ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਅਧੀਨਗੀ ਨਾਲ ਯਹੋਵਾਹ ਦੇ ਮਿਆਰਾਂ ਅਨੁਸਾਰ ਢਲਣਾ
“ਤੁਸੀਂ ਯਹੋਵਾਹ ਨੂੰ ਭਾਲੋ, ਹੇ ਧਰਤੀ ਦੇ ਸਾਰੇ ਮਸਕੀਨੋ।” ਇਹ ਸੱਦਾ, ਜੋ 26 ਸਦੀਆਂ ਤੋਂ ਜ਼ਿਆਦਾ ਸਮਾਂ ਪਹਿਲਾਂ ਨਬੀ ਸਫ਼ਨਯਾਹ ਦੁਆਰਾ ਦਿੱਤਾ ਗਿਆ ਸੀ, ਅੱਜ ਵੀ ਧਰਤੀ ਭਰ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। (ਸਫ਼ਨਯਾਹ 2:3) ਯਹੋਵਾਹ ਨੂੰ ਭਾਲਣ ਦਾ ਕੀ ਅਰਥ ਹੈ? ਅਸੀਂ ਉਦੋਂ ਯਹੋਵਾਹ ਨੂੰ ਭਾਲਣਾ ਸ਼ੁਰੂ ਕਰਦੇ ਹਾਂ ਜਦੋਂ ਅਸੀਂ ਸੱਚੇ ਵਾਹਿਦ ਅਤੇ ਜੀਉਂਦੇ ਪਰਮੇਸ਼ੁਰ, ਯਹੋਵਾਹ ਦਾ ਗਿਆਨ ਲੈਂਦੇ ਹਾਂ।—ਯਿਰਮਿਯਾਹ 10:10; ਯੂਹੰਨਾ 17:3.
ਪਰੰਤੂ, ਸਿਰਫ਼ ਗਿਆਨ ਲੈਣ ਨਾਲ ਹੀ ਅਸੀਂ ਪਰਮੇਸ਼ੁਰ ਤੋਂ ਪ੍ਰਵਾਨਗੀ ਪ੍ਰਾਪਤ ਨਹੀਂ ਕਰ ਲੈਂਦੇ ਹਾਂ। ਪਰਮੇਸ਼ੁਰ ਦੀ ਮਿਹਰ ਪ੍ਰਾਪਤ ਕਰਨ ਲਈ, ਇਕ ਵਿਅਕਤੀ ਨੂੰ ਇਸ ਗਿਆਨ ਨੂੰ ਲਾਗੂ ਵੀ ਕਰਨਾ ਪਵੇਗਾ। ਕਿਵੇਂ? ਆਪਣੀ ਸੋਚਣੀ ਅਤੇ ਆਚਰਣ ਨੂੰ ਅਧੀਨਗੀ ਨਾਲ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਢਾਲਣ ਦੇ ਦੁਆਰਾ, ਜਿਵੇਂ ਕਿ ਹੇਠਾਂ ਦਿੱਤੇ ਗਏ ਅਨੁਭਵ ਦੁਆਰਾ ਦਰਸਾਇਆ ਗਿਆ ਹੈ ਜੋ ਸੂਰੀਨਾਮ ਤੋਂ ਮਿਲਿਆ ਹੈ।—ਅਫ਼ਸੀਆਂ 4:22-24.
ਇਕ 35 ਕੁ ਸਾਲਾਂ ਦਾ ਅਧਿਆਪਕ, ਐਡੀ, ‘ਧਰਮ ਦੀ ਅੱਜ ਦੇ ਸਮਾਜ ਵਿਚ ਕੀ ਭੂਮਿਕਾ ਹੈ?’ ਅਤੇ ‘ਕੀ ਪ੍ਰਾਚੀਨ ਪੁਸਤਕ, ਬਾਈਬਲ, ਆਧੁਨਿਕ ਵਿਗਿਆਨ ਨਾਲ ਮੇਲ ਖਾਂਦੀ ਹੈ?,’ ਵਰਗੇ ਸਵਾਲਾਂ ਦੇ ਸੰਤੋਖਜਨਕ ਜਵਾਬ ਪ੍ਰਾਪਤ ਕਰਨ ਲਈ ਤਰਸ ਰਿਹਾ ਸੀ। ਜਦੋਂ ਯਹੋਵਾਹ ਦੇ ਗਵਾਹ ਉਸ ਦੇ ਘਰ ਆਏ ਅਤੇ ਉਨ੍ਹਾਂ ਨੇ ਇਨ੍ਹਾਂ ਸਵਾਲਾਂ ਦੇ ਬਾਈਬਲ-ਆਧਾਰਿਤ ਜਵਾਬ ਦਿੱਤੇ, ਤਾਂ ਐਡੀ ਨੇ ਬਹੁਤ ਧਿਆਨ ਨਾਲ ਸੁਣਿਆ। ਉਸ ਨੇ ਕੁਝ ਗੱਲਾਂ ਨੂੰ ਲਿਖ ਵੀ ਲਿਆ ਤਾਂਕਿ ਉਹ ਯਹੋਵਾਹ ਦੇ ਗਵਾਹਾਂ ਦੇ ਜਵਾਬਾਂ ਦੀ ਸੱਚਾਈ ਨੂੰ ਜਾਂਚ ਸਕੇ।
ਪਹਿਲਾਂ, ਐਡੀ ਅਜਿਹੇ ਧਰਮ ਨਾਲ ਸੰਬੰਧ ਰੱਖਦਾ ਸੀ ਜਿਸ ਨੇ ਉਸ ਨੂੰ ਸਿਖਾਇਆ ਕਿ ਪਰਮੇਸ਼ੁਰ ਨੇ ਬਾਂਦਰਾਂ ਵਿਚ ਤਬਦੀਲੀਆਂ ਕਰ ਕੇ ਅੰਤ ਵਿਚ ਮਾਨਵ ਬਣਾਇਆ। ਸੋ ਜਦੋਂ ਯਹੋਵਾਹ ਦੇ ਗਵਾਹਾਂ ਨੇ ਉਸ ਨੂੰ ਜੀਵਨ—ਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਨਾਮਕ ਪ੍ਰਕਾਸ਼ਨ ਪੇਸ਼ ਕੀਤਾ, ਤਾਂ ਉਸ ਨੇ ਖ਼ੁਸ਼ੀ ਨਾਲ ਇਸ ਨੂੰ ਸਵੀਕਾਰ ਕਰ ਲਿਆ। ਸ੍ਰਿਸ਼ਟੀ ਦੇ ਬਾਈਬਲ ਬਿਰਤਾਂਤ ਬਾਰੇ ਇਸ ਪੁਸਤਕ ਵਿਚ ਦਿੱਤੀ ਗਈ ਸਪੱਸ਼ਟ ਵਿਆਖਿਆ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ। ਬਾਈਬਲ ਦਾ ਅਧਿਐਨ ਕਰਨ ਨਾਲ ਉਸ ਨੂੰ ਪੂਰਾ ਯਕੀਨ ਹੋ ਗਿਆ ਕਿ ਉਸ ਨੂੰ ਸੱਚਾਈ ਮਿਲ ਗਈ ਸੀ!
ਪਰੰਤੂ ਹੁਣ ਉਸ ਨੂੰ ਇਕ ਪਰੀਖਿਆ ਦਾ ਸਾਮ੍ਹਣਾ ਕਰਨਾ ਪਿਆ। ਐਡੀ ਅਜਿਹੇ ਘਰ ਵਿਚ ਰਹਿੰਦਾ ਸੀ ਜਿਸ ਵਿਚ ਚੋਰੀ-ਚਕਾਰੀ ਅਤੇ ਬੇਈਮਾਨੀ ਆਮ ਗੱਲਾਂ ਸਨ। ਇਸ ਲਈ, ਉਸ ਨੂੰ ਚੋਣ ਕਰਨੀ ਪਈ: ਜਾਂ ਤਾਂ ਉਹ ਆਪਣੇ ਰੂਮ-ਮੇਟਾਂ ਦੇ ਬਦਕਾਰ ਜੀਵਨ-ਢੰਗ ਨੂੰ ਅਪਣਾਏ ਜਾਂ ਇਸ ਚਾਲ-ਚੱਲਣ ਨੂੰ ਠੁਕਰਾ ਕੇ ਅਜਿਹਾ ਜੀਵਨ-ਢੰਗ ਅਪਣਾਏ ਜੋ ਪਰਮੇਸ਼ੁਰ ਦੀ ਮਹਿਮਾ ਕਰਦਾ ਹੈ। ਬੁੱਧੀਮਤਾ ਨਾਲ, ਐਡੀ ਨੇ ਪਰਮੇਸ਼ੁਰ ਦੀ ਮਹਿਮਾ ਕਰਨ ਵਾਲਾ ਜੀਵਨ-ਢੰਗ ਚੁਣਿਆ। ਉਸ ਨੇ ਸਾਰੀ ਬੁਰੀ ਸੰਗਤ ਛੱਡ ਦਿੱਤੀ ਅਤੇ ਆਪਣਾ ਘਰ ਬਦਲ ਲਿਆ।—1 ਕੁਰਿੰਥੀਆਂ 15:33, 34.
ਜਦੋਂ ਐਡੀ ਨੇ ਰਾਜ ਗ੍ਰਹਿ ਵਿਖੇ ਸਭਾਵਾਂ ਵਿਚ ਹਾਜ਼ਰ ਹੋਣਾ ਸ਼ੁਰੂ ਕੀਤਾ, ਤਾਂ ਉਸ ਨੇ ਤੇਜ਼ੀ ਨਾਲ ਉੱਨਤੀ ਕੀਤੀ। ਉਸ ਨੇ ਆਪਣੇ ਪਹਿਰਾਵੇ ਵਿਚ ਵੀ ਸੁਧਾਰ ਕੀਤੇ ਅਤੇ ਜੋ ਕੁਝ ਉਹ ਸਿੱਖ ਰਿਹਾ ਸੀ, ਉਸ ਬਾਰੇ ਆਪਣੇ ਮਿੱਤਰਾਂ ਅਤੇ ਸੰਬੰਧੀਆਂ ਨੂੰ ਦੱਸਣ ਲੱਗ ਪਿਆ। ਬਾਅਦ ਵਿਚ, ਉਸ ਦੀ ਖ਼ੁਸ਼ੀ ਹੋਰ ਵੱਧ ਗਈ ਜਦੋਂ “ਖ਼ੁਸ਼ ਖ਼ਬਰੀ” ਨੂੰ ਖੁੱਲ੍ਹ ਕੇ ਪ੍ਰਚਾਰ ਕਰਨ ਲਈ ਉਸ ਨੂੰ ਪ੍ਰਵਾਨਗੀ ਮਿਲੀ। (ਮੱਤੀ 24:14; ਰਸੂਲਾਂ ਦੇ ਕਰਤੱਬ 20:20) ਦਸੰਬਰ 1996 ਵਿਚ ਉਹ ਦਿਨ ਆਇਆ ਜਿਸ ਦੀ ਉਹ ਬਹੁਤ ਦੇਰ ਤੋਂ ਉਡੀਕ ਕਰ ਰਿਹਾ ਸੀ। ਉਸ ਦਿਨ ਉਸ ਨੇ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਪਾਣੀ ਦਾ ਬਪਤਿਸਮਾ ਲਿਆ।
ਹਰ ਸਾਲ, ਲੱਖਾਂ ਸੁਹਿਰਦ ਲੋਕ ‘ਯਹੋਵਾਹ ਨੂੰ ਭਾਲਣ’ ਦਾ ਸੱਦਾ ਸਵੀਕਾਰ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ, ਉਹ ਕਹਾਉਤਾਂ 22:4 ਦੀ ਸੱਚਾਈ ਦਾ ਅਨੁਭਵ ਕਰਦੇ ਹਨ, ਜੋ ਕਹਿੰਦਾ ਹੈ: “ਅਧੀਨਗੀ ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਉਣ ਹੈ।” ਜੀ ਹਾਂ, ਅਧੀਨਗੀ ਨਾਲ ਯਹੋਵਾਹ ਦੇ ਮਿਆਰਾਂ ਅਨੁਸਾਰ ਢਲਣ ਦੁਆਰਾ, ਸੱਚਾਈ ਦੇ ਪ੍ਰੇਮੀ ਹੁਣ ਅਜਿਹੀਆਂ ਬਰਕਤਾਂ ਦਾ ਆਨੰਦ ਮਾਣਦੇ ਹਨ, ਅਤੇ ਪੂਰੇ ਯਕੀਨ ਨਾਲ ਇਸ ਧਰਤੀ ਉੱਤੇ ਸਦੀਵੀ ਬਰਕਤਾਂ ਦੀ ਉਤਸੁਕਤਾ ਨਾਲ ਉਡੀਕ ਕਰਦੇ ਹਨ।—ਜ਼ਬੂਰ 37:29.
[ਸਫ਼ੇ 7 ਉੱਤੇ ਨਕਸ਼ੇ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਕੈਰੀਬੀਅਨ ਸਾਗਰ
ਸੂਰੀਨਾਮ
ਗੀਆਨਾ
ਫ਼੍ਰੈਂਚ ਗੀਆਨਾ
ਬ੍ਰਾਜ਼ੀਲ
[ਕ੍ਰੈਡਿਟ ਲਾਈਨ]
Globe: Mountain High Maps® Copyright © 1997 Digital Wisdom, Inc.