ਪਾਠ 84
ਯਿਸੂ ਪਾਣੀ ʼਤੇ ਤੁਰਿਆ
ਯਿਸੂ ਨਾ ਸਿਰਫ਼ ਬੀਮਾਰ ਲੋਕਾਂ ਨੂੰ ਠੀਕ ਕਰ ਸਕਦਾ ਸੀ ਅਤੇ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਸੀ, ਸਗੋਂ ਉਹ ਮੀਂਹ ਅਤੇ ਹਨੇਰੀ ਨੂੰ ਵੀ ਕਾਬੂ ਕਰ ਸਕਦਾ ਸੀ। ਪਹਾੜ ʼਤੇ ਪ੍ਰਾਰਥਨਾ ਕਰਨ ਤੋਂ ਬਾਅਦ ਯਿਸੂ ਨੇ ਦੇਖਿਆ ਕਿ ਗਲੀਲ ਦੀ ਝੀਲ ਵਿਚ ਤੂਫ਼ਾਨ ਆਇਆ ਹੋਇਆ ਸੀ। ਉਸ ਦੇ ਰਸੂਲ ਕਿਸ਼ਤੀ ਵਿਚ ਸਨ ਅਤੇ ਤੇਜ਼ ਹਵਾ ਕਰਕੇ ਉਨ੍ਹਾਂ ਲਈ ਕਿਸ਼ਤੀ ਚਲਾਉਣੀ ਔਖੀ ਹੋ ਰਹੀ ਸੀ। ਯਿਸੂ ਪਹਾੜ ਤੋਂ ਥੱਲੇ ਆ ਗਿਆ ਅਤੇ ਕਿਸ਼ਤੀ ਵੱਲ ਜਾਣ ਲਈ ਪਾਣੀ ʼਤੇ ਤੁਰਨ ਲੱਗਾ। ਜਦੋਂ ਰਸੂਲਾਂ ਨੇ ਦੇਖਿਆ ਕਿ ਕੋਈ ਪਾਣੀ ʼਤੇ ਤੁਰ ਰਿਹਾ ਸੀ, ਤਾਂ ਉਹ ਬਹੁਤ ਡਰ ਗਏ। ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: ‘ਮੈਂ ਹਾਂ, ਡਰੋ ਨਾ।’
ਪਤਰਸ ਨੇ ਕਿਹਾ: ‘ਪ੍ਰਭੂ, ਜੇ ਸੱਚ-ਮੁੱਚ ਤੂੰ ਹੀ ਹੈਂ, ਤਾਂ ਮੈਨੂੰ ਆਪਣੇ ਵੱਲ ਆਉਣ ਦਾ ਹੁਕਮ ਦੇ।’ ਯਿਸੂ ਨੇ ਪਤਰਸ ਨੂੰ ਕਿਹਾ: ‘ਆਜਾ।’ ਪਤਰਸ ਕਿਸ਼ਤੀ ਤੋਂ ਉੱਤਰ ਕੇ ਪਾਣੀ ʼਤੇ ਤੁਰਦਾ ਹੋਇਆ ਯਿਸੂ ਵੱਲ ਜਾਣ ਲੱਗਾ। ਪਰ ਜਿਉਂ ਹੀ ਉਹ ਯਿਸੂ ਦੇ ਨੇੜੇ ਗਿਆ, ਤਾਂ ਉਸ ਦਾ ਧਿਆਨ ਤੂਫ਼ਾਨ ਵੱਲ ਚਲਾ ਗਿਆ ਅਤੇ ਉਹ ਡਰ ਗਿਆ। ਪਤਰਸ ਡੁੱਬਣ ਲੱਗਾ। ਪਤਰਸ ਉੱਚੀ-ਉੱਚੀ ਕਹਿਣ ਲੱਗਾ: ‘ਪ੍ਰਭੂ, ਮੈਨੂੰ ਬਚਾ ਲੈ!’ ਯਿਸੂ ਨੇ ਉਸ ਦਾ ਹੱਥ ਫੜ ਲਿਆ ਅਤੇ ਕਿਹਾ: ‘ਤੂੰ ਸ਼ੱਕ ਕਿਉਂ ਕੀਤਾ? ਤੇਰੀ ਨਿਹਚਾ ਕਿੱਥੇ ਗਈ?’
ਜਿਉਂ ਹੀ ਯਿਸੂ ਅਤੇ ਪਤਰਸ ਕਿਸ਼ਤੀ ਵਿਚ ਬੈਠੇ, ਤੂਫ਼ਾਨ ਸ਼ਾਂਤ ਹੋ ਗਿਆ। ਕੀ ਤੁਸੀਂ ਸੋਚ ਸਕਦੇ ਕਿ ਰਸੂਲਾਂ ਨੂੰ ਕਿੱਦਾਂ ਲੱਗਾ ਹੋਣਾ? ਉਹ ਕਹਿਣ ਲੱਗੇ: “ਤੂੰ ਵਾਕਈ ਪਰਮੇਸ਼ੁਰ ਦਾ ਪੁੱਤਰ ਹੈਂ।”
ਯਿਸੂ ਨੇ ਸਿਰਫ਼ ਇਸ ਮੌਕੇ ʼਤੇ ਹੀ ਤੂਫ਼ਾਨ ʼਤੇ ਕਾਬੂ ਨਹੀਂ ਪਾਇਆ ਸੀ। ਇਕ ਹੋਰ ਮੌਕੇ ʼਤੇ ਜਦੋਂ ਯਿਸੂ ਅਤੇ ਉਸ ਦੇ ਰਸੂਲ ਝੀਲ ਦੇ ਦੂਜੇ ਪਾਸੇ ਜਾ ਰਹੇ ਸਨ, ਤਾਂ ਯਿਸੂ ਕਿਸ਼ਤੀ ਦੇ ਪਿਛਲੇ ਹਿੱਸੇ ਵਿਚ ਸੁੱਤਾ ਪਿਆ ਸੀ। ਜਦੋਂ ਉਹ ਸੁੱਤਾ ਪਿਆ ਸੀ, ਤਾਂ ਝੀਲ ਵਿਚ ਬਹੁਤ ਵੱਡਾ ਤੂਫ਼ਾਨ ਆਇਆ। ਲਹਿਰਾਂ ਜ਼ੋਰ-ਜ਼ੋਰ ਨਾਲ ਕਿਸ਼ਤੀ ਨਾਲ ਟਕਰਾ ਰਹੀਆਂ ਸਨ ਅਤੇ ਕਿਸ਼ਤੀ ਪਾਣੀ ਨਾਲ ਭਰਨ ਲੱਗ ਪਈ। ਯਿਸੂ ਦੇ ਰਸੂਲਾਂ ਨੇ ਉਸ ਨੂੰ ਜਗਾਇਆ ਅਤੇ ਕਿਹਾ: ‘ਪ੍ਰਭੂ, ਅਸੀਂ ਡੁੱਬਣ ਲੱਗੇ ਹਾਂ! ਸਾਡੀ ਮਦਦ ਕਰ!’ ਯਿਸੂ ਨੇ ਉੱਠ ਕੇ ਝੀਲ ਨੂੰ ਕਿਹਾ: “ਸ਼ਾਂਤ ਹੋ ਜਾ!” ਉਸੇ ਵੇਲੇ ਹਨੇਰੀ ਰੁਕ ਗਈ ਅਤੇ ਤੂਫ਼ਾਨ ਸ਼ਾਂਤ ਹੋ ਗਿਆ। ਯਿਸੂ ਨੇ ਰਸੂਲਾਂ ਨੂੰ ਪੁੱਛਿਆ: ‘ਤੁਹਾਡੀ ਨਿਹਚਾ ਕਿੱਥੇ ਗਈ?’ ਉਹ ਇਕ-ਦੂਜੇ ਨੂੰ ਕਹਿਣ ਲੱਗੇ: “ਇਸ ਦਾ ਕਹਿਣਾ ਤਾਂ ਹਨੇਰੀ ਅਤੇ ਝੀਲ ਵੀ ਮੰਨਦੀਆਂ ਹਨ।” ਰਸੂਲਾਂ ਨੂੰ ਪਤਾ ਲੱਗ ਗਿਆ ਕਿ ਜੇ ਉਹ ਯਿਸੂ ʼਤੇ ਪੂਰਾ ਭਰੋਸਾ ਰੱਖਣ, ਤਾਂ ਉਨ੍ਹਾਂ ਨੂੰ ਕਿਸੇ ਵੀ ਚੀਜ਼ ਤੋਂ ਡਰਨ ਦੀ ਲੋੜ ਨਹੀਂ।
“ਮੇਰਾ ਕੀ ਹੁੰਦਾ ਜੇ ਮੈਨੂੰ ਨਿਹਚਾ ਨਾ ਹੁੰਦੀ ਕਿ ਮੈਂ ਆਪਣੇ ਜੀਉਂਦੇ-ਜੀ ਯਹੋਵਾਹ ਦੀ ਭਲਾਈ ਦੇਖਾਂਗਾ?”—ਜ਼ਬੂਰ 27:13