ਆਜ਼ਾਦੀ ਨੂੰ ਜਾਂਦਾ ਭੀੜਾ ਰਾਹ
ਥੋੜ੍ਹੇ ਹੀ ਬੁੱਧੀਮਾਨ ਲੋਕ ਇਸ ਦਾ ਵਿਰੋਧ ਕਰਦੇ ਹਨ ਕਿ ਵਿਸ਼ਵ-ਮੰਡਲ ਕੁਦਰਤੀ ਨਿਯਮਾਂ ਦੁਆਰਾ ਚਲਾਇਆ ਜਾਂਦਾ ਹੈ। ਇਹ ਨਿਯਮ ਛੋਟੇ ਪਰਮਾਣੂ ਤੋਂ ਲੈ ਕੇ ਖਰਬਾਂ ਤਾਰਿਆਂ ਦੇ ਬਣੇ ਰਤਨ-ਮੰਡਲ ਤਕ ਹਰ ਚੀਜ਼ ਨੂੰ ਨਿਯੰਤ੍ਰਿਤ ਕਰਦੇ ਹਨ। ਜੇਕਰ ਅਜਿਹਾ ਨਾ ਹੁੰਦਾ, ਤਾਂ ਨਾ ਕੋਈ ਯੋਜਨਾ ਅਤੇ ਨਾ ਕੋਈ ਸਮਝ ਹੋ ਸਕਦੀ ਸੀ; ਖ਼ੁਦ ਜੀਵਨ ਵੀ ਹੋਂਦ ਵਿਚ ਨਹੀਂ ਹੋ ਸਕਦਾ ਸੀ। ਕੁਦਰਤੀ ਨਿਯਮਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਅਨੁਸਾਰ ਕੰਮ ਕਰਨ ਦੁਆਰਾ, ਮਨੁੱਖ ਅਸਚਰਜਜਨਕ ਕਾਰਨਾਮੇ ਕਰਨ ਦੇ ਯੋਗ ਹੋਇਆ ਹੈ, ਜਿਵੇਂ ਕਿ ਚੰਦ ਉੱਤੇ ਚੱਲਣਾ ਅਤੇ ਧਰਤੀ ਉੱਤੇ ਕਿਸੇ ਵੀ ਥਾਂ ਤੋਂ, ਇੱਥੋਂ ਤਕ ਕਿ ਧਰਤੀ ਦੇ ਵਾਯੂਮੰਡਲ ਦੇ ਬਾਹਰ ਤੋਂ ਵੀ ਰੰਗਦਾਰ ਤਸਵੀਰਾਂ ਸਾਡੇ ਘਰਾਂ ਵਿਚ ਟੈਲੀਵਿਯਨ ਸਕ੍ਰੀਨ ਤੇ ਪ੍ਰਸਾਰਿਤ ਕਰਨਾ।
ਪਰੰਤੂ ਨੈਤਿਕ ਨਿਯਮਾਂ ਬਾਰੇ ਕੀ? ਕੀ ਉਨ੍ਹਾਂ ਦੀ ਪਾਲਣਾ ਕਰਨੀ ਵੀ ਉੱਨੀ ਹੀ ਲਾਭਕਾਰੀ ਅਤੇ ਫਲਦਾਇਕ ਹੈ? ਜਾਪਦਾ ਹੈ ਕਿ ਬਹੁਤੇਰੇ ਮਹਿਸੂਸ ਕਰਦੇ ਹਨ ਕਿ ਕੋਈ ਨੈਤਿਕ ਨਿਯਮ ਹੈ ਹੀ ਨਹੀਂ ਅਤੇ ਇਕ ਇਜਾਜ਼ਤੀ ਫਲਸਫਾ ਜਾਂ ਅਜਿਹਾ ਧਰਮ ਚੁਣਦੇ ਹਨ ਜੋ ਉਨ੍ਹਾਂ ਦੀਆਂ ਇੱਛਾਵਾਂ ਦੇ ਅਨੁਸਾਰ ਢੁੱਕਵਾਂ ਹੋਵੇ।
ਪਰੰਤੂ, ਕਈ ਹਨ ਜੋ ਇਕ ਹੋਰ ਰਾਹ ਚੁਣਦੇ ਹਨ, ਅਰਥਾਤ ਉਹ ‘ਭੀੜਾ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ,’ ਜਿਵੇਂ ਕਿ ਬਾਈਬਲ ਵਿਚ ਦੱਸਿਆ ਗਿਆ ਹੈ। ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਹੈ ਕਿ ਕੇਵਲ ਘੱਟ-ਗਿਣਤੀ ਦੇ ਲੋਕ ਹੀ ਇਸ ਨੂੰ ਚੁਣਦੇ ਹਨ, ਕਿਉਂਕਿ ਭੀੜੇ ਰਾਹ ਬਾਰੇ ਯਿਸੂ ਨੇ ਕਿਹਾ ਸੀ: “ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ।” (ਮੱਤੀ 7:14) ਕਿਉਂ ਸਿਰਫ਼ ਵਿਰਲੇ ਲੋਕ?
ਕਿਉਂਕਿ ਭੀੜਾ ਰਾਹ ਪਰਮੇਸ਼ੁਰ ਦਿਆਂ ਨਿਯਮਾਂ ਅਤੇ ਸਿਧਾਂਤਾਂ ਦੁਆਰਾ ਪਾਬੰਦੀਆਂ ਲੱਗਿਆ ਹੋਇਆ ਹੈ। ਇਹ ਸਿਰਫ਼ ਉਸ ਨੂੰ ਹੀ ਚੰਗਾ ਲੱਗੇਗਾ ਜੋ ਆਪਣਾ ਜੀਵਨ ਪਰਮੇਸ਼ੁਰ ਦੇ ਮਿਆਰਾਂ ਦੇ ਸਮਰੂਪ ਬਣਾਉਣ ਦੀ ਨੇਕਦਿਲ ਇੱਛਾ ਰੱਖਦਾ ਹੈ। ਉਸ ਮੋਕਲੇ ਰਾਹ ਦੇ ਉਲਟ ਜੋ ਆਜ਼ਾਦੀ ਦਾ ਭਰਮ ਦਿੰਦਾ ਹੈ ਪਰੰਤੂ ਅਸਲੀਅਤ ਵਿਚ ਗੁਲਾਮ ਬਣਾਉਂਦਾ ਹੈ, ਭੀੜਾ ਰਾਹ ਜਿਹੜਾ ਪਾਬੰਦੀਆਂ ਵਾਲਾ ਮਾਲੂਮ ਹੁੰਦਾ ਹੈ, ਇਕ ਵਿਅਕਤੀ ਨੂੰ ਹਰੇਕ ਮਹੱਤਵਪੂਰਣ ਪਹਿਲੂ ਵਿਚ ਆਜ਼ਾਦ ਕਰਦਾ ਹੈ। ਇਸ ਦੀਆਂ ਹੱਦਾਂ ‘ਪੂਰੀ ਸ਼ਰਾ ਅਰਥਾਤ ਅਜ਼ਾਦੀ ਦੀ ਸ਼ਰਾ’ ਦੁਆਰਾ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ।—ਯਾਕੂਬ 1:25.
ਭੀੜਾ ਰਾਹ ਕਿਸ ਤਰ੍ਹਾਂ ਸੁਤੰਤਰ ਕਰਦਾ ਹੈ
ਸੱਚ ਹੈ, ਭੀੜੇ ਰਾਹ ਉੱਤੇ ਸਥਿਰ ਰਹਿਣਾ ਹਮੇਸ਼ਾ ਆਸਾਨ ਨਹੀਂ ਹੈ। ਹਰ ਜੀਉਂਦਾ ਮਾਨਵ ਅਪੂਰਣ ਹੈ ਅਤੇ ਅਪਰਾਧ ਕਰਨ ਦੇ ਵੱਲ ਵਿਰਸੇ ਵਿਚ ਹਾਸਲ ਕੀਤਾ ਹੋਇਆ ਝੁਕਾਉ ਰੱਖਦਾ ਹੈ। ਇਸ ਲਈ, ਇਕ ਵਿਅਕਤੀ ਸ਼ਾਇਦ ਥੋੜ੍ਹਾ ਬਹੁਤਾ ਕੁਰਾਹੇ ਪੈਣ ਵੱਲ ਝੁਕਾਉ ਹੋਵੇ। ਫਿਰ ਵੀ, ‘ਸੌੜੇ ਰਾਹ’ ਉੱਤੇ ਡਟੇ ਰਹਿਣਾ ਕਿਸੇ ਵੀ ਲੋੜੀਂਦੇ ਆਤਮ-ਅਨੁਸ਼ਾਸਨ ਜਾਂ ਅਨੁਕੂਲਣ ਦੇ ਯੋਗ ਹੈ ਕਿਉਂਜੋ ਪਰਮੇਸ਼ੁਰ ‘ਸਾਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹੈ।’—ਯਸਾਯਾਹ 48:17; ਰੋਮੀਆਂ 3:23.
ਦਰਸਾਉਣ ਲਈ: ਬੁੱਧੀਮਾਨ ਮਾਪੇ ਆਪਣਿਆਂ ਬੱਚਿਆਂ ਲਈ ਸੰਜਮੀ ਆਹਾਰ-ਸੰਬੰਧੀ ‘ਭੀੜਾ ਰਾਹ’ ਤਿਆਰ ਕਰਦੇ ਹਨ। ਕਈ ਵਾਰੀ, ਭੋਜਨ ਸਮੇਂ ਤੇ ਸਖ਼ਤੀ ਵਰਤਣੀ ਪੈਂਦੀ ਹੈ। ਪਰੰਤੂ ਜਦੋਂ ਬੱਚੇ ਵੱਡੇ ਹੁੰਦੇ ਹਨ, ਉਦੋਂ ਉਹ ਆਪਣੇ ਮਾਪਿਆਂ ਦੇ ਪ੍ਰੇਮਮਈ ਅਨੁਸ਼ਾਸਨ ਦੀ ਕਦਰ ਕਰਦੇ ਹਨ। ਬਾਲਗ ਹੋਣ ਤੇ, ਉਹ ਸੁਅਸਥਕਾਰੀ ਭੋਜਨ ਲਈ ਸੁਆਦ ਵਿਕਸਿਤ ਕਰ ਚੁੱਕੇ ਹੋਣਗੇ। ਅਤੇ ਭਾਂਤ-ਭਾਂਤ ਦੇ ਪੌਸ਼ਟਿਕ ਭੋਜਨ ਦੇ ਉਪਲਬਧ ਹੋਣ ਨਾਲ ਉਹ ਕਦੀ ਵੀ ਪਾਬੰਦੀ ਲਗੇ ਹੋਏ ਨਹੀਂ ਮਹਿਸੂਸ ਕਰਨਗੇ।
ਅਧਿਆਤਮਿਕ ਤਰੀਕੇ ਵਿਚ, ਪਰਮੇਸ਼ੁਰ ਉਨ੍ਹਾਂ ਨਾਲ ਉਸੇ ਤਰ੍ਹਾਂ ਕਰਦਾ ਹੈ ਜਿਹੜੇ ਜੀਵਨ ਨੂੰ ਜਾਣ ਵਾਲੇ ਭੀੜੇ ਰਾਹ ਉੱਤੇ ਹਨ। ਉਹ ਹਲੀਮ ਲੋਕਾਂ ਵਿਚ ਗੁਣਕਾਰੀ ਇੱਛਾਵਾਂ ਵਿਕਸਿਤ ਕਰਦਾ ਹੈ ਜੋ ਖ਼ੁਸ਼ੀ ਅਤੇ ਸੱਚੀ ਆਜ਼ਾਦੀ ਵਲ ਲੈ ਜਾਂਦੀਆਂ ਹਨ। ਉਹ ਇਹ ਆਪਣਾ ਬਚਨ, ਅਰਥਾਤ ਬਾਈਬਲ ਮੁਹੱਈਆ ਕਰਨ ਦੁਆਰਾ ਕਰਦਾ ਹੈ। ਇਸ ਤੋਂ ਅਤਿਰਿਕਤ, ਉਹ ਸਾਨੂੰ ਸਾਡੀ ਮਦਦ ਕਰਨ ਲਈ ਆਪਣੀ ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰਨ ਲਈ ਸੱਦਾ ਦਿੰਦਾ ਹੈ, ਅਤੇ ਉਹ ਸਾਨੂੰ ਸੰਗੀ ਮਸੀਹੀਆਂ ਨਾਲ ਸੰਗਤ ਕਰਨ ਦਾ ਹੁਕਮ ਦਿੰਦਾ ਹੈ, ਜੋ ਸਾਨੂੰ ਭੀੜੇ ਰਾਹ ਉੱਤੇ ਸਥਿਰ ਰਹਿਣ ਲਈ ਉਤਸ਼ਾਹਿਤ ਕਰ ਸਕਦੇ ਹਨ। (ਇਬਰਾਨੀਆਂ 10:24, 25) ਜੀ ਹਾਂ, ਪਰਮੇਸ਼ੁਰ ਪ੍ਰੇਮ ਹੈ, ਅਤੇ ਇਹੋ ਉੱਚਤਮ ਗੁਣ ਉਸ ਦਿਆਂ ਉਦੇਸ਼ਾਂ ਅਤੇ ਉਸ ਦੇ ਸਾਰੇ ਤਰੀਕਿਆਂ ਦੀ ਬੁਨਿਆਦ ਹੈ।—1 ਯੂਹੰਨਾ 4:8.
ਜਦੋਂ ਪ੍ਰੇਮ, ਸ਼ਾਂਤੀ, ਭਲਿਆਈ, ਸੰਜਮ, ਅਤੇ ਪਰਮੇਸ਼ੁਰ ਦੀ ਆਤਮਾ ਦੇ ਹੋਰ ਫਲ ਪ੍ਰਚਲਿਤ ਹੋਣ ਤਾਂ ਭੀੜਾ ਰਾਹ ਪਾਬੰਦੀਆਂ ਵਾਲਾ ਮਾਲੂਮ ਨਹੀਂ ਹੁੰਦਾ ਹੈ। ਜਿਵੇਂ ਕਿ ਸ਼ਾਸਤਰ ਕਹਿੰਦਾ ਹੈ, “ਇਹੋ ਜੇਹੀਆਂ ਗੱਲਾਂ ਦੇ ਵਿਰੁੱਧ ਕੋਈ ਸ਼ਰਾ ਨਹੀਂ ਹੈ।” (ਗਲਾਤੀਆਂ 5:22, 23) “ਜਿੱਥੇ ਕਿਤੇ ਪ੍ਰਭੁ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ।” (2 ਕੁਰਿੰਥੀਆਂ 3:17) ਹੁਣ ਵੀ, ਸੱਚੇ ਮਸੀਹੀ ਇਸ ਆਜ਼ਾਦੀ ਦਾ ਅਨੁਭਵ ਕਰ ਰਹੇ ਹਨ। ਉਹ ਬਹੁਤ ਸਾਰੇ ਡਰ ਤੋਂ ਆਜ਼ਾਦ ਹਨ ਜੋ ਅੱਜ ਲੋਕਾਂ ਨੂੰ ਪੀੜਿਤ ਕਰਦੇ ਹਨ, ਜਿਵੇਂ ਕਿ ਭਵਿੱਖ ਦਾ ਡਰ ਅਤੇ ਮੌਤ ਦਾ ਇਕ ਅੰਧਵਿਸ਼ਵਾਸੀ ਡਰ। ਅਜਿਹੇ ਭਵਿੱਖ ਬਾਰੇ ਵਿਚਾਰਨਾ ਕਿੰਨਾ ਰੁਮਾਂਚਕ ਹੈ ਜਦੋਂ “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ”! (ਯਸਾਯਾਹ 11:9) ਫਿਰ, ਅੱਗੇ ਤੋਂ ਅਪਰਾਧ ਦਾ ਡਰ ਵੀ ਨਹੀਂ ਹੋਵੇਗਾ। ਤਾਲੇ ਅਤੇ ਸੀਖਾਂ ਸਦਾ ਦੇ ਲਈ ਜਾਂਦੇ ਰਹਿਣਗੇ। ਸਾਰੇ ਲੋਕ—ਦਿਨ ਅਤੇ ਰਾਤ ਦੇ ਸਮੇਂ, ਘਰਾਂ ਦੇ ਅੰਦਰ ਅਤੇ ਬਾਹਰ ਆਜ਼ਾਦ ਅਤੇ ਸੁਰੱਖਿਅਤ ਮਹਿਸੂਸ ਕਰਨਗੇ। ਉਹ ਸੱਚ-ਮੁੱਚ ਹੀ ਆਜ਼ਾਦੀ ਹੋਵੇਗੀ!
ਅਸੀਂ ਪਰਮੇਸ਼ੁਰ ਦੀ ਮਦਦ ਲਈ ਨਿਸ਼ਚਿਤ ਕੀਤੇ ਜਾਂਦੇ ਹਾਂ
ਸੱਚ, ਪਰਮੇਸ਼ੁਰ ਦੇ ਮਿਆਰਾਂ ਦੇ ਅਨੁਸਾਰ ਜੀਉਣ ਲਈ ਜਤਨ ਦੀ ਲੋੜ ਹੈ, ਫਿਰ ਵੀ “ਉਹ ਦੇ ਹੁਕਮ ਔਖੇ ਨਹੀਂ ਹਨ,” ਇੱਥੋਂ ਤਕ ਕਿ ਅਪੂਰਣ ਮਨੁੱਖਾਂ ਲਈ ਵੀ ਨਹੀਂ। (1 ਯੂਹੰਨਾ 5:3) ਜਿਵੇਂ ਅਸੀਂ ਭੀੜੇ ਰਾਹ ਦੇ ਅਨੁਕੂਲ ਬਣਦੇ ਜਾਂਦੇ ਹਾਂ ਅਤੇ ਇਸ ਉੱਤੇ ਚੱਲਣ ਦੇ ਲਾਭ ਮਹਿਸੂਸ ਕਰਦੇ ਹਾਂ, ਸਾਡੇ ਵਿਚ ਉਨ੍ਹਾਂ ਕੰਮਾਂ ਅਤੇ ਸੋਚਾਂ ਲਈ ਨਫ਼ਰਤ ਵਧਦੀ ਜਾਂਦੀ ਹੈ ਜੋ ਮੋਕਲੇ ਰਾਹ ਉੱਤੇ ਚੱਲਣ ਵਾਲਿਆਂ ਨੂੰ ਚਿੰਨ੍ਹਿਤ ਕਰਦੇ ਹਨ। (ਜ਼ਬੂਰ 97:10) ਪਰਮੇਸ਼ੁਰ ਦੇ ਨਿਯਮ ਦੀ ਪਾਲਣਾ ਕਰਨਾ ਸਾਡੇ ਸਾਰਿਆਂ ਦੇ ਚੰਗੇਰੇ ਸੁਭਾਉ ਨੂੰ ਚੰਗਾ ਲੱਗਦਾ ਹੈ। “ਦੁਖ ਦਿਲੀ” ਅਤੇ “ਟੁੱਟੇ ਹੋਏ ਆਤਮਾ” ਦੀ ਬਜਾਇ ਜੋ ਬਹੁਤਿਆਂ ਵਿਚ ਦੇਖਿਆ ਜਾਂਦਾ ਹੈ, ਪਰਮੇਸ਼ੁਰ ਵਾਅਦਾ ਕਰਦਾ ਹੈ: “ਵੇਖੋ, ਮੇਰੇ ਦਾਸ ਖੁਸ਼ ਦਿਲੀ ਨਾਲ ਜੈਕਾਰੇ ਗਜਾਉਣਗੇ।” ਜੀ ਹਾਂ, ਯਹੋਵਾਹ ਦੁਆਰਾ ਸਿਖਲਾਇਆ ਹੋਇਆ ਇਕ ਦਿਲ ਆਨੰਦਮਈ ਅਤੇ ਆਜ਼ਾਦ ਹੈ।—ਯਸਾਯਾਹ 65:14.
ਯਿਸੂ ਸਾਡੇ ਲਈ ਅਸਲੀ ਆਜ਼ਾਦੀ ਸੰਭਵ ਬਣਾਉਣ ਲਈ ਮਰਿਆ ਸੀ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” (ਯੂਹੰਨਾ 3:16) ਹੁਣ, ਪਰਮੇਸ਼ੁਰ ਦੇ ਸਵਰਗੀ ਰਾਜ ਦੇ ਰਾਜਾ ਦੇ ਤੌਰ ਤੇ, ਯਿਸੂ ਉਸ ਬਲੀਦਾਨ ਦੇ ਫਾਇਦੇ ਪ੍ਰਦਾਨ ਕਰ ਰਿਹਾ ਹੈ। “ਵੱਡੀ ਬਿਪਤਾ” ਦੇ ਜਲਦੀ ਹੀ ਬਾਅਦ, ਜਦੋਂ ਮੋਕਲਾ ਰਾਹ ਅਤੇ ਜੋ ਇਸ ਉੱਤੇ ਚੱਲਦੇ ਹਨ ਖ਼ਤਮ ਹੋ ਜਾਣਗੇ, ਉਹ ਆਗਿਆਕਾਰ ਮਨੁੱਖਜਾਤੀ ਨੂੰ ਭੀੜੇ ਰਾਹ ਦੇ ਬਾਕੀ ਦੇ ਫਾਸਲੇ ਨੂੰ ਤਹਿ ਕਰਨ ਵਿਚ ਧੀਰਜ ਨਾਲ ਅਗਵਾਈ ਕਰਨਾ ਸ਼ੁਰੂ ਕਰਦੇ ਹੋਏ ਉਨ੍ਹਾਂ ਨੂੰ ਠੀਕ ਅੰਤ, ਮਾਨਵ ਸੰਪੂਰਣਤਾ ਤਕ ਲੈ ਜਾਵੇਗਾ। (ਪਰਕਾਸ਼ ਦੀ ਪੋਥੀ 7:14-17; ਮੱਤੀ 24:21, 29-31) ਆਖ਼ਰ ਵਿਚ, ਅਸੀਂ ਉਸ ਮਹਾਨ ਵਾਅਦੇ ਦੀ ਸਾਕਾਰਤਾ ਅਨੁਭਵ ਕਰਾਂਗੇ: “ਸਰਿਸ਼ਟੀ ਆਪ ਵੀ ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ [ਕਰੇਗੀ]।” ਇਸ ਪਰਮੇਸ਼ੁਰ-ਦਿੱਤ ਆਜ਼ਾਦੀ ਤੋਂ ਚੰਗੇਰਾ ਹੋਰ ਕੁਝ ਨਹੀਂ ਹੋ ਸਕਦਾ ਹੈ। ਮੌਤ ਵੀ ਖ਼ਤਮ ਕੀਤੀ ਜਾਵੇਗੀ।—ਰੋਮੀਆਂ 8:21; ਪਰਕਾਸ਼ ਦੀ ਪੋਥੀ 21:3, 4.
ਸਪੱਸ਼ਟ ਤੌਰ ਤੇ ਇਹ ਦੇਖਦੇ ਅਤੇ ਸਮਝਦੇ ਹੋਏ ਕਿ ਭੀੜਾ ਰਾਹ ਕਿੱਥੇ ਲੈ ਜਾਂਦਾ ਹੈ, ਇਕ ਵਿਅਕਤੀ ਇਸ ਰਾਹ ਨੂੰ ਚੁਣਨ ਅਤੇ ਇਸ ਉੱਤੇ ਚੱਲਦੇ ਰਹਿਣ ਦੇ ਜ਼ਿਆਦਾ ਯੋਗ ਹੁੰਦਾ ਹੈ। ਖ਼ਾਸ ਕਰਕੇ ਜਵਾਨ ਵਿਅਕਤੀਆਂ ਨੂੰ ਨਿਕਟ-ਦ੍ਰਿਸ਼ਟੀ ਨਾ ਰੱਖਣ ਲਈ ਅਤੇ ਉਸ ਚੀਜ਼ ਉੱਤੇ ਖਿਝ ਨਾ ਮਹਿਸੂਸ ਕਰਨ ਲਈ ਮਦਦ ਕੀਤੀ ਜਾਂਦੀ ਹੈ ਜੋ ਉਹ ਪਰਮੇਸ਼ੁਰ ਦੇ ਮਿਆਰਾਂ ਦੁਆਰਾ ਠੋਸੀਆਂ ਗਈਆਂ ਪਾਬੰਦੀਆਂ ਦੇ ਤੌਰ ਤੇ ਸਮਝਦੇ ਹਨ। ਉਹ ਇਨ੍ਹਾਂ ਨੂੰ ਪਰਮੇਸ਼ੁਰ ਦੇ ਪ੍ਰੇਮ ਦੇ ਸਬੂਤ ਦੇ ਤੌਰ ਤੇ ਅਤੇ ਮੋਕਲੇ ਰਾਹ ਦੀਆਂ ਬੁਰਾਈਆਂ ਦੇ ਵਿਰੁੱਧ ਇਕ ਬਚਾਉ ਦੇ ਤੌਰ ਤੇ ਦੇਖਣਾ ਸਿੱਖ ਜਾਂਦੇ ਹਨ। (ਇਬਰਾਨੀਆਂ 12:5, 6) ਨਿਰਸੰਦੇਹ, ਇਕ ਵਿਅਕਤੀ ਨੂੰ ਧੀਰਜ ਰੱਖਣ ਦੀ ਲੋੜ ਹੈ, ਇਹ ਯਾਦ ਰੱਖਦੇ ਹੋਏ ਕਿ ਈਸ਼ਵਰੀ ਗੁਣਾਂ ਅਤੇ ਇੱਛਾਵਾਂ ਨੂੰ ਵਿਕਸਿਤ ਕਰਨ ਨੂੰ ਸਮਾਂ ਲੱਗਦਾ ਹੈ, ਜਿਵੇਂ ਫਲ ਦੇ ਇਕ ਦਰਖ਼ਤ ਨੂੰ ਚੰਗਾ ਫਲ ਉਤਪੰਨ ਕਰਨ ਲਈ ਸਮਾਂ ਲੱਗਦਾ ਹੈ। ਪਰੰਤੂ ਦਰਖ਼ਤ ਤਦ ਹੀ ਫਲ ਉਤਪੰਨ ਕਰੇਗਾ ਜੇਕਰ ਇਸ ਨੂੰ ਵਾਹਿਆ ਜਾਂਦਾ ਅਤੇ ਪਾਣੀ ਦਿੱਤਾ ਜਾਂਦਾ ਹੈ।
ਇਸ ਲਈ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰੋ, ਹੋਰਨਾਂ ਮਸੀਹੀਆਂ ਨਾਲ ਸੰਗਤ ਰੱਖੋ, ਅਤੇ ਪਵਿੱਤਰ ਆਤਮਾ ਲਈ “ਨਿੱਤ ਪ੍ਰਾਰਥਨਾ ਕਰੋ।” (1 ਥੱਸਲੁਨੀਕੀਆਂ 5:17) “[ਆਪਣੇ] ਮਾਰਗਾਂ ਨੂੰ ਸਿੱਧਾ” ਕਰਨ ਵਿਚ ਤੁਸੀਂ ਮਦਦ ਲਈ ਪਰਮੇਸ਼ੁਰ ਉੱਤੇ ਭਰੋਸਾ ਕਰੋ। (ਕਹਾਉਤਾਂ 3:5, 6) ਪਰੰਤੂ ਕੀ ਇਹ ਸਭ ਕੁਝ ਵਿਵਹਾਰਕ ਹੈ? ਕੀ ਇਹ ਸੱਚ-ਮੁੱਚ ਕੰਮ ਕਰਦਾ ਹੈ? ਜੀ ਹਾਂ, ਇਸ ਨੇ ਟੌਮ ਲਈ ਅਤੇ ਮੈਰੀ ਲਈ ਵੀ ਕੰਮ ਕੀਤਾ, ਜਿਨ੍ਹਾਂ ਦਾ ਜ਼ਿਕਰ ਪਿਛਲੇ ਲੇਖ ਵਿਚ ਕੀਤਾ ਗਿਆ ਸੀ।
ਉਨ੍ਹਾਂ ਨੇ ਮੋਕਲੇ ਰਾਹ ਉੱਤੇ ਚੱਲਣਾ ਛੱਡ ਦਿੱਤਾ
ਟੌਮ ਲਿਖਦਾ ਹੈ: “70 ਦੇ ਦਹਾਕੇ ਦੇ ਅੱਧ ਵਿਚ, ਸਾਡਾ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਹੋਇਆ ਜਦੋਂ ਉਨ੍ਹਾਂ ਵਿੱਚੋਂ ਇਕ ਸਾਡੇ ਘਰ ਵਿਖੇ ਆਇਆ। ਵਿਚਾਰ-ਵਟਾਂਦਰਾ ਇਕ ਬਾਈਬਲ ਅਧਿਐਨ ਵਿਚ ਪਰਿਣਿਤ ਹੋਇਆ। ਹੌਲੀ-ਹੌਲੀ ਮੈਂ ਆਪਣੇ ਜੀਵਨ ਨੂੰ ਸ਼ੁੱਧ ਕਰਨਾ ਸ਼ੁਰੂ ਕੀਤਾ। ਮੈਂ 1982 ਵਿਚ ਬਪਤਿਸਮਾ ਲਿਆ ਅਤੇ ਹੁਣ ਮੈਂ ਸਥਾਨਕ ਕਲੀਸਿਯਾ ਵਿਚ ਸੇਵਾ ਕਰ ਰਿਹਾ ਹਾਂ। ਸਾਡਾ ਪੁੱਤਰ ਵੀ ਹੁਣ ਬਪਤਿਸਮਾ-ਪ੍ਰਾਪਤ ਹੈ। ਮੈਂ ਆਪਣੀ ਪਤਨੀ ਦਾ ਧੰਨਵਾਦ ਕਰਦਾ ਹਾਂ ਜਿਸ ਨੇ ਮੇਰੇ ਸੱਚਾਈ ਸਿੱਖਣ ਤੋਂ ਪਹਿਲਾਂ ਉਨ੍ਹਾਂ ਸਾਰਿਆਂ ਸਾਲਾਂ ਵਿਚ ਮੇਰੇ ਨਾਲ ਸਬਰ ਕੀਤਾ। ਅਤੇ ਸਭ ਤੋਂ ਵੱਧ ਮੈਂ ਯਹੋਵਾਹ ਅਤੇ ਉਸ ਦੇ ਪੁੱਤਰ, ਮਸੀਹ ਯਿਸੂ ਦਾ ਧੰਨਵਾਦ ਕਰਦਾ ਹਾਂ, ਉਸ ਸਭ ਕੁਝ ਲਈ ਜੋ ਉਨ੍ਹਾਂ ਨੇ ਸਾਨੂੰ ਦਿੱਤਾ ਅਤੇ ਭਵਿੱਖ ਦੇ ਬਾਰੇ ਉਸ ਉਮੀਦ ਲਈ ਜੋ ਹੁਣ ਸਾਡੇ ਕੋਲ ਹੈ।”
ਅਤੇ ਮੈਰੀ ਬਾਰੇ ਕੀ? ਖ਼ੈਰ, ਉਸ ਨੇ ਸੋਚਿਆ ਕਿ ਪਰਮੇਸ਼ੁਰ ਉਸ ਨੂੰ ਕਦੇ ਮਾਫ਼ ਨਹੀਂ ਕਰੇਗਾ, ਪਰੰਤੂ ਉਹ ਆਪਣੇ ਬੱਚਿਆਂ ਦੀ ਖ਼ਾਤਰ ਉਸ ਬਾਰੇ ਸਿੱਖਣਾ ਚਾਹੁੰਦੀ ਸੀ। ਜਦੋਂ ਉਸ ਨੇ ਜਾਣਿਆਂ ਕਿ ਯਹੋਵਾਹ ਦੇ ਗਵਾਹ ਉਸ ਦੇ ਗੁਆਂਢੀ ਨੂੰ ਬਾਈਬਲ ਸਿਖਾ ਰਹੇ ਸਨ, ਤਾਂ ਉਸ ਨੇ ਵੀ ਉਨ੍ਹਾਂ ਤੋਂ ਮਦਦ ਮੰਗੀ। ਪਰੰਤੂ, ਉਸ ਦੀਆਂ ਪੱਕੀਆਂ ਹੋਈਆਂ ਬੁਰੀਆਂ ਆਦਤਾਂ ਦੇ ਕਾਰਨ ਤਰੱਕੀ ਕਰਨਾ ਮੁਸ਼ਕਲ ਸੀ। ਉਸ ਦਾ ਅਧਿਐਨ ਅੱਗੇ-ਪਿੱਛੇ ਹੁੰਦਾ ਰਿਹਾ। ਪਰੰਤੂ, ਉਸ ਦੀ ਸੱਤ-ਸਾਲਾਂ ਦੀ ਧੀ ਉਸ ਨੂੰ ਉਤਸ਼ਾਹ ਦਿੰਦੀ ਰਹੀ। “ਮੱਮੀ, ਹੌਸਲਾ ਨਾ ਹਾਰੋ। ਤੁਸੀਂ ਇਹ ਕਰ ਸਕਦੇ ਹੋ!” ਉਹ ਕਹਿੰਦੀ। ਫਿਰ ਮੈਰੀ ਹੋਰ ਜਤਨ ਕਰਦੀ।
ਜਦੋਂ ਉਹ ਆਦਮੀ ਜਿਸ ਨਾਲ ਉਹ ਬਿਨਾਂ ਵਿਆਹ ਦੇ ਰਹਿ ਰਹੀ ਸੀ, ਅਤੇ ਜੋ ਨਸ਼ੀਲੀਆਂ ਦਵਾਈਆਂ ਦਾ ਦੁਰਉਪਯੋਗੀ ਸੀ, ਘਰ ਵਾਪਸ ਆਇਆ ਤਾਂ ਉਹ ਵੀ ਅਧਿਐਨ ਵਿਚ ਸ਼ਾਮਲ ਹੋ ਗਿਆ। ਆਖ਼ਰਕਾਰ ਦੋਨਾਂ ਨੇ ਆਪਣੀਆਂ ਬੁਰੀਆਂ ਆਦਤਾਂ ਉੱਤੇ ਜਿੱਤ ਪ੍ਰਾਪਤ ਕੀਤੀ। ਫਿਰ, ਆਪਣੇ ਵਿਆਹ ਨੂੰ ਕਾਨੂੰਨੀ ਰੂਪ ਦੇਣ ਅਤੇ ਖ਼ੁਦ ਨੂੰ ਬਪਤਿਸਮਾ ਲਈ ਸੌਂਪਣ ਤੋਂ ਬਾਅਦ, ਉਨ੍ਹਾਂ ਨੇ ਵੱਡੀ ਖ਼ੁਸ਼ੀ ਅਨੁਭਵ ਕੀਤੀ ਅਤੇ ਪਹਿਲੀ ਵਾਰੀ ਇਕ ਅਸਲ ਪਰਿਵਾਰ ਵਾਂਗ ਮਹਿਸੂਸ ਕੀਤਾ। ਦੁੱਖ ਦੀ ਗੱਲ ਹੈ ਕਿ ਆਖ਼ਰ ਏਡਸ ਨੇ ਮੈਰੀ ਦੀ ਜਾਨ ਲੈ ਲਈ, ਪਰੰਤੂ ਮਰਨ ਦੇ ਸਮੇਂ ਉਸ ਦਾ ਦਿਲ ਪੁਨਰ-ਉਥਾਨ ਅਤੇ ਇਕ ਪਰਾਦੀਸ ਧਰਤੀ ਉੱਤੇ ਜੀਵਨ, ਜੋ ਘਾਤਕ ਮੋਕਲੇ ਰਾਹ ਦੇ ਹਰੇਕ ਚਿੰਨ੍ਹ ਤੋਂ ਸ਼ੁੱਧ ਹੋਵੇਗੀ, ਦੇ ਬਾਈਬਲੀ ਵਾਅਦੇ ਉੱਤੇ ਦ੍ਰਿੜ੍ਹ ਸੀ।
ਜੀ ਹਾਂ, ਮੋਕਲੇ ਅਤੇ ਖੁਲ੍ਹੇ ਰਾਹ ਨੂੰ ਜੋ ਨਾਸ਼ ਨੂੰ ਲੈ ਜਾਂਦਾ ਹੈ, ਛੱਡਣਾ ਸੰਭਵ ਹੈ। ਮਸੀਹ ਯਿਸੂ ਨੇ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਫਿਰ, ਕਿਉਂ ਨਾ ਤੁਸੀਂ ਉਸ ਰਾਹ ਉੱਤੇ ਚੱਲਣ ਲਈ ਸੰਕਲਪ ਕਰੋ ਜੋ ਜੀਵਨ ਵਲ ਲੈ ਜਾਂਦਾ ਹੈ? ਪਰਮੇਸ਼ੁਰ ਦੇ ਬਚਨ ਤੋਂ ਜੋ ਕੁਝ ਤੁਸੀਂ ਸਿੱਖਦੇ ਹੋ, ਉਸ ਨੂੰ ਦਿਲ ਨਾਲ ਲਾਉਣ ਅਤੇ ਲਾਗੂ ਕਰਨ ਦੁਆਰਾ, ਤੁਸੀਂ ਨਿੱਜੀ ਤੌਰ ਤੇ ਬਾਈਬਲ ਦੇ ਦਿਲਾਸਾ ਦੇਣ ਵਾਲੇ ਵਾਅਦੇ ਦਾ ਅਨੁਭਵ ਕਰ ਸਕਦੇ ਹੋ: “[ਤੁਸੀਂ] ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।”—ਯੂਹੰਨਾ 8:32. (w95 9/1)