ਗੱਲਬਾਤ ਸ਼ੁਰੂ ਕਰਨੀ
ਪਾਠ 1
ਦੂਜਿਆਂ ਬਾਰੇ ਸੋਚੋ
ਅਸੂਲ: “ਪਿਆਰ . . . ਆਪਣੇ ਬਾਰੇ ਹੀ ਨਹੀਂ ਸੋਚਦਾ।”—1 ਕੁਰਿੰ. 13:4, 5.
ਯਿਸੂ ਨੇ ਕੀ ਕੀਤਾ?
1. ਵੀਡੀਓ ਦੇਖੋ ਜਾਂ ਯੂਹੰਨਾ 4:6-9 ਪੜ੍ਹੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:
ੳ. ਯਿਸੂ ਨੇ ਔਰਤ ਨਾਲ ਗੱਲ ਕਰਨ ਤੋਂ ਪਹਿਲਾਂ ਉਸ ਦੀਆਂ ਕਿਹੜੀਆਂ ਗੱਲਾਂ ʼਤੇ ਧਿਆਨ ਦਿੱਤਾ?
ਅ. ਯਿਸੂ ਨੇ ਕਿਹਾ: “ਮੈਨੂੰ ਪਾਣੀ ਪਿਲਾਈਂ।” ਇਹ ਗੱਲਬਾਤ ਕਰਨ ਦਾ ਅਸਰਦਾਰ ਤਰੀਕਾ ਕਿਉਂ ਸੀ?
ਅਸੀਂ ਯਿਸੂ ਤੋਂ ਕੀ ਸਿੱਖਦੇ ਹਾਂ?
2. ਜੇ ਅਸੀਂ ਕਿਸੇ ਅਜਿਹੇ ਵਿਸ਼ੇ ʼਤੇ ਗੱਲ ਕਰੀਏ ਜਿਸ ਵਿਚ ਵਿਅਕਤੀ ਨੂੰ ਦਿਲਚਸਪੀ ਹੈ, ਤਾਂ ਵਧੀਆ ਗੱਲਬਾਤ ਹੋ ਸਕਦੀ ਹੈ।
ਯਿਸੂ ਦੀ ਰੀਸ ਕਰੋ
3. ਵਿਸ਼ਾ ਬਦਲਣ ਲਈ ਤਿਆਰ ਰਹੋ। ਇਹ ਨਾ ਸੋਚੋ ਕਿ ਤੁਸੀਂ ਜਿਸ ਵਿਸ਼ੇ ʼਤੇ ਗੱਲ ਕਰਨ ਦੀ ਤਿਆਰੀ ਕੀਤੀ ਹੈ, ਤੁਸੀਂ ਬੱਸ ਉਸੇ ਵਿਸ਼ੇ ʼਤੇ ਹੀ ਗੱਲ ਕਰੋਗੇ। ਇਸ ਦੀ ਬਜਾਇ, ਕਿਸੇ ਅਜਿਹੇ ਵਿਸ਼ੇ ʼਤੇ ਗੱਲ ਕਰੋ ਜਿਸ ਬਾਰੇ ਜ਼ਿਆਦਾਤਰ ਲੋਕ ਸੋਚ ਰਹੇ ਹਨ। ਆਪਣੇ ਆਪ ਤੋਂ ਪੁੱਛੋ:
ੳ. ‘ਅੱਜ-ਕੱਲ੍ਹ ਖ਼ਬਰਾਂ ਵਿਚ ਕੀ ਸੁਣਨ ਨੂੰ ਮਿਲਦਾ ਹੈ?’
ਅ. ‘ਮੇਰੇ ਗੁਆਂਢੀ, ਮੇਰੇ ਨਾਲ ਕੰਮ ਕਰਨ ਵਾਲੇ ਜਾਂ ਮੇਰੇ ਨਾਲ ਪੜ੍ਹਨ ਵਾਲੇ ਕਿਸ ਬਾਰੇ ਗੱਲਾਂ ਕਰ ਰਹੇ ਹਨ?’
4. ਲੋਕਾਂ ਵੱਲ ਧਿਆਨ ਦਿਓ। ਆਪਣੇ ਆਪ ਤੋਂ ਪੁੱਛੋ:
ੳ. ‘ਇਹ ਵਿਅਕਤੀ ਹੁਣ ਕੀ ਕਰ ਰਿਹਾ ਹੈ? ਇਹ ਕਿਸ ਗੱਲ ਬਾਰੇ ਸੋਚ ਰਿਹਾ ਹੋਵੇਗਾ?’
ਅ. ‘ਉਸ ਦੇ ਕੱਪੜਿਆਂ, ਚਿਹਰੇ ਅਤੇ ਘਰ ਤੋਂ ਉਸ ਦੇ ਧਰਮ ਜਾਂ ਸਭਿਆਚਾਰ ਬਾਰੇ ਕੀ ਪਤਾ ਲੱਗਦਾ ਹੈ?’
ੲ. ‘ਕੀ ਇਸ ਸਮੇਂ ਉਸ ਨਾਲ ਗੱਲ ਕਰਨੀ ਸਹੀ ਹੋਵੇਗੀ?’
5. ਧਿਆਨ ਨਾਲ ਸੁਣੋ।
ੳ. ਆਪ ਹੀ ਨਾ ਬੋਲੀ ਜਾਓ।
ਅ. ਵਿਅਕਤੀ ਨੂੰ ਗੱਲ ਕਰਨ ਦਿਓ। ਜਦੋਂ ਸਹੀ ਲੱਗੇ, ਤਾਂ ਸਵਾਲ ਪੁੱਛੋ।