ਪਾਠ 15
ਯਹੋਵਾਹ ਯੂਸੁਫ਼ ਨੂੰ ਕਦੇ ਨਹੀਂ ਭੁੱਲਿਆ
ਜਦੋਂ ਯੂਸੁਫ਼ ਜੇਲ੍ਹ ਵਿਚ ਸੀ, ਉਦੋਂ ਮਿਸਰ ਦੇ ਰਾਜੇ ਫ਼ਿਰਊਨ ਨੂੰ ਸੁਪਨੇ ਆਏ ਜਿਨ੍ਹਾਂ ਦਾ ਮਤਲਬ ਕੋਈ ਵੀ ਨਹੀਂ ਦੱਸ ਸਕਿਆ। ਫ਼ਿਰਊਨ ਦੇ ਇਕ ਨੌਕਰ ਨੇ ਉਸ ਨੂੰ ਦੱਸਿਆ ਕਿ ਯੂਸੁਫ਼ ਉਸ ਦੇ ਸੁਪਨਿਆਂ ਦਾ ਮਤਲਬ ਦੱਸ ਸਕਦਾ ਹੈ। ਫ਼ਿਰਊਨ ਨੇ ਉਸੇ ਵੇਲੇ ਯੂਸੁਫ਼ ਨੂੰ ਬੁਲਾਉਣ ਲਈ ਕਿਹਾ।
ਫ਼ਿਰਊਨ ਨੇ ਉਸ ਨੂੰ ਪੁੱਛਿਆ: ‘ਕੀ ਤੂੰ ਮੇਰੇ ਸੁਪਨਿਆਂ ਦਾ ਮਤਲਬ ਦੱਸ ਸਕਦਾ?’ ਯੂਸੁਫ਼ ਨੇ ਫ਼ਿਰਊਨ ਨੂੰ ਉਸ ਦੇ ਸੁਪਨਿਆਂ ਦਾ ਮਤਲਬ ਦੱਸਿਆ: ‘ਪੂਰੇ ਮਿਸਰ ਵਿਚ ਸੱਤ ਸਾਲ ਬਹੁਤ ਅਨਾਜ ਹੋਵੇਗਾ, ਪਰ ਉਸ ਤੋਂ ਅਗਲੇ ਸੱਤ ਸਾਲ ਕਾਲ਼ ਪਵੇਗਾ। ਕਿਸੇ ਬੁੱਧੀਮਾਨ ਆਦਮੀ ਨੂੰ ਚੁਣ ਜੋ ਅਨਾਜ ਇਕੱਠਾ ਕਰ ਸਕੇ ਤਾਂਕਿ ਲੋਕ ਭੁੱਖੇ ਨਾ ਮਰਨ।’ ਫ਼ਿਰਊਨ ਨੇ ਕਿਹਾ: ‘ਮੈਂ ਤੈਨੂੰ ਚੁਣਦਾ ਹਾਂ! ਤੂੰ ਮਿਸਰ ਵਿਚ ਮੇਰੇ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਆਦਮੀ ਹੋਵੇਂਗਾ!’ ਯੂਸੁਫ਼ ਫ਼ਿਰਊਨ ਦੇ ਸੁਪਨਿਆਂ ਦਾ ਮਤਲਬ ਕਿੱਦਾਂ ਦੱਸ ਸਕਿਆ? ਯਹੋਵਾਹ ਨੇ ਯੂਸੁਫ਼ ਦੀ ਮਦਦ ਕੀਤੀ।
ਯੂਸੁਫ਼ ਨੇ ਸੱਤ ਸਾਲ ਅਨਾਜ ਇਕੱਠਾ ਕੀਤਾ। ਫਿਰ ਯੂਸੁਫ਼ ਦੇ ਕਹੇ ਅਨੁਸਾਰ ਸਾਰੀ ਧਰਤੀ ʼਤੇ ਕਾਲ਼ ਪਿਆ। ਹਰ ਜਗ੍ਹਾ ਤੋਂ ਲੋਕ ਯੂਸੁਫ਼ ਕੋਲ ਅਨਾਜ ਖ਼ਰੀਦਣ ਆਏ। ਯੂਸੁਫ਼ ਦੇ ਪਿਤਾ ਯਾਕੂਬ ਨੇ ਸੁਣਿਆ ਕਿ ਮਿਸਰ ਵਿਚ ਅਨਾਜ ਸੀ। ਇਸ ਲਈ ਉਸ ਨੇ ਆਪਣੇ ਦਸ ਮੁੰਡਿਆਂ ਨੂੰ ਥੋੜ੍ਹਾ ਅਨਾਜ ਖ਼ਰੀਦਣ ਲਈ ਭੇਜਿਆ।
ਯਾਕੂਬ ਦੇ ਮੁੰਡੇ ਯੂਸੁਫ਼ ਕੋਲ ਗਏ ਅਤੇ ਯੂਸੁਫ਼ ਨੇ ਉਨ੍ਹਾਂ ਨੂੰ ਝੱਟ ਪਛਾਣ ਲਿਆ। ਪਰ ਉਸ ਦੇ ਭਰਾਵਾਂ ਨੇ ਯੂਸੁਫ਼ ਨੂੰ ਨਹੀਂ ਪਛਾਣਿਆ। ਉਨ੍ਹਾਂ ਨੇ ਯੂਸੁਫ਼ ਅੱਗੇ ਸਿਰ ਨਿਵਾਇਆ, ਜਿੱਦਾਂ ਉਸ ਨੇ ਕਈ ਸਾਲ ਪਹਿਲਾਂ ਸੁਪਨਾ ਦੇਖਿਆ ਸੀ। ਯੂਸੁਫ਼ ਦੇਖਣਾ ਚਾਹੁੰਦਾ ਸੀ ਕਿ ਉਸ ਦੇ ਭਰਾ ਹਾਲੇ ਵੀ ਉਸ ਨਾਲ ਈਰਖਾ ਕਰਦੇ ਸਨ ਕਿ ਨਹੀਂ। ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: ‘ਤੁਸੀਂ ਜਾਸੂਸ ਹੋ! ਤੁਸੀਂ ਸਾਡੇ ਦੇਸ਼ ਦੀਆਂ ਕਮਜ਼ੋਰੀਆਂ ਪਤਾ ਕਰਨ ਆਏ ਹੋ।’ ਉਨ੍ਹਾਂ ਨੇ ਕਿਹਾ: ‘ਨਹੀਂ! ਅਸੀਂ 12 ਭਰਾ ਹਾਂ ਅਤੇ ਕਨਾਨ ਵਿਚ ਰਹਿੰਦੇ ਹਾਂ। ਸਾਡੇ ਇਕ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਸਭ ਤੋਂ ਛੋਟਾ ਭਰਾ ਸਾਡੇ ਪਿਤਾ ਕੋਲ ਹੈ।’ ਫਿਰ ਯੂਸੁਫ਼ ਨੇ ਕਿਹਾ: ‘ਮੈਂ ਤੁਹਾਡਾ ਯਕੀਨ ਤਾਂ ਹੀ ਕਰਾਂਗਾ ਜੇ ਤੁਸੀਂ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲੈ ਕੇ ਆਓ।’ ਇਸ ਲਈ ਉਹ ਆਪਣੇ ਘਰ ਚਲੇ ਗਏ।
ਜਦੋਂ ਉਨ੍ਹਾਂ ਕੋਲ ਅਨਾਜ ਖ਼ਤਮ ਹੋ ਗਿਆ, ਤਾਂ ਯਾਕੂਬ ਨੇ ਆਪਣੇ ਮੁੰਡਿਆਂ ਨੂੰ ਦੁਬਾਰਾ ਮਿਸਰ ਭੇਜਿਆ। ਇਸ ਵਾਰ ਉਹ ਆਪਣੇ ਸਭ ਤੋਂ ਛੋਟੇ ਭਰਾ ਬਿਨਯਾਮੀਨ ਨੂੰ ਨਾਲ ਲੈ ਗਏ। ਆਪਣੇ ਭਰਾਵਾਂ ਨੂੰ ਪਰਖਣ ਲਈ ਯੂਸੁਫ਼ ਨੇ ਬਿਨਯਾਮੀਨ ਦੇ ਅਨਾਜ ਦੇ ਬੋਰੇ ਵਿਚ ਆਪਣਾ ਚਾਂਦੀ ਦਾ ਪਿਆਲਾ ਲੁਕਾ ਦਿੱਤਾ। ਫਿਰ ਯੂਸੁਫ਼ ਨੇ ਉਨ੍ਹਾਂ ʼਤੇ ਪਿਆਲਾ ਚੋਰੀ ਕਰਨ ਦਾ ਦੋਸ਼ ਲਾਇਆ। ਜਦੋਂ ਯੂਸੁਫ਼ ਦੇ ਨੌਕਰਾਂ ਨੂੰ ਬਿਨਯਾਮੀਨ ਦੇ ਬੋਰੇ ਵਿੱਚੋਂ ਪਿਆਲਾ ਲੱਭਾ, ਤਾਂ ਉਸ ਦੇ ਭਰਾ ਹੈਰਾਨ ਰਹਿ ਗਏ। ਉਹ ਯੂਸੁਫ਼ ਅੱਗੇ ਤਰਲੇ ਕਰਨ ਲੱਗੇ ਕਿ ਉਹ ਬਿਨਯਾਮੀਨ ਦੀ ਜਗ੍ਹਾ ਉਨ੍ਹਾਂ ਨੂੰ ਸਜ਼ਾ ਦੇ ਦੇਵੇ।
ਹੁਣ ਯੂਸੁਫ਼ ਨੂੰ ਪਤਾ ਲੱਗ ਗਿਆ ਕਿ ਉਸ ਦੇ ਭਰਾ ਬਦਲ ਚੁੱਕੇ ਸਨ। ਯੂਸੁਫ਼ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਤੇ ਫੁੱਟ-ਫੁੱਟ ਕੇ ਰੋਣ ਲੱਗ ਪਿਆ। ਉਸ ਨੇ ਕਿਹਾ: ‘ਮੈਂ ਤੁਹਾਡਾ ਭਰਾ ਯੂਸੁਫ਼ ਹਾਂ। ਕੀ ਮੇਰਾ ਪਿਤਾ ਅਜੇ ਜੀਉਂਦਾ ਹੈ?’ ਉਸ ਦੇ ਭਰਾ ਹੱਕੇ-ਬੱਕੇ ਰਹਿ ਗਏ। ਉਸ ਨੇ ਕਿਹਾ: ‘ਤੁਸੀਂ ਮੇਰੇ ਨਾਲ ਜੋ ਕੀਤਾ, ਉਸ ਕਰਕੇ ਦੁਖੀ ਨਾ ਹੋਵੋ। ਮੈਨੂੰ ਪਰਮੇਸ਼ੁਰ ਨੇ ਇੱਥੇ ਭੇਜਿਆ ਤਾਂਕਿ ਤੁਹਾਡੀ ਜਾਨ ਬਚ ਸਕੇ। ਹੁਣ ਛੇਤੀ ਕਰੋ ਅਤੇ ਮੇਰੇ ਪਿਤਾ ਨੂੰ ਇੱਥੇ ਲੈ ਆਓ।’
ਉਹ ਆਪਣੇ ਘਰ ਵਾਪਸ ਚਲੇ ਗਏ ਤਾਂਕਿ ਉਹ ਆਪਣੇ ਪਿਤਾ ਨੂੰ ਇਹ ਖ਼ੁਸ਼ ਖ਼ਬਰੀ ਸੁਣਾਉਣ ਅਤੇ ਉਸ ਨੂੰ ਮਿਸਰ ਲੈ ਆਉਣ। ਅਖ਼ੀਰ ਇੰਨੇ ਸਾਲਾਂ ਬਾਅਦ ਯੂਸੁਫ਼ ਆਪਣੇ ਪਿਤਾ ਨੂੰ ਦੁਬਾਰਾ ਮਿਲਿਆ।
“ਜੇ ਤੁਸੀਂ ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਨਹੀਂ ਕਰਦੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ਼ ਨਹੀਂ ਕਰੇਗਾ।”—ਮੱਤੀ 6:15