ਸਤਾਰ੍ਹਵਾਂ ਪਾਠ
ਦੋਸਤੀ ਬਣਾਈ ਰੱਖਣ ਲਈ ਤੁਹਾਨੂੰ ਇਕ ਦੋਸਤ ਬਣਨ ਦੀ ਲੋੜ ਹੈ
ਦੋਸਤੀ ਪ੍ਰੇਮ ਉੱਤੇ ਆਧਾਰਿਤ ਹੈ। ਤੁਸੀਂ ਜਿੱਦਾਂ-ਜਿੱਦਾਂ ਯਹੋਵਾਹ ਬਾਰੇ ਸਿੱਖਦੇ ਜਾਓਗੇ, ਉੱਦਾਂ-ਉੱਦਾਂ ਉਸ ਨਾਲ ਤੁਹਾਡਾ ਪਿਆਰ ਵਧਦਾ ਜਾਵੇਗਾ। ਜਿਉਂ-ਜਿਉਂ ਪਰਮੇਸ਼ੁਰ ਲਈ ਤੁਹਾਡਾ ਪਿਆਰ ਵਧੇਗਾ, ਤੁਸੀਂ ਉੱਨਾ ਜ਼ਿਆਦਾ ਉਸ ਦੀ ਸੇਵਾ ਕਰਨੀ ਚਾਹੋਗੇ। ਤੁਸੀਂ ਯਿਸੂ ਮਸੀਹ ਦੇ ਚੇਲੇ ਵੀ ਬਣਨਾ ਚਾਹੋਗੇ। (ਮੱਤੀ 28:19) ਯਹੋਵਾਹ ਦੇ ਗਵਾਹਾਂ ਨਾਲ ਮਿਲ ਕੇ ਤੁਸੀਂ ਸਦਾ ਲਈ ਪਰਮੇਸ਼ੁਰ ਦੀ ਦੋਸਤੀ ਦਾ ਆਨੰਦ ਮਾਣ ਸਕਦੇ ਹੋ। ਯਹੋਵਾਹ ਦੇ ਗਵਾਹ ਬਣਨ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ?
ਪਰਮੇਸ਼ੁਰ ਦੇ ਨਿਯਮਾਂ ਦੀ ਪਾਲਣਾ ਕਰ ਕੇ ਉਸ ਲਈ ਆਪਣਾ ਪਿਆਰ ਦਿਖਾਓ। “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।”—1 ਯੂਹੰਨਾ 5:3.
ਜੋ ਕੁਝ ਤੁਸੀਂ ਸਿੱਖਦੇ ਹੋ ਉਸ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੋ। ਇਸ ਗੱਲ ਨੂੰ ਸਮਝਾਉਣ ਵਾਸਤੇ ਯਿਸੂ ਨੇ ਇਕ ਕਹਾਣੀ ਸੁਣਾਈ ਸੀ। ਇਸ ਕਹਾਣੀ ਵਿਚ ਦੋ ਬੰਦੇ ਸਨ। ਇਕ ਸਮਝਦਾਰ ਅਤੇ ਇਕ ਮੂਰਖ। ਸਮਝਦਾਰ ਮਨੁੱਖ ਨੇ ਆਪਣਾ ਘਰ ਪੱਥਰ ਉੱਤੇ ਬਣਾਇਆ ਅਤੇ ਮੂਰਖ ਨੇ ਆਪਣਾ ਘਰ ਰੇਤ ਉੱਤੇ ਬਣਾਇਆ। ਜਦੋਂ ਤੇਜ਼ ਤੂਫ਼ਾਨ ਆਇਆ, ਤਾਂ ਜਿਹੜਾ ਘਰ ਪੱਥਰ ਉੱਤੇ ਬਣਾਇਆ ਗਿਆ ਸੀ ਉਹ ਮਜ਼ਬੂਤ ਖੜ੍ਹਾ ਰਿਹਾ, ਪਰ ਜਿਹੜਾ ਰੇਤ ਉੱਤੇ ਬਣਾਇਆ ਗਿਆ ਸੀ ਉਹ ਢਹਿ ਗਿਆ। ਯਿਸੂ ਨੇ ਕਿਹਾ ਸੀ ਕਿ ਜਿਹੜੇ ਉਸ ਦੇ ਬਚਨ ਸੁਣਦੇ ਹਨ ਅਤੇ ਉਨ੍ਹਾਂ ਉੱਤੇ ਚੱਲਦੇ ਹਨ, ਉਹ ਉਸ ਸਮਝਦਾਰ ਮਨੁੱਖ ਵਰਗੇ ਹਨ ਜਿਸ ਨੇ ਆਪਣਾ ਘਰ ਪੱਥਰ ਉੱਤੇ ਬਣਾਇਆ ਸੀ। ਪਰ ਜਿਹੜੇ ਉਸ ਦੀਆਂ ਗੱਲਾਂ ਨੂੰ ਸੁਣ ਕੇ ਕੁਝ ਨਹੀਂ ਕਰਦੇ, ਉਹ ਉਸ ਮੂਰਖ ਵਰਗੇ ਹਨ ਜਿਸ ਨੇ ਆਪਣਾ ਘਰ ਰੇਤ ਉੱਤੇ ਬਣਾਇਆ ਸੀ। ਤੁਸੀਂ ਇਨ੍ਹਾਂ ਮਨੁੱਖਾਂ ਵਿੱਚੋਂ ਕਿਸ ਵਰਗੇ ਬਣਨਾ ਚਾਹੁੰਦੇ ਹੋ?—ਮੱਤੀ 7:24-27.
ਆਪਣਾ ਜੀਵਨ ਪਰਮੇਸ਼ੁਰ ਨੂੰ ਸੌਂਪੋ। ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਕੇ ਦੱਸੋ ਕਿ ਤੁਸੀਂ ਸਦਾ ਲਈ ਉਸ ਦੀ ਸੇਵਾ ਕਰਨੀ ਚਾਹੁੰਦੇ ਹੋ। ਪਰਮੇਸ਼ੁਰ ਦੀ ਸੇਵਾ ਕਰ ਕੇ ਤੁਸੀਂ ਸਾਬਤ ਕਰਦੇ ਹੋ ਕਿ ਤੁਸੀਂ ਯਿਸੂ ਮਸੀਹ ਦੇ ਚੇਲੇ ਹੋ।—ਮੱਤੀ 11:29.
ਬਪਤਿਸਮਾ। “ਉਹ ਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ।”—ਰਸੂਲਾਂ ਦੇ ਕਰਤੱਬ 22:16.
ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਸੇਵਾ ਨੂੰ ਪਹਿਲਾ ਰੱਖੋ। “ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਪ੍ਰਭੁ ਦੇ ਲਈ ਕਰੋ, ਨਾ ਮਨੁੱਖਾਂ ਦੇ ਲਈ।”—ਕੁਲੁੱਸੀਆਂ 3:23.