ਸਿਖਾਉਣ ਲਈ ਚੰਗੀ ਤਰ੍ਹਾਂ ਤਿਆਰੀ ਕਰੋ
1. ਬਾਈਬਲ ਸਟੱਡੀ ਕਰਾਉਂਦਿਆਂ ਸਾਨੂੰ ਬਾਈਬਲ ਦੀਆਂ ਸੱਚਾਈਆਂ ਲਈ ਕਿਉਂ ਕਦਰ ਵਧਾਉਂਦੇ ਰਹਿਣਾ ਚਾਹੀਦਾ ਹੈ?
1 ਜੇ ਅਸੀਂ ਵਿਦਿਆਰਥੀ ਨੂੰ ਯਹੋਵਾਹ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਾਂ, ਤਾਂ ਉਸ ਨੂੰ ਸਟੱਡੀ ਕਰਾਉਣ ਜਾਣ ਤੋਂ ਪਹਿਲਾਂ ਸਾਨੂੰ ਚੰਗੀ ਤਰ੍ਹਾਂ ਤਿਆਰੀ ਕਰਨੀ ਚਾਹੀਦੀ ਹੈ। ਸਾਡੀ ਮਿਹਨਤ ਤਦ ਹੀ ਰੰਗ ਲਿਆਵੇਗੀ ਜੇ ਅਸੀਂ ਵਿਦਿਆਰਥੀ ਦੇ ਦਿਲ ਵਿਚ ਬਾਈਬਲ ਦੀਆਂ ਸੱਚਾਈਆਂ ਲਈ ਕਦਰ ਵਧਾਵਾਂਗੇ। ਇਸ ਤਰ੍ਹਾਂ ਉਹ ਯਹੋਵਾਹ ਦੀ ਸੇਵਾ ਕਰਨ ਲਈ ਪ੍ਰੇਰਿਤ ਹੋਵੇਗਾ। (ਬਿਵ. 6:5; ਕਹਾ. 4:23; 1 ਕੁਰਿੰ. 9:26) ਪਰ ਅਸੀਂ ਇੱਦਾਂ ਕਿਵੇਂ ਕਰ ਸਕਦੇ ਹਾਂ?
2. ਚੰਗੀ ਤਰ੍ਹਾਂ ਤਿਆਰੀ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ?
2 ਤਿਆਰੀ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰੋ: ਯਹੋਵਾਹ ਵਿਦਿਆਰਥੀ ਦੇ ਦਿਲ ਵਿਚ ਸੱਚਾਈ ਦਾ ਬੀ ਵਧਾਉਂਦਾ ਹੈ, ਇਸ ਲਈ ਚੰਗਾ ਹੋਵੇਗਾ ਕਿ ਸਟੱਡੀ ਵਾਸਤੇ ਤਿਆਰੀ ਕਰਨ ਤੋਂ ਪਹਿਲਾਂ ਅਸੀਂ ਯਹੋਵਾਹ ਅੱਗੇ ਵਿਦਿਆਰਥੀ ਲਈ ਅਤੇ ਉਸ ਦੀਆਂ ਖ਼ਾਸ ਲੋੜਾਂ ਬਾਰੇ ਦੁਆ ਕਰੀਏ। (1 ਕੁਰਿੰ. 3:6; ਯਾਕੂ. 1:5) ਪ੍ਰਾਰਥਨਾ ਕਰਨ ਨਾਲ ਸਾਨੂੰ ਮਦਦ ਮਿਲੇਗੀ ਕਿ ਅਸੀਂ ਹੋਰ ਚੰਗੀ ਤਰ੍ਹਾਂ ਕਿਵੇਂ ਵਿਦਿਆਰਥੀ ਦੇ ਦਿਲੋ-ਦਿਮਾਗ਼ ਵਿਚ ਯਹੋਵਾਹ ਦੀ ਇੱਛਾ ਬਾਰੇ ‘ਹਰ ਪਰਕਾਰ ਦਾ ਗਿਆਨ’ ਬਿਠਾ ਸਕਦੇ ਹਾਂ।—ਕੁਲੁ. 1:9, 10.
3. ਵਿਦਿਆਰਥੀ ਨੂੰ ਧਿਆਨ ਵਿਚ ਰੱਖ ਕੇ ਅਸੀਂ ਤਿਆਰੀ ਕਿਵੇਂ ਕਰ ਸਕਦੇ ਹਾਂ?
3 ਵਿਦਿਆਰਥੀ ਨੂੰ ਧਿਆਨ ਵਿਚ ਰੱਖੋ: ਯਿਸੂ ਨੂੰ ਪਤਾ ਸੀ ਕਿ ਲੋਕਾਂ ਨੂੰ ਵਧੀਆ ਤਰੀਕੇ ਨਾਲ ਸਿਖਾਉਣ ਲਈ ਉਸ ਨੂੰ ਆਪਣੇ ਸੁਣਨ ਵਾਲਿਆਂ ਨੂੰ ਧਿਆਨ ਵਿਚ ਰੱਖਣ ਦੀ ਲੋੜ ਸੀ। ਘੱਟੋ-ਘੱਟ ਦੋ ਮੌਕਿਆਂ ਤੇ ਯਿਸੂ ਨੂੰ ਇਹ ਸਵਾਲ ਪੁੱਛਿਆ ਗਿਆ ਸੀ: “ਮੈਂ ਕੀ ਕਰਾਂ ਜੋ ਸਦੀਪਕ ਜੀਉਣ ਦਾ ਅਧਿਕਾਰੀ ਹੋਵਾਂ?” ਦੋਹਾਂ ਮੌਕਿਆਂ ਤੇ ਉਸ ਨੇ ਵੱਖੋ-ਵੱਖਰੇ ਤਰੀਕੇ ਨਾਲ ਜਵਾਬ ਦਿੱਤਾ। (ਲੂਕਾ 10:25-28; 18:18-20) ਤਿਆਰੀ ਕਰਨ ਲੱਗਿਆਂ ਸਾਨੂੰ ਵੀ ਆਪਣੇ ਵਿਦਿਆਰਥੀ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ। ਅਸੀਂ ਉਸ ਨਾਲ ਕਿਹੜੀਆਂ ਆਇਤਾਂ ਪੜ੍ਹਾਂਗੇ? ਅਸੀਂ ਉਸ ਨਾਲ ਕਿੰਨੀ ਕੁ ਜਾਣਕਾਰੀ ਦਾ ਅਧਿਐਨ ਕਰਾਂਗੇ? ਜਾਣਕਾਰੀ ਵਿਚ ਕਿਹੜੇ ਨੁਕਤੇ ਉਸ ਨੂੰ ਸ਼ਾਇਦ ਸਮਝਣੇ ਜਾਂ ਮੰਨਣੇ ਔਖੇ ਲੱਗਣ? ਜੇ ਅਸੀਂ ਪਹਿਲਾਂ ਤੋਂ ਹੀ ਉਨ੍ਹਾਂ ਸਵਾਲਾਂ ਬਾਰੇ ਸੋਚਾਂਗੇ ਜਿਹੜੇ ਵਿਦਿਆਰਥੀ ਸ਼ਾਇਦ ਪੁੱਛੇ, ਤਾਂ ਅਸੀਂ ਉਨ੍ਹਾਂ ਦਾ ਤਸੱਲੀਬਖ਼ਸ਼ ਜਵਾਬ ਦੇਣ ਲਈ ਤਿਆਰ ਹੋਵਾਂਗੇ।
4. ਚੰਗੀ ਤਿਆਰੀ ਕਰਨ ਵਿਚ ਕੀ-ਕੀ ਸ਼ਾਮਲ ਹੈ?
4 ਜਾਣਕਾਰੀ ਨੂੰ ਪੜ੍ਹੋ: ਜਾਣਕਾਰੀ ਅਸੀਂ ਆਪ ਚਾਹੇ ਜਿੰਨੀ ਵਾਰੀ ਮਰਜ਼ੀ ਪੜ੍ਹੀ ਹੋਵੇ, ਪਰ ਵਿਦਿਆਰਥੀ ਨਾਲ ਅਸੀਂ ਪਹਿਲੀ ਵਾਰ ਇਹ ਜਾਣਕਾਰੀ ਪੜ੍ਹਾਂਗੇ। ਜੇ ਅਸੀਂ ਉਸ ਦੇ ਦਿਲ ਤਕ ਪਹੁੰਚਣਾ ਹੈ, ਤਾਂ ਸਾਨੂੰ ਹਰ ਵਾਰ ਸਟੱਡੀ ਕਰਾਉਣ ਤੋਂ ਪਹਿਲਾਂ ਚੰਗੀ ਤਿਆਰੀ ਕਰਨ ਦੀ ਲੋੜ ਹੈ। ਇਸ ਦਾ ਮਤਲਬ ਹੈ ਕਿ ਜੋ ਅਸੀਂ ਵਿਦਿਆਰਥੀ ਨੂੰ ਕਰਨ ਲਈ ਕਹਿੰਦੇ ਹਾਂ, ਉਹ ਪਹਿਲਾਂ ਸਾਨੂੰ ਆਪ ਕਰਨ ਦੀ ਲੋੜ ਹੈ। ਵਿਦਿਆਰਥੀ ਨੂੰ ਧਿਆਨ ਵਿਚ ਰੱਖ ਕੇ ਜਾਣਕਾਰੀ ਪੜ੍ਹੋ ਅਤੇ ਦਿੱਤੀਆਂ ਆਇਤਾਂ ਨੂੰ ਵੀ ਪੜ੍ਹੋ। ਸ਼ਾਇਦ ਤੁਸੀਂ ਮੁੱਖ ਨੁਕਤਿਆਂ ਹੇਠ ਲਾਈਨ ਲਗਾ ਸਕਦੇ ਹੋ।—ਰੋਮੀ. 2:21, 22.
5. ਅਸੀਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹਾਂ?
5 ਯਹੋਵਾਹ ਹਰ ਵਿਦਿਆਰਥੀ ਦੀ ਉੱਨਤੀ ਵਿਚ ਗਹਿਰੀ ਦਿਲਚਸਪੀ ਲੈਂਦਾ ਹੈ। (2 ਪਤ. 3:9) ਸਟੱਡੀ ਕਰਾਉਣ ਤੋਂ ਪਹਿਲਾਂ ਜੇ ਅਸੀਂ ਚੰਗੀ ਤਿਆਰੀ ਕਰਾਂਗੇ, ਤਾਂ ਅਸੀਂ ਵੀ ਆਪਣੇ ਵਿਦਿਆਰਥੀ ਵਿਚ ਗਹਿਰੀ ਦਿਲਚਸਪੀ ਲਵਾਂਗੇ।