ਪਾਠ 14
ਨੌਕਰ ਜਿਸ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ
ਯੂਸੁਫ਼ ਯਾਕੂਬ ਦੇ ਛੋਟੇ ਮੁੰਡਿਆਂ ਵਿੱਚੋਂ ਇਕ ਸੀ। ਉਸ ਦੇ ਵੱਡੇ ਭਰਾਵਾਂ ਨੇ ਦੇਖਿਆ ਕਿ ਉਨ੍ਹਾਂ ਦਾ ਪਿਤਾ ਯੂਸੁਫ਼ ਨੂੰ ਜ਼ਿਆਦਾ ਪਿਆਰ ਕਰਦਾ ਸੀ। ਤੁਹਾਨੂੰ ਕੀ ਲੱਗਦਾ ਉਨ੍ਹਾਂ ਨੂੰ ਇਸ ਬਾਰੇ ਕਿੱਦਾਂ ਲੱਗਦਾ ਸੀ? ਉਹ ਯੂਸੁਫ਼ ਨਾਲ ਈਰਖਾ ਕਰਦੇ ਸਨ ਅਤੇ ਬਾਅਦ ਵਿਚ ਉਨ੍ਹਾਂ ਦੀ ਇਹ ਈਰਖਾ ਨਫ਼ਰਤ ਵਿਚ ਬਦਲ ਗਈ। ਜਦੋਂ ਯੂਸੁਫ਼ ਨੂੰ ਅਜੀਬ ਜਿਹੇ ਸੁਪਨੇ ਆਏ, ਤਾਂ ਉਸ ਨੇ ਇਨ੍ਹਾਂ ਬਾਰੇ ਆਪਣੇ ਭਰਾਵਾਂ ਨੂੰ ਦੱਸਿਆ। ਇਨ੍ਹਾਂ ਸੁਪਨਿਆਂ ਦਾ ਮਤਲਬ ਸੀ ਕਿ ਇਕ ਦਿਨ ਉਹ ਯੂਸੁਫ਼ ਅੱਗੇ ਸਿਰ ਨਿਵਾਉਣਗੇ। ਇਸ ਤੋਂ ਬਾਅਦ ਉਹ ਉਸ ਨਾਲ ਹੋਰ ਜ਼ਿਆਦਾ ਨਫ਼ਰਤ ਕਰਨ ਲੱਗ ਪਏ।
ਇਕ ਦਿਨ ਯੂਸੁਫ਼ ਦੇ ਭਰਾ ਸ਼ਕਮ ਸ਼ਹਿਰ ਦੇ ਨੇੜੇ ਭੇਡਾਂ ਚਾਰ ਰਹੇ ਸਨ। ਯਾਕੂਬ ਨੇ ਯੂਸੁਫ਼ ਨੂੰ ਉਨ੍ਹਾਂ ਦੀ ਖ਼ਬਰਸਾਰ ਲੈਣ ਲਈ ਭੇਜਿਆ। ਉਨ੍ਹਾਂ ਨੇ ਯੂਸੁਫ਼ ਨੂੰ ਦੂਰੋਂ ਆਉਂਦੇ ਦੇਖਿਆ ਤੇ ਇਕ-ਦੂਜੇ ਨੂੰ ਕਿਹਾ: ‘ਦੇਖੋ, ਉਹ ਆ ਰਿਹਾ ਸੁਪਨੇ ਦੇਖਣ ਵਾਲਾ! ਆਓ ਆਪਾਂ ਉਸ ਨੂੰ ਜਾਨੋਂ ਮਾਰ ਦੇਈਏ।’ ਉਨ੍ਹਾਂ ਨੇ ਉਸ ਨੂੰ ਫੜ ਕੇ ਡੂੰਘੇ ਟੋਏ ਵਿਚ ਸੁੱਟ ਦਿੱਤਾ। ਪਰ ਉਸ ਦੇ ਇਕ ਭਰਾ ਯਹੂਦਾਹ ਨੇ ਕਿਹਾ: ‘ਉਸ ਨੂੰ ਮਾਰੋ ਨਾ, ਪਰ ਆਓ ਆਪਾਂ ਉਸ ਨੂੰ ਗ਼ੁਲਾਮ ਵਜੋਂ ਵੇਚ ਦੇਈਏ।’ ਸੋ ਉਨ੍ਹਾਂ ਨੇ ਯੂਸੁਫ਼ ਨੂੰ ਚਾਂਦੀ ਦੇ 20 ਟੁਕੜਿਆਂ ਬਦਲੇ ਮਿਸਰ ਜਾ ਰਹੇ ਮਿਦਿਆਨੀ ਵਪਾਰੀਆਂ ਨੂੰ ਵੇਚ ਦਿੱਤਾ।
ਫਿਰ ਯੂਸੁਫ਼ ਦੇ ਭਰਾਵਾਂ ਨੇ ਉਸ ਦੇ ਚੋਗੇ ਨੂੰ ਬੱਕਰੇ ਦੇ ਖ਼ੂਨ ਵਿਚ ਡੋਬ ਕੇ ਆਪਣੇ ਪਿਤਾ ਨੂੰ ਭੇਜ ਦਿੱਤਾ ਤੇ ਕਿਹਾ: ‘ਕਿਤੇ ਇਹ ਚੋਗਾ ਤੇਰੇ ਪੁੱਤਰ ਦਾ ਤਾਂ ਨਹੀਂ!’ ਯਾਕੂਬ ਨੇ ਸੋਚਿਆ ਕਿ ਯੂਸੁਫ਼ ਨੂੰ ਕਿਸੇ ਜੰਗਲੀ ਜਾਨਵਰ ਨੇ ਮਾਰ ਦਿੱਤਾ। ਉਹ ਗਮ ਵਿਚ ਡੁੱਬ ਗਿਆ। ਕੋਈ ਵੀ ਉਸ ਨੂੰ ਦਿਲਾਸਾ ਨਾ ਦੇ ਸਕਿਆ।
ਯੂਸੁਫ਼ ਨੂੰ ਮਿਸਰ ਵਿਚ ਪੋਟੀਫਰ ਨਾਂ ਦੇ ਇਕ ਖ਼ਾਸ ਅਧਿਕਾਰੀ ਨੂੰ ਵੇਚ ਦਿੱਤਾ ਗਿਆ। ਪਰ ਯਹੋਵਾਹ ਯੂਸੁਫ਼ ਦੇ ਨਾਲ ਸੀ। ਪੋਟੀਫਰ ਨੇ ਦੇਖਿਆ ਕਿ ਯੂਸੁਫ਼ ਬਹੁਤ ਵਧੀਆ ਕੰਮ ਕਰਦਾ ਸੀ ਅਤੇ ਉਹ ਭਰੋਸੇ ਦੇ ਲਾਇਕ ਸੀ। ਪੋਟੀਫਰ ਨੇ ਛੇਤੀ ਹੀ ਉਸ ਨੂੰ ਆਪਣੀ ਹਰ ਚੀਜ਼ ʼਤੇ ਅਧਿਕਾਰ ਦੇ ਦਿੱਤਾ।
ਪੋਟੀਫਰ ਦੀ ਪਤਨੀ ਨੇ ਦੇਖਿਆ ਕਿ ਯੂਸੁਫ਼ ਸੋਹਣਾ-ਸੁਨੱਖਾ ਅਤੇ ਤਕੜਾ ਨੌਜਵਾਨ ਸੀ। ਉਹ ਯੂਸੁਫ਼ ਨੂੰ ਹਰ ਰੋਜ਼ ਆਪਣੇ ਨਾਲ ਸਰੀਰਕ ਸੰਬੰਧ ਬਣਾਉਣ ਲਈ ਕਹਿੰਦੀ ਸੀ। ਯੂਸੁਫ਼ ਨੇ ਕੀ ਕੀਤਾ? ਉਸ ਨੇ ਮਨ੍ਹਾ ਕਰ ਦਿੱਤਾ ਤੇ ਕਿਹਾ: ‘ਨਹੀਂ! ਇਹ ਗ਼ਲਤ ਹੈ। ਮੇਰੇ ਮਾਲਕ ਨੂੰ ਮੇਰੇ ʼਤੇ ਭਰੋਸਾ ਹੈ ਅਤੇ ਤੁਸੀਂ ਉਸ ਦੀ ਪਤਨੀ ਹੋ। ਜੇ ਮੈਂ ਤੁਹਾਡੇ ਨਾਲ ਗ਼ਲਤ ਕੰਮ ਕੀਤਾ, ਤਾਂ ਮੈਂ ਪਰਮੇਸ਼ੁਰ ਦੇ ਖ਼ਿਲਾਫ਼ ਪਾਪ ਕਰਾਂਗਾ!’
ਇਕ ਦਿਨ ਪੋਟੀਫਰ ਦੀ ਪਤਨੀ ਨੇ ਯੂਸੁਫ਼ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਯੂਸੁਫ਼ ਨੂੰ ਉਸ ਦੇ ਕੱਪੜੇ ਤੋਂ ਫੜ ਲਿਆ, ਪਰ ਯੂਸੁਫ਼ ਭੱਜ ਗਿਆ। ਜਦੋਂ ਪੋਟੀਫਰ ਘਰ ਆਇਆ, ਤਾਂ ਉਸ ਦੀ ਪਤਨੀ ਨੇ ਝੂਠ ਬੋਲਿਆ ਕਿ ਯੂਸੁਫ਼ ਨੇ ਉਸ ਨਾਲ ਗ਼ਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਪੋਟੀਫਰ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਯੂਸੁਫ਼ ਨੂੰ ਜੇਲ੍ਹ ਵਿਚ ਸੁੱਟ ਦਿੱਤਾ। ਪਰ ਯਹੋਵਾਹ ਯੂਸੁਫ਼ ਨੂੰ ਭੁੱਲਿਆ ਨਹੀਂ ਸੀ।
“ਆਪਣੇ ਆਪ ਨੂੰ ਸ਼ਕਤੀਸ਼ਾਲੀ ਪਰਮੇਸ਼ੁਰ ਦੇ ਅਧੀਨ ਕਰੋ ਤਾਂਕਿ ਸਮਾਂ ਆਉਣ ਤੇ ਉਹ ਤੁਹਾਨੂੰ ਉੱਚਾ ਕਰੇ।”—1 ਪਤਰਸ 5:6