ਭਾਗ 7 ਦੀ ਜਾਣ-ਪਛਾਣ
ਇਸ ਭਾਗ ਵਿਚ ਰਾਜਾ ਸ਼ਾਊਲ ਤੇ ਰਾਜਾ ਦਾਊਦ ਦੀ ਜ਼ਿੰਦਗੀ ਦੇ ਲਗਭਗ 80 ਸਾਲਾਂ ਦਾ ਇਤਿਹਾਸ ਹੈ। ਪਹਿਲਾਂ ਸ਼ਾਊਲ ਨਿਮਰ ਸੀ ਤੇ ਪਰਮੇਸ਼ੁਰ ਤੋਂ ਡਰਦਾ ਸੀ। ਪਰ ਜਲਦੀ ਹੀ ਉਹ ਬਦਲ ਗਿਆ ਤੇ ਉਸ ਨੇ ਯਹੋਵਾਹ ਦਾ ਕਹਿਣਾ ਮੰਨਣਾ ਛੱਡ ਦਿੱਤਾ। ਯਹੋਵਾਹ ਨੇ ਉਸ ਨੂੰ ਰਾਜੇ ਵਜੋਂ ਠੁਕਰਾ ਦਿੱਤਾ ਅਤੇ ਉਸ ਨੇ ਸਮੂਏਲ ਨੂੰ ਕਿਹਾ ਕਿ ਉਹ ਦਾਊਦ ਨੂੰ ਇਜ਼ਰਾਈਲ ਦਾ ਅਗਲਾ ਰਾਜਾ ਚੁਣੇ। ਸ਼ਾਊਲ ਦਾਊਦ ਨਾਲ ਈਰਖਾ ਕਰਦਾ ਸੀ ਜਿਸ ਕਰਕੇ ਉਸ ਨੇ ਦਾਊਦ ਨੂੰ ਕਈ ਵਾਰ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਦਾਊਦ ਨੇ ਕਦੇ ਵੀ ਬਦਲਾ ਨਹੀਂ ਲਿਆ। ਸ਼ਾਊਲ ਦਾ ਮੁੰਡਾ ਯੋਨਾਥਾਨ ਜਾਣਦਾ ਸੀ ਕਿ ਯਹੋਵਾਹ ਨੇ ਦਾਊਦ ਨੂੰ ਚੁਣਿਆ ਸੀ। ਇਸ ਲਈ ਉਹ ਦਾਊਦ ਪ੍ਰਤੀ ਵਫ਼ਾਦਾਰ ਰਿਹਾ। ਦਾਊਦ ਨੇ ਕਈ ਗੰਭੀਰ ਪਾਪ ਕੀਤੇ, ਪਰ ਉਸ ਨੇ ਹਮੇਸ਼ਾ ਯਹੋਵਾਹ ਵੱਲੋਂ ਤਾੜਨਾ ਸਵੀਕਾਰ ਕੀਤੀ। ਜੇ ਤੁਸੀਂ ਮਾਪੇ ਹੋ, ਤਾਂ ਆਪਣੇ ਬੱਚੇ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਸਾਨੂੰ ਹਮੇਸ਼ਾ ਯਹੋਵਾਹ ਦੇ ਆਗਿਆਕਾਰ ਤੇ ਵਫ਼ਾਦਾਰ ਰਹਿਣਾ ਚਾਹੀਦਾ ਹੈ। ਨਾਲੇ ਸਾਨੂੰ ਉਨ੍ਹਾਂ ਦੇ ਵੀ ਵਫ਼ਾਦਾਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੂੰ ਯਹੋਵਾਹ ਨੇ ਸਾਨੂੰ ਸੇਧ ਦੇਣ ਲਈ ਚੁਣਿਆ ਹੈ।