ਕੀ ਸਾਇੰਸ ਸਾਬਤ ਕਰ ਚੁੱਕੀ ਕਿ ਰੱਬ ਹੈ ਨਹੀਂ?
ਬ੍ਰਿਟਿਸ਼ ਫ਼ਿਲਾਸਫ਼ਰ ਐਂਟਨੀ ਫਲੂ 50 ਸਾਲਾਂ ਤੋਂ ਇਕ ਮੰਨਿਆ-ਪ੍ਰਮੰਨਿਆ ਨਾਸਤਿਕ ਸੀ ਤੇ ਦੂਸਰੇ ਲੋਕ ਉਸ ਦਾ ਬਹੁਤ ਆਦਰ ਕਰਦੇ ਸਨ। ਉਸ ਨੇ 1950 ਵਿਚ “ਥੀਆਲੋਜੀ ਐਂਡ ਫ਼ਾਲਸੀਫਿਕੈਸ਼ਨ” ਨਾਂ ਦਾ ਪੇਪਰ ਲਿਖਿਆ ਜਿਸ ਬਾਰੇ ਕਿਹਾ ਗਿਆ ਕਿ ਇਹ “[20ਵੀਂ] ਸਦੀ ਵਿਚ ਫ਼ਿਲਾਸਫ਼ੀ ਦਾ ਸਭ ਤੋਂ ਜ਼ਿਆਦਾ ਪੜ੍ਹਿਆ ਗਿਆ ਪੇਪਰ ਸੀ।” ਫਿਰ 1986 ਵਿਚ ਫਲੂ ਨੂੰ “ਉਸ ਸਮੇਂ ਦੇ ਆਸਤਿਕ ਲੋਕਾਂ ਦਾ ਸਭ ਤੋਂ ਵੱਡਾ ਆਲੋਚਕ” ਕਿਹਾ ਜਾਣ ਲੱਗ ਪਿਆ। ਇਸ ਲਈ ਬਹੁਤ ਸਾਰੇ ਲੋਕ ਹੱਕੇ-ਬੱਕੇ ਰਹਿ ਗਏ ਜਦੋਂ 2004 ਵਿਚ ਫਲੂ ਨੇ ਐਲਾਨ ਕੀਤਾ ਕਿ ਉਸ ਨੇ ਆਪਣਾ ਮਨ ਬਦਲ ਲਿਆ ਹੈ।
ਫਲੂ ਨੇ ਆਪਣਾ ਮਨ ਕਿਹੜੀ ਗੱਲ ਕਰਕੇ ਬਦਲਿਆ? ਜੇ ਕਿਹਾ ਜਾਵੇ, ਤਾਂ ਸਾਇੰਸ ਕਰਕੇ। ਉਸ ਨੂੰ ਯਕੀਨ ਹੋ ਗਿਆ ਕਿ ਬ੍ਰਹਿਮੰਡ, ਕੁਦਰਤ ਦੇ ਨਿਯਮ ਅਤੇ ਜ਼ਿੰਦਗੀ ਖ਼ੁਦ-ਬ-ਖ਼ੁਦ ਅਚਾਨਕ ਹੋਂਦ ਵਿਚ ਨਹੀਂ ਆਈ। ਕੀ ਉਹ ਸਹੀ ਸਿੱਟੇ ʼਤੇ ਪਹੁੰਚਿਆ ਸੀ?
ਕੁਦਰਤ ਦੇ ਨਿਯਮ ਕਿੱਥੋਂ ਆਏ?
ਭੌਤਿਕ-ਵਿਗਿਆਨੀ ਅਤੇ ਲੇਖਕ ਪੌਲ ਡੇਵਿਸ ਕਹਿੰਦਾ ਹੈ ਕਿ ਸਾਇੰਸ ਵਧੀਆ ਤਰੀਕੇ ਨਾਲ ਸਮਝਾ ਦਿੰਦੀ ਹੈ ਕਿ ਕੁਦਰਤ ਦੇ ਨਿਯਮ ਕਿਵੇਂ ਕੰਮ ਕਰਦੇ ਹਨ। ਪਰ ਉਹ ਅੱਗੇ ਕਹਿੰਦਾ ਹੈ: “ਜਦ ਸਵਾਲ ਇਹ ਉੱਠਦਾ ਹੈ ਕਿ ‘ਕੁਦਰਤ ਦੇ ਨਿਯਮ ਕਿੱਦਾਂ ਬਣੇ?,’ ਤਾਂ ਸਾਇੰਸ ਸਮਝਾ ਨਹੀਂ ਪਾਉਂਦੀ। ਵਿਗਿਆਨਕ ਖੋਜਾਂ ਨੇ ਅਜਿਹੇ ਸਵਾਲਾਂ ਦੇ ਜਵਾਬ ਲੱਭਣ ਵਿਚ ਕੋਈ ਮਦਦ ਨਹੀਂ ਕੀਤੀ। ਸ਼ੁਰੂ ਤੋਂ ਹੀ ਜ਼ਿੰਦਗੀ ਬਾਰੇ ਅਹਿਮ ਸਵਾਲ ਪੁੱਛੇ ਗਏ ਹਨ ਤੇ ਅੱਜ ਵੀ ਅਸੀਂ ਇਹੀ ਸਵਾਲ ਪੁੱਛ ਰਹੇ ਹਾਂ।”
ਫਲੂ ਨੇ 2007 ਵਿਚ ਲਿਖਿਆ: “ਗੱਲ ਸਿਰਫ਼ ਇੰਨੀ ਹੀ ਨਹੀਂ ਕਿ ਕੁਦਰਤ ਵਿਚ ਨਿਯਮ ਦੇਖੇ ਜਾਂਦੇ ਹਨ, ਪਰ ਇਹ ਵੀ ਕਿ ਹਰ ਨਿਯਮ ਬਿਲਕੁਲ ਠੀਕ ਹੈ, ਹਮੇਸ਼ਾ ਸਹੀ ਹੁੰਦਾ ਹੈ ਅਤੇ ਦੂਸਰੇ ਨਿਯਮਾਂ ਨਾਲ ‘ਮੇਲ ਖਾਂਦਾ’ ਹੈ। ਆਇਨਸਟਾਈਨ ਨੇ ਕਿਹਾ ਕਿ ਇਨ੍ਹਾਂ ਗੱਲਾਂ ਪਿੱਛੇ ਜ਼ਰੂਰ ‘ਕੋਈ ਬੁੱਧੀਮਾਨ ਹਸਤੀ’ ਹੈ। ਸਾਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਕੁਦਰਤ ਦੇ ਨਿਯਮ ਕਿੱਥੋਂ ਆਏ। ਨਿਊਟਨ, ਆਇਨਸਟਾਈਨ ਅਤੇ ਹਾਈਜ਼ਨਬਰਗ ਵਰਗੇ ਸਾਇੰਸਦਾਨਾਂ ਨੇ ਵੀ ਇਹੀ ਸਵਾਲ ਪੁੱਛਿਆ ਸੀ ਤੇ ਉਨ੍ਹਾਂ ਦਾ ਇੱਕੋ ਜਵਾਬ ਸੀ, ਰੱਬ।”
ਸੱਚ ਤਾਂ ਇਹ ਹੈ ਕਿ ਬਹੁਤ ਸਾਰੇ ਮੰਨੇ-ਪ੍ਰਮੰਨੇ ਸਾਇੰਸਦਾਨ ਮੰਨਦੇ ਹਨ ਕਿ ਕਿਸੇ ਨੇ ਬ੍ਰਹਿਮੰਡ ਦੀ ਸ਼ੁਰੂਆਤ ਕੀਤੀ ਸੀ ਤੇ ਇਹ ਗੱਲ ਸਾਇੰਸ ਦੇ ਖ਼ਿਲਾਫ਼ ਨਹੀਂ ਹੈ। ਦੂਜੇ ਪਾਸੇ, ਇਹ ਕਹਿਣ ਨਾਲ ਮਨ ਨੂੰ ਤਸੱਲੀ ਨਹੀਂ ਮਿਲਦੀ ਕਿ ਬ੍ਰਹਿਮੰਡ, ਕੁਦਰਤ ਦੇ ਨਿਯਮ ਤੇ ਜ਼ਿੰਦਗੀ ਆਪਣੇ ਆਪ ਹੀ ਸ਼ੁਰੂ ਹੋ ਗਈ। ਸਾਡੀ ਆਮ ਜ਼ਿੰਦਗੀ ਤੋਂ ਵੀ ਪਤਾ ਲੱਗਦਾ ਹੈ ਕਿ ਹਰ ਡੀਜ਼ਾਈਨ ਦੇ ਪਿੱਛੇ ਇਕ ਡੀਜ਼ਾਈਨਰ ਦਾ ਹੱਥ ਹੁੰਦਾ ਹੈ।
ਤੁਸੀਂ ਕੀ ਮੰਨੋਗੇ?
ਭਾਵੇਂ ਇਹ ਨਾਸਤਿਕ ਕਹਿੰਦੇ ਹਨ ਕਿ ਸਾਇੰਸ ਹੀ ਉਨ੍ਹਾਂ ਦੇ ਵਿਸ਼ਵਾਸਾਂ ਦਾ ਆਧਾਰ ਹੈ, ਪਰ ਹਕੀਕਤ ਇਹ ਹੈ ਕਿ ਨਾ ਤਾਂ ਨਾਸਤਿਕਤਾ ਤੇ ਨਾ ਹੀ ਆਸਤਿਕਤਾ ਪੂਰੀ ਤਰ੍ਹਾਂ ਨਾਲ ਸਾਇੰਸ ʼਤੇ ਟਿਕੀ ਹੋਈ ਹੈ। ਨਾਸਤਿਕ ਲੋਕ ਮੰਨਦੇ ਹਨ ਕਿ ਸਭ ਕੁਝ ਆਪਣੇ ਆਪ ਸ਼ੁਰੂ ਹੋ ਗਿਆ ਤੇ ਆਸਤਿਕ ਲੋਕ ਮੰਨਦੇ ਹਨ ਕਿ ਸਭ ਕੁਝ ਰੱਬ ਨੇ ਸ਼ੁਰੂ ਕੀਤਾ। ਇਨ੍ਹਾਂ ਦੋਹਾਂ ਵਿੱਚੋਂ ਕਿਸੇ ਇਕ ਦੇ ਵਿਚਾਰਾਂ ਨਾਲ ਸਹਿਮਤ ਹੋਣ ਲਈ ਨਿਹਚਾ ਦੀ ਲੋੜ ਪੈਂਦੀ ਹੈ। ਇੰਗਲੈਂਡ ਵਿਚ ਆਕਸਫ਼ੋਰਡ ਯੂਨੀਵਰਸਿਟੀ ਦੇ ਮੈਥ ਦਾ ਇਕ ਪ੍ਰੋਫ਼ੈਸਰ ਜੋਨ ਲੈਨਕਸ ਲਿਖਦਾ ਹੈ ਕਿ ਸਾਰੇ ਨਾਸਤਿਕ ਇਹੀ ਕਹਿੰਦੇ ਹਨ ਕਿ “ਧਰਮ ਨੂੰ ਮੰਨਣਾ ਅੰਧਵਿਸ਼ਵਾਸ ਦੇ ਬਰਾਬਰ ਹੈ।” ਉਸ ਨੇ ਅੱਗੇ ਕਿਹਾ: “ਸਾਨੂੰ ਇਸ ਗੱਲ ʼਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਉਹ ਗ਼ਲਤ ਹਨ।” ਸੋ ਸਵਾਲ ਇਹ ਉੱਠਦਾ ਹੈ: ਇਨ੍ਹਾਂ ਦੋਹਾਂ ਵਿਸ਼ਵਾਸਾਂ ਵਿੱਚੋਂ ਕਿਹੜਾ ਵਿਸ਼ਵਾਸ ਸਹੀ ਹੈ—ਨਾਸਤਿਕ ਦਾ ਜਾਂ ਆਸਤਿਕ ਦਾ? ਮਿਸਾਲ ਲਈ, ਜ਼ਿੰਦਗੀ ਦੀ ਸ਼ੁਰੂਆਤ ਉੱਤੇ ਗੌਰ ਕਰੋ।
ਵਿਕਾਸਵਾਦੀ ਕਬੂਲ ਕਰਦੇ ਹਨ ਕਿ ਬਹੁਤ ਸਾਰੀਆਂ ਥਿਊਰੀਆਂ ਦੇ ਬਾਵਜੂਦ ਉਨ੍ਹਾਂ ਨੂੰ ਇਹ ਪੱਕਾ ਨਹੀਂ ਪਤਾ ਕਿ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੋਈ। ਨਾਸਤਿਕਾਂ ਦਾ ਇਕ ਮੋਢੀ ਰਿਚਰਡ ਡੋਕਿੰਨਸ ਦਾਅਵਾ ਕਰਦਾ ਹੈ ਕਿ ਬ੍ਰਹਿਮੰਡ ਵਿਚ ਇੰਨੇ ਸਾਰੇ ਗ੍ਰਹਿ ਹੋਣ ਕਰਕੇ ਇਨ੍ਹਾਂ ਵਿੱਚੋਂ ਕਿਸੇ ਇਕ ਵਿਚ ਤਾਂ ਜ਼ਿੰਦਗੀ ਜ਼ਰੂਰ ਹੋਵੇਗੀ। ਪਰ ਕਈ ਨਾਮੀ ਸਾਇੰਸਦਾਨ ਉਸ ਨਾਲ ਸਹਿਮਤ ਨਹੀਂ ਹਨ। ਕੇਮਬ੍ਰਿਜ ਦੇ ਇਕ ਪ੍ਰੋਫ਼ੈਸਰ ਨੇ ਕਿਹਾ, “ਅਸੀਂ ਮੰਨ ਹੀ ਨਹੀਂ ਸਕਦੇ ਕਿ ਜ਼ਿੰਦਗੀ ਵਿਕਾਸਵਾਦ ਰਾਹੀਂ ਸ਼ੁਰੂ ਹੋਈ ਅਤੇ ਦਿਮਾਗ਼ ਆਪਣੇ ਆਪ ਹੀ ਬਣ ਗਿਆ। ਇਕ ਗੁੰਝਲਦਾਰ ਤੇ ਵਿਰਾਨ ਮਾਹੌਲ ਵਿਚ ਜ਼ਿੰਦਗੀ ਦੀ ਸ਼ੁਰੂਆਤ ਹੋਣੀ ਨਾਮੁਮਕਿਨ ਹੈ। ਸਿਰਫ਼ ਘਮੰਡੀ ਲੋਕ ਇਹ ਮੰਨਦੇ ਹਨ ਕਿ ਸਹੀ ਮਾਤਰਾ ਵਿਚ ਕਾਰਬਨ ਹੋਣ ਨਾਲ ਅਤੇ ਸਮੇਂ ਦੇ ਬੀਤਣ ਨਾਲ ਕੁਝ ਵੀ ਹੋ ਸਕਦਾ ਹੈ।”
ਇਹ ਵੀ ਯਾਦ ਰੱਖੋ ਕਿ ਜ਼ਿੰਦਗੀ ਸਿਰਫ਼ ਕੈਮੀਕਲ ਤੱਤਾਂ ਦੀ ਹੀ ਨਹੀਂ ਬਣੀ, ਸਗੋਂ ਇਹ ਡੀ. ਐੱਨ. ਏ. ਵਿਚ ਪਾਈ ਜਾਂਦੀ ਬਹੁਤ ਗੁੰਝਲਦਾਰ ਜਾਣਕਾਰੀ ਨਾਲ ਬਣੀ ਹੋਈ ਹੈ। ਇਸ ਲਈ ਜਦ ਅਸੀਂ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਗੱਲ ਕਰਦੇ ਹਾਂ, ਤਾਂ ਅਸੀਂ ਇਸ ਜੀਵ-ਵਿਗਿਆਨ ਸੰਬੰਧੀ ਜਾਣਕਾਰੀ ਦੀ ਸ਼ੁਰੂਆਤ ਬਾਰੇ ਵੀ ਗੱਲ ਕਰਦੇ ਹਾਂ। ਕੋਈ ਵੀ ਜਾਣਕਾਰੀ ਕਿੱਥੋਂ ਮਿਲਦੀ ਹੈ? ਦਿਮਾਗ਼ ਜਾਂ ਬੁੱਧੀ ਤੋਂ ਬਿਨਾਂ ਜਾਣਕਾਰੀ ਨਹੀਂ ਮਿਲ ਸਕਦੀ। ਕੀ ਅਚਾਨਕ ਕੋਈ ਹਾਦਸਾ ਹੋਣ ਕਰਕੇ ਸਹੀ ਜਾਣਕਾਰੀ ਮਿਲਦੀ ਹੈ? ਮਿਸਾਲ ਲਈ, ਕੀ ਕੰਪਿਊਟਰ ਪ੍ਰੋਗ੍ਰਾਮ, ਅਲਜਬਰਾ ਦਾ ਕੋਈ ਫ਼ਾਰਮੂਲਾ, ਇਕ ਸ਼ਬਦ-ਕੋਸ਼ ਜਾਂ ਦਾਲ-ਸਬਜ਼ੀ ਬਣਾਉਣ ਦਾ ਤਰੀਕਾ ਆਪਣੇ ਆਪ ਹੀ ਬਣ ਜਾਂਦਾ ਹੈ? ਬਿਲਕੁਲ ਨਹੀਂ। ਪਰ ਡੀ. ਐੱਨ. ਏ. ਦੀ ਤੁਲਨਾ ਵਿਚ ਇਸ ਤਰ੍ਹਾਂ ਦੀ ਜਾਣਕਾਰੀ ਤਾਂ ਕੁਝ ਵੀ ਨਹੀਂ।
ਸਾਰਾ ਕੁਝ ਆਪ ਹੀ ਸ਼ੁਰੂ ਹੋ ਗਿਆ?
ਪੌਲ ਡੇਵਿਸ ਸਮਝਾਉਂਦਾ ਹੈ ਕਿ ਕਈ ਨਾਸਤਿਕਾਂ ਮੁਤਾਬਕ “ਇਹ ਬੜੀ ਇਤਫ਼ਾਕ ਦੀ ਗੱਲ ਹੈ ਕਿ ਸਾਡਾ ਬ੍ਰਹਿਮੰਡ ਹੋਂਦ ਵਿਚ ਹੈ ਅਤੇ ਇਸ ਉੱਤੇ ਜ਼ਿੰਦਗੀ ਮੁਮਕਿਨ ਹੈ।” ਨਾਸਤਿਕ ਕਹਿੰਦੇ ਹਨ: “ਜੇ ਇਸ ਤਰ੍ਹਾਂ ਨਾ ਹੁੰਦਾ, ਤਾਂ ਅਸੀਂ ਇੱਥੇ ਇਸ ਬਾਰੇ ਗੱਲਬਾਤ ਨਾ ਕਰ ਰਹੇ ਹੁੰਦੇ। ਭਾਵੇਂ ਸਾਡਾ ਬ੍ਰਹਿਮੰਡ ਜਿੱਦਾਂ ਦਾ ਵੀ ਹੈ, ਪਰ ਸਾਨੂੰ ਇਸ ਦਾ ਨਾ ਤਾਂ ਕੋਈ ਡੀਜ਼ਾਈਨ ਤੇ ਨਾ ਹੀ ਕੋਈ ਮਕਸਦ ਨਜ਼ਰ ਆਉਂਦਾ ਹੈ।” ਡੇਵਿਸ ਕਹਿੰਦਾ ਹੈ ਕਿ “ਇਸ ਤਰ੍ਹਾਂ ਸੋਚਣ ਦਾ ਇਹੀ ਫ਼ਾਇਦਾ ਹੁੰਦਾ ਹੈ ਕਿ ਕੁਝ ਸਮਝਾਉਣ ਦੀ ਲੋੜ ਨਹੀਂ ਪੈਂਦੀ। ਨਾਲੇ ਅਸਲੀਅਤ ਦਾ ਸਾਮ੍ਹਣਾ ਨਾ ਕਰਨ ਦਾ ਬਹਾਨਾ ਮਿਲ ਜਾਂਦਾ ਹੈ।”
ਜੀਵ-ਵਿਗਿਆਨੀ ਮਾਈਕਲ ਡੈਂਟਨ ਆਪਣੀ ਕਿਤਾਬ ਈਵਲੂਸ਼ਨ: ਏ ਥਿਊਰੀ ਇਨ ਕ੍ਰਾਈਸਸ ਵਿਚ ਇਸ ਸਿੱਟੇ ʼਤੇ ਪਹੁੰਚਦਾ ਹੈ ਕਿ ਵਿਕਾਸਵਾਦ ‘ਸਾਇੰਸ ਦੀ ਕੋਈ ਖ਼ਾਸ ਥਿਊਰੀ ਹੋਣ ਦੀ ਬਜਾਇ ਪੁਰਾਣੇ ਜ਼ਮਾਨੇ ਵਿਚ ਜੋਤਸ਼-ਵਿਦਿਆ ਦੀ ਕੋਈ ਸਿੱਖਿਆ ਦੇ ਬਰਾਬਰ ਹੈ।’ ਉਸ ਨੇ ਇਹ ਵੀ ਕਿਹਾ ਕਿ ਡਾਰਵਿਨ ਦੀ ਥਿਊਰੀ ਸਾਡੇ ਸਮੇਂ ਦੀ ਸਭ ਤੋਂ ਵੱਡੀ ਮਨ-ਘੜਤ ਕਹਾਣੀ ਹੈ।
ਇਹ ਕਹਿਣਾ ਕਿ ਜ਼ਿੰਦਗੀ ਦੀ ਸ਼ੁਰੂਆਤ ਆਪਣੇ ਆਪ ਹੀ ਹੋ ਗਈ ਸੱਚ-ਮੁੱਚ ਮਨ-ਘੜਤ ਕਹਾਣੀ ਲੱਗਦੀ ਹੈ। ਜ਼ਰਾ ਸੋਚੋ: ਪੁਰਾਣੀਆਂ ਲੱਭਤਾਂ ਦਾ ਵਿਗਿਆਨੀ ਇਕ ਪੱਥਰ ਨੂੰ ਦੇਖਦਾ ਹੈ ਜਿਸ ਦਾ ਆਕਾਰ ਲਗਭਗ ਚੌਰਸ ਹੈ। ਉਹ ਸ਼ਾਇਦ ਸੋਚੇ ਕਿ ਇਹ ਸਿਰਫ਼ ਇਤਫ਼ਾਕ ਦੀ ਗੱਲ ਹੈ ਅਤੇ ਉਸ ਦੀ ਸੋਚਣੀ ਗ਼ਲਤ ਨਹੀਂ ਹੋਵੇਗੀ। ਪਰ ਬਾਅਦ ਵਿਚ ਉਹ ਪੱਥਰ ਦੀ ਇਕ ਸੋਹਣੀ ਮੂਰਤ ਲੱਭਦਾ ਹੈ। ਕੀ ਉਹ ਇਸ ਨੂੰ ਵੀ ਇਤਫ਼ਾਕ ਦੀ ਗੱਲ ਸਮਝੇਗਾ? ਨਹੀਂ, ਉਹ ਇਹੀ ਸੋਚੇਗਾ ਕਿ ਕਿਸੇ ਨੇ ਇਸ ਨੂੰ ਬਣਾਇਆ ਹੈ। ਇਸੇ ਤਰ੍ਹਾਂ ਬਾਈਬਲ ਕਹਿੰਦੀ ਹੈ: “ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ ਪਰ ਜਿਹ ਨੇ ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ।” (ਇਬਰਾਨੀਆਂ 3:4) ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ?
ਲੈਨਕਸ ਨੇ ਲਿਖਿਆ: “ਅਸੀਂ ਜਿੰਨਾ ਜ਼ਿਆਦਾ ਆਪਣੇ ਬ੍ਰਹਿਮੰਡ ਬਾਰੇ ਜਾਣਦੇ ਹਾਂ, ਉੱਨਾ ਹੀ ਜ਼ਿਆਦਾ ਸਾਡਾ ਵਿਸ਼ਵਾਸ ਪੱਕਾ ਹੁੰਦਾ ਜਾਂਦਾ ਹੈ ਕਿ ਸਭ ਕੁਝ ਬਣਾਉਣ ਵਾਲਾ ਰੱਬ ਹੀ ਹੈ ਅਤੇ ਉਸ ਨੇ ਕਿਸੇ ਖ਼ਾਸ ਮਕਸਦ ਲਈ ਬ੍ਰਹਿਮੰਡ ਨੂੰ ਡੀਜ਼ਾਈਨ ਕੀਤਾ ਹੈ।”
ਅਫ਼ਸੋਸ ਹੈ ਕਿ ਧਰਮ ਦੇ ਨਾਂ ਤੇ ਕੀਤੇ ਜਾਂਦੇ ਜ਼ੁਲਮਾਂ ਕਰਕੇ ਰੱਬ ਵਿਚ ਲੋਕਾਂ ਦਾ ਵਿਸ਼ਵਾਸ ਕਮਜ਼ੋਰ ਹੁੰਦਾ ਜਾ ਰਿਹਾ ਹੈ। ਨਤੀਜੇ ਵਜੋਂ ਕਈਆਂ ਲੋਕਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਜੇ ਕੋਈ ਧਰਮ ਨਾ ਹੋਵੇ, ਤਾਂ ਦੁਨੀਆਂ ਦੀ ਹਾਲਤ ਬਿਹਤਰ ਹੋਵੇਗੀ। ਇਸ ਬਾਰੇ ਤੁਹਾਡਾ ਕੀ ਖ਼ਿਆਲ ਹੈ? (g10-E 11)