ਪਾਠ 37
ਯਹੋਵਾਹ ਨੇ ਸਮੂਏਲ ਨਾਲ ਗੱਲ ਕੀਤੀ
ਮਹਾਂ ਪੁਜਾਰੀ ਏਲੀ ਦੇ ਦੋ ਮੁੰਡੇ ਸਨ ਜੋ ਡੇਰੇ ਵਿਚ ਪੁਜਾਰੀਆਂ ਵਜੋਂ ਸੇਵਾ ਕਰਦੇ ਸਨ। ਉਨ੍ਹਾਂ ਦੇ ਨਾਂ ਸਨ, ਹਾਫਨੀ ਤੇ ਫ਼ੀਨਹਾਸ। ਉਹ ਯਹੋਵਾਹ ਦੇ ਕਾਨੂੰਨ ਨਹੀਂ ਮੰਨਦੇ ਸਨ ਅਤੇ ਉਹ ਲੋਕਾਂ ਨਾਲ ਬੁਰਾ ਸਲੂਕ ਕਰਦੇ ਸਨ। ਜਦੋਂ ਇਜ਼ਰਾਈਲੀ ਯਹੋਵਾਹ ਲਈ ਬਲ਼ੀਆਂ ਲਿਆਉਂਦੇ ਸਨ, ਤਾਂ ਹਾਫਨੀ ਤੇ ਫ਼ੀਨਹਾਸ ਆਪਣੇ ਲਈ ਸਭ ਤੋਂ ਵਧੀਆ ਮੀਟ ਰੱਖ ਲੈਂਦੇ ਸਨ। ਏਲੀ ਨੇ ਸੁਣਿਆ ਸੀ ਕਿ ਉਸ ਦੇ ਮੁੰਡੇ ਕੀ ਕਰਦੇ ਸਨ, ਪਰ ਉਸ ਨੇ ਇਸ ਬਾਰੇ ਕੁਝ ਨਹੀਂ ਕੀਤਾ। ਕੀ ਯਹੋਵਾਹ ਨੇ ਇਸ ਤਰ੍ਹਾਂ ਹੋਣ ਦਿੰਦੇ ਰਹਿਣਾ ਸੀ?
ਭਾਵੇਂ ਕਿ ਸਮੂਏਲ ਹਾਫਨੀ ਤੇ ਫ਼ੀਨਹਾਸ ਤੋਂ ਬਹੁਤ ਛੋਟਾ ਸੀ, ਪਰ ਉਸ ਨੇ ਉਨ੍ਹਾਂ ਦੀ ਰੀਸ ਨਹੀਂ ਕੀਤੀ। ਯਹੋਵਾਹ ਸਮੂਏਲ ਤੋਂ ਖ਼ੁਸ਼ ਸੀ। ਇਕ ਰਾਤ ਜਦੋਂ ਸਮੂਏਲ ਸੁੱਤਾ ਪਿਆ ਸੀ, ਤਾਂ ਉਸ ਨੇ ਸੁਣਿਆ ਕਿ ਕਿਸੇ ਨੇ ਉਸ ਨੂੰ ਆਵਾਜ਼ ਮਾਰੀ ਸੀ। ਉਹ ਉੱਠ ਕੇ ਏਲੀ ਕੋਲ ਗਿਆ ਤੇ ਉਸ ਨੂੰ ਕਿਹਾ: ‘ਮੈਂ ਹਾਜ਼ਰ ਹਾਂ।’ ਪਰ ਏਲੀ ਨੇ ਕਿਹਾ: ‘ਮੈਂ ਨਹੀਂ ਬੁਲਾਇਆ। ਜਾਹ, ਜਾ ਕੇ ਸੌਂ ਜਾ।’ ਸਮੂਏਲ ਜਾ ਕੇ ਪੈ ਗਿਆ। ਸਮੂਏਲ ਨੂੰ ਫਿਰ ਆਵਾਜ਼ ਆਈ। ਜਦੋਂ ਸਮੂਏਲ ਨੇ ਤੀਸਰੀ ਵਾਰ ਆਵਾਜ਼ ਸੁਣੀ, ਤਾਂ ਏਲੀ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਸਮੂਏਲ ਨੂੰ ਬੁਲਾ ਰਿਹਾ ਸੀ। ਉਸ ਨੇ ਸਮੂਏਲ ਨੂੰ ਕਿਹਾ ਕਿ ਜੇ ਤੂੰ ਫਿਰ ਆਵਾਜ਼ ਸੁਣੇ, ਤਾਂ ਕਹੀਂ: ‘ਦੱਸ ਯਹੋਵਾਹ, ਤੇਰਾ ਸੇਵਕ ਸੁਣ ਰਿਹਾ ਹੈ।’
ਸਮੂਏਲ ਜਾ ਕੇ ਲੰਮਾ ਪੈ ਗਿਆ। ਫਿਰ ਉਸ ਨੇ ਆਵਾਜ਼ ਸੁਣੀ: ‘ਸਮੂਏਲ, ਸਮੂਏਲ!’ ਉਸ ਨੇ ਜਵਾਬ ਦਿੱਤਾ: ‘ਦੱਸ, ਤੇਰਾ ਸੇਵਕ ਸੁਣ ਰਿਹਾ ਹੈ।’ ਯਹੋਵਾਹ ਨੇ ਉਸ ਨੂੰ ਕਿਹਾ: ‘ਏਲੀ ਨੂੰ ਦੱਸ ਕਿ ਮੈਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਸਜ਼ਾ ਦੇਵਾਂਗਾ। ਉਹ ਜਾਣਦਾ ਹੈ ਕਿ ਉਸ ਦੇ ਮੁੰਡੇ ਮੇਰੇ ਡੇਰੇ ਵਿਚ ਬੁਰੇ ਕੰਮ ਕਰ ਰਹੇ ਹਨ, ਪਰ ਉਹ ਉਨ੍ਹਾਂ ਨੂੰ ਕੁਝ ਨਹੀਂ ਕਹਿੰਦਾ।’ ਸਵੇਰ ਨੂੰ ਸਮੂਏਲ ਨੇ ਪਹਿਲਾਂ ਵਾਂਗ ਡੇਰੇ ਦੇ ਦਰਵਾਜ਼ੇ ਖੋਲ੍ਹੇ। ਉਹ ਯਹੋਵਾਹ ਵੱਲੋਂ ਦੱਸੀਆਂ ਗੱਲਾਂ ਮਹਾਂ ਪੁਜਾਰੀ ਨੂੰ ਦੱਸਣ ਤੋਂ ਡਰ ਰਿਹਾ ਸੀ। ਪਰ ਏਲੀ ਨੇ ਉਸ ਨੂੰ ਬੁਲਾ ਕੇ ਪੁੱਛਿਆ: ‘ਪੁੱਤ, ਯਹੋਵਾਹ ਨੇ ਤੈਨੂੰ ਕੀ ਕਿਹਾ? ਮੈਨੂੰ ਸਾਰੀ ਗੱਲ ਦੱਸ।’ ਸੋ ਸਮੂਏਲ ਨੇ ਏਲੀ ਨੂੰ ਸਭ ਕੁਝ ਦੱਸ ਦਿੱਤਾ।
ਸਮੂਏਲ ਵੱਡਾ ਹੁੰਦਾ ਗਿਆ ਅਤੇ ਯਹੋਵਾਹ ਹਮੇਸ਼ਾ ਉਸ ਦੇ ਨਾਲ ਰਿਹਾ। ਪੂਰੇ ਦੇਸ਼ ਵਿਚ ਸਾਰੇ ਇਜ਼ਰਾਈਲੀਆਂ ਨੂੰ ਪਤਾ ਸੀ ਕਿ ਯਹੋਵਾਹ ਨੇ ਸਮੂਏਲ ਨੂੰ ਨਬੀ ਤੇ ਨਿਆਂਕਾਰ ਵਜੋਂ ਚੁਣਿਆ ਸੀ।
“ਆਪਣੀ ਜਵਾਨੀ ਦੇ ਦਿਨਾਂ ਵਿਚ ਆਪਣੇ ਮਹਾਨ ਸਿਰਜਣਹਾਰ ਨੂੰ ਯਾਦ ਰੱਖ।”—ਉਪਦੇਸ਼ਕ ਦੀ ਕਿਤਾਬ 12:1