ਪ੍ਰੇਮ ਅਤੇ ਸ਼ੁਭ ਕਰਮਾਂ ਲਈ ਉਭਾਰੋ—ਕਿਵੇਂ?
“ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। . . . ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।”—ਇਬਰਾਨੀਆਂ 10:24, 25.
1, 2. (ੳ) ਇਹ ਕਿਉਂ ਮਹੱਤਵਪੂਰਣ ਸੀ ਕਿ ਮੁੱਢਲੇ ਮਸੀਹੀ ਆਪਸ ਵਿਚ ਇਕੱਠੇ ਮਿਲਣ ਵਿਚ ਦਿਲਾਸਾ ਅਤੇ ਉਤਸ਼ਾਹ ਪਾਉਂਦੇ? (ਅ) ਪੌਲੁਸ ਦੀ ਕਿਹੜੀ ਸਲਾਹ ਨੇ ਇਕੱਠੇ ਮਿਲਣ ਦੀ ਜ਼ਰੂਰਤ ਨੂੰ ਸੰਬੋਧਿਤ ਕੀਤਾ?
ਉਹ ਚੋਰੀ-ਛੁਪੇ, ਤਾਲਾ ਲੱਗੇ ਹੋਏ ਦਰਵਾਜ਼ਿਆਂ ਪਿੱਛੇ ਇਕੱਠੇ ਮਿਲੇ। ਬਾਹਰ, ਹਰ ਜਗ੍ਹਾ ਖ਼ਤਰਾ ਹੀ ਖ਼ਤਰਾ ਸੀ। ਉਨ੍ਹਾਂ ਦੇ ਆਗੂ, ਯਿਸੂ ਨੂੰ ਥੋੜ੍ਹੀ ਦੇਰ ਪਹਿਲਾਂ ਹੀ ਸਾਰਿਆਂ ਦੇ ਸਾਮ੍ਹਣੇ ਮਾਰਿਆ ਗਿਆ ਸੀ, ਅਤੇ ਉਸ ਨੇ ਆਪਣੇ ਅਨੁਯਾਈਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਦੇ ਨਾਲ, ਉਸ ਨਾਲੋਂ ਕੋਈ ਬਿਹਤਰ ਵਰਤਾਉ ਨਹੀਂ ਹੋਵੇਗਾ। (ਯੂਹੰਨਾ 15:20; 20:19) ਪਰੰਤੂ ਜਿਉਂ-ਜਿਉਂ ਉਨ੍ਹਾਂ ਨੇ ਆਪਣੇ ਪਿਆਰੇ ਯਿਸੂ ਬਾਰੇ ਧੀਮੀ-ਧੀਮੀ ਆਵਾਜ਼ ਵਿਚ ਗੱਲਾਂ ਕੀਤੀਆਂ, ਇਕੱਠੇ ਹੋਣ ਦੇ ਕਾਰਨ ਉਨ੍ਹਾਂ ਨੇ ਘੱਟ ਤੋਂ ਘੱਟ ਜ਼ਿਆਦਾ ਸੁਰੱਖਿਅਤ ਤਾਂ ਜ਼ਰੂਰ ਮਹਿਸੂਸ ਕੀਤਾ ਹੋਵੇਗਾ।
2 ਜਿਉਂ ਹੀ ਸਾਲ ਬੀਤਦੇ ਗਏ, ਮਸੀਹੀਆਂ ਨੇ ਹਰ ਪਰਕਾਰ ਦੀਆਂ ਅਜ਼ਮਾਇਸ਼ਾਂ ਅਤੇ ਸਤਾਹਟਾਂ ਦਾ ਸਾਮ੍ਹਣਾ ਕੀਤਾ। ਉਨ੍ਹਾਂ ਮੁੱਢਲੇ ਚੇਲਿਆਂ ਦੇ ਵਾਂਗ, ਇਨ੍ਹਾਂ ਨੇ ਇਕੱਠੇ ਮਿਲਣ ਵਿਚ ਦਿਲਾਸਾ ਅਤੇ ਉਤਸ਼ਾਹ ਪ੍ਰਾਪਤ ਕੀਤਾ। ਇਸ ਕਰਕੇ, ਰਸੂਲ ਪੌਲੁਸ ਨੇ ਇਬਰਾਨੀਆਂ 10:24, 25 ਵਿਖੇ ਲਿਖਿਆ: “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।”
3. ਤੁਸੀਂ ਇਹ ਕਿਉਂ ਆਖੋਗੇ ਕਿ ਇਬਰਾਨੀਆਂ 10:24, 25 ਕੇਵਲ ਮਸੀਹੀਆਂ ਦੇ ਇਕੱਠੇ ਮਿਲਣ ਦੇ ਲਈ ਇਕ ਹੁਕਮ ਤੋਂ ਜ਼ਿਆਦਾ ਅਰਥ ਰੱਖਦਾ ਹੈ?
3 ਇਹ ਸ਼ਬਦ, ਆਪਸ ਵਿਚ ਇਕੱਠੇ ਮਿਲਦੇ ਰਹਿਣ ਦੇ ਹੁਕਮ ਨਾਲੋਂ ਜ਼ਿਆਦਾ ਅਰਥ ਰੱਖਦੇ ਹਨ। ਇਹ ਸਾਰੀਆਂ ਮਸੀਹੀ ਸਭਾਵਾਂ—ਅਤੇ ਅਸਲੀਅਤ ਵਿਚ, ਕਿਸੇ ਵੀ ਅਵਸਰ ਤੇ ਜਦੋਂ ਮਸੀਹੀ ਇਕੱਠੇ ਮਿਲਦੇ ਹਨ—ਲਈ ਇਕ ਈਸ਼ਵਰੀ ਰੂਪ ਵਿਚ ਪ੍ਰੇਰਿਤ ਮਿਆਰ ਪ੍ਰਦਾਨ ਕਰਦੇ ਹਨ। ਅੱਜ ਜਦੋਂ ਅਸੀਂ ਸਪੱਸ਼ਟ ਤੌਰ ਤੇ ਯਹੋਵਾਹ ਦਾ ਦਿਨ ਨਜ਼ਦੀਕ ਆਉਂਦਾ ਦੇਖਦੇ ਹਾਂ, ਤਾਂ ਇਸ ਦੁਸ਼ਟ ਵਿਵਸਥਾ ਦੇ ਦਬਾਉ ਅਤੇ ਖ਼ਤਰੇ ਅੱਗੇ ਨਾਲੋਂ ਕਿਤੇ ਹੀ ਜ਼ਿਆਦਾ ਅਤਿਆਵੱਸ਼ਕ ਬਣਾ ਦਿੰਦੇ ਹਨ ਕਿ ਸਾਡੀਆਂ ਸਭਾਵਾਂ ਇਕ ਸੁਰੱਖਿਅਤ ਪਨਾਹ ਵਾਂਗ ਹੋਣ, ਸਾਰਿਆਂ ਲਈ ਸ਼ਕਤੀ ਅਤੇ ਉਤਸ਼ਾਹ ਦਾ ਇਕ ਸ੍ਰੋਤ। ਇਹ ਨਿਸ਼ਚਿਤ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ? ਖ਼ੈਰ, ਆਓ ਅਸੀਂ ਤਿੰਨ ਮੁੱਖ ਸਵਾਲ ਪੁੱਛਦੇ ਹੋਏ, ਪੌਲੁਸ ਦੇ ਸ਼ਬਦਾਂ ਦੀ ਧਿਆਨ ਨਾਲ ਜਾਂਚ ਕਰੀਏ: “ਇੱਕ ਦੂਏ ਦਾ ਧਿਆਨ ਰੱਖੀਏ” ਦਾ ਕੀ ਅਰਥ ਹੈ? ‘ਪ੍ਰੇਮ ਅਰ ਸ਼ੁਭ ਕਰਮਾਂ ਲਈ ਇੱਕ ਦੂਏ ਨੂੰ ਉਭਾਰਨ’ ਦਾ ਕੀ ਅਰਥ ਹੈ? ਅਖੀਰ ਵਿਚ, ਅਸੀਂ ਇਨ੍ਹਾਂ ਔਖੇ ਸਮਿਆਂ ਵਿਚ ਕਿਸ ਤਰ੍ਹਾਂ “ਇੱਕ ਦੂਏ ਨੂੰ ਉਪਦੇਸ਼” ਕਰ ਸਕਦੇ ਹਾਂ?
“ਇੱਕ ਦੂਏ ਦਾ ਧਿਆਨ ਰੱਖੀਏ”
4. ‘ਇਕ ਦੂਏ ਦਾ ਧਿਆਨ ਰੱਖਣ’ ਦਾ ਕੀ ਅਰਥ ਹੈ?
4 ਜਦੋਂ ਪੌਲੁਸ ਨੇ ਮਸੀਹੀਆਂ ਨੂੰ ‘ਇੱਕ ਦੂਏ ਦਾ ਧਿਆਨ ਰੱਖਣ’ ਲਈ ਉਤੇਜਿਤ ਕੀਤਾ, ਤਾਂ ਉਹ ਨੇ ਯੂਨਾਨੀ ਕ੍ਰਿਆ ਕੈਟੇਨੋਈਓ, ਨੂੰ ਇਸਤੇਮਾਲ ਕੀਤਾ, ਜੋ ਕਿ ਸਾਧਾਰਣ ਸ਼ਬਦ “ਜਾਣਨਾ” ਦਾ ਇਕ ਡੂੰਘਾ ਰੂਪ ਹੈ। ਥੀਉਲੌਜੀਕਲ ਡਿਕਸ਼ਨਰੀ ਆਫ਼ ਦ ਨਿਊ ਟੈਸਟਾਮੈਂਟ ਆਖਦੀ ਹੈ ਕਿ ਇਸ ਦਾ ਅਰਥ “ਇਕ ਵਿਅਕਤੀ ਦਾ ਪੂਰਾ ਮਨ ਇਕ ਚੀਜ਼ ਉੱਤੇ ਲਾਉਣਾ” ਹੈ। ਡਬਲਯੂ. ਈ. ਵਾਈਨ ਦੇ ਅਨੁਸਾਰ, ਇਸ ਦਾ ਅਰਥ “ਪੂਰੀ ਤਰ੍ਹਾਂ ਨਾਲ ਸਮਝਣਾ, ਧਿਆਨ ਨਾਲ ਗੌਰ ਕਰਨਾ” ਵੀ ਹੋ ਸਕਦਾ ਹੈ। ਸੋ ਜਦੋਂ ਮਸੀਹੀ ‘ਇੱਕ ਦੂਏ ਦਾ ਧਿਆਨ ਰੱਖਦੇ ਹਨ,’ ਤਾਂ ਉਹ ਉਪਰੋਂ-ਉਪਰੀਂ ਹੀ ਨਹੀਂ ਦੇਖਦੇ ਹਨ, ਪਰੰਤੂ ਉਹ ਆਪਣੀਆਂ ਸਾਰੀਆਂ ਮਾਨਸਿਕ ਸ਼ਕਤੀਆਂ ਨੂੰ ਲਾਗੂ ਕਰ ਕੇ ਹੋਰ ਡੂੰਘਾਈ ਤਕ ਦੇਖਣ ਦੀ ਕੋਸ਼ਿਸ਼ ਕਰਦੇ ਹਨ।—ਤੁਲਨਾ ਕਰੋ ਇਬਰਾਨੀਆਂ 3:1.
5. ਇਕ ਵਿਅਕਤੀ ਦੇ ਕੁਝ ਪਹਿਲੂ ਕੀ ਹਨ ਜੋ ਸ਼ਾਇਦ ਸੌਖਿਆਂ ਹੀ ਬਾਹਰੋਂ ਨਾ ਦਿੱਸਣ, ਅਤੇ ਸਾਨੂੰ ਇਨ੍ਹਾਂ ਦਾ ਕਿਉਂ ਧਿਆਨ ਰੱਖਣਾ ਚਾਹੀਦਾ ਹੈ?
5 ਸਾਨੂੰ ਇਹ ਯਾਦ ਰੱਖਣ ਦੀ ਲੋੜ ਹੈ ਕਿ ਇਕ ਵਿਅਕਤੀ ਕੇਵਲ ਉਹੀ ਨਹੀਂ ਹੁੰਦਾ ਜੋ ਉਸ ਦੇ ਦਿੱਖ, ਕੰਮ-ਕਾਰ, ਜਾਂ ਵਿਅਕਤਿੱਤਵ ਉੱਤੇ ਸਰਸਰੀ ਨਜ਼ਰ ਮਾਰਨ ਦੁਆਰਾ ਪ੍ਰਗਟ ਹੁੰਦਾ ਹੈ। (1 ਸਮੂਏਲ 16:7) ਅਕਸਰ ਇਕ ਚੁੱਪ-ਚਾਪ ਚਿਹਰਾ ਗਹਿਰੀਆਂ ਭਾਵਨਾਵਾਂ ਜਾਂ ਆਨੰਦਦਾਇਕ ਹਾਸ-ਬਿਰਤੀ ਨੂੰ ਛੁਪਾਉਂਦਾ ਹੈ। ਤਦ ਵੀ, ਪਿਛੋਕੜ ਵੀ ਬਹੁਤ ਭਿੰਨ ਹੁੰਦੇ ਹਨ। ਕਈਆਂ ਨੇ ਆਪਣੀਆਂ ਜ਼ਿੰਦਗੀਆਂ ਵਿਚ ਬਹੁਤ ਦੁੱਖ ਅਨੁਭਵ ਕੀਤੇ ਹਨ; ਦੂਸਰੇ ਵਿਅਕਤੀ ਅਜਿਹੀਆਂ ਸਥਿਤੀਆਂ ਨੂੰ ਇਸ ਸਮੇਂ ਸਹਾਰ ਰਹੇ ਹਨ ਜਿਨ੍ਹਾਂ ਦੀ ਸਾਨੂੰ ਕਲਪਨਾ ਕਰਨੀ ਵੀ ਔਖੀ ਲੱਗੇ। ਕਿੰਨੀ ਵਾਰ ਅਕਸਰ ਇੰਜ ਹੁੰਦਾ ਹੈ ਕਿ ਇਕ ਭਰਾ ਜਾਂ ਭੈਣ ਦੇ ਵਿਲੱਖਣ ਸੁਭਾਅ ਦੇ ਕਾਰਨ ਉਤਪੰਨ ਹੋਈ ਸਾਡੀ ਖਿਝ ਢਲ ਜਾਂਦੀ ਹੈ, ਜਦੋਂ ਅਸੀਂ ਉਸ ਵਿਅਕਤੀ ਦੇ ਪਿਛੋਕੜ ਜਾਂ ਹਾਲਤਾਂ ਬਾਰੇ ਹੋਰ ਸਿੱਖਦੇ ਹਾਂ।—ਕਹਾਉਤਾਂ 19:11.
6. ਕਿਹੜੇ ਕੁਝ ਤਰੀਕੇ ਹਨ ਜਿਨ੍ਹਾਂ ਦੁਆਰਾ ਅਸੀਂ ਇਕ ਦੂਸਰੇ ਨੂੰ ਬਿਹਤਰ ਜਾਣ ਸਕਦੇ ਹਾਂ, ਅਤੇ ਕੀ ਅੱਛਾ ਨਤੀਜਾ ਹੋ ਸਕਦਾ ਹੈ?
6 ਨਿਰਸੰਦੇਹ, ਇਸ ਦਾ ਇਹ ਅਰਥ ਨਹੀਂ ਹੈ ਕਿ ਬਿਨਾਂ ਆਖੇ ਸਾਨੂੰ ਕਿਸੇ ਦੂਸਰੇ ਵਿਅਕਤੀ ਦੇ ਨਿੱਜੀ ਮਾਮਲੇ ਵਿਚ ਭੇਤ ਲੈਣਾ ਚਾਹੀਦਾ ਹੈ। (1 ਥੱਸਲੁਨੀਕੀਆਂ 4:11) ਫਿਰ ਵੀ, ਅਸੀਂ ਯਕੀਨਨ ਇਕ ਦੂਸਰੇ ਵਿਚ ਨਿੱਜੀ ਦਿਲਚਸਪੀ ਦਿਖਾ ਸਕਦੇ ਹਾਂ। ਇਸ ਵਿਚ ਰਾਜ ਗ੍ਰਹਿ ਤੇ ਕੇਵਲ ਨਮਸਤੇ ਕਰਨ ਤੋਂ ਕੁਝ ਜ਼ਿਆਦਾ ਸ਼ਾਮਲ ਹੈ। ਕਿਉਂ ਨਾ ਕਿਸੇ ਇਕ ਵਿਅਕਤੀ ਨੂੰ ਚੁਣੋ ਜਿਹ ਨੂੰ ਤੁਸੀਂ ਬਿਹਤਰ ਜਾਣਨਾ ਚਾਹੋਗੇ ਅਤੇ ਸਭਾ ਤੋਂ ਪਹਿਲਾਂ ਜਾਂ ਬਾਅਦ ਵਿਚ ਕੁਝ ਮਿੰਟਾਂ ਲਈ ਗੱਲ-ਬਾਤ ਕਰਨ ਦਾ ਟੀਚਾ ਬਣਾਓ? ਇਸ ਤੋਂ ਵੀ ਬਿਹਤਰ, ਇਕ ਜਾਂ ਦੋ ਮਿੱਤਰਾਂ ਨੂੰ ਜਲ-ਪਾਨ ਲਈ ਆਪਣੇ ਘਰ ਸੱਦ ਕੇ “ਪਰਾਹੁਣਚਾਰੀ ਪੁੱਜ ਕੇ ਕਰੋ।” (ਰੋਮੀਆਂ 12:13) ਦਿਲਚਸਪੀ ਦਿਖਾਓ। ਸੁਣੋ। ਸਿਰਫ਼ ਇਹ ਹੀ ਪੁੱਛਣਾ ਕਿ ਇਕ ਵਿਅਕਤੀ ਨੇ ਯਹੋਵਾਹ ਨੂੰ ਕਿਸ ਤਰ੍ਹਾਂ ਜਾਣਨਾ ਅਤੇ ਪਿਆਰ ਕਰਨਾ ਸ਼ੁਰੂ ਕੀਤਾ, ਸ਼ਾਇਦ ਬਹੁਤ ਕੁਝ ਪ੍ਰਗਟ ਕਰੇ। ਫਿਰ ਵੀ, ਘਰ-ਘਰ ਦੀ ਸੇਵਕਾਈ ਵਿਚ ਇਕੱਠੇ ਕੰਮ ਕਰਨ ਦੁਆਰਾ, ਸ਼ਾਇਦ ਤੁਸੀਂ ਹੋਰ ਵੀ ਜ਼ਿਆਦਾ ਸਿੱਖੋ। ਅਜਿਹਿਆਂ ਤਰੀਕਿਆਂ ਤੋਂ ਇਕ ਦੂਸਰੇ ਦਾ ਧਿਆਨ ਰੱਖਣਾ ਸਾਨੂੰ ਖਰੀ ਹਮਦਰਦੀ, ਜਾਂ ਸਮਾਨ-ਅਨੁਭੂਤੀ ਵਿਕਸਿਤ ਕਰਨ ਲਈ ਸਹਾਇਤਾ ਕਰੇਗਾ।—ਫ਼ਿਲਿੱਪੀਆਂ 2:4; 1 ਪਤਰਸ 3:8.
‘ਇਕ ਦੂਏ ਨੂੰ ਉਭਾਰੀਏ’
7. (ੳ) ਯਿਸੂ ਦੀ ਸਿੱਖਿਆ ਨੇ ਲੋਕਾਂ ਉੱਤੇ ਕੀ ਪ੍ਰਭਾਵ ਪਾਇਆ? (ਅ) ਉਹ ਦੀ ਸਿੱਖਿਆ ਨੂੰ ਕਿਸ ਚੀਜ਼ ਨੇ ਇੰਨਾ ਸ਼ਕਤੀਸ਼ਾਲੀ ਬਣਾਇਆ?
7 ਜਦੋਂ ਅਸੀਂ ਇਕ ਦੂਜੇ ਦਾ ਧਿਆਨ ਰੱਖਦੇ ਹਾਂ, ਤਾਂ ਅਸੀਂ ਇਕ ਦੂਜੇ ਨੂੰ ਕ੍ਰਿਆਸ਼ੀਲ ਬਣਾਉਣ ਲਈ, ਅਰਥਾਤ ਉਭਾਰਨ ਲਈ ਜ਼ਿਆਦਾ ਰਜ਼ਾਮੰਦ ਹੁੰਦੇ ਹਾਂ। ਇਸ ਸੰਬੰਧ ਵਿਚ ਮਸੀਹੀ ਬਜ਼ੁਰਗ ਇਕ ਖਾਸ ਭੂਮਿਕਾ ਅਦਾ ਕਰਦੇ ਹਨ। ਉਸ ਸਮੇਂ ਬਾਰੇ ਜਦੋਂ ਯਿਸੂ ਸਾਰਿਆਂ ਦੇ ਸਾਮ੍ਹਣੇ ਬੋਲ ਚੁੱਕਿਆ, ਅਸੀਂ ਪੜ੍ਹਦੇ ਹਾਂ: “ਐਉਂ ਹੋਇਆ ਕਿ . . . ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ।” (ਮੱਤੀ 7:28) ਇਕ ਹੋਰ ਅਵਸਰ ਤੇ ਕੁਝ ਸਿਪਾਹੀਆਂ ਜਿਨ੍ਹਾਂ ਨੂੰ ਉਹ ਨੂੰ ਗਿਰਫ਼ਤਾਰ ਕਰਨ ਲਈ ਭੇਜਿਆ ਗਿਆ ਸੀ, ਨੇ ਉੱਥੋਂ ਆਣ ਕੇ ਕਿਹਾ: “ਇਹ ਦੇ ਤੁੱਲ ਕਦੇ ਕਿਸੇ ਮਨੁੱਖ ਨੇ ਬਚਨ ਨਹੀਂ ਕੀਤਾ!” (ਯੂਹੰਨਾ 7:46) ਯਿਸੂ ਦੀ ਸਿੱਖਿਆ ਨੂੰ ਕਿਸ ਚੀਜ਼ ਨੇ ਇੰਨਾ ਸ਼ਕਤੀਸ਼ਾਲੀ ਬਣਾਇਆ? ਭਾਵਾਤਮਕਤਾ ਦੇ ਵਿਖਾਵਿਆਂ ਨੇ? ਨਹੀਂ; ਯਿਸੂ ਸਤਿਕਾਰ ਨਾਲ ਬੋਲਦਾ ਸੀ। ਫਿਰ ਵੀ, ਉਹ ਹਮੇਸ਼ਾ ਆਪਣੇ ਸੁਣਨ ਵਾਲਿਆਂ ਦੇ ਦਿਲਾਂ ਤਾਈਂ ਪਹੁੰਚਣ ਦਾ ਟੀਚਾ ਰੱਖਦਾ ਸੀ। ਕਿਉਂਕਿ ਉਹ ਲੋਕਾਂ ਦਾ ਧਿਆਨ ਰੱਖਦਾ ਸੀ, ਠੀਕ ਉਹ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕਰਨਾ ਹੈ। ਉਹ ਨੇ ਸਪੱਸ਼ਟ, ਸਾਧਾਰਣ ਦ੍ਰਿਸ਼ਟਾਂਤਾਂ ਨੂੰ ਇਸਤੇਮਾਲ ਕੀਤਾ ਜੋ ਰੋਜ਼ਾਨਾ ਜੀਵਨ ਦੀਆਂ ਹਕੀਕਤਾਂ ਨੂੰ ਪ੍ਰਤਿਬਿੰਬਤ ਕਰਦੇ ਸਨ। (ਮੱਤੀ 13:34) ਇਸੇ ਹੀ ਤਰ੍ਹਾਂ, ਸਾਡੀਆਂ ਸਭਾਵਾਂ ਵਿਚ ਭਾਸ਼ਣ-ਨਿਯੁਕਤੀਆਂ ਪੂਰੀਆਂ ਕਰਨ ਵਾਲਿਆਂ ਨੂੰ, ਪ੍ਰੇਰਿਤ ਕਰਨ ਵਾਲੀਆਂ, ਨਿੱਘੀਆਂ, ਜੋਸ਼ੀਲੀਆਂ ਪੇਸ਼ਕਸ਼ਾਂ ਦੇ ਕੇ, ਯਿਸੂ ਦਾ ਅਨੁਕਰਣ ਕਰਨਾ ਚਾਹੀਦਾ ਹੈ। ਯਿਸੂ ਵਾਂਗ, ਅਸੀਂ ਵੀ ਉਨ੍ਹਾਂ ਦ੍ਰਿਸ਼ਟਾਂਤਾਂ ਨੂੰ ਲੱਭਣ ਲਈ ਕੋਸ਼ਿਸ਼ ਕਰ ਸਕਦੇ ਹਾਂ ਜੋ ਸਾਡੇ ਹਾਜ਼ਰੀਨਾਂ ਲਈ ਉਚਿਤ ਹਨ ਅਤੇ ਉਨ੍ਹਾਂ ਦੇ ਦਿਲਾਂ ਤਾਈਂ ਪਹੁੰਚਦੇ ਹਨ।
8. ਯਿਸੂ ਨੇ ਮਿਸਾਲ ਦੁਆਰਾ ਕਿਸ ਤਰ੍ਹਾਂ ਉਭਾਰਿਆ, ਅਤੇ ਇਸ ਸੰਬੰਧ ਵਿਚ ਅਸੀਂ ਉਸ ਦਾ ਕਿਸ ਤਰ੍ਹਾਂ ਅਨੁਕਰਣ ਕਰ ਸਕਦੇ ਹਾਂ?
8 ਆਪਣੇ ਪਰਮੇਸ਼ੁਰ ਦੀ ਸੇਵਾ ਕਰਨ ਵਿਚ, ਅਸੀਂ ਸਾਰੇ ਹੀ ਇਕ ਦੂਸਰੇ ਨੂੰ ਉਭਾਰ ਸਕਦੇ ਹਾਂ। ਯਿਸੂ ਨੇ ਯਕੀਨਨ ਹੀ ਆਪਣੇ ਸੁਣਨ ਵਾਲਿਆਂ ਨੂੰ ਉਭਾਰਿਆ ਸੀ। ਉਹ ਮਸੀਹੀ ਸੇਵਕਾਈ ਦੇ ਕਾਰਜ ਨੂੰ ਪਸੰਦ ਕਰਦਾ ਸੀ ਅਤੇ ਉਸ ਨੇ ਸੇਵਕਾਈ ਨੂੰ ਉੱਚਾ ਕੀਤਾ। ਉਸ ਨੇ ਆਖਿਆ ਕਿ ਇਹ ਉਸ ਦੇ ਲਈ ਭੋਜਨ ਵਾਂਗ ਸੀ। (ਯੂਹੰਨਾ 4:34; ਰੋਮੀਆਂ 11:13) ਅਜਿਹਾ ਜੋਸ਼ ਪ੍ਰਭਾਵ-ਸੰਚਾਰੀ ਹੋ ਸਕਦਾ ਹੈ। ਕੀ ਤੁਸੀਂ ਵੀ ਇਸੇ ਤਰ੍ਹਾਂ ਸੇਵਕਾਈ ਵਿਚ ਆਪਣਾ ਆਨੰਦ ਦਿਖਾ ਸਕਦੇ ਹੋ? ਸ਼ੇਖੀ-ਭਰੇ ਲਹਿਜੇ ਤੋਂ ਪਰਹੇਜ਼ ਕਰਦੇ ਹੋਏ, ਕਲੀਸਿਯਾ ਵਿਚ ਦੂਸਰਿਆਂ ਨਾਲ ਆਪਣੇ ਚੰਗੇ ਅਨੁਭਵ ਸਾਂਝੇ ਕਰੋ। ਜਦੋਂ ਤੁਸੀਂ ਦੂਸਰਿਆਂ ਨੂੰ ਆਪਣੇ ਨਾਲ ਕੰਮ ਕਰਨ ਲਈ ਆਖਦੇ ਹੋ, ਤਾਂ ਇਸ ਚੀਜ਼ ਉੱਤੇ ਧਿਆਨ ਦਿਓ ਕਿ ਕੀ ਤੁਸੀਂ ਉਨ੍ਹਾਂ ਨੂੰ ਦੂਸਰਿਆਂ ਨਾਲ ਮਹਾਨ ਸ੍ਰਿਸ਼ਟੀਕਰਤਾ, ਯਹੋਵਾਹ ਬਾਰੇ ਗੱਲਾਂ ਕਰਨ ਵਿਚ ਸੱਚਾ ਆਨੰਦ ਪ੍ਰਾਪਤ ਕਰਨ ਦੀ ਮਦਦ ਕਰ ਸਕਦੇ ਹੋ।—ਕਹਾਉਤਾਂ 25:25.
9. (ੳ) ਦੂਸਰਿਆਂ ਨੂੰ ਉਭਾਰਨ ਦੇ ਕਿਹੜੇ ਕੁਝ ਤਰੀਕੇ ਹਨ ਜਿਨ੍ਹਾਂ ਤੋਂ ਅਸੀਂ ਪਰੇ ਰਹਿਣਾ ਚਾਹਾਂਗੇ, ਅਤੇ ਕਿਉਂ? (ਅ) ਕਿਸ ਚੀਜ਼ ਨੂੰ ਸਾਨੂੰ ਯਹੋਵਾਹ ਦੀ ਸੇਵਾ ਵਿਚ ਮਿਹਨਤ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ?
9 ਫਿਰ ਵੀ, ਦੂਸਰਿਆਂ ਨੂੰ ਗ਼ਲਤ ਤਰੀਕੇ ਵਿਚ ਉਭਾਰਨ ਤੋਂ ਸਾਵਧਾਨ ਰਹੋ। ਮਿਸਾਲ ਲਈ, ਅਸੀਂ ਸ਼ਾਇਦ ਅਣਜਾਣੇ ਵਿਚ ਉਨ੍ਹਾਂ ਨੂੰ ਜ਼ਿਆਦਾ ਕੰਮ ਨਾ ਕਰਨ ਬਾਰੇ ਦੋਸ਼ੀ ਮਹਿਸੂਸ ਕਰਵਾਈਏ। ਅਸੀਂ ਸ਼ਾਇਦ ਬਿਨ ਇਰਾਦੇ ਉਨ੍ਹਾਂ ਨੂੰ ਦੂਸਰਿਆਂ ਨਾਲ ਜੋ ਜ਼ਾਹਿਰ ਤੌਰ ਤੇ ਜ਼ਿਆਦਾ ਕ੍ਰਿਆਸ਼ੀਲ ਹਨ ਤੁਲਨਾ ਕਰ ਕੇ ਸ਼ਰਮਿੰਦਾ ਕਰੀਏ, ਜਾਂ ਅਸੀਂ ਸ਼ਾਇਦ ਸਖ਼ਤ ਮਿਆਰ ਵੀ ਠਹਿਰਾਈਏ ਅਤੇ ਉਨ੍ਹਾਂ ਨੂੰ ਬਦਨਾਮ ਕਰੀਏ ਜੋ ਪੂਰੇ ਨਹੀਂ ਉਤਰਦੇ ਹਨ। ਇਨ੍ਹਾਂ ਵਿੱਚੋਂ ਕੋਈ ਵੀ ਤਰੀਕਾ ਸ਼ਾਇਦ ਕਈਆਂ ਨੂੰ ਕੁਝ ਸਮੇਂ ਲਈ ਕਦਮ ਉਠਾਉਣ ਵਾਸਤੇ ਉਤੇਜਿਤ ਕਰੇ, ਲੇਕਨ ਪੌਲੁਸ ਨੇ ਇਹ ਨਹੀਂ ਲਿਖਿਆ ਸੀ ਕਿ ‘ਅਪਰਾਧ ਭਾਵਨਾ ਅਤੇ ਸ਼ੁਭ ਕਰਮਾਂ ਲਈ ਉਭਾਰੋ।’ ਨਹੀਂ, ਸਾਨੂੰ ਪ੍ਰੇਮ ਲਈ ਉਭਾਰਨਾ ਚਾਹੀਦਾ ਹੈ, ਫਿਰ ਕੰਮ ਇਕ ਚੰਗੇ ਮੰਤਵ ਨਾਲ ਕੀਤੇ ਜਾਣਗੇ। ਕਿਸੇ ਨੂੰ ਵੀ ਮੁੱਖ ਤੌਰ ਤੇ ਇਸ ਵਿਚਾਰ ਤੋਂ ਪ੍ਰੇਰਿਤ ਨਹੀਂ ਹੋਣਾ ਚਾਹੀਦਾ ਹੈ ਕਿ ਕਲੀਸਿਯਾ ਵਿਚ ਦੂਸਰੇ ਵਿਅਕਤੀ ਉਹ ਦੇ ਬਾਰੇ ਕੀ ਸੋਚਣਗੇ ਜੇਕਰ ਉਹ ਉਨ੍ਹਾਂ ਦੀਆਂ ਉਮੀਦਾਂ ਤੋਂ ਚੂਕ ਜਾਂਦਾ ਹੈ।—ਤੁਲਨਾ ਕਰੋ 2 ਕੁਰਿੰਥੀਆਂ 9:6, 7.
10. ਸਾਨੂੰ ਕਿਉਂ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਦੂਸਰਿਆਂ ਦੀ ਨਿਹਚਾ ਉੱਤੇ ਹੁਕਮ ਨਹੀਂ ਚਲਾਉਂਦੇ ਹਾਂ?
10 ਇਕ ਦੂਸਰੇ ਨੂੰ ਉਭਾਰਨ ਦਾ ਅਰਥ ਇਕ ਦੂਸਰੇ ਨੂੰ ਕੰਟ੍ਰੋਲ ਕਰਨਾ ਨਹੀਂ ਹੈ। ਆਪਣੇ ਸਾਰੇ ਪਰਮੇਸ਼ੁਰ-ਦਿੱਤ ਅਧਿਕਾਰ ਦੇ ਬਾਵਜੂਦ, ਰਸੂਲ ਪੌਲੁਸ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਨਿਮਰਤਾ ਨਾਲ ਯਾਦ ਦਿਲਾਇਆ: ‘ਅਸੀਂ ਤੁਹਾਡੀ ਨਿਹਚਾ ਉੱਤੇ ਹੁਕਮ ਨਹੀਂ ਚਲਾਉਂਦੇ ਹਾਂ।’ (2 ਕੁਰਿੰਥੀਆਂ 1:24) ਜੇਕਰ ਉਹ ਦੇ ਵਾਂਗ ਅਸੀਂ ਵੀ ਨਿਮਰਤਾ ਨਾਲ ਇਹ ਅਹਿਸਾਸ ਕਰੀਏ ਕਿ ਇਹ ਨਿਰਧਾਰਿਤ ਕਰਨਾ ਕਿ ਯਹੋਵਾਹ ਦੀ ਸੇਵਾ ਵਿਚ ਦੂਸਰਿਆਂ ਨੂੰ ਕਿੰਨਾ-ਕੁ ਕਰਨਾ ਚਾਹੀਦਾ ਹੈ, ਜਾਂ ਦੂਸਰੇ ਨਿੱਜੀ ਫੈਸਲਿਆਂ ਵਿਚ ਉਨ੍ਹਾਂ ਦੇ ਅੰਤਹਕਰਣਾਂ ਨੂੰ ਨਿਯੰਤ੍ਰਿਤ ਕਰਨਾ ਸਾਡਾ ਕੰਮ ਨਹੀਂ ਹੈ, ਤਦ ਅਸੀਂ “ਵਧੀਕ ਧਰਮੀ,” ਨਾਖ਼ੁਸ਼, ਸਖ਼ਤ, ਨਕਾਰਾਤਮਕ, ਜਾਂ ਅਸੂਲ-ਪ੍ਰੇਮੀ ਬਣਨ ਤੋਂ ਬਚੇ ਰਹਾਂਗੇ। (ਉਪਦੇਸ਼ਕ ਦੀ ਪੋਥੀ 7:16) ਅਜਿਹੇ ਗੁਣ ਉਭਾਰਦੇ ਨਹੀਂ ਹਨ; ਉਹ ਦਬਾਉਂਦੇ ਹਨ।
11. ਇਸਰਾਏਲ ਦੇ ਡੇਹਰੇ ਦੀ ਉਸਾਰੀ ਦੇ ਦਿਨਾਂ ਵਿਚ ਕਿਸ ਚੀਜ਼ ਨੇ ਚੰਦੇ ਦੇਣ ਨੂੰ ਪ੍ਰੇਰਿਤ ਕੀਤਾ, ਅਤੇ ਸਾਡੇ ਦਿਨਾਂ ਵਿਚ ਇਹ ਕਿਵੇਂ ਸੱਚ ਹੋ ਸਕਦਾ ਹੈ?
11 ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਦੀ ਸੇਵਾ ਵਿਚ ਸਾਰੇ ਯਤਨ ਉਸੇ ਰੁਝਾਨ ਨਾਲ ਕੀਤੇ ਜਾਣ ਜਿਵੇਂ ਪ੍ਰਾਚੀਨ ਇਸਰਾਏਲ ਵਿਚ ਕੀਤੇ ਜਾਂਦੇ ਸਨ ਜਦੋਂ ਡੇਹਰੇ ਦੀ ਉਸਾਰੀ ਲਈ ਚੰਦਿਆਂ ਦੀ ਲੋੜ ਸੀ। ਕੂਚ 35:21 ਕਹਿੰਦਾ ਹੈ: “ਅਤੇ ਸਾਰੇ ਮਨੁੱਖ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਆਏ ਅਤੇ ਜਿਨ੍ਹਾਂ ਦੇ ਆਤਮਾਂ ਨੇ ਉਸ ਦੀ ਭਾਉਣੀ ਕੀਤੀ ਓਹ ਯਹੋਵਾਹ ਲਈ ਭੇਟਾਂ . . . ਲਿਆਏ।” ਉਨ੍ਹਾਂ ਨੂੰ ਬਾਹਰੋਂ ਮਜਬੂਰ ਨਹੀਂ ਕੀਤਾ ਗਿਆ ਬਲਕਿ ਉਹ ਅੰਦਰੋਂ ਉਕਸਾਏ ਗਏ। ਅਸਲ ਵਿਚ, ਇਬਰਾਨੀ ਸ਼ਬਦ ਇੱਥੇ ਸ਼ਾਬਦਿਕ ਤੌਰ ਤੇ ਕਹਿੰਦਾ ਹੈ ਕਿ “ਹਰੇਕ ਨੇ ਜਿਸ ਦੇ ਦਿਲ ਨੇ ਉਹ ਨੂੰ ਉਤਾਂਹ ਉਠਾਇਆ” ਅਜਿਹੀਆਂ ਭੇਟਾਂ ਦਿੱਤੀਆਂ। (ਟੇਢੇ ਟਾਈਪ ਸਾਡੇ।) ਅੱਗੇ ਵਧਦੇ ਹੋਏ, ਆਓ ਅਸੀਂ ਇਕ ਦੂਸਰੇ ਦਾ ਦਿਲ ਉਤਾਂਹ ਉਠਾਉਣ ਦਾ ਯਤਨ ਕਰੀਏ, ਜਦੋਂ ਵੀ ਅਸੀਂ ਇਕੱਠੇ ਮਿਲਦੇ ਹਾਂ। ਯਹੋਵਾਹ ਦੀ ਆਤਮਾ ਬਾਕੀ ਦਾ ਕੰਮ ਕਰ ਸਕਦੀ ਹੈ।
‘ਇਕ ਦੂਏ ਨੂੰ ਉਪਦੇਸ਼ ਕਰੋ’
12. (ੳ) ਉਸ ਯੂਨਾਨੀ ਸ਼ਬਦ ਦੇ ਕੁਝ ਅਰਥ ਕੀ ਹਨ ਜਿਸ ਦਾ ਤਰਜਮਾ ‘ਉਪਦੇਸ਼ ਕਰਨਾ’ ਕੀਤਾ ਜਾਂਦਾ ਹੈ? (ਅ) ਅੱਯੂਬ ਦੇ ਸਾਥੀ ਕਿਸ ਤਰ੍ਹਾਂ ਉਹ ਨੂੰ ਉਤਸ਼ਾਹਿਤ ਕਰਨ ਵਿਚ ਅਸਫ਼ਲ ਹੋਏ? (ੲ) ਇਕ ਦੂਸਰੇ ਉੱਤੇ ਦੋਸ਼ ਲਾਉਣ ਤੋਂ ਸਾਨੂੰ ਕਿਉਂ ਪਰਹੇਜ਼ ਕਰਨਾ ਚਾਹੀਦਾ ਹੈ?
12 ਜਦੋਂ ਪੌਲੁਸ ਨੇ ਲਿਖਿਆ ਕਿ ਸਾਨੂੰ ‘ਇਕ ਦੂਏ ਨੂੰ ਉਪਦੇਸ਼ ਕਰਨਾ’ ਚਾਹੀਦਾ ਹੈ, ਉਹ ਨੇ ਯੂਨਾਨੀ ਸ਼ਬਦ ਪੈਰਾਕੇਲੀਓ ਦਾ ਇਕ ਰੂਪ ਇਸਤੇਮਾਲ ਕੀਤਾ ਸੀ, ਜਿਸ ਦਾ ਅਰਥ ‘ਤਕੜੇ ਕਰਨਾ, ਤਸੱਲੀ ਦੇਣਾ’ ਵੀ ਹੋ ਸਕਦਾ ਹੈ। ਯੂਨਾਨੀ ਸੈਪਟੁਐਜਿੰਟ ਤਰਜਮੇ ਵਿਚ, ਇਹੋ ਸ਼ਬਦ ਅੱਯੂਬ 29:25 ਵਿਚ ਇਸਤੇਮਾਲ ਕੀਤਾ ਗਿਆ ਸੀ, ਜਿੱਥੇ ਅੱਯੂਬ ਨੂੰ ਇਕ ਅਜਿਹਾ ਵਿਅਕਤੀ ਵਰਣਿਤ ਕੀਤਾ ਗਿਆ ਸੀ ਜੋ ਸੋਗੀਆਂ ਨੂੰ ਤਸੱਲੀ ਦਿੰਦਾ ਹੈ। ਪਰ ਫਿਰ, ਅਜੀਬ ਗੱਲ ਇਹ ਹੈ ਕਿ ਜਦੋਂ ਅੱਯੂਬ ਆਪ ਭਾਰੀ ਅਜ਼ਮਾਇਸ਼ ਦੇ ਅਧੀਨ ਸੀ, ਤਦ ਉਹ ਨੂੰ ਕੋਈ ਅਜਿਹਾ ਉਤਸ਼ਾਹ ਨਹੀਂ ਮਿਲਿਆ। ਉਹ ਦੇ ਤਿੰਨ “ਤਸੱਲੀ ਦੇਣ ਵਾਲੇ” ਉਹ ਦਾ ਨਿਆਂ ਕਰਨ ਵਿਚ ਅਤੇ ਉਹ ਨੂੰ ਭਾਸ਼ਣ ਦੇਣ ਵਿਚ ਇੰਨੇ ਰੁਝੇ ਹੋਏ ਸਨ ਕਿ ਉਹ ਨੂੰ ਸਮਝਣ ਅਤੇ ਉਹ ਦੇ ਨਾਲ ਹਮਦਰਦੀ ਕਰਨ ਵਿਚ ਅਸਫ਼ਲ ਹੋ ਗਏ। ਅਸਲ ਵਿਚ, ਉਨ੍ਹਾਂ ਦੀਆਂ ਕੀਤੀਆਂ ਸਾਰੀਆਂ ਗੱਲਾਂ ਵਿਚ, ਉਨ੍ਹਾਂ ਨੇ ਇਕ ਵਾਰ ਵੀ ਅੱਯੂਬ ਨੂੰ ਉਹ ਦਾ ਨਾਂ ਲੈ ਕੇ ਸੰਬੋਧਿਤ ਨਹੀਂ ਕੀਤਾ। (ਭਿੰਨਤਾ ਦੇਖੋ ਅੱਯੂਬ 33:1, 31.) ਇਹ ਸਪੱਸ਼ਟ ਹੈ ਕਿ ਉਹ ਉਸ ਨੂੰ ਇਕ ਵਿਅਕਤੀ ਦੇ ਤੌਰ ਤੇ ਸਮਝਣ ਦੀ ਬਜਾਇ ਇਕ ਸਮੱਸਿਆ ਸਮਝਦੇ ਸਨ। ਇਹ ਕੋਈ ਹੈਰਾਨਗੀ ਦੀ ਗੱਲ ਨਹੀਂ ਹੈ ਕਿ ਅੱਯੂਬ ਨੇ ਨਿਰਾਸ਼ਾ ਵਿਚ ਉਨ੍ਹਾਂ ਨੂੰ ਕਿਹਾ: “ਜੇ ਤੁਹਾਡੀ ਜਾਨ ਮੇਰੀ ਜਾਨ ਦੇ ਥਾਂ ਹੁੰਦੀ”! (ਅੱਯੂਬ 16:4) ਇਸੇ ਹੀ ਤਰ੍ਹਾਂ ਅੱਜ, ਜੇਕਰ ਤੁਸੀਂ ਕਿਸੇ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹੋ, ਤਾਂ ਹਮਦਰਦੀ ਦਿਖਾਓ! ਦੋਸ਼ ਨਾ ਲਗਾਓ। ਜਿਵੇਂ ਰੋਮੀਆਂ 14:4 ਆਖਦਾ ਹੈ, “ਤੂੰ ਪਰਾਏ ਟਹਿਲੂਏ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ? ਉਹ ਤਾਂ ਆਪਣੇ ਹੀ ਮਾਲਕ ਦੇ ਅੱਗੇ ਖਲ੍ਹਿਆਰਿਆ ਰਹਿੰਦਾ ਅਥਵਾ ਡਿੱਗ ਪੈਂਦਾ ਹੈ ਪਰ ਉਹ ਖਲ੍ਹਿਆਰਿਆ ਰਹੇਗਾ ਕਿਉਂ ਜੋ ਪ੍ਰਭੁ ਉਹ ਦੇ ਖਲ੍ਹਿਆਰਨ ਨੂੰ ਸਮਰਥ ਹੈ।”
13, 14. (ੳ) ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਤਸੱਲੀ ਦੇਣ ਲਈ ਕਿਸ ਮੂਲ ਸੱਚਾਈ ਬਾਰੇ ਯਕੀਨ ਦਿਲਾਉਣ ਦੀ ਜ਼ਰੂਰਤ ਹੈ? (ਅ) ਦਾਨੀਏਲ ਨੂੰ ਇਕ ਦੂਤ ਦੁਆਰਾ ਕਿਸ ਤਰ੍ਹਾਂ ਜ਼ੋਰ ਮਿਲਿਆ?
13 ਪੈਰਾਕੇਲੀਓ ਦਾ ਇਕ ਰੂਪ ਅਤੇ ਉਹ ਦੇ ਸੰਬੰਧਿਤ ਨਾਂਵ ਨੂੰ 2 ਥੱਸਲੁਨੀਕੀਆਂ 2:16, 17 ਤੇ “ਤਸੱਲੀ” ਤਰਜਮਾ ਕੀਤਾ ਗਿਆ ਹੈ: “ਹੁਣ ਸਾਡਾ ਪ੍ਰਭੁ ਯਿਸੂ ਮਸੀਹ ਆਪ ਅਤੇ ਸਾਡਾ ਪਿਤਾ ਪਰਮੇਸ਼ੁਰ ਜਿਹ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਕਿਰਪਾ ਕਰ ਕੇ ਸਾਨੂੰ ਸਦੀਪਕਾਲ ਦੀ ਤਸੱਲੀ ਅਤੇ ਭਲੀ ਆਸਾ ਦਿੱਤੀ, ਤੁਹਾਡੇ ਮਨਾਂ ਨੂੰ ਸ਼ਾਂਤੀ ਦੇਵੇ ਅਤੇ ਓਹਨਾਂ ਨੂੰ ਹਰੇਕ ਸ਼ੁਭ ਕਰਮ ਅਤੇ ਬਚਨ ਵਿੱਚ ਦ੍ਰਿੜ੍ਹ ਕਰੇ।” ਧਿਆਨ ਦਿਓ ਕਿ ਪੌਲੁਸ ਮਨਾਂ ਨੂੰ ਸ਼ਾਂਤੀ ਦੇਣ ਦੇ ਵਿਚਾਰ ਨੂੰ ਉਸ ਮੂਲ ਸੱਚਾਈ ਦੇ ਨਾਲ ਸੰਬੰਧਿਤ ਕਰਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ। ਸੋ ਅਸੀਂ ਉਸ ਮਹੱਤਵਪੂਰਣ ਸੱਚਾਈ ਦੀ ਪੁਸ਼ਟੀ ਕਰ ਕੇ ਇਕ ਦੂਸਰੇ ਨੂੰ ਉਤਸ਼ਾਹ ਅਤੇ ਤਸੱਲੀ ਦੇ ਸਕਦੇ ਹਾਂ।
14 ਇਕ ਅਵਸਰ ਤੇ ਦਾਨੀਏਲ ਨਬੀ ਇਕ ਡਰਾਉਣਾ ਦ੍ਰਿਸ਼ ਦੇਖਣ ਤੋਂ ਬਾਅਦ ਇੰਨਾ ਪਰੇਸ਼ਾਨ ਹੋਇਆ ਸੀ ਕਿ ਉਹ ਨੇ ਕਿਹਾ: “ਮੇਰਾ ਰੂਪ ਰੰਗ ਮੇਰੇ ਮੂੰਹ ਦੀ ਪਿਲੱਤਣ ਨਾਲ ਵੱਟਿਆ ਗਿਆ ਅਤੇ ਮੇਰੇ ਵਿੱਚ ਕੁਝ ਬਲ ਨਾ ਰਿਹਾ।” ਯਹੋਵਾਹ ਨੇ ਇਕ ਦੂਤ ਨੂੰ ਘੱਲਿਆ ਜਿਸ ਨੇ ਦਾਨੀਏਲ ਨੂੰ ਕਈ ਵਾਰ ਯਾਦ ਦਿਲਾਇਆ ਕਿ ਉਹ ਪਰਮੇਸ਼ੁਰ ਦੀ ਨਜ਼ਰ ਵਿਚ ‘ਅੱਤ ਪਿਆਰਾ ਮਨੁੱਖ’ ਸੀ। ਨਤੀਜਾ ਕੀ ਹੋਇਆ? ਦਾਨੀਏਲ ਨੇ ਦੂਤ ਨੂੰ ਦੱਸਿਆ: “ਤੈਂ ਹੀ ਮੈਨੂੰ ਜ਼ੋਰ ਦਿੱਤਾ ਹੈ!”—ਦਾਨੀਏਲ 10:8, 11, 19.
15. ਬਜ਼ੁਰਗਾਂ ਅਤੇ ਸਫਰੀ ਨਿਗਾਹਬਾਨਾਂ ਨੂੰ ਸੁਧਾਰ ਦੇ ਨਾਲ-ਨਾਲ ਤਾਰੀਫ਼ ਨੂੰ ਕਿਸ ਤਰ੍ਹਾਂ ਸੰਤੁਲਿਤ ਕਰਨਾ ਚਾਹੀਦਾ ਹੈ?
15 ਇੱਥੇ ਫਿਰ, ਦੂਸਰਿਆਂ ਨੂੰ ਉਤਸ਼ਾਹਿਤ ਕਰਨ ਦਾ ਇਕ ਹੋਰ ਤਰੀਕਾ ਹੈ। ਉਨ੍ਹਾਂ ਦੀ ਤਾਰੀਫ਼ ਕਰੋ! ਨੁਕਤਾਚੀਨ, ਸਖ਼ਤ ਰੁਝਾਨ ਨੂੰ ਅਪਣਾਉਣਾ ਬਹੁਤ ਸੌਖਾ ਹੈ। ਮੰਨ ਲਿਆ ਕਿ ਅਜਿਹੇ ਸਮੇਂ ਹੁੰਦੇ ਹਨ ਜਦੋਂ ਸ਼ਾਇਦ ਸੁਧਾਰ ਦੀ ਜ਼ਰੂਰਤ ਹੋਵੇ, ਖ਼ਾਸ ਕਰ ਕੇ ਬਜ਼ੁਰਗਾਂ ਅਤੇ ਸਫਰੀ ਨਿਗਾਹਬਾਨਾਂ ਦੁਆਰਾ। ਪਰੰਤੂ ਇਸ ਵਿਚ ਉਨ੍ਹਾਂ ਦਾ ਭਲਾ ਹੋਵੇਗਾ ਅਗਰ ਉਨ੍ਹਾਂ ਨੂੰ ਇਕ ਆਲੋਚਨਾਤਮਕ ਰਵੱਈਆ ਰੱਖਣ ਦੀ ਬਜਾਇ ਉਨ੍ਹਾਂ ਦੇ ਨਿੱਘੇ
ਉਤਸ਼ਾਹ ਲਈ ਯਾਦ ਰੱਖਿਆ ਜਾਂਦਾ ਹੈ।
16. (ੳ) ਦਿਲਗੀਰ ਵਿਅਕਤੀਆਂ ਨੂੰ ਉਤਸ਼ਾਹਿਤ ਕਰਨ ਦੇ ਸਮੇਂ, ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਵਿਚ ਕੇਵਲ ਹੋਰ ਮਿਹਨਤ ਕਰਨ ਲਈ ਹੀ ਉਤੇਜਿਤ ਕਰਨਾ ਅਕਸਰ ਚੋਖਾ ਕਿਉਂ ਨਹੀਂ ਹੁੰਦਾ ਹੈ? (ਅ) ਯਹੋਵਾਹ ਨੇ ਏਲੀਯਾਹ ਦੀ ਕਿਸ ਤਰ੍ਹਾਂ ਸਹਾਇਤਾ ਕੀਤੀ ਜਦੋਂ ਉਹ ਦਿਲਗੀਰ ਸੀ?
16 ਖ਼ਾਸ ਕਰ ਕੇ ਉਨ੍ਹਾਂ ਨੂੰ ਜੋ ਦਿਲਗੀਰ ਹਨ ਉਤਸ਼ਾਹ ਦੀ ਜ਼ਰੂਰਤ ਹੁੰਦੀ ਹੈ, ਅਤੇ ਯਹੋਵਾਹ ਸਾਡੇ ਤੋਂ ਸੰਗੀ ਮਸੀਹੀ ਹੋਣ ਦੇ ਨਾਤੇ, ਸਹਾਇਤਾ ਦਾ ਸ੍ਰੋਤ ਹੋਣ ਦੀ ਉਮੀਦ ਰੱਖਦਾ ਹੈ—ਖ਼ਾਸ ਕਰ ਕੇ ਜੇਕਰ ਅਸੀਂ ਬਜ਼ੁਰਗ ਹੋਈਏ। (ਕਹਾਉਤਾਂ 21:13) ਅਸੀਂ ਕੀ ਕਰ ਸਕਦੇ ਹਾਂ? ਜਵਾਬ ਸ਼ਾਇਦ ਇੰਨਾ ਸੌਖਾ ਨਾ ਹੋਵੇ ਜਿਵੇਂ ਕਿ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਵਿਚ ਮਿਹਨਤ ਕਰਨ ਲਈ ਆਖਣਾ। ਕਿਉਂ? ਕਿਉਂਕਿ ਇਹ ਸ਼ਾਇਦ ਸੰਕੇਤ ਕਰੇ ਕਿ ਉਨ੍ਹਾਂ ਦੀ ਦਿਲਗੀਰੀ ਉਨ੍ਹਾਂ ਦੀ ਚੋਖੀ ਮਿਹਨਤ ਨਾ ਕਰਨ ਕਰਕੇ ਹੈ। ਆਮ ਤੌਰ ਤੇ ਇਹ ਵਜ੍ਹਾ ਨਹੀਂ ਹੁੰਦੀ ਹੈ। ਇਕ ਵਾਰ ਏਲੀਯਾਹ ਨਬੀ ਇੰਨਾ ਜ਼ਿਆਦਾ ਦਿਲਗੀਰ ਸੀ ਕਿ ਉਹ ਮਰਨਾ ਚਾਹੁੰਦਾ ਸੀ; ਪਰ ਫਿਰ ਇਹ ਉਸ ਸਮੇਂ ਹੋਇਆ ਜਦੋਂ ਉਹ ਯਹੋਵਾਹ ਦੇ ਪ੍ਰਤੀ ਆਪਣੀ ਸੇਵਾ ਵਿਚ ਬਹੁਤ ਹੀ ਰੁਝਿਆ ਹੋਇਆ ਸੀ। ਯਹੋਵਾਹ ਨੇ ਉਹ ਦੇ ਨਾਲ ਕਿਸ ਤਰ੍ਹਾਂ ਵਰਤਾਉ ਕੀਤਾ? ਉਹ ਨੇ ਇਕ ਦੂਤ ਨੂੰ ਵਿਵਹਾਰਕ ਸਹਾਇਤਾ ਦੇਣ ਲਈ ਭੇਜਿਆ। ਏਲੀਯਾਹ ਨੇ ਯਹੋਵਾਹ ਨੂੰ ਆਪਣਾ ਦਿਲੀ ਭਾਵ ਪ੍ਰਗਟ ਕੀਤਾ, ਇਹ ਪ੍ਰਗਟ ਕਰਦੇ ਹੋਏ ਕਿ ਉਹ ਆਪਣੇ ਆਪ ਨੂੰ ਆਪਣੇ ਮਰੇ ਹੋਏ ਪੂਰਵਜਾਂ ਜਿੰਨਾ ਵਿਅਰਥ ਮਹਿਸੂਸ ਕਰਦਾ ਸੀ, ਕਿ ਉਹ ਦਾ ਕੰਮ ਸਾਰਾ ਵਿਅਰਥ ਸੀ, ਅਤੇ ਕਿ ਉਹ ਬਿਲਕੁਲ ਹੀ ਇਕੱਲਾ ਸੀ। ਯਹੋਵਾਹ ਨੇ ਸੁਣਿਆ ਅਤੇ ਉਹ ਨੂੰ ਆਪਣੀ ਸ਼ਕਤੀ ਦਿਆਂ ਹੈਰਾਨਕੁਨ ਪ੍ਰਦਰਸ਼ਨਾਂ ਨਾਲ ਅਤੇ ਭਰੋਸਿਆਂ ਨਾਲ ਤਸੱਲੀ ਦਿੱਤੀ ਕਿ ਉਹ ਨਿਸ਼ਚੇ ਹੀ ਇਕੱਲਾ ਨਹੀਂ ਸੀ ਅਤੇ ਕਿ ਉਹ ਦਾ ਸ਼ੁਰੂ ਕੀਤਾ ਹੋਇਆ ਕੰਮ ਖ਼ਤਮ ਕੀਤਾ ਜਾਵੇਗਾ। ਯਹੋਵਾਹ ਨੇ ਏਲੀਯਾਹ ਨੂੰ ਇਕ ਸਾਥੀ ਦੇਣ ਦਾ ਵਾਅਦਾ ਵੀ ਕੀਤਾ ਜਿਸ ਨੂੰ ਉਹ ਸਿਖਲਾਈ ਦੇਵੇਗਾ ਅਤੇ ਜੋ ਆਖ਼ਰਕਾਰ ਉਹ ਦੀ ਥਾਂ ਲਵੇਗਾ।—1 ਰਾਜਿਆਂ 19:1-21.
17. ਇਕ ਬਜ਼ੁਰਗ ਉਸ ਵਿਅਕਤੀ ਦੀ ਕਿਸ ਤਰ੍ਹਾਂ ਸਹਾਇਤਾ ਕਰ ਸਕਦਾ ਹੈ ਜੋ ਆਪਣੇ ਆਪ ਨਾਲ ਜ਼ਿਆਦਾ ਹੀ ਕਠੋਰ ਹੁੰਦਾ ਹੈ?
17 ਕਿੰਨਾ ਉਤਸ਼ਾਹਜਨਕ! ਅਸੀਂ ਵੀ ਇਸੇ ਤਰ੍ਹਾਂ ਉਨ੍ਹਾਂ ਨੂੰ ਉਤਸ਼ਾਹਿਤ ਕਰੀਏ ਜੋ ਸਾਡੇ ਵਿਚ ਭਾਵਾਤਮਕ ਤੌਰ ਦੇ ਦੁੱਖੀ ਹਨ। ਸੁਣਨ ਦੁਆਰਾ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ! (ਯਾਕੂਬ 1:19) ਉਨ੍ਹਾਂ ਦੀਆਂ ਨਿੱਜੀ ਜ਼ਰੂਰਤਾਂ ਦੇ ਅਨੁਸਾਰ ਸ਼ਾਸਤਰ ਸੰਬੰਧਿਤ ਤਸੱਲੀ ਦਿਓ। (ਕਹਾਉਤਾਂ 25:11; 1 ਥੱਸਲੁਨੀਕੀਆਂ 5:14) ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਜੋ ਆਪਣੇ ਆਪ ਨਾਲ ਜ਼ਿਆਦਾ ਹੀ ਕਠੋਰ ਹਨ, ਬਜ਼ੁਰਗ ਸ਼ਾਸਤਰ ਸੰਬੰਧਿਤ ਸਬੂਤ ਦੇ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਨਾਲ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਕਦਰ ਕਰਦਾ ਹੈ।a ਉਨ੍ਹਾਂ ਨਾਲ ਜੋ ਵਿਅਰਥ ਮਹਿਸੂਸ ਕਰਦੇ ਹਨ, ਰਿਹਾਈ-ਕੀਮਤ ਬਾਰੇ ਚਰਚਾ ਕਰਨਾ ਉਤਸ਼ਾਹਿਤ ਕਰਨ ਦਾ ਇਕ ਸ਼ਕਤੀਸ਼ਾਲੀ ਜ਼ਰੀਆ ਹੋ ਸਕਦਾ ਹੈ। ਇਕ ਵਿਅਕਤੀ ਜੋ ਕਿਸੇ ਪਿੱਛਲੇ ਪਾਪ ਦੇ ਕਾਰਨ ਦੁੱਖੀ ਹੈ, ਨੂੰ ਸ਼ਾਇਦ ਇਹ ਦਿਖਾਉਣ ਦੀ ਜ਼ਰੂਰਤ ਹੋਵੇ ਕਿ ਅਗਰ ਉਸ ਨੇ ਸੱਚ-ਮੁੱਚ ਹੀ ਤੋਬਾ ਕਰ ਕੇ ਅਜਿਹੇ ਕਿਸੇ ਅਭਿਆਸ ਤੋਂ ਮੂੰਹ ਮੋੜ ਲਿਆ ਹੈ ਤਾਂ ਰਿਹਾਈ-ਕੀਮਤ ਨੇ ਉਸ ਨੂੰ ਸਾਫ਼ ਕਰ ਦਿੱਤਾ ਹੈ।—ਯਸਾਯਾਹ 1:18.
18. ਇਕ ਵਿਅਕਤੀ ਜੋ ਦੂਸਰੇ ਦੁਆਰਾ ਸ਼ਿਕਾਰ ਬਣਾਇਆ ਗਿਆ ਹੈ, ਜਿਵੇਂ ਕਿ ਬਲਾਤਕਾਰ ਦੁਆਰਾ, ਨੂੰ ਉਤਸ਼ਾਹਿਤ ਕਰਨ ਲਈ ਰਿਹਾਈ-ਕੀਮਤ ਦੀ ਸਿੱਖਿਆ ਕਿਸ ਤਰ੍ਹਾਂ ਇਸਤੇਮਾਲ ਕਰਨੀ ਚਾਹੀਦੀ ਹੈ?
18 ਨਿਰਸੰਦੇਹ, ਇਕ ਬਜ਼ੁਰਗ ਇਕ ਵਿਸ਼ੇਸ਼ ਮਾਮਲੇ ਉੱਤੇ ਧਿਆਨ ਦੇਵੇਗਾ ਤਾਂਕਿ ਇਹ ਸਿੱਖਿਆ ਉਚਿਤ ਤੌਰ ਤੇ ਇਸਤੇਮਾਲ ਕੀਤੀ ਜਾਵੇ। ਇਕ ਮਿਸਾਲ ਉੱਤੇ ਧਿਆਨ ਦਿਓ: ਮਸੀਹ ਦੇ ਰਿਹਾਈ-ਕੀਮਤ ਦਾ ਬਲੀਦਾਨ, ਮੂਸਾ ਦੀ ਬਿਵਸਥਾ ਦੇ ਪਸ਼ੂ ਬਲੀਦਾਨਾਂ ਦਾ ਪੂਰਵ-ਪਰਛਾਵਾਂ ਸੀ, ਜੋ ਸਾਰੇ ਪਾਪਾਂ ਦੇ ਪ੍ਰਾਸਚਿਤ ਲਈ ਜ਼ਰੂਰੀ ਸੀ। (ਲੇਵੀਆਂ 4:27, 28) ਫਿਰ ਵੀ, ਕੋਈ ਸ਼ਰਤ ਨਹੀਂ ਸੀ ਕਿ ਇਕ ਬਲਾਤਕਾਰ ਦੀ ਸ਼ਿਕਾਰ ਨੂੰ ਅਜਿਹੀ ਪਾਪ ਦੀ ਬਲੀ ਦੇਣੀ ਜ਼ਰੂਰੀ ਸੀ। ਬਿਵਸਥਾ ਨੇ ਕਿਹਾ ਕਿ ਉਹ ਨੂੰ ਸਜ਼ਾ ਦੇਣ ਲਈ ਉਨ੍ਹਾਂ ਨੂੰ ‘ਕੁਝ ਨਹੀਂ ਕਰਨਾ ਚਾਹੀਦਾ ਹੈ।’ (ਬਿਵਸਥਾ ਸਾਰ 22:25-27) ਸੋ ਅੱਜ ਵੀ, ਅਗਰ ਇਕ ਭੈਣ ਉੱਤੇ ਹਮਲਾ ਹੁੰਦਾ ਹੈ ਅਤੇ ਉਸ ਦਾ ਬਲਾਤਕਾਰ ਹੁੰਦਾ ਹੈ, ਅਤੇ ਇਸ ਦੇ ਕਾਰਨ ਉਹ ਗੰਦੀ ਅਤੇ ਵਿਅਰਥ ਮਹਿਸੂਸ ਕਰਦੀ ਹੈ, ਤਾਂ ਕੀ ਉਸ ਪਾਪ ਤੋਂ ਸਾਫ਼ ਹੋਣ ਲਈ ਰਿਹਾਈ-ਕੀਮਤ ਦੀ ਉਹ ਦੀ ਜ਼ਰੂਰਤ ਉੱਤੇ ਜ਼ੋਰ ਦੇਣਾ ਉਚਿਤ ਹੋਵੇਗਾ? ਨਿਸ਼ਚੇ ਹੀ ਨਹੀਂ। ਉਸ ਉੱਤੇ ਹਮਲਾ ਹੋਣ ਤੇ ਉਹ ਨੇ ਪਾਪ ਨਹੀਂ ਕੀਤਾ ਹੈ। ਪਾਪ ਤਾਂ ਉਸ ਬਲਾਤਕਾਰੀ ਨੇ ਕੀਤਾ ਹੈ ਅਤੇ ਉਸ ਨੂੰ ਸਾਫ਼ ਕੀਤੇ ਜਾਣ ਦੀ ਜ਼ਰੂਰਤ ਹੈ। ਫਿਰ ਵੀ, ਰਿਹਾਈ-ਕੀਮਤ ਦਾ ਪ੍ਰਬੰਧ ਕਰਨ ਵਿਚ ਯਹੋਵਾਹ ਅਤੇ ਮਸੀਹ ਨੇ ਜੋ ਪਿਆਰ ਦਿਖਾਇਆ ਹੈ ਉਸ ਨੂੰ ਸਬੂਤ ਦੇ ਤੌਰ ਤੇ ਇਸਤੇਮਾਲ ਕੀਤਾ ਜਾ ਸਕਦਾ ਹੈ ਕਿ ਉਹ ਪਰਮੇਸ਼ੁਰ ਦੀਆਂ ਅੱਖਾਂ ਵਿਚ ਕਿਸੇ ਹੋਰ ਵਿਅਕਤੀ ਦੇ ਪਾਪ ਕਰਕੇ ਅਸ਼ੁੱਧ ਨਹੀਂ ਠਹਿਰਾਈ ਗਈ ਹੈ, ਬਲਕਿ ਉਹ ਯਹੋਵਾਹ ਲਈ ਕੀਮਤੀ ਹੈ ਅਤੇ ਉਹ ਦੇ ਪਿਆਰ ਵਿਚ ਕਾਇਮ ਰਹਿੰਦੀ ਹੈ।—ਤੁਲਨਾ ਕਰੋ ਮਰਕੁਸ 7:18-23; 1 ਯੂਹੰਨਾ 4:16.
19. ਸਾਨੂੰ ਇਹ ਉਮੀਦ ਕਿਉਂ ਨਹੀਂ ਕਰਨੀ ਚਾਹੀਦੀ ਹੈ ਕਿ ਆਪਣੇ ਭੈਣਾਂ-ਭਰਾਵਾਂ ਨਾਲ ਸਾਰੀ ਸੰਗਤੀ ਉਤਸ਼ਾਹਜਨਕ ਹੋਵੇਗੀ, ਪਰੰਤੂ ਸਾਡਾ ਕੀ ਪੱਕਾ ਇਰਾਦਾ ਹੋਣਾ ਚਾਹੀਦਾ ਹੈ?
19 ਜੀ ਹਾਂ, ਜੀਵਨ ਵਿਚ ਇਕ ਵਿਅਕਤੀ ਦੀ ਸਥਿਤੀ ਜੋ ਕੁਝ ਵੀ ਹੋਵੇ, ਕੋਈ ਵੀ ਦੁਖਦਾਇਕ ਹਾਲਤਾਂ ਉਹ ਦੇ ਅਤੀਤ ਨੂੰ ਦੂਸ਼ਿਤ ਕਰਦੀਆਂ ਹੋਣ, ਉਹ ਯਹੋਵਾਹ ਦੀ ਕਲੀਸਿਯਾ ਵਿਚ ਉਤਸ਼ਾਹ ਪ੍ਰਾਪਤ ਕਰ ਸਕਦਾ ਹੈ। ਅਤੇ ਉਹ ਪ੍ਰਾਪਤ ਕਰੇਗਾ ਅਗਰ ਵਿਅਕਤੀਗਤ ਤੌਰ ਤੇ ਅਸੀਂ ਸਾਰੇ ਇਕ ਦੂਸਰੇ ਦਾ ਧਿਆਨ ਰੱਖਣ, ਇਕ ਦੂਸਰੇ ਨੂੰ ਉਭਾਰਨ, ਅਤੇ ਇਕ ਦੂਸਰੇ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰੀਏ, ਜਦੋਂ ਵੀ ਅਸੀਂ ਇਕੱਠੇ ਮਿਲਦੇ ਹਾਂ। ਪਰ ਫਿਰ, ਅਪੂਰਣ ਹੋਣ ਕਰਕੇ, ਅਸੀਂ ਸਾਰੇ ਸਮੇਂ-ਸਮੇਂ ਤੇ ਇਹ ਕਰਨ ਵਿਚ ਅਸਫ਼ਲ ਹੋ ਜਾਂਦੇ ਹਾਂ। ਆਵੱਸ਼ ਹੀ, ਅਸੀਂ ਇਕ ਦੂਸਰੇ ਨੂੰ ਨਿਰਾਸ਼ ਕਰਦੇ ਹਾਂ ਅਤੇ ਕਦੇ-ਨ-ਕਦੇ ਇਕ ਦੂਸਰੇ ਨੂੰ ਦੁੱਖ ਵੀ ਦਿੰਦੇ ਹਾਂ। ਇਸ ਸੰਬੰਧ ਵਿਚ ਦੂਸਰਿਆਂ ਦੀਆਂ ਕਮੀਆਂ ਉੱਤੇ ਧਿਆਨ ਇਕਾਗਰ ਕਰਨ ਦੀ ਕੋਸ਼ਿਸ਼ ਨਾ ਕਰੋ। ਅਗਰ ਤੁਸੀਂ ਕਮੀਆਂ ਉੱਤੇ ਧਿਆਨ ਇਕਾਗਰ ਕਰੋਗੇ, ਤਾਂ ਤੁਸੀਂ ਕਲੀਸਿਯਾ ਦੇ ਪ੍ਰਤੀ ਜ਼ਿਆਦਾ ਆਲੋਚਨਾਤਮਕ ਹੋਣ ਦੇ ਖ਼ਤਰੇ ਵਿਚ ਹੋਵੋਗੇ ਅਤੇ ਸ਼ਾਇਦ ਉਸੇ ਜਾਲ ਵਿਚ ਪੈ ਜਾਵੋਗੇ ਜਿਸ ਤੋਂ ਦੂਰ ਰਹਿਣ ਵਿਚ ਮਦਦ ਕਰਨ ਲਈ ਪੌਲੁਸ ਇੰਨਾ ਉਤਸੁਕ ਸੀ, ਅਰਥਾਤ, ਆਪਸ ਵਿੱਚੀਂ ਇਕੱਠੇ ਹੋਣ ਨੂੰ ਛੱਡਣਾ। ਇਸ ਤਰ੍ਹਾਂ ਕਦੇ ਵੀ ਨਾ ਹੋਵੇ! ਜਿਵੇਂ ਇਹ ਪੁਰਾਣੀ ਵਿਵਸਥਾ ਅੱਗੇ ਨਾਲੋਂ ਹੋਰ ਖ਼ਤਰਨਾਕ ਅਤੇ ਕਸ਼ਟਕਾਰੀ ਬਣਦੀ ਜਾਂਦੀ ਹੈ, ਆਓ ਅਸੀਂ ਸਭਾਵਾਂ ਵਿਚ ਆਪਣੀ ਸੰਗਤ ਨੂੰ ਉਤਸ਼ਾਹਜਨਕ ਬਣਾਉਣ ਲਈ ਜੋ ਵੀ ਕਰ ਸਕਦੇ ਹਾਂ, ਕਰਨ ਲਈ ਪੱਕਾ ਇਰਾਦਾ ਕਰੀਏ—ਅਤੇ ਉੱਨਾ ਹੀ ਵਧੀਕ ਕਰੀਏ ਜਿੰਨਾ ਅਸੀਂ ਵੇਖਦੇ ਹਾਂ ਭਈ ਯਹੋਵਾਹ ਦਾ ਦਿਨ ਨੇੜੇ ਆਉਂਦਾ ਹੈ! (w95 4/1)
[ਫੁਟਨੋਟ]
a ਅਜਿਹੇ ਵਿਅਕਤੀ ਨਾਲ ਇਕ ਬਜ਼ੁਰਗ ਸ਼ਾਇਦ ਵਾਚਟਾਵਰ ਅਤੇ ਅਵੇਕ! ਦੇ ਉਤਸ਼ਾਹਜਨਕ ਲੇਖਾਂ ਦਾ ਅਧਿਐਨ ਕਰਨਾ ਚੁਣੇ—ਮਿਸਾਲ ਲਈ, “ਕੀ ਤੁਸੀਂ ਅਯੋਗ ਦਿਆਲਗੀ ਤੋਂ ਲਾਭ ਹਾਸਲ ਕਰੋਗੇ?” ਅਤੇ “ਦਿਲਗੀਰੀ ਦੇ ਸੰਘਰਸ਼ ਵਿਚ ਜੇਤੂ ਹੋਣਾ।”—ਦ ਵਾਚਟਾਵਰ (ਅੰਗ੍ਰੇਜ਼ੀ ਵਿਚ), ਫਰਵਰੀ 15 ਅਤੇ ਮਾਰਚ 1, 1990.
ਤੁਸੀਂ ਕਿਵੇਂ ਜਵਾਬ ਦਿਓਗੇ?
◻ ਇਹ ਕਿਉਂ ਅਤਿ ਆਵੱਸ਼ਕ ਹੈ ਕਿ ਇਨ੍ਹਾਂ ਅੰਤ ਦੇ ਦਿਨਾਂ ਵਿਚ ਸਾਡੀਆਂ ਸਭਾਵਾਂ ਅਤੇ ਸੰਗਤ ਉਤਸ਼ਾਹਜਨਕ ਹੋਣ?
◻ ਇਕ ਦੂਸਰੇ ਦਾ ਧਿਆਨ ਰੱਖਣ ਦਾ ਕੀ ਅਰਥ ਹੈ?
◻ ਇਕ ਦੂਸਰੇ ਨੂੰ ਉਭਾਰਨ ਦਾ ਕੀ ਅਰਥ ਹੈ?
◻ ਇਕ ਦੂਸਰੇ ਨੂੰ ਉਤਸ਼ਾਹਿਤ ਕਰਨ ਵਿਚ ਕੀ ਸ਼ਾਮਲ ਹੈ?
◻ ਦਿਲਗੀਰ ਅਤੇ ਟੁੱਟੇ ਦਿਲ ਵਾਲੇ ਕਿਵੇਂ ਉਤਸ਼ਾਹਿਤ ਕੀਤੇ ਜਾ ਸਕਦੇ ਹਨ?
[ਸਫ਼ੇ 15 ਉੱਤੇ ਤਸਵੀਰ]
ਪਰਾਹੁਣਚਾਰੀ ਸਾਨੂੰ ਇਕ ਦੂਸਰੇ ਨੂੰ ਬਿਹਤਰ ਜਾਣਨ ਵਿਚ ਸਹਾਇਤਾ ਕਰਦੀ ਹੈ
[ਸਫ਼ੇ 17 ਉੱਤੇ ਤਸਵੀਰ]
ਜਦੋਂ ਏਲੀਯਾਹ ਦਿਲਗੀਰ ਸੀ, ਤਾਂ ਯਹੋਵਾਹ ਨੇ ਦਿਆਲਤਾ ਨਾਲ ਉਹ ਨੂੰ ਤਸੱਲੀ ਦਿੱਤੀ