ਹਿੰਸਾ ਦਾ ਸਥਾਈ ਅੰਤ—ਕਿਵੇਂ?
ਹਿੰਸਾ ਨੂੰ ਰੋਕਣ ਲਈ, ਸੰਯੁਕਤ ਰਾਜ ਅਮਰੀਕਾ ਵਿਚ ਕਈ ਸ਼ਹਿਰਾਂ ਨੇ ਇਕ ਵਿਲੱਖਣ ਜੁਗਤ ਨਾਲ ਤਜਰਬਾ ਕੀਤਾ—ਬੰਦੂਕ ਹਵਾਲੇ ਕਰਨ ਦੇ ਬਦਲੇ ਵਿਚ ਨਕਦ ਜਾਂ ਮਾਲ, ਨਾਲੇ ਕੋਈ ਸਵਾਲ ਨਹੀਂ ਪੁੱਛੇ ਜਾਣਗੇ। ਸਿੱਟਾ? ਮਿਸਾਲ ਦੇ ਤੌਰ ਤੇ, 3,41,000 ਡਾਲਰ ਦੀ ਲਾਗਤ ਤੇ, ਸੇਂਟ ਲੁਈਜ਼ ਦੇ ਸ਼ਹਿਰ ਨੇ 8,500 ਬੰਦੂਕਾਂ ਇਕੱਠੀਆਂ ਕੀਤੀਆਂ। ਇਸੇ ਤਰ੍ਹਾਂ ਦੇ ਪ੍ਰੋਗ੍ਰਾਮ ਨੇ ਨਿਊ ਯੌਰਕ ਸ਼ਹਿਰ ਵਿਚ ਇਕ ਹਜ਼ਾਰ ਤੋਂ ਵੱਧ ਹਥਿਆਰ ਪ੍ਰਾਪਤ ਕੀਤੇ।
ਇਨ੍ਹਾਂ ਸਭਨਾ ਦਾ ਅਪਰਾਧ ਉੱਤੇ ਕੀ ਅਸਰ ਪਿਆ? ਅਫ਼ਸੋਸ ਨਾਲ ਇਸ ਦਾ ਬਹੁਤ ਹੀ ਘੱਟ ਅਸਰ ਪਿਆ। ਸੇਂਟ ਲੁਈਜ਼ ਵਿਚ ਅਗਲੇ ਸਾਲ ਬੰਦੂਕ-ਸੰਬੰਧੀ ਹਤਿਆ ਇਕ ਨਵੇਂ ਸਿਖਰ ਤੇ ਪਹੁੰਚੀ। ਨਿਊ ਯੌਰਕ ਸ਼ਹਿਰ ਵਿਚ, ਅਜੇ ਵੀ ਸੜਕਾਂ ਤੇ ਅਨੁਮਾਨਿਤ 20 ਲੱਖ ਬੰਦੂਕਾਂ ਪਾਈਆਂ ਜਾਂਦੀਆਂ ਹਨ। ਸੰਯੁਕਤ ਰਾਜ ਅਮਰੀਕਾ ਵਿਚ, ਲਗਭਗ 20 ਕਰੋੜ ਬੰਦੂਕਾਂ ਪ੍ਰਾਈਵੇਟ ਹੱਥਾਂ ਵਿਚ ਹਨ, ਲਗਭਗ ਹਰ ਆਦਮੀ, ਔਰਤ, ਅਤੇ ਬੱਚੇ ਲਈ ਇਕ। ਦੂਜਿਆਂ ਦੇਸ਼ਾਂ ਵਿਚ, ਬੰਦੂਕ-ਸੰਬੰਧੀ ਹਿੰਸਾ ਭਿਆਨਕ ਦਰ ਤੇ ਵਧਦੀ ਜਾ ਰਹੀ ਹੈ। ਦੀ ਇਕਾਨੋਮਿਸਟ ਦਾ ਕਹਿਣਾ ਹੈ ਕਿ ਬਰਤਾਨੀਆ ਵਿਚ “1983 ਅਤੇ 1993 ਦੇ ਵਿਚਕਾਰ, ਪੁਲਸ ਦੁਆਰਾ ਦਰਜ ਕੀਤੇ ਗਏ ਅਪਰਾਧਾਂ ਦੀ ਗਿਣਤੀ, ਜਿਸ ਵਿਚ ਅਸਲਿਆਂ ਦੀ ਵਰਤੋਂ ਹੋਈ ਸੀ, ਲਗਭਗ ਦੁਗੁਣੀ ਹੋ ਕੇ 14,000 ਤਕ ਪਹੁੰਚ ਗਈ।” ਹਾਲਾਂਕਿ ਹਤਿਆ ਦੀ ਦਰ ਮੁਕਾਬਲਤਨ ਘੱਟ ਹੈ, ਉਸ ਦੇਸ਼ ਵਿਚ ਲਗਭਗ ਦਸ ਲੱਖ ਗ਼ੈਰ-ਕਾਨੂੰਨੀ ਹਥਿਆਰ ਹਨ।
ਯਕੀਨਨ, ਉਨ੍ਹਾਂ ਭਿਆਨਕ ਅੰਕੜਿਆਂ ਵਿਚ ਕੋਈ ਵੀ ਘਾਟਾ ਇਕ ਉੱਨਤੀ ਹੈ। ਫਿਰ ਵੀ, ਉਪਰੋਕਤ ਵਰਣਿਤ ਕਾਰਵਾਈਆਂ ਮਸਾਂ ਹੀ ਹਿੰਸਾ ਦੇ ਮੂਲ ਕਾਰਨਾਂ ਤਕ ਪਹੁੰਚਦੀਆਂ ਹਨ। ਉਹ ਕਾਰਨ ਕੀ ਹਨ? ਅਨੇਕ ਕਾਰਨ ਦੱਸੇ ਗਏ ਹਨ, ਪਰੰਤੂ ਉਨ੍ਹਾਂ ਵਿਚ ਕੁਝ ਹੀ ਕਾਰਨ ਮੁੱਖ ਹਨ। ਪਰਿਵਾਰਕ ਸਥਿਰਤਾ ਅਤੇ ਨੈਤਿਕ ਹਿਦਾਇਤ ਦੀ ਘਾਟ ਨੇ ਅਨੇਕ ਨੌਜਵਾਨਾਂ ਨੂੰ ਆਪਣਾਪਣ ਦੀ ਭਾਵਨਾ ਲਈ ਗੈਂਗ ਵਿਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਹੈ। ਵੱਡੇ ਮੁਨਾਫ਼ਿਆਂ ਦੀ ਖਿੱਚ ਨੇ ਕਈਆਂ ਨੂੰ ਹਿੰਸਾ ਦਾ ਰਾਹ ਫੜਨ ਲਈ ਪ੍ਰੇਰਿਤ ਕੀਤਾ ਹੈ। ਅਨਿਆਉਂ ਦੇ ਕਾਰਨ ਦੂਸਰੇ ਲੋਕ ਮਸਲਿਆਂ ਨੂੰ ਹਿੰਸਕ ਜ਼ਰੀਏ ਨਾਲ ਨਿਪਟਾਉਣ ਲਈ ਮਜਬੂਰ ਹੁੰਦੇ ਹਨ। ਵਤਨ, ਜਾਤੀ, ਜਾਂ ਜੀਵਨ ਵਿਚ ਰੁਤਬੇ ਦੇ ਘਮੰਡ ਕਾਰਨ ਲੋਕੀ ਦੂਜਿਆਂ ਦੇ ਦੁੱਖ ਨੂੰ ਅਣਗੌਲਿਆ ਕਰ ਦਿੰਦੇ ਹਨ। ਇਹ ਗਹਿਰੇ ਕਾਰਨ ਹਨ ਜਿਨ੍ਹਾਂ ਦੇ ਕੋਈ ਆਸਾਨ ਸੁਲਝਾਉ ਨਹੀਂ ਹਨ।
ਕੀ ਕੀਤਾ ਜਾ ਸਕਦਾ ਹੈ?
ਅਧਿਕ ਪੁਲਸ, ਜ਼ਿਆਦਾ ਸਖ਼ਤ ਕੈਦ ਦੀ ਸਜ਼ਾ, ਬੰਦੂਕ ਨਿਯੰਤ੍ਰਣ, ਮੌਤ ਦੰਡ—ਅਪਰਾਧ ਅਤੇ ਹਿੰਸਾ ਨੂੰ ਰੋਕਣ ਦੇ ਜ਼ਰੀਏ ਵਜੋਂ ਇਨ੍ਹਾਂ ਸਾਰਿਆਂ ਦੀ ਤਜਵੀਜ਼ ਅਤੇ ਵਰਤੋਂ ਕੀਤੀ ਗਈ ਹੈ। ਉਹ ਅਲੱਗ-ਅਲੱਗ ਹੱਦ ਤਕ ਸਫ਼ਲ ਹੋਏ ਹਨ, ਲੇਕਨ ਦੁੱਖਦ ਅਸਲੀਅਤ ਇਹ ਹੈ ਕਿ ਹਿੰਸਾ ਅਜੇ ਵੀ ਸਾਡੇ ਜੀਵਨ ਦਾ ਇਕ ਭਾਗ ਬਣੀ ਹੋਈ ਹੈ। ਕਿਉਂ? ਕਿਉਂਕਿ ਇਹ ਕਾਰਵਾਈਆਂ ਕੇਵਲ ਲੱਛਣਾਂ ਦਾ ਹੀ ਇਲਾਜ ਕਰਦੀਆਂ ਹਨ।
ਦੂਜੇ ਪਾਸੇ, ਅਨੇਕ ਵਿਸ਼ੇਸ਼ੱਗ ਮਹਿਸੂਸ ਕਰਦੇ ਹਨ ਕਿ ਹਿੰਸਾ ਦਾ ਅੰਤ ਕਰਨ ਦੀ ਕੁੰਜੀ ਸਿੱਖਿਆ ਹੀ ਹੈ। ਹਾਲਾਂਕਿ ਇਹ ਵਿਚਾਰ ਸਹੀ ਹੈ, ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਹਿੰਸਾ ਕੇਵਲ ਉਨ੍ਹਾਂ ਕੌਮਾਂ ਤਕ ਹੀ ਸੀਮਿਤ ਨਹੀਂ ਹੈ ਜਿੱਥੇ ਸਿੱਖਿਆ ਦੇ ਮੌਕੇ ਘੱਟ ਹਨ। ਅਸਲ ਵਿਚ ਤਾਂ ਇੰਜ ਜਾਪਦਾ ਹੈ ਕਿ ਕੁਝ ਸੁਭ ਤੋਂ ਹਿੰਸਕ ਕੌਮਾਂ ਉਹ ਹਨ ਜਿਨ੍ਹਾਂ ਦੇ ਸਿੱਖਿਆ ਦੇ ਮਿਆਰ ਉੱਚਤਮ ਹਨ। ਤਾਂ ਫਿਰ, ਇਹ ਦੇਖਣਾ ਔਖਾ ਨਹੀਂ ਹੈ ਕਿ ਨਾ ਕੇਵਲ ਸਿੱਖਿਆ ਦੀ, ਪਰੰਤੂ ਸਹੀ ਪ੍ਰਕਾਰ ਦੀ ਸਿੱਖਿਆ ਦੀ ਲੋੜ ਹੈ। ਉਹ ਕਿਹੜੇ ਪ੍ਰਕਾਰ ਦੀ ਸਿੱਖਿਆ ਹੋਵੇਗੀ? ਕੀ ਕੋਈ ਅਜਿਹਾ ਵਿਅਕਤੀ ਹੈ ਜੋ ਲੋਕਾਂ ਨੂੰ ਸ਼ਾਂਤੀ-ਪਸੰਦ ਅਤੇ ਨੇਕ ਵਿਅਕਤੀ ਬਣਨ ਲਈ ਸਿਖਾ ਸਕਦਾ ਹੈ?
“ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ। ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।” (ਟੇਢੇ ਟਾਈਪ ਸਾਡੇ) (ਯਸਾਯਾਹ 48:17, 18) ਯਹੋਵਾਹ ਪਰਮੇਸ਼ੁਰ ਕਿਵੇਂ ਲੋਕਾਂ ਨੂੰ ਸ਼ਾਂਤੀ-ਪਸੰਦ ਅਤੇ ਧਰਮੀ ਹੋਣ ਲਈ ਸਿਖਾਉਂਦਾ ਹੈ? ਮੁੱਖ ਤੌਰ ਤੇ ਆਪਣੇ ਬਚਨ, ਬਾਈਬਲ ਦੇ ਦੁਆਰਾ।
ਪਰਮੇਸ਼ੁਰ ਦੇ ਬਚਨ ਦੀ ਤਾਕਤ
ਨਿਸ਼ਚੇ ਹੀ ਬਾਈਬਲ ਕੇਵਲ ਅਜਿਹੀਆਂ ਪੁਰਾਣਕ ਕਥਾਵਾਂ ਅਤੇ ਕਹਾਵਤਾਂ ਦਾ ਸੰਗ੍ਰਹਿ ਨਹੀਂ ਹੈ, ਜੋ ਅਪ੍ਰਚਲਿਤ ਅਤੇ ਬੇਤੁਕੀਆਂ ਹਨ। ਇਸ ਵਿਚ ਮਨੁੱਖਜਾਤੀ ਦੇ ਸ੍ਰਿਸ਼ਟੀਕਰਤਾ ਵੱਲੋਂ ਸਿਧਾਂਤ ਅਤੇ ਵਿਚਾਰ ਪਾਏ ਜਾਂਦੇ ਹਨ, ਜੋ, ਆਪਣੇ ਉੱਚਤਮ ਅਨੁਕੂਲ ਸਥਾਨ ਤੋਂ, ਮਾਨਵ ਸੁਭਾਉ ਨੂੰ ਹੋਰ ਕਿਸੇ ਨਾਲੋਂ ਵੀ ਬਿਹਤਰ ਜਾਣਦਾ ਹੈ। “ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ,” ਯਹੋਵਾਹ ਪਰਮੇਸ਼ੁਰ ਕਹਿੰਦਾ ਹੈ।—ਯਸਾਯਾਹ 55:9.
ਇਸੇ ਕਾਰਨ ਰਸੂਲ ਪੌਲੁਸ ਬਿਆਨ ਦਿੰਦਾ ਹੈ ਕਿ “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” (ਇਬਰਾਨੀਆਂ 4:12) ਜੀ ਹਾਂ, ਪਰਮੇਸ਼ੁਰ ਦੇ ਬਚਨ ਵਿਚ ਇੰਨੀ ਤਾਕਤ ਹੈ ਕਿ ਉਹ ਇਕ ਵਿਅਕਤੀ ਦੇ ਅੰਦਰ ਤਕ ਪਹੁੰਚੇ ਅਤੇ ਉਸ ਦੇ ਦਿਲ ਨੂੰ ਛੂੰਹ ਕੇ ਉਸ ਦੇ ਵਿਚਾਰ ਤੇ ਆਚਰਣ ਨੂੰ ਬਦਲ ਦੇਵੇ। ਕੀ ਅੱਜ ਲੋਕਾਂ ਦੇ ਹਿੰਸਕ ਤੌਰ-ਤਰੀਕਿਆਂ ਨੂੰ ਬਦਲਣ ਲਈ ਇਸੇ ਚੀਜ਼ ਦੀ ਲੋੜ ਨਹੀਂ ਹੈ?
ਯਹੋਵਾਹ ਦੇ ਗਵਾਹ, ਜੋ ਹੁਣ 230 ਤੋਂ ਵੱਧ ਦੇਸ਼ਾਂ ਵਿਚ 50 ਲੱਖ ਦੇ ਕਰੀਬ ਹਨ, ਜੀਉਂਦੇ-ਜਾਗਦੇ ਸਬੂਤ ਹਨ ਕਿ ਪਰਮੇਸ਼ੁਰ ਦੇ ਬਚਨ ਵਿਚ ਨਿਸ਼ਚੇ ਹੀ ਜੀਵਨਾਂ ਨੂੰ ਬਿਹਤਰ ਬਣਾਉਣ ਦੀ ਤਾਕਤ ਹੈ। ਉਨ੍ਹਾਂ ਵਿਚ ਹਰ ਕੌਮੀਅਤ, ਭਾਸ਼ਾ, ਅਤੇ ਜਾਤੀ ਤੋਂ ਆਏ ਹੋਏ ਲੋਕ ਸ਼ਾਮਲ ਹਨ। ਉਹ ਹਰ ਪੇਸ਼ੇ ਅਤੇ ਸਮਾਜਕ ਪਿਛੋਕੜ ਤੋਂ ਵੀ ਆਉਂਦੇ ਹਨ। ਉਨ੍ਹਾਂ ਵਿੱਚੋਂ ਕਈ ਤਾਂ ਪਹਿਲਾਂ ਹਿੰਸਕ ਅਤੇ ਮੁਸੀਬਤ ਭਰੇ ਜੀਵਨ ਬਤੀਤ ਕਰਦੇ ਸਨ। ਪਰੰਤੂ ਇਨ੍ਹਾਂ ਤੱਤਾਂ ਨੂੰ ਆਪਣੇ ਦਰਮਿਆਨ ਵੈਰ, ਟਾਕਰਾ, ਵਿਤਕਰਾ, ਅਤੇ ਨਫ਼ਰਤ ਉਤਪੰਨ ਕਰਨ ਦੇਣ ਦੀ ਬਜਾਇ, ਉਨ੍ਹਾਂ ਨੇ ਇਨ੍ਹਾਂ ਨੂੰ ਕਾਬੂ ਕਰਨਾ ਸਿੱਖਿਆ ਹੈ ਅਤੇ ਵਿਸ਼ਵ ਭਰ ਵਿਚ ਇਕ ਸ਼ਾਂਤੀ-ਪਸੰਦ ਅਤੇ ਸੰਯੁਕਤ ਲੋਕ ਬਣੇ ਹਨ। ਕਿਸ ਚੀਜ਼ ਨੇ ਇਹ ਸੰਭਵ ਬਣਾਇਆ ਹੈ?
ਇਕ ਮੁਹਿੰਮ ਜੋ ਹਿੰਸਾ ਦਾ ਖ਼ਾਤਮਾ ਕਰਦੀ ਹੈ
ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਪ੍ਰਗਟ ਕੀਤੇ ਗਏ ਉਸ ਦੇ ਮਕਸਦ ਦਾ ਯਥਾਰਥ ਗਿਆਨ ਹਾਸਲ ਕਰਨ ਵਿਚ ਦੂਜਿਆਂ ਦੀ ਮਦਦ ਕਰਨ ਲਈ ਵਚਨਬੱਧ ਹਨ। ਧਰਤੀ ਦੇ ਹਰ ਕੋਣੇ ਵਿਚ, ਉਹ ਉਨ੍ਹਾਂ ਦੀ ਭਾਲ ਕਰ ਰਹੇ ਹਨ ਜੋ ਯਹੋਵਾਹ ਦੇ ਮਾਰਗ ਨੂੰ ਸਿੱਖਣ ਅਤੇ ਉਸ ਵੱਲੋਂ ਸਿਖਲਾਏ ਜਾਣਾ ਚਾਹੁੰਦੇ ਹਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਫਲ ਲਿਆ ਰਹੀਆਂ ਹਨ। ਇਸ ਸਿੱਖਿਅਕ ਮੁਹਿੰਮ ਦਾ ਨਤੀਜਾ ਇਹ ਹੈ ਕਿ ਇਕ ਅਦਭੁਤ ਭਵਿੱਖਬਾਣੀ ਪੂਰੀ ਹੋ ਰਹੀ ਹੈ।
ਕੁਝ 2,700 ਸਾਲ ਪਹਿਲਾਂ, ਨਬੀ ਯਸਾਯਾਹ ਇਹ ਲਿਖਣ ਲਈ ਪ੍ਰੇਰਿਤ ਹੋਇਆ ਸੀ: “ਆਖਰੀ ਦਿਨਾਂ ਦੇ ਵਿੱਚ ਇਉਂ ਹੋਵੇਗਾ ਕਿ . . . ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਵੱਲ ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ।”—ਯਸਾਯਾਹ 2:2, 3.
ਯਹੋਵਾਹ ਵੱਲੋਂ ਸਿਖਾਏ ਜਾਣਾ ਅਤੇ ਉਸ ਦਿਆਂ ਮਾਰਗਾਂ ਵਿਚ ਚੱਲਣਾ ਲੋਕਾਂ ਦਿਆਂ ਜੀਵਨਾਂ ਵਿਚ ਅਦਭੁਤ ਤਬਦੀਲੀਆਂ ਲਿਆ ਸਕਦਾ ਹੈ। ਇਨ੍ਹਾਂ ਵਿੱਚੋਂ ਇਕ ਤਬਦੀਲੀ ਉਸੇ ਭਵਿੱਖਬਾਣੀ ਵਿਚ ਪੂਰਵ-ਸੂਚਿਤ ਕੀਤੀ ਗਈ ਹੈ: “ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।” (ਯਸਾਯਾਹ 2:4) ਅਨੇਕ ਲੋਕਾਂ ਨੇ ਇਸ ਸ਼ਾਸਤਰਵਚਨ ਨੂੰ ਪੜ੍ਹਿਆ ਹੈ। ਅਸਲ ਵਿਚ, ਇਹ ਸ਼ਾਸਤਰ-ਪਾਠ ਨਿਊ ਯੌਰਕ ਸ਼ਹਿਰ ਵਿਚ ਸੰਯੁਕਤ ਰਾਸ਼ਟਰ ਪਲਾਜ਼ਾ ਵਿਖੇ ਇਕ ਦੀਵਾਰ ਉੱਤੇ ਉਕਰਿਆ ਹੋਇਆ ਹੈ। ਇਹ ਇਕ ਯਾਦ-ਦਹਾਨੀ ਹੈ ਕਿ ਸੰਯੁਕਤ ਰਾਸ਼ਟਰ ਕਿਸ ਗੱਲ ਦੀ ਆਕਾਂਖਿਆ ਕਰਦਾ ਹੈ ਪਰੰਤੂ ਜਿਸ ਨੂੰ ਉਹ ਸੰਪੰਨ ਕਰਨ ਵਿਚ ਅਸਫ਼ਲ ਰਿਹਾ ਹੈ। ਯੁੱਧ ਅਤੇ ਹਿੰਸਾ ਦਾ ਇਹ ਖ਼ਾਤਮਾ ਕਿਸੇ ਮਨੁੱਖ ਦੇ ਬਣਾਏ ਗਏ ਰਾਜਨੀਤਿਕ ਸੰਗਠਨ ਦੁਆਰਾ ਨੇਪਰੇ ਨਹੀਂ ਚਾੜ੍ਹਿਆ ਜਾਵੇਗਾ। ਇਹ ਅਜਿਹਾ ਕੰਮ ਹੈ ਜੋ ਇਕੱਲਾ ਯਹੋਵਾਹ ਪਰਮੇਸ਼ੁਰ ਹੀ ਕਰਨ ਦੇ ਯੋਗ ਹੈ। ਉਹ ਇਸ ਨੂੰ ਕਿਵੇਂ ਸੰਪੰਨ ਕਰੇਗਾ?
ਸਪੱਸ਼ਟ ਹੈ ਕਿ ਹਰ ਕੋਈ ‘ਯਹੋਵਾਹ ਦੇ ਪਰਬਤ ਉੱਤੇ ਚੜ੍ਹਨ’ ਅਤੇ ‘ਉਹ ਦੇ ਰਾਹ ਸਿੱਖਣ’ ਅਤੇ ‘ਉਹ ਦੇ ਮਾਰਗਾਂ ਵਿੱਚ ਚੱਲਣ’ ਦੇ ਨਿਮੰਤ੍ਰਣ ਨੂੰ ਪ੍ਰਤਿਕ੍ਰਿਆ ਨਹੀਂ ਦਿਖਾਵੇਗਾ; ਨਾ ਹੀ ਸਾਰੇ ਲੋਕ ‘ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣ, ਅਤੇ ਆਪਣੇ ਬਰਛਿਆਂ ਨੂੰ ਦਾਤ ਬਣਾਉਣ’ ਲਈ ਤਿਆਰ ਹੋਣਗੇ। ਯਹੋਵਾਹ ਅਜਿਹੇ ਲੋਕਾਂ ਦਾ ਕੀ ਕਰੇਗਾ? ਉਹ ਹਮੇਸ਼ਾ ਲਈ ਅਵਸਰ ਦਾ ਦੁਆਰ ਖੁੱਲ੍ਹਾ ਨਹੀਂ ਛੱਡੇਗਾ ਅਤੇ ਨਾ ਹੀ ਉਨ੍ਹਾਂ ਦੇ ਬਦਲਣ ਲਈ ਇੰਤਜ਼ਾਰ ਕਰੇਗਾ। ਹਿੰਸਾ ਦਾ ਅੰਤ ਕਰਨ ਲਈ, ਯਹੋਵਾਹ ਉਨ੍ਹਾਂ ਦਾ ਵੀ ਅੰਤ ਕਰੇਗਾ ਜੋ ਆਪਣੇ ਹਿੰਸਕ ਤੌਰ-ਤਰੀਕਿਆਂ ਉੱਤੇ ਡਟੇ ਰਹਿੰਦੇ ਹਨ।
ਇਕ ਅਤਿ-ਆਵੱਸ਼ਕ ਸਬਕ
ਪਰਮੇਸ਼ੁਰ ਨੇ ਨੂਹ ਦੇ ਦਿਨਾਂ ਵਿਚ ਜੋ ਕੀਤਾ, ਉਹ ਸਾਡੇ ਲਈ ਅੱਜ ਇਕ ਚੇਤਾਵਨੀ ਦਾ ਸਬਕ ਹੈ। ਬਾਈਬਲ ਰਿਕਾਰਡ ਦਿਖਾਉਂਦਾ ਹੈ ਕਿ ਉਦੋਂ ਕਿਸ ਤਰ੍ਹਾਂ ਦਾ ਸੰਸਾਰ ਹੋਂਦ ਵਿਚ ਸੀ: “ਧਰਤੀ ਪਰਮੇਸ਼ੁਰ ਦੇ ਅੱਗੇ ਬਿਗੜੀ ਹੋਈ ਸੀ ਅਰ ਧਰਤੀ ਜ਼ੁਲਮ ਨਾਲ ਭਰੀ ਹੋਈ ਸੀ।” ਇਸ ਕਾਰਨ, ਪਰਮੇਸ਼ੁਰ ਨੇ ਨੂਹ ਨੂੰ ਸੂਚਿਤ ਕੀਤਾ: “ਸਰਬੱਤ ਸਰੀਰਾਂ ਦਾ ਅੰਤਕਾਲ ਮੇਰੇ ਸਾਹਮਣੇ ਏਸ ਲਈ ਆ ਗਿਆ ਹੈ ਕਿ ਧਰਤੀ ਉਨ੍ਹਾਂ ਦੇ ਕਾਰਨ ਜ਼ੁਲਮ ਨਾਲ ਭਰ ਗਈ ਹੈ। ਵੇਖ ਮੈਂ ਉਨ੍ਹਾਂ ਨੂੰ ਧਰਤੀ ਦੇ ਸੰਗ ਨਾਸ ਕਰਾਂਗਾ।”—ਉਤਪਤ 6:11, 13.
ਸਾਨੂੰ ਇਕ ਮਹੱਤਵਪੂਰਣ ਨੁਕਤੇ ਉੱਤੇ ਧਿਆਨ ਦੇਣਾ ਚਾਹੀਦਾ ਹੈ। ਉਸ ਪੀੜ੍ਹੀ ਉੱਤੇ ਜਲ-ਪਰਲੋ ਲਿਆਉਂਦੇ ਸਮੇਂ, ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਪਰਿਵਾਰ ਨੂੰ ਬਚਾਏ ਰੱਖਿਆ। ਕਿਉਂ? ਬਾਈਬਲ ਜਵਾਬ ਦਿੰਦੀ ਹੈ: “ਨੂਹ ਇੱਕ ਧਰਮੀ ਮਨੁੱਖ ਸੀ ਅਤੇ ਆਪਣੀ ਪੀੜ੍ਹੀ ਵਿੱਚ ਸੰਪੂਰਨ ਸੀ ਅਤੇ ਨੂਹ ਪਰਮੇਸ਼ੁਰ [“ਸੱਚੇ ਪਰਮੇਸ਼ੁਰ,” ਨਿ ਵ] ਦੇ ਨਾਲ ਨਾਲ ਚਲਦਾ ਸੀ।” (ਉਤਪਤ 6:9; 7:1) ਹਾਲਾਂਕਿ ਉਸ ਸਮੇਂ ਜੀ ਰਿਹਾ ਹਰ ਵਿਅਕਤੀ ਜ਼ਰੂਰੀ ਤੌਰ ਤੇ ਇਕ ਹਿੰਸਕ ਵਿਅਕਤੀ ਨਹੀਂ ਸੀ, ਕੇਵਲ ਨੂਹ ਹੀ ਆਪਣੇ ਪਰਿਵਾਰ ਸਮੇਤ “ਸੱਚੇ ਪਰਮੇਸ਼ੁਰ ਦੇ ਨਾਲ ਨਾਲ ਚਲਦਾ ਸੀ।” ਇਸ ਕਾਰਨ ਉਹ ਬਚ ਗਏ ਜਦੋਂ ਉਸ ਹਿੰਸਕ ਸੰਸਾਰ ਦਾ ਨਾਸ਼ ਕੀਤਾ ਗਿਆ।
ਜਿਉਂ-ਜਿਉਂ ਅਸੀਂ ਇਕ ਵਾਰ ਫਿਰ ਧਰਤੀ ਨੂੰ ‘ਜ਼ੁਲਮ ਨਾਲ ਭਰਦੇ’ ਹੋਏ ਦੇਖਦੇ ਹਾਂ, ਅਸੀਂ ਨਿਸ਼ਚਿਤ ਹੋ ਸਕਦੇ ਹਾਂ ਕਿ ਪਰਮੇਸ਼ੁਰ ਇਸ ਨੂੰ ਅਣਗੌਲਿਆ ਨਹੀਂ ਕਰਦਾ ਹੈ। ਜਿਵੇਂ ਉਸ ਨੇ ਨੂਹ ਦੇ ਦਿਨਾਂ ਵਿਚ ਕੀਤਾ, ਉਵੇਂ ਹੀ ਉਹ ਜਲਦੀ ਕਾਰਵਾਈ ਕਰੇਗਾ ਅਤੇ—ਸਥਾਈ ਤੌਰ ਤੇ—ਹਿੰਸਾ ਦਾ ਅੰਤ ਕਰੇਗਾ। ਪਰੰਤੂ ਉਹ ਉਨ੍ਹਾਂ ਲਈ ਸੁਰੱਖਿਆ ਦਾ ਰਾਹ ਵੀ ਕੱਢੇਗਾ, ਜੋ ਹੁਣ ‘ਸੱਚੇ ਪਰਮੇਸ਼ੁਰ ਦੇ ਨਾਲ ਚੱਲਣਾ’ ਸਿੱਖ ਰਹੇ ਹਨ, ਅਤੇ ਜੋ ਸ਼ਾਂਤੀ ਲਈ ਉਸ ਦੀ ਮਹਾਂ ਸਿੱਖਿਆ ਮੁਹਿੰਮ ਨੂੰ ਪ੍ਰਤਿਕ੍ਰਿਆ ਦਿਖਾ ਰਹੇ ਹਨ।
ਜ਼ਬੂਰਾਂ ਦੇ ਲਿਖਾਰੀ ਦੁਆਰਾ, ਯਹੋਵਾਹ ਇਹ ਭਰੋਸਾ ਦਿੰਦਾ ਹੈ: “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, ਤੂੰ ਉਸ ਦੀ ਠੌਰ ਨੂੰ ਗੌਹ ਨਾਲ ਵੇਖੇਂਗਾ, ਪਰ ਉਹ ਕਿਤੇ ਨਾ ਹੋਵੇਗਾ। ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰ 37:10, 11.
ਯਹੋਵਾਹ ਦੇ ਗਵਾਹ ਤੁਹਾਡੇ ਨਾਲ ਬਾਈਬਲ ਦਾ ਅਧਿਐਨ ਕਰਨ ਵਿਚ ਖ਼ੁਸ਼ ਹੋਣਗੇ ਤਾਂਕਿ ਤੁਸੀਂ ਉਨ੍ਹਾਂ ਵਿਚ ਸ਼ਾਮਲ ਹੋ ਸਕੋ ਜੋ ਆਖਦੇ ਹਨ: “ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਵੱਲ ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ।” (ਯਸਾਯਾਹ 2:3) ਇੰਜ ਕਰਨ ਨਾਲ, ਤੁਸੀਂ ਉਨ੍ਹਾਂ ਵਿਚ ਸ਼ਾਮਲ ਹੋ ਸਕਦੇ ਹੋ ਜੋ ਸਾਰੀ ਦੁਸ਼ਟਤਾ ਅਤੇ ਹਿੰਸਾ ਦਾ ਅੰਤ ਦੇਖਣਗੇ। ਤੁਸੀਂ “ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ” ਕਰ ਸਕਦੇ ਹੋ। (w96 2/15)
[ਸਫ਼ੇ 5 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Reuters/Bettmann