ਪਾਠ 49
ਦੁਸ਼ਟ ਰਾਣੀ ਨੂੰ ਸਜ਼ਾ ਮਿਲੀ
ਯਿਜ਼ਰਾਏਲ ਵਿਚ ਰਾਜਾ ਅਹਾਬ ਮਹਿਲ ਦੀ ਖਿੜਕੀ ਵਿੱਚੋਂ ਇਕ ਅੰਗੂਰਾਂ ਦਾ ਬਾਗ਼ ਦੇਖ ਸਕਦਾ ਸੀ ਜੋ ਨਾਬੋਥ ਨਾਂ ਦੇ ਆਦਮੀ ਦਾ ਸੀ। ਅਹਾਬ ਅੰਗੂਰਾਂ ਦਾ ਇਹ ਬਾਗ਼ ਲੈਣਾ ਚਾਹੁੰਦਾ ਸੀ। ਇਸ ਲਈ ਉਸ ਨੇ ਨਾਬੋਥ ਨੂੰ ਇਹ ਬਾਗ਼ ਵੇਚਣ ਲਈ ਕਿਹਾ। ਪਰ ਨਾਬੋਥ ਨੇ ਇਸ ਨੂੰ ਵੇਚਣ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਯਹੋਵਾਹ ਦੇ ਕਾਨੂੰਨ ਮੁਤਾਬਕ ਵਿਰਾਸਤ ਵਿਚ ਮਿਲੀ ਜ਼ਮੀਨ ਨੂੰ ਵੇਚਣਾ ਗ਼ਲਤ ਸੀ। ਕੀ ਅਹਾਬ ਨੂੰ ਇਹ ਗੱਲ ਚੰਗੀ ਲੱਗੀ? ਨਹੀਂ। ਅਹਾਬ ਨੂੰ ਬਹੁਤ ਗੁੱਸਾ ਆਇਆ। ਉਹ ਇੰਨਾ ਪਰੇਸ਼ਾਨ ਹੋ ਗਿਆ ਕਿ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਸੀ ਨਿਕਲਦਾ ਅਤੇ ਉਸ ਨੇ ਖਾਣਾ ਖਾਣ ਤੋਂ ਵੀ ਇਨਕਾਰ ਕਰ ਦਿੱਤਾ।
ਅਹਾਬ ਦੀ ਪਤਨੀ, ਦੁਸ਼ਟ ਰਾਣੀ ਈਜ਼ਬਲ, ਨੇ ਉਸ ਨੂੰ ਕਿਹਾ: ‘ਤੂੰ ਇਜ਼ਰਾਈਲ ਦਾ ਰਾਜਾ ਹੈਂ। ਤੂੰ ਜੋ ਚਾਹੁੰਦਾ, ਉਹ ਲੈ ਸਕਦਾ। ਮੈਂ ਤੈਨੂੰ ਉਹ ਬਾਗ਼ ਲੈ ਕੇ ਦੇਵਾਂਗੀ।’ ਉਸ ਨੇ ਸ਼ਹਿਰ ਦੇ ਬਜ਼ੁਰਗਾਂ ਨੂੰ ਚਿੱਠੀਆਂ ਲਿਖੀਆਂ। ਉਸ ਨੇ ਲਿਖਿਆ ਕਿ ਬਜ਼ੁਰਗ ਨਾਬੋਥ ʼਤੇ ਦੋਸ਼ ਲਾਉਣ ਕਿ ਉਸ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਹੈ ਅਤੇ ਉਸ ਨੂੰ ਪੱਥਰ ਮਾਰ-ਮਾਰ ਕੇ ਮਾਰ ਸੁੱਟਣ। ਬਜ਼ੁਰਗਾਂ ਨੇ ਉਹੀ ਕੀਤਾ ਜੋ ਈਜ਼ਬਲ ਨੇ ਕਰਨ ਲਈ ਕਿਹਾ ਸੀ। ਫਿਰ ਈਜ਼ਬਲ ਨੇ ਅਹਾਬ ਨੂੰ ਕਿਹਾ: ‘ਨਾਬੋਥ ਮਰ ਚੁੱਕਾ ਹੈ। ਅੰਗੂਰਾਂ ਦਾ ਬਾਗ਼ ਹੁਣ ਤੇਰਾ ਹੈ।’
ਈਜ਼ਬਲ ਨੇ ਸਿਰਫ਼ ਬੇਗੁਨਾਹ ਨਾਬੋਥ ਨੂੰ ਹੀ ਨਹੀਂ ਮਰਵਾਇਆ ਸੀ, ਸਗੋਂ ਉਸ ਨੇ ਯਹੋਵਾਹ ਨੂੰ ਪਿਆਰ ਕਰਨ ਵਾਲੇ ਹੋਰ ਬਹੁਤ ਸਾਰੇ ਲੋਕਾਂ ਨੂੰ ਵੀ ਮਰਵਾਇਆ ਸੀ। ਨਾਲੇ ਉਹ ਮੂਰਤੀ-ਪੂਜਾ ਅਤੇ ਹੋਰ ਭੈੜੇ ਕੰਮ ਕਰਦੀ ਸੀ। ਯਹੋਵਾਹ ਈਜ਼ਬਲ ਦੇ ਸਾਰੇ ਭੈੜੇ ਕੰਮ ਦੇਖ ਰਿਹਾ ਸੀ। ਹੁਣ ਪਰਮੇਸ਼ੁਰ ਨੇ ਕੀ ਕਰਨਾ ਸੀ?
ਅਹਾਬ ਦੇ ਮਰਨ ਤੋਂ ਬਾਅਦ ਉਸ ਦਾ ਮੁੰਡਾ ਯਹੋਰਾਮ ਰਾਜਾ ਬਣਿਆ। ਯਹੋਵਾਹ ਨੇ ਈਜ਼ਬਲ ਅਤੇ ਉਸ ਦੇ ਪਰਿਵਾਰ ਨੂੰ ਸਜ਼ਾ ਦੇਣ ਲਈ ਯੇਹੂ ਨਾਂ ਦੇ ਆਦਮੀ ਨੂੰ ਭੇਜਿਆ।
ਯੇਹੂ ਯਿਜ਼ਰਾਏਲ ਵਿਚ ਆਪਣੇ ਰਥ ʼਤੇ ਆਇਆ ਜਿੱਥੇ ਈਜ਼ਬਲ ਰਹਿੰਦੀ ਸੀ। ਯਹੋਰਾਮ ਆਪਣੇ ਰਥ ʼਤੇ ਯੇਹੂ ਨੂੰ ਮਿਲਣ ਆਇਆ ਅਤੇ ਉਸ ਨੂੰ ਪੁੱਛਿਆ: ‘ਕੀ ਸਾਡੇ ਵਿਚ ਸ਼ਾਂਤੀ ਹੈ?’ ਯੇਹੂ ਨੇ ਕਿਹਾ: ‘ਜਦੋਂ ਤਕ ਤੇਰੀ ਮਾਂ ਈਜ਼ਬਲ ਦੁਸ਼ਟ ਕੰਮ ਕਰਦੀ ਰਹੇਗੀ, ਉਦੋਂ ਤਕ ਸ਼ਾਂਤੀ ਨਹੀਂ ਹੋ ਸਕਦੀ ਹੈ।’ ਯਹੋਰਾਮ ਨੇ ਆਪਣੇ ਰਥ ਮੋੜ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਯੇਹੂ ਨੇ ਯਹੋਰਾਮ ਦੇ ਤੀਰ ਮਾਰਿਆ ਤੇ ਉਹ ਮਰ ਗਿਆ।
ਫਿਰ ਯੇਹੂ ਈਜ਼ਬਲ ਦੇ ਮਹਿਲ ਵਿਚ ਗਿਆ। ਜਦੋਂ ਉਸ ਨੂੰ ਪਤਾ ਲੱਗਾ ਕਿ ਯੇਹੂ ਆ ਰਿਹਾ ਸੀ, ਤਾਂ ਉਸ ਨੇ ਹਾਰ-ਸ਼ਿੰਗਾਰ ਕੀਤਾ, ਆਪਣੇ ਵਾਲ਼ ਵਾਹੇ ਅਤੇ ਉੱਪਰ ਖਿੜਕੀ ਕੋਲ ਉਸ ਦਾ ਇੰਤਜ਼ਾਰ ਕਰਨ ਲੱਗੀ। ਜਦੋਂ ਯੇਹੂ ਆਇਆ, ਤਾਂ ਈਜ਼ਬਲ ਨੇ ਬੜੀ ਬਦਤਮੀਜ਼ੀ ਨਾਲ ਉਸ ਨੂੰ ਬੁਲਾਇਆ। ਯੇਹੂ ਨੇ ਈਜ਼ਬਲ ਕੋਲ ਖੜ੍ਹੇ ਉਸ ਦੇ ਨੌਕਰਾਂ ਨੂੰ ਕਿਹਾ: “ਇਹਨੂੰ ਥੱਲੇ ਸੁੱਟ ਦਿਓ!” ਉਨ੍ਹਾਂ ਨੇ ਈਜ਼ਬਲ ਨੂੰ ਧੱਕਾ ਦੇ ਕੇ ਖਿੜਕੀ ਤੋਂ ਥੱਲੇ ਸੁੱਟ ਦਿੱਤਾ ਅਤੇ ਉਹ ਮਰ ਗਈ।
ਇਸ ਤੋਂ ਬਾਅਦ ਯੇਹੂ ਨੇ ਅਹਾਬ ਦੇ 70 ਮੁੰਡਿਆਂ ਨੂੰ ਮਾਰ ਦਿੱਤਾ ਅਤੇ ਦੇਸ਼ ਵਿੱਚੋਂ ਬਆਲ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ। ਕੀ ਤੁਸੀਂ ਦੇਖ ਸਕਦੇ ਹੋ ਕਿ ਯਹੋਵਾਹ ਸਾਰਾ ਕੁਝ ਜਾਣਦਾ ਹੈ ਅਤੇ ਉਹ ਸਹੀ ਸਮੇਂ ਤੇ ਬੁਰੇ ਕੰਮ ਕਰਨ ਵਾਲਿਆਂ ਨੂੰ ਸਜ਼ਾ ਦਿੰਦਾ ਹੈ?
“ਪਹਿਲਾਂ ਲਾਲਚ ਨਾਲ ਹਾਸਲ ਕੀਤੀ ਵਿਰਾਸਤ, ਅਖ਼ੀਰ ਵਿਚ ਬਰਕਤ ਸਾਬਤ ਨਹੀਂ ਹੋਵੇਗੀ।”—ਕਹਾਉਤਾਂ 20:21