ਪਾਠ 19
ਪਹਿਲੀਆਂ ਤਿੰਨ ਆਫ਼ਤਾਂ
ਇਜ਼ਰਾਈਲੀਆਂ ਨੂੰ ਗ਼ੁਲਾਮਾਂ ਵਜੋਂ ਬਹੁਤ ਮਿਹਨਤ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਫ਼ਿਰਊਨ ਕੋਲ ਇਹ ਸੰਦੇਸ਼ ਦੇਣ ਲਈ ਭੇਜਿਆ: ‘ਮੇਰੇ ਲੋਕਾਂ ਨੂੰ ਜਾਣ ਦੇ ਤਾਂਕਿ ਉਹ ਉਜਾੜ ਵਿਚ ਜਾ ਕੇ ਮੇਰੀ ਭਗਤੀ ਕਰ ਸਕਣ।’ ਫ਼ਿਰਊਨ ਨੇ ਘਮੰਡ ਨਾਲ ਕਿਹਾ: ‘ਮੈਨੂੰ ਕੋਈ ਪਰਵਾਹ ਨਹੀਂ ਕਿ ਯਹੋਵਾਹ ਕੀ ਕਹਿੰਦਾ ਹੈ ਤੇ ਮੈਂ ਇਜ਼ਰਾਈਲੀਆਂ ਨੂੰ ਨਹੀਂ ਜਾਣ ਦੇਣਾ।’ ਫਿਰ ਫ਼ਿਰਊਨ ਨੇ ਉਨ੍ਹਾਂ ਨੂੰ ਹੋਰ ਜ਼ਿਆਦਾ ਕੰਮ ਕਰਨ ਲਈ ਮਜਬੂਰ ਕੀਤਾ। ਯਹੋਵਾਹ ਨੇ ਫ਼ਿਰਊਨ ਨੂੰ ਸਬਕ ਸਿਖਾਇਆ। ਤੁਹਾਨੂੰ ਪਤਾ ਕਿਵੇਂ? ਉਹ ਮਿਸਰ ʼਤੇ 10 ਆਫ਼ਤਾਂ ਲੈ ਕੇ ਆਇਆ। ਯਹੋਵਾਹ ਨੇ ਮੂਸਾ ਨੂੰ ਕਿਹਾ: ‘ਫ਼ਿਰਊਨ ਨੇ ਮੇਰੀ ਗੱਲ ਨਹੀਂ ਮੰਨੀ। ਉਹ ਕੱਲ੍ਹ ਸਵੇਰੇ ਨੀਲ ਦਰਿਆ ʼਤੇ ਹੋਵੇਗਾ। ਤੂੰ ਉਸ ਕੋਲ ਜਾਈਂ ਤੇ ਉਸ ਨੂੰ ਕਹੀਂ ਕਿ ਤੂੰ ਮੇਰੇ ਲੋਕਾਂ ਨੂੰ ਜਾਣ ਨਹੀਂ ਦਿੱਤਾ। ਇਸ ਲਈ ਨੀਲ ਦਰਿਆ ਦਾ ਪਾਣੀ ਖ਼ੂਨ ਬਣ ਜਾਵੇਗਾ।’ ਮੂਸਾ ਨੇ ਯਹੋਵਾਹ ਦਾ ਕਹਿਣਾ ਮੰਨਿਆ ਤੇ ਫ਼ਿਰਊਨ ਕੋਲ ਗਿਆ। ਫ਼ਿਰਊਨ ਨੇ ਹਾਰੂਨ ਨੂੰ ਨੀਲ ਦਰਿਆ ਨੂੰ ਆਪਣੇ ਡੰਡੇ ਨਾਲ ਮਾਰਦਿਆਂ ਦੇਖਿਆ ਤੇ ਪਾਣੀ ਖ਼ੂਨ ਬਣ ਗਿਆ। ਦਰਿਆ ਵਿੱਚੋਂ ਬਦਬੂ ਆਉਣ ਲੱਗ ਪਈ, ਮੱਛੀਆਂ ਮਰ ਗਈਆਂ ਤੇ ਨੀਲ ਦਰਿਆ ਤੋਂ ਕੋਈ ਵੀ ਪਾਣੀ ਨਹੀਂ ਪੀ ਸਕਦਾ ਸੀ। ਫ਼ਿਰਊਨ ਨੇ ਅਜੇ ਵੀ ਇਜ਼ਰਾਈਲੀਆਂ ਨੂੰ ਜਾਣ ਨਹੀਂ ਦਿੱਤਾ।
ਸੱਤ ਦਿਨਾਂ ਬਾਅਦ ਯਹੋਵਾਹ ਨੇ ਦੁਬਾਰਾ ਮੂਸਾ ਨੂੰ ਫ਼ਿਰਊਨ ਕੋਲ ਇਹ ਕਹਿਣ ਲਈ ਭੇਜਿਆ: ‘ਜੇ ਤੂੰ ਮੇਰੇ ਲੋਕਾਂ ਨੂੰ ਨਾ ਜਾਣ ਦਿੱਤਾ, ਤਾਂ ਪੂਰੇ ਮਿਸਰ ਵਿਚ ਡੱਡੂ ਹੀ ਡੱਡੂ ਹੋ ਜਾਣਗੇ।’ ਫ਼ਿਰਊਨ ਨੇ ਇਜ਼ਰਾਈਲੀਆਂ ਨੂੰ ਜਾਣ ਨਾ ਦਿੱਤਾ। ਇਸ ਲਈ ਹਾਰੂਨ ਨੇ ਆਪਣਾ ਡੰਡਾ ਉੱਪਰ ਚੁੱਕਿਆ ਤੇ ਸਾਰੇ ਦੇਸ਼ ਵਿਚ ਡੱਡੂ ਹੀ ਡੱਡੂ ਹੋ ਗਏ। ਲੋਕਾਂ ਦੇ ਘਰਾਂ, ਬਿਸਤਰਿਆਂ ਅਤੇ ਭਾਂਡਿਆਂ ਵਿਚ ਡੱਡੂ ਹੀ ਸਨ। ਹਰ ਪਾਸੇ ਡੱਡੂ ਹੀ ਡੱਡੂ ਸਨ। ਫ਼ਿਰਊਨ ਨੇ ਮੂਸਾ ਨੂੰ ਕਿਹਾ ਕਿ ਉਹ ਯਹੋਵਾਹ ਨੂੰ ਇਹ ਆਫ਼ਤ ਹਟਾਉਣ ਲਈ ਕਹੇ। ਫ਼ਿਰਊਨ ਨੇ ਵਾਅਦਾ ਕੀਤਾ ਕਿ ਉਹ ਇਜ਼ਰਾਈਲੀਆਂ ਨੂੰ ਜਾਣ ਦੇਵੇਗਾ। ਇਸ ਲਈ ਯਹੋਵਾਹ ਨੇ ਆਫ਼ਤ ਹਟਾ ਦਿੱਤੀ। ਮਿਸਰੀਆਂ ਨੇ ਮਰੇ ਡੱਡੂ ਇਕੱਠੇ ਕੀਤੇ ਤੇ ਹਰ ਪਾਸੇ ਡੱਡੂਆਂ ਦੇ ਢੇਰ ਲੱਗ ਗਏ। ਸਾਰੇ ਦੇਸ਼ ਵਿਚ ਬਦਬੂ ਫੈਲ ਗਈ। ਪਰ ਫ਼ਿਰਊਨ ਨੇ ਇਜ਼ਰਾਈਲੀਆਂ ਨੂੰ ਜਾਣ ਨਹੀਂ ਦਿੱਤਾ।
ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: ‘ਹਾਰੂਨ ਆਪਣਾ ਡੰਡਾ ਜ਼ਮੀਨ ʼਤੇ ਮਾਰੇ ਅਤੇ ਮਿੱਟੀ ਮੱਛਰ ਬਣ ਜਾਵੇਗੀ।’ ਛੇਤੀ ਹੀ ਇਹ ਮੱਛਰ ਸਾਰੇ ਪਾਸੇ ਫੈਲ ਗਏ। ਫ਼ਿਰਊਨ ਦੇ ਕੁਝ ਲੋਕਾਂ ਨੇ ਉਸ ਨੂੰ ਕਿਹਾ: ‘ਇਹ ਆਫ਼ਤ ਰੱਬ ਵੱਲੋਂ ਹੈ।’ ਪਰ ਅਜੇ ਵੀ ਫ਼ਿਰਊਨ ਨੇ ਇਜ਼ਰਾਈਲੀਆਂ ਨੂੰ ਜਾਣ ਨਹੀਂ ਦਿੱਤਾ।
“ਮੈਂ ਉਨ੍ਹਾਂ ਨੂੰ ਆਪਣੀ ਤਾਕਤ ਅਤੇ ਆਪਣਾ ਬਲ ਦਿਖਾਵਾਂਗਾ ਅਤੇ ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਮੇਰਾ ਨਾਂ ਯਹੋਵਾਹ ਹੈ।”—ਯਿਰਮਿਯਾਹ 16:21