ਪਾਠ 83
ਯਿਸੂ ਨੇ ਹਜ਼ਾਰਾਂ ਨੂੰ ਖਾਣਾ ਖਿਲਾਇਆ
32 ਈਸਵੀ ਵਿਚ ਪਸਾਹ ਤੋਂ ਥੋੜ੍ਹੀ ਦੇਰ ਪਹਿਲਾਂ ਰਸੂਲ ਪ੍ਰਚਾਰ ਕਰ ਕੇ ਵਾਪਸ ਆਏ। ਉਹ ਥੱਕੇ ਹੋਏ ਸਨ। ਇਸ ਲਈ ਯਿਸੂ ਉਨ੍ਹਾਂ ਨੂੰ ਆਰਾਮ ਕਰਨ ਲਈ ਕਿਸ਼ਤੀ ਰਾਹੀਂ ਬੈਤਸੈਦਾ ਲੈ ਗਿਆ। ਪਰ ਜਦੋਂ ਕਿਸ਼ਤੀ ਕਿਨਾਰੇ ʼਤੇ ਪਹੁੰਚੀ, ਤਾਂ ਯਿਸੂ ਨੇ ਦੇਖਿਆ ਕਿ ਹਜ਼ਾਰਾਂ ਹੀ ਲੋਕ ਉਨ੍ਹਾਂ ਦਾ ਪਿੱਛਾ ਕਰਦਿਆਂ ਉੱਥੇ ਪਹੁੰਚ ਗਏ ਸਨ। ਚਾਹੇ ਯਿਸੂ ਆਪਣੇ ਰਸੂਲਾਂ ਨਾਲ ਇਕੱਲਿਆਂ ਸਮਾਂ ਬਿਤਾਉਣਾ ਚਾਹੁੰਦਾ ਸੀ, ਪਰ ਉਸ ਨੇ ਪਿਆਰ ਨਾਲ ਲੋਕਾਂ ਦਾ ਸੁਆਗਤ ਕੀਤਾ। ਉਸ ਨੇ ਬੀਮਾਰਾਂ ਨੂੰ ਠੀਕ ਕੀਤਾ ਅਤੇ ਉਨ੍ਹਾਂ ਨੂੰ ਸਿੱਖਿਆ ਦਿੱਤੀ। ਸਾਰਾ ਦਿਨ ਯਿਸੂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਂਦਾ ਰਿਹਾ। ਸ਼ਾਮ ਪੈਣ ਤੇ ਉਸ ਦੇ ਰਸੂਲਾਂ ਨੇ ਉਸ ਨੂੰ ਕਿਹਾ: ‘ਲੋਕਾਂ ਨੂੰ ਜ਼ਰੂਰ ਭੁੱਖ ਲੱਗੀ ਹੋਣੀ। ਉਨ੍ਹਾਂ ਨੂੰ ਭੇਜ ਦੇ ਤਾਂਕਿ ਉਹ ਖਾਣ ਵਾਸਤੇ ਕੁਝ ਖ਼ਰੀਦ ਲੈਣ।’
ਯਿਸੂ ਨੇ ਕਿਹਾ: ‘ਉਨ੍ਹਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਇੱਥੇ ਹੀ ਕੁਝ ਖਾਣ ਨੂੰ ਦਿਓ।’ ਰਸੂਲਾਂ ਨੇ ਪੁੱਛਿਆ: ‘ਤੂੰ ਚਾਹੁੰਦਾ ਹੈਂ ਕਿ ਅਸੀਂ ਜਾ ਕੇ ਖਾਣਾ ਖ਼ਰੀਦ ਕੇ ਲਿਆਈਏ?’ ਫ਼ਿਲਿੱਪੁਸ ਨਾਂ ਦੇ ਇਕ ਰਸੂਲ ਨੇ ਪੁੱਛਿਆ: ‘ਭਾਵੇਂ ਸਾਡੇ ਕੋਲ ਬਹੁਤ ਪੈਸੇ ਵੀ ਹੋਣ, ਫਿਰ ਵੀ ਅਸੀਂ ਇਸ ਭੀੜ ਜੋਗਾ ਖਾਣਾ ਨਹੀਂ ਖ਼ਰੀਦ ਸਕਦੇ।’
ਯਿਸੂ ਨੇ ਪੁੱਛਿਆ: ‘ਸਾਡੇ ਕੋਲ ਕਿੰਨਾ ਕੁ ਖਾਣਾ ਹੈ?’ ਅੰਦ੍ਰਿਆਸ ਨੇ ਕਿਹਾ: ‘ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਛੋਟੀਆਂ ਮੱਛੀਆਂ ਹਨ। ਇਹ ਕਾਫ਼ੀ ਨਹੀਂ ਹਨ।’ ਯਿਸੂ ਨੇ ਕਿਹਾ: ‘ਮੇਰੇ ਕੋਲ ਰੋਟੀਆਂ ਤੇ ਮੱਛੀਆਂ ਲੈ ਕੇ ਆਓ।’ ਉਸ ਨੇ ਲੋਕਾਂ ਨੂੰ 50-50 ਅਤੇ 100-100 ਦੀਆਂ ਟੋਲੀਆਂ ਬਣਾ ਕੇ ਘਾਹ ʼਤੇ ਬੈਠਣ ਲਈ ਕਿਹਾ। ਯਿਸੂ ਨੇ ਰੋਟੀਆਂ ਅਤੇ ਮੱਛੀਆਂ ਲੈ ਕੇ ਆਕਾਸ਼ ਵੱਲ ਦੇਖਿਆ ਅਤੇ ਪ੍ਰਾਰਥਨਾ ਕੀਤੀ। ਫਿਰ ਉਸ ਨੇ ਖਾਣਾ ਰਸੂਲਾਂ ਨੂੰ ਦਿੱਤਾ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੰਡਿਆ। 5,000 ਆਦਮੀਆਂ ਤੋਂ ਇਲਾਵਾ ਔਰਤਾਂ ਅਤੇ ਬੱਚਿਆਂ ਨੇ ਵੀ ਰੱਜ ਕੇ ਖਾਣਾ ਖਾਧਾ। ਇਸ ਤੋਂ ਬਾਅਦ ਰਸੂਲਾਂ ਨੇ ਬਚਿਆ ਖਾਣਾ ਇਕੱਠਾ ਕੀਤਾ ਤਾਂਕਿ ਕੁਝ ਵੀ ਬੇਕਾਰ ਨਾ ਜਾਵੇ। ਬਚੇ ਹੋਏ ਖਾਣੇ ਦੀਆਂ 12 ਟੋਕਰੀਆਂ ਭਰ ਗਈਆਂ! ਇਹ ਹੈਰਾਨ ਕਰ ਦੇਣ ਵਾਲਾ ਚਮਤਕਾਰ ਸੀ, ਹੈਨਾ?
ਲੋਕ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹ ਯਿਸੂ ਨੂੰ ਆਪਣਾ ਰਾਜਾ ਬਣਾਉਣਾ ਚਾਹੁੰਦੇ ਸਨ। ਪਰ ਯਿਸੂ ਜਾਣਦਾ ਸੀ ਕਿ ਯਹੋਵਾਹ ਦਾ ਅਜੇ ਮਿਥਿਆ ਹੋਇਆ ਸਮਾਂ ਨਹੀਂ ਆਇਆ ਸੀ ਕਿ ਉਸ ਨੂੰ ਰਾਜਾ ਬਣਾਵੇ। ਇਸ ਲਈ ਉਸ ਨੇ ਭੀੜ ਨੂੰ ਵਾਪਸ ਭੇਜ ਦਿੱਤਾ ਅਤੇ ਰਸੂਲਾਂ ਨੂੰ ਗਲੀਲ ਦੀ ਝੀਲ ਦੇ ਦੂਜੇ ਪਾਸੇ ਜਾਣ ਨੂੰ ਕਿਹਾ। ਉਹ ਕਿਸ਼ਤੀ ਵਿਚ ਬੈਠ ਗਏ ਅਤੇ ਯਿਸੂ ਆਪ ਇਕੱਲਾ ਹੀ ਪਹਾੜ ʼਤੇ ਚਲਾ ਗਿਆ। ਕਿਉਂ? ਕਿਉਂਕਿ ਉਹ ਆਪਣੇ ਪਿਤਾ ਨੂੰ ਪ੍ਰਾਰਥਨਾ ਕਰਨੀ ਚਾਹੁੰਦਾ ਸੀ। ਚਾਹੇ ਉਹ ਜਿੰਨਾ ਮਰਜ਼ੀ ਰੁੱਝਾ ਹੁੰਦਾ ਸੀ, ਪਰ ਉਹ ਪ੍ਰਾਰਥਨਾ ਕਰਨ ਲਈ ਹਮੇਸ਼ਾ ਸਮਾਂ ਕੱਢਦਾ ਸੀ।
“ਉਸ ਭੋਜਨ ਲਈ ਮਿਹਨਤ ਨਾ ਕਰੋ ਜਿਹੜਾ ਖ਼ਰਾਬ ਹੋ ਜਾਂਦਾ ਹੈ, ਸਗੋਂ ਉਸ ਭੋਜਨ ਲਈ ਮਿਹਨਤ ਕਰੋ ਜਿਹੜਾ ਕਦੀ ਖ਼ਰਾਬ ਨਹੀਂ ਹੁੰਦਾ ਤੇ ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ। ਮਨੁੱਖ ਦਾ ਪੁੱਤਰ ਤੁਹਾਨੂੰ ਇਹ ਭੋਜਨ ਦੇਵੇਗਾ।”—ਯੂਹੰਨਾ 6:27