ਪਾਠ 32
ਨਵਾਂ ਆਗੂ ਅਤੇ ਦੋ ਦਲੇਰ ਔਰਤਾਂ
ਯਹੋਵਾਹ ਦੇ ਲੋਕਾਂ ਦੀ ਕਾਫ਼ੀ ਸਾਲ ਅਗਵਾਈ ਕਰਨ ਤੋਂ ਬਾਅਦ 110 ਸਾਲਾਂ ਦੀ ਉਮਰ ਵਿਚ ਯਹੋਸ਼ੁਆ ਦੀ ਮੌਤ ਹੋ ਗਈ। ਯਹੋਸ਼ੁਆ ਦੇ ਜੀਉਂਦੇ ਜੀ ਇਜ਼ਰਾਈਲੀ ਯਹੋਵਾਹ ਦੀ ਭਗਤੀ ਕਰਦੇ ਰਹੇ। ਪਰ ਯਹੋਸ਼ੁਆ ਦੀ ਮੌਤ ਤੋਂ ਬਾਅਦ ਉਹ ਵੀ ਕਨਾਨੀਆਂ ਵਾਂਗ ਮੂਰਤੀ-ਪੂਜਾ ਕਰਨ ਲੱਗ ਪਏ। ਇਜ਼ਰਾਈਲੀ ਯਹੋਵਾਹ ਦੇ ਹੁਕਮ ਮੰਨਣ ਤੋਂ ਹਟ ਗਏ। ਇਸ ਲਈ ਯਹੋਵਾਹ ਨੇ ਕਨਾਨੀ ਰਾਜੇ ਯਾਬੀਨ ਨੂੰ ਵਰਤਿਆ ਕਿ ਉਹ ਇਜ਼ਰਾਈਲੀਆਂ ਨੂੰ ਗ਼ੁਲਾਮ ਬਣਾ ਲਵੇ। ਲੋਕ ਯਹੋਵਾਹ ਨੂੰ ਮਦਦ ਲਈ ਤਰਲੇ ਕਰਨ ਲੱਗੇ। ਇਸ ਲਈ ਯਹੋਵਾਹ ਨੇ ਬਾਰਾਕ ਨੂੰ ਉਨ੍ਹਾਂ ਦਾ ਨਵਾਂ ਆਗੂ ਚੁਣਿਆ। ਉਸ ਨੇ ਦੁਬਾਰਾ ਯਹੋਵਾਹ ਨਾਲ ਰਿਸ਼ਤਾ ਜੋੜਨ ਵਿਚ ਉਨ੍ਹਾਂ ਦੀ ਮਦਦ ਕਰਨੀ ਸੀ।
ਨਬੀਆ ਦਬੋਰਾਹ ਨੇ ਬਾਰਾਕ ਨੂੰ ਬੁਲਵਾਇਆ। ਉਸ ਨੇ ਬਾਰਾਕ ਨੂੰ ਯਹੋਵਾਹ ਦਾ ਸੰਦੇਸ਼ ਦਿੱਤਾ: ‘ਆਪਣੇ ਨਾਲ 10,000 ਆਦਮੀ ਲੈ ਜਾ ਅਤੇ ਕੀਸ਼ੋਨ ਨਦੀ ʼਤੇ ਯਾਬੀਨ ਦੀ ਫ਼ੌਜ ਨੂੰ ਮਿਲ। ਉੱਥੇ ਤੂੰ ਯਾਬੀਨ ਦੀ ਫ਼ੌਜ ਦੇ ਸੈਨਾਪਤੀ ਸੀਸਰਾ ਨੂੰ ਮਾਰੇਂਗਾ।’ ਬਾਰਾਕ ਨੇ ਦਬੋਰਾਹ ਨੂੰ ਕਿਹਾ: ‘ਮੈਂ ਤਾਂ ਹੀ ਜਾਣਾ ਜੇ ਤੂੰ ਮੇਰੇ ਨਾਲ ਚੱਲੇਂਗੀ।’ ਉਸ ਨੇ ਕਿਹਾ: ‘ਮੈਂ ਤੇਰੇ ਨਾਲ ਜ਼ਰੂਰ ਜਾਵਾਂਗੀ। ਪਰ ਇਹ ਜਾਣ ਲੈ ਕਿ ਤੂੰ ਸੀਸਰਾ ਨੂੰ ਨਹੀਂ ਮਾਰੇਂਗਾ। ਯਹੋਵਾਹ ਨੇ ਕਿਹਾ ਹੈ ਕਿ ਉਹ ਇਕ ਔਰਤ ਦੇ ਹੱਥੋਂ ਮਰੇਗਾ।’
ਦਬੋਰਾਹ ਬਾਰਾਕ ਅਤੇ ਉਸ ਦੀ ਫ਼ੌਜ ਨਾਲ ਲੜਾਈ ਦੀ ਤਿਆਰੀ ਲਈ ਤਾਬੋਰ ਪਹਾੜ ʼਤੇ ਚਲੀ ਗਈ। ਜਿਉਂ ਹੀ ਸੀਸਰਾ ਨੂੰ ਇਹ ਪਤਾ ਲੱਗਾ, ਉਸ ਨੇ ਆਪਣੇ ਯੁੱਧ ਦੇ ਰਥ ਅਤੇ ਫ਼ੌਜਾਂ ਵਾਦੀ ਦੇ ਥੱਲੇ ਇਕੱਠੀਆਂ ਕਰ ਲਈਆਂ। ਦਬੋਰਾਹ ਨੇ ਬਾਰਾਕ ਨੂੰ ਕਿਹਾ: ‘ਅੱਜ ਯਹੋਵਾਹ ਤੈਨੂੰ ਜਿੱਤ ਦਿਵਾਏਗਾ।’ ਬਾਰਾਕ ਅਤੇ ਉਸ ਦੇ 10,000 ਆਦਮੀ ਸੀਸਰਾ ਦੀ ਤਾਕਤਵਰ ਫ਼ੌਜ ਨਾਲ ਲੜਨ ਲਈ ਪਹਾੜ ਤੋਂ ਥੱਲੇ ਆ ਗਏ।
ਫਿਰ ਯਹੋਵਾਹ ਕੀਸ਼ੋਨ ਨਦੀ ਵਿਚ ਹੜ੍ਹ ਲੈ ਆਇਆ। ਸੀਸਰਾ ਦੇ ਰਥ ਚਿੱਕੜ ਵਿਚ ਫਸ ਗਏ। ਸੀਸਰਾ ਆਪਣਾ ਰਥ ਛੱਡ ਕੇ ਭੱਜ ਗਿਆ। ਬਾਰਾਕ ਅਤੇ ਉਸ ਦੇ ਫ਼ੌਜੀਆਂ ਨੇ ਸੀਸਰਾ ਦੀ ਫ਼ੌਜ ਨੂੰ ਹਰਾ ਦਿੱਤਾ, ਪਰ ਸੀਸਰਾ ਬਚ ਗਿਆ! ਉਹ ਭੱਜ ਕੇ ਯਾਏਲ ਨਾਂ ਦੀ ਔਰਤ ਦੇ ਤੰਬੂ ਵਿਚ ਲੁਕ ਗਿਆ। ਉਸ ਨੇ ਸੀਸਰਾ ਨੂੰ ਪੀਣ ਲਈ ਦੁੱਧ ਦਿੱਤਾ ਅਤੇ ਉਸ ʼਤੇ ਕੰਬਲ ਦੇ ਦਿੱਤਾ। ਸੀਸਰਾ ਥੱਕਿਆ-ਟੁੱਟਿਆ ਹੋਣ ਕਰਕੇ ਸੌਂ ਗਿਆ। ਫਿਰ ਯਾਏਲ ਦੱਬੇ ਪੈਰੀਂ ਉਸ ਕੋਲ ਗਈ ਅਤੇ ਉਸ ਦੇ ਸਿਰ ਵਿਚ ਕਿੱਲ ਠੋਕ ਦਿੱਤਾ ਤੇ ਉਹ ਮਰ ਗਿਆ।
ਬਾਰਾਕ ਸੀਸਰਾ ਦਾ ਪਿੱਛਾ ਕਰਦਾ ਹੋਇਆ ਉੱਥੇ ਆ ਗਿਆ। ਯਾਏਲ ਤੰਬੂ ਵਿੱਚੋਂ ਬਾਹਰ ਆਈ ਅਤੇ ਉਸ ਨੂੰ ਕਿਹਾ: ‘ਅੰਦਰ ਆਜਾ। ਮੈਂ ਤੈਨੂੰ ਉਹ ਆਦਮੀ ਦਿਖਾਉਂਦੀ ਹਾਂ ਜਿਸ ਨੂੰ ਤੂੰ ਲੱਭ ਰਿਹਾ ਹੈਂ।’ ਬਾਰਾਕ ਅੰਦਰ ਗਿਆ ਅਤੇ ਦੇਖਿਆ ਕਿ ਸੀਸਰਾ ਮਰਿਆ ਪਿਆ ਸੀ। ਬਾਰਾਕ ਅਤੇ ਦਬੋਰਾਹ ਨੇ ਯਹੋਵਾਹ ਦੀ ਮਹਿਮਾ ਲਈ ਗੀਤ ਗਾਇਆ ਕਿਉਂਕਿ ਉਸ ਨੇ ਇਜ਼ਰਾਈਲੀਆਂ ਨੂੰ ਦੁਸ਼ਮਣਾਂ ʼਤੇ ਜਿੱਤ ਦਿਵਾਈ ਸੀ। ਅਗਲੇ 40 ਸਾਲਾਂ ਤਕ ਇਜ਼ਰਾਈਲ ਵਿਚ ਸ਼ਾਂਤੀ ਰਹੀ।
“ਖ਼ੁਸ਼ ਖ਼ਬਰੀ ਸੁਣਾਉਣ ਵਾਲੀਆਂ ਔਰਤਾਂ ਦੀ ਵੱਡੀ ਫ਼ੌਜ ਹੈ।”—ਜ਼ਬੂਰ 68:11