ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 1/15 ਸਫ਼ੇ 12-13
  • ਸਮਝੌਤਾ ਕਿਵੇਂ ਕਰੀਏ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਮਝੌਤਾ ਕਿਵੇਂ ਕਰੀਏ?
  • ਜਾਗਰੂਕ ਬਣੋ!—2015
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਚੁਣੌਤੀ
  • ਜਦੋਂ ਵਿਚਾਰ ਅਲੱਗ-ਅਲੱਗ ਹੋਣ
    ਪਰਿਵਾਰ ਦੀ ਮਦਦ ਲਈ
  • 3 ਆਦਰ ਕਰੋ
    ਜਾਗਰੂਕ ਬਣੋ!—2018
  • ਬਹਿਸ ਕਰਨੋਂ ਕਿਵੇਂ ਹਟੀਏ
    ਜਾਗਰੂਕ ਬਣੋ!—2013
  • ਤੀਜਾ ਰਾਜ਼: ਮਿਲ ਕੇ ਕੰਮ ਕਰੋ
    ਜਾਗਰੂਕ ਬਣੋ!—2010
ਹੋਰ ਦੇਖੋ
ਜਾਗਰੂਕ ਬਣੋ!—2015
g 1/15 ਸਫ਼ੇ 12-13
ਪਤੀ-ਪਤਨੀ ਦੀ ਆਪਣੀ-ਆਪਣੀ ਪਸੰਦ

ਪਰਿਵਾਰ ਦੀ ਮਦਦ ਲਈ| ਵਿਆਹੁਤਾ ਜੀਵਨ

ਸਮਝੌਤਾ ਕਿਵੇਂ ਕਰੀਏ?

ਚੁਣੌਤੀ

ਤੁਹਾਡੀ ਅਤੇ ਤੁਹਾਡੇ ਜੀਵਨ ਸਾਥੀ ਦੀ ਕਿਸੇ ਗੱਲ ਬਾਰੇ ਆਪਣੀ-ਆਪਣੀ ਪਸੰਦ ਹੈ। ਦੇਖਿਆ ਜਾਵੇ, ਤਾਂ ਤੁਹਾਡੇ ਸਾਮ੍ਹਣੇ ਤਿੰਨ ਰਾਹ ਹਨ:

  1. ਤੁਸੀਂ ਆਪਣੀ ਗੱਲ ਮਨਵਾਉਣ ਲਈ ਆਪਣੀ ਜ਼ਿੱਦ ʼਤੇ ਅੜੇ ਰਹਿ ਸਕਦੇ ਹੋ।

  2. ਤੁਸੀਂ ਆਪਣੇ ਸਾਥੀ ਦੀ ਮਰਜ਼ੀ ਸਾਮ੍ਹਣੇ ਝੁਕ ਸਕਦੇ ਹੋ।

  3. ਤੁਸੀਂ ਦੋਵੇਂ ਸਮਝੌਤਾ ਕਰ ਸਕਦੇ ਹੋ।

ਤੁਸੀਂ ਸ਼ਾਇਦ ਕਹੋ: ‘ਪਰ ਮੈਨੂੰ ਸਮਝੌਤਾ ਕਰਨਾ ਪਸੰਦ ਨਹੀਂ ਕਿਉਂਕਿ ਨਾ ਤਾਂ ਮੇਰੀ ਗੱਲ ਪੂਰੀ ਹੋਣੀ ਤੇ ਨਾ ਹੀ ਉਹ ਦੀ!’

ਯਕੀਨ ਰੱਖੋ ਕਿ ਸਮਝੌਤਾ ਕਰਨ ਨਾਲ ਤੁਹਾਨੂੰ ਦੋਹਾਂ ਨੂੰ ਖ਼ੁਸ਼ੀ ਮਿਲ ਸਕਦੀ ਹੈ। ਪਰ ਇਹ ਜਾਣਨ ਤੋਂ ਪਹਿਲਾਂ ਕਿ ਸਮਝੌਤਾ ਕਿਵੇਂ ਕਰੀਏ, ਤੁਹਾਨੂੰ ਸਮਝੌਤੇ ਬਾਰੇ ਕੁਝ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਹਨ।

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ

ਦੋਵਾਂ ਲਈ ਮਿਲ ਕੇ ਸਮਝੌਤਾ ਕਰਨਾ ਜ਼ਰੂਰੀ ਹੈ। ਵਿਆਹ ਤੋਂ ਪਹਿਲਾਂ ਤੁਸੀਂ ਸ਼ਾਇਦ ਸਾਰੇ ਫ਼ੈਸਲੇ ਆਪ ਹੀ ਕਰਦੇ ਸੀ। ਪਰ ਹੁਣ ਹਾਲਾਤ ਬਦਲ ਗਏ ਹਨ। ਤੁਸੀਂ ਦੋਵੇਂ ਆਪਣੀ-ਆਪਣੀ ਪਸੰਦ ʼਤੇ ਅੜੇ ਰਹਿਣ ਦੀ ਬਜਾਇ ਆਪਣੇ ਵਿਆਹੁਤਾ ਰਿਸ਼ਤੇ ਨੂੰ ਜ਼ਿਆਦਾ ਅਹਿਮੀਅਤ ਦਿਓ। ਸਮਝੌਤਾ ਕਰਨ ਦੇ ਫ਼ਾਇਦਿਆਂ ਬਾਰੇ ਸੋਚੋ ਨਾ ਕਿ ਨੁਕਸਾਨਾਂ ਬਾਰੇ। ਐਲੇਗਜ਼ੈਂਡਰਾ ਨਾਂ ਦੀ ਪਤਨੀ ਕਹਿੰਦੀ ਹੈ: “ਇਕ ਦੀ ਬਜਾਇ ਦੋਵੇਂ ਜਣੇ ਇਕੱਠੇ ਵਿਚਾਰ ਕਰ ਕੇ ਆਪਣੀ ਸਮੱਸਿਆ ਦਾ ਵਧੀਆ ਹੱਲ ਲੱਭ ਸਕਦੇ ਹਨ।”

ਗੱਲ ਸੁਣਨ ਲਈ ਤਿਆਰ ਹੋਣਾ ਜ਼ਰੂਰੀ ਹੈ। ਵਿਆਹੁਤਾ ਜ਼ਿੰਦਗੀ ਦਾ ਸਲਾਹਕਾਰ ਜੌਨ. ਐੱਮ. ਗੌਟਮਨ ਲਿਖਦਾ ਹੈ: “ਤੁਹਾਨੂੰ ਆਪਣੇ ਸਾਥੀ ਦੀ ਹਰ ਗੱਲ ਨਾਲ ਸਹਿਮਤ ਹੋਣ ਦੀ ਲੋੜ ਨਹੀਂ ਹੈ, ਪਰ ਤੁਹਾਨੂੰ ਉਸ ਦੀਆਂ ਗੱਲਾਂ ʼਤੇ ਸੋਚ-ਵਿਚਾਰ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਜੇ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਕਿਸੇ ਮਸਲੇ ਬਾਰੇ ਗੱਲ ਕਰਦਾ ਹੈ ਅਤੇ ਤੁਸੀਂ ਚੁੱਪ ਵੱਟ ਕੇ ਬੈਠੇ ਰਹਿੰਦੇ ਹੋ ਤੇ ਸਿਰਫ਼ ਨਾ ਵਿਚ ਹੀ ਆਪਣਾ ਸਿਰ ਹਿਲਾਉਂਦੇ ਹੋ (ਜਾਂ ਨਾਂਹ ਕਹਿਣ ਬਾਰੇ ਸੋਚਦੇ ਹੋ), ਤਾਂ ਤੁਹਾਡੀ ਗੱਲਬਾਤ ਕਿਸੇ ਸਿਰੇ ਨਹੀਂ ਲੱਗਣੀ।”a

ਆਪਣੀ ਗੱਲ ਛੱਡਣ ਲਈ ਤਿਆਰ ਹੋਣਾ ਜ਼ਰੂਰੀ ਹੈ। ਕੋਈ ਵੀ ਅਜਿਹੇ ਜੀਵਨ ਸਾਥੀ ਨਾਲ ਰਹਿਣਾ ਪਸੰਦ ਨਹੀਂ ਕਰੇਗਾ ਜੋ ਇਹ ਕਹੇ “ਜੋ ਮੈਂ ਚਾਹੁੰਦਾ ਉਹੀ ਹੋਣਾ ਚਾਹੀਦਾ।” ਕਿੰਨਾ ਵਧੀਆ ਹੋਵੇਗਾ ਜੇ ਦੋਵੇਂ ਜਣੇ ਇਕ-ਦੂਜੇ ਦੀ ਮੰਨਣ ਲਈ ਤਿਆਰ ਰਹਿਣ। ਜੂਨ ਨਾਂ ਦੀ ਪਤਨੀ ਕਹਿੰਦੀ ਹੈ: “ਕਦੇ-ਕਦੇ ਮੈਂ ਆਪਣੇ ਪਤੀ ਦੀ ਗੱਲ ਮੰਨ ਕੇ ਉਨ੍ਹਾਂ ਨੂੰ ਖ਼ੁਸ਼ ਕਰ ਦਿੰਦੀ ਹਾਂ ਤੇ ਕਦੇ-ਕਦੇ ਉਹ ਮੇਰੀ ਗੱਲ ਮੰਨ ਕੇ ਮੈਨੂੰ ਖ਼ੁਸ਼ ਕਰ ਦਿੰਦੇ ਹਨ। ਪਤੀ-ਪਤਨੀ ਦੇ ਰਿਸ਼ਤੇ ਵਿਚ ਇੱਦਾਂ ਹੀ ਹੋਣਾ ਚਾਹੀਦਾ ਹੈ। ਵਿਆਹੁਤਾ ਰਿਸ਼ਤੇ ਵਿਚ ਸਿਰਫ਼ ਲੈਣਾ ਹੀ ਨਹੀਂ ਹੁੰਦਾ, ਸਗੋਂ ਦੇਣਾ ਵੀ ਹੁੰਦਾ ਹੈ।”

ਤੁਸੀਂ ਕੀ ਕਰ ਸਕਦੇ ਹੋ?

ਸਹੀ ਤਰੀਕੇ ਨਾਲ ਗੱਲ ਸ਼ੁਰੂ ਕਰੋ। ਅਕਸਰ ਤੁਸੀਂ ਜਿਸ ਲਹਿਜੇ ਵਿਚ ਗੱਲ ਸ਼ੁਰੂ ਕਰਦੇ ਹੋ, ਉਸੇ ਲਹਿਜੇ ਵਿਚ ਗੱਲ ਖ਼ਤਮ ਹੁੰਦੀ ਹੈ। ਜੇ ਤੁਸੀਂ ਚੁਭਵੇਂ ਲਫ਼ਜ਼ਾਂ ਨਾਲ ਗੱਲਬਾਤ ਸ਼ੁਰੂ ਕਰਦੇ ਹੋ, ਤਾਂ ਸ਼ਾਇਦ ਸ਼ਾਂਤੀ ਨਾਲ ਸਮਝੌਤਾ ਨਾ ਹੋਵੇ। ਇਸ ਲਈ ਬਾਈਬਲ ਦੀ ਇਸ ਸਲਾਹ ਮੁਤਾਬਕ ਚੱਲੋ: ‘ਹਮਦਰਦੀ, ਦਇਆ, ਨਿਮਰਤਾ, ਨਰਮਾਈ ਤੇ ਧੀਰਜ ਨੂੰ ਕੱਪੜਿਆਂ ਵਾਂਗ ਪਹਿਨ ਲਓ।’ (ਕੁਲੁੱਸੀਆਂ 3:12) ਅਜਿਹੇ ਗੁਣ ਤੁਹਾਨੂੰ ਬਹਿਸਬਾਜ਼ੀ ਕਰਨ ਤੋਂ ਬਚਾਉਣਗੇ ਅਤੇ ਸਮੱਸਿਆ ਦਾ ਹੱਲ ਲੱਭਣ ਵਿਚ ਤੁਹਾਡੀ ਮਦਦ ਕਰਨਗੇ।​—ਬਾਈਬਲ ਦਾ ਅਸੂਲ: ਕੁਲੁੱਸੀਆਂ 4:6.

ਦੇਖੋ ਕਿ ਤੁਸੀਂ ਕਿਹੜੀਆਂ ਗੱਲਾਂ ʼਤੇ ਸਹਿਮਤ ਹੋ। ਜੇ ਸਮਝੌਤਾ ਕਰਨ ʼਤੇ ਬਹਿਸਬਾਜ਼ੀ ਹੁੰਦੀ ਹੈ, ਤਾਂ ਸ਼ਾਇਦ ਇਸ ਦਾ ਮਤਲਬ ਹੈ ਕਿ ਤੁਸੀਂ ਦੋਵੇਂ ਆਪਣੇ ਮਤਭੇਦਾਂ ʼਤੇ ਬਹੁਤ ਜ਼ਿਆਦਾ ਧਿਆਨ ਦੇ ਰਹੇ ਹੋ। ਇਸ ਦੀ ਬਜਾਇ, ਦੇਖੋ ਕਿ ਤੁਸੀਂ ਕਿਨ੍ਹਾਂ ਗੱਲਾਂ ʼਤੇ ਸਹਿਮਤ ਹੋ। ਇਸ ਤਰ੍ਹਾਂ ਕਰਨ ਲਈ ਇਹ ਤਰੀਕਾ ਅਜ਼ਮਾਓ:

ਤੁਸੀਂ ਦੋਨੋਂ ਆਪੋ-ਆਪਣੇ ਕਾਗਜ਼ ʼਤੇ ਆਪਣੇ ਵਿਚਾਰ ਲਿਖੋ। ਇਕ ਪਾਸੇ ਲਿਖੋ ਕਿ ਕਿਸੇ ਮਸਲੇ ਬਾਰੇ ਤੁਹਾਡੇ ਵਿਚਾਰ ਕਿਉਂ ਸਹੀ ਹਨ। ਦੂਜੇ ਪਾਸੇ ਲਿਖੋ ਕਿ ਤੁਸੀਂ ਕਿਨ੍ਹਾਂ ਗੱਲਾਂ ਕਰ ਕੇ ਸਮਝੌਤਾ ਕਰਨ ਲਈ ਤਿਆਰ ਹੋ। ਫਿਰ ਦੋਵੇਂ ਇਨ੍ਹਾਂ ਗੱਲਾਂ ʼਤੇ ਚਰਚਾ ਕਰੋ। ਤੁਸੀਂ ਦੇਖੋਗੇ ਕਿ ਤੁਹਾਡੀ ਇਕ-ਦੂਜੇ ਨਾਲ ਰਾਇ ਕਿੰਨੀ ਮਿਲਦੀ ਹੈ! ਇਸ ਤਰ੍ਹਾਂ ਤੁਹਾਡੇ ਲਈ ਸਮਝੌਤਾ ਕਰਨਾ ਮੁਸ਼ਕਲ ਨਹੀਂ ਹੋਵੇਗਾ। ਜੇ ਤੁਹਾਡੀ ਰਾਇ ਨਹੀਂ ਵੀ ਮਿਲਦੀ, ਤਾਂ ਵੀ ਸਾਰੀਆਂ ਗੱਲਾਂ ਲਿਖ ਕੇ ਤੁਸੀਂ ਉਸ ਮਸਲੇ ਬਾਰੇ ਇਕ-ਦੂਜੇ ਦੇ ਵਿਚਾਰਾਂ ਨੂੰ ਚੰਗੀ ਤਰ੍ਹਾਂ ਜਾਣ ਸਕੋਗੇ।

ਮਸਲੇ ਦੇ ਹੱਲ ਲਈ ਇਕ-ਦੂਜੇ ਨੂੰ ਆਪਣੇ ਸੁਝਾਅ ਦਿਓ। ਕੁਝ ਮਸਲੇ ਆਸਾਨੀ ਨਾਲ ਸੁਲਝਾਏ ਜਾ ਸਕਦੇ ਹਨ। ਪਰ ਔਖੇ ਮਸਲਿਆਂ ਦਾ ਇਕੱਲਿਆਂ ਹੱਲ ਲੱਭਣਾ ਮੁਸ਼ਕਲ ਹੁੰਦਾ ਹੈ, ਇਸ ਲਈ ਜ਼ਰੂਰੀ ਹੈ ਕਿ ਪਤੀ-ਪਤਨੀ ਉਸ ਬਾਰੇ ਇਕ-ਦੂਜੇ ਨੂੰ ਸੁਝਾਅ ਦੇਣ। ਇੱਦਾਂ ਕਰਨ ਨਾਲ ਉਨ੍ਹਾਂ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ।​—ਬਾਈਬਲ ਦਾ ਅਸੂਲ: ਉਪਦੇਸ਼ਕ ਦੀ ਪੋਥੀ 4:9.

ਆਪਣਾ ਨਜ਼ਰੀਆ ਬਦਲਣ ਲਈ ਤਿਆਰ ਰਹੋ। ਬਾਈਬਲ ਦੱਸਦੀ ਹੈ: “ਤੁਸੀਂ ਸਾਰੇ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਨਾਲ ਪਿਆਰ ਕਰਦੇ ਹੋ; ਨਾਲੇ ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।” (ਅਫ਼ਸੀਆਂ 5:33) ਜਦ ਪਤੀ-ਪਤਨੀ ਇਕ-ਦੂਜੇ ਨੂੰ ਪਿਆਰ ਤੇ ਆਦਰ ਦਿੰਦੇ ਹਨ, ਤਾਂ ਦੋਵੇਂ ਇਕ-ਦੂਜੇ ਦੀ ਗੱਲ ʼਤੇ ਗੌਰ ਕਰਨ ਲਈ ਹੀ ਨਹੀਂ, ਸਗੋਂ ਆਪਣਾ ਮਨ ਬਦਲਣ ਲਈ ਵੀ ਤਿਆਰ ਹੋ ਜਾਂਦੇ ਹਨ। ਕੇਮਰਨ ਨਾਂ ਦਾ ਪਤੀ ਕਹਿੰਦਾ ਹੈ: “ਹੋ ਸਕਦਾ ਹੈ ਕਿ ਤੁਹਾਨੂੰ ਕੁਝ ਕੰਮ ਕਰਨੇ ਪਸੰਦ ਨਾ ਹੋਣ, ਪਰ ਆਪਣੇ ਜੀਵਨ ਸਾਥੀ ਦੀ ਖ਼ਾਤਰ ਤੁਸੀਂ ਉਹ ਕੰਮ ਕਰਨ ਲੱਗ ਪਓ ਅਤੇ ਬਾਅਦ ਵਿਚ ਤੁਹਾਨੂੰ ਉਹ ਕੰਮ ਚੰਗੇ ਲੱਗਣ।”​—ਬਾਈਬਲ ਦਾ ਅਸੂਲ: ਉਤਪਤ 2:18. (g14-E 12)

a ਇਹ ਗੱਲ ਵਿਆਹੁਤਾ ਜ਼ਿੰਦਗੀ ਨੂੰ ਸਫ਼ਲ ਬਣਾਉਣ ਲਈ ਸੱਤ ਅਸੂਲ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਵਿੱਚੋਂ ਲਈ ਗਈ ਹੈ।

ਮੁੱਖ ਹਵਾਲੇ

  • “ਜਿਵੇਂ ਲੂਣ ਖਾਣੇ ਨੂੰ ਸੁਆਦੀ ਬਣਾਉਂਦਾ ਹੈ, ਉਸੇ ਤਰ੍ਹਾਂ ਤੁਸੀਂ ਸਲੀਕੇ ਨਾਲ ਗੱਲ ਕਰੋ ਤਾਂਕਿ ਸੁਣਨ ਵਾਲੇ ਨੂੰ ਤੁਹਾਡੀਆਂ ਗੱਲਾਂ ਚੰਗੀਆਂ ਲੱਗਣ।”​—ਕੁਲੁੱਸੀਆਂ 4:6.

  • “ਇੱਕ ਨਾਲੋਂ ਦੋ ਚੰਗੇ ਹਨ।”​—ਉਪਦੇਸ਼ਕ ਦੀ ਪੋਥੀ 4:9.

  • “ਭਈ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹ ਦੇ ਲਈ ਉਹ ਦੇ ਵਾਂਙੁ ਇੱਕ ਸਹਾਇਕਣ ਬਣਾਵਾਂਗਾ।”​—ਉਤਪਤ 2:18.

ਕੇਮਰਨ ਅਤੇ ਡੈਨੀਟ੍ਰੀਆ

ਕੇਮਰਨ ਅਤੇ ਡੈਨੀਟ੍ਰੀਆ

“ਜੇ ਤੁਸੀਂ ਆਪਣੀ ਮਨ-ਮਰਜ਼ੀ ਕਰਦੇ ਹੋ ਅਤੇ ਆਪਣੇ ਸਾਥੀ ਦੀ ਨਹੀਂ ਸੁਣਦੇ ਜਾਂ ਉਸ ਨੂੰ ਆਪਣਾ ਵਿਚਾਰ ਪੇਸ਼ ਕਰਨ ਦਾ ਮੌਕਾ ਨਹੀਂ ਦਿੰਦੇ, ਤਾਂ ਫਿਰ ਤੁਸੀਂ ਕੁਆਰਿਆਂ ਵਾਂਗ ਜ਼ਿੰਦਗੀ ਜੀਉਂਦੇ ਹੋ।”

ਬਰੈਡ ਅਤੇ ਕਾਰਲੀ

ਬਰੈਡ ਅਤੇ ਕਾਰਲੀ

“ਦੋਹਾਂ ਨੂੰ ਲੱਗਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਸੁਣੀ ਗਈ ਹੈ ਅਤੇ ਉਨ੍ਹਾਂ ਨੇ ਫ਼ੈਸਲਾ ਲੈਣ ਵਿਚ ਪੂਰਾ-ਪੂਰਾ ਯੋਗਦਾਨ ਪਾਇਆ ਹੈ। ਇੱਦਾਂ ਇਕ ਜਣੇ ਦੀ ਮਰਜ਼ੀ ਨਹੀਂ ਚੱਲੇਗੀ, ਸਗੋਂ ਅਜਿਹਾ ਸਮਝੌਤਾ ਕਰ ਕੇ ਤੁਸੀਂ ਮਿਲ-ਜੁਲ ਕੇ ਕੰਮ ਕਰ ਸਕੋਗੋ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ