ਪਾਠ 88
ਯਿਸੂ ਨੂੰ ਗਿਰਫ਼ਤਾਰ ਕੀਤਾ ਗਿਆ
ਯਿਸੂ ਅਤੇ ਉਸ ਦੇ ਚੇਲੇ ਕਿਦਰੋਨ ਘਾਟੀ ਵਿੱਚੋਂ ਦੀ ਹੁੰਦਿਆਂ ਜ਼ੈਤੂਨ ਪਹਾੜ ʼਤੇ ਚਲੇ ਗਏ। ਅੱਧੀ ਰਾਤ ਤੋਂ ਬਾਅਦ ਪੂਰਾ ਚੰਨ ਨਿਕਲਿਆ ਹੋਇਆ ਸੀ। ਜਦੋਂ ਉਹ ਗਥਸਮਨੀ ਦੇ ਬਾਗ਼ ਵਿਚ ਪਹੁੰਚੇ, ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਇੱਥੇ ਠਹਿਰੋ ਅਤੇ ਜਾਗਦੇ ਰਹੋ।” ਫਿਰ ਯਿਸੂ ਥੋੜ੍ਹਾ ਅੱਗੇ ਜਾ ਕੇ ਗੋਡਿਆਂ ਭਾਰ ਬੈਠ ਗਿਆ। ਉਹ ਬਹੁਤ ਦੁਖੀ ਸੀ ਅਤੇ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਜਿਵੇਂ ਤੂੰ ਚਾਹੁੰਦਾ ਹੈਂ, ਉਸੇ ਤਰ੍ਹਾਂ ਹੋਵੇ।” ਯਹੋਵਾਹ ਨੇ ਇਕ ਦੂਤ ਭੇਜ ਕੇ ਯਿਸੂ ਨੂੰ ਹੌਸਲਾ ਦਿੱਤਾ। ਜਦੋਂ ਯਿਸੂ ਰਸੂਲਾਂ ਕੋਲ ਵਾਪਸ ਗਿਆ, ਤਾਂ ਉਹ ਸੌਂ ਰਹੇ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: ‘ਉੱਠੋ! ਇਹ ਸੌਣ ਦਾ ਸਮਾਂ ਨਹੀਂ ਹੈ! ਘੜੀ ਆ ਪਹੁੰਚੀ ਹੈ ਜਦੋਂ ਮੈਨੂੰ ਦੁਸ਼ਮਣਾਂ ਦੇ ਹੱਥ ਫੜਾਇਆ ਜਾਵੇਗਾ।’
ਥੋੜ੍ਹੀ ਦੇਰ ਬਾਅਦ ਯਹੂਦਾ ਆ ਗਿਆ ਤੇ ਉਸ ਨਾਲ ਤਲਵਾਰਾਂ ਅਤੇ ਡਾਂਗਾਂ ਫੜੀ ਇਕ ਵੱਡੀ ਭੀੜ ਵੀ ਆ ਗਈ। ਯਹੂਦਾ ਜਾਣਦਾ ਸੀ ਕਿ ਯਿਸੂ ਕਿੱਥੇ ਮਿਲੇਗਾ ਕਿਉਂਕਿ ਉਹ ਅਕਸਰ ਇਸ ਬਾਗ਼ ਵਿਚ ਆਇਆ ਕਰਦੇ ਸਨ। ਯਹੂਦਾ ਨੇ ਫ਼ੌਜੀਆਂ ਨੂੰ ਕਿਹਾ ਸੀ ਕਿ ਉਹ ਯਿਸੂ ਨੂੰ ਪਛਾਣਨ ਵਿਚ ਉਨ੍ਹਾਂ ਦੀ ਮਦਦ ਕਰੇਗਾ। ਉਹ ਸਿੱਧਾ ਯਿਸੂ ਕੋਲ ਗਿਆ ਅਤੇ ਕਹਿਣ ਲੱਗਾ: ‘ਨਮਸਕਾਰ ਗੁਰੂ ਜੀ।’ ਫਿਰ ਉਸ ਨੇ ਯਿਸੂ ਨੂੰ ਚੁੰਮਿਆ। ਯਿਸੂ ਨੇ ਉਸ ਨੂੰ ਕਿਹਾ: ‘ਯਹੂਦਾ, ਕੀ ਤੂੰ ਮੈਨੂੰ ਇਸ ਲਈ ਚੁੰਮ ਰਿਹਾ ਹੈਂ ਤਾਂਕਿ ਤੂੰ ਮੈਨੂੰ ਧੋਖੇ ਨਾਲ ਫੜਵਾ ਦੇਵੇਂ?’
ਯਿਸੂ ਨੇ ਅੱਗੇ ਆ ਕੇ ਭੀੜ ਨੂੰ ਪੁੱਛਿਆ: “ਤੁਸੀਂ ਕਿਹਨੂੰ ਲੱਭ ਰਹੇ ਹੋ?” ਉਨ੍ਹਾਂ ਨੇ ਕਿਹਾ: “ਯਿਸੂ ਨਾਸਰੀ ਨੂੰ।” ਯਿਸੂ ਨੇ ਕਿਹਾ: “ਮੈਂ ਹੀ ਹਾਂ।” ਇਹ ਸੁਣ ਕੇ ਆਦਮੀ ਪਿੱਛੇ ਹਟ ਗਏ ਅਤੇ ਜ਼ਮੀਨ ʼਤੇ ਡਿਗ ਪਏ। ਇਸ ਲਈ ਯਿਸੂ ਨੇ ਦੁਬਾਰਾ ਭੀੜ ਨੂੰ ਪੁੱਛਿਆ: “ਤੁਸੀਂ ਕਿਹਨੂੰ ਲੱਭ ਰਹੇ ਹੋ?” ਉਨ੍ਹਾਂ ਨੇ ਕਿਹਾ: “ਯਿਸੂ ਨਾਸਰੀ ਨੂੰ।” ਯਿਸੂ ਨੇ ਜਵਾਬ ਦਿੱਤਾ: ‘ਮੈਂ ਤੁਹਾਨੂੰ ਕਹਿ ਤਾਂ ਦਿੱਤਾ ਕਿ ਮੈਂ ਹੀ ਹਾਂ। ਇਨ੍ਹਾਂ ਆਦਮੀਆਂ ਨੂੰ ਜਾਣ ਦਿਓ।’
ਜਦੋਂ ਪਤਰਸ ਨੇ ਇਹ ਸਭ ਕੁਝ ਦੇਖਿਆ, ਤਾਂ ਉਸ ਨੇ ਤਲਵਾਰ ਕੱਢ ਕੇ ਮਹਾਂ ਪੁਜਾਰੀ ਦੇ ਨੌਕਰ ਮਲਖੁਸ ਦਾ ਕੰਨ ਵੱਢ ਸੁੱਟਿਆ। ਪਰ ਯਿਸੂ ਨੇ ਨੌਕਰ ਦੇ ਕੰਨ ਨੂੰ ਹੱਥ ਲਾ ਕੇ ਠੀਕ ਕਰ ਦਿੱਤਾ। ਫਿਰ ਉਸ ਨੇ ਪਤਰਸ ਨੂੰ ਕਿਹਾ: ‘ਆਪਣੀ ਤਲਵਾਰ ਮਿਆਨ ਵਿਚ ਪਾ। ਜੇ ਤੂੰ ਤਲਵਾਰ ਨਾਲ ਲੜੇਂਗਾ, ਤਾਂ ਤੂੰ ਵੀ ਤਲਵਾਰ ਨਾਲ ਹੀ ਮਾਰਿਆ ਜਾਵੇਂਗਾ।’ ਫ਼ੌਜੀਆਂ ਨੇ ਯਿਸੂ ਨੂੰ ਫੜ ਲਿਆ ਅਤੇ ਉਸ ਦੇ ਹੱਥ ਬੰਨ੍ਹ ਦਿੱਤੇ ਤੇ ਰਸੂਲ ਭੱਜ ਗਏ। ਫਿਰ ਫ਼ੌਜੀ ਉਸ ਨੂੰ ਮੁੱਖ ਪੁਜਾਰੀ ਅੰਨਾਸ ਕੋਲ ਲੈ ਆਏ। ਅੰਨਾਸ ਨੇ ਯਿਸੂ ਤੋਂ ਪੁੱਛ-ਗਿੱਛ ਕੀਤੀ ਅਤੇ ਫਿਰ ਉਸ ਨੂੰ ਮਹਾਂ ਪੁਜਾਰੀ ਕਾਇਫ਼ਾ ਦੇ ਘਰ ਭੇਜ ਦਿੱਤਾ। ਪਰ ਰਸੂਲਾਂ ਨਾਲ ਕੀ ਹੋਇਆ?
“ਦੁਨੀਆਂ ਵਿਚ ਤੁਹਾਨੂੰ ਕਸ਼ਟ ਸਹਿਣਾ ਪਵੇਗਾ, ਪਰ ਹੌਸਲਾ ਰੱਖੋ! ਮੈਂ ਦੁਨੀਆਂ ਨੂੰ ਜਿੱਤ ਲਿਆ ਹੈ।”—ਯੂਹੰਨਾ 16:33