ਕੀ ਇੱਦਾਂ ਮਹਿਸੂਸ ਕਰਨਾ ਕੁਦਰਤੀ ਹੈ?
ਇਕ ਆਦਮੀ ਨੇ ਕਿਹਾ: “ਮੈਂ ਇੰਗਲੈਂਡ ਵਿਚ ਜੰਮਿਆ-ਪਲਿਆ ਹਾਂ। ਮੈਨੂੰ ਬਚਪਨ ਤੋਂ ਸਿਖਾਇਆ ਗਿਆ ਹੈ ਕਿ ਲੋਕਾਂ ਦੇ ਸਾਮ੍ਹਣੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਨਾ ਗ਼ਲਤ ਹੈ। ਮੇਰੇ ਪਿਤਾ ਜੀ ਇਕ ਫ਼ੌਜੀ ਸਨ ਅਤੇ ਮੈਨੂੰ ਯਾਦ ਹੈ ਕਿ ਜਦੋਂ ਮੈਨੂੰ ਕਿਸੇ ਵਜ੍ਹਾ ਕਾਰਨ ਤਕਲੀਫ਼ ਹੁੰਦੀ ਸੀ, ਤਾਂ ਉਹ ਕਚੀਚੀ ਵੱਟ ਕੇ ਮੈਨੂੰ ਕਹਿੰਦੇ ਸਨ: ‘ਰੋ ਕੇ ਦੇਖੀਂ ਜ਼ਰਾ!’ ਅਸੀਂ ਚਾਰ ਭੈਣ-ਭਰਾ ਸਾਂ, ਪਰ ਮੈਨੂੰ ਯਾਦ ਨਹੀਂ ਕਿ ਸਾਡੀ ਮਾਂ ਨੇ ਸਾਨੂੰ ਕਦੇ ਪਿਆਰ ਨਾਲ ਗਲੇ ਲਗਾਇਆ ਹੋਵੇ। ਮੈਂ 56 ਸਾਲਾਂ ਦਾ ਸੀ ਜਦੋਂ ਮੇਰੇ ਪਿਤਾ ਜੀ ਗੁਜ਼ਰ ਗਏ। ਮੈਂ ਅੰਦਰੋਂ ਦੁਖੀ ਤਾਂ ਬਹੁਤ ਸੀ, ਪਰ ਫਿਰ ਵੀ ਮੈਂ ਪਹਿਲਾਂ-ਪਹਿਲਾਂ ਰੋ ਨਾ ਸਕਿਆ।”
ਕਈ ਸਭਿਆਚਾਰਾਂ ਵਿਚ ਲੋਕਾਂ ਨੂੰ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਵਿਚ ਕੋਈ ਹਰਜ਼ ਨਹੀਂ ਹੁੰਦਾ। ਉਹ ਸਾਰਿਆਂ ਦੇ ਸਾਮ੍ਹਣੇ ਆਪਣੀ ਖ਼ੁਸ਼ੀ ਜਾਂ ਉਦਾਸੀ ਜ਼ਾਹਰ ਕਰਦੇ ਹਨ। ਦੂਸਰੇ ਪਾਸੇ, ਉੱਤਰੀ ਯੂਰਪ ਅਤੇ ਬਰਤਾਨੀਆ ਵਰਗੇ ਦੇਸ਼ਾਂ ਵਿਚ ਲੋਕਾਂ ਤੋਂ ਉਮੀਦ ਰੱਖੀ ਜਾਂਦੀ ਹੈ ਕਿ ਉਹ ਆਪਣੇ ਜਜ਼ਬਾਤਾਂ ਨੂੰ ਦਬਾ ਕੇ ਰੱਖਣ ਅਤੇ ਦਿਲ ਤੇ ਪੱਥਰ ਰੱਖ ਕੇ ਆਪਣੇ ਹੰਝੂ ਪੀ ਲੈਣ। ਖ਼ਾਸ ਕਰਕੇ ਮਰਦਾਂ ਨੂੰ ਆਪਣੀਆਂ ਭਾਵਨਾਵਾਂ ਲੁਕੋ ਕੇ ਰੱਖਣੀਆਂ ਪੈਂਦੀਆਂ ਹਨ। ਪਰ ਜਦੋਂ ਅਸੀਂ ਆਪਣੇ ਕਿਸੇ ਅਜ਼ੀਜ਼ ਦਾ ਵਿਛੋੜਾ ਝੱਲ ਰਹੇ ਹੁੰਦੇ ਹਾਂ, ਤਾਂ ਕੀ ਆਪਣਾ ਦੁੱਖ ਪ੍ਰਗਟ ਕਰਨਾ ਗ਼ਲਤ ਹੈ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?
ਬਾਈਬਲ ਵਿੱਚੋਂ ਕੁਝ ਮਿਸਾਲਾਂ
ਬਾਈਬਲ ਇਬਰਾਨੀ ਲੋਕਾਂ ਦੁਆਰਾ ਲਿਖੀ ਗਈ ਸੀ ਅਤੇ ਉਹ ਲੋਕ ਆਪਣੇ ਜਜ਼ਬਾਤ ਪ੍ਰਗਟ ਕਰਨ ਤੋਂ ਝਿਜਕਦੇ ਨਹੀਂ ਸਨ। ਬਾਈਬਲ ਵਿਚ ਅਜਿਹੇ ਇਨਸਾਨਾਂ ਦੀਆਂ ਕਈ ਉਦਾਹਰਣਾਂ ਹਨ ਜਿਨ੍ਹਾਂ ਨੇ ਆਪਣਾ ਦੁੱਖ ਖੁੱਲ੍ਹ ਕੇ ਜ਼ਾਹਰ ਕੀਤਾ। ਦਾਊਦ ਰਾਜਾ ਆਪਣੇ ਕਤਲ ਕੀਤੇ ਗਏ ਪੁੱਤਰ ਅਮਨੋਨ ਦੇ ਵਿਛੋੜੇ ਕਰਕੇ “ਭੁੱਬਾਂ ਮਾਰ ਮਾਰ ਰੋਇਆ।” (2 ਸਮੂਏਲ 13:28-39) ਇੱਥੋਂ ਤਕ ਕਿ ਉਹ ਆਪਣੇ ਧੋਖੇਬਾਜ਼ ਪੁੱਤਰ ਅਬਸ਼ਾਲੋਮ ਦੀ ਮੌਤ ਤੇ ਵੀ ਬਹੁਤ ਰੋਇਆ ਜਿਸ ਨੇ ਉਸ ਦੀ ਰਾਜਗੱਦੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਬਾਈਬਲ ਦੱਸਦੀ ਹੈ: “ਤਦ [ਦਾਊਦ] ਪਾਤਸ਼ਾਹ ਕੰਬ ਉੱਠਿਆ ਅਤੇ ਉਸ ਚੁਬਾਰੇ ਵਿੱਚ ਜੋ ਡਿਉੜ੍ਹੀ ਦੇ ਉੱਤੇ ਸੀ ਰੋਂਦਾ ਰੋਂਦਾ ਚੜ੍ਹ ਗਿਆ ਅਤੇ ਚੜ੍ਹਦੀ ਵੇਰ ਇਉਂ ਆਖਦਾ ਜਾਂਦਾ ਸੀ, ਹਾਏ ਮੇਰੇ ਪੁੱਤ੍ਰ ਅਬਸ਼ਾਲੋਮ! ਹੇ ਮੇਰੇ ਪੁੱਤ੍ਰ, ਮੇਰੇ ਪੁੱਤ੍ਰ ਅਬਸ਼ਾਲੋਮ! ਚੰਗਾ ਹੁੰਦਾ ਜੇ ਕਦੀ ਮੈਂ ਤੇਰੇ ਥਾਂ ਮਰਦਾ! ਹੇ ਅਬਸ਼ਾਲੋਮ, ਮੇਰੇ ਪੁੱਤ੍ਰ, ਮੇਰੇ ਪੁੱਤ੍ਰ!” (2 ਸਮੂਏਲ 18:33) ਹਾਂ, ਦਾਊਦ ਆਖ਼ਰ ਇਕ ਪਿਤਾ ਸੀ ਜੋ ਆਪਣੇ ਬੱਚਿਆਂ ਨਾਲ ਪਿਆਰ ਕਰਦਾ ਸੀ। ਦਾਊਦ ਵਾਂਗ ਕਈ ਮਾਪਿਆਂ ਨੇ ਸੋਚਿਆ ਹੈ ਕਿ ‘ਕਾਸ਼ ਅਸੀਂ ਆਪਣੇ ਬੱਚਿਆਂ ਦੀ ਥਾਂ ਮਰ ਜਾਂਦੇ!’ ਵਾਕਈ, ਇਹ ਕੁਦਰਤ ਦਾ ਕਿੰਨਾ ਵੱਡਾ ਮਜ਼ਾਕ ਲੱਗਦਾ ਹੈ ਜੇ ਮਾਪਿਆਂ ਤੋਂ ਪਹਿਲਾਂ ਬੱਚੇ ਦੀ ਮੌਤ ਹੋ ਜਾਵੇ!
ਯਿਸੂ ਨੇ ਆਪਣੇ ਮਿੱਤਰ ਲਾਜ਼ਰ ਦੀ ਮੌਤ ਬਾਰੇ ਕਿੱਦਾਂ ਮਹਿਸੂਸ ਕੀਤਾ ਸੀ? ਜਦੋਂ ਉਹ ਉਸ ਦੀ ਕਬਰ ਦੇ ਕੋਲ ਆਇਆ, ਤਾਂ ਉਹ ਆਪਣੇ ਹੰਝੂ ਨਹੀਂ ਰੋਕ ਸਕਿਆ। (ਯੂਹੰਨਾ 11:30-38) ਜਦੋਂ ਯਿਸੂ ਖ਼ੁਦ ਮਰਿਆ ਸੀ, ਤਾਂ ਮਰਿਯਮ ਮਗਦਲੀਨੀ ਉਸ ਦੀ ਕਬਰ ਦੇ ਕੋਲ ਆ ਕੇ ਰੋ ਪਈ। (ਯੂਹੰਨਾ 20:11-16) ਇਹ ਸੱਚ ਹੈ ਕਿ ਜਿਨ੍ਹਾਂ ਲੋਕਾਂ ਕੋਲ ਦੁਬਾਰਾ ਜ਼ਿੰਦਾ ਉਠਾਏ ਜਾਣ ਬਾਰੇ ਬਾਈਬਲ ਦੀ ਉਮੀਦ ਨਹੀਂ ਹੈ, ਉਹ ਆਪਣੇ ਕਿਸੇ ਅਜ਼ੀਜ਼ ਦੀ ਮੌਤ ਤੇ ਬਿਲਕੁਲ ਬੇਬੱਸ ਹੋ ਜਾਂਦੇ ਹਨ। ਪਰ ਮਸੀਹੀਆਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਦੋਸਤ-ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਜੀ ਉਠਾਇਆ ਜਾਵੇਗਾ। ਇਸ ਉਮੀਦ ਕਰਕੇ ਉਹ ਦੂਸਰਿਆਂ ਵਾਂਗ ਦੁੱਖ ਦੇ ਗਹਿਰੇ ਸਮੁੰਦਰ ਵਿਚ ਡੁੱਬੇ ਨਹੀਂ ਰਹਿੰਦੇ। ਫਿਰ ਵੀ, ਇਨਸਾਨ ਹੋਣ ਦੇ ਨਾਤੇ ਉਨ੍ਹਾਂ ਨੂੰ ਦੁੱਖ ਤਾਂ ਜ਼ਰੂਰ ਲੱਗਦਾ ਹੈ।—1 ਥੱਸਲੁਨੀਕੀਆਂ 4:13, 14.
ਕੀ ਸਾਨੂੰ ਰੋਣਾ ਚਾਹੀਦਾ ਹੈ?
ਸਾਡੇ ਬਾਰੇ ਕੀ? ਕੀ ਅਸੀਂ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਤੋਂ ਝਿਜਕਦੇ ਜਾਂ ਸ਼ਰਮਿੰਦਾ ਹੁੰਦੇ ਹਾਂ? ਅੱਜ-ਕੱਲ੍ਹ ਦੇ ਸਲਾਹਕਾਰ ਕੀ ਸਲਾਹ ਦਿੰਦੇ ਹਨ? ਉਹ ਕਹਿੰਦੇ ਹਨ ਕਿ ਸਾਨੂੰ ਆਪਣੀਆਂ ਭਾਵਨਾਵਾਂ ਦਬਾ ਕੇ ਨਹੀਂ ਰੱਖਣੀਆਂ ਚਾਹੀਦੀਆਂ, ਸਗੋਂ ਖੁੱਲ੍ਹ ਕੇ ਜ਼ਾਹਰ ਕਰਨੀਆਂ ਚਾਹੀਦੀਆਂ ਹਨ। ਹਾਂ, ਇਹ ਕੋਈ ਨਵੀਂ ਸਲਾਹ ਨਹੀਂ ਹੈ, ਸਗੋਂ ਇਹ ਬਾਈਬਲ ਵਿਚ ਦਿੱਤੀਆਂ ਸਲਾਹਾਂ ਦੇ ਨਾਲ ਮਿਲਦੀ-ਜੁਲਦੀ ਹੈ। ਅੱਯੂਬ, ਦਾਊਦ ਅਤੇ ਯਿਰਮਿਯਾਹ ਵਰਗੇ ਉਨ੍ਹਾਂ ਵਫ਼ਾਦਾਰ ਆਦਮੀਆਂ ਬਾਰੇ ਸੋਚੋ ਜਿਨ੍ਹਾਂ ਨੇ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਸਨ। ਇਸ ਲਈ, ਆਪਣੇ ਆਪ ਨੂੰ ਦੂਸਰਿਆਂ ਤੋਂ ਅਲੱਗ ਕਰਨਾ ਚੰਗੀ ਗੱਲ ਨਹੀਂ ਹੈ। (ਕਹਾਉਤਾਂ 18:1) ਪਰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਵੱਖੋ-ਵੱਖਰੇ ਸਭਿਆਚਾਰਾਂ ਵਿਚ ਵੱਖੋ-ਵੱਖਰੇ ਤਰੀਕਿਆਂ ਨਾਲ ਸੋਗ ਮਨਾਇਆ ਜਾਂਦਾ ਹੈ ਅਤੇ ਕਦੀ-ਕਦੀ ਇਹ ਧਾਰਮਿਕ ਵਿਸ਼ਵਾਸਾਂ ਤੇ ਵੀ ਨਿਰਭਰ ਕਰਦਾ ਹੈ।a
ਉਦੋਂ ਕੀ ਕੀਤਾ ਜਾਵੇ ਜਦੋਂ ਸਾਡਾ ਰੋਣ ਨੂੰ ਜੀ ਕਰੇ? ਰੋਣਾ ਕੁਦਰਤੀ ਹੈ। ਯਾਦ ਕਰੋ ਕਿ ਜਦੋਂ ਯਿਸੂ ਦਾ ਦੋਸਤ ਲਾਜ਼ਰ ਮਰ ਗਿਆ ਸੀ, ਤਾਂ ਯਿਸੂ “ਆਤਮਾ ਵਿੱਚ ਕਲਪਿਆ ਅਤੇ . . . ਰੋਇਆ।” (ਯੂਹੰਨਾ 11:33, 35) ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਆਪਣੇ ਕਿਸੇ ਅਜ਼ੀਜ਼ ਦੇ ਗੁਜ਼ਰ ਜਾਣ ਤੇ ਰੋਣਾ ਗ਼ਲਤ ਨਹੀਂ ਹੈ।
ਜਦੋਂ ਕੋਈ ਸਾਡਾ ਅਜ਼ੀਜ਼ ਗੁਜ਼ਰ ਜਾਂਦਾ ਹੈ, ਤਾਂ ਸੋਗ ਮਨਾਉਣਾ ਅਤੇ ਰੋਣਾ ਆਮ ਹੈ
ਐਨ ਨਾਂ ਦੀ ਔਰਤ ਨਾਲ ਹੋਏ ਹਾਦਸੇ ਤੋਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ। ਉਸ ਦੀ ਬੱਚੀ ਰੇਚਲ (SIDS) ਨਾਂ ਦੇ ਰੋਗ ਦੀ ਸ਼ਿਕਾਰ ਹੋ ਕੇ ਅਚਾਨਕ ਹੀ ਮਰ ਗਈ।b ਐਨ ਦੇ ਪਤੀ ਨੇ ਕਿਹਾ: “ਹੈਰਾਨੀ ਦੀ ਗੱਲ ਸੀ ਕਿ ਰੇਚਲ ਦੇ ਦਾਗਾਂ ਤੇ ਨਾ ਹੀ ਮੈਂ ਰੋਇਆ ਅਤੇ ਨਾ ਹੀ ਐਨ। ਬਾਕੀ ਸਾਰੇ ਰੋ ਰਹੇ ਸਨ।” ਐਨ ਨੇ ਅੱਗੇ ਕਿਹਾ: “ਹਾਂ, ਪਰ ਬਾਅਦ ਵਿਚ ਮੈਂ ਬਹੁਤ ਰੋਈ, ਇੰਨਾ ਰੋਈ ਕਿ ਮੈਂ ਸਾਡੇ ਦੋਹਾਂ ਦੇ ਲਈ ਇਕੱਲੀ ਨੇ ਰੋ ਲਿਆ। ਮੈਨੂੰ ਆਪਣੀ ਧੀ ਦੇ ਵਿਛੋੜੇ ਦਾ ਅਸਲੀ ਅਹਿਸਾਸ ਕੁਝ ਹਫ਼ਤਿਆਂ ਬਾਅਦ ਉਦੋਂ ਹੋਇਆ ਜਦੋਂ ਮੈਂ ਇਕ ਦਿਨ ਘਰ ਵਿਚ ਇਕੱਲੀ ਸੀ। ਮੈਂ ਸਾਰਾ ਦਿਨ ਰੋਂਦੀ ਰਹੀ। ਪਰ ਰੋਣ ਨਾਲ ਮੇਰਾ ਦਿਲ ਹੌਲਾ ਹੋ ਗਿਆ। ਮੇਰੇ ਲਈ ਇੱਦਾਂ ਕਰਨਾ ਬਹੁਤ ਜ਼ਰੂਰੀ ਸੀ ਅਤੇ ਮੇਰੇ ਖ਼ਿਆਲ ਵਿਚ ਇਹ ਸਾਰਿਆਂ ਲਈ ਜ਼ਰੂਰੀ ਹੈ। ‘ਨਾ ਰੋ। ਰੋਈਦਾ ਨਹੀਂ,’ ਕਹਿਣਾ ਆਸਾਨ ਹੈ, ਪਰ ਰੋਏ ਬਿਨਾਂ ਸਾਡਾ ਗਮ ਅੰਦਰ ਹੀ ਅੰਦਰ ਸਾਨੂੰ ਖਾਂਦਾ ਰਹਿੰਦਾ ਹੈ।”
ਕੁਝ ਲੋਕ ਕਿੱਦਾਂ ਮਹਿਸੂਸ ਕਰਦੇ ਹਨ
ਕੁਝ ਲੋਕਾਂ ਉੱਤੇ ਆਪਣੇ ਅਜ਼ੀਜ਼ ਦੇ ਵਿਛੋੜੇ ਦਾ ਕਿਹੋ ਜਿਹਾ ਅਸਰ ਪਿਆ ਹੈ? ਮਿਸਾਲ ਲਈ ਕਵੈਨੀਟਾ ਬਾਰੇ ਜ਼ਰਾ ਸੋਚੋ। ਉਸ ਦਾ ਪੰਜ ਵਾਰੀ ਗਰਭ ਡਿੱਗ ਚੁੱਕਾ ਹੈ। ਇਸ ਲਈ ਉਹ ਵਿਛੋੜੇ ਦਾ ਮਤਲਬ ਚੰਗੀ ਤਰ੍ਹਾਂ ਸਮਝ ਸਕਦੀ ਹੈ। ਜਦ ਉਹ ਛੇਵੀਂ ਵਾਰ ਗਰਭਵਤੀ ਹੋਈ, ਤਾਂ ਕਾਰ ਹਾਦਸੇ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ। ਅਸੀਂ ਸਮਝ ਸਕਦੇ ਹਾਂ ਕਿ ਉਸ ਨੂੰ ਕਿੰਨੀ ਚਿੰਤਾ ਹੋਈ ਹੋਣੀ। ਦੋ ਹਫ਼ਤਿਆਂ ਬਾਅਦ ਉਸ ਨੂੰ ਸਮੇਂ ਤੋਂ ਪਹਿਲਾਂ ਹੀ ਜਣਨ-ਪੀੜਾਂ ਸ਼ੁਰੂ ਹੋ ਗਈਆਂ। ਕੁਝ ਹੀ ਚਿਰ ਬਾਅਦ ਉਸ ਦੀ ਨੰਨ੍ਹੀ ਬੱਚੀ ਵਨੈਸਾ ਪੈਦਾ ਹੋਈ। ਉਹ ਦਾ ਭਾਰ ਇਕ ਕਿਲੋ ਤੋਂ ਥੋੜ੍ਹਾ ਘੱਟ ਸੀ। ਕਵੈਨੀਟਾ ਨੇ ਕਿਹਾ “ਮੈਂ ਖ਼ੁਸ਼ੀ ਦੇ ਮਾਰੇ ਫੁੱਲੀ ਨਹੀਂ ਸਮਾਈ। ਆਖ਼ਰ ਮੈਂ ਮਾਂ ਜੋ ਬਣ ਗਈ ਸੀ!”
ਪਰ ਉਸ ਦੀ ਖ਼ੁਸ਼ੀ ਪਲ ਭਰ ਦੀ ਸੀ। ਚਾਰ ਦਿਨਾਂ ਬਾਅਦ ਵਨੈਸਾ ਦਮ ਤੋੜ ਗਈ। ਕਵੈਨੀਟਾ ਚੇਤੇ ਕਰਦੀ ਹੈ: “ਮੇਰੀ ਮਮਤਾ ਦਾ ਗਲਾ ਘੁੱਟ ਦਿੱਤਾ ਗਿਆ ਅਤੇ ਮੇਰੀ ਝੋਲ਼ੀ ਖਾਲੀ ਹੋ ਗਈ। ਮੇਰੀ ਜ਼ਿੰਦਗੀ ਬਿਲਕੁਲ ਸੁੰਨੀ ਹੋ ਗਈ। ਅਸੀਂ ਆਪਣੇ ਘਰ ਵਨੈਸਾ ਲਈ ਕਮਰਾ ਤਿਆਰ ਕੀਤਾ ਸੀ ਅਤੇ ਉਸ ਲਈ ਛੋਟੇ-ਛੋਟੇ ਕੱਪੜੇ ਲਿਆ ਕੇ ਰੱਖੇ ਸਨ। ਇਹ ਸਭ ਕੁਝ ਦੇਖ ਕੇ ਮੇਰਾ ਦਿਲ ਤੜਫ ਰਿਹਾ ਸੀ। ਅਗਲੇ ਕੁਝ ਮਹੀਨਿਆਂ ਦੌਰਾਨ ਮੈਂ ਵਨੈਸਾ ਦਾ ਜਨਮ ਦਿਨ ਵਾਰ-ਵਾਰ ਯਾਦ ਕਰਦੀ ਰਹੀ। ਮੈਂ ਕਿਸੇ ਨੂੰ ਵੀ ਮਿਲਣਾ ਨਹੀਂ ਸੀ ਚਾਹੁੰਦੀ।”
ਕੀ ਛੋਟੇ ਬੱਚਿਆਂ ਦੀ ਮੌਤ ਤੇ ਇੱਦਾਂ ਸੋਗ ਮਨਾਉਣਾ ਗ਼ਲਤ ਹੈ? ਬਿਲਕੁਲ ਨਹੀਂ। ਪਰ ਜਿਨ੍ਹਾਂ ਤੇ ਇੱਦਾਂ ਨਾ ਬੀਤੀ ਹੋਵੇ ਉਨ੍ਹਾਂ ਨੂੰ ਇਹ ਸਮਝਣਾ ਸ਼ਾਇਦ ਔਖਾ ਲੱਗੇ। ਜਿਨ੍ਹਾਂ ਨਾਲ ਕਵੈਨੀਟਾ ਵਾਂਗ ਹੋਇਆ ਹੈ ਉਹ ਦੱਸਣਗੇ ਕਿ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਬੱਚੇ ਲਈ ਉਸੇ ਤਰ੍ਹਾਂ ਸੋਗ ਮਨਾਇਆ ਜਿੱਦਾਂ ਲੋਕ ਕਿਸੇ ਸਿਆਣੇ ਲਈ ਮਨਾਉਂਦੇ ਹਨ। ਉਹ ਦੱਸਦੇ ਹਨ ਕਿ ਬੱਚੇ ਦੇ ਪੈਦਾ ਹੋਣ ਤੋਂ ਪਹਿਲਾਂ ਵੀ ਮਾਪਿਆਂ ਦਾ ਉਸ ਨਾਲ ਪਿਆਰ ਦਾ ਬੰਧਨ ਬੱਝ ਜਾਂਦਾ ਹੈ, ਖ਼ਾਸ ਕਰਕੇ ਮਾਂ ਨਾਲ। ਜਦੋਂ ਬੱਚਾ ਮਰ ਜਾਂਦਾ ਹੈ, ਤਾਂ ਮਾਂ ਲਈ ਇਹ ਕੋਈ ਮਾਮੂਲੀ ਜਿਹੀ ਗੱਲ ਨਹੀਂ ਹੁੰਦੀ। ਇਹੀ ਗੱਲ ਦੂਸਰਿਆਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਗੁੱਸੇ ਜਾਂ ਦੋਸ਼ ਦੀ ਭਾਵਨਾ ਦਾ ਅਸਰ
ਉਸ ਮਾਂ ਬਾਰੇ ਜ਼ਰਾ ਸੋਚੋ ਜਿਸ ਦੇ ਛੇ ਸਾਲਾਂ ਦੇ ਮੁੰਡੇ ਨੂੰ ਜਨਮ ਤੋਂ ਹੀ ਦਿਲ ਦੀ ਬੀਮਾਰੀ ਸੀ ਤੇ ਇਸ ਕਾਰਨ ਉਹ ਅਚਾਨਕ ਹੀ ਦਮ ਤੋੜ ਗਿਆ। ਉਸ ਮਾਂ ਨੇ ਦੱਸਿਆ ਕਿ ਉਸ ਉੱਤੇ ਕੀ ਬੀਤੀ: “ਕਦੀ ਮੈਂ ਬਿਲਕੁਲ ਗੁੰਮ-ਸੁੰਮ ਹੋ ਜਾਂਦੀ ਸੀ, ਕਦੀ ਮੈਨੂੰ ਆਪਣੇ ਪੁੱਤ ਦੀ ਮੌਤ ਦਾ ਯਕੀਨ ਹੀ ਨਹੀਂ ਸੀ ਹੁੰਦਾ, ਕਦੀ ਮੈਂ ਆਪਣੇ ਆਪ ਨੂੰ ਦੋਸ਼ੀ ਸਮਝਦੀ ਸੀ ਅਤੇ ਕਦੀ ਮੈਨੂੰ ਆਪਣੇ ਪਤੀ ਅਤੇ ਡਾਕਟਰਾਂ ਉੱਤੇ ਬੜਾ ਗੁੱਸਾ ਆਉਂਦਾ ਸੀ। ਮੇਰੇ ਜਜ਼ਬਾਤ ਲਹਿਰਾਂ ਵਾਂਗ ਦਿਲ ਵਿਚ ਉੱਠਦੇ ਸਨ। ਮੈਂ ਸੋਚਦੀ ਸੀ ਕਿ ਉਨ੍ਹਾਂ ਨੇ ਪਹਿਲਾਂ ਕਿਉਂ ਨਹੀਂ ਧਿਆਨ ਦਿੱਤਾ ਕਿ ਮੇਰਾ ਮੁੰਡਾ ਇੰਨਾ ਬੀਮਾਰ ਸੀ।”
ਗੁੱਸਾ ਸੋਗ ਦੀ ਇਕ ਹੋਰ ਨਿਸ਼ਾਨੀ ਹੋ ਸਕਦੀ ਹੈ। ਸ਼ਾਇਦ ਸਾਨੂੰ ਇਸ ਤਰ੍ਹਾਂ ਲੱਗੇ ਕਿ ਡਾਕਟਰਾਂ ਨੇ ਸਾਡੇ ਅਜ਼ੀਜ਼ ਦੀ ਚੰਗੀ ਤਰ੍ਹਾਂ ਦੇਖ-ਭਾਲ ਨਹੀਂ ਕੀਤੀ ਜਿਸ ਕਰਕੇ ਸਾਨੂੰ ਉਨ੍ਹਾਂ ਤੇ ਗੁੱਸਾ ਆਉਂਦਾ ਹੈ। ਜਾਂ ਸ਼ਾਇਦ ਸਾਨੂੰ ਆਪਣੇ ਦੋਸਤ-ਮਿੱਤਰਾਂ ਤੇ ਰਿਸ਼ਤੇਦਾਰਾਂ ਉੱਤੇ ਗੁੱਸਾ ਆਉਂਦਾ ਹੈ ਕਿਉਂਕਿ ਜੋ ਵੀ ਉਹ ਸਾਨੂੰ ਕਹਿੰਦੇ ਹਨ ਜਾਂ ਸਾਡੇ ਲਈ ਕਰਦੇ ਹਨ ਉਹ ਸਭ ਸਾਨੂੰ ਗ਼ਲਤ ਲੱਗਦਾ ਹੋਵੇ। ਕਈਆਂ ਨੂੰ ਮਰ ਚੁੱਕੇ ਵਿਅਕਤੀ ਉੱਤੇ ਗੁੱਸਾ ਆਉਂਦਾ ਹੈ ਕਿਉਂਕਿ ਉਸ ਨੇ ਆਪਣੀ ਸਿਹਤ ਦਾ ਖ਼ਿਆਲ ਨਹੀਂ ਰੱਖਿਆ ਸੀ। ਸਟੈਲਾ ਚੇਤੇ ਕਰਦੀ ਹੈ: “ਜਦੋਂ ਮੇਰੇ ਪਤੀ ਗੁਜ਼ਰ ਗਏ, ਤਾਂ ਮੈਨੂੰ ਉਨ੍ਹਾਂ ਤੇ ਬਹੁਤ ਗੁੱਸਾ ਆਇਆ ਸੀ। ਉਹ ਬਹੁਤ ਬੀਮਾਰ ਰਹੇ ਸਨ, ਪਰ ਉਨ੍ਹਾਂ ਨੇ ਡਾਕਟਰ ਦੀ ਸਲਾਹ ਨਹੀਂ ਮੰਨੀ। ਮੈਨੂੰ ਪਤਾ ਹੈ ਕਿ ਜੇ ਉਨ੍ਹਾਂ ਨੇ ਡਾਕਟਰ ਦੀ ਗੱਲ ਸੁਣੀ ਹੁੰਦੀ, ਤਾਂ ਉਹ ਅੱਜ ਜੀਉਂਦੇ ਹੁੰਦੇ।” ਕਈ ਵਾਰ ਮਰੇ ਹੋਏ ਉੱਤੇ ਉਦੋਂ ਵੀ ਗੁੱਸਾ ਆਉਂਦਾ ਹੈ ਜਦੋਂ ਉਹ ਬਾਕੀ ਪਰਿਵਾਰ ਉੱਤੇ ਕੋਈ ਬੋਝ ਛੱਡ ਜਾਂਦਾ ਹੈ।
ਕਈ ਲੋਕ ਗੁੱਸੇ ਹੋਣ ਕਰਕੇ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦੇ ਹਨ। ਕਈ ਸਮਝਦੇ ਹਨ ਕਿ ਉਨ੍ਹਾਂ ਕਰਕੇ ਉਨ੍ਹਾਂ ਦਾ ਅਜ਼ੀਜ਼ ਮਰਿਆ ਹੈ। ਉਹ ਕਹਿਣ ਲੱਗ ਪੈਂਦੇ ਹਨ ਕਿ “ਜੇ ਅਸੀਂ ਉਹ ਨੂੰ ਪਹਿਲਾਂ ਹੀ ਡਾਕਟਰ ਕੋਲ ਲੈ ਜਾਂਦੇ, ਤਾਂ ਉਹ ਨੇ ਬਚ ਜਾਣਾ ਸੀ,” ਜਾਂ “ਸਾਨੂੰ ਹੋਰ ਕਿਸੇ ਡਾਕਟਰ ਦੀ ਰਾਇ ਲੈਣੀ ਚਾਹੀਦੀ ਸੀ,” ਜਾਂ “ਸਾਨੂੰ ਉਸ ਉੱਤੇ ਜ਼ਿਆਦਾ ਜ਼ੋਰ ਪਾਉਣਾ ਚਾਹੀਦਾ ਸੀ ਕਿ ਉਹ ਆਪਣੀ ਸਿਹਤ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰੇ।”
ਬੱਚੇ ਦੇ ਮਰਨ ਨਾਲ ਬਹੁਤ ਵੱਡਾ ਸਦਮਾ ਲੱਗਦਾ ਹੈ—ਸੱਚੇ ਹਮਦਰਦ ਬਣ ਕੇ ਅਸੀਂ ਮਾਪਿਆਂ ਦੀ ਸਹਾਇਤਾ ਕਰ ਸਕਦੇ ਹਾਂ
ਜਦੋਂ ਕੋਈ ਸਾਡਾ ਆਪਣਾ ਅਚਾਨਕ ਹੀ ਮਰ ਜਾਵੇ, ਤਾਂ ਅਸੀਂ ਸ਼ਾਇਦ ਆਪਣੇ ਆਪ ਨੂੰ ਹੋਰ ਵੀ ਦੋਸ਼ੀ ਮੰਨੀਏ। ਅਸੀਂ ਸ਼ਾਇਦ ਉਨ੍ਹਾਂ ਸਮਿਆਂ ਨੂੰ ਚੇਤੇ ਕਰਨ ਲੱਗੀਏ ਜਦ ਸਾਨੂੰ ਉਨ੍ਹਾਂ ਤੇ ਗੁੱਸਾ ਆਇਆ ਹੋਵੇ ਜਾਂ ਜਦੋਂ ਅਸੀਂ ਉਨ੍ਹਾਂ ਨਾਲ ਲੜਾਈ ਜਾਂ ਬਹਿਸ ਕੀਤੀ ਹੋਵੇ। ਜਾਂ ਸ਼ਾਇਦ ਅਸੀਂ ਮਹਿਸੂਸ ਕਰੀਏ ਕਿ ਅਸੀਂ ਉਨ੍ਹਾਂ ਲਈ ਹੋਰ ਵੀ ਕੁਝ ਕਰ ਸਕਦੇ ਸਾਂ।
ਮਾਹਰ ਕਹਿੰਦੇ ਹਨ ਕਿ ਬੱਚੇ ਦਾ ਵਿਛੋੜਾ ਮਾਪਿਆਂ ਦੇ ਜੀਵਨ ਨੂੰ ਸੁੰਨਾ ਕਰ ਦਿੰਦਾ ਹੈ। ਇਹ ਗੱਲ ਖ਼ਾਸ ਕਰਕੇ ਮਾਵਾਂ ਬਾਰੇ ਸੱਚ ਹੈ, ਇਸ ਲਈ ਉਹ ਕਾਫ਼ੀ ਸਮੇਂ ਤਕ ਸੋਗ ਮਨਾਉਂਦੀਆਂ ਰਹਿੰਦੀਆਂ ਹਨ।
ਜਦੋਂ ਜੀਵਨ-ਸਾਥੀ ਗੁਜ਼ਰ ਜਾਂਦਾ ਹੈ
ਜੀਵਨ-ਸਾਥੀ ਦੀ ਮੌਤ ਕਰਕੇ ਸਾਨੂੰ ਬਹੁਤ ਵੱਡਾ ਝਟਕਾ ਲੱਗ ਸਕਦਾ ਹੈ। ਇੱਦਾਂ ਖ਼ਾਸ ਕਰਕੇ ਉਦੋਂ ਹੁੰਦਾ ਹੈ ਜਦੋਂ ਅਸੀਂ ਇਕੱਠੇ ਮਿਲ ਕੇ ਹਰ ਕੰਮ ਕੀਤਾ ਹੋਵੇ ਅਤੇ ਹਰ ਗੱਲ ਵਿਚ ਇਕ-ਦੂਸਰੇ ਦਾ ਸਾਥ ਨਿਭਾਇਆ ਹੋਵੇ। ਹਾਂ, ਜੀਵਨ-ਸਾਥੀ ਦੇ ਮਰਨ ਨਾਲ ਇੱਦਾਂ ਲੱਗ ਸਕਦਾ ਹੈ ਜਿੱਦਾਂ ਸਾਡੀ ਜ਼ਿੰਦਗੀ ਹੀ ਖ਼ਤਮ ਹੋ ਗਈ ਹੋਵੇ।
ਯੂਨਿਸ ਦਾ ਪਤੀ ਦਿਲ ਦਾ ਦੌਰਾ ਪੈਣ ਕਰਕੇ ਅਚਾਨਕ ਮਰ ਗਿਆ। ਉਸ ਨੇ ਦੱਸਿਆ: “ਮੈਂ ਉੱਥੇ ਹੀ ਸੀ ਜਦੋਂ ਡਾਕਟਰਾਂ ਨੇ ਉਨ੍ਹਾਂ ਦੇ ਦਿਲ ਅਤੇ ਫੇਫੜਿਆਂ ਨੂੰ ਦੁਬਾਰਾ ਚਾਲੂ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਪਤਾ ਸੀ ਕਿ ਮੇਰੇ ਪਤੀ ਨਾਲ ਕੀ ਹੋਇਆ ਅਤੇ ਉਹ ਕਿੱਦਾਂ ਮਰੇ। ਪਰ ਇਸ ਦੇ ਬਾਵਜੂਦ ਮੈਂ ਇਕ ਹਫ਼ਤੇ ਲਈ ਬਿਲਕੁਲ ਗੁੰਮ-ਸੁੰਮ ਹੋ ਗਈ। ਖਾਧਾ-ਪੀਤਾ ਵੀ, ਪਰ ਕੁਝ ਪਤਾ ਨਹੀਂ ਲੱਗਾ। ਮੈਨੂੰ ਇੱਦਾਂ ਲੱਗਾ ਜਿੱਦਾਂ ਮੇਰੇ ਵਿਚ ਜਾਨ ਹੀ ਨਹੀਂ ਸੀ। ਮੈਂ ਬਹੁਤ ਬੇਬੱਸ ਮਹਿਸੂਸ ਕੀਤਾ, ਜਿੱਦਾਂ ਕਿ ਮੈਂ ਇਕ ਗੱਡੀ ਨੂੰ ਕਿਸੇ ਪਹਾੜ ਦੀ ਚੋਟੀ ਤੋਂ ਡਿੱਗਦੀ ਹੋਈ ਦੇਖ ਰਹੀ ਹੋਵਾਂ ਅਤੇ ਮੈਂ ਇਸ ਨੂੰ ਬਚਾਉਣ ਲਈ ਕੁਝ ਵੀ ਨਹੀਂ ਕਰ ਸਕਦੀ ਸੀ।”
ਕੀ ਯੂਨਿਸ ਰੋਈ ਸੀ? “ਹਾਂ, ਬਿਲਕੁਲ, ਖ਼ਾਸ ਕਰਕੇ ਜਦੋਂ ਮੈਂ ਉਹ ਢੇਰ ਸਾਰੇ ਕਾਰਡ ਪੜ੍ਹੇ ਜੋ ਉਨ੍ਹਾਂ ਦੇ ਗੁਜ਼ਰ ਜਾਣ ਤੋਂ ਬਾਅਦ ਲੋਕਾਂ ਨੇ ਮੈਨੂੰ ਭੇਜੇ ਸਨ। ਮੈਂ ਹਰੇਕ ਕਾਰਡ ਪੜ੍ਹਨ ਤੇ ਰੋਈ ਅਤੇ ਇਨ੍ਹਾਂ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ। ਪਰ ਜਦੋਂ ਲੋਕ ਮੈਨੂੰ ਵਾਰ-ਵਾਰ ਪੁੱਛਦੇ ਸੀ ਕਿ ‘ਕਿੱਦਾਂ, ਤੁਸੀਂ ਠੀਕ ਹੋ?’ ਤਾਂ ਮੇਰਾ ਦਿਲ ਰੋ ਪੈਂਦਾ ਸੀ। ਮੈਂ ਬਹੁਤ ਦੁਖੀ ਤੇ ਉਦਾਸ ਸੀ।”
ਆਪਣਾ ਦੁੱਖ-ਦਰਦ ਸਹਾਰਨ ਵਿਚ ਯੂਨਿਸ ਨੂੰ ਕਿਸ ਚੀਜ਼ ਤੋਂ ਮਦਦ ਮਿਲੀ? “ਮਨ ਹੀ ਮਨ ਮੈਂ ਫ਼ੈਸਲਾ ਕਰ ਲਿਆ ਸੀ ਕਿ ਮੈਂ ਅੱਗੋਂ ਜੀਉਣਾ ਚਾਹੁੰਦੀ ਹਾਂ,” ਉਸ ਨੇ ਦੱਸਿਆ। “ਫਿਰ ਵੀ, ਮੈਨੂੰ ਇਸ ਗੱਲ ਦਾ ਸਭ ਤੋਂ ਜ਼ਿਆਦਾ ਦੁੱਖ ਲੱਗਦਾ ਹੈ ਕਿ ਮੇਰੇ ਪਤੀ, ਜੋ ਜ਼ਿੰਦਗੀ ਦਾ ਇੰਨਾ ਮਜ਼ਾ ਲੈਂਦੇ ਸਨ, ਹੁਣ ਮੇਰੇ ਨਾਲ ਜ਼ਿੰਦਗੀ ਦੀਆਂ ਖ਼ੁਸ਼ੀਆਂ ਮਨਾਉਣ ਲਈ ਜ਼ਿੰਦਾ ਨਹੀਂ ਰਹੇ।”
ਆਪਣੇ ਬਾਰੇ ਦੂਸਰਿਆਂ ਨੂੰ ਫ਼ੈਸਲਾ ਨਾ ਕਰਨ ਦਿਓ
ਸੋਗ ਮਨਾਉਣ ਬਾਰੇ ਇਕ ਕਿਤਾਬ ਦੇ ਲੇਖਕ ਸਲਾਹ ਦਿੰਦੇ ਹਨ: “ਦੂਸਰਿਆਂ ਨੂੰ ਫ਼ੈਸਲਾ ਨਾ ਕਰਨ ਦਿਓ ਕਿ ਤੁਹਾਨੂੰ ਕੀ ਕਰਨਾ ਅਤੇ ਕਿੱਦਾਂ ਮਹਿਸੂਸ ਕਰਨਾ ਚਾਹੀਦਾ ਹੈ। ਹਰੇਕ ਇਨਸਾਨ ਵੱਖੋ-ਵੱਖਰੇ ਤਰੀਕੇ ਨਾਲ ਸੋਗ ਮਨਾਉਂਦਾ ਹੈ। ਦੂਸਰੇ ਲੋਕ ਸ਼ਾਇਦ ਸੋਚਣ ਅਤੇ ਕਹਿ ਵੀ ਦੇਣ ਕਿ ਤੁਸੀਂ ਬਹੁਤ ਜ਼ਿਆਦਾ ਜਾਂ ਘੱਟ ਸੋਗ ਮਨਾ ਰਹੇ ਹੋ। ਉਨ੍ਹਾਂ ਦੀ ਗੱਲ ਦਿਲ ਤੇ ਨਾ ਲਾਓ। ਜੇ ਅਸੀਂ ਲੋਕਾਂ ਜਾਂ ਸਮਾਜ ਦੇ ਖ਼ਿਆਲਾਂ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੀਏ, ਤਾਂ ਸ਼ਾਇਦ ਸਾਡਾ ਜ਼ਖ਼ਮ ਜਲਦੀ ਨਾ ਭਰੇ।”
ਹਾਂ, ਹਰੇਕ ਇਨਸਾਨ ਆਪੋ-ਆਪਣੇ ਤਰੀਕੇ ਨਾਲ ਆਪਣਾ ਦੁੱਖ ਜ਼ਾਹਰ ਕਰਦਾ ਹੈ। ਅਸੀਂ ਇਹ ਨਹੀਂ ਕਹਿ ਰਹੇ ਕਿ ਇਕ ਤਰੀਕਾ ਦੂਸਰੇ ਨਾਲੋਂ ਬਿਹਤਰ ਹੈ। ਪਰ, ਖ਼ਤਰਾ ਉਦੋਂ ਪੈਦਾ ਹੁੰਦਾ ਹੈ ਜਦੋਂ ਇਨਸਾਨ ਦਾ ਗਮ ਉਸ ਨੂੰ ਅੰਦਰੋਂ-ਅੰਦਰੀਂ ਖਾਈ ਜਾਵੇ ਅਤੇ ਉਹ ਕੁਝ ਨਾ ਕਰੇ। ਅਜਿਹੀ ਹਾਲਤ ਵਿਚ ਸ਼ਾਇਦ ਦੋਸਤ-ਮਿੱਤਰ ਉਸ ਨੂੰ ਪਿਆਰ ਨਾਲ ਸਮਝਾ ਸਕਦੇ ਹਨ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ। ਯਾਦ ਰੱਖੋ ਕਿ ਦੋਸਤ ਦੁੱਖ-ਸੁਖ ਦਾ ਸਾਥੀ ਹੁੰਦਾ ਹੈ। ਸੋ ਮਦਦ ਮੰਗਣ, ਗੱਲਾਂ ਕਰਨ ਅਤੇ ਰੋਣ ਤੋਂ ਨਾ ਝਿਜਕੋ।—ਕਹਾਉਤਾਂ 17:17.
ਸੋਗ ਮਨਾਉਣਾ ਕੁਦਰਤੀ ਹੈ ਅਤੇ ਦੂਸਰਿਆਂ ਸਾਮ੍ਹਣੇ ਆਪਣੇ ਜਜ਼ਬਾਤ ਜ਼ਾਹਰ ਕਰਨੇ ਗ਼ਲਤ ਨਹੀਂ ਹੈ। ਪਰ, ਇਸ ਨਾਲ ਜੁੜੇ ਕੁਝ ਹੋਰ ਵੀ ਸਵਾਲ ਹਨ ਜਿਨ੍ਹਾਂ ਦੇ ਜਵਾਬ ਜ਼ਰੂਰੀ ਹਨ: ‘ਮੈਂ ਆਪਣੇ ਦੁੱਖ ਦਾ ਸਾਮ੍ਹਣਾ ਕਿੱਦਾਂ ਕਰ ਸਕਦਾ ਹਾਂ? ਕੀ ਦੂਸਰੇ ਲੋਕ ਵੀ ਗੁੱਸੇ ਅਤੇ ਦੋਸ਼ ਦੀ ਭਾਵਨਾ ਮਹਿਸੂਸ ਕਰਦੇ ਹਨ? ਮੈਂ ਇਨ੍ਹਾਂ ਜਜ਼ਬਾਤਾਂ ਉੱਤੇ ਕਿੱਦਾਂ ਕਾਬੂ ਪਾ ਸਕਦਾ ਹਾਂ? ਮੇਰੇ ਅਜ਼ੀਜ਼ ਦੀ ਮੌਤ ਦਾ ਦੁੱਖ ਸਹਿਣ ਵਿਚ ਮੈਨੂੰ ਕਿੱਥੋਂ ਮਦਦ ਮਿਲ ਸਕਦੀ ਹੈ?’ ਅਗਲਾ ਹਿੱਸਾ ਇਨ੍ਹਾਂ ਅਤੇ ਦੂਸਰਿਆਂ ਸਵਾਲਾਂ ਦੇ ਜਵਾਬ ਦੇਵੇਗਾ।
a ਮਿਸਾਲ ਲਈ, ਨਾਈਜੀਰੀਆ ਦੇ ਯੋਰੱਬਾ ਲੋਕ ਜੂਨਾਂ ਵਿਚ ਵਿਸ਼ਵਾਸ ਕਰਦੇ ਹਨ। ਸੋ ਜਦੋਂ ਕੋਈ ਬੱਚਾ ਮਰਦਾ ਹੈ, ਤਾਂ ਇਹ ਲੋਕ ਥੋੜ੍ਹੇ ਹੀ ਚਿਰ ਲਈ ਸੋਗ ਮਨਾਉਂਦੇ ਹਨ ਕਿਉਂਕਿ ਉਨ੍ਹਾਂ ਦੀ ਇਕ ਕਹਾਵਤ ਅਨੁਸਾਰ “ਪਾਣੀ ਡੁੱਲ੍ਹਿਆ ਹੈ, ਪਰ ਭਾਂਡਾ ਨਹੀਂ ਟੁੱਟਾ।” ਕਹਿਣ ਦਾ ਭਾਵ ਕਿ ਪਾਣੀ ਵਾਲਾ ਭਾਂਡਾ ਯਾਨੀ ਮਾਂ ਇਕ ਹੋਰ ਬੱਚਾ ਪੈਦਾ ਕਰ ਸਕਦੀ ਹੈ—ਸ਼ਾਇਦ ਮੋਇਆ ਬੱਚਾ ਜਨਮ ਧਾਰ ਕੇ ਆ ਜਾਵੇ। ਅਮਰ ਆਤਮਾ ਅਤੇ ਪੁਨਰ-ਜਨਮ ਬਾਰੇ ਬਾਈਬਲ ਵਿਚ ਜ਼ਿਕਰ ਨਹੀਂ ਕੀਤਾ ਗਿਆ। ਇਸ ਲਈ ਯਹੋਵਾਹ ਦੇ ਗਵਾਹ ਅਜਿਹੇ ਅੰਧ-ਵਿਸ਼ਵਾਸਾਂ ਅਤੇ ਝੂਠੇ ਵਿਚਾਰਾਂ ਨੂੰ ਨਹੀਂ ਮੰਨਦੇ।—ਉਪਦੇਸ਼ਕ ਦੀ ਪੋਥੀ 9:5, 10.
b ਇਸ ਰੋਗ ਬਾਰੇ ਹੋਰ ਜਾਣਕਾਰੀ ਲਈ ਸਫ਼ਾ 12 ਉੱਤੇ “‘ਬੱਚੇ ਦੀ ਅਚਾਨਕ ਮੌਤ’ ਦਾ ਦੁੱਖ ਸਹਿਣਾ” ਨਾਮਕ ਡੱਬੀ ਦੇਖੋ।