸਿੱਖਣਾ ਹੈ, ਤਾਂ ਪਹਿਲਾਂ ਸਾਨੂੰ ਸਹੀ ਨਜ਼ਰੀਆ ਰੱਖਣ ਦੀ ਜ਼ਰੂਰਤ ਹੈ। ਪਰ ਬੇਰੋਜ਼ਗਾਰੀ ਕਰਕੇ ਜਦ ਤੁਹਾਡੀ ਆਮਦਨ ਘੱਟ ਜਾਂਦੀ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? (g10-E 07)
[ਸਫ਼ਾ 5 ਉੱਤੇ ਡੱਬੀ]
ਮਿਹਨਤ ਦਾ ਫਲ ਮਿੱਠਾ!
ਨੌਕਰੀ ਦੀ ਤਲਾਸ਼ ਕਰਦਿਆਂ ਕਈ ਹਫ਼ਤਿਆਂ ਬਾਅਦ ਮਹਿੰਦਰ ਨੂੰ ਲੱਗਾ ਕਿ ਉਸ ਦੀ ਮਿਹਨਤ ਫ਼ਜ਼ੂਲ ਸੀ ਅਤੇ ਸਾਰੇ ਦਰਵਾਜ਼ੇ ਬੰਦ ਸਨ। ਉਹ ਦੱਸਦਾ ਹੈ: “ਇਹ ਅੱਡੇ ʼਤੇ ਬਸ ਦੀ ਉਡੀਕ ਕਰਨ ਦੇ ਬਰਾਬਰ ਸੀ, ਪਰ ਬਸ ਨਹੀਂ ਆਈ।” ਮਹਿੰਦਰ ਨੇ ਉਹ ਕਰਨ ਦੀ ਸੋਚੀ ਜੋ ਉਹ ਕਰ ਸਕਦਾ ਸੀ। ਉਸ ਨੇ ਬਹੁਤ ਸਾਰੀਆਂ ਕੰਪਨੀਆਂ ਨੂੰ ਨੌਕਰੀ ਲਈ ਅਰਜ਼ੀ ਦਿੱਤੀ, ਉਨ੍ਹਾਂ ਕੰਪਨੀਆਂ ਨੂੰ ਵੀ ਜਿੱਥੇ ਉਸ ਨੂੰ ਲੱਗਦਾ ਸੀ ਕਿ ਨੌਕਰੀ ਦੀ ਬਹੁਤੀ ਉਮੀਦ ਨਹੀਂ। ਜਦੋਂ ਕਿਸੇ ਕੰਪਨੀ ਵੱਲੋਂ ਉਸ ਨੂੰ ਚਿੱਠੀ ਆਈ, ਤਾਂ ਉਸ ਨੇ ਇੰਟਰਵਿਊ ਲਈ ਚੰਗੀ ਤਰ੍ਹਾਂ ਤਿਆਰੀ ਕੀਤੀ ਕਿਉਂਕਿ ਉਸ ਨੂੰ ਯਕੀਨ ਸੀ ਕਿ “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ।” (ਕਹਾਉਤਾਂ 21:5, CL) ਮਹਿੰਦਰ ਦੱਸਦਾ ਹੈ, “ਇਕ ਕੰਪਨੀ ਵਿਚ ਮੈਨੂੰ ਦੋ ਵਾਰ ਇੰਟਰਵਿਊ ਦੇਣੀ ਪਈ ਜਿੱਥੇ ਕੰਪਨੀ ਦੇ ਵੱਡੇ ਮੈਨੇਜਰਾਂ ਨੇ ਉਸ ਉੱਤੇ ਸਵਾਲਾਂ ਦੀ ਬੁਛਾੜ ਕਰ ਦਿੱਤੀ।” ਪਰ ਅਖ਼ੀਰ ਵਿਚ ਮਹਿੰਦਰ ਨੂੰ ਆਪਣੀ ਮਿਹਨਤ ਦਾ ਫਲ ਮਿਲ ਗਿਆ। ਉਹ ਦੱਸਦਾ ਹੈ: “ਮੈਨੂੰ ਨੌਕਰੀ ਮਿਲ ਗਈ!”
[ਸਫ਼ਾ 6 ਉੱਤੇ ਡੱਬੀ/ਤਸਵੀਰ]
ਕਮਾਈ ਨਾਲੋਂ ਕੁਝ ਜ਼ਰੂਰੀ
ਸਭ ਤੋਂ ਜ਼ਰੂਰੀ ਕੀ ਹੈ, ਤੁਹਾਡੀ ਈਮਾਨਦਾਰੀ ਜਾਂ ਤੁਹਾਡੀ ਕਮਾਈ? ਬਾਈਬਲ ਵਿਚ ਦਿੱਤੀਆਂ ਦੋ ਕਹਾਵਤਾਂ ਵੱਲ ਧਿਆਨ ਦਿਓ।
“ਈਮਾਨਦਾਰ ਮਨੁੱਖ ਦੀ ਗਰੀਬੀ ਹੀ ਚੰਗੀ ਹੈ, ਪਰ ਬੇਈਮਾਨ ਮਨੁੱਖ ਦੀ ਅਮੀਰੀ ਵੀ ਬੁਰੀ ਹੈ।”—ਕਹਾਉਤਾਂ 28:6, CL.
“ਸਾਗ ਪੱਤ ਦਾ ਖਾਣਾ ਜਿੱਥੇ ਪ੍ਰੇਮ ਹੈ, ਪਲੇ ਹੋਏ ਬਲਦ ਨਾਲੋਂ ਜਿੱਥੇ ਵੈਰ ਹੈ, ਚੰਗਾ ਹੈ।”—ਕਹਾਉਤਾਂ 15:17.
ਘੱਟ ਕਮਾਈ ਹੋਣ ਦਾ ਇਹ ਮਤਲਬ ਨਹੀਂ ਕਿ ਇਨਸਾਨ ਦੀ ਕੀਮਤ ਘੱਟ ਗਈ ਹੈ। ਇਸ ਲਈ ਜਦ ਰੈਨੇ ਦੇ ਪਤੀ ਦੀ ਨੌਕਰੀ ਛੁੱਟ ਗਈ, ਤਾਂ ਉਸ ਨੇ ਆਪਣੇ ਬੱਚਿਆਂ ਨੂੰ ਸਮਝਾਇਆ, “ਕਈ ਪਿਤਾ ਆਪਣੇ ਪਰਿਵਾਰ ਨੂੰ ਛੱਡ ਕੇ ਚਲੇ ਗਏ ਹਨ, ਪਰ ਤੁਹਾਡੇ ਪਿਤਾ ਨੇ ਇਸ ਤਰ੍ਹਾਂ ਨਹੀਂ ਕੀਤਾ। ਤੁਸੀਂ ਜਾਣਦੇ ਹੋ ਕਿ ਉਹ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਹਰ ਮੁਸ਼ਕਲ ਵਿਚ ਤੁਹਾਡਾ ਸਾਥ ਦੇਣ ਲਈ ਤਿਆਰ ਹੈ। ਉਸ ਤੋਂ ਵਧੀਆ ਪਿਤਾ ਤੁਹਾਨੂੰ ਨਹੀਂ ਮਿਲਣਾ।”