ਪਾਠ 43
ਰਾਜਾ ਦਾਊਦ ਦਾ ਪਾਪ
ਸ਼ਾਊਲ ਦੇ ਮਰਨ ਤੋਂ ਬਾਅਦ ਦਾਊਦ ਰਾਜਾ ਬਣ ਗਿਆ। ਉਹ 30 ਸਾਲਾਂ ਦਾ ਸੀ। ਰਾਜਾ ਬਣਨ ਤੋਂ ਕੁਝ ਸਾਲਾਂ ਬਾਅਦ ਉਸ ਨੇ ਇਕ ਵੱਡੀ ਗ਼ਲਤੀ ਕੀਤੀ। ਇਕ ਰਾਤ ਉਸ ਨੇ ਆਪਣੇ ਮਹਿਲ ਦੀ ਛੱਤ ਤੋਂ ਇਕ ਸੋਹਣੀ ਔਰਤ ਨੂੰ ਦੇਖਿਆ। ਦਾਊਦ ਨੂੰ ਪਤਾ ਲੱਗਾ ਕਿ ਉਸ ਔਰਤ ਦਾ ਨਾਂ ਬਥ-ਸ਼ਬਾ ਸੀ। ਉਸ ਦਾ ਵਿਆਹ ਊਰੀਯਾਹ ਨਾਲ ਹੋਇਆ ਸੀ ਜੋ ਇਕ ਫ਼ੌਜੀ ਸੀ। ਦਾਊਦ ਨੇ ਬਥ-ਸ਼ਬਾ ਨੂੰ ਆਪਣੇ ਮਹਿਲ ਵਿਚ ਬੁਲਾਇਆ। ਉਨ੍ਹਾਂ ਨੇ ਸੰਬੰਧ ਬਣਾਏ ਅਤੇ ਬਥ-ਸ਼ਬਾ ਗਰਭਵਤੀ ਹੋ ਗਈ। ਦਾਊਦ ਨੇ ਇਸ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਆਪਣੇ ਸੈਨਾਪਤੀ ਨੂੰ ਕਿਹਾ ਕਿ ਉਹ ਊਰੀਯਾਹ ਨੂੰ ਲੜਾਈ ਵਿਚ ਸਭ ਤੋਂ ਅੱਗੇ ਰੱਖੇ ਅਤੇ ਬਾਕੀ ਜਣੇ ਪਿੱਛੇ ਹਟ ਜਾਣ। ਲੜਾਈ ਵਿਚ ਊਰੀਯਾਹ ਦੇ ਮਾਰੇ ਜਾਣ ਤੋਂ ਬਾਅਦ ਦਾਊਦ ਨੇ ਬਥ-ਸ਼ਬਾ ਨਾਲ ਵਿਆਹ ਕਰਾ ਲਿਆ।
ਯਹੋਵਾਹ ਇਹ ਸਾਰਾ ਕੁਝ ਦੇਖ ਰਿਹਾ ਸੀ। ਉਸ ਨੇ ਕੀ ਕੀਤਾ? ਯਹੋਵਾਹ ਨੇ ਨਾਥਾਨ ਨਬੀ ਨੂੰ ਦਾਊਦ ਕੋਲ ਭੇਜਿਆ। ਨਾਥਾਨ ਨੇ ਕਿਹਾ: ‘ਇਕ ਅਮੀਰ ਆਦਮੀ ਕੋਲ ਬਹੁਤ ਸਾਰੀਆਂ ਭੇਡਾਂ ਸਨ ਅਤੇ ਇਕ ਗ਼ਰੀਬ ਆਦਮੀ ਕੋਲ ਸਿਰਫ਼ ਇਕ ਛੋਟੀ ਜਿਹੀ ਲੇਲੀ ਸੀ ਅਤੇ ਉਹ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ। ਅਮੀਰ ਆਦਮੀ ਨੇ ਉਸ ਗ਼ਰੀਬ ਦੀ ਇੱਕੋ-ਇਕ ਲੇਲੀ ਵੀ ਲੈ ਲਈ।’ ਇਹ ਗੱਲ ਸੁਣ ਕੇ ਦਾਊਦ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਕਿਹਾ: ‘ਉਸ ਅਮੀਰ ਆਦਮੀ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ!’ ਨਾਥਾਨ ਨੇ ਦਾਊਦ ਨੂੰ ਕਿਹਾ: ‘ਉਹ ਅਮੀਰ ਆਦਮੀ ਤੂੰ ਹੀ ਹੈਂ!’ ਦਾਊਦ ਬਹੁਤ ਦੁਖੀ ਹੋਇਆ ਅਤੇ ਉਸ ਨੇ ਨਾਥਾਨ ਅੱਗੇ ਆਪਣੀ ਗ਼ਲਤੀ ਮੰਨੀ: ‘ਮੈਂ ਯਹੋਵਾਹ ਦੇ ਖ਼ਿਲਾਫ਼ ਪਾਪ ਕੀਤਾ ਹੈ।’ ਇਸ ਪਾਪ ਕਰਕੇ ਦਾਊਦ ਅਤੇ ਉਸ ਦੇ ਪਰਿਵਾਰ ʼਤੇ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ। ਯਹੋਵਾਹ ਨੇ ਦਾਊਦ ਨੂੰ ਸਜ਼ਾ ਦਿੱਤੀ, ਪਰ ਉਸ ਨੂੰ ਜਾਨੋਂ ਨਹੀਂ ਮਾਰਿਆ ਕਿਉਂਕਿ ਉਹ ਈਮਾਨਦਾਰ ਅਤੇ ਨਿਮਰ ਸੀ।
ਦਾਊਦ ਯਹੋਵਾਹ ਲਈ ਮੰਦਰ ਬਣਾਉਣਾ ਚਾਹੁੰਦਾ ਸੀ, ਪਰ ਯਹੋਵਾਹ ਨੇ ਦਾਊਦ ਦੇ ਮੁੰਡੇ ਸੁਲੇਮਾਨ ਨੂੰ ਮੰਦਰ ਬਣਾਉਣ ਲਈ ਚੁਣਿਆ। ਦਾਊਦ ਨੇ ਮੰਦਰ ਬਣਾਉਣ ਲਈ ਚੀਜ਼ਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂਕਿ ਉਸ ਦਾ ਬੇਟਾ ਸੁਲੇਮਾਨ ਇਹ ਕੰਮ ਪੂਰਾ ਕਰ ਸਕੇ। ਦਾਊਦ ਨੇ ਕਿਹਾ: ‘ਯਹੋਵਾਹ ਦਾ ਮੰਦਰ ਸ਼ਾਨਦਾਰ ਹੋਣਾ ਚਾਹੀਦਾ ਹੈ। ਸੁਲੇਮਾਨ ਹਾਲੇ ਨੌਜਵਾਨ ਹੈ, ਇਸ ਲਈ ਮੈਂ ਹਰ ਚੀਜ਼ ਦਾ ਇੰਤਜ਼ਾਮ ਕਰ ਕੇ ਉਸ ਦੀ ਮਦਦ ਕਰਾਂਗਾ।’ ਇਸ ਕੰਮ ਲਈ ਦਾਊਦ ਨੇ ਬਹੁਤ ਸਾਰੇ ਪੈਸੇ ਦਾਨ ਦਿੱਤੇ। ਉਸ ਨੇ ਮਾਹਰ ਕਾਰੀਗਰਾਂ ਨੂੰ ਚੁਣਿਆ। ਉਸ ਨੇ ਸੋਨਾ-ਚਾਂਦੀ ਇਕੱਠਾ ਕੀਤਾ ਅਤੇ ਸੋਰ ਤੇ ਸੀਦੋਨ ਤੋਂ ਦਿਆਰ ਦੀ ਲੱਕੜ ਖ਼ਰੀਦੀ। ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ ਵਿਚ ਦਾਊਦ ਨੇ ਸੁਲੇਮਾਨ ਨੂੰ ਦੱਸਿਆ ਕਿ ਯਹੋਵਾਹ ਦਾ ਮੰਦਰ ਕਿਵੇਂ ਬਣਾਇਆ ਜਾਵੇ। ਉਸ ਨੇ ਕਿਹਾ: ‘ਯਹੋਵਾਹ ਨੇ ਮੈਨੂੰ ਇਹ ਗੱਲਾਂ ਤੇਰੇ ਵਾਸਤੇ ਲਿਖਣ ਨੂੰ ਕਹੀਆਂ ਸਨ। ਯਹੋਵਾਹ ਤੇਰੀ ਮਦਦ ਕਰੇਗਾ। ਡਰ ਨਾ। ਤਕੜਾ ਹੋ ਅਤੇ ਕੰਮ ਕਰ।’
“ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ, ਉਹ ਸਫ਼ਲ ਨਹੀਂ ਹੋਵੇਗਾ, ਪਰ ਜਿਹੜਾ ਉਨ੍ਹਾਂ ਨੂੰ ਮੰਨ ਲੈਂਦਾ ਹੈ ਅਤੇ ਛੱਡ ਦਿੰਦਾ ਹੈ, ਉਸ ਉੱਤੇ ਰਹਿਮ ਕੀਤਾ ਜਾਵੇਗਾ।”—ਕਹਾਉਤਾਂ 28:13