ਕਦਰਾਂ-ਕੀਮਤਾਂ ਕੰਪਾਸ ਵਰਗੀਆਂ ਹੁੰਦੀਆਂ ਹਨ ਜਿਨ੍ਹਾਂ ਤੋਂ ਤੁਹਾਡੇ ਬੱਚੇ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਨੇ ਕਿਹੜੇ ਰਸਤੇ ਜਾਣਾ ਹੈ
ਮਾਪਿਆਂ ਲਈ
7 ਕਦਰਾਂ-ਕੀਮਤਾਂ ਸਿਖਾਓ
ਇਸ ਦਾ ਕੀ ਮਤਲਬ ਹੈ?
ਸਾਰੇ ਇਨਸਾਨ ਆਪ ਫ਼ੈਸਲਾ ਕਰਦੇ ਹਨ ਕਿ ਉਹ ਕਿਨ੍ਹਾਂ ਕਦਰਾਂ-ਕੀਮਤਾਂ ਜਾਂ ਸੰਸਕਾਰਾਂ ਅਨੁਸਾਰ ਜੀਉਣਗੇ। ਮਿਸਾਲ ਲਈ, ਕੀ ਤੁਸੀਂ ਹਰ ਕੰਮ ਈਮਾਨਦਾਰੀ ਨਾਲ ਕਰਦੇ ਹੋ? ਜੇ ਹਾਂ, ਤਾਂ ਜ਼ਰੂਰ ਤੁਸੀਂ ਚਾਹੋਗੇ ਕਿ ਤੁਹਾਡੇ ਬੱਚੇ ਵੀ ਈਮਾਨਦਾਰ ਹੋਣ।
ਕਦਰਾਂ-ਕੀਮਤਾਂ ਵਿਚ ਨੈਤਿਕ ਮਿਆਰ ਵੀ ਸ਼ਾਮਲ ਹਨ। ਮਿਸਾਲ ਲਈ, ਜਿਸ ਇਨਸਾਨ ਦੇ ਨੈਤਿਕ ਮਿਆਰ ਵਧੀਆ ਹੁੰਦੇ ਹਨ ਉਹ ਮਿਹਨਤੀ ਹੁੰਦਾ, ਪੱਖਪਾਤ ਨਹੀਂ ਕਰਦਾ ਤੇ ਦੂਸਰਿਆਂ ਦਾ ਧਿਆਨ ਰੱਖਦਾ ਹੈ। ਛੋਟੀ ਉਮਰ ਵਿਚ ਇੱਦਾਂ ਦੇ ਗੁਣਾਂ ਨੂੰ ਪੈਦਾ ਕਰਨਾ ਸਭ ਤੋਂ ਵਧੀਆ ਸਮਾਂ ਹੁੰਦਾ ਹੈ।
ਬਾਈਬਲ ਦਾ ਅਸੂਲ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ, ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।”—ਕਹਾਉਤਾਂ 22:6.
ਇਹ ਜ਼ਰੂਰੀ ਕਿਉਂ ਹੈ?
ਤਕਨਾਲੋਜੀ ਦੇ ਜ਼ਮਾਨੇ ਵਿਚ ਕਦਰਾਂ-ਕੀਮਤਾਂ ਜਾਂ ਸੰਸਕਾਰ ਹੋਣੇ ਬਹੁਤ ਜ਼ਰੂਰੀ ਹਨ। ਕੈਰਨ ਨਾਂ ਦੀ ਮਾਂ ਦੱਸਦੀ ਹੈ ਕਿ “ਅਸੀਂ ਮੋਬਾਇਲ ਦੇ ਜ਼ਰੀਏ ਕਿਸੇ ਵੀ ਵੇਲੇ ਗ਼ਲਤ ਕੰਮਾਂ ਵਿਚ ਫੱਸ ਸਕਦੇ ਹਾਂ। ਸ਼ਾਇਦ ਸਾਡੇ ਬੱਚੇ ਸਾਡੇ ਲਾਗੇ ਹੀ ਬੈਠੇ ਹੀ ਕੁਝ ਗ਼ਲਤ ਦੇਖਦੇ ਹੋਣ ਤੇ ਸਾਨੂੰ ਇਸ ਗੱਲ ਦੀ ਕੋਈ ਖ਼ਬਰ ਵੀ ਨਾ ਹੋਵੇ!”
ਬਾਈਬਲ ਦਾ ਅਸੂਲ: ਸਮਝਦਾਰ ਲੋਕ “ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਾਰ-ਵਾਰ ਇਸਤੇਮਾਲ ਕਰ ਕੇ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਦੇ ਮਾਹਰ ਬਣ ਗਏ ਹਨ।”—ਇਬਰਾਨੀਆਂ 5:14.
ਨੈਤਿਕ ਮਿਆਰ ਵੀ ਜ਼ਰੂਰੀ ਹਨ। ਇਸ ਵਿਚ ਛੋਟੀਆਂ-ਛੋਟੀਆਂ ਗੱਲਾਂ ਕਹਿਣੀਆਂ ਸ਼ਾਮਲ ਹਨ (ਜਿਵੇਂ ਕਿ “ਪਲੀਜ਼” ਅਤੇ “ਥੈਂਕਯੂ” ਕਹਿਣਾ)। ਇਸ ਦੇ ਨਾਲ-ਨਾਲ ਇਸ ਵਿਚ ਦੂਜਿਆਂ ਬਾਰੇ ਸੋਚਣਾ ਵੀ ਸ਼ਾਮਲ ਹੈ। ਇਹ ਅਜਿਹਾ ਮਿਆਰ ਹੈ ਜੋ ਅੱਜ ਬਹੁਤ ਹੀ ਘੱਟ ਲੋਕਾਂ ਵਿਚ ਦੇਖਣ ਨੂੰ ਮਿਲਦਾ ਹੈ ਕਿਉਂਕਿ ਅੱਜ-ਕੱਲ੍ਹ ਇਨਸਾਨ ਲੋਕਾਂ ਨਾਲੋਂ ਚੀਜ਼ਾਂ ਦੀ ਜ਼ਿਆਦਾ ਪਰਵਾਹ ਕਰਦੇ ਹਨ।
ਬਾਈਬਲ ਦਾ ਅਸੂਲ: “ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।”—ਲੂਕਾ 6:31.
ਤੁਸੀਂ ਕੀ ਕਰ ਸਕਦੇ ਹੋ?
ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਦੱਸੋ। ਮਿਸਾਲ ਲਈ, ਰਿਪੋਰਟਾਂ ਤੋਂ ਪਤਾ ਲੱਗਦਾ ਹੈ ਜਿਨ੍ਹਾਂ ਬੱਚਿਆਂ ਨੂੰ ਪਹਿਲਾਂ ਹੀ ਦੱਸਿਆ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣੇ ਗ਼ਲਤ ਹਨ, ਤਾਂ ਅੱਲੜ੍ਹ ਉਮਰ ਵਿਚ ਉਹ ਇਸ ਫੰਦੇ ਵਿਚ ਨਹੀਂ ਫਸਣਗੇ।
ਸੁਝਾਅ: ਆਪਣੇ ਬੱਚਿਆਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਤੁਸੀਂ ਕੋਈ ਖ਼ਬਰ ਦਾ ਜ਼ਿਕਰ ਕਰ ਕੇ ਆਪਣੀਆਂ ਕਦਰਾਂ-ਕੀਮਤਾਂ ਬਾਰੇ ਸਮਝਾ ਸਕਦੇ ਹੋ। ਮਿਸਾਲ ਲਈ, ਤੁਸੀਂ ਅਪਰਾਧ ਬਾਰੇ ਕੋਈ ਖ਼ਬਰ ਲੈ ਕੇ ਪੁੱਛ ਸਕਦੇ ਹੋ: “ਕਿੰਨੀ ਮਾੜੀ ਗੱਲ ਹੈ ਕਿ ਲੋਕ ਦੂਸਰਿਆਂ ʼਤੇ ਕਿੱਦਾਂ ਗੁੱਸਾ ਕੱਢਦੇ ਹਨ। ਉਹ ਇੱਦਾਂ ਕਿਉਂ ਕਰਦੇ ਹਨ? ਤੁਹਾਨੂੰ ਕੀ ਲੱਗਦਾ?”
“ਜੇ ਬੱਚਿਆਂ ਨੂੰ ਸਹੀ ਤੇ ਗ਼ਲਤ ਵਿਚ ਫ਼ਰਕ ਨਾ ਪਤਾ ਹੋਵੇ, ਤਾਂ ਉਨ੍ਹਾਂ ਲਈ ਸਹੀ ਤੇ ਗ਼ਲਤ ਵਿਚ ਪਛਾਣ ਕਰਨੀ ਔਖੀ ਹੋ ਸਕਦੀ ਹੈ।”—ਬਰੈਂਡਨ।
ਆਪਣੇ ਬੱਚਿਆਂ ਨੂੰ ਨੈਤਿਕ ਮਿਆਰ ਸਿਖਾਓ। ਛੋਟੇ ਬੱਚੇ ਵੀ ਦੂਸਰਿਆਂ ਨੂੰ “ਪਲੀਜ਼” ਅਤੇ “ਥੈਂਕਯੂ” ਕਹਿਣਾ ਤੇ ਦੂਸਰਿਆਂ ਦੀ ਇੱਜ਼ਤ ਕਰਨੀ ਸਿੱਖ ਸਕਦੇ ਹਨ। ਇਕ ਕਿਤਾਬ ਕਹਿੰਦੀ ਹੈ: “ਜਦੋਂ ਬੱਚੇ ਦੇਖਦੇ ਹਨ ਕਿ ਉਹ ਇਕ ਪਰਿਵਾਰ, ਸਕੂਲ, ਸਭਿਆਚਾਰ ਦਾ ਹਿੱਸਾ ਹਨ, ਤਾਂ ਉਹ ਇੱਦਾਂ ਦੇ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ ਜਿਨ੍ਹਾਂ ਦਾ ਨਾ ਸਿਰਫ਼ ਉਨ੍ਹਾਂ ਨੂੰ ਸਗੋਂ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ।”—Parenting Without Borders.
ਸੁਝਾਅ: ਆਪਣੇ ਬੱਚਿਆਂ ਨੂੰ ਛੋਟੇ-ਛੋਟੇ ਕੰਮ ਦਿਓ ਤਾਂਕਿ ਉਹ ਦੂਸਰਿਆਂ ਦੀ ਸੇਵਾ ਕਰਨ ਦੇ ਫ਼ਾਇਦਿਆਂ ਬਾਰੇ ਸਿੱਖਣ।
“ਜੇ ਬੱਚਾ ਹੁਣੇ ਤੋਂ ਹੀ ਛੋਟੇ-ਛੋਟੇ ਕੰਮ ਕਰਨੇ ਸਿੱਖਦਾ ਹੈ, ਤਾਂ ਜਦੋਂ ਉਹ ਆਪਣੇ ਪੈਰਾਂ ʼਤੇ ਖੜ੍ਹਾ ਹੋ ਜਾਵੇਗਾ, ਉਸ ਲਈ ਕੰਮ ਕਰਨੇ ਔਖੇ ਨਹੀਂ ਹੋਣਗੇ। ਉਸ ਲਈ ਜ਼ਿੰਮੇਵਾਰੀਆਂ ਨਿਭਾਉਣੀਆਂ ਸੌਖੀਆਂ ਹੋ ਜਾਣਗੀਆਂ।”—ਤਾਰਾ।