ਸਾਂਭ ਕੇ ਰੱਖੋ
ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ
ਇਹ ਅੰਤਰ-ਪੱਤਰ ਸਾਡੀ ਰਾਜ ਸੇਵਕਾਈ ਵਿਚ ਛਪੇ “ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ” ਨਾਮਕ ਲੇਖ-ਲੜੀ ਦੇ ਮੁੱਖ ਨੁਕਤਿਆਂ ਦਾ ਸੰਗ੍ਰਹਿ ਹੈ। ਸਾਰਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਇਹ ਅੰਤਰ-ਪੱਤਰ ਸਾਂਭ ਕੇ ਰੱਖੋ ਅਤੇ ਬਾਈਬਲ ਸਟੱਡੀਆਂ ਕਰਾਉਣ ਲਈ ਇਸ ਵਿੱਚੋਂ ਸੁਝਾਅ ਦੇਖੋ। ਇਸ ਤੋਂ ਇਲਾਵਾ, ਖੇਤਰ ਸੇਵਾ ਦੀਆਂ ਸਭਾਵਾਂ ਦੌਰਾਨ ਇਸ ਅੰਤਰ-ਪੱਤਰ ਦੇ ਨੁਕਤਿਆਂ ਤੇ ਜ਼ੋਰ ਦਿੱਤਾ ਜਾ ਸਕਦਾ ਹੈ। ਸੇਵਾ ਨਿਗਾਹਬਾਨ ਵੱਖ-ਵੱਖ ਪੁਸਤਕ ਅਧਿਐਨ ਗਰੁੱਪਾਂ ਨੂੰ ਮਿਲਣ ਵੇਲੇ ਆਪਣੇ ਭਾਸ਼ਣਾਂ ਵਿਚ ਇਨ੍ਹਾਂ ਤੇ ਚਰਚਾ ਕਰ ਸਕਦੇ ਹਨ।
ਭਾਗ 1: ਬਾਈਬਲ ਸਟੱਡੀ ਕੀ ਹੈ?
ਜੇ ਤੁਸੀਂ ਬਾਈਬਲ ਵਿੱਚੋਂ ਜਾਂ ਕਿਸੇ ਪ੍ਰਕਾਸ਼ਨ ਨੂੰ ਵਰਤ ਕੇ ਕਿਸੇ ਨਾਲ ਬਾਕਾਇਦਾ ਬਾਈਬਲ ਬਾਰੇ ਚਰਚਾ ਕਰਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਬਾਈਬਲ ਸਟੱਡੀ ਕਰਾ ਰਹੇ ਹੋ, ਭਾਵੇਂ ਕਿ ਇਹ ਚਰਚਾ ਛੋਟੀ ਜਿਹੀ ਕਿਉਂ ਨਾ ਹੋਵੇ। ਬਾਈਬਲ ਸਟੱਡੀ ਕਿਵੇਂ ਕਰਾਈ ਜਾਂਦੀ ਹੈ, ਇਹ ਦਿਖਾਉਣ ਤੋਂ ਬਾਅਦ ਜੇ ਤੁਸੀਂ ਦੋ ਵਾਰ ਸਟੱਡੀ ਕਰਾਈ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਸਟੱਡੀ ਅੱਗੇ ਚੱਲਦੀ ਰਹੇਗੀ, ਤਾਂ ਤੁਸੀਂ ਸਟੱਡੀ ਦੀ ਰਿਪੋਰਟ ਦੇ ਸਕਦੇ ਹੋ।—km-PJ 7/04 ਸਫ਼ਾ 1.
ਸਟੱਡੀ ਕਰਾਉਣ ਲਈ ਪ੍ਰਕਾਸ਼ਨ
◼ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?
◼ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ
◼ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ
◼ ਤੁਸੀਂ ਪਰਮੇਸ਼ੁਰ ਦੇ ਦੋਸਤ ਬਣ ਸਕਦੇ ਹੋ! ਬਰੋਸ਼ਰ ਤੋਂ ਉਨ੍ਹਾਂ ਲੋਕਾਂ ਨੂੰ ਸਟੱਡੀ ਕਰਾਈ ਜਾ ਸਕਦੀ ਹੈ ਜੋ ਘੱਟ ਪੜ੍ਹੇ-ਲਿਖੇ ਹਨ ਜਾਂ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਨਹੀਂ ਆਉਂਦਾ।
ਭਾਗ 2: ਬਾਈਬਲ ਸਟੱਡੀ ਕਰਾਉਣ ਤੋਂ ਪਹਿਲਾਂ ਤਿਆਰੀ ਕਰਨੀ
ਸਾਨੂੰ ਇਸ ਤਰੀਕੇ ਨਾਲ ਸਿਖਾਉਣਾ ਚਾਹੀਦਾ ਹੈ ਕਿ ਵਿਦਿਆਰਥੀ ਦੇ ਮਨ ਉੱਤੇ ਇਸ ਦਾ ਗਹਿਰਾ ਅਸਰ ਪਵੇ। ਇਸ ਲਈ ਵਿਦਿਆਰਥੀ ਨੂੰ ਧਿਆਨ ਵਿਚ ਰੱਖਦੇ ਹੋਏ ਚੰਗੀ ਤਰ੍ਹਾਂ ਤਿਆਰੀ ਕਰਨੀ ਜ਼ਰੂਰੀ ਹੈ।—km-PJ 8/04 ਸਫ਼ਾ 1.
ਤਿਆਰੀ ਕਿਵੇਂ ਕਰੀਏ
◼ ਅਧਿਆਇ ਵਿਚਲੇ ਸਿਰਲੇਖ, ਉਪ-ਸਿਰਲੇਖਾਂ ਅਤੇ ਤਸਵੀਰਾਂ ਉੱਤੇ ਵਿਚਾਰ ਕਰੋ।
◼ ਸਵਾਲਾਂ ਦੇ ਜਵਾਬ ਲੱਭੋ ਅਤੇ ਸਿਰਫ਼ ਖ਼ਾਸ ਸ਼ਬਦਾਂ ਥੱਲੇ ਨਿਸ਼ਾਨ ਲਾਓ।
◼ ਦੇਖੋ ਕਿ ਤੁਸੀਂ ਕਿਹੜੀਆਂ ਆਇਤਾਂ ਸਟੱਡੀ ਦੌਰਾਨ ਪੜ੍ਹੋਗੇ। ਤੁਸੀਂ ਕਿਤਾਬ ਜਾਂ ਬਰੋਸ਼ਰ ਵਿਚ ਖਾਲੀ ਥਾਂ ਉੱਤੇ ਆਇਤਾਂ ਬਾਰੇ ਕੁਝ ਗੱਲਾਂ ਲਿਖ ਸਕਦੇ ਹੋ।
◼ ਅਖ਼ੀਰ ਵਿਚ ਖ਼ਾਸ ਨੁਕਤਿਆਂ ਉੱਤੇ ਸੰਖੇਪ ਵਿਚ ਮੁੜ ਵਿਚਾਰ ਕਰਨ ਲਈ ਕੁਝ ਸਵਾਲ ਤਿਆਰ ਕਰੋ।
ਸਟੱਡੀ ਨੂੰ ਵਿਦਿਆਰਥੀ ਦੀਆਂ ਲੋੜਾਂ ਮੁਤਾਬਕ ਢਾਲ਼ੋ
◼ ਵਿਦਿਆਰਥੀ ਅਤੇ ਉਸ ਦੀਆਂ ਲੋੜਾਂ ਬਾਰੇ ਪ੍ਰਾਰਥਨਾ ਕਰੋ।
◼ ਸੋਚੋ ਕਿ ਉਸ ਨੂੰ ਕਿਹੜੇ ਨੁਕਤੇ ਸਮਝਣ ਜਾਂ ਸਵੀਕਾਰ ਕਰਨ ਵਿਚ ਮੁਸ਼ਕਲ ਲੱਗਣਗੇ।
◼ ਸੋਚੋ: ਉਸ ਨੂੰ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਲਈ ਕੀ ਸਮਝਣ ਦੀ ਲੋੜ ਹੈ ਜਾਂ ਆਪਣੇ ਵਿਚ ਕੀ ਸੁਧਾਰ ਕਰਨ ਦੀ ਲੋੜ ਹੈ? ਮੈਂ ਉਸ ਦੇ ਦਿਲ ਤਕ ਕਿੱਦਾਂ ਪਹੁੰਚ ਸਕਦਾ ਹਾਂ?
◼ ਕੋਈ ਖ਼ਾਸ ਨੁਕਤਾ ਜਾਂ ਆਇਤ ਸਮਝਣ ਵਿਚ ਆਪਣੇ ਵਿਦਿਆਰਥੀ ਦੀ ਮਦਦ ਕਰਨ ਲਈ ਕੋਈ ਉਦਾਹਰਣ ਜਾਂ ਸਵਾਲ ਤਿਆਰ ਕਰੋ।
ਭਾਗ 3: ਬਾਈਬਲ ਦੀ ਚੰਗੀ ਵਰਤੋਂ
ਅਸੀਂ ਲੋਕਾਂ ਨੂੰ ਬਾਈਬਲ ਸਟੱਡੀ ਕਰਾ ਕੇ ਪਰਮੇਸ਼ੁਰ ਦੇ ਬਚਨ ਦੀਆਂ ਸਿੱਖਿਆਵਾਂ ਨੂੰ ਸਮਝਣ, ਕਬੂਲ ਕਰਨ ਅਤੇ ਜ਼ਿੰਦਗੀ ਵਿਚ ਲਾਗੂ ਕਰਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਾਂ। ਸਾਡਾ ਉਦੇਸ਼ ਉਨ੍ਹਾਂ ਨੂੰ ਯਿਸੂ ਦੇ ‘ਚੇਲੇ ਬਣਾਉਣਾ’ ਹੈ। (ਮੱਤੀ 28:19, 20; 1 ਥੱਸ. 2:13) ਇਸ ਲਈ ਵਿਦਿਆਰਥੀ ਨੂੰ ਬਾਈਬਲ ਵਿੱਚੋਂ ਸਿਖਾਉਣਾ ਜ਼ਰੂਰੀ ਹੈ।—km-PJ 11/04 ਸਫ਼ਾ 4.
ਪਰਮੇਸ਼ੁਰ ਦੇ ਬਚਨ ਤੋਂ ਸਿਖਾਓ
◼ ਵਿਦਿਆਰਥੀ ਨੂੰ ਬਾਈਬਲ ਵਿੱਚੋਂ ਆਇਤਾਂ ਲੱਭਣੀਆਂ ਸਿਖਾਓ।
◼ ਬਾਈਬਲ ਵਿੱਚੋਂ ਉਹ ਆਇਤਾਂ ਪੜ੍ਹ ਕੇ ਸਮਝਾਓ ਜੋ ਸਾਡੇ ਧਾਰਮਿਕ ਵਿਸ਼ਵਾਸਾਂ ਦਾ ਆਧਾਰ ਹਨ।
◼ ਸਵਾਲ ਪੁੱਛੋ। ਕਿਸੇ ਆਇਤ ਨੂੰ ਆਪ ਸਮਝਾਉਣ ਦੀ ਬਜਾਇ ਵਿਦਿਆਰਥੀ ਨੂੰ ਸਮਝਾਉਣ ਲਈ ਕਹੋ।
◼ ਸੌਖੇ ਤਰੀਕੇ ਨਾਲ ਸਮਝਾਓ। ਆਇਤ ਵਿਚ ਦੱਸੀ ਹਰ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰੋ। ਸਿਰਫ਼ ਉਸੇ ਗੱਲ ਉੱਤੇ ਜ਼ੋਰ ਦਿਓ ਜੋ ਵਿਸ਼ੇ ਨਾਲ ਸੰਬੰਧ ਰੱਖਦੀ ਹੈ।
◼ ਆਇਤਾਂ ਦੇ ਲਾਭ ਦੱਸੋ। ਵਿਦਿਆਰਥੀ ਦੀ ਇਹ ਦੇਖਣ ਵਿਚ ਮਦਦ ਕਰੋ ਕਿ ਆਇਤਾਂ ਕਿਵੇਂ ਉਸ ਉੱਤੇ ਲਾਗੂ ਹੁੰਦੀਆਂ ਹਨ।
ਭਾਗ 4: ਵਿਦਿਆਰਥੀ ਨੂੰ ਤਿਆਰੀ ਕਰਨੀ ਸਿਖਾਓ
ਜਿਹੜਾ ਵਿਦਿਆਰਥੀ ਪਹਿਲਾਂ ਤੋਂ ਹੀ ਪਾਠ ਪੜ੍ਹ ਕੇ ਰੱਖਦਾ ਹੈ, ਸਵਾਲਾਂ ਦੇ ਜਵਾਬ ਲੱਭਦਾ ਹੈ ਅਤੇ ਆਪਣੇ ਸ਼ਬਦਾਂ ਵਿਚ ਜਵਾਬ ਦੇਣਾ ਸਿੱਖਦਾ ਹੈ, ਉਹ ਛੇਤੀ ਤਰੱਕੀ ਕਰੇਗਾ। ਇਸ ਲਈ ਆਪਣੇ ਬਾਈਬਲ ਵਿਦਿਆਰਥੀ ਨਾਲ ਬੈਠ ਕੇ ਉਸ ਨੂੰ ਪਾਠ ਦੀ ਤਿਆਰੀ ਕਰਨੀ ਸਿਖਾਓ। ਉਸ ਨਾਲ ਇਕ ਪੂਰੇ ਪਾਠ ਜਾਂ ਅਧਿਆਇ ਦੀ ਤਿਆਰੀ ਕਰਨੀ ਚੰਗੀ ਗੱਲ ਹੋਵੇਗੀ।—km-PJ 12/04 ਸਫ਼ਾ 1.
ਜਵਾਬਾਂ ਥੱਲੇ ਨਿਸ਼ਾਨ ਲਾਉਣੇ ਅਤੇ ਟਿੱਪਣੀਆਂ ਲਿਖਣੀਆਂ
◼ ਵਿਦਿਆਰਥੀ ਨੂੰ ਪਾਠ ਵਿਚ ਦਿੱਤੇ ਸਵਾਲਾਂ ਦੇ ਜਵਾਬ ਲੱਭਣੇ ਸਿਖਾਓ।
◼ ਤੁਸੀਂ ਉਸ ਨੂੰ ਆਪਣੀ ਕਿਤਾਬ ਦਿਖਾ ਸਕਦੇ ਹੋ ਜਿਸ ਵਿਚ ਤੁਸੀਂ ਸਿਰਫ਼ ਕੁਝ ਖ਼ਾਸ ਸ਼ਬਦਾਂ ਹੇਠਾਂ ਲਾਈਨਾਂ ਲਾਈਆਂ ਹਨ।
◼ ਵਿਦਿਆਰਥੀ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਹਰ ਆਇਤ ਦਾ ਪੈਰੇ ਵਿਚ ਦਿੱਤੇ ਕਿਸੇ ਨੁਕਤੇ ਨਾਲ ਸੰਬੰਧ ਹੁੰਦਾ ਹੈ। ਉਸ ਨੂੰ ਕਿਤਾਬ ਦੇ ਹਾਸ਼ੀਏ ਵਿਚ ਆਇਤ ਸੰਬੰਧੀ ਸੰਖੇਪ ਟਿੱਪਣੀ ਲਿਖਣੀ ਸਿਖਾਓ।
ਸਰਸਰੀ ਨਜ਼ਰ ਅਤੇ ਪੁਨਰ-ਵਿਚਾਰ
◼ ਵਿਦਿਆਰਥੀ ਨੂੰ ਦਿਖਾਓ ਕਿ ਪਾਠ ਦੀ ਤਿਆਰੀ ਕਰਨ ਤੋਂ ਪਹਿਲਾਂ ਉਹ ਕਿਵੇਂ ਸਿਰਲੇਖ, ਉਪ-ਸਿਰਲੇਖ ਅਤੇ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦਾ ਹੈ ਕਿ ਪਾਠ ਵਿਚ ਕੀ ਕੁਝ ਦੱਸਿਆ ਜਾਵੇਗਾ।
◼ ਵਿਦਿਆਰਥੀ ਨੂੰ ਉਤਸ਼ਾਹਿਤ ਕਰੋ ਕਿ ਉਹ ਤਿਆਰੀ ਦੇ ਅਖ਼ੀਰ ਵਿਚ ਮੁੱਖ ਗੱਲਾਂ ਤੇ ਮੁੜ ਵਿਚਾਰ ਕਰੇ।
ਭਾਗ 5: ਸਟੱਡੀ ਦੌਰਾਨ ਕਿੰਨੀ ਕੁ ਸਾਮੱਗਰੀ ਪੜ੍ਹੀਏ
ਕਿੰਨੀ ਕੁ ਸਾਮੱਗਰੀ ਪੜ੍ਹਨੀ ਚਾਹੀਦੀ ਹੈ, ਇਹ ਸਿੱਖਿਅਕ ਤੇ ਵਿਦਿਆਰਥੀ ਦੋਨਾਂ ਦੀ ਕਾਬਲੀਅਤ ਤੇ ਹਾਲਾਤਾਂ ਉੱਤੇ ਨਿਰਭਰ ਕਰੇਗਾ।—km-PJ 1/05 ਸਫ਼ਾ 1.
ਪੱਕੀ ਨਿਹਚਾ ਪੈਦਾ ਕਰੋ
◼ ਸਾਡਾ ਉਦੇਸ਼ ਛੇਤੀ-ਛੇਤੀ ਪਾਠ ਪੂਰਾ ਕਰਨਾ ਨਹੀਂ, ਸਗੋਂ ਵਿਦਿਆਰਥੀ ਨੂੰ ਪਰਮੇਸ਼ੁਰ ਦੇ ਬਚਨ ਦੀਆਂ ਗੱਲਾਂ ਚੰਗੀ ਤਰ੍ਹਾਂ ਸਿਖਾਉਣਾ ਹੈ।
◼ ਵਿਦਿਆਰਥੀ ਨਾਲ ਆਰਾਮ ਨਾਲ ਬੈਠ ਕੇ ਗੱਲਾਂ ਨੂੰ ਸਮਝਣ ਤੇ ਸਵੀਕਾਰ ਕਰਨ ਵਿਚ ਉਸ ਦੀ ਮਦਦ ਕਰੋ।
◼ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਚਰਚਾ ਕਰਦੇ ਵੇਲੇ ਮੁੱਖ ਆਇਤਾਂ ਨੂੰ ਚੰਗੀ ਤਰ੍ਹਾਂ ਸਮਝਾਓ।
ਸਟੱਡੀ ਵਿਚ ਅੜਿੱਕਾ ਨਾ ਪੈਣ ਦਿਓ
◼ ਜੇ ਵਿਦਿਆਰਥੀ ਨੂੰ ਆਪਣੀਆਂ ਸਮੱਸਿਆਵਾਂ ਵਗੈਰਾ ਬਾਰੇ ਗੱਲਾਂ ਕਰਨ ਦੀ ਆਦਤ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਸਟੱਡੀ ਖ਼ਤਮ ਕਰਨ ਤੋਂ ਬਾਅਦ ਅਸੀਂ ਇਸ ਬਾਰੇ ਗੱਲ ਕਰਾਂਗੇ।
◼ ਸਟੱਡੀ ਦੌਰਾਨ ਆਪ ਜ਼ਿਆਦਾ ਗੱਲਾਂ ਨਾ ਕਰੋ। ਵਿਸ਼ੇ ਨੂੰ ਸਮਝਾਉਣ ਲਈ ਢੇਰ ਸਾਰੇ ਮੁੱਦੇ ਜਾਂ ਤਜਰਬੇ ਨਾ ਦੱਸੋ ਕਿ ਵਿਦਿਆਰਥੀ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਨੂੰ ਹੀ ਚੰਗੀ ਤਰ੍ਹਾਂ ਨਾ ਸਮਝ ਸਕੇ।
ਭਾਗ 6: ਜਦੋਂ ਵਿਦਿਆਰਥੀ ਸਵਾਲ ਪੁੱਛਦਾ ਹੈ
ਜਦੋਂ ਵਿਦਿਆਰਥੀ ਨਿਯਮਿਤ ਤੌਰ ਤੇ ਸਟੱਡੀ ਕਰਨੀ ਸ਼ੁਰੂ ਕਰ ਦਿੰਦਾ ਹੈ, ਤਾਂ ਚੰਗਾ ਹੋਵੇਗਾ ਜੇ ਉਸ ਨਾਲ ਇੱਧਰ-ਉੱਧਰ ਦੇ ਵਿਸ਼ਿਆਂ ਤੇ ਗੱਲ ਕਰਨ ਦੀ ਬਜਾਇ ਕਿਸੇ ਕਿਤਾਬ ਵਿੱਚੋਂ ਅਧਿਐਨ ਕੀਤਾ ਜਾਵੇ। ਇਸ ਤੋਂ ਵਿਦਿਆਰਥੀ ਨੂੰ ਸਹੀ ਗਿਆਨ ਲੈਣ ਅਤੇ ਅਧਿਆਤਮਿਕ ਤੌਰ ਤੇ ਮਜ਼ਬੂਤ ਹੋਣ ਵਿਚ ਮਦਦ ਮਿਲੇਗੀ।—km-PJ 2/05 ਸਫ਼ਾ 6.
ਸਮਝਦਾਰੀ ਦਿਖਾਓ
◼ ਚਰਚਾ ਅਧੀਨ ਵਿਸ਼ੇ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਉਸੇ ਵੇਲੇ ਦਿੱਤੇ ਜਾ ਸਕਦੇ ਹਨ।
◼ ਜੇ ਸਵਾਲ ਦਾ ਵਿਸ਼ੇ ਨਾਲ ਕੋਈ ਸੰਬੰਧ ਨਹੀਂ ਹੈ ਜਾਂ ਸਹੀ ਜਵਾਬ ਦੇਣ ਲਈ ਤੁਹਾਨੂੰ ਹੋਰ ਰਿਸਰਚ ਕਰਨੀ ਪਵੇਗੀ, ਤਾਂ ਕਿਸੇ ਹੋਰ ਸਮੇਂ ਇਸ ਉੱਤੇ ਚਰਚਾ ਕੀਤੀ ਜਾ ਸਕਦੀ ਹੈ। ਅਜਿਹੇ ਸਵਾਲਾਂ ਨੂੰ ਲਿਖ ਲੈਣਾ ਚੰਗਾ ਹੋਵੇਗਾ।
◼ ਜੇ ਵਿਦਿਆਰਥੀ ਨੂੰ ਕੋਈ ਸਿੱਖਿਆ ਸਮਝਣੀ ਔਖੀ ਲੱਗਦੀ ਹੈ, ਤਾਂ ਕਿਸੇ ਹੋਰ ਕਿਤਾਬ ਦੀ ਮਦਦ ਲੈ ਸਕਦੇ ਹੋ ਜਿਸ ਵਿਚ ਉਸ ਸਿੱਖਿਆ ਨੂੰ ਖੋਲ੍ਹ ਕੇ ਸਮਝਾਇਆ ਗਿਆ ਹੈ।
◼ ਜੇ ਵਿਦਿਆਰਥੀ ਨੂੰ ਫਿਰ ਵੀ ਸਮਝ ਨਹੀਂ ਆਉਂਦੀ, ਤਾਂ ਉਸ ਵਿਸ਼ੇ ਨੂੰ ਕਿਸੇ ਹੋਰ ਸਮੇਂ ਲਈ ਛੱਡ ਦਿਓ ਤੇ ਅਧਿਐਨ ਜਾਰੀ ਰੱਖੋ।
ਹਲੀਮ ਬਣੋ
◼ ਜੇ ਤੁਹਾਨੂੰ ਸਵਾਲ ਦਾ ਜਵਾਬ ਨਹੀਂ ਪਤਾ ਹੈ, ਤਾਂ ਆਪਣੇ ਵਿਚਾਰ ਦੱਸਣ ਤੋਂ ਪਰਹੇਜ਼ ਕਰੋ।
◼ ਉਸ ਨੂੰ ਰਿਸਰਚ ਕਰਨੀ ਸਿਖਾਓ।
ਭਾਗ 7: ਸਟੱਡੀ ਕਰਾਉਣ ਵੇਲੇ ਪ੍ਰਾਰਥਨਾ ਕਰਨੀ
ਬਾਈਬਲ ਵਿਦਿਆਰਥੀਆਂ ਦੀ ਅਧਿਆਤਮਿਕ ਉੱਨਤੀ ਲਈ ਯਹੋਵਾਹ ਦੀ ਬਰਕਤ ਹੋਣੀ ਬਹੁਤ ਜ਼ਰੂਰੀ ਹੈ। ਇਸ ਲਈ ਚੰਗਾ ਹੋਵੇਗਾ ਜੇ ਪ੍ਰਾਰਥਨਾ ਨਾਲ ਸਟੱਡੀ ਸ਼ੁਰੂ ਤੇ ਸਮਾਪਤ ਕੀਤੀ ਜਾਵੇ।—km-PJ 3/05 ਸਫ਼ਾ 8.
ਪ੍ਰਾਰਥਨਾ ਕਰਨ ਦੀ ਲੋੜ ਬਾਰੇ ਸਮਝਾਉਣਾ
◼ ਜੋ ਲੋਕ ਮਸੀਹੀ ਪ੍ਰਾਰਥਨਾਵਾਂ ਤੋਂ ਵਾਕਫ਼ ਹਨ, ਉਨ੍ਹਾਂ ਨਾਲ ਪਹਿਲੀ ਸਟੱਡੀ ਤੋਂ ਹੀ ਪ੍ਰਾਰਥਨਾ ਕੀਤੀ ਜਾ ਸਕਦੀ ਹੈ।
◼ ਹੋਰਨਾਂ ਨੂੰ ਅਸੀਂ ਮੁਨਾਸਬ ਸਮੇਂ ਤੇ ਪ੍ਰਾਰਥਨਾ ਕਰਨ ਦੀ ਲੋੜ ਬਾਰੇ ਸਮਝਾ ਸਕਦੇ ਹਾਂ।
◼ ਪ੍ਰਾਰਥਨਾ ਕਰਨ ਦੀ ਲੋੜ ਬਾਰੇ ਸਮਝਾਉਣ ਲਈ ਜ਼ਬੂਰਾਂ ਦੀ ਪੋਥੀ 25:4, 5 ਅਤੇ 1 ਯੂਹੰਨਾ 5:14 ਨੂੰ ਵਰਤਿਆ ਜਾ ਸਕਦਾ ਹੈ।
◼ ਯੂਹੰਨਾ 15:16 ਨੂੰ ਵਰਤ ਕੇ ਸਮਝਾਇਆ ਜਾ ਸਕਦਾ ਹੈ ਕਿ ਸਾਨੂੰ ਯਿਸੂ ਮਸੀਹ ਦੇ ਜ਼ਰੀਏ ਯਹੋਵਾਹ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ।
ਪ੍ਰਾਰਥਨਾ ਵਿਚ ਕੀ ਕਿਹਾ ਜਾ ਸਕਦਾ ਹੈ
◼ ਯਹੋਵਾਹ ਦੀ ਵਡਿਆਈ ਕਰਨੀ ਚੰਗੀ ਗੱਲ ਹੈ ਕਿਉਂਕਿ ਉਹੀ ਸਿੱਖਿਆ ਦਾ ਸੋਮਾ ਹੈ।
◼ ਵਿਦਿਆਰਥੀ ਵਿਚ ਦਿਲੋਂ ਦਿਲਚਸਪੀ ਜ਼ਾਹਰ ਕਰੋ।
◼ ਯਹੋਵਾਹ ਦੇ ਸੰਗਠਨ ਪ੍ਰਤੀ ਕਦਰ ਜ਼ਾਹਰ ਕਰੋ।
◼ ਸਿੱਖੀਆਂ ਗੱਲਾਂ ਨੂੰ ਜ਼ਿੰਦਗੀ ਵਿਚ ਲਾਗੂ ਕਰਨ ਦੇ ਵਿਦਿਆਰਥੀ ਦੇ ਜਤਨਾਂ ਤੇ ਯਹੋਵਾਹ ਦੀ ਬਰਕਤ ਮੰਗੋ।
ਭਾਗ 8: ਸੰਗਠਨ ਦਾ ਹਿੱਸਾ ਬਣਨ ਵਿਚ ਵਿਦਿਆਰਥੀ ਦੀ ਮਦਦ ਕਰੋ
ਜਦੋਂ ਅਸੀਂ ਕਿਸੇ ਨੂੰ ਬਾਈਬਲ ਸਟੱਡੀ ਕਰਾਉਂਦੇ ਹਾਂ, ਤਾਂ ਸਾਡਾ ਮਕਸਦ ਸਿਰਫ਼ ਉਸ ਨੂੰ ਜਾਣਕਾਰੀ ਦੇਣੀ ਹੀ ਨਹੀਂ, ਸਗੋਂ ਮਸੀਹੀ ਕਲੀਸਿਯਾ ਦਾ ਹਿੱਸਾ ਬਣਨ ਵਿਚ ਉਸ ਦੀ ਮਦਦ ਕਰਨੀ ਵੀ ਹੈ। ਇਸ ਲਈ ਹਰ ਹਫ਼ਤੇ ਕੁਝ ਮਿੰਟ ਉਨ੍ਹਾਂ ਨੂੰ ਯਹੋਵਾਹ ਦੇ ਸੰਗਠਨ ਬਾਰੇ ਕੋਈ ਗੱਲ ਦੱਸੋ।—km-PJ 4/05 ਸਫ਼ਾ 8.
ਕਲੀਸਿਯਾ ਸਭਾਵਾਂ
◼ ਉਨ੍ਹਾਂ ਨੂੰ ਹਰ ਸਭਾ ਬਾਰੇ ਦੱਸੋ। ਪਹਿਲੀ ਸਟੱਡੀ ਤੋਂ ਹੀ ਉਨ੍ਹਾਂ ਨੂੰ ਸਭਾਵਾਂ ਵਿਚ ਆਉਣ ਦਾ ਸੱਦਾ ਦਿਓ।
◼ ਸਭਾਵਾਂ ਵਿਚ ਸਿੱਖੀਆਂ ਅਹਿਮ ਗੱਲਾਂ ਉਨ੍ਹਾਂ ਨਾਲ ਸਾਂਝੀਆਂ ਕਰੋ।
◼ ਯਾਦਗਾਰੀ ਸਮਾਰੋਹ, ਸੰਮੇਲਨਾਂ ਜਾਂ ਸਰਕਟ ਨਿਗਾਹਬਾਨ ਦੇ ਦੌਰੇ ਬਾਰੇ ਦੱਸ ਕੇ ਇਨ੍ਹਾਂ ਸਭਾਵਾਂ ਵਿਚ ਆਉਣ ਦੀ ਉਸ ਵਿਚ ਇੱਛਾ ਪੈਦਾ ਕਰੋ।
◼ ਰਸਾਲਿਆਂ ਤੇ ਕਿਤਾਬਾਂ ਵਿੱਚੋਂ ਸਭਾਵਾਂ ਦੀਆਂ ਤਸਵੀਰਾਂ ਦਿਖਾਓ।
◼ ਉਨ੍ਹਾਂ ਨੂੰ ਯਹੋਵਾਹ ਦੇ ਗਵਾਹ—ਉਹ ਕੌਣ ਹਨ? ਉਹ ਕੀ ਵਿਸ਼ਵਾਸ ਕਰਦੇ ਹਨ? (ਹਿੰਦੀ) ਨਾਮਕ ਬਰੋਸ਼ਰ ਪੜ੍ਹਨ ਲਈ ਕਹੋ।
ਕਦਰਦਾਨੀ ਪੈਦਾ ਕਰਨ ਲਈ ਵਿਡਿਓ ਵਰਤੋ
◼ ਯਹੋਵਾਹ ਦੇ ਗਵਾਹਾਂ ਦਾ ਸੰਗਠਨ
◼ ਸਾਡਾ ਭਾਈਚਾਰਾ
◼ ਪਰਮੇਸ਼ੁਰੀ ਸਿੱਖਿਆ ਦੁਆਰਾ ਇਕਮੁੱਠ
◼ ਧਰਤੀ ਦੀਆਂ ਹੱਦਾਂ ਤਕ
ਭਾਗ 9: ਗਵਾਹੀ ਦੇਣ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ
ਜਦੋਂ ਬਾਈਬਲ ਵਿਦਿਆਰਥੀ ਸਿੱਖੀਆਂ ਗੱਲਾਂ ਵਿਚ ਨਿਹਚਾ ਕਰਨ ਲੱਗਦੇ ਹਨ, ਤਾਂ ਉਨ੍ਹਾਂ ਦਾ ਦਿਲ ਇਹ ਗੱਲਾਂ ਦੂਜਿਆਂ ਨੂੰ ਦੱਸਣ ਲਈ ਪ੍ਰੇਰਿਤ ਹੁੰਦਾ ਹੈ।—km-PJ 5/05 ਸਫ਼ਾ 1.
ਉਨ੍ਹਾਂ ਨੂੰ ਗਵਾਹੀ ਦੇਣ ਦਾ ਉਤਸ਼ਾਹ ਦਿਓ
◼ ਕੀ ਉਹ ਆਪਣੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਨੂੰ ਸਟੱਡੀ ਵਿਚ ਬੈਠਣ ਲਈ ਕਹਿ ਸਕਦੇ ਹਨ?
◼ ਕੀ ਉਨ੍ਹਾਂ ਦੇ ਕਿਸੇ ਸਹਿਕਰਮੀ, ਸਹਿਪਾਠੀ ਜਾਂ ਹੋਰ ਵਾਕਫ਼ਕਾਰਾਂ ਨੇ ਖ਼ੁਸ਼ ਖ਼ਬਰੀ ਵਿਚ ਦਿਲਚਸਪੀ ਲਈ ਹੈ?
ਉਨ੍ਹਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣਾ ਸਿਖਾਓ
◼ ਸਟੱਡੀ ਦੌਰਾਨ ਖ਼ਾਸ ਮੁੱਦਿਆਂ ਬਾਰੇ ਵਿਦਿਆਰਥੀ ਨੂੰ ਪੁੱਛੋ: “ਆਪਣੇ ਪਰਿਵਾਰ ਨੂੰ ਇਸ ਸਿੱਖਿਆ ਬਾਰੇ ਸਮਝਾਉਣ ਲਈ ਤੁਸੀਂ ਬਾਈਬਲ ਕਿਵੇਂ ਇਸਤੇਮਾਲ ਕਰੋਗੇ?”
◼ ਉਸ ਨੂੰ ਸਮਝਾਓ ਕਿ ਦੂਜਿਆਂ ਨੂੰ ਪਰਮੇਸ਼ੁਰ ਅਤੇ ਉਸ ਦੇ ਮਕਸਦ ਬਾਰੇ ਦੱਸਣ ਲੱਗਿਆਂ ਆਦਰ ਤੇ ਸਲੀਕੇ ਨਾਲ ਗੱਲ ਕਰਨੀ ਚਾਹੀਦੀ ਹੈ।
◼ ਬਰੋਸ਼ਰ ਯਹੋਵਾਹ ਦੇ ਗਵਾਹ—ਉਹ ਕੌਣ ਹਨ? ਉਹ ਕੀ ਵਿਸ਼ਵਾਸ ਕਰਦੇ ਹਨ? ਦੀ ਮਦਦ ਨਾਲ ਵਿਦਿਆਰਥੀ ਆਪਣੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਨੂੰ ਬਾਈਬਲ-ਆਧਾਰਿਤ ਵਿਸ਼ਵਾਸਾਂ ਅਤੇ ਕੰਮਾਂ ਬਾਰੇ ਦੱਸ ਸਕਦਾ ਹੈ।
ਭਾਗ 10: ਵਿਦਿਆਰਥੀਆਂ ਨੂੰ ਘਰ-ਘਰ ਪ੍ਰਚਾਰ ਕਰਨ ਦੀ ਸਿਖਲਾਈ ਦੇਣੀ
ਜਦੋਂ ਬਜ਼ੁਰਗ ਫ਼ੈਸਲਾ ਕਰਦੇ ਹਨ ਕਿ ਬਾਈਬਲ ਵਿਦਿਆਰਥੀ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਦੇ ਲਾਇਕ ਹੈ, ਤਾਂ ਵਿਦਿਆਰਥੀ ਕਲੀਸਿਯਾ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਸਕਦਾ ਹੈ।—km-PJ 6/05 ਸਫ਼ਾ 1.
ਇਕੱਠੇ ਤਿਆਰੀ ਕਰੋ
◼ ਨਵੇਂ ਪ੍ਰਕਾਸ਼ਕ ਨੂੰ ਦਿਖਾਓ ਕਿ ਪੇਸ਼ਕਾਰੀਆਂ ਕਿੱਥੇ ਦਿੱਤੀਆਂ ਗਈਆਂ ਹਨ।
◼ ਸਥਾਨਕ ਇਲਾਕੇ ਲਈ ਢੁਕਵੀਂ ਕੋਈ ਸੌਖੀ ਪੇਸ਼ਕਾਰੀ ਚੁਣਨ ਵਿਚ ਉਸ ਦੀ ਮਦਦ ਕਰੋ।
◼ ਉਸ ਨੂੰ ਸੇਵਕਾਈ ਵਿਚ ਬਾਈਬਲ ਵਰਤਣ ਲਈ ਉਤਸ਼ਾਹਿਤ ਕਰੋ।
◼ ਇਕੱਠੇ ਅਭਿਆਸ ਕਰੋ। ਉਸ ਨੂੰ ਦਿਖਾਓ ਕਿ ਸੇਵਕਾਈ ਵਿਚ ਲੋਕਾਂ ਵੱਲੋਂ ਆਮ ਕਹੀਆਂ ਜਾਂ ਪੁੱਛੀਆਂ ਜਾਂਦੀਆਂ ਗੱਲਾਂ ਦਾ ਸੋਚ-ਸਮਝ ਕੇ ਜਵਾਬ ਕਿਵੇਂ ਦੇਣਾ ਹੈ।
ਇਕੱਠੇ ਪ੍ਰਚਾਰ ਕਰਨਾ
◼ ਪ੍ਰਚਾਰ ਕਰਦੇ ਸਮੇਂ ਉਸ ਨੂੰ ਦਿਖਾਓ ਕਿ ਤੁਸੀਂ ਉਹ ਪੇਸ਼ਕਾਰੀ ਕਿਵੇਂ ਦਿੰਦੇ ਹੋ ਜੋ ਤੁਸੀਂ ਇਕੱਠਿਆਂ ਨੇ ਤਿਆਰ ਕੀਤੀ ਹੈ।
◼ ਵਿਦਿਆਰਥੀ ਦੀ ਸ਼ਖ਼ਸੀਅਤ ਅਤੇ ਕਾਬਲੀਅਤਾਂ ਨੂੰ ਧਿਆਨ ਵਿਚ ਰੱਖੋ। ਕੁਝ ਥਾਵਾਂ ਤੇ ਤੁਸੀਂ ਉਸ ਨੂੰ ਪੇਸ਼ਕਾਰੀ ਦਾ ਥੋੜ੍ਹਾ ਜਿਹਾ ਹਿੱਸਾ ਬੋਲਣ ਲਈ ਕਹਿ ਸਕਦੇ ਹੋ।
◼ ਸੇਵਕਾਈ ਵਿਚ ਬਾਕਾਇਦਾ ਹਿੱਸਾ ਲੈਣ ਲਈ ਸਮਾਂ-ਸਾਰਣੀ ਬਣਾਉਣ ਵਿਚ ਨਵੇਂ ਪ੍ਰਕਾਸ਼ਕ ਦੀ ਮਦਦ ਕਰੋ।
ਭਾਗ 11: ਪੁਨਰ-ਮੁਲਾਕਾਤਾਂ ਕਰਨ ਵਿਚ ਵਿਦਿਆਰਥੀਆਂ ਦੀ ਮਦਦ ਕਰਨੀ
ਪਹਿਲੀ ਮੁਲਾਕਾਤ ਤੇ ਹੀ ਪੁਨਰ-ਮੁਲਾਕਾਤ ਦੀ ਤਿਆਰੀ ਸ਼ੁਰੂ ਕਰੋ। ਵਿਦਿਆਰਥੀ ਨੂੰ ਉਤਸ਼ਾਹਿਤ ਕਰੋ ਕਿ ਉਹ ਲੋਕਾਂ ਵਿਚ ਗਹਿਰੀ ਦਿਲਚਸਪੀ ਲਵੇ। ਉਸ ਨੂੰ ਸਿਖਾਓ ਕਿ ਲੋਕਾਂ ਨੂੰ ਆਪਣੇ ਵਿਚਾਰ ਜ਼ਾਹਰ ਕਰਨ ਲਈ ਕਿਵੇਂ ਪ੍ਰੇਰਿਤ ਕਰਨਾ ਹੈ, ਫਿਰ ਉਨ੍ਹਾਂ ਦੀ ਗੱਲ ਸੁਣਨੀ ਹੈ ਤੇ ਧਿਆਨ ਦੇਣਾ ਹੈ ਕਿ ਉਹ ਕਿਨ੍ਹਾਂ ਗੱਲਾਂ ਬਾਰੇ ਚਿੰਤਾ ਤੇ ਕਿਨ੍ਹਾਂ ਵਿਚ ਰੁਚੀ ਜ਼ਾਹਰ ਕਰਦੇ ਹਨ।—km-PJ 7/05 ਸਫ਼ਾ 1.
ਪੁਨਰ-ਮੁਲਾਕਾਤ ਕਰਨ ਦੀ ਤਿਆਰੀ
◼ ਪਹਿਲੀ ਮੁਲਾਕਾਤ ਦੌਰਾਨ ਹੋਈ ਗੱਲਬਾਤ ਤੇ ਵਿਚਾਰ ਕਰੋ ਅਤੇ ਕੋਈ ਇਕ ਵਿਸ਼ਾ ਚੁਣਨ ਵਿਚ ਵਿਦਿਆਰਥੀ ਦੀ ਮਦਦ ਕਰੋ ਜੋ ਘਰ-ਸੁਆਮੀ ਨੂੰ ਚੰਗਾ ਲੱਗ ਸਕਦਾ ਹੈ।
◼ ਕੋਈ ਸੰਖੇਪ ਪੇਸ਼ਕਾਰੀ ਤਿਆਰ ਕਰੋ ਜਿਸ ਵਿਚ ਵਿਦਿਆਰਥੀ ਬਾਈਬਲ ਦੀ ਕੋਈ ਆਇਤ ਅਤੇ ਪ੍ਰਕਾਸ਼ਨ ਦਾ ਇਕ ਪੈਰਾ ਪੜ੍ਹੇਗਾ।
◼ ਗੱਲਬਾਤ ਦੇ ਅਖ਼ੀਰ ਵਿਚ ਕੋਈ ਸਵਾਲ ਪੁੱਛਣ ਬਾਰੇ ਵੀ ਸੋਚੋ।
ਪੂਰੀ ਤਨਦੇਹੀ ਨਾਲ ਪੁਨਰ-ਮੁਲਾਕਾਤਾਂ ਕਰੋ
◼ ਵਿਦਿਆਰਥੀ ਨੂੰ ਹੱਲਾਸ਼ੇਰੀ ਦਿਓ ਕਿ ਉਹ ਦਿਲਚਸਪੀ ਰੱਖਣ ਵਾਲੇ ਸਾਰੇ ਲੋਕਾਂ ਕੋਲ ਛੇਤੀ ਤੋਂ ਛੇਤੀ ਵਾਪਸ ਜਾਵੇ।
◼ ਵਿਦਿਆਰਥੀ ਨੂੰ ਸਮਝਾਓ ਕਿ ਲੋਕਾਂ ਨੂੰ ਮਿਲਣ ਵਾਸਤੇ ਵਾਰ-ਵਾਰ ਜਾਣਾ ਪੈ ਸਕਦਾ ਹੈ।
◼ ਵਿਦਿਆਰਥੀ ਨੂੰ ਸਿਖਾਓ ਕਿ ਲੋਕਾਂ ਨੂੰ ਦੁਬਾਰਾ ਮਿਲਣ ਵਾਸਤੇ ਕਿਵੇਂ ਦਿਨ ਤੇ ਸਮਾਂ ਨਿਰਧਾਰਿਤ ਕਰਨਾ ਹੈ ਤੇ ਇਸ ਦੇ ਨਾਲ ਹੀ ਨਿਯਤ ਕੀਤੇ ਸਮੇਂ ਤੇ ਲੋਕਾਂ ਕੋਲ ਜਾਣ ਦੀ ਅਹਿਮੀਅਤ ਸਮਝਣ ਵਿਚ ਉਸ ਦੀ ਮਦਦ ਕਰੋ।
ਭਾਗ 12: ਬਾਈਬਲ ਸਟੱਡੀਆਂ ਸ਼ੁਰੂ ਕਰਨ ਤੇ ਜਾਰੀ ਰੱਖਣ ਵਿਚ ਵਿਦਿਆਰਥੀਆਂ ਦੀ ਮਦਦ ਕਰਨੀ
ਯਿਸੂ ਦੀ ਰੀਸ ਕਰਦਿਆਂ ਸੇਵਕਾਈ ਵਿਚ ਚੰਗੀ ਮਿਸਾਲ ਕਾਇਮ ਕਰਨੀ ਬਹੁਤ ਜ਼ਰੂਰੀ ਹੈ। ਸੇਵਕਾਈ ਵਿਚ ਤੁਹਾਡੀ ਚੰਗੀ ਮਿਸਾਲ ਦੇਖ ਕੇ ਤੁਹਾਡਾ ਵਿਦਿਆਰਥੀ ਸਮਝ ਜਾਵੇਗਾ ਕਿ ਪੁਨਰ-ਮੁਲਾਕਾਤਾਂ ਬਾਈਬਲ ਸਟੱਡੀ ਸ਼ੁਰੂ ਕਰਨ ਦੇ ਮਕਸਦ ਨਾਲ ਕੀਤੀਆਂ ਜਾਂਦੀਆਂ ਹਨ।—km-PJ 8/05 ਸਫ਼ਾ 1.
ਬਾਈਬਲ ਸਟੱਡੀ ਪੇਸ਼ ਕਰਨੀ
◼ ਵਿਦਿਆਰਥੀ ਨੂੰ ਦੱਸੋ ਕਿ ਸਟੱਡੀ ਪੇਸ਼ ਕਰਨ ਵੇਲੇ ਘਰ-ਸੁਆਮੀ ਨੂੰ ਸਟੱਡੀ ਬਾਰੇ ਜ਼ਿਆਦਾ ਸਮਝਾਉਣ ਦੀ ਲੋੜ ਨਹੀਂ ਹੈ।
◼ ਪ੍ਰਕਾਸ਼ਨ ਵਿੱਚੋਂ ਸਿਰਫ਼ ਇਕ ਜਾਂ ਦੋ ਪੈਰੇ ਵਰਤ ਕੇ ਦਿਖਾਇਆ ਜਾ ਸਕਦਾ ਹੈ ਕਿ ਸਟੱਡੀ ਕਿਵੇਂ ਕੀਤੀ ਜਾਂਦੀ ਹੈ।
◼ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਦਿੱਤੇ ਸੁਝਾਵਾਂ ਵਿੱਚੋਂ ਇਕ ਸੁਝਾਅ ਤੇ ਚਰਚਾ ਕਰੋ ਅਤੇ ਅਭਿਆਸ ਕਰੋ।—km-PJ 8/05 ਸਫ਼ਾ 8; km-PJ 1/02 ਸਫ਼ਾ 6.
ਵਿਦਿਆਰਥੀਆਂ ਨੂੰ ਸਿੱਖਿਅਕ ਬਣਨ ਦੀ ਸਿਖਲਾਈ ਦੇਣੀ
◼ ਵਿਦਿਆਰਥੀਆਂ ਨੂੰ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਦਾਖ਼ਲ ਹੋਣ ਲਈ ਉਤਸ਼ਾਹਿਤ ਕਰੋ।
◼ ਨਵੇਂ ਪ੍ਰਕਾਸ਼ਕਾਂ ਲਈ ਹੋਰਨਾਂ ਬਾਈਬਲ ਸਟੱਡੀਆਂ ਤੇ ਜਾਣ ਦਾ ਇੰਤਜ਼ਾਮ ਕਰੋ ਜਿਨ੍ਹਾਂ ਵਿਚ ਉਹ ਥੋੜ੍ਹਾ-ਬਹੁਤ ਹਿੱਸਾ ਲੈ ਸਕਦੇ ਹਨ।