ਸਾਰਫਥ ਦੀ ਵਿਧਵਾ—ਉਸ ਨੂੰ ਮਿਲਿਆ ਨਿਹਚਾ ਦਾ ਇਨਾਮ
ਇਕ ਗ਼ਰੀਬ ਵਿਧਵਾ ਆਪਣੇ ਇਕਲੌਤੇ ਬੇਟੇ ਨੂੰ ਘੁੱਟ ਕੇ ਜੱਫੀ ਪਾਉਂਦੀ ਹੈ। ਉਸ ਨੂੰ ਆਪਣੀਆਂ ਅੱਖਾਂ ʼਤੇ ਵਿਸ਼ਵਾਸ ਨਹੀਂ ਹੋ ਰਿਹਾ ਕਿਉਂਕਿ ਥੋੜ੍ਹੀ ਹੀ ਦੇਰ ਪਹਿਲਾਂ ਉਸ ਨੇ ਆਪਣੇ ਬੇਟੇ ਦੇ ਬੇਜਾਨ ਸਰੀਰ ਨੂੰ ਆਪਣੇ ਕਲਾਵੇ ਵਿਚ ਲਿਆ ਹੋਇਆ ਸੀ। ਪਰ ਜਦ ਉਸ ਦੇ ਘਰ ਆਇਆ ਮਹਿਮਾਨ ਉਸ ਨੂੰ ਕਹਿੰਦਾ ਹੈ: “ਵੇਖ ਤੇਰਾ ਪੁੱਤ੍ਰ ਜੀਉਂਦਾ ਹੈ,” ਤਾਂ ਉਹ ਆਪਣੇ ਬੇਟੇ ਦੇ ਮੁਸਕਰਾਉਂਦੇ ਚਿਹਰੇ ਨੂੰ ਦੇਖ ਕੇ ਖ਼ੁਸ਼ੀ ਨਾਲ ਫੁੱਲੀ ਨਹੀਂ ਸਮਾਉਂਦੀ।
ਤਕਰੀਬਨ 3,000 ਸਾਲ ਪਹਿਲਾਂ ਵਾਪਰੀ ਇਸ ਖ਼ਾਸ ਘਟਨਾ ਬਾਰੇ ਤੁਸੀਂ 1 ਰਾਜਿਆਂ ਦੇ 17ਵੇਂ ਅਧਿਆਇ ਵਿਚ ਪੜ੍ਹ ਸਕਦੇ ਹੋ। ਪਰਮੇਸ਼ੁਰ ਦਾ ਨਬੀ ਏਲੀਯਾਹ ਇਸ ਤੀਵੀਂ ਦੇ ਘਰ ਮਹਿਮਾਨ ਵਜੋਂ ਰਹਿ ਰਿਹਾ ਸੀ, ਪਰ ਇਹ ਤੀਵੀਂ ਕੌਣ ਸੀ? ਉਹ ਸਾਰਫਥ ਨਗਰ ਦੀ ਰਹਿਣ ਵਾਲੀ ਇਕ ਵਿਧਵਾ ਸੀ, ਪਰ ਬਾਈਬਲ ਸਾਨੂੰ ਉਸ ਦਾ ਨਾਂ ਨਹੀਂ ਦੱਸਦੀ। ਆਪਣੇ ਪੁੱਤ ਨੂੰ ਦੁਬਾਰਾ ਜੀਉਂਦਾ ਦੇਖ ਕੇ ਇਸ ਤੀਵੀਂ ਦੀ ਨਿਹਚਾ ਬਹੁਤ ਮਜ਼ਬੂਤ ਹੋਈ। ਉਸ ਨੂੰ ਇਹ ਘਟਨਾ ਜ਼ਿੰਦਗੀ ਭਰ ਨਹੀਂ ਭੁੱਲੀ ਹੋਣੀ। ਉਸ ਦੀ ਮਿਸਾਲ ʼਤੇ ਗੌਰ ਕਰਨ ਨਾਲ ਅਸੀਂ ਕੁਝ ਅਹਿਮ ਸਬਕ ਸਿੱਖਾਂਗੇ।
ਏਲੀਯਾਹ ਨੂੰ ਇਕ ਨਿਹਚਾ ਕਰਨ ਵਾਲੀ ਵਿਧਵਾ ਮਿਲੀ
ਯਹੋਵਾਹ ਨੇ ਇਹ ਠਾਣਿਆ ਸੀ ਕਿ ਇਜ਼ਰਾਈਲ ਦੇ ਦੁਸ਼ਟ ਰਾਜੇ ਅਹਾਬ ਦੇ ਰਾਜ ਦੌਰਾਨ ਕਾਫ਼ੀ ਚਿਰ ਤਕ ਸੋਕਾ ਪਵੇਗਾ। ਜਦ ਏਲੀਯਾਹ ਨੇ ਐਲਾਨ ਕੀਤਾ ਕਿ ਦੇਸ਼ ਵਿਚ ਸੋਕਾ ਪਵੇਗਾ, ਤਾਂ ਪਰਮੇਸ਼ੁਰ ਨੇ ਆਪਣੇ ਨਬੀ ਨੂੰ ਚਮਤਕਾਰੀ ਢੰਗ ਨਾਲ ਪਹਾੜੀ ਕਾਵਾਂ ਦੇ ਜ਼ਰੀਏ ਖਾਣ ਲਈ ਰੋਟੀ ਤੇ ਮਾਸ ਦਿੰਦਾ ਰਿਹਾ ਅਤੇ ਉਸ ਨੂੰ ਅਹਾਬ ਤੋਂ ਵੀ ਬਚਾ ਕੇ ਰੱਖਿਆ। ਫਿਰ ਯਹੋਵਾਹ ਨੇ ਏਲੀਯਾਹ ਨੂੰ ਕਿਹਾ: “ਉੱਠ ਅਤੇ ਸੀਦੋਨ ਦੇ ਸਾਰਫਥ ਨੂੰ ਚੱਲਾ ਜਾਹ ਅਤੇ ਓਥੇ ਜਾ ਟਿੱਕ। ਵੇਖ ਮੈਂ ਇੱਕ ਵਿੱਧਵਾ ਤੀਵੀਂ ਨੂੰ ਹੁਕਮ ਦਿੱਤਾ ਹੈ ਕਿ ਉਹ ਤੇਰੀ ਪਾਲਣਾ ਕਰੇ।”—1 ਰਾਜ. 17:1-9.
ਜਦ ਏਲੀਯਾਹ ਸਾਰਫਥ ਪਹੁੰਚਿਆ, ਤਾਂ ਉਸ ਨੇ ਇਕ ਗ਼ਰੀਬ ਵਿਧਵਾ ਨੂੰ ਲੱਕੜਾਂ ਇਕੱਠੀਆਂ ਕਰਦੀ ਦੇਖਿਆ। ਕੀ ਇਹ ਉਹੀ ਔਰਤ ਸੀ ਜਿਸ ਨੇ ਏਲੀਯਾਹ ਨਬੀ ਨੂੰ ਰੋਟੀ-ਪਾਣੀ ਦੇਣਾ ਸੀ? ਪਰ ਉਹ ਉਸ ਨੂੰ ਰੋਟੀ ਕਿੱਥੋਂ ਦਿੰਦੀ, ਉਹ ਤਾਂ ਆਪ ਗ਼ਰੀਬ ਸੀ? ਸ਼ਾਇਦ ਏਲੀਯਾਹ ਦੇ ਮਨ ਵਿਚ ਇਹ ਸਵਾਲ ਉੱਠ ਰਹੇ ਸਨ, ਫਿਰ ਵੀ ਉਸ ਨੇ ਇਸ ਔਰਤ ਨਾਲ ਗੱਲਬਾਤ ਸ਼ੁਰੂ ਕੀਤੀ। ਉਸ ਨੇ ਕਿਹਾ: “ਜ਼ਰਾ ਮੈਨੂੰ ਆਪਣੇ ਭਾਂਡੇ ਵਿੱਚ ਥੋੜਾ ਜਿਹਾ ਪਾਣੀ ਲਿਆ ਦੇਹ ਕਿ ਮੈਂ ਪੀ ਲਵਾਂ।” ਜਦ ਉਹ ਉਸ ਲਈ ਪਾਣੀ ਲੈਣ ਗਈ, ਤਾਂ ਏਲੀਯਾਹ ਨੇ ਇਹ ਵੀ ਕਿਹਾ: “ਜ਼ਰਾ ਇੱਕ ਚੱਪਾ ਟੁਕੜਾ ਵੀ ਆਪਣੇ ਹੱਥ ਵਿੱਚ ਲੈਂਦੀ ਆਵੀਂ।” (1 ਰਾਜ. 17:10, 11) ਇਸ ਅਜਨਬੀ ਨੂੰ ਪਾਣੀ ਪਿਲਾਉਣਾ ਤਾਂ ਵਿਧਵਾ ਲਈ ਸੌਖਾ ਸੀ, ਪਰ ਰੋਟੀ ਖੁਆਉਣੀ ਬੜੀ ਔਖੀ ਸੀ।
ਉਸ ਤੀਵੀਂ ਨੇ ਕਿਹਾ: “ਜੀਉਂਦੇ ਯਹੋਵਾਹ ਤੇਰੇ ਪਰਮੇਸ਼ੁਰ ਦੀ ਸੌਂਹ ਮੇਰੇ ਕੋਲ ਕੁਝ ਵੀ ਰਿੱਧਾ ਪੱਕਾ ਨਹੀਂ ਪਰ ਇੱਕ ਤੌਲੇ ਵਿੱਚ ਇੱਕ ਮੁੱਠ ਆਟੇ ਦੀ ਅਤੇ ਥੋੜਾ ਜਿਹਾ ਤੇਲ ਇੱਕ ਕੁੱਜੀ ਵਿੱਚ ਹੈ ਅਤੇ ਵੇਖ ਮੈਂ ਏਹ ਦੋ ਕੁ ਲੱਕੜੀਆਂ ਚੁੱਗ ਰਹੀ ਹਾਂ ਕਿ ਮੈਂ ਘਰ ਜਾ ਕੇ ਆਪਣੇ ਲਈ ਅਤੇ ਆਪਣੇ ਪੁੱਤ੍ਰ ਲਈ ਪਕਾਵਾਂ ਤਾਂ ਜੋ ਅਸੀਂ ਉਹ ਨੂੰ ਖਾਈਏ ਅਤੇ ਮਰੀਏ।” (1 ਰਾਜ. 17:12) ਆਓ ਆਪਾਂ ਦੇਖੀਏ ਕਿ ਅਸੀਂ ਉਨ੍ਹਾਂ ਦੀ ਗੱਲਬਾਤ ਤੋਂ ਕੀ ਸਿੱਖਦੇ ਹਾਂ।
ਇਹ ਵਿਧਵਾ ਜਾਣਦੀ ਸੀ ਕਿ ਏਲੀਯਾਹ ਇਜ਼ਰਾਈਲੀ ਸੀ ਅਤੇ ਰੱਬ ਨੂੰ ਮੰਨਦਾ ਸੀ। ਸਾਨੂੰ ਇਹ ਗੱਲ ਉਸ ਦੇ ਇਨ੍ਹਾਂ ਸ਼ਬਦਾਂ ਤੋਂ ਪਤਾ ਲੱਗਦੀ ਹੈ: “ਜੀਉਂਦੇ ਯਹੋਵਾਹ ਤੇਰੇ ਪਰਮੇਸ਼ੁਰ ਦੀ ਸੌਂਹ।” ਸੋ ਲੱਗਦਾ ਹੈ ਕਿ ਉਹ ਇਜ਼ਰਾਈਲ ਦੇ ਪਰਮੇਸ਼ੁਰ ਬਾਰੇ ਥੋੜ੍ਹਾ-ਬਹੁਤਾ ਹੀ ਜਾਣਦੀ ਸੀ, ਇਸੇ ਲਈ ਉਸ ਨੇ ਯਹੋਵਾਹ ਨੂੰ “ਮੇਰਾ ਪਰਮੇਸ਼ੁਰ” ਕਹਿ ਕੇ ਨਹੀਂ ਬੁਲਾਇਆ। ਉਹ ਸਾਰਫਥ ਨਗਰ ਵਿਚ ਰਹਿੰਦੀ ਸੀ ਜੋ ਫੈਨੀਕੇ ਇਲਾਕੇ ਦੇ ਸੀਦੋਨ ਸ਼ਹਿਰ ਦੇ ਲਾਗੇ ਸੀ। ਸ਼ਾਇਦ ਸਾਰਫਥ ਦੇ ਲੋਕ ਬਆਲ ਦੇਵਤੇ ਦੀ ਭਗਤੀ ਕਰਦੇ ਸਨ, ਪਰ ਯਹੋਵਾਹ ਨੇ ਇਸ ਵਿਧਵਾ ਵਿਚ ਕੋਈ ਖ਼ਾਸ ਗੱਲ ਦੇਖੀ ਸੀ।
ਭਾਵੇਂ ਸਾਰਫਥ ਦੇ ਜ਼ਿਆਦਾਤਰ ਲੋਕ ਮੂਰਤੀ-ਪੂਜਾ ਕਰਦੇ ਸਨ, ਪਰ ਇਸ ਗ਼ਰੀਬ ਵਿਧਵਾ ਨੇ ਪਰਮੇਸ਼ੁਰ ʼਤੇ ਨਿਹਚਾ ਕੀਤੀ। ਯਹੋਵਾਹ ਨੇ ਏਲੀਯਾਹ ਨੂੰ ਇਸ ਔਰਤ ਕੋਲ ਸਿਰਫ਼ ਰੋਟੀ-ਪਾਣੀ ਲਈ ਨਹੀਂ ਭੇਜਿਆ ਸੀ, ਸਗੋਂ ਇਸ ਲਈ ਵੀ ਭੇਜਿਆ ਕਿ ਇਹ ਔਰਤ ਯਹੋਵਾਹ ਨੂੰ ਜਾਣ ਸਕੇ। ਇਸ ਗੱਲ ਤੋਂ ਅਸੀਂ ਇਕ ਵਧੀਆ ਸਬਕ ਸਿੱਖ ਸਕਦੇ ਹਾਂ।
ਹਾਲਾਂਕਿ ਸਾਰਫਥ ਦੇ ਲੋਕ ਬਆਲ ਦੀ ਭਗਤੀ ਕਰਦੇ ਸਨ, ਪਰ ਉੱਥੇ ਦੇ ਰਹਿਣ ਵਾਲੇ ਸਾਰੇ ਲੋਕ ਬੁਰੇ ਨਹੀਂ ਸਨ। ਯਹੋਵਾਹ ਨੇ ਏਲੀਯਾਹ ਨੂੰ ਇਸ ਵਿਧਵਾ ਕੋਲ ਭੇਜ ਕੇ ਦਿਖਾਇਆ ਕਿ ਉਹ ਉਨ੍ਹਾਂ ਨੇਕਦਿਲ ਲੋਕਾਂ ਵਿਚ ਦਿਲਚਸਪੀ ਲੈਂਦਾ ਹੈ ਜੋ ਅਜੇ ਉਸ ਦੀ ਭਗਤੀ ਨਹੀਂ ਕਰ ਰਹੇ। ਵਾਕਈ “ਹਰ ਕੌਮ ਵਿਚ ਜਿਹੜਾ ਵੀ ਇਨਸਾਨ [ਪਰਮੇਸ਼ੁਰ] ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।”—ਰਸੂ. 10:35.
ਕੀ ਤੁਹਾਡੇ ਇਲਾਕੇ ਵਿਚ ਵੀ ਅਜਿਹੇ ਲੋਕ ਹਨ ਜੋ ਸਾਰਫਥ ਦੀ ਵਿਧਵਾ ਵਾਂਗ ਨੇਕਦਿਲ ਹਨ? ਇਹ ਸੱਚ ਹੈ ਕਿ ਜ਼ਿਆਦਾਤਰ ਲੋਕ ਗ਼ਲਤ ਸਿੱਖਿਆਵਾਂ ਵਿਚ ਉਲਝੇ ਹੋਏ ਹਨ, ਪਰ ਹੋ ਸਕਦਾ ਹੈ ਕਿ ਤੁਹਾਡੇ ਇਲਾਕੇ ਵਿਚ ਕੁਝ ਅਜਿਹੇ ਲੋਕ ਹਨ ਜੋ ਰੱਬ ਬਾਰੇ ਜਾਣਨਾ ਚਾਹੁੰਦੇ ਹਨ। ਸ਼ਾਇਦ ਉਹ ਯਹੋਵਾਹ ਬਾਰੇ ਥੋੜ੍ਹਾ-ਬਹੁਤਾ ਜਾਣਦੇ ਹੋਣ ਜਾਂ ਬਿਲਕੁਲ ਹੀ ਨਹੀਂ ਜਾਣਦੇ। ਇਸ ਲਈ ਯਹੋਵਾਹ ਦੀ ਭਗਤੀ ਕਰਨ ਲਈ ਉਨ੍ਹਾਂ ਨੂੰ ਤੁਹਾਡੀ ਮਦਦ ਦੀ ਲੋੜ ਹੈ। ਕੀ ਤੁਸੀਂ ਅਜਿਹੇ ਲੋਕਾਂ ਨੂੰ ਲੱਭ ਕੇ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੋ?
‘ਪਹਿਲਾਂ ਮੇਰੇ ਲਈ ਇੱਕ ਮੱਨੀ ਪਕਾ’
ਉਸ ਵਿਧਵਾ ਨੇ ਏਲੀਯਾਹ ਨੂੰ ਦੱਸਿਆ ਸੀ ਕਿ ਉਹ ਆਪਣੇ ਅਤੇ ਆਪਣੇ ਪੁੱਤਰ ਲਈ ਆਖ਼ਰੀ ਡੰਗ ਦੀ ਰੋਟੀ ਪਕਾਵੇਗੀ ਜਿਸ ਨੂੰ ਖਾਣ ਤੋਂ ਬਾਅਦ ਮਾਂ-ਪੁੱਤ ਦੋਵਾਂ ਨੇ ਮਰ ਜਾਣਾ ਸੀ। ਪਰ ਧਿਆਨ ਦਿਓ ਕਿ ਏਲੀਯਾਹ ਨੇ ਵਿਧਵਾ ਨੂੰ ਕੀ ਕਿਹਾ: “ਨਾ ਡਰ। ਜਾਹ ਅਤੇ ਆਪਣੀ ਗੱਲ ਦੇ ਅਨੁਸਾਰ ਕਰ ਪਰ ਪਹਿਲਾਂ ਉਸ ਵਿੱਚੋਂ ਮੇਰੇ ਲਈ ਇੱਕ ਮੱਨੀ ਪਕਾ ਕੇ ਮੇਰੇ ਕੋਲ ਲੈ ਆ ਅਤੇ ਪਿੱਛੋਂ ਆਪਣੇ ਅਤੇ ਆਪਣੇ ਪੁੱਤ੍ਰ ਲਈ ਪਕਾਈਂ। ਕਿਉਂ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ ਕਿ ਨਾ ਤੌਲੇ ਦਾ ਆਟਾ ਮੁੱਕੇਗਾ ਨਾ ਕੁੱਜੀ ਦਾ ਤੇਲ ਘਟੇਗਾ ਜਿੰਨਾ ਚਿਰ ਯਹੋਵਾਹ ਜ਼ਮੀਨ ਉੱਤੇ ਮੀਂਹ ਨਾ ਪਾਵੇ।”—1 ਰਾਜ. 17:11-14.
ਜੇ ਕੋਈ ਹੋਰ ਉਸ ਵਿਧਵਾ ਦੀ ਥਾਂ ਹੁੰਦਾ, ਤਾਂ ਸ਼ਾਇਦ ਕਹਿੰਦਾ: ‘ਕੀ ਮੈਂ ਆਪਣੇ ਆਖ਼ਰੀ ਡੰਗ ਦੀ ਰੋਟੀ ਤੈਨੂੰ ਦੇ ਦੇਵਾਂ? ਤੇਰਾ ਦਿਮਾਗ਼ ਤਾਂ ਠੀਕ ਹੈ?’ ਪਰ ਇਸ ਵਿਧਵਾ ਨੇ ਏਲੀਯਾਹ ਨੂੰ ਇੱਦਾਂ ਜਵਾਬ ਨਹੀਂ ਦਿੱਤਾ। ਭਾਵੇਂ ਕਿ ਉਹ ਯਹੋਵਾਹ ਬਾਰੇ ਬਹੁਤ ਥੋੜ੍ਹਾ ਜਾਣਦੀ ਸੀ, ਫਿਰ ਵੀ ਉਸ ਨੇ ਏਲੀਯਾਹ ਦੀ ਗੱਲ ਮੰਨ ਲਈ ਅਤੇ ਉਸ ਦੇ ਕਹੇ ਅਨੁਸਾਰ ਕੀਤਾ। ਵਾਕਈ ਉਸ ਦੀ ਨਿਹਚਾ ਪਰਖੀ ਗਈ, ਪਰ ਉਸ ਨੇ ਕਿੰਨਾ ਵਧੀਆ ਫ਼ੈਸਲਾ ਕੀਤਾ!
ਵਿਧਵਾ ਆਪਣੀ ਅਤੇ ਆਪਣੇ ਪੁੱਤਰ ਦੀ ਜਾਨ ਬਚਾ ਸਕੀ ਕਿਉਂਕਿ ਉਸ ਨੇ ਏਲੀਯਾਹ ਦੇ ਪਰਮੇਸ਼ੁਰ ਯਹੋਵਾਹ ʼਤੇ ਨਿਹਚਾ ਕੀਤੀ
ਸੱਚ-ਮੁੱਚ ਪਰਮੇਸ਼ੁਰ ਨੇ ਉਸ ਗ਼ਰੀਬ ਵਿਧਵਾ ਦਾ ਸਾਥ ਨਹੀਂ ਛੱਡਿਆ ਕਿਉਂਕਿ ਏਲੀਯਾਹ ਦੇ ਵਾਅਦੇ ਮੁਤਾਬਕ ਯਹੋਵਾਹ ਨੇ ਉਸ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ। ਇਸ ਤਰ੍ਹਾਂ ਯਹੋਵਾਹ ਨੇ ਏਲੀਯਾਹ, ਉਸ ਵਿਧਵਾ ਅਤੇ ਉਸ ਦੇ ਪੁੱਤ ਨੂੰ ਸੋਕੇ ਦੇ ਖ਼ਤਮ ਹੋਣ ਤਕ ਜੀਉਂਦਾ ਰੱਖਿਆ। ਬਾਈਬਲ ਦੱਸਦੀ ਹੈ: “ਨਾ ਤੌਲੇ ਵਿੱਚੋਂ ਆਟਾ ਮੁੱਕਾ ਨਾ ਕੁੱਜੀ ਦਾ ਤੇਲ ਘੱਟਿਆ। ਏਹ ਯਹੋਵਾਹ ਦੇ ਉਸ ਬਚਨ ਅਨੁਸਾਰ ਹੋਇਆ ਜੋ ਉਸ ਨੇ ਏਲੀਯਾਹ ਦੇ ਰਾਹੀਂ ਬੋਲਿਆ ਸੀ।” (1 ਰਾਜ. 17:16; 18:1) ਉਸ ਤੀਵੀਂ ਨੇ ਆਪਣੇ ਕੰਮਾਂ ਰਾਹੀਂ ਯਹੋਵਾਹ ʼਤੇ ਨਿਹਚਾ ਦਿਖਾਉਂਦੇ ਹੋਏ ਪਹਿਲਾਂ ਏਲੀਯਾਹ ਨੂੰ ਰੋਟੀ ਦਿੱਤੀ। ਜੇ ਉਹ ਇੱਦਾਂ ਨਾ ਕਰਦੀ, ਤਾਂ ਸ਼ਾਇਦ ਉਹ ਥੋੜ੍ਹਾ ਜਿਹਾ ਤੇਲ ਤੇ ਆਟਾ ਉਸ ਦੇ ਆਖ਼ਰੀ ਡੰਗ ਦੀ ਰੋਟੀ ਹੋਣੀ ਸੀ।
ਇਸ ਵਿਧਵਾ ਤੋਂ ਅਸੀਂ ਕੀ ਸਿੱਖਦੇ ਹਾਂ? ਇਹੀ ਕਿ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜੋ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਨ। ਜਦ ਕਿਸੇ ਅਜ਼ਮਾਇਸ਼ ਦੌਰਾਨ ਤੁਹਾਡੀ ਨਿਹਚਾ ਪਰਖੀ ਜਾਂਦੀ ਹੈ ਅਤੇ ਤੁਸੀਂ ਆਗਿਆਕਾਰ ਰਹਿੰਦੇ ਹੋ, ਤਾਂ ਯਹੋਵਾਹ ਉਸ ਦਾ ਸਾਮ੍ਹਣਾ ਕਰਨ ਵਿਚ ਤੁਹਾਡੀ ਜ਼ਰੂਰ ਮਦਦ ਕਰੇਗਾ। ਉਹ ਤੁਹਾਡੀ ਰੱਖਿਆ ਕਰੇਗਾ, ਤੁਹਾਡੀ ਹਰ ਲੋੜ ਪੂਰੀ ਕਰੇਗਾ ਅਤੇ ਇਕ ਦੋਸਤ ਵਾਂਗ ਮੁਸੀਬਤਾਂ ਸਹਿਣ ਵਿਚ ਤੁਹਾਡੀ ਮਦਦ ਕਰੇਗਾ।—ਕੂਚ 3:13-15.
1898 ਦੇ ਜ਼ਾਯੰਸ ਵਾਚ ਟਾਵਰ ਵਿਚ ਦੱਸਿਆ ਗਿਆ ਸੀ ਕਿ ਅਸੀਂ ਇਸ ਵਿਧਵਾ ਦੀ ਕਹਾਣੀ ਤੋਂ ਇਹ ਸਬਕ ਸਿੱਖਦੇ ਹਾਂ: “ਜੇ ਇਸ ਔਰਤ ਨੇ ਆਪਣੀ ਨਿਹਚਾ ਦਾ ਸਬੂਤ ਨਾ ਦਿੱਤਾ ਹੁੰਦਾ, ਤਾਂ ਪਰਮੇਸ਼ੁਰ ਏਲੀਯਾਹ ਨੂੰ ਕਿਸੇ ਹੋਰ ਵਿਧਵਾ ਕੋਲ ਭੇਜ ਸਕਦਾ ਸੀ। ਪਰ ਇਸ ਔਰਤ ਨੇ ਨਿਹਚਾ ਰੱਖਦਿਆਂ ਏਲੀਯਾਹ ਦੀ ਗੱਲ ਮੰਨੀ ਜਿਸ ਕਰਕੇ ਪਰਮੇਸ਼ੁਰ ਨੇ ਆਪਣੇ ਨਬੀ ਰਾਹੀਂ ਉਸ ਔਰਤ ਦੀ ਮਦਦ ਕੀਤੀ। ਕਈ ਵਾਰ ਸਾਡੀ ਜ਼ਿੰਦਗੀ ਵਿਚ ਵੀ ਅਜਿਹੇ ਮੋੜ ਆਉਂਦੇ ਹਨ ਜਦ ਪਰਮੇਸ਼ੁਰ ਸਾਡੀ ਨਿਹਚਾ ਪਰਖਦਾ ਹੈ। ਜੇ ਅਸੀਂ ਪਰਮੇਸ਼ੁਰ ʼਤੇ ਭਰੋਸਾ ਰੱਖਦਿਆਂ ਸਹੀ ਫ਼ੈਸਲਾ ਕਰਦੇ ਹਾਂ, ਤਾਂ ਸਾਨੂੰ ਬਰਕਤਾਂ ਮਿਲਣਗੀਆਂ। ਪਰ ਜੇ ਅਸੀਂ ਭਰੋਸਾ ਨਹੀਂ ਰੱਖਦੇ, ਤਾਂ ਅਸੀਂ ਬਰਕਤਾਂ ਨੂੰ ਹੱਥੋਂ ਗੁਆ ਬੈਠਾਂਗੇ।”
ਤਾਂ ਫਿਰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦਿਆਂ ਸਾਨੂੰ ਬਾਈਬਲ ਅਤੇ ਪ੍ਰਕਾਸ਼ਨਾਂ ਤੋਂ ਪਰਮੇਸ਼ੁਰ ਦੀ ਅਗਵਾਈ ਲੈਣੀ ਚਾਹੀਦੀ ਹੈ। ਭਾਵੇਂ ਯਹੋਵਾਹ ਦੀ ਸਲਾਹ ਮੰਨਣੀ ਸਾਨੂੰ ਕਿੰਨੀ ਹੀ ਔਖੀ ਕਿਉਂ ਨਾ ਲੱਗੇ, ਸਾਨੂੰ ਉਸ ਮੁਤਾਬਕ ਚੱਲਣਾ ਚਾਹੀਦਾ ਹੈ। ਪਰਮੇਸ਼ੁਰ ਦੀ ਮਿਹਰ ਸਾਡੇ ʼਤੇ ਹੋਵੇਗੀ ਜੇ ਅਸੀਂ ਇਸ ਆਇਤ ਨੂੰ ਲਾਗੂ ਕਰਾਂਗੇ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”—ਕਹਾ. 3:5, 6.
‘ਕੀ ਤੂੰ ਮੇਰੇ ਪੁੱਤ੍ਰ ਨੂੰ ਮਾਰਨ ਆਇਆ ਹੈਂ?’
ਹੁਣ ਇਕ ਵਾਰ ਫਿਰ ਉਸ ਵਿਧਵਾ ਦੀ ਨਿਹਚਾ ਪਰਖੀ ਗਈ। ਬਾਈਬਲ ਕਹਿੰਦੀ ਹੈ: “ਤਾਂ ਐਉਂ ਹੋਇਆ ਕਿ ਇਨ੍ਹਾਂ ਗੱਲਾਂ ਦੇ ਪਿੱਛੋਂ ਉਸ ਘਰ ਵਾਲੀ ਤੀਵੀਂ ਦਾ ਪੁੱਤ੍ਰ ਬੀਮਾਰ ਪੈ ਗਿਆ ਅਤੇ ਉਹ ਦੀ ਬੀਮਾਰੀ ਬਹੁਤ ਸਖਤ ਸੀ ਐਥੋਂ ਤੋੜੀ ਜੋ ਉਹ ਦੇ ਵਿੱਚ ਪ੍ਰਾਣ ਨਾ ਰਹੇ।” ਜ਼ਰਾ ਸੋਚੋ ਕਿ ਇਸ ਮਾਂ ʼਤੇ ਕੀ ਬੀਤੀ ਹੋਵੇਗੀ। ਉਹ ਜਾਣਨਾ ਚਾਹੁੰਦੀ ਸੀ ਕਿ ਉਸ ਨਾਲ ਇਹ ਹਾਦਸਾ ਕਿਉਂ ਵਾਪਰਿਆ। ਗਮ ਵਿਚ ਤੜਫ਼ਦੀ ਇਸ ਮਾਂ ਨੇ ਏਲੀਯਾਹ ਨੂੰ ਕਿਹਾ: “ਮੇਰਾ ਤੇਰੇ ਨਾਲ ਕੀ ਕੰਮ ਹੈ ਹੇ ਪਰਮੇਸ਼ੁਰ ਦੇ ਬੰਦੇ? ਕੀ ਤੂੰ ਏਸ ਲਈ ਮੇਰੇ ਕੋਲ ਆਇਆ ਕਿ ਮੇਰੇ ਪਾਪ ਮੈਨੂੰ ਚੇਤੇ ਕਰਾਵੇਂ ਅਤੇ ਮੇਰੇ ਪੁੱਤ੍ਰ ਨੂੰ ਮਾਰ ਸੁੱਟੇਂ?” (1 ਰਾਜ. 17:17, 18) ਇਨ੍ਹਾਂ ਕੌੜੇ ਤੇ ਰੁੱਖੇ ਸ਼ਬਦਾਂ ਦਾ ਕੀ ਮਤਲਬ ਸੀ?
ਕੀ ਇਸ ਔਰਤ ਨੂੰ ਆਪਣਾ ਕੋਈ ਪਹਿਲਾ ਕੀਤਾ ਪਾਪ ਚੇਤੇ ਆਇਆ ਜੋ ਉਸ ਦੀ ਜ਼ਮੀਰ ਨੂੰ ਤੰਗ ਕਰ ਰਿਹਾ ਸੀ? ਕੀ ਉਸ ਨੇ ਸੋਚਿਆ ਕਿ ਉਸ ਦੇ ਪੁੱਤਰ ਦੀ ਮੌਤ ਪਰਮੇਸ਼ੁਰ ਵੱਲੋਂ ਸਜ਼ਾ ਸੀ ਅਤੇ ਇਸੇ ਲਈ ਉਸ ਨੇ ਏਲੀਯਾਹ ਨੂੰ ਭੇਜਿਆ ਸੀ? ਬਾਈਬਲ ਸਾਨੂੰ ਇਸ ਬਾਰੇ ਨਹੀਂ ਦੱਸਦੀ, ਪਰ ਇਹ ਗੱਲ ਪੱਕੀ ਹੈ ਕਿ ਇਸ ਵਿਧਵਾ ਨੇ ਆਪਣੇ ਪੁੱਤਰ ਦੀ ਮੌਤ ਲਈ ਪਰਮੇਸ਼ੁਰ ਨੂੰ ਕਸੂਰਵਾਰ ਨਹੀਂ ਠਹਿਰਾਇਆ।
ਏਲੀਯਾਹ ਨੂੰ ਵੀ ਬੜਾ ਸਦਮਾ ਲੱਗਾ ਹੋਣਾ ਜਦ ਉਸ ਨੇ ਮੁੰਡੇ ਨੂੰ ਮਰਿਆ ਦੇਖਿਆ। ਨਾਲੇ ਉਹ ਇਸ ਗੱਲੋਂ ਵੀ ਬੜਾ ਪਰੇਸ਼ਾਨ ਹੋਇਆ ਹੋਣਾ ਕਿ ਵਿਧਵਾ ਆਪਣੇ ਬੇਟੇ ਦੀ ਮੌਤ ਲਈ ਏਲੀਯਾਹ ਨੂੰ ਕਸੂਰਵਾਰ ਮੰਨਦੀ ਸੀ। ਫਿਰ ਏਲੀਯਾਹ ਮੁੰਡੇ ਦੀ ਲਾਸ਼ ਨੂੰ ਚੁੱਕ ਕੇ ਚੁਬਾਰੇ ʼਤੇ ਲੈ ਗਿਆ ਅਤੇ ਪਰਮੇਸ਼ੁਰ ਨੂੰ ਫ਼ਰਿਆਦ ਕਰਨ ਲੱਗਾ: “ਹੇ ਯਹੋਵਾਹ ਮੇਰੇ ਪਰਮੇਸ਼ੁਰ, ਤੂੰ ਇਸ ਵਿੱਧਵਾ ਉੱਤੇ ਵੀ ਬੁਰਿਆਈ ਲਿਆਇਆ ਜਿਹ ਦੇ ਘਰ ਮੈਂ ਟਿਕਿਆ ਹੋਇਆ ਹਾਂ ਕਿ ਤੈਂ ਏਸ ਦੇ ਪੁੱਤ੍ਰ ਨੂੰ ਮਾਰ ਦਿੱਤਾ।” ਇਸ ਔਰਤ ਨੇ ਬੜੇ ਪਿਆਰ ਨਾਲ ਏਲੀਯਾਹ ਦੀ ਦੇਖ-ਭਾਲ ਕੀਤੀ ਸੀ। ਜੇ ਪਰਮੇਸ਼ੁਰ ਇਸ ਵਿਧਵਾ ਨੂੰ ਹੋਰ ਦੁੱਖ ਝੱਲਣ ਦਿੰਦਾ, ਤਾਂ ਇਸ ਨਾਲ ਯਹੋਵਾਹ ਦਾ ਨਾਂ ਬਦਨਾਮ ਹੋ ਸਕਦਾ ਸੀ ਅਤੇ ਇਹ ਗੱਲ ਏਲੀਯਾਹ ਤੋਂ ਬਰਦਾਸ਼ਤ ਨਹੀਂ ਹੋਣੀ ਸੀ। ਇਸ ਲਈ ਏਲੀਯਾਹ ਨੇ ਤਰਲੇ ਕੀਤੇ: “ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੇਰੀ ਮਿੰਨਤ ਹੈ ਕਿ ਏਸ ਮੁੰਡੇ ਦੇ ਪ੍ਰਾਣ ਫੇਰ ਉਹ ਦੇ ਵਿੱਚ ਆ ਜਾਣ।”—1 ਰਾਜ. 17:20, 21.
“ਵੇਖ ਤੇਰਾ ਪੁੱਤ੍ਰ ਜੀਉਂਦਾ ਹੈ”
ਯਹੋਵਾਹ ਆਪਣੇ ਨਬੀ ਦੀ ਪ੍ਰਾਰਥਨਾ ਸੁਣ ਰਿਹਾ ਸੀ। ਇਸ ਵਿਧਵਾ ਨੇ ਏਲੀਯਾਹ ਨੂੰ ਖਾਣ ਨੂੰ ਰੋਟੀ ਤੇ ਰਹਿਣ ਲਈ ਕਮਰਾ ਦੇ ਕੇ ਆਪਣੀ ਨਿਹਚਾ ਜ਼ਾਹਰ ਕੀਤੀ ਸੀ। ਪਰਮੇਸ਼ੁਰ ਜਾਣਦਾ ਸੀ ਕਿ ਬੀਮਾਰੀ ਕਰਕੇ ਮੁੰਡੇ ਦੀ ਜਾਨ ਜਾ ਸਕਦੀ ਸੀ, ਪਰ ਲੱਗਦਾ ਹੈ ਕਿ ਪਰਮੇਸ਼ੁਰ ਨੇ ਮੁੰਡੇ ਨੂੰ ਇਸ ਲਈ ਮਰਨ ਦਿੱਤਾ ਕਿਉਂਕਿ ਉਹ ਉਸ ਨੂੰ ਦੁਬਾਰਾ ਜੀਉਂਦਾ ਕਰਨ ਵਾਲਾ ਸੀ। ਬਾਈਬਲ ਵਿਚ ਇਹ ਪਹਿਲੀ ਘਟਨਾ ਸੀ ਜਦੋਂ ਕਿਸੇ ਮੁਰਦੇ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ। ਇਸ ਰਾਹੀਂ ਪਰਮੇਸ਼ੁਰ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਮੀਦ ਦਿੱਤੀ ਕਿ ਉਹ ਮੌਤ ਦੀ ਨੀਂਦ ਸੁੱਤੇ ਆਪਣੇ ਅਜ਼ੀਜ਼ਾਂ ਨੂੰ ਦੁਬਾਰਾ ਦੇਖਣਗੇ। ਏਲੀਯਾਹ ਦੇ ਤਰਲੇ ਸੁਣ ਕੇ ਯਹੋਵਾਹ ਨੇ ਮੁੰਡੇ ਨੂੰ ਦੁਬਾਰਾ ਜ਼ਿੰਦਾ ਕੀਤਾ। ਜ਼ਰਾ ਸੋਚੋ ਕਿ ਉਸ ਵਿਧਵਾ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ ਹੋਣਾ ਜਦ ਏਲੀਯਾਹ ਨੇ ਕਿਹਾ: “ਵੇਖ ਤੇਰਾ ਪੁੱਤ੍ਰ ਜੀਉਂਦਾ ਹੈ!” ਇਸ ਵਿਧਵਾ ਨੇ ਏਲੀਯਾਹ ਨੂੰ ਕਿਹਾ: “ਹੁਣ ਮੈਂ ਜਾਤਾ ਕਿ ਤੂੰ ਪਰਮੇਸ਼ੁਰ ਦਾ ਬੰਦਾ ਹੈਂ ਅਤੇ ਯਹੋਵਾਹ ਦਾ ਬਚਨ ਜੋ ਤੇਰੇ ਮੂੰਹ ਵਿੱਚ ਹੈ ਸੋ ਸੱਚਾ ਹੈ।”—1 ਰਾਜ. 17:22-24.
ਇਸ ਔਰਤ ਬਾਰੇ 1 ਰਾਜਿਆਂ ਦੇ 17ਵੇਂ ਅਧਿਆਇ ਵਿਚ ਹੋਰ ਕੁਝ ਨਹੀਂ ਦੱਸਿਆ ਗਿਆ। ਪਰ ਹੋ ਸਕਦਾ ਹੈ ਕਿ ਉਸ ਸਮੇਂ ਤੋਂ ਇਹ ਔਰਤ ਯਹੋਵਾਹ ਦੀ ਵਫ਼ਾਦਾਰ ਸੇਵਕ ਬਣ ਗਈ ਕਿਉਂਕਿ ਯਿਸੂ ਨੇ ਉਸ ਦੀ ਚੰਗੀ ਮਿਸਾਲ ਦਾ ਜ਼ਿਕਰ ਕੀਤਾ। (ਲੂਕਾ 4:25, 26) ਇਸ ਕਹਾਣੀ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜੋ ਉਸ ਦੇ ਸੇਵਕਾਂ ਦੀ ਮਦਦ ਕਰਦੇ ਹਨ। (ਮੱਤੀ 25:34-40) ਨਾਲੇ ਪਰਮੇਸ਼ੁਰ ਆਪਣੇ ਵਫ਼ਾਦਾਰ ਸੇਵਕਾਂ ਦੀ ਔਖੇ ਹਾਲਾਤਾਂ ਵਿਚ ਵੀ ਹਰ ਜ਼ਰੂਰਤ ਪੂਰੀ ਕਰਦਾ ਹੈ। (ਮੱਤੀ 6:25-34) ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਤਮੰਨਾ ਹੈ ਕਿ ਉਹ ਮਰੇ ਹੋਇਆਂ ਨੂੰ ਜੀਉਂਦਾ ਕਰੇ ਅਤੇ ਇੱਦਾਂ ਕਰਨ ਦੀ ਉਸ ਕੋਲ ਤਾਕਤ ਵੀ ਹੈ। (ਰਸੂ. 24:15) ਸਾਨੂੰ ਇਨ੍ਹਾਂ ਸਾਰੀਆਂ ਗੱਲਾਂ ਕਰਕੇ ਸਾਰਫਥ ਦੀ ਵਿਧਵਾ ਨੂੰ ਯਾਦ ਰੱਖਣਾ ਚਾਹੀਦਾ ਹੈ।