ਪਾਠ 21
ਦਸਵੀਂ ਆਫ਼ਤ
ਮੂਸਾ ਨੇ ਫ਼ਿਰਊਨ ਨੂੰ ਕਿਹਾ ਕਿ ਉਹ ਦੁਬਾਰਾ ਉਸ ਦੇ ਸਾਮ੍ਹਣੇ ਨਹੀਂ ਆਵੇਗਾ। ਉਸ ਨੇ ਜਾਣ ਤੋਂ ਪਹਿਲਾਂ ਫ਼ਿਰਊਨ ਨੂੰ ਕਿਹਾ: ‘ਅੱਧੀ ਰਾਤ ਨੂੰ ਫ਼ਿਰਊਨ ਦੇ ਜੇਠੇ ਮੁੰਡੇ ਦੇ ਨਾਲ-ਨਾਲ ਬਾਕੀ ਸਾਰੇ ਮਿਸਰੀਆਂ ਦੇ ਜੇਠੇ ਮੁੰਡੇ ਮਰ ਜਾਣਗੇ।’
ਯਹੋਵਾਹ ਨੇ ਇਜ਼ਰਾਈਲੀਆਂ ਨੂੰ ਖ਼ਾਸ ਭੋਜਨ ਖਾਣ ਲਈ ਕਿਹਾ। ਉਸ ਨੇ ਕਿਹਾ: ‘ਇਕ ਸਾਲ ਦੇ ਭੇਡੂ ਜਾਂ ਬੱਕਰੇ ਨੂੰ ਮਾਰੋ ਅਤੇ ਉਸ ਦਾ ਥੋੜ੍ਹਾ ਜਿਹਾ ਖ਼ੂਨ ਆਪਣੇ ਦਰਵਾਜ਼ਿਆਂ ਦੀਆਂ ਚੁਗਾਠਾਂ ʼਤੇ ਲਾਓ। ਉਸ ਦਾ ਮੀਟ ਭੁੰਨ ਕੇ ਬੇਖ਼ਮੀਰੀ ਰੋਟੀ ਨਾਲ ਖਾਓ। ਕੱਪੜੇ ਅਤੇ ਜੁੱਤੀ ਪਾ ਕੇ ਤਿਆਰ ਰਹੋ। ਮੈਂ ਅੱਜ ਰਾਤ ਨੂੰ ਤੁਹਾਨੂੰ ਆਜ਼ਾਦ ਕਰਾਵਾਂਗਾ।’ ਕੀ ਤੁਸੀਂ ਸੋਚ ਸਕਦੇ ਕਿ ਇਜ਼ਰਾਈਲੀ ਕਿੰਨੇ ਖ਼ੁਸ਼ ਹੋਏ ਹੋਣੇ?
ਯਹੋਵਾਹ ਦਾ ਦੂਤ ਅੱਧੀ ਰਾਤ ਨੂੰ ਮਿਸਰ ਦੇ ਹਰ ਘਰ ਉੱਤੋਂ ਦੀ ਲੰਘਿਆ। ਜਿਨ੍ਹਾਂ ਘਰਾਂ ਦੇ ਦਰਵਾਜ਼ਿਆਂ ʼਤੇ ਖ਼ੂਨ ਨਹੀਂ ਲੱਗਾ ਸੀ, ਦੂਤ ਨੇ ਉਨ੍ਹਾਂ ਦੇ ਜੇਠੇ ਮੁੰਡੇ ਮਾਰ ਦਿੱਤੇ। ਪਰ ਜਿਨ੍ਹਾਂ ਘਰਾਂ ਦੇ ਦਰਵਾਜ਼ਿਆਂ ʼਤੇ ਖ਼ੂਨ ਲੱਗਾ ਸੀ, ਦੂਤ ਨੇ ਉਹ ਘਰ ਛੱਡ ਦਿੱਤੇ। ਮਿਸਰੀਆਂ ਦੇ ਅਮੀਰ-ਗ਼ਰੀਬ, ਸਾਰੇ ਪਰਿਵਾਰਾਂ ਦੇ ਜੇਠੇ ਮੁੰਡੇ ਮਾਰੇ ਗਏ। ਪਰ ਇਜ਼ਰਾਈਲੀਆਂ ਦੇ ਮੁੰਡੇ ਜੀਉਂਦੇ ਰਹੇ।
ਫ਼ਿਰਊਨ ਦਾ ਮੁੰਡਾ ਵੀ ਮਰ ਗਿਆ। ਫ਼ਿਰਊਨ ਹੁਣ ਹੋਰ ਦੁੱਖ ਨਹੀਂ ਦੇਖ ਸਕਦਾ ਸੀ। ਉਸ ਨੇ ਮੂਸਾ ਅਤੇ ਹਾਰੂਨ ਨੂੰ ਕਿਹਾ: ‘ਉੱਠੋ ਅਤੇ ਇੱਥੋਂ ਫਟਾਫਟ ਨਿਕਲ ਜਾਓ। ਜਾਓ ਆਪਣੇ ਰੱਬ ਦੀ ਭਗਤੀ ਕਰੋ। ਆਪਣੇ ਜਾਨਵਰਾਂ ਨੂੰ ਵੀ ਨਾਲ ਲੈ ਜਾਓ!’
ਜਦੋਂ ਇਜ਼ਰਾਈਲੀ ਮਿਸਰ ਵਿੱਚੋਂ ਨਿਕਲੇ, ਉਸ ਰਾਤ ਪੂਰਾ ਚੰਦ ਨਿਕਲਿਆ ਸੀ ਜਿਸ ਕਰਕੇ ਕਾਫ਼ੀ ਰੌਸ਼ਨੀ ਸੀ। ਉਹ ਪਰਿਵਾਰਾਂ ਤੇ ਗੋਤਾਂ ਮੁਤਾਬਕ ਵੰਡੇ ਹੋਏ ਸਨ। ਉਨ੍ਹਾਂ ਵਿਚ 6 ਲੱਖ ਆਦਮੀ ਸਨ ਅਤੇ ਬਹੁਤ ਸਾਰੀਆਂ ਔਰਤਾਂ ਤੇ ਬੱਚੇ ਸਨ। ਨਾਲੇ ਹੋਰ ਲੋਕ ਵੀ ਉਨ੍ਹਾਂ ਨਾਲ ਗਏ ਤਾਂਕਿ ਉਹ ਵੀ ਯਹੋਵਾਹ ਦੀ ਭਗਤੀ ਕਰ ਸਕਣ। ਅਖ਼ੀਰ ਇਜ਼ਰਾਈਲੀਆਂ ਨੂੰ ਆਜ਼ਾਦੀ ਮਿਲ ਹੀ ਗਈ।
ਇਹ ਗੱਲ ਯਾਦ ਰੱਖਣ ਲਈ ਕਿ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਵੇਂ ਆਜ਼ਾਦ ਕਰਾਇਆ ਸੀ, ਉਨ੍ਹਾਂ ਨੂੰ ਹਰ ਸਾਲ ਇਹੀ ਖ਼ਾਸ ਭੋਜਨ ਖਾਣ ਦੀ ਲੋੜ ਸੀ। ਇਸ ਨੂੰ ਪਸਾਹ ਦਾ ਤਿਉਹਾਰ ਕਿਹਾ ਜਾਂਦਾ ਸੀ।
“ਮੈਂ ਤੈਨੂੰ ਇਸ ਕਰਕੇ ਅਜੇ ਤਕ ਜੀਉਂਦਾ ਰੱਖਿਆ ਤਾਂਕਿ ਮੈਂ ਤੇਰੇ ਮਾਮਲੇ ਵਿਚ ਆਪਣੀ ਤਾਕਤ ਦਿਖਾਵਾਂ ਅਤੇ ਪੂਰੀ ਧਰਤੀ ਉੱਤੇ ਮੇਰੇ ਨਾਂ ਬਾਰੇ ਲੋਕਾਂ ਨੂੰ ਪਤਾ ਲੱਗੇ।”—ਰੋਮੀਆਂ 9:17