ਭਾਗ 7
ਈਸਾ ਮਸੀਹ ਕੌਣ ਸੀ?
ਯਹੋਵਾਹ ਪਰਮੇਸ਼ੁਰ ਨੇ ਯਿਸੂ ਨੂੰ ਧਰਤੀ ʼਤੇ ਘੱਲਿਆ। 1 ਯੂਹੰਨਾ 4:9
ਜੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਇਕ ਹੋਰ ਖ਼ਾਸ ਸ਼ਖ਼ਸ ਦੀ ਗੱਲ ਵੀ ਸੁਣਨੀ ਚਾਹੀਦੀ ਹੈ। ਆਦਮ ਦੇ ਬਣਾਉਣ ਤੋਂ ਬਹੁਤ ਚਿਰ ਪਹਿਲਾਂ ਯਹੋਵਾਹ ਨੇ ਸਵਰਗ ਵਿਚ ਇਕ ਸ਼ਕਤੀਸ਼ਾਲੀ ਦੂਤ ਬਣਾਇਆ।
ਚਿਰਾਂ ਬਾਅਦ ਰੱਬ ਨੇ ਉਸ ਨੂੰ ਧਰਤੀ ʼਤੇ ਭੇਜਿਆ। ਉਹ ਬੈਤਲਹਮ ਵਿਚ ਰਹਿੰਦੀ ਕੁਆਰੀ ਮਰਿਯਮ ਦੇ ਕੁੱਖੋਂ ਪੈਦਾ ਹੋਇਆ। ਉਸ ਦਾ ਨਾਂ ਯਿਸੂ ਰੱਖਿਆ ਗਿਆ, ਜਿਸ ਨੂੰ ਲੋਕ ਈਸਾ ਵੀ ਕਹਿੰਦੇ ਹਨ।—ਯੂਹੰਨਾ 6:38.
ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਉਸ ਵਿਚ ਪਰਮੇਸ਼ੁਰ ਦੇ ਗੁਣ ਹੂ-ਬਹੂ ਨਜ਼ਰ ਆਉਂਦੇ ਸਨ। ਪਿਆਰ ਅਤੇ ਹਮਦਰਦੀ ਉਸ ਦੀ ਰਗ-ਰਗ ਵਿਚ ਸੀ ਅਤੇ ਕੋਈ ਵੀ ਬਿਨਾਂ ਡਰੇ ਉਸ ਕੋਲ ਆ ਸਕਦਾ ਸੀ। ਉਸ ਨੇ ਦਲੇਰੀ ਨਾਲ ਦੂਸਰਿਆਂ ਨੂੰ ਯਹੋਵਾਹ ਬਾਰੇ ਸੱਚਾਈ ਦੱਸੀ।
ਯਿਸੂ ਨੇ ਚੰਗੇ ਕੰਮ ਕੀਤੇ, ਪਰ ਲੋਕਾਂ ਨੇ ਉਸ ਨਾਲ ਨਫ਼ਰਤ ਕੀਤੀ। 1 ਪਤਰਸ 2:21-24
ਧਾਰਮਿਕ ਆਗੂਆਂ ਨੇ ਯਿਸੂ ਨਾਲ ਨਫ਼ਰਤ ਕੀਤੀ ਕਿਉਂਕਿ ਉਸ ਨੇ ਉਨ੍ਹਾਂ ਦੀਆਂ ਝੂਠੀਆਂ ਸਿੱਖਿਆਵਾਂ ਅਤੇ ਬੁਰੇ ਕੰਮਾਂ ਦਾ ਪਰਦਾ-ਫ਼ਾਸ਼ ਕੀਤਾ।
ਯਿਸੂ ਨੇ ਰੋਗੀਆਂ ਨੂੰ ਚੰਗਾ ਕੀਤਾ ਅਤੇ ਮੁਰਦਿਆਂ ਨੂੰ ਜੀਉਂਦਾ ਕੀਤਾ।
ਰੋਮੀ ਹਾਕਮਾਂ ਨੇ ਧਾਰਮਿਕ ਆਗੂਆਂ ਦੀਆਂ ਗੱਲਾਂ ਵਿਚ ਆ ਕੇ ਯਿਸੂ ਨੂੰ ਕੁੱਟਿਆ ਤੇ ਜਾਨੋਂ ਮਾਰ ਦਿੱਤਾ।