ਪਾਠ 62
ਵੱਡੇ ਦਰਖ਼ਤ ਵਰਗਾ ਇਕ ਰਾਜ
ਰਾਜਾ ਨਬੂਕਦਨੱਸਰ ਨੂੰ ਇਕ ਰਾਤ ਡਰਾਉਣਾ ਸੁਪਨਾ ਆਇਆ। ਉਸ ਨੇ ਸੁਪਨੇ ਦਾ ਮਤਲਬ ਪੁੱਛਣ ਲਈ ਆਪਣੇ ਬੁੱਧੀਮਾਨ ਆਦਮੀਆਂ ਨੂੰ ਬੁਲਾਇਆ। ਪਰ ਕੋਈ ਵੀ ਸੁਪਨੇ ਦਾ ਮਤਲਬ ਨਾ ਦੱਸ ਸਕਿਆ। ਅਖ਼ੀਰ ਰਾਜੇ ਨੇ ਦਾਨੀਏਲ ਨੂੰ ਬੁਲਾਇਆ।
ਨਬੂਕਦਨੱਸਰ ਨੇ ਦਾਨੀਏਲ ਨੂੰ ਸੁਪਨਾ ਦੱਸਿਆ: ‘ਸੁਪਨੇ ਵਿਚ ਮੈਂ ਇਕ ਦਰਖ਼ਤ ਦੇਖਿਆ। ਉਹ ਇੰਨਾ ਵੱਡਾ ਹੋਇਆ ਕਿ ਆਕਾਸ਼ ਤਕ ਪਹੁੰਚ ਗਿਆ। ਉਹ ਧਰਤੀ ਦੇ ਕੋਨੇ-ਕੋਨੇ ਤੋਂ ਨਜ਼ਰ ਆਉਂਦਾ ਸੀ। ਉਸ ਦੇ ਪੱਤੇ ਬਹੁਤ ਸੋਹਣੇ ਸਨ ਅਤੇ ਉਸ ʼਤੇ ਬਹੁਤ ਸਾਰੇ ਫਲ ਲੱਗੇ ਹੋਏ ਸਨ। ਜਾਨਵਰ ਉਸ ਦੀ ਛਾਂ ਹੇਠਾਂ ਬੈਠਦੇ ਸਨ ਅਤੇ ਪੰਛੀਆਂ ਨੇ ਉਸ ਦੀਆਂ ਟਾਹਣੀਆਂ ʼਤੇ ਆਲ੍ਹਣੇ ਬਣਾਏ ਹੋਏ ਸਨ। ਫਿਰ ਇਕ ਦੂਤ ਆਕਾਸ਼ੋਂ ਹੇਠਾਂ ਉੱਤਰਿਆ। ਉਸ ਨੇ ਕਿਹਾ: “ਦਰਖ਼ਤ ਨੂੰ ਵੱਢ ਦਿਓ ਅਤੇ ਇਸ ਦੀਆਂ ਟਾਹਣੀਆਂ ਨੂੰ ਕੱਟ ਦਿਓ। ਪਰ ਇਸ ਦੇ ਮੁੱਢ ਨੂੰ ਜੜ੍ਹ ਸਮੇਤ ਜ਼ਮੀਨ ਵਿਚ ਹੀ ਰਹਿਣ ਦਿਓ ਅਤੇ ਇਸ ਨੂੰ ਲੋਹੇ ਅਤੇ ਤਾਂਬੇ ਦੀਆਂ ਮੋਟੀਆਂ ਪੱਤੀਆਂ ਨਾਲ ਬੰਨ੍ਹ ਦਿਓ। ਦਰਖ਼ਤ ਦਾ ਦਿਲ ਇਨਸਾਨ ਤੋਂ ਬਦਲ ਕੇ ਜਾਨਵਰ ਦੇ ਦਿਲ ਵਰਗਾ ਹੋ ਜਾਵੇਗਾ ਅਤੇ ਇਸ ʼਤੇ ਸੱਤ ਸਮੇਂ ਬੀਤਣਗੇ। ਸਾਰੇ ਲੋਕ ਜਾਣਨਗੇ ਕਿ ਪਰਮੇਸ਼ੁਰ ਹੀ ਰਾਜ ਕਰਦਾ ਹੈ ਅਤੇ ਉਹ ਜਿਸ ਨੂੰ ਚਾਹੇ, ਰਾਜ ਦੇ ਸਕਦਾ ਹੈ।”’
ਯਹੋਵਾਹ ਨੇ ਦਾਨੀਏਲ ਨੂੰ ਸੁਪਨੇ ਦਾ ਮਤਲਬ ਦੱਸਿਆ। ਜਦੋਂ ਦਾਨੀਏਲ ਨੂੰ ਸੁਪਨੇ ਦਾ ਮਤਲਬ ਪਤਾ ਲੱਗਾ, ਤਾਂ ਉਹ ਬਹੁਤ ਡਰ ਗਿਆ। ਉਸ ਨੇ ਕਿਹਾ: ‘ਹੇ ਮਹਾਰਾਜ, ਮੈਂ ਚਾਹੁੰਦਾ ਸੀ ਕਿ ਇਹ ਸੁਪਨਾ ਤੇਰੇ ਦੁਸ਼ਮਣਾਂ ਬਾਰੇ ਹੁੰਦਾ, ਪਰ ਇਹ ਤੇਰੇ ਬਾਰੇ ਹੈ। ਜਿਹੜਾ ਵੱਡਾ ਦਰਖ਼ਤ ਵੱਢਿਆ ਗਿਆ, ਉਹ ਤੂੰ ਹੀ ਹੈਂ। ਤੇਰਾ ਰਾਜ ਤੇਰੇ ਤੋਂ ਲੈ ਲਿਆ ਜਾਵੇਗਾ। ਤੂੰ ਜੰਗਲੀ ਜਾਨਵਰਾਂ ਨਾਲ ਰਹੇਂਗਾ ਅਤੇ ਘਾਹ ਖਾਵੇਂਗਾ। ਪਰ ਦੂਤ ਨੇ ਕਿਹਾ ਕਿ ਇਸ ਦੇ ਮੁੱਢ ਨੂੰ ਜੜ੍ਹ ਸਮੇਤ ਜ਼ਮੀਨ ਵਿਚ ਹੀ ਰਹਿਣ ਦਿਓ। ਇਸ ਦਾ ਮਤਲਬ ਹੈ ਕਿ ਤੂੰ ਦੁਬਾਰਾ ਤੋਂ ਰਾਜਾ ਬਣੇਂਗਾ।’
ਇਕ ਸਾਲ ਬਾਅਦ ਨਬੂਕਦਨੱਸਰ ਆਪਣੇ ਮਹਿਲ ਦੀ ਛੱਤ ʼਤੇ ਘੁੰਮ ਰਿਹਾ ਸੀ। ਉਹ ਬਾਬਲ ਦੀ ਤਾਰੀਫ਼ ਕਰ ਰਿਹਾ ਸੀ। ਉਸ ਨੇ ਕਿਹਾ: ‘ਦੇਖੋ, ਇਹ ਸ਼ਹਿਰ ਕਿੰਨਾ ਸ਼ਾਨਦਾਰ ਹੈ ਜਿਸ ਨੂੰ ਮੈਂ ਬਣਾਇਆ ਹੈ। ਮੈਂ ਕਿੰਨਾ ਮਹਾਨ ਹਾਂ!’ ਜਦੋਂ ਉਹ ਇਹ ਗੱਲਾਂ ਕਹਿ ਰਿਹਾ ਸੀ, ਉਦੋਂ ਸਵਰਗ ਤੋਂ ਇਕ ਆਵਾਜ਼ ਆਈ: ‘ਨਬੂਕਦਨੱਸਰ! ਹੁਣ ਤੇਰਾ ਰਾਜ ਤੇਰੇ ਤੋਂ ਲੈ ਲਿਆ ਗਿਆ ਹੈ।’
ਉਸੇ ਸਮੇਂ ਨਬੂਕਦਨੱਸਰ ਹੋਸ਼ ਗੁਆ ਬੈਠਾ ਤੇ ਜੰਗਲੀ ਜਾਨਵਰਾਂ ਵਾਂਗ ਕਰਨ ਲੱਗ ਪਿਆ। ਉਸ ਨੂੰ ਮਹਿਲ ਵਿੱਚੋਂ ਕੱਢ ਦਿੱਤਾ ਗਿਆ ਅਤੇ ਉਹ ਜੰਗਲੀ ਜਾਨਵਰਾਂ ਨਾਲ ਰਹਿਣ ਲੱਗ ਪਿਆ। ਨਬੂਕਦਨੱਸਰ ਦੇ ਵਾਲ਼ ਉਕਾਬਾਂ ਦੇ ਖੰਭਾਂ ਵਾਂਗ ਲੰਬੇ ਹੋ ਗਏ ਅਤੇ ਉਸ ਦੇ ਨਹੁੰ ਪੰਛੀਆਂ ਦੀਆਂ ਨਹੁੰਦਰਾਂ ਵਾਂਗ ਹੋ ਗਏ।
ਸੱਤ ਸਾਲ ਬੀਤਣ ਤੋਂ ਬਾਅਦ ਨਬੂਕਦਨੱਸਰ ਹੋਸ਼ ਵਿਚ ਆ ਗਿਆ। ਫਿਰ ਯਹੋਵਾਹ ਨੇ ਉਸ ਨੂੰ ਦੁਬਾਰਾ ਬਾਬਲ ਦਾ ਰਾਜਾ ਬਣਾ ਦਿੱਤਾ। ਫਿਰ ਨਬੂਕਦਨੱਸਰ ਨੇ ਕਿਹਾ: ‘ਮੈਂ ਸਵਰਗ ਦੇ ਰਾਜੇ ਯਹੋਵਾਹ ਦਾ ਗੁਣਗਾਨ ਕਰਦਾ ਹਾਂ। ਹੁਣ ਮੈਂ ਜਾਣ ਗਿਆ ਹਾਂ ਕਿ ਯਹੋਵਾਹ ਹੀ ਰਾਜਾ ਹੈ। ਉਹ ਘਮੰਡੀਆਂ ਦਾ ਸਿਰ ਨੀਵਾਂ ਕਰਦਾ ਹੈ ਅਤੇ ਉਹ ਜਿਸ ਨੂੰ ਚਾਹੇ, ਰਾਜ ਦੇ ਸਕਦਾ ਹੈ।’
“ਨਾਸ਼ ਤੋਂ ਪਹਿਲਾਂ ਹੰਕਾਰ ਹੁੰਦਾ ਹੈ ਅਤੇ ਠੇਡਾ ਖਾਣ ਤੋਂ ਪਹਿਲਾਂ ਘਮੰਡੀ ਸੋਚ ਹੁੰਦੀ ਹੈ।”—ਕਹਾਉਤਾਂ 16:18