ਇਕ ਬਿਹਤਰ ਜੀਵਨ ਦਾ ਵਾਅਦਾ ਕੀਤਾ ਗਿਆ ਹੈ
ਕੀ ਤੁਸੀਂ ਉਨ੍ਹਾਂ ਸਮੱਸਿਆਵਾਂ ਤੋਂ ਮੁਕਤ ਹੋਣਾ ਚਾਹੋਗੇ ਜੋ ਜੀਵਨ ਨੂੰ ਮੁਸ਼ਕਲ ਬਣਾਉਂਦੀਆਂ ਹਨ? ਕੀ ਤੁਸੀਂ ਇਕ ਅਜਿਹੇ ਸੰਸਾਰ ਵਿਚ ਜੀਵਨ ਬਤੀਤ ਕਰਨਾ ਚਾਹੁੰਦੇ ਹੋ ਜਿੱਥੇ ਜੀਵਨ ਉੱਨਾ ਹੀ ਖ਼ੁਸ਼ੀਆਂ-ਭਰਿਆ ਹੋਵੇ ਜਿੰਨਾ ਕਿ ਇਸ ਰਸਾਲੇ ਦੇ ਪਹਿਲੇ ਅਤੇ ਅਖ਼ੀਰਲੇ ਸਫ਼ੇ ਉੱਤੇ ਚਿਤ੍ਰਿਤ ਕੀਤੇ ਦ੍ਰਿਸ਼ ਵਿਚ ਹੈ? ਉਸ ਤਸਵੀਰ ਨੂੰ ਚੰਗੀ ਤਰ੍ਹਾਂ ਦੇਖੋ। ਲੋਕਾਂ ਲਈ ਖਾਣ ਨੂੰ ਬਹੁਤੇਰਾ ਹੈ। ਉਹ ਸੱਚ-ਮੁੱਚ ਉਸ ਲਜ਼ੀਜ਼ ਭੋਜਨ ਦਾ ਆਨੰਦ ਮਾਣਨਗੇ। ਸਭ ਲੋਕ ਖ਼ੁਸ਼ ਹਨ। ਵਿਭਿੰਨ ਨਸਲਾਂ ਦੇ ਲੋਕ ਇਕ ਦੂਜਿਆਂ ਨਾਲ ਸ਼ਾਂਤੀ ਵਿਚ ਹਨ। ਇੱਥੋਂ ਤਕ ਕਿ ਜਾਨਵਰ ਵੀ ਸ਼ਾਂਤੀ ਵਿਚ ਹਨ! ਕੋਈ ਵੀ ਨਹੀਂ ਲੜ ਰਿਹਾ ਹੈ। ਕੋਈ ਵੀ ਗ਼ਰੀਬ ਨਹੀਂ ਹੈ। ਕੋਈ ਵੀ ਬੀਮਾਰ ਨਹੀਂ ਹੈ। ਉੱਥੇ ਸੋਹਣਾ ਮਾਹੌਲ, ਸੁੰਦਰ ਬਿਰਛ, ਅਤੇ ਸ਼ੁੱਧ, ਸਾਫ਼ ਪਾਣੀ ਹਨ। ਕਿੰਨਾ ਹੀ ਸ਼ਾਨਦਾਰ ਵਾਤਾਵਰਣ!
ਕੀ ਇਹ ਧਰਤੀ ਕਦੀ ਵੀ ਅਜਿਹੀ ਬਣੇਗੀ? ਜੀ ਹਾਂ, ਇਹ ਇਕ ਪਰਾਦੀਸ ਬਣੇਗੀ। (ਲੂਕਾ 23:43, ਨਿ ਵ) ਪਰਮੇਸ਼ੁਰ, ਜਿਸ ਨੇ ਧਰਤੀ ਨੂੰ ਰਚਿਆ, ਦਾ ਮਕਸਦ ਹੈ ਕਿ ਮਾਨਵ ਇਕ ਪਰਾਦੀਸ ਧਰਤੀ ਉੱਤੇ ਇਕ ਬਿਹਤਰ ਜੀਵਨ ਦਾ ਆਨੰਦ ਮਾਣਨਗੇ। ਅਤੇ ਤੁਸੀਂ ਉੱਥੇ ਮੌਜੂਦ ਹੋ ਸਕਦੇ ਹੋ!
ਤੁਸੀਂ ਕਿਹੜਾ ਜੀਵਨ ਪਸੰਦ ਕਰੋਗੇ?
ਭਾਵੀ ਪਾਰਥਿਵ ਪਰਾਦੀਸ ਇਸ ਸੰਸਾਰ ਤੋਂ ਕਿਵੇਂ ਭਿੰਨ ਹੋਵੇਗਾ ਜਿਸ ਵਿਚ ਅਸੀਂ ਹੁਣ ਰਹਿੰਦੇ ਹਾਂ? ਇਸ ਸਮੇਂ, ਇਕ ਅਰਬ ਤੋਂ ਵੱਧ ਲੋਕ ਹਰ ਦਿਨ ਭੁੱਖੇ ਰਹਿੰਦੇ ਹਨ। ਪਰੰਤੂ ਉਸ ਪਰਾਦੀਸ ਵਿਚ ਜਿਸ ਦਾ ਪਰਮੇਸ਼ੁਰ ਨੇ ਧਰਤੀ ਲਈ ਮਕਸਦ ਰੱਖਿਆ ਹੈ, ਹਰੇਕ ਦੇ ਖਾਣ ਲਈ ਬਹੁਤੇਰਾ ਹੋਵੇਗਾ। ਬਾਈਬਲ ਵਾਅਦਾ ਕਰਦੀ ਹੈ: “ਸੈਨਾਂ ਦਾ ਯਹੋਵਾਹ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦੀ ਦਾਉਤ ਕਰੇਗਾ, ਪੁਰਾਣੀਆਂ ਮਧਾਂ ਦੀ ਦਾਉਤ।” (ਯਸਾਯਾਹ 25:6) ਉੱਥੇ ਖ਼ੁਰਾਕ ਦੀ ਕੋਈ ਕਮੀ ਨਹੀਂ ਹੋਵੇਗੀ, ਕਿਉਂਕਿ ਬਾਈਬਲ ਕਹਿੰਦੀ ਹੈ: ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’—ਜ਼ਬੂਰ 72:16.
ਅੱਜਕਲ੍ਹ, ਅਨੇਕ ਲੋਕ ਖੋਖਿਆਂ ਅਤੇ ਝੌਂਪੜ ਪੱਟੀਆਂ ਵਿਚ ਰਹਿੰਦੇ ਹਨ, ਜਾਂ ਉਹ ਆਪਣੇ ਕਿਰਾਏ ਭਰਨ ਲਈ ਸੰਘਰਸ਼ ਕਰਦੇ ਹਨ। ਦੂਜਿਆਂ ਕੋਲ ਰਹਿਣ ਲਈ ਘਰ ਨਹੀਂ ਹੈ ਅਤੇ ਉਹ ਸੜਕਾਂ ਤੇ ਸੌਂਦੇ ਹਨ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਲਗਭਗ ਵਿਸ਼ਵ ਦੇ ਦਸ ਕਰੋੜ ਬੱਚੇ ਬੇਘਰ ਹਨ। ਪਰੰਤੂ ਆਉਣ ਵਾਲੇ ਪਰਾਦੀਸ ਵਿਚ, ਹਰੇਕ ਕੋਲ ਆਪਣਾ ਆਖਣ ਲਈ ਇਕ ਘਰ ਹੋਵੇਗਾ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।”—ਯਸਾਯਾਹ 65:21.
ਅਨੇਕ ਲੋਕ ਅਜਿਹੀਆਂ ਨੌਕਰੀਆਂ ਕਰਦੇ ਹਨ ਜੋ ਉਨ੍ਹਾਂ ਨੂੰ ਪਸੰਦ ਨਹੀਂ ਹਨ। ਅਕਸਰ ਉਹ ਲੰਮੇ ਘੰਟਿਆਂ ਲਈ ਸਖ਼ਤ ਮਿਹਨਤ ਕਰਦੇ ਹਨ ਪਰੰਤੂ ਬਦਲੇ ਵਿਚ ਘੱਟ ਹੀ ਆਮਦਨੀ ਪਾਉਂਦੇ ਹਨ। ਸੰਸਾਰ ਵਿਚ ਹਰ 5 ਵਿਅਕਤੀਆਂ ਵਿੱਚੋਂ ਲਗਭਗ ਇਕ ਵਿਅਕਤੀ ਪ੍ਰਤੀ ਸਾਲ $500 ਤੋਂ ਘੱਟ ਆਮਦਨੀ ਤੇ ਗੁਜ਼ਾਰਾ ਕਰਦਾ ਹੈ। ਪਰੰਤੂ, ਆਉਣ ਵਾਲੇ ਪਰਾਦੀਸ ਵਿਚ ਲੋਕੀ ਆਪਣੇ ਕੰਮ ਦਾ ਆਨੰਦ ਮਾਣਨਗੇ ਅਤੇ ਉਸ ਦੇ ਚੰਗੇ ਨਤੀਜੇ ਦੇਖਣਗੇ। ਪਰਮੇਸ਼ੁਰ ਵਾਅਦਾ ਕਰਦਾ ਹੈ: “ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ। ਓਹ ਵਿਅਰਥ ਮਿਹਨਤ ਨਾ ਕਰਨਗੇ।”—ਯਸਾਯਾਹ 65:22, 23.
ਇਸ ਸਮੇਂ ਬੀਮਾਰੀ ਅਤੇ ਰੋਗ ਹਰ ਜਗ੍ਹਾ ਹਨ। ਅਨੇਕ ਲੋਕ ਅੰਨ੍ਹੇ ਹਨ। ਕੁਝ ਲੋਕ ਬਹਿਰੇ ਹਨ। ਦੂਜੇ ਚੱਲ-ਫਿਰ ਨਹੀਂ ਸਕਦੇ। ਪਰ ਪਰਾਦੀਸ ਵਿਚ, ਲੋਕੀ ਬੀਮਾਰੀ ਅਤੇ ਰੋਗ ਤੋਂ ਮੁਕਤ ਹੋਣਗੇ। ਯਹੋਵਾਹ ਕਹਿੰਦਾ ਹੈ: “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24) ਜਿਹੜੇ ਲੋਕ ਪਹਿਲਾਂ ਤੋਂ ਹੀ ਅਪਾਹਜ ਹਨ, ਉਨ੍ਹਾਂ ਲਈ ਇਹ ਦਿਲ ਨੂੰ ਖ਼ੁਸ਼ ਕਰਨ ਵਾਲਾ ਵਾਅਦਾ ਹੈ: “ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।”—ਯਸਾਯਾਹ 35:5, 6.
ਇਸ ਵਰਤਮਾਨ ਸਮੇਂ, ਦੁੱਖ-ਦਰਦ, ਗਮ ਅਤੇ ਮੌਤ ਪਾਏ ਜਾਂਦੇ ਹਨ। ਪਰੰਤੂ ਧਰਤੀ ਉੱਤੇ ਪਰਾਦੀਸ ਵਿਚ, ਇਹ ਸਾਰੀਆਂ ਚੀਜ਼ਾਂ ਨਹੀਂ ਹੋਣਗੀਆਂ। ਜੀ ਹਾਂ, ਇੱਥੋਂ ਤਕ ਕਿ ਮੌਤ ਵੀ ਖ਼ਤਮ ਹੋ ਜਾਵੇਗੀ! ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:3, 4.
ਤਾਂ ਫਿਰ, ਸਪੱਸ਼ਟ ਤੌਰ ਤੇ ਯਹੋਵਾਹ ਦਾ ਵਾਅਦਾ ਕੀਤਾ ਹੋਇਆ ਪਾਰਥਿਵ ਪਰਾਦੀਸ ਮਨੁੱਖਜਾਤੀ ਦੇ ਲਈ ਇਕ ਬਿਹਤਰ ਜੀਵਨ ਦਾ ਅਰਥ ਰੱਖੇਗਾ। ਪਰੰਤੂ ਅਸੀਂ ਕਿਵੇਂ ਨਿਸ਼ਚਿਤ ਹੋ ਸਕਦੇ ਹਾਂ ਕਿ ਇਹ ਆਵੇਗਾ? ਇਹ ਕਦੋਂ ਆਵੇਗਾ, ਅਤੇ ਕਿਵੇਂ? ਤੁਹਾਨੂੰ ਉੱਥੇ ਹੋਣ ਦੇ ਲਈ ਕੀ ਕਰਨਾ ਪਵੇਗਾ? (w95 11/15)