ਪਾਠ 100
ਪੌਲੁਸ ਅਤੇ ਤਿਮੋਥਿਉਸ
ਲੁਸਤ੍ਰਾ ਦੀ ਮੰਡਲੀ ਵਿਚ ਤਿਮੋਥਿਉਸ ਨਾਂ ਦਾ ਇਕ ਨੌਜਵਾਨ ਭਰਾ ਸੀ। ਉਸ ਦਾ ਪਿਤਾ ਯੂਨਾਨੀ ਅਤੇ ਉਸ ਦੀ ਮਾਤਾ ਯਹੂਦਣ ਸੀ। ਉਸ ਦੀ ਮਾਤਾ ਯੂਨੀਕਾ ਅਤੇ ਨਾਨੀ ਲੋਇਸ ਨੇ ਉਸ ਨੂੰ ਛੋਟੇ ਹੁੰਦਿਆਂ ਤੋਂ ਹੀ ਯਹੋਵਾਹ ਬਾਰੇ ਸਿਖਾਇਆ ਸੀ।
ਜਦੋਂ ਪੌਲੁਸ ਆਪਣੇ ਦੂਸਰੇ ਦੌਰੇ ਦੌਰਾਨ ਲੁਸਤ੍ਰਾ ਆਇਆ, ਤਾਂ ਉਸ ਨੇ ਦੇਖਿਆ ਕਿ ਤਿਮੋਥਿਉਸ ਭੈਣਾਂ-ਭਰਾਵਾਂ ਨਾਲ ਬਹੁਤ ਪਿਆਰ ਕਰਦਾ ਸੀ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਸੀ। ਪੌਲੁਸ ਨੇ ਤਿਮੋਥਿਉਸ ਨੂੰ ਆਪਣੇ ਨਾਲ ਸਫ਼ਰ ʼਤੇ ਆਉਣ ਲਈ ਕਿਹਾ। ਇਸ ਸਮੇਂ ਦੌਰਾਨ ਪੌਲੁਸ ਨੇ ਤਿਮੋਥਿਉਸ ਨੂੰ ਖ਼ੁਸ਼ ਖ਼ਬਰੀ ਦਾ ਵਧੀਆ ਪ੍ਰਚਾਰਕ ਅਤੇ ਸਿੱਖਿਅਕ ਬਣਨ ਦੀ ਸਿਖਲਾਈ ਦਿੱਤੀ।
ਪੌਲੁਸ ਤੇ ਤਿਮੋਥਿਉਸ ਜਿੱਥੇ ਵੀ ਜਾਂਦੇ ਸਨ, ਪਵਿੱਤਰ ਸ਼ਕਤੀ ਉਨ੍ਹਾਂ ਨੂੰ ਸੇਧ ਦਿੰਦੀ ਸੀ। ਇਕ ਰਾਤ ਪੌਲੁਸ ਨੇ ਦਰਸ਼ਣ ਵਿਚ ਦੇਖਿਆ ਕਿ ਇਕ ਆਦਮੀ ਉਸ ਨੂੰ ਮਕਦੂਨੀਆ ਆ ਕੇ ਉਨ੍ਹਾਂ ਦੀ ਮਦਦ ਕਰਨ ਲਈ ਕਹਿ ਰਿਹਾ ਸੀ। ਇਸ ਲਈ ਪੌਲੁਸ, ਤਿਮੋਥਿਉਸ, ਸੀਲਾਸ ਅਤੇ ਲੂਕਾ ਉੱਥੇ ਪ੍ਰਚਾਰ ਕਰਨ ਅਤੇ ਨਵੀਆਂ ਮੰਡਲੀਆਂ ਬਣਾਉਣ ਲਈ ਚਲੇ ਗਏ।
ਮਕਦੂਨੀਆ ਦੇ ਥੱਸਲੁਨੀਕਾ ਸ਼ਹਿਰ ਦੇ ਬਹੁਤ ਸਾਰੇ ਆਦਮੀ ਤੇ ਔਰਤਾਂ ਮਸੀਹ ਦੇ ਚੇਲੇ ਬਣ ਗਏ। ਪਰ ਕੁਝ ਯਹੂਦੀ ਪੌਲੁਸ ਅਤੇ ਉਸ ਦੇ ਸਾਥੀਆਂ ਨਾਲ ਈਰਖਾ ਕਰਨ ਲੱਗ ਪਏ। ਉਨ੍ਹਾਂ ਨੇ ਲੋਕਾਂ ਦੀ ਭੀੜ ਇਕੱਠੀ ਕਰ ਲਈ ਅਤੇ ਹੋਰ ਭਰਾਵਾਂ ਨੂੰ ਸ਼ਹਿਰ ਦੇ ਅਧਿਕਾਰੀਆਂ ਕੋਲ ਲੈ ਗਏ ਅਤੇ ਕਹਿਣ ਲੱਗੇ: ‘ਇਹ ਆਦਮੀ ਰੋਮੀ ਸਰਕਾਰ ਦੇ ਦੁਸ਼ਮਣ ਹਨ!’ ਪੌਲੁਸ ਅਤੇ ਤਿਮੋਥਿਉਸ ਦੀਆਂ ਜਾਨਾਂ ਖ਼ਤਰੇ ਵਿਚ ਸਨ। ਇਸ ਲਈ ਉਸੇ ਰਾਤ ਉਹ ਬਰੀਆ ਸ਼ਹਿਰ ਨੂੰ ਭੱਜ ਗਏ।
ਬਰੀਆ ਦੇ ਲੋਕ ਖ਼ੁਸ਼ ਖ਼ਬਰੀ ਸਿੱਖਣ ਲਈ ਉਤਾਵਲੇ ਸਨ। ਇਸ ਲਈ ਯੂਨਾਨੀ ਅਤੇ ਯਹੂਦੀ ਦੋਵੇਂ ਨਿਹਚਾ ਕਰਨ ਲੱਗ ਪਏ। ਪਰ ਜਦੋਂ ਥੱਸਲੁਨੀਕਾ ਤੋਂ ਕੁਝ ਯਹੂਦੀ ਆ ਕੇ ਲੋਕਾਂ ਨੂੰ ਭੜਕਾਉਣ ਲੱਗੇ, ਤਾਂ ਪੌਲੁਸ ਐਥਿਨਜ਼ ਨੂੰ ਚਲਾ ਗਿਆ। ਤਿਮੋਥਿਉਸ ਅਤੇ ਸੀਲਾਸ ਭੈਣਾਂ-ਭਰਾਵਾਂ ਦਾ ਹੌਸਲਾ ਵਧਾਉਣ ਲਈ ਬਰੀਆ ਹੀ ਰੁਕ ਗਏ। ਬਾਅਦ ਵਿਚ ਪੌਲੁਸ ਨੇ ਤਿਮੋਥਿਉਸ ਨੂੰ ਭਰਾਵਾਂ ਦੀ ਮਦਦ ਕਰਨ ਲਈ ਦੁਬਾਰਾ ਥੱਸਲੁਨੀਕਾ ਭੇਜਿਆ ਕਿਉਂਕਿ ਉੱਥੇ ਦੇ ਭਰਾਵਾਂ ਨੂੰ ਬਹੁਤ ਸਤਾਇਆ ਜਾ ਰਿਹਾ ਸੀ। ਪੌਲੁਸ ਨੇ ਤਿਮੋਥਿਉਸ ਨੂੰ ਹੋਰ ਕਈ ਮੰਡਲੀਆਂ ਵਿਚ ਭੇਜਿਆ ਤਾਂਕਿ ਉਹ ਉਨ੍ਹਾਂ ਦਾ ਹੌਸਲਾ ਵਧਾ ਸਕੇ।
ਪੌਲੁਸ ਨੇ ਤਿਮੋਥਿਉਸ ਨੂੰ ਕਿਹਾ: ‘ਜਿਹੜੇ ਯਹੋਵਾਹ ਦੀ ਭਗਤੀ ਕਰਨੀ ਚਾਹੁੰਦੇ ਹਨ, ਉਹ ਸਤਾਏ ਜਾਣਗੇ।’ ਤਿਮੋਥਿਉਸ ਨੂੰ ਸਤਾਇਆ ਗਿਆ ਅਤੇ ਉਸ ਨੂੰ ਆਪਣੀ ਨਿਹਚਾ ਕਰਕੇ ਜੇਲ੍ਹ ਜਾਣਾ ਪਿਆ। ਪਰ ਉਹ ਖ਼ੁਸ਼ ਸੀ ਕਿਉਂਕਿ ਉਸ ਨੂੰ ਇਹ ਸਾਬਤ ਕਰਨ ਦਾ ਮੌਕਾ ਮਿਲਿਆ ਸੀ ਕਿ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਹੈ।
ਪੌਲੁਸ ਨੇ ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਨੂੰ ਕਿਹਾ: ‘ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ। ਉਹ ਤੁਹਾਨੂੰ ਸਿਖਾਵੇਗਾ ਕਿ ਸੱਚਾਈ ʼਤੇ ਚੱਲਣ ਦਾ ਕੀ ਮਤਲਬ ਹੈ ਅਤੇ ਉਹ ਤੁਹਾਨੂੰ ਪ੍ਰਚਾਰ ਕਰਨ ਦੀ ਸਿਖਲਾਈ ਵੀ ਦੇਵੇਗਾ।’ ਪੌਲੁਸ ਨੂੰ ਪਤਾ ਸੀ ਕਿ ਤਿਮੋਥਿਉਸ ਭਰੋਸੇਯੋਗ ਹੈ। ਉਹ ਦੋਵੇਂ ਪੱਕੇ ਦੋਸਤ ਸਨ ਅਤੇ ਉਨ੍ਹਾਂ ਨੇ ਕਈ ਸਾਲ ਮਿਲ ਕੇ ਸੇਵਾ ਕੀਤੀ।
“ਮੇਰੇ ਕੋਲ ਉਸ ਵਰਗਾ ਹੋਰ ਕੋਈ ਨਹੀਂ ਹੈ ਜੋ ਸੱਚੇ ਦਿਲੋਂ ਤੁਹਾਡਾ ਫ਼ਿਕਰ ਕਰਦਾ ਹੋਵੇ ਕਿਉਂਕਿ ਬਾਕੀ ਸਾਰੇ ਆਪਣੇ ਬਾਰੇ ਹੀ ਸੋਚਦੇ ਹਨ, ਨਾ ਕਿ ਯਿਸੂ ਮਸੀਹ ਦੇ ਕੰਮ ਬਾਰੇ।”—ਫ਼ਿਲਿੱਪੀਆਂ 2:20, 21