ਅਧਿਆਇ 94
ਪ੍ਰਾਰਥਨਾ ਦੀ ਅਤੇ ਨਿਮਰਤਾ ਦੀ ਲੋੜ
ਪਹਿਲਾਂ, ਜਦੋਂ ਉਹ ਯਹੂਦਿਯਾ ਵਿਚ ਸੀ, ਯਿਸੂ ਨੇ ਪ੍ਰਾਰਥਨਾ ਵਿਚ ਲੱਗੇ ਰਹਿਣ ਦੀ ਮਹੱਤਤਾ ਸੰਬੰਧੀ ਇਕ ਦ੍ਰਿਸ਼ਟਾਂਤ ਦੱਸਿਆ ਸੀ। ਹੁਣ, ਯਰੂਸ਼ਲਮ ਨੂੰ ਆਪਣੇ ਆਖ਼ਰੀ ਸਫਰ ਤੇ, ਉਹ ਫਿਰ ਤੋਂ ਪ੍ਰਾਰਥਨਾ ਕਰਨ ਨੂੰ ਨਾ ਛੱਡਣ ਦੀ ਲੋੜ ਤੇ ਜ਼ੋਰ ਦਿੰਦਾ ਹੈ। ਸੰਭਵ ਹੈ ਕਿ ਯਿਸੂ ਅਜੇ ਸਾਮਰਿਯਾ ਜਾਂ ਗਲੀਲ ਵਿਚ ਹੀ ਹੈ ਜਦੋਂ ਉਹ ਆਪਣੇ ਚੇਲਿਆਂ ਨੂੰ ਇਹ ਇਕ ਹੋਰ ਦ੍ਰਿਸ਼ਟਾਂਤ ਦੱਸਦਾ ਹੈ:
“ਕਿਸੇ ਨਗਰ ਵਿੱਚ ਇੱਕ ਹਾਕਮ ਸੀ ਜਿਹ ਨੂੰ ਨਾ ਪਰਮੇਸ਼ੁਰ ਦਾ ਭੈ, ਨਾ ਮਨੁੱਖ ਦੀ ਪਰਵਾਹ ਸੀ। ਅਰ ਉਸੇ ਨਗਰ ਵਿੱਚ ਇੱਕ ਵਿਧਵਾ ਸੀ ਅਤੇ ਉਹ ਉਸ ਦੇ ਕੋਲ ਇਹ ਕਹਿੰਦੀ ਆਉਂਦੀ ਸੀ ਜੋ ਮੇਰੇ ਵੈਰੀ ਤੋਂ ਮੇਰਾ ਬਦਲਾ ਲੈ ਦਿਹ। ਕਿੰਨਾਕੁ ਚਿਰ ਤਾਂ ਉਹ ਨੇ ਨਾ ਚਾਹਿਆ ਪਰ ਪਿੱਛੋਂ ਆਪਣੇ ਮਨ ਵਿੱਚ ਕਿਹਾ ਕਿ ਭਾਵੇਂ ਮੈਂ ਨਾ ਪਰਮੇਸ਼ੁਰ ਦਾ ਭੈ ਕਰਦਾ, ਨਾ ਮਨੁੱਖ ਦੀ ਪਰਵਾਹ ਰੱਖਦਾ ਹਾਂ। ਤਾਂ ਭੀ ਇਸ ਲਈ ਜੋ ਇਹ ਵਿਧਵਾ ਮੈਨੂੰ ਜਿੱਚ ਕਰਦੀ ਹੈ ਮੈਂ ਉਹ ਦਾ ਬਦਲਾ ਲੈ ਦਿਆਂਗਾ ਅਜਿਹਾ ਨਾ ਹੋਵੇ ਜੋ ਉਹ ਘੜੀ ਮੁੜੀ ਆਣ ਕੇ ਮੇਰਾ ਸਿਰ ਖਾਵੇ।”
ਫਿਰ ਯਿਸੂ ਆਪਣੀ ਕਹਾਣੀ ਨੂੰ ਲਾਗੂ ਕਰਦੇ ਹੋਏ ਕਹਿੰਦਾ ਹੈ: “ਸੁਣੋ ਕਿ ਇਹ ਬੇਇਨਸਾਫ਼ ਹਾਕਮ ਕੀ ਕਹਿੰਦਾ ਹੈ। ਫੇਰ ਭਲਾ, ਪਰਮੇਸ਼ੁਰ ਆਪਣੇ ਚੁਣਿਆਂ ਹੋਇਆਂ ਦਾ ਬਦਲਾ ਲੈ ਨਾ ਦੇਵੇਗਾ ਜਿਹੜੇ ਰਾਤ ਦਿਨ ਉਹ ਦੀ ਦੁਹਾਈ ਦਿੰਦੇ ਹਨ ਭਾਵੇਂ ਉਹ ਚੋਖਾ ਚਿਰ ਉਨ੍ਹਾਂ ਦੀ ਜਰਦਾ ਹੈ?”
ਯਿਸੂ ਦਾ ਇਹ ਸੰਕੇਤ ਕਰਨ ਦਾ ਮਤਲਬ ਨਹੀਂ ਹੈ ਕਿ ਯਹੋਵਾਹ ਪਰਮੇਸ਼ੁਰ ਕਿਸੇ ਤਰ੍ਹਾਂ ਵੀ ਉਸ ਬੇਇਨਸਾਫ਼ ਹਾਕਮ ਵਾਂਗ ਹੈ। ਇਸ ਦੀ ਬਜਾਇ, ਜੇਕਰ ਇਕ ਬੇਇਨਸਾਫ਼ ਹਾਕਮ ਵੀ ਜ਼ਿੱਦੀ ਬੇਨਤੀਆਂ ਦੇ ਪ੍ਰਤੀ ਪ੍ਰਤਿਕ੍ਰਿਆ ਦਿਖਾਵੇਗਾ, ਤਾਂ ਇਸ ਵਿਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ, ਜਿਹੜਾ ਹਰ ਤਰ੍ਹਾਂ ਧਰਮੀ ਅਤੇ ਭਲਾ ਹੈ, ਜਵਾਬ ਦੇਵੇਗਾ ਜੇਕਰ ਉਸ ਦੇ ਲੋਕ ਪ੍ਰਾਰਥਨਾ ਕਰਨੀ ਨਾ ਛੱਡਣ। ਇਸ ਲਈ ਯਿਸੂ ਜਾਰੀ ਰੱਖਦਾ ਹੈ: “ਮੈਂ ਤੁਹਾਨੂੰ ਆਖਦਾ ਹਾਂ ਜੋ [ਪਰਮੇਸ਼ੁਰ] ਸ਼ਤਾਬੀ ਉਨ੍ਹਾਂ ਦਾ ਬਦਲਾ ਲੈ ਦੇਵੇਗਾ।”
ਦੀਨ ਅਤੇ ਗਰੀਬਾਂ ਨੂੰ ਅਕਸਰ ਨਿਆਉਂ ਨਹੀਂ ਮਿਲਦਾ ਹੈ, ਜਦੋਂ ਕਿ ਸ਼ਕਤੀਸ਼ਾਲੀ ਅਤੇ ਧਨਵਾਨਾਂ ਦਾ ਅਕਸਰ ਪੱਖ ਲਿਆ ਜਾਂਦਾ ਹੈ। ਪਰੰਤੂ, ਪਰਮੇਸ਼ੁਰ ਨਾ ਕੇਵਲ ਧਿਆਨ ਰੱਖੇਗਾ ਕਿ ਦੁਸ਼ਟਾਂ ਨੂੰ ਨਿਆਂਪੂਰਵਕ ਸਜ਼ਾ ਮਿਲੇ ਪਰੰਤੂ ਇਸ ਗੱਲ ਨੂੰ ਵੀ ਨਿਸ਼ਚਿਤ ਕਰੇਗਾ ਕਿ ਉਸ ਦੇ ਸੇਵਕਾਂ ਨੂੰ ਸਦੀਪਕ ਜੀਵਨ ਦੇਣ ਦੇ ਦੁਆਰਾ ਉਨ੍ਹਾਂ ਨਾਲ ਨਿਆਂਪੂਰਵਕ ਢੰਗ ਨਾਲ ਵਰਤਾਉ ਕੀਤਾ ਜਾਵੇ। ਪਰੰਤੂ ਕਿੰਨੇ ਲੋਕੀ ਪੱਕਾ ਵਿਸ਼ਵਾਸ ਕਰਦੇ ਹਨ ਕਿ ਪਰਮੇਸ਼ੁਰ ਸ਼ਤਾਬੀ ਨਿਆਉਂ ਕਰੇਗਾ?
ਪ੍ਰਾਰਥਨਾ ਦੀ ਸ਼ਕਤੀ ਨਾਲ ਸੰਬੰਧਿਤ ਨਿਹਚਾ ਨੂੰ ਖ਼ਾਸ ਤੌਰ ਤੇ ਸੰਕੇਤ ਕਰਦੇ ਹੋਏ ਯਿਸੂ ਪੁੱਛਦਾ ਹੈ: “ਜਦ ਮਨੁੱਖ ਦਾ ਪੁੱਤ੍ਰ ਆਵੇਗਾ ਤਦ ਕੀ ਉਹ ਧਰਤੀ ਉੱਤੇ ਨਿਹਚਾ ਪਾਵੇਗਾ?” ਭਾਵੇਂ ਕਿ ਸਵਾਲ ਬਿਨਾਂ ਜਵਾਬ ਛੱਡਿਆ ਗਿਆ, ਭਾਵ-ਅਰਥ ਸ਼ਾਇਦ ਇਹ ਹੋਵੇਗਾ ਕਿ ਜਦੋਂ ਮਸੀਹ ਰਾਜ ਸ਼ਕਤੀ ਵਿਚ ਆਵੇਗਾ ਤਦ ਅਜਿਹੀ ਨਿਹਚਾ ਆਮ ਨਹੀਂ ਹੋਵੇਗੀ।
ਯਿਸੂ ਨੂੰ ਸੁਣਨ ਵਾਲਿਆਂ ਵਿੱਚੋਂ ਕਈ ਆਪਣੀ ਨਿਹਚਾ ਵਿਚ ਸਵੈ-ਨਿਸ਼ਚਿਤ ਮਹਿਸੂਸ ਕਰਦੇ ਹਨ। ਉਹ ਆਪਣੇ ਆਪ ਵਿਚ ਭਰੋਸਾ ਰੱਖਦੇ ਹਨ ਕਿ ਉਹ ਧਰਮੀ ਹਨ, ਅਤੇ ਉਹ ਦੂਜਿਆਂ ਨੂੰ ਨੀਚ ਸਮਝਦੇ ਹਨ। ਯਿਸੂ ਦੇ ਚੇਲਿਆਂ ਵਿੱਚੋਂ ਵੀ ਕਈ ਸ਼ਾਇਦ ਇਸ ਸਮੂਹ ਵਿਚ ਸ਼ਾਮਲ ਹਨ। ਇਸ ਲਈ ਉਹ ਅਜਿਹਿਆਂ ਵੱਲ ਅਗਲਾ ਦ੍ਰਿਸ਼ਟਾਂਤ ਨਿਰਦੇਸ਼ਿਤ ਕਰਦਾ ਹੈ:
“ਦੋ ਮਨੁੱਖ ਪ੍ਰਾਰਥਨਾ ਕਰਨ ਲਈ ਹੈਕਲ ਵਿੱਚ ਗਏ, ਇੱਕ ਫ਼ਰੀਸੀ ਅਤੇ ਦੂਆ ਮਸੂਲੀਆ। ਫ਼ਰੀਸੀ ਨੇ ਖਲੋ ਕੇ ਆਪਣੇ ਜੀ ਵਿੱਚ ਇਉਂ ਪ੍ਰਾਰਥਨਾ ਕੀਤੀ ਕਿ ਹੇ ਪਰਮੇਸ਼ੁਰ ਮੈਂ ਤੇਰਾ ਸ਼ੁਕਰ ਕਰਦਾ ਹਾਂ ਭਈ ਮੈਂ ਹੋਰਨਾਂ ਵਾਂਙੁ ਨਹੀਂ ਜੋ ਲੁਟੇਰੇ, ਕੁਧਰਮੀ ਅਤੇ ਜ਼ਨਾਹਕਾਰ ਹਨ ਅਤੇ ਨਾ ਇਸ ਮਸੂਲੀਏ ਵਰਗਾ ਹਾਂ! ਮੈਂ ਸਾਤੇ ਵਿੱਚ ਦੋ ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਕਮਾਈ ਵਿੱਚੋਂ ਦਸੌਂਧ ਦਿੰਦਾ ਹਾਂ।”
ਫ਼ਰੀਸੀ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਧਾਰਮਿਕਤਾ ਦੇ ਆਪਣੇ ਜਨਤਕ ਦਿਖਾਵੇ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਆਪਣੇ ਆਪ ਉੱਪਰ ਠੋਸੇ ਗਏ ਵਰਤਾਂ ਦੇ ਆਮ ਦਿਨ ਸੋਮਵਾਰ ਅਤੇ ਵੀਰਵਾਰ ਹਨ, ਅਤੇ ਉਹ ਅਸੂਲਪਰਸਤੀ ਨਾਲ ਖੇਤ ਦੀਆਂ ਛੋਟੀਆਂ-ਛੋਟੀਆਂ ਬੂਟੀਆਂ ਦਾ ਵੀ ਦਸਵੰਧ ਦਿੰਦੇ ਹਨ। ਕੁਝ ਮਹੀਨੇ ਪਹਿਲਾਂ, ਆਮ ਲੋਕਾਂ ਦੇ ਪ੍ਰਤੀ ਉਨ੍ਹਾਂ ਦੀ ਨਫ਼ਰਤ ਡੇਰਿਆਂ ਦੇ ਤਿਉਹਾਰ ਦੇ ਦੌਰਾਨ ਪ੍ਰਗਟ ਹੋਈ ਸੀ, ਜਦੋ ਉਨ੍ਹਾਂ ਨੇ ਕਿਹਾ: “ਲਾਨਤ ਹੈ ਇਨ੍ਹਾਂ ਲੋਕਾਂ ਉੱਤੇ ਜਿਹੜੇ ਸ਼ਰਾ [ਯਾਨੀ ਕਿ ਫ਼ਰੀਸੀ ਸੰਪ੍ਰਦਾਇ ਦੇ ਦਿੱਤੇ ਗਏ ਅਨੁਵਾਦ] ਨੂੰ ਨਹੀਂ ਜਾਣਦੇ ਹਨ!”
ਆਪਣੇ ਦ੍ਰਿਸ਼ਟਾਂਤ ਨੂੰ ਜਾਰੀ ਰੱਖਦੇ ਹੋਏ, ਯਿਸੂ ਅਜਿਹੇ ਇਕ ‘ਲਾਨਤੀ’ ਵਿਅਕਤੀ ਦੇ ਬਾਰੇ ਦੱਸਦਾ ਹੈ: “ਪਰ ਉਸ ਮਸੂਲੀਏ ਨੇ ਕੁਝ ਫ਼ਰਕ ਨਾਲ ਖੜੋ ਕੇ ਐੱਨਾ ਵੀ ਨਾ ਚਾਹਿਆ ਜੋ ਆਪਣੀਆਂ ਅੱਖੀਆਂ ਅਕਾਸ਼ ਦੀ ਵੱਲ ਚੁੱਕੇ ਸਗੋਂ ਆਪਣੀ ਛਾਤੀ ਪਿੱਟਦਾ ਅਤੇ ਏਹ ਕਹਿੰਦਾ ਸੀ ਕਿ ਹੇ ਪਰਮੇਸ਼ੁਰ ਮੈਂ ਪਾਪੀ ਉੱਤੇ ਦਯਾ ਕਰ!” ਕਿਉਂਕਿ ਉਹ ਮਸੂਲੀਆ ਨਿਮਰਤਾਪੂਰਵਕ ਆਪਣੀਆਂ ਕਮਜ਼ੋਰੀਆਂ ਨੂੰ ਸਵੀਕਾਰ ਕਰਦਾ ਹੈ, ਯਿਸੂ ਕਹਿੰਦਾ ਹੈ: “ਮੈਂ ਤੁਹਾਨੂੰ ਆਖਦਾ ਹਾਂ ਜੋ ਉਹ ਨਹੀਂ ਪਰ ਇਹ ਧਰਮੀ ਠਹਿਰ ਕੇ ਆਪਣੇ ਘਰ ਗਿਆ ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਪਰ ਜੋ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।”
ਇਸ ਤਰ੍ਹਾਂ ਯਿਸੂ ਫਿਰ ਨਿਮਰਤਾ ਦੀ ਲੋੜ ਉੱਤੇ ਜ਼ੋਰ ਦਿੰਦਾ ਹੈ। ਇਕ ਅਜਿਹੇ ਸਮਾਜ ਵਿਚ ਵੱਡੇ ਹੋਣ ਦੇ ਕਾਰਨ ਜਿੱਥੇ ਸਵੈ-ਸਤਵਾਦੀ ਫ਼ਰੀਸੀ ਇੰਨੇ ਪ੍ਰਭਾਵਸ਼ਾਲੀ ਹਨ ਅਤੇ ਪਦਵੀ ਅਤੇ ਆਹੁਦੇ ਉੱਪਰ ਹਮੇਸ਼ਾ ਜ਼ੋਰ ਦਿੱਤਾ ਜਾਂਦਾ ਹੈ, ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਯਿਸੂ ਦੇ ਚੇਲਿਆਂ ਉੱਤੇ ਵੀ ਅਸਰ ਪਿਆ ਹੈ। ਫਿਰ ਵੀ, ਯਿਸੂ ਨਿਮਰਤਾ ਵਿਚ ਕਿੰਨੇ ਚੰਗੇ ਸਬਕ ਦਿੰਦਾ ਹੈ! ਲੂਕਾ 18:1-14; ਯੂਹੰਨਾ 7:49.
▪ ਬੇਇਨਸਾਫ਼ ਹਾਕਮ ਉਸ ਵਿਧਵਾ ਦੀ ਬੇਨਤੀ ਕਿਉਂ ਸੁਣਦਾ ਹੈ, ਅਤੇ ਯਿਸੂ ਦੇ ਦ੍ਰਿਸ਼ਟਾਂਤ ਦੁਆਰਾ ਕੀ ਸਬਕ ਸਿਖਾਇਆ ਗਿਆ ਹੈ?
▪ ਯਿਸੂ ਕਿਹੜੀ ਨਿਹਚਾ ਲੱਭੇਗਾ ਜਦੋਂ ਉਹ ਆਉਂਦਾ ਹੈ?
▪ ਯਿਸੂ ਫ਼ਰੀਸੀ ਅਤੇ ਮਸੂਲੀਏ ਬਾਰੇ ਆਪਣਾ ਦ੍ਰਿਸ਼ਟਾਂਤ ਕਿਨ੍ਹਾਂ ਵੱਲ ਨਿਰਦੇਸ਼ਿਤ ਕਰਦਾ ਹੈ?
▪ ਫ਼ਰੀਸੀਆਂ ਦੇ ਕਿਹੜੇ ਰਵੱਈਏ ਤੋਂ ਦੂਰ ਰਹਿਣਾ ਚਾਹੀਦਾ ਹੈ?