ਚੇਲੇ ਬਣਾਉਣੇ
ਪਾਠ 11
ਸੌਖੇ ਤਰੀਕੇ ਨਾਲ ਸਿਖਾਓ
ਅਸੂਲ: “ਤੁਹਾਡੀ ਬੋਲੀ ਆਸਾਨੀ ਨਾਲ ਸਮਝ ਆਵੇ।”—1 ਕੁਰਿੰ. 14:9.
ਯਿਸੂ ਨੇ ਕੀ ਕੀਤਾ?
1. ਵੀਡੀਓ ਦੇਖੋ ਜਾਂ ਮੱਤੀ 6:25-27 ਪੜ੍ਹੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:
ੳ. ਯਿਸੂ ਨੇ ਕਿਹੜੀਆਂ ਮਿਸਾਲਾਂ ਦੇ ਕੇ ਸਮਝਾਇਆ ਕਿ ਯਹੋਵਾਹ ਸਾਡੀ ਪਰਵਾਹ ਕਰਦਾ ਹੈ?
ਅ. ਯਿਸੂ ਨੂੰ ਪੰਛੀਆਂ ਬਾਰੇ ਬਹੁਤ ਕੁਝ ਪਤਾ ਸੀ, ਪਰ ਉਸ ਨੇ ਉਨ੍ਹਾਂ ਬਾਰੇ ਕਿਹੜੀ ਸੌਖੀ ਜਾਣਕਾਰੀ ਦਿੱਤੀ? ਇਹ ਸਿਖਾਉਣ ਦਾ ਅਸਰਦਾਰ ਤਰੀਕਾ ਕਿਉਂ ਸੀ?
ਅਸੀਂ ਯਿਸੂ ਤੋਂ ਕੀ ਸਿੱਖਦੇ ਹਾਂ?
2. ਜੇ ਅਸੀਂ ਸੌਖੇ ਤਰੀਕੇ ਨਾਲ ਸਿਖਾਵਾਂਗੇ, ਤਾਂ ਲੋਕਾਂ ਨੂੰ ਸਾਡੀਆਂ ਗੱਲਾਂ ਯਾਦ ਰਹਿਣਗੀਆਂ ਤੇ ਉਨ੍ਹਾਂ ਦੇ ਦਿਲਾਂ ਨੂੰ ਛੂਹਣਗੀਆਂ।
ਯਿਸੂ ਦੀ ਰੀਸ ਕਰੋ
3. ਬਹੁਤ ਜ਼ਿਆਦਾ ਨਾ ਬੋਲੋ। ਹੋ ਸਕਦਾ ਹੈ ਕਿ ਤੁਸੀਂ ਕਿਸੇ ਵਿਸ਼ੇ ਬਾਰੇ ਬਹੁਤ ਕੁਝ ਜਾਣਦੇ ਹੋ। ਪਰ ਉਹ ਸਾਰਾ ਕੁਝ ਦੱਸਣ ਦੀ ਬਜਾਇ ਕਿਤਾਬ ਵਿਚ ਦਿੱਤੀ ਜਾਣਕਾਰੀ ʼਤੇ ਚਰਚਾ ਕਰੋ। ਸਵਾਲ ਪੁੱਛਣ ਤੋਂ ਬਾਅਦ ਧੀਰਜ ਨਾਲ ਵਿਦਿਆਰਥੀ ਦੇ ਜਵਾਬ ਦੀ ਉਡੀਕ ਕਰੋ। ਜੇ ਉਸ ਨੂੰ ਸਹੀ ਜਵਾਬ ਨਹੀਂ ਪਤਾ ਜਾਂ ਉਹ ਕੋਈ ਇੱਦਾਂ ਦੀ ਗੱਲ ਕਹਿੰਦਾ ਹੈ ਜੋ ਬਾਈਬਲ ਦੀਆਂ ਸਿੱਖਿਆਵਾਂ ਦੇ ਉਲਟ ਹੈ, ਤਾਂ ਹੋਰ ਸਵਾਲ ਪੁੱਛੋ ਤਾਂਕਿ ਉਹ ਖ਼ੁਦ ਹੀ ਸਹੀ ਨਤੀਜੇ ʼਤੇ ਪਹੁੰਚ ਸਕੇ। ਜਦੋਂ ਵਿਦਿਆਰਥੀ ਨੂੰ ਮੁੱਖ ਮੁੱਦਾ ਸਮਝ ਆ ਜਾਵੇ, ਤਾਂ ਅੱਗੇ ਵਧੋ।
4. ਨਵੀਂ ਜਾਣਕਾਰੀ ਨੂੰ ਪੁਰਾਣੀ ਜਾਣਕਾਰੀ ਨਾਲ ਜੋੜਨ ਵਿਚ ਵਿਦਿਆਰਥੀ ਦੀ ਮਦਦ ਕਰੋ। ਮਿਸਾਲ ਲਈ, ਮੁਰਦਿਆਂ ਨੂੰ ਦੁਬਾਰਾ ਜੀਉਂਦਾ ਕੀਤੇ ਜਾਣ ਬਾਰੇ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਥੋੜ੍ਹੇ ਸ਼ਬਦਾਂ ਵਿਚ ਵਿਦਿਆਰਥੀ ਨੂੰ ਪੁੱਛੋ ਕਿ ਉਸ ਨੇ ਮਰੇ ਹੋਇਆਂ ਦੀ ਹਾਲਤ ਬਾਰੇ ਪਹਿਲਾਂ ਕੀ ਸਿੱਖਿਆ ਸੀ।
5. ਸਮਝਦਾਰੀ ਨਾਲ ਮਿਸਾਲਾਂ ਵਰਤੋ। ਮਿਸਾਲ ਦੇਣ ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛੋ:
ੳ. ‘ਕੀ ਇਹ ਮਿਸਾਲ ਸੌਖੀ ਹੈ?’
ਅ. ‘ਕੀ ਇਹ ਮੇਰੇ ਵਿਦਿਆਰਥੀ ਨੂੰ ਸੌਖਿਆਂ ਹੀ ਸਮਝ ਆਵੇਗੀ?’
ੲ. ‘ਕੀ ਮੇਰੇ ਵਿਦਿਆਰਥੀ ਨੂੰ ਮੁੱਖ ਮੁੱਦਾ ਯਾਦ ਰਹੇਗਾ ਜਾਂ ਸਿਰਫ਼ ਮਿਸਾਲ?’