ਪਾਠ 48
ਵਿਧਵਾ ਦੇ ਮੁੰਡੇ ਨੂੰ ਜੀਉਂਦਾ ਕੀਤਾ ਗਿਆ
ਸੋਕੇ ਦੌਰਾਨ ਯਹੋਵਾਹ ਨੇ ਏਲੀਯਾਹ ਨੂੰ ਕਿਹਾ: ‘ਸਾਰਫਥ ਸ਼ਹਿਰ ਨੂੰ ਜਾਹ। ਉੱਥੇ ਇਕ ਵਿਧਵਾ ਤੈਨੂੰ ਖਾਣਾ ਦੇਵੇਗੀ।’ ਸ਼ਹਿਰ ਦੇ ਦਰਵਾਜ਼ੇ ਕੋਲ ਏਲੀਯਾਹ ਨੇ ਗ਼ਰੀਬ ਵਿਧਵਾ ਨੂੰ ਲੱਕੜਾਂ ਇਕੱਠੀਆਂ ਕਰਦੀ ਦੇਖਿਆ। ਉਸ ਨੇ ਵਿਧਵਾ ਤੋਂ ਪਾਣੀ ਮੰਗਿਆ। ਜਦੋਂ ਉਹ ਪਾਣੀ ਲੈਣ ਲਈ ਅੰਦਰ ਗਈ, ਤਾਂ ਏਲੀਯਾਹ ਨੇ ਪਿੱਛਿਓਂ ਆਵਾਜ਼ ਮਾਰ ਕੇ ਕਿਹਾ: ‘ਕਿਰਪਾ ਕਰ ਕੇ ਮੇਰੇ ਲਈ ਇਕ-ਅੱਧੀ ਰੋਟੀ ਲੈਂਦੀ ਆਈਂ।’ ਪਰ ਵਿਧਵਾ ਨੇ ਕਿਹਾ: ‘ਮੇਰੇ ਕੋਲ ਰੋਟੀ ਨਹੀਂ ਹੈ। ਮੇਰੇ ਕੋਲ ਆਪਣੇ ਅਤੇ ਆਪਣੇ ਮੁੰਡੇ ਜੋਗਾ ਹੀ ਆਟਾ ਤੇ ਤੇਲ ਹੈ।’ ਏਲੀਯਾਹ ਨੇ ਉਸ ਨੂੰ ਕਿਹਾ: ‘ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਜੇ ਤੂੰ ਮੈਨੂੰ ਇਕ ਰੋਟੀ ਬਣਾ ਕੇ ਦੇਵੇਂ, ਤਾਂ ਤੇਰਾ ਆਟਾ ਤੇ ਤੇਲ ਉਦੋਂ ਤਕ ਨਹੀਂ ਮੁੱਕੇਗਾ ਜਦੋਂ ਤਕ ਮੀਂਹ ਨਹੀਂ ਪੈਂਦਾ।’
ਸੋ ਵਿਧਵਾ ਘਰ ਗਈ ਅਤੇ ਯਹੋਵਾਹ ਦੇ ਨਬੀ ਲਈ ਰੋਟੀ ਬਣਾ ਕੇ ਲਿਆਈ। ਯਹੋਵਾਹ ਦੇ ਵਾਅਦੇ ਮੁਤਾਬਕ ਵਿਧਵਾ ਅਤੇ ਉਸ ਦੇ ਮੁੰਡੇ ਕੋਲ ਸੋਕੇ ਦੌਰਾਨ ਹਮੇਸ਼ਾ ਖਾਣ ਲਈ ਖਾਣਾ ਸੀ। ਉਸ ਦੇ ਮਰਤਬਾਨ ਵਿੱਚੋਂ ਨਾ ਆਟਾ ਅਤੇ ਨਾ ਕੁੱਪੀ ਵਿੱਚੋਂ ਤੇਲ ਮੁੱਕਿਆ।
ਫਿਰ ਕੁਝ ਬਹੁਤ ਹੀ ਬੁਰਾ ਹੋਇਆ। ਵਿਧਵਾ ਦਾ ਮੁੰਡਾ ਇੰਨਾ ਬੀਮਾਰ ਹੋ ਗਿਆ ਕਿ ਉਹ ਮਰ ਗਿਆ। ਉਸ ਨੇ ਏਲੀਯਾਹ ਨੂੰ ਮਦਦ ਲਈ ਤਰਲੇ ਕੀਤੇ। ਏਲੀਯਾਹ ਨੇ ਉਸ ਕੋਲੋਂ ਮੁੰਡਾ ਫੜਿਆ ਅਤੇ ਉੱਪਰ ਚੁਬਾਰੇ ਵਿਚ ਲੈ ਗਿਆ। ਉਸ ਨੇ ਮੁੰਡੇ ਨੂੰ ਬਿਸਤਰੇ ʼਤੇ ਲਿਟਾ ਦਿੱਤਾ ਅਤੇ ਪ੍ਰਾਰਥਨਾ ਕੀਤੀ: ‘ਯਹੋਵਾਹ, ਮੇਰੀ ਬੇਨਤੀ ਹੈ ਕਿ ਇਸ ਬੱਚੇ ਦੀ ਜਾਨ ਦੁਬਾਰਾ ਇਸ ਵਿਚ ਪੈ ਜਾਵੇ।’ ਕੀ ਤੁਹਾਨੂੰ ਪਤਾ ਕਿ ਯਹੋਵਾਹ ਲਈ ਇਹ ਕੰਮ ਕਰਨਾ ਇੰਨਾ ਸ਼ਾਨਦਾਰ ਕਿਉਂ ਹੋਣਾ ਸੀ? ਕਿਉਂਕਿ ਜਿੱਥੋਂ ਤਕ ਸਾਨੂੰ ਪਤਾ ਹੈ, ਉਸ ਸਮੇਂ ਤਕ ਕਦੇ ਵੀ ਕਿਸੇ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਗਿਆ ਸੀ। ਨਾਲੇ ਇਹ ਵਿਧਵਾ ਤੇ ਉਸ ਦਾ ਮੁੰਡਾ ਤਾਂ ਇਜ਼ਰਾਈਲੀ ਵੀ ਨਹੀਂ ਸਨ।
ਮੁੰਡਾ ਜੀਉਂਦਾ ਹੋ ਗਿਆ। ਏਲੀਯਾਹ ਨੇ ਵਿਧਵਾ ਨੂੰ ਕਿਹਾ: ‘ਦੇਖ, ਤੇਰਾ ਪੁੱਤਰ ਜੀਉਂਦਾ ਹੈ।’ ਉਹ ਬਹੁਤ ਜ਼ਿਆਦਾ ਖ਼ੁਸ਼ ਹੋਈ ਤੇ ਉਸ ਨੇ ਏਲੀਯਾਹ ਨੂੰ ਕਿਹਾ: ‘ਤੂੰ ਸੱਚ-ਮੁੱਚ ਰੱਬ ਦਾ ਬੰਦਾ ਹੈਂ। ਮੈਂ ਜਾਣਦੀ ਹਾਂ ਕਿ ਤੂੰ ਉਹੀ ਕਹਿੰਦਾ ਹੈਂ ਜੋ ਯਹੋਵਾਹ ਤੈਨੂੰ ਦੱਸਦਾ ਹੈ ਤੇ ਤੇਰੀ ਗੱਲ ਹਮੇਸ਼ਾ ਸੱਚੀ ਹੁੰਦੀ ਹੈ।’
“ਜ਼ਰਾ ਕਾਂਵਾਂ ਵੱਲ ਧਿਆਨ ਦਿਓ: ਉਹ ਨਾ ਬੀਜਦੇ ਹਨ, ਨਾ ਵੱਢਦੇ ਹਨ; ਨਾ ਉਨ੍ਹਾਂ ਕੋਲ ਦਾਣਿਆਂ ਲਈ ਕੋਠੀਆਂ ਹਨ ਤੇ ਨਾ ਹੀ ਭੰਡਾਰ; ਫਿਰ ਵੀ ਪਰਮੇਸ਼ੁਰ ਉਨ੍ਹਾਂ ਦਾ ਢਿੱਡ ਭਰਦਾ ਹੈ। ਕੀ ਤੁਸੀਂ ਪੰਛੀਆਂ ਨਾਲੋਂ ਉੱਤਮ ਨਹੀਂ ਹੋ?”—ਲੂਕਾ 12:24