ਯਹੋਵਾਹ—ਸੱਚੇ ਨਿਆਉਂ ਅਤੇ ਧਾਰਮਿਕਤਾ ਦਾ ਸ੍ਰੋਤ
“ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ।”—ਬਿਵਸਥਾ ਸਾਰ 32:4.
1. ਸਾਡੇ ਲਈ ਨਿਆਉਂ ਦੀ ਜ਼ਰੂਰਤ ਸੁਭਾਵਕ ਕਿਉਂ ਹੈ?
ਜਿਸ ਤਰ੍ਹਾਂ ਹਰ ਇਨਸਾਨ ਨੂੰ ਜਨਮ ਤੋਂ ਪਿਆਰ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਨਾਲ ਇਨਸਾਫ਼ ਕੀਤਾ ਜਾਵੇ। ਜਿਵੇਂ ਅਮਰੀਕੀ ਸਿਆਸਤਦਾਨ ਟੋਮਸ ਜੈਫਰਸਨ ਨੇ ਲਿਖਿਆ: “[ਇਨਸਾਫ਼ ਦੀ ਜ਼ਰੂਰਤ] ਸੁਭਾਵਕ ਅਤੇ ਜਨਮ ਤੋਂ ਸਾਡੇ ਅੰਦਰ ਹੈ, . . . ਜੋ ਸਾਡੀ ਬਣਤਰ ਦਾ ਉੱਨਾ ਜ਼ਰੂਰੀ ਹਿੱਸਾ ਹੈ ਜਿੰਨਾ ਕਿ ਛੋਹਣਾ, ਦੇਖਣਾ, ਜਾਂ ਸੁਣਨਾ।” ਇਹ ਕੋਈ ਹੈਰਾਨੀ ਦੀ ਗੱਲ ਨਹੀਂ, ਕਿਉਂਕਿ ਯਹੋਵਾਹ ਨੇ ਸਾਨੂੰ ਆਪਣੇ ਹੀ ਸਰੂਪ ਉੱਤੇ ਬਣਾਇਆ। (ਉਤਪਤ 1:26) ਵਾਕਈ, ਉਸ ਨੇ ਸਾਨੂੰ ਅਜਿਹੇ ਗੁਣ ਦਿੱਤੇ ਜੋ ਉਸ ਦੇ ਵਿਅਕਤਿੱਤਵ ਦਾ ਅਕਸ ਹਨ, ਇਨ੍ਹਾਂ ਵਿੱਚੋਂ ਇਕ ਗੁਣ ਨਿਆਉਂ ਹੈ। ਇਸੇ ਲਈ ਨਿਆਉਂ ਦੀ ਸਾਡੀ ਜ਼ਰੂਰਤ ਸੁਭਾਵਕ ਹੈ ਅਤੇ ਅਸੀਂ ਸੱਚੇ ਨਿਆਉਂ ਅਤੇ ਧਾਰਮਿਕਤਾ ਵਾਲੇ ਸੰਸਾਰ ਵਿਚ ਜੀਉਣਾ ਚਾਹੁੰਦੇ ਹਾਂ।
2. ਯਹੋਵਾਹ ਲਈ ਨਿਆਉਂ ਕਿੰਨਾ ਕੁ ਮਹੱਤਵਪੂਰਣ ਹੈ, ਅਤੇ ਸਾਨੂੰ ਈਸ਼ਵਰੀ ਨਿਆਉਂ ਨੂੰ ਚੰਗੀ ਤਰ੍ਹਾਂ ਸਮਝਣ ਦੀ ਜ਼ਰੂਰਤ ਕਿਉਂ ਹੈ?
2 ਯਹੋਵਾਹ ਬਾਰੇ, ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ: “ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ।” (ਬਿਵਸਥਾ ਸਾਰ 32:4) ਲੇਕਿਨ ਅਨਿਆਉਂ ਨਾਲ ਪੀੜਿਤ ਸੰਸਾਰ ਵਿਚ, ਈਸ਼ਵਰੀ ਨਿਆਉਂ ਦੇ ਅਰਥ ਨੂੰ ਚੰਗੀ ਤਰ੍ਹਾਂ ਸਮਝਣਾ ਔਖਾ ਹੈ। ਫਿਰ ਵੀ, ਪਰਮੇਸ਼ੁਰ ਦੇ ਬਚਨ ਰਾਹੀਂ, ਅਸੀਂ ਜਾਣ ਸਕਦੇ ਹਾਂ ਕਿ ਯਹੋਵਾਹ ਨਿਆਉਂ ਕਿਵੇਂ ਲਾਗੂ ਕਰਦਾ ਹੈ, ਅਤੇ ਅਸੀਂ ਪਰਮੇਸ਼ੁਰ ਦੇ ਅਸਚਰਜ ਕੰਮਾਂ ਦੀ ਹੋਰ ਗਹਿਰੀ ਕਦਰ ਕਰ ਸਕਦੇ ਹਾਂ। (ਰੋਮੀਆਂ 11:33) ਨਿਆਉਂ ਦਾ ਬਾਈਬਲੀ ਅਰਥ ਸਮਝਣਾ ਜ਼ਰੂਰੀ ਹੈ ਕਿਉਂਕਿ ਨਿਆਉਂ ਦੀ ਸਾਡੀ ਸਮਝ ਉੱਤੇ ਸ਼ਾਇਦ ਮਾਨਵੀ ਵਿਚਾਰਾਂ ਦਾ ਅਸਰ ਹੋਵੇ। ਇਕ ਮਾਨਵੀ ਨਜ਼ਰੀਏ ਤੋਂ, ਸ਼ਾਇਦ ਨਿਆਉਂ ਦਾ ਮਤਲਬ ਸਿਰਫ਼ ਕਾਨੂੰਨ ਨੂੰ ਜਾਇਜ਼ ਤੌਰ ਤੇ ਲਾਗੂ ਕਰਨਾ ਹੋਵੇ। ਜਾਂ ਜਿਵੇਂ ਫ਼ਿਲਾਸਫ਼ਰ ਫ਼ਰਾਂਸਿਸ ਬੈਕਨ ਨੇ ਲਿਖਿਆ, “ਨਿਆਉਂ ਵਿਚ ਹਰ ਇਨਸਾਨ ਨੂੰ ਉਸ ਦੇ ਕੀਤੇ ਦਾ ਫਲ ਦੇਣਾ ਸ਼ਾਮਲ ਹੈ।” ਲੇਕਿਨ, ਯਹੋਵਾਹ ਦੇ ਨਿਆਉਂ ਵਿਚ ਕੁਝ ਜ਼ਿਆਦਾ ਸ਼ਾਮਲ ਹੈ।
ਯਹੋਵਾਹ ਦਾ ਨਿਆਉਂ ਦਿਲ ਨੂੰ ਪ੍ਰੇਰਦਾ ਹੈ
3. ਬਾਈਬਲ ਵਿਚ ਨਿਆਉਂ ਅਤੇ ਧਾਰਮਿਕਤਾ ਲਈ ਇਸਤੇਮਾਲ ਕੀਤੇ ਜਾਂਦੇ ਮੁਢਲੀ ਭਾਸ਼ਾ ਦੇ ਸ਼ਬਦਾਂ ਉੱਤੇ ਵਿਚਾਰ ਕਰਨ ਨਾਲ ਕੀ ਸਿੱਖਿਆ ਜਾ ਸਕਦਾ ਹੈ?
3 ਇਸ ਉੱਤੇ ਵਿਚਾਰ ਕਰਨ ਨਾਲ ਕਿ ਬਾਈਬਲ ਵਿਚ ਮੁਢਲੀ ਭਾਸ਼ਾ ਦੇ ਸ਼ਬਦ ਕਿਵੇਂ ਇਸਤੇਮਾਲ ਕੀਤੇ ਜਾਂਦੇ ਹਨ, ਯਹੋਵਾਹ ਦੇ ਨਿਆਉਂ ਦੀ ਹੱਦ ਜ਼ਿਆਦਾ ਚੰਗੀ ਤਰ੍ਹਾਂ ਸਮਝੀ ਜਾ ਸਕਦੀ ਹੈ।a ਇਹ ਦਿਲਚਸਪੀ ਦੀ ਗੱਲ ਹੈ ਕਿ ਸ਼ਾਸਤਰ ਵਿਚ ਨਿਆਉਂ ਅਤੇ ਧਾਰਮਿਕਤਾ ਦਰਮਿਆਨ ਕੋਈ ਖ਼ਾਸ ਫ਼ਰਕ ਨਹੀਂ ਹੈ। ਦਰਅਸਲ, ਕਦੀ-ਕਦੀ ਇਬਰਾਨੀ ਸ਼ਬਦਾਂ ਦੀ ਸਮਾਨ ਵਰਤੋਂ ਵੀ ਕੀਤੀ ਜਾਂਦੀ ਹੈ, ਜਿਵੇਂ ਅਸੀਂ ਆਮੋਸ 5:24 ਵਿਚ ਦੇਖਦੇ ਹਾਂ, ਜਿੱਥੇ ਯਹੋਵਾਹ ਆਪਣੇ ਲੋਕਾਂ ਨੂੰ ਉਪਦੇਸ਼ ਦਿੰਦਾ ਹੈ: “ਇਨਸਾਫ਼ ਪਾਣੀਆਂ ਵਾਂਙੁ ਵਗੇ, ਅਤੇ ਧਰਮ ਬਾਰਾਂ ਮਾਸੀ ਨਦੀ ਵਾਂਙੁ!” ਇਸ ਤੋਂ ਇਲਾਵਾ, ਕਈ ਵਾਰ ਸ਼ਬਦ “ਇਨਸਾਫ਼ ਅਰ ਧਰਮ” ਗੱਲ ਉੱਤੇ ਜ਼ੋਰ ਦੇਣ ਲਈ ਇਕੱਠੇ ਵਰਤੇ ਜਾਂਦੇ ਹਨ।—ਜ਼ਬੂਰ 33:5; ਯਸਾਯਾਹ 33:5; ਯਿਰਮਿਯਾਹ 33:15; ਹਿਜ਼ਕੀਏਲ 18:21; 45:9.
4. ਇਨਸਾਫ਼ ਕਰਨ ਦਾ ਮਤਲਬ ਕੀ ਹੈ, ਅਤੇ ਨਿਆਉਂ ਦਾ ਸੱਭ ਤੋਂ ਉੱਚਾ ਮਿਆਰ ਕੀ ਹੈ?
4 ਇਨ੍ਹਾਂ ਇਬਰਾਨੀ ਅਤੇ ਯੂਨਾਨੀ ਸ਼ਬਦਾਂ ਦਾ ਕੀ ਅਰਥ ਹੈ? ਸ਼ਾਸਤਰ ਅਨੁਸਾਰ ਇਨਸਾਫ਼ ਕਰਨ ਦਾ ਮਤਲਬ ਹੈ ਉਹ ਕਰਨਾ ਜੋ ਸਹੀ ਅਤੇ ਨਿਰਪੱਖ ਹੈ। ਕਿਉਂਕਿ ਯਹੋਵਾਹ ਹੀ ਨੈਤਿਕ ਅਸੂਲ ਅਤੇ ਸਿਧਾਂਤ ਬਣਾਉਂਦਾ ਹੈ, ਜਾਂ ਉਸ ਬਾਰੇ ਦੱਸਦਾ ਹੈ ਜੋ ਸਹੀ ਅਤੇ ਨਿਰਪੱਖ ਹੈ, ਜਿਸ ਤਰੀਕੇ ਨਾਲ ਉਹ ਕੰਮ ਕਰਦਾ ਹੈ ਇਹ ਨਿਆਉਂ ਦਾ ਸੱਭ ਤੋਂ ਉੱਚਾ ਮਿਆਰ ਹੈ। ਥੀਓਲਾਜੀਕਲ ਵਰਡਬੁੱਕ ਆਫ਼ ਦੀ ਓਲਡ ਟੈਸਟਾਮੈਂਟ ਵਿਆਖਿਆ ਕਰਦੀ ਹੈ ਕਿ ਧਾਰਮਿਕਤਾ ਅਨੁਵਾਦ ਕੀਤਾ ਗਿਆ ਇਬਰਾਨੀ ਸ਼ਬਦ (ਸੀਦਕ) “ਇਕ ਸਦਾਚਾਰਕ, ਨੈਤਿਕ ਮਿਆਰ ਨੂੰ ਸੰਕੇਤ ਕਰਦਾ ਹੈ ਅਤੇ ਪੁ[ਰਾਣੇ] ਨੇ[ਮ] ਵਿਚ ਇਹ ਮਿਆਰ ਪਰਮੇਸ਼ੁਰ ਦੀ ਵਿਸ਼ੇਸ਼ਤਾ ਅਤੇ ਉਹ ਦੀ ਇੱਛਾ ਹੈ।” ਇਸ ਲਈ, ਜਿਸ ਤਰੀਕੇ ਨਾਲ ਪਰਮੇਸ਼ੁਰ ਆਪਣੇ ਸਿਧਾਂਤ ਲਾਗੂ ਕਰਦਾ ਹੈ, ਅਤੇ ਖ਼ਾਸ ਕਰਕੇ ਜਿਸ ਤਰ੍ਹਾਂ ਉਹ ਅਪੂਰਣ ਮਨੁੱਖਾਂ ਨਾਲ ਪੇਸ਼ ਆਉਂਦਾ ਹੈ, ਸੱਚੇ ਨਿਆਉਂ ਅਤੇ ਧਾਰਮਿਕਤਾ ਦੇ ਅਸਲੀ ਅਰਥ ਨੂੰ ਦਰਸਾਉਂਦਾ ਹੈ।
5. ਪਰਮੇਸ਼ੁਰ ਦੇ ਨਿਆਉਂ ਨਾਲ ਹੋਰ ਕਿਹੜੇ ਗੁਣ ਸੰਬੰਧ ਰੱਖਦੇ ਹਨ?
5 ਸ਼ਾਸਤਰ ਸਾਫ਼-ਸਾਫ਼ ਦਿਖਾਉਂਦੇ ਹਨ ਕਿ ਨਿਰਦਈ ਅਤੇ ਸਖ਼ਤ ਹੋਣ ਦੀ ਬਜਾਇ ਈਸ਼ਵਰੀ ਨਿਆਉਂ ਦਿਲ ਨੂੰ ਪ੍ਰੇਰਦਾ ਹੈ। ਦਾਊਦ ਨੇ ਭਜਨ ਗਾਇਆ: “ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ।” (ਜ਼ਬੂਰ 37:28) ਪਰਮੇਸ਼ੁਰ ਦਾ ਨਿਆਉਂ ਉਸ ਨੂੰ ਆਪਣੇ ਸੇਵਕਾਂ ਪ੍ਰਤੀ ਵਫ਼ਾਦਾਰੀ ਅਤੇ ਦਇਆ ਦਿਖਾਉਣ ਲਈ ਪ੍ਰੇਰਿਤ ਕਰਦਾ ਹੈ। ਈਸ਼ਵਰੀ ਨਿਆਉਂ ਸਾਡੀਆਂ ਜ਼ਰੂਰਤਾਂ ਨੂੰ ਸਮਝਦਾ ਹੈ ਅਤੇ ਸਾਡੀਆਂ ਅਪੂਰਣਤਾਵਾਂ ਨੂੰ ਧਿਆਨ ਵਿਚ ਰੱਖਦਾ ਹੈ। (ਜ਼ਬੂਰ 103:14) ਇਸ ਦਾ ਮਤਲਬ ਇਹ ਨਹੀਂ ਕਿ ਪਰਮੇਸ਼ੁਰ ਦੁਸ਼ਟਤਾ ਨੂੰ ਨਜ਼ਰਅੰਦਾਜ਼ ਕਰਦਾ ਹੈ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਅਨਿਆਉਂ ਵਧੇਗਾ। (1 ਸਮੂਏਲ 3:12, 13; ਉਪਦੇਸ਼ਕ ਦੀ ਪੋਥੀ 8:11) ਯਹੋਵਾਹ ਨੇ ਮੂਸਾ ਨੂੰ ਸਮਝਾਇਆ ਕਿ ਉਹ “ਦਿਆਲੂ ਅਤੇ ਕਿਰਪਾਲੂ . . . ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।” ਭਾਵੇਂ ਕਿ ਪਰਮੇਸ਼ੁਰ ਕੁਧਰਮ ਅਤੇ ਅਪਰਾਧ ਨੂੰ ਬਖ਼ਸ਼ਣ ਲਈ ਤਿਆਰ ਹੈ, ਉਹ ਉਨ੍ਹਾਂ ਨੂੰ ਸਜ਼ਾ ਵੀ ਦਿੰਦਾ ਹੈ ਜੋ ਸਜ਼ਾ ਦੇ ਲਾਇਕ ਹਨ।—ਕੂਚ 34:6, 7.
6. ਯਹੋਵਾਹ ਧਰਤੀ ਉੱਤੇ ਆਪਣੇ ਬੱਚਿਆਂ ਨਾਲ ਕਿਵੇਂ ਪੇਸ਼ ਆਉਂਦਾ ਹੈ?
6 ਜਦੋਂ ਅਸੀਂ ਇਸ ਉੱਤੇ ਮਨਨ ਕਰਦੇ ਹਾਂ ਕਿ ਯਹੋਵਾਹ ਇਨਸਾਫ਼ ਕਿਵੇਂ ਕਰਦਾ ਹੈ, ਸਾਨੂੰ ਉਸ ਨੂੰ ਇਕ ਕਠੋਰ ਜੱਜ ਵਜੋਂ ਨਹੀਂ ਸਮਝਣਾ ਚਾਹੀਦਾ, ਜੋ ਗ਼ਲਤੀ ਕਰਨ ਵਾਲਿਆਂ ਨੂੰ ਸਿਰਫ਼ ਸਜ਼ਾ ਦੇਣ ਬਾਰੇ ਹੀ ਸੋਚਦਾ ਹੈ। ਇਸ ਦੇ ਉਲਟ, ਸਾਨੂੰ ਉਸ ਨੂੰ ਇਕ ਪ੍ਰੇਮ ਕਰਨ ਵਾਲੇ ਪਰ ਦ੍ਰਿੜ੍ਹ ਪਿਤਾ ਵਾਂਗ ਵਿਚਾਰਨਾ ਚਾਹੀਦਾ ਹੈ ਜੋ ਹਮੇਸ਼ਾ ਆਪਣੇ ਬੱਚਿਆਂ ਨਾਲ ਸਭ ਤੋਂ ਬਿਹਤਰ ਤਰੀਕੇ ਨਾਲ ਪੇਸ਼ ਆਉਂਦਾ ਹੈ। “ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ,” ਨਬੀ ਯਸਾਯਾਹ ਨੇ ਕਿਹਾ। (ਯਸਾਯਾਹ 64:8) ਇਕ ਨਿਆਂਪੂਰਣ ਅਤੇ ਧਰਮੀ ਪਿਤਾ ਵਜੋਂ, ਯਹੋਵਾਹ ਸਹੀ ਕੰਮਾਂ ਪ੍ਰਤੀ ਦ੍ਰਿੜ੍ਹਤਾ ਦੇ ਨਾਲ-ਨਾਲ ਧਰਤੀ ਉੱਤੇ ਆਪਣੇ ਬੱਚਿਆਂ ਲਈ ਦਇਆ ਵੀ ਦਿਖਾਉਂਦਾ ਹੈ, ਜਿਨ੍ਹਾਂ ਨੂੰ ਮੁਸ਼ਕਲ ਹਾਲਾਤ ਜਾਂ ਸਰੀਰਕ ਕਮਜ਼ੋਰੀਆਂ ਦੇ ਕਾਰਨ ਮਦਦ ਜਾਂ ਮਾਫ਼ੀ ਦੀ ਲੋੜ ਹੈ।—ਜ਼ਬੂਰ 103:6, 10, 13.
ਨਿਆਉਂ ਦਾ ਸਹੀ ਅਰਥ ਪ੍ਰਗਟ ਕਰਨਾ
7. (ੳ) ਅਸੀਂ ਯਸਾਯਾਹ ਦੀ ਭਵਿੱਖਬਾਣੀ ਤੋਂ ਈਸ਼ਵਰੀ ਨਿਆਉਂ ਬਾਰੇ ਕੀ ਸਿੱਖਦੇ ਹਾਂ? (ਅ) ਕੌਮਾਂ ਨੂੰ ਇਨਸਾਫ਼ ਬਾਰੇ ਸਿਖਾਉਣ ਵਿਚ ਯਿਸੂ ਦੀ ਕੀ ਭੂਮਿਕਾ ਸੀ?
7 ਯਹੋਵਾਹ ਦੇ ਨਿਆਉਂ ਦਾ ਦਇਆਵਾਨ ਢੰਗ ਮਸੀਹਾ ਦੇ ਆਉਣ ਨਾਲ ਪ੍ਰਗਟ ਹੋਇਆ। ਯਿਸੂ ਨੇ ਈਸ਼ਵਰੀ ਨਿਆਉਂ ਬਾਰੇ ਸਿਖਾਇਆ ਅਤੇ ਉਸ ਦੇ ਅਨੁਸਾਰ ਆਪਣਾ ਜੀਵਨ ਬਿਤਾਇਆ, ਜਿਵੇਂ ਨਬੀ ਯਸਾਯਾਹ ਰਾਹੀਂ ਪਹਿਲਾਂ ਹੀ ਦੱਸਿਆ ਗਿਆ ਸੀ। ਬਿਨਾਂ ਸ਼ੱਕ, ਪਰਮੇਸ਼ੁਰ ਦੇ ਨਿਆਉਂ ਵਿਚ ਕੁਚਲੇ ਹੋਏ ਲੋਕਾਂ ਨਾਲ ਕੋਮਲਤਾ ਨਾਲ ਵਰਤਾਉ ਕਰਨਾ ਸ਼ਾਮਲ ਹੈ। ਇਸ ਤਰ੍ਹਾਂ, ਉਹ ਉਸ ਹੱਦ ਤਕ ਨਹੀਂ ਕੁਚਲੇ ਜਾਂਦੇ ਕਿ ਉਹ ਠੀਕ ਹੀ ਨਹੀਂ ਹੋ ਸਕਦੇ। ਯਹੋਵਾਹ ਦਾ “ਦਾਸ,” ਯਿਸੂ, ਧਰਤੀ ਉੱਤੇ ਪਰਮੇਸ਼ੁਰ ਦੇ ਨਿਆਉਂ ਦੇ ਇਸ ਪਹਿਲੂ ਬਾਰੇ ‘ਕੌਮਾਂ ਨੂੰ ਖ਼ਬਰ ਕਰਨ’ ਆਇਆ ਸੀ। ਮੁੱਖ ਤੌਰ ਤੇ, ਉਸ ਨੇ ਸਾਨੂੰ ਈਸ਼ਵਰੀ ਨਿਆਉਂ ਦਾ ਅਰਥ ਸਮਝਾਉਣ ਲਈ ਇਕ ਜੀਉਂਦੀ ਮਿਸਾਲ ਦਿੱਤੀ। ਰਾਜੇ ਦਾਊਦ ਦੀ “ਧਰਮ ਦੀ ਸ਼ਾਖ” ਵਜੋਂ, ਯਿਸੂ ‘ਇਨਸਾਫ਼ ਚਾਹੁੰਣ, ਅਤੇ ਧਰਮ ਵਿੱਚ ਕਾਹਲਾ ਹੋਣ’ ਲਈ ਉਤਾਵਲਾ ਸੀ।—ਯਸਾਯਾਹ 16:5; 42:1-4; ਮੱਤੀ 12:18-21; ਯਿਰਮਿਯਾਹ 33:14, 15.
8. ਪਹਿਲੀ ਸਦੀ ਵਿਚ ਸੱਚਾ ਨਿਆਉਂ ਅਤੇ ਧਾਰਮਿਕਤਾ ਅਸਪੱਸ਼ਟ ਕਿਉਂ ਹੋ ਗਏ ਸਨ?
8 ਯਹੋਵਾਹ ਦੇ ਨਿਆਉਂ ਦੀ ਵਿਸ਼ੇਸ਼ਤਾ ਬਾਰੇ ਅਜਿਹੀ ਸਪੱਸ਼ਟਤਾ, ਖ਼ਾਸ ਕਰਕੇ ਪਹਿਲੀ ਸਦੀ ਸਾ.ਯੁ. ਵਿਚ ਜ਼ਰੂਰੀ ਸੀ। ਯਹੂਦੀ ਬਜ਼ੁਰਗਾਂ ਅਤੇ ਧਾਰਮਿਕ ਆਗੂਆਂ, ਯਾਨੀ ਕਿ ਗ੍ਰੰਥੀਆਂ, ਫ਼ਰੀਸੀਆਂ, ਅਤੇ ਦੂਜਿਆਂ ਨੇ ਨਿਆਉਂ ਅਤੇ ਧਾਰਮਿਕਤਾ ਦਾ ਇਕ ਗ਼ਲਤ ਨਜ਼ਰੀਆ ਦਿਖਾਇਆ ਅਤੇ ਉਸ ਦੀ ਗ਼ਲਤ ਮਿਸਾਲ ਪੇਸ਼ ਕੀਤੀ। ਨਤੀਜੇ ਵਜੋਂ, ਆਮ ਲੋਕ, ਜਿਨ੍ਹਾਂ ਨੇ ਗ੍ਰੰਥੀਆਂ ਅਤੇ ਫ਼ਰੀਸੀਆਂ ਦੁਆਰਾ ਕਾਇਮ ਕੀਤੀਆਂ ਗਈਆਂ ਮੰਗਾਂ ਦੇ ਅਨੁਸਾਰ ਜੀਉਣਾ ਨਾਮੁਮਕਿਨ ਪਾਇਆ, ਸ਼ਾਇਦ ਸੋਚਦੇ ਸਨ ਕਿ ਪਰਮੇਸ਼ੁਰ ਦੀ ਧਾਰਮਿਕਤਾ ਪ੍ਰਾਪਤ ਕਰਨੀ ਅਸੰਭਵ ਸੀ। (ਮੱਤੀ 23:4; ਲੂਕਾ 11:46) ਯਿਸੂ ਨੇ ਦਿਖਾਇਆ ਕਿ ਇਹ ਸੱਚ ਨਹੀਂ ਸੀ। ਉਸ ਨੇ ਆਪਣੇ ਚੇਲੇ ਆਮ ਲੋਕਾਂ ਵਿੱਚੋਂ ਚੁਣੇ, ਅਤੇ ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਧਰਮੀ ਮਿਆਰ ਸਿਖਾਏ।—ਮੱਤੀ 9:36; 11:28-30.
9, 10. (ੳ) ਗ੍ਰੰਥੀਆਂ ਅਤੇ ਫ਼ਰੀਸੀਆਂ ਨੇ ਆਪਣੀ ਧਾਰਮਿਕਤਾ ਕਿਵੇਂ ਦਿਖਾਉਣ ਦੀ ਕੋਸ਼ਿਸ਼ ਕੀਤੀ? (ਅ) ਯਿਸੂ ਨੇ ਕਿਵੇਂ ਅਤੇ ਕਿਉਂ ਪ੍ਰਗਟ ਕੀਤਾ ਕਿ ਗ੍ਰੰਥੀਆਂ ਅਤੇ ਫ਼ਰੀਸੀਆਂ ਦੇ ਕੰਮ ਫਜ਼ੂਲ ਸਨ?
9 ਦੂਜੇ ਪਾਸੇ, ਫ਼ਰੀਸੀਆਂ ਨੇ ਮਨੁੱਖਾਂ ਦੇ ਸਾਮ੍ਹਣੇ ਪ੍ਰਾਰਥਨਾ ਕਰਨ ਜਾਂ ਦਾਨ ਦੇਣ ਰਾਹੀਂ ਆਪਣੇ ‘ਧਰਮ ਦੇ ਕੰਮਾਂ’ ਦਾ ਦਿਖਾਵਾ ਕਰਨ ਦੇ ਮੌਕੇ ਭਾਲੇ। (ਮੱਤੀ 6:1-6) ਉਨ੍ਹਾਂ ਨੇ ਅਣਗਿਣਤ ਕਾਨੂੰਨ ਅਤੇ ਹੁਕਮਾਂ—ਜਿਨ੍ਹਾਂ ਵਿੱਚੋਂ ਕਈ ਉਨ੍ਹਾਂ ਨੇ ਖ਼ੁਦ ਬਣਾਏ ਸਨ—ਦੀ ਪਾਲਣਾ ਕਰਨ ਦੁਆਰਾ ਆਪਣੀ ਧਾਰਮਿਕਤਾ ਦਿਖਾਉਣ ਦੀ ਕੋਸ਼ਿਸ਼ ਕੀਤੀ। ਅਜਿਹੇ ਜਤਨ ਕਰ ਕੇ ਉਹ “ਨਿਆਉਂ ਤੇ ਪਰਮੇਸ਼ੁਰ ਦੀ ਪ੍ਰੀਤ ਨੂੰ ਉਲੰਘਦੇ” ਸਨ। (ਲੂਕਾ 11:42) ਬਾਹਰੋਂ, ਉਹ ਸ਼ਾਇਦ ਧਰਮੀ ਨਜ਼ਰ ਆਉਂਦੇ ਸਨ, ਪਰ ਅੰਦਰੋਂ ਉਹ “ਕੁਧਰਮ ਨਾਲ ਭਰੇ” ਹੋਏ ਸਨ। (ਮੱਤੀ 23:28) ਅਸਲ ਵਿਚ, ਉਹ ਪਰਮੇਸ਼ੁਰ ਦੀ ਧਾਰਮਿਕਤਾ ਬਾਰੇ ਬਹੁਤ ਘੱਟ ਜਾਣਦੇ ਸਨ।
10 ਇਸੇ ਕਾਰਨ, ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਚੇਤਾਵਨੀ ਦਿੱਤੀ: “ਜੇ ਤੁਹਾਡਾ ਧਰਮ ਗ੍ਰੰਥੀਆਂ ਅਤੇ ਫ਼ਰੀਸੀਆਂ ਦੇ ਧਰਮ ਨਾਲੋਂ ਵੱਧ ਨਾ ਹੋਵੇ ਤਾਂ ਤੁਸੀਂ ਸੁਰਗ ਦੇ ਰਾਜ ਵਿੱਚ ਕਿਸੇ ਬਿਧ ਨਾ ਵੜੋਗੇ।” (ਮੱਤੀ 5:20) ਯਿਸੂ ਦੀ ਮਿਸਾਲ ਦੁਆਰਾ ਪ੍ਰਗਟ ਕੀਤਾ ਗਿਆ ਈਸ਼ਵਰੀ ਨਿਆਉਂ ਵਿਚਕਾਰ ਅਤੇ ਗ੍ਰੰਥੀਆਂ ਤੇ ਫ਼ਰੀਸੀਆਂ ਦੇ ਤੰਗ-ਦਿਲ ਸਵੈ-ਸਤਵਾਦ ਵਿਚਕਾਰ ਵੱਡਾ ਫ਼ਰਕ, ਉਨ੍ਹਾਂ ਦੇ ਆਪਸ ਵਿਚ ਕਈ ਝਗੜਿਆਂ ਦਾ ਕਾਰਨ ਸੀ।
ਈਸ਼ਵਰੀ ਨਿਆਉਂ ਦੇ ਖ਼ਿਲਾਫ਼ ਵਿਗੜਿਆ ਨਿਆਉਂ
11. (ੳ) ਫ਼ਰੀਸੀਆਂ ਨੇ ਯਿਸੂ ਨੂੰ ਸਬਤ ਦੇ ਦਿਨ ਤੇ ਚੰਗਾ ਕਰਨ ਬਾਰੇ ਸਵਾਲ ਕਿਉਂ ਕੀਤਾ ਸੀ? (ਅ) ਯਿਸੂ ਦੇ ਜਵਾਬ ਨੇ ਕੀ ਪ੍ਰਗਟ ਕੀਤਾ?
11 ਸਾਲ 31 ਸਾ.ਯੁ. ਦੀ ਬਸੰਤ ਵਿਚ ਆਪਣੀ ਗਲੀਲੀ ਸੇਵਕਾਈ ਦੌਰਾਨ, ਯਿਸੂ ਨੇ ਯਹੂਦੀ ਸਭਾ-ਘਰ ਵਿਚ ਇਕ ਮਨੁੱਖ ਨੂੰ ਦੇਖਿਆ ਜਿਸ ਦਾ ਹੱਥ ਸੁੱਕਾ ਹੋਇਆ ਸੀ। ਕਿਉਂਕਿ ਸਬਤ ਦਾ ਦਿਨ ਸੀ, ਫ਼ਰੀਸੀਆਂ ਨੇ ਯਿਸੂ ਨੂੰ ਪੁੱਛਿਆ: “ਭਲਾ, ਸਬਤ ਦੇ ਦਿਨ ਚੰਗਾ ਕਰਨਾ ਜੋਗ ਹੈ?” ਇਸ ਬੇਚਾਰੇ ਮਨੁੱਖ ਦੇ ਦੁੱਖ ਨੂੰ ਸਮਝਣ ਦੀ ਬਜਾਇ, ਉਹ ਯਿਸੂ ਉੱਤੇ ਦੋਸ਼ ਲਾਉਣ ਦਾ ਬਹਾਨਾ ਲੱਭਣਾ ਚਾਹੁੰਦੇ ਸੀ, ਜਿਵੇਂ ਉਨ੍ਹਾਂ ਦੇ ਸਵਾਲ ਨੇ ਜ਼ਾਹਰ ਕੀਤਾ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯਿਸੂ ਉਨ੍ਹਾਂ ਦੇ ਪੱਥਰ ਦਿਲਾਂ ਦੇ ਕਾਰਨ ਉਦਾਸ ਹੋਇਆ ਸੀ! ਫਿਰ ਉਸ ਨੇ ਉਲਟਾ ਫ਼ਰੀਸੀਆਂ ਨੂੰ ਅਜਿਹਾ ਹੀ ਇਕ ਸਵਾਲ ਪੁੱਛਿਆ: “ਸਬਤ ਦੇ ਦਿਨ ਭਲਾ ਕਰਨਾ ਜੋਗ ਹੈ?” ਜਦੋਂ ਉਹ ਚੁੱਪ ਰਹੇ, ਤਾਂ ਯਿਸੂ ਨੇ ਉਨ੍ਹਾਂ ਨੂੰ ਇਹ ਪੁੱਛਣ ਦੁਆਰਾ ਕਿ ਕੀ ਉਹ ਸਬਤ ਦੇ ਦਿਨ ਤੇ ਟੋਏ ਵਿਚ ਡਿੱਗੀ ਹੋਈ ਭੇਡ ਨੂੰ ਨਹੀਂ ਬਚਾਉਣਗੇ, ਆਪਣੇ ਹੀ ਸਵਾਲ ਦਾ ਜਵਾਬ ਦਿੱਤਾ।b “ਮਨੁੱਖ ਭੇਡ ਨਾਲੋਂ ਕਿੰਨਾ ਹੀ ਉੱਤਮ ਹੈ!” ਯਿਸੂ ਦੀ ਦਲੀਲ ਇੰਨੀ ਸਪੱਸ਼ਟ ਸੀ ਕਿ ਉਹ ਬਹਿਸ ਨਾ ਕਰ ਸਕੇ। ਉਸ ਨੇ ਸਿੱਟਾ ਕੱਢਿਆ, “ਇਸ ਲਈ ਸਬਤ ਦੇ ਦਿਨ ਭਲਾ ਕਰਨਾ ਜੋਗ [ਜਾਂ, ਸਹੀ] ਹੈ।” ਪਰਮੇਸ਼ੁਰ ਦਾ ਨਿਆਉਂ ਕਦੀ ਵੀ ਮਾਨਵੀ ਰੀਤ ਨਾਲ ਬੰਨ੍ਹਿਆ ਨਹੀਂ ਜਾਣਾ ਚਾਹੀਦਾ। ਇਹ ਗੱਲ ਸਪੱਸ਼ਟ ਕਰ ਕੇ, ਯਿਸੂ ਨੇ ਉਸ ਮਨੁੱਖ ਦਾ ਹੱਥ ਚੰਗਾ ਕੀਤਾ।—ਮੱਤੀ 12:9-13; ਮਰਕੁਸ 3:1-5.
12, 13. (ੳ) ਗ੍ਰੰਥੀਆਂ ਅਤੇ ਫ਼ਰੀਸੀਆਂ ਤੋਂ ਭਿੰਨ, ਯਿਸੂ ਨੇ ਪਾਪੀਆਂ ਦੀ ਮਦਦ ਕਰਨ ਦੀ ਆਪਣੀ ਰੁਚੀ ਕਿਵੇਂ ਦਿਖਾਈ? (ਅ) ਈਸ਼ਵਰੀ ਨਿਆਉਂ ਅਤੇ ਸਵੈ-ਸਤਵਾਦ ਵਿਚ ਕੀ ਫ਼ਰਕ ਹੈ?
12 ਜੇਕਰ ਫ਼ਰੀਸੀਆਂ ਨੇ ਅਪਾਹਜ ਲੋਕਾਂ ਦੀ ਥੋੜ੍ਹੀ ਜਿਹੀ ਪਰਵਾਹ ਕੀਤੀ, ਤਾਂ ਉਨ੍ਹਾਂ ਨੇ ਅਧਿਆਤਮਿਕ ਤੌਰ ਤੇ ਕੰਗਾਲ ਲੋਕਾਂ ਦੀ ਬਿਲਕੁਲ ਪਰਵਾਹ ਨਹੀਂ ਕੀਤੀ। ਧਾਰਮਿਕਤਾ ਪ੍ਰਤੀ ਉਨ੍ਹਾਂ ਦੇ ਗ਼ਲਤ ਨਜ਼ਰੀਏ ਦੇ ਕਾਰਨ ਉਨ੍ਹਾਂ ਨੇ ਮਸੂਲੀਆਂ ਅਤੇ ਪਾਪੀਆਂ ਨੂੰ ਅਣਡਿੱਠ ਕੀਤਾ ਅਤੇ ਉਨ੍ਹਾਂ ਨੂੰ ਨੀਚ ਸਮਝਿਆ। (ਯੂਹੰਨਾ 7:49) ਫਿਰ ਵੀ, ਅਜਿਹੇ ਕਈ ਲੋਕਾਂ ਨੇ ਯਿਸੂ ਦੀ ਸਿੱਖਿਆ ਨੂੰ ਸਵੀਕਾਰ ਕੀਤਾ, ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਯਿਸੂ ਦੋਸ਼ ਲਾਉਣ ਦੀ ਬਜਾਇ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਸੀ। (ਮੱਤੀ 21:31; ਲੂਕਾ 15:1) ਲੇਕਿਨ, ਫ਼ਰੀਸੀਆਂ ਨੇ ਅਧਿਆਤਮਿਕ ਤੌਰ ਤੇ ਰੋਗੀਆਂ ਨੂੰ ਚੰਗਾ ਕਰਨ ਦੇ ਯਿਸੂ ਦੇ ਜਤਨਾਂ ਦੀ ਕਦਰ ਨਹੀਂ ਕੀਤੀ। “ਇਹ ਤਾਂ ਪਾਪੀਆਂ ਨੂੰ ਕਬੂਲ ਕਰਦਾ ਅਤੇ ਉਨ੍ਹਾਂ ਨਾਲ ਖਾਂਦਾ ਹੈ,” ਉਹ ਨਿੰਦਿਆ ਕਰਦੇ ਹੋਏ ਬੁੜਬੁੜਾਏ। (ਲੂਕਾ 15:2) ਉਨ੍ਹਾਂ ਦੇ ਇਲਜ਼ਾਮ ਦਾ ਜਵਾਬ ਦਿੰਦੇ ਹੋਏ, ਯਿਸੂ ਨੇ ਫਿਰ ਇਕ ਚਰਵਾਹੇ ਦਾ ਦ੍ਰਿਸ਼ਟਾਂਤ ਦਿੱਤਾ। ਜਿਵੇਂ ਇਕ ਅਯਾਲੀ ਖ਼ੁਸ਼ ਹੁੰਦਾ ਹੈ ਜਦੋਂ ਉਹ ਆਪਣੀ ਗੁਆਚੀ ਹੋਈ ਭੇਡ ਲੱਭਦਾ ਹੈ, ਇਸੇ ਤਰ੍ਹਾਂ ਸਵਰਗ ਵਿਚ ਦੂਤ ਖ਼ੁਸ਼ ਹੁੰਦੇ ਹਨ ਜਦੋਂ ਇਕ ਪਾਪੀ ਤੋਬਾ ਕਰਦਾ ਹੈ। (ਲੂਕਾ 15:3-7) ਯਿਸੂ ਖ਼ੁਦ ਖ਼ੁਸ਼ ਹੋਇਆ ਸੀ ਜਦੋਂ ਉਹ ਜ਼ੱਕੀ ਨੂੰ ਉਸ ਦੇ ਪਿਛਲੇ ਪਾਪੀ ਰਾਹ ਤੋਂ ਤੋਬਾ ਕਰਨ ਵਿਚ ਮਦਦ ਦੇ ਸਕਿਆ। “ਮਨੁੱਖ ਦਾ ਪੁੱਤ੍ਰ ਗੁਆਚੇ ਹੋਏ ਨੂੰ ਭਾਲਣ ਅਤੇ ਬਚਾਉਣ ਲਈ ਆਇਆ ਹੈ,” ਉਸ ਨੇ ਕਿਹਾ।—ਲੂਕਾ 19:8-10.
13 ਇਹ ਵਿਵਾਦ ਈਸ਼ਵਰੀ ਨਿਆਉਂ, ਜੋ ਠੀਕ ਕਰਨ ਅਤੇ ਬਚਾਉਣ ਦੀ ਕੋਸ਼ਿਸ਼ ਕਰਦਾ ਹੈ, ਅਤੇ ਸਵੈ-ਸਤਵਾਦ, ਜੋ ਥੋੜ੍ਹਿਆਂ ਨੂੰ ਉੱਚਾ ਕਰਨ ਅਤੇ ਬਹੁਤਿਆਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕਰਦਾ ਹੈ, ਦੇ ਵਿਚਕਾਰ ਫ਼ਰਕ ਸਾਫ਼-ਸਾਫ਼ ਪ੍ਰਗਟ ਕਰਦੇ ਹਨ। ਖੋਖਲੀ ਰੀਤ ਅਤੇ ਮਨੁੱਖਾਂ ਦੇ ਬਣਾਏ ਰਿਵਾਜ ਨੇ ਗ੍ਰੰਥੀਆਂ ਅਤੇ ਫ਼ਰੀਸੀਆਂ ਵਿਚ ਘਮੰਡ ਅਤੇ ਹੰਕਾਰ ਪੈਦਾ ਕੀਤਾ, ਪਰ ਯਿਸੂ ਨੇ ਉਚਿਤ ਢੰਗ ਨਾਲ ਸੰਕੇਤ ਕੀਤਾ ਕਿ ਉਨ੍ਹਾਂ ਨੇ “ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ ਨੂੰ ਛੱਡ ਦਿੱਤਾ ਹੈ।” (ਮੱਤੀ 23:23) ਆਓ ਅਸੀਂ ਆਪਣੇ ਸਾਰੇ ਕੰਮਾਂ ਵਿਚ ਸੱਚਾ ਨਿਆਉਂ ਕਰਦੇ ਹੋਏ ਯਿਸੂ ਦੀ ਰੀਸ ਕਰੀਏ ਅਤੇ ਨਾਲ ਹੀ ਸਵੈ-ਸਤਵਾਦ ਦੇ ਛੁਪੇ ਖ਼ਤਰੇ ਤੋਂ ਚੌਕਸ ਰਹੀਏ।
14. ਯਿਸੂ ਦੇ ਇਕ ਚਮਤਕਾਰ ਨੇ ਕਿਵੇਂ ਦਰਸਾਇਆ ਕਿ ਈਸ਼ਵਰੀ ਨਿਆਉਂ ਇਕ ਵਿਅਕਤੀ ਦੇ ਹਾਲਾਤ ਨੂੰ ਧਿਆਨ ਵਿਚ ਰੱਖਦਾ ਹੈ?
14 ਜਦ ਕਿ ਯਿਸੂ ਨੇ ਫ਼ਰੀਸੀਆਂ ਦੀ ਮਨ-ਮਰਜ਼ੀ ਵਾਲੇ ਹੁਕਮ ਰੱਦ ਕੀਤੇ, ਉਸ ਨੇ ਮੂਸਾ ਦੀ ਬਿਵਸਥਾ ਦੀ ਪਾਲਣਾ ਜ਼ਰੂਰ ਕੀਤੀ। (ਮੱਤੀ 5:17, 18) ਇਸ ਤਰ੍ਹਾਂ ਕਰਨ ਨਾਲ, ਯਿਸੂ ਨੇ ਉਸ ਧਰਮੀ ਬਿਵਸਥਾ ਦੇ ਅਸਲੀ ਅਰਥ ਨੂੰ ਪੂਰਾ ਕੀਤਾ। ਜਦੋਂ ਇਕ ਔਰਤ, ਜੋ 12 ਸਾਲਾਂ ਤੋਂ ਲਹੂ ਵੱਗਣ ਦੀ ਬੀਮਾਰੀ ਤੋਂ ਦੁਖੀ ਸੀ, ਨੇ ਯਿਸੂ ਦੇ ਕੱਪੜੇ ਛੋਹੇ ਅਤੇ ਠੀਕ ਹੋਈ, ਯਿਸੂ ਨੇ ਉਸ ਨੂੰ ਕਿਹਾ: “ਬੇਟੀ, ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਚੱਲੀ ਜਾਹ।” (ਲੂਕਾ 8:43-48) ਯਿਸੂ ਦੇ ਹਮਦਰਦੀ ਭਰੇ ਸ਼ਬਦਾਂ ਨੇ ਯਕੀਨ ਦਿਲਾਇਆ ਕਿ ਪਰਮੇਸ਼ੁਰ ਦੇ ਨਿਆਉਂ ਨੇ ਉਸ ਔਰਤ ਦੇ ਹਾਲਾਤ ਧਿਆਨ ਵਿਚ ਰੱਖੇ ਸਨ। ਭਾਵੇਂ ਕਿ ਉਹ ਰੀਤ ਅਨੁਸਾਰ ਅਸ਼ੁੱਧ ਸੀ ਅਤੇ ਇਸ ਲਈ ਭੀੜ ਦੇ ਵਿਚਕਾਰ ਹੋਣ ਨਾਲ ਉਸ ਨੇ ਮੂਸਾ ਦੀ ਬਿਵਸਥਾ ਨੂੰ ਕਾਨੂੰਨੀ ਤੌਰ ਤੇ ਤੋੜਿਆ ਸੀ, ਉਹ ਦੀ ਨਿਹਚਾ ਫਲ ਪ੍ਰਾਪਤ ਕਰਨ ਦੇ ਯੋਗ ਸੀ।—ਲੇਵੀਆਂ 15:25-27; ਤੁਲਨਾ ਕਰੋ ਰੋਮੀਆਂ 9:30-33.
ਧਾਰਮਿਕਤਾ ਸਾਰਿਆਂ ਲਈ ਹੈ
15, 16. (ੳ) ਗੁਆਂਢੀ ਸਾਮਰੀ ਦੀ ਯਿਸੂ ਦੀ ਉਦਾਹਰਣ ਨਿਆਉਂ ਬਾਰੇ ਕੀ ਸਿਖਾਉਂਦੀ ਹੈ? (ਅ) ਸਾਨੂੰ “ਵਧੀਕ ਧਰਮੀ” ਬਣਨ ਤੋਂ ਕਿਉਂ ਬਚਣਾ ਚਾਹੀਦਾ ਹੈ?
15 ਈਸ਼ਵਰੀ ਨਿਆਉਂ ਦੇ ਹਮਦਰਦੀਪੂਰਣ ਪਹਿਲੂ ਉੱਤੇ ਜ਼ੋਰ ਦੇਣ ਦੇ ਇਲਾਵਾ, ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਵੀ ਸਿਖਾਇਆ ਕਿ ਈਸ਼ਵਰੀ ਨਿਆਉਂ ਸਾਰਿਆਂ ਲੋਕਾਂ ਲਈ ਹੋਣਾ ਚਾਹੀਦਾ ਹੈ। ਯਹੋਵਾਹ ਦੀ ਇੱਛਾ ਸੀ ਕਿ ਉਹ ‘ਕੌਮਾਂ ਲਈ ਇਨਸਾਫ਼ ਪਰਗਟ ਕਰੇ।’ (ਯਸਾਯਾਹ 42:1) ਇਹ ਯਿਸੂ ਦੀ ਇਕ ਸਭ ਤੋਂ ਮਸ਼ਹੂਰ ਉਦਾਹਰਣ, ਗੁਆਂਢੀ ਸਾਮਰੀ ਦੀ ਉਦਾਹਰਣ ਦਾ ਖ਼ਾਸ ਨੁਕਤਾ ਸੀ। ਇਹ ਉਦਾਹਰਣ ਸ਼ਰਾ ਦੇ ਸਿਖਾਉਣ ਵਾਲੇ ਇਕ ਮਨੁੱਖ ਦੇ ਸਵਾਲ ਦਾ ਜਵਾਬ ਸੀ, ਜੋ ‘ਆਪਣੇ ਤਾਈਂ ਸੱਚਾ ਠਹਿਰਾਉਣਾ’ ਚਾਹੁੰਦਾ ਸੀ। “ਕੌਣ ਹੈ ਮੇਰਾ ਗੁਆਂਢੀ?” ਉਸ ਨੇ ਪੁੱਛਿਆ, ਬਿਨਾਂ ਸ਼ੱਕ ਉਹ ਗੁਆਂਢੀ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਯਹੂਦੀ ਲੋਕਾਂ ਤਕ ਹੀ ਸੀਮਿਤ ਰੱਖਣਾ ਚਾਹੁੰਦਾ ਸੀ। ਯਿਸੂ ਦੀ ਉਦਾਹਰਣ ਵਿਚ ਸਾਮਰੀ ਨੇ ਈਸ਼ਵਰੀ ਧਾਰਮਿਕਤਾ ਦਿਖਾਈ, ਕਿਉਂਕਿ ਉਹ ਦੂਸਰੀ ਕੌਮ ਦੇ ਇਕ ਅਜਨਬੀ ਦੀ ਮਦਦ ਕਰਨ ਵਾਸਤੇ ਆਪਣਾ ਸਮਾਂ ਅਤੇ ਪੈਸਾ ਲਾਉਣ ਲਈ ਰਾਜ਼ੀ ਸੀ। ਯਿਸੂ ਨੇ ਉਸ ਸਵਾਲ ਕਰਨ ਵਾਲੇ ਮਨੁੱਖ ਨੂੰ ਇਹ ਰਾਇ ਦੇ ਕੇ ਆਪਣੀ ਉਦਾਹਰਣ ਸਮਾਪਤ ਕੀਤੀ: “ਤੂੰ ਵੀ ਜਾ ਕੇ ਏਵੇਂ ਹੀ ਕਰ।” (ਲੂਕਾ 10:25-37) ਜੇ ਅਸੀਂ ਵੀ ਉਸੇ ਤਰ੍ਹਾਂ ਲੋਕਾਂ ਦੇ ਜਾਤੀਗਤ ਜਾਂ ਨਸਲੀ ਪਿਛੋਕੜ ਦੇ ਬਾਵਜੂਦ ਸਾਰਿਆਂ ਦਾ ਭਲਾ ਕਰੀਏ, ਅਸੀਂ ਪਰਮੇਸ਼ੁਰ ਦੇ ਨਿਆਉਂ ਦੀ ਰੀਸ ਕਰ ਰਹੇ ਹੋਵਾਂਗੇ।—ਰਸੂਲਾਂ ਦੇ ਕਰਤੱਬ 10:34, 35.
16 ਦੂਜੇ ਪਾਸੇ, ਗ੍ਰੰਥੀਆਂ ਅਤੇ ਫ਼ਰੀਸੀਆਂ ਦੀ ਉਦਾਹਰਣ ਸਾਨੂੰ ਯਾਦ ਦਿਲਾਉਂਦੀ ਹੈ ਕਿ ਜੇਕਰ ਅਸੀਂ ਈਸ਼ਵਰੀ ਨਿਆਉਂ ਦੇ ਕੰਮ ਕਰਦੇ ਹਾਂ, ਤਾਂ ਸਾਨੂੰ “ਵਧੀਕ ਧਰਮੀ” ਨਹੀਂ ਬਣਨਾ ਚਾਹੀਦਾ। (ਉਪਦੇਸ਼ਕ ਦੀ ਪੋਥੀ 7:16) ਧਾਰਮਿਕਤਾ ਦੇ ਦਿਖਾਵਿਆਂ ਰਾਹੀਂ ਦੂਜਿਆਂ ਨੂੰ ਪ੍ਰਭਾਵਿਤ ਕਰਨ ਨਾਲ ਜਾਂ ਮਨੁੱਖਾਂ ਦੇ ਬਣਾਏ ਗਏ ਹੁਕਮਾਂ ਉੱਤੇ ਜ਼ਿਆਦਾ ਜ਼ੋਰ ਦੇਣ ਨਾਲ ਸਾਨੂੰ ਪਰਮੇਸ਼ੁਰ ਦੀ ਪ੍ਰਵਾਨਗੀ ਨਹੀਂ ਮਿਲੇਗੀ।—ਮੱਤੀ 6:1.
17. ਧਰਮੀ ਨਿਆਉਂ ਦਿਖਾਉਣਾ ਸਾਡੇ ਲਈ ਇੰਨਾ ਮਹੱਤਵਪੂਰਣ ਕਿਉਂ ਹੈ?
17 ਯਿਸੂ ਦੁਆਰਾ ਕੌਮਾਂ ਨੂੰ ਪਰਮੇਸ਼ੁਰ ਦੇ ਨਿਆਉਂ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਦਾ ਇਕ ਕਾਰਨ ਇਹ ਸੀ ਕਿ ਉਸ ਦੇ ਸਾਰੇ ਚੇਲੇ ਇਸ ਗੁਣ ਨੂੰ ਦਿਖਾਉਣਾ ਸਿੱਖ ਸਕਣ। ਇਹ ਇੰਨਾ ਮਹੱਤਵਪੂਰਣ ਕਿਉਂ ਹੈ? ਸ਼ਾਸਤਰ ਤਾਕੀਦ ਕਰਦੇ ਹਨ ਕਿ ਅਸੀਂ ‘ਪਰਮੇਸ਼ੁਰ ਦੀ ਰੀਸ ਕਰੀਏ,’ ਅਤੇ ਉਹ ਦੇ ਸਾਰੇ ਮਾਰਗ ਨਿਆਉਂ ਦੇ ਹਨ। (ਅਫ਼ਸੀਆਂ 5:1) ਇਸੇ ਤਰ੍ਹਾਂ, ਮੀਕਾਹ 6:8 ਵਿਆਖਿਆ ਕਰਦਾ ਹੈ ਕਿ ਯਹੋਵਾਹ ਦੀ ਇਕ ਮੰਗ ਇਹ ਹੈ ਕਿ ਜਿਉਂ-ਜਿਉਂ ਅਸੀਂ ਆਪਣੇ ਪਰਮੇਸ਼ੁਰ ਦੇ ਨਾਲ-ਨਾਲ ਚੱਲਦੇ ਹਾਂ ਅਸੀਂ ‘ਇਨਸਾਫ਼ ਕਰੀਏ।’ ਇਸ ਤੋਂ ਇਲਾਵਾ, ਸਫ਼ਨਯਾਹ 2:2, 3 ਸਾਨੂੰ ਯਾਦ ਦਿਲਾਉਂਦਾ ਹੈ ਕਿ ਜੇਕਰ ਅਸੀਂ ਯਹੋਵਾਹ ਦੇ ਕ੍ਰੋਧ ਦੇ ਦਿਨ ਵਿਚ ਲੁਕੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਦਿਨ ਦੇ ਆਉਣ ਤੋਂ ਪਹਿਲਾਂ ‘ਧਾਰਮਿਕਤਾ ਨੂੰ ਭਾਲਣਾ’ ਚਾਹੀਦਾ ਹੈ।
18. ਅਗਲੇ ਲੇਖ ਵਿਚ ਕਿਹੜੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?
18 ਇਸ ਲਈ ਇਹ ਭੈੜੇ ਅੰਤਿਮ ਦਿਨ ਇਨਸਾਫ਼ ਕਰਨ ਲਈ ਇਕ “ਮਨ ਭਾਉਂਦਾ ਸਮਾ” ਹਨ। (2 ਕੁਰਿੰਥੀਆਂ 6:2) ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਜੇਕਰ, ਅੱਯੂਬ ਵਾਂਗ, ਅਸੀਂ ‘ਧਰਮ ਨੂੰ ਪਹਿਨ ਲਈਏ’ ਅਤੇ ‘ਨਿਆਉਂ ਚੋਗੇ ਜਿਹਾ’ ਬਣਾਈਏ, ਤਾਂ ਯਹੋਵਾਹ ਸਾਨੂੰ ਬਰਕਤ ਦੇਵੇਗਾ। (ਅੱਯੂਬ 29:14) ਯਹੋਵਾਹ ਦੇ ਨਿਆਉਂ ਵਿਚ ਵਿਸ਼ਵਾਸ ਭਵਿੱਖ ਵੱਲ ਪੂਰੇ ਭਰੋਸੇ ਨਾਲ ਦੇਖਣ ਵਿਚ ਸਾਡੀ ਮਦਦ ਕਿਵੇਂ ਕਰੇਗਾ? ਇਸ ਤੋਂ ਇਲਾਵਾ, ਜਿਉਂ-ਜਿਉਂ ਅਸੀਂ ਧਰਮੀ “ਨਵੀਂ ਧਰਤੀ” ਦੀ ਉਡੀਕ ਕਰਦੇ ਹਾਂ, ਈਸ਼ਵਰੀ ਨਿਆਉਂ ਅਧਿਆਤਮਿਕ ਤੌਰ ਤੇ ਸਾਡੀ ਰੱਖਿਆ ਕਿਵੇਂ ਕਰਦਾ ਹੈ? (2 ਪਤਰਸ 3:13) ਅਗਲਾ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ।
[ਫੁਟਨੋਟ]
a ਇਬਰਾਨੀ ਸ਼ਾਸਤਰ ਵਿਚ, ਤਿੰਨ ਮੁੱਖ ਸ਼ਬਦ ਸ਼ਾਮਲ ਹਨ। ਇਨ੍ਹਾਂ ਵਿੱਚੋਂ ਇਕ (ਮਿਸ਼ਪਟ) ਦਾ ਅਨੁਵਾਦ ਅਕਸਰ “ਨਿਆਉਂ” ਕੀਤਾ ਜਾਂਦਾ ਹੈ। ਦੂਜੇ ਦੋ ਸ਼ਬਦਾਂ (ਸੀਦਕ ਅਤੇ ਸੰਬੰਧਿਤ ਸ਼ਬਦ ਸੀਦਾਖਾਹ) ਦਾ ਆਮ ਤੌਰ ਤੇ “ਧਾਰਮਿਕਤਾ” ਅਨੁਵਾਦ ਕੀਤਾ ਜਾਂਦਾ ਹੈ। “ਧਾਰਮਿਕਤਾ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ (ਡਿਕਾਈਔਸਾਈਨੇ) ‘ਸਹੀ ਜਾਂ ਨਿਆਂਪੂਰਣ ਹੋਣ ਦੇ ਗੁਣ’ ਵਜੋਂ ਵਰਣਿਤ ਕੀਤਾ ਜਾਂਦਾ ਹੈ।
b ਯਿਸੂ ਦੀ ਚੁਣੀ ਹੋਈ ਉਦਾਹਰਣ ਵਧੀਆ ਸੀ ਕਿਉਂਕਿ ਯਹੂਦੀਆਂ ਦੇ ਜ਼ਬਾਨੀ ਕਾਨੂੰਨ ਨੇ ਖ਼ਾਸ ਕਰਕੇ ਪਸ਼ੂ ਨੂੰ ਸਹਾਇਤਾ ਦੇਣ ਦੀ ਇਜਾਜ਼ਤ ਦਿੱਤੀ, ਜੋ ਸਬਤ ਦੇ ਦਿਨ ਤੇ ਦੁੱਖ ਵਿਚ ਸੀ। ਹੋਰ ਕਈ ਸਮਿਆਂ ਤੇ, ਇਸੇ ਵਿਸ਼ੇ ਉੱਤੇ ਵਿਵਾਦ ਹੋਏ ਸਨ ਕਿ ਸਬਤ ਦੇ ਦਿਨ ਤੇ ਚੰਗਾ ਕਰਨਾ ਯੋਗ ਸੀ ਜਾਂ ਨਹੀਂ।—ਲੂਕਾ 13:10-17; 14:1-6; ਯੂਹੰਨਾ 9:13-16.
ਕੀ ਤੁਸੀਂ ਸਮਝਾ ਸਕਦੇ ਹੋ?
◻ ਈਸ਼ਵਰੀ ਨਿਆਉਂ ਦਾ ਕੀ ਅਰਥ ਹੈ?
◻ ਯਿਸੂ ਨੇ ਕੌਮਾਂ ਨੂੰ ਨਿਆਉਂ ਕਿਵੇਂ ਸਿਖਾਇਆ?
◻ ਫ਼ਰੀਸੀਆਂ ਦੀ ਧਾਰਮਿਕਤਾ ਕਿਉਂ ਵਿਗੜੀ ਹੋਈ ਸੀ?
◻ ਸਾਨੂੰ ਕਿਉਂ ਇਨਸਾਫ਼ ਕਰਨਾ ਚਾਹੀਦਾ ਹੈ?
[ਸਫ਼ੇ 9 ਉੱਤੇ ਤਸਵੀਰ]
ਯਿਸੂ ਨੇ ਈਸ਼ਵਰੀ ਨਿਆਉਂ ਦੀ ਹੱਦ ਨੂੰ ਪ੍ਰਗਟ ਕੀਤਾ