ਉਨ੍ਹਾਂ ਨੇ ਯਹੋਵਾਹ ਦੀ ਇੱਛਾ ਪੂਰੀ ਕੀਤੀ
ਯਿਸੂ ਦੇ ਵਿਦਾਇਗੀ ਸ਼ਬਦਾਂ ਵੱਲ ਧਿਆਨ ਦਿੰਦੇ ਹੋਏ
ਨੀਸਾਨ 14, 33 ਸਾ.ਯੁ. ਦੀ ਸ਼ਾਮ ਨੂੰ, ਯਿਸੂ ਮਸੀਹ ਅਤੇ ਉਸ ਦੇ 11 ਵਫ਼ਾਦਾਰ ਰਸੂਲ ਯਰੂਸ਼ਲਮ ਵਿਖੇ ਇਕ ਉਪਰਲੇ ਕਮਰੇ ਵਿਚ ਇਕ ਮੇਜ਼ ਤੇ ਬੈਠੇ। ਇਸ ਗੱਲ ਤੋਂ ਅਵਗਤ ਕਿ ਉਸ ਦੀ ਮੌਤ ਨਿਕਟ ਸੀ, ਉਸ ਨੇ ਉਨ੍ਹਾਂ ਨੂੰ ਦੱਸਿਆ: “ਹੁਣ ਥੋੜਾ ਚਿਰ ਮੈਂ ਤੁਹਾਡੇ ਨਾਲ ਹਾਂ।” (ਯੂਹੰਨਾ 13:33) ਅਸਲ ਵਿਚ, ਯਹੂਦਾ ਇਸਕਰਿਯੋਤੀ ਉਨ੍ਹਾਂ ਦੁਸ਼ਟ ਮਨੁੱਖਾਂ ਨਾਲ, ਜੋ ਯਿਸੂ ਨੂੰ ਮਾਰਨਾ ਚਾਹੁੰਦੇ ਸਨ, ਸਾਜ਼ਸ਼ ਕਰਨ ਲਈ ਪਹਿਲਾਂ ਹੀ ਉੱਥੋਂ ਨਿਕਲ ਚੁੱਕਾ ਸੀ।
ਉਸ ਉਪਰਲੇ ਕਮਰੇ ਵਿਚ ਹੋਰ ਕਿਸੇ ਵਿਅਕਤੀ ਨੇ ਸਥਿਤੀ ਦੀ ਤੀਬਰਤਾ ਨੂੰ ਇੰਨਾ ਮਹਿਸੂਸ ਨਹੀਂ ਕੀਤਾ ਜਿੰਨਾ ਕਿ ਯਿਸੂ ਨੇ ਕੀਤਾ। ਉਹ ਚੰਗੀ ਤਰ੍ਹਾਂ ਨਾਲ ਜਾਣਦਾ ਸੀ ਕਿ ਉਹ ਕਸ਼ਟ ਭੋਗਣ ਵਾਲਾ ਸੀ। ਯਿਸੂ ਨੂੰ ਇਹ ਵੀ ਪਤਾ ਸੀ ਕਿ ਉਸੇ ਰਾਤ ਉਸ ਦੇ ਰਸੂਲ ਉਸ ਦਾ ਸਾਥ ਛੱਡ ਦੇਣਗੇ। (ਮੱਤੀ 26:31; ਜ਼ਕਰਯਾਹ 13:7) ਕਿਉਂ ਜੋ ਆਪਣੀ ਮੌਤ ਤੋਂ ਪਹਿਲਾਂ ਆਪਣੇ ਰਸੂਲਾਂ ਦੇ ਨਾਲ ਗੱਲ ਕਰਨ ਦਾ ਯਿਸੂ ਦਾ ਇਹ ਆਖ਼ਰੀ ਮੌਕਾ ਸੀ, ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਸ ਦੇ ਵਿਦਾਇਗੀ ਸ਼ਬਦ ਅਤਿਅੰਤ ਮਹੱਤਵਪੂਰਣ ਮਾਮਲਿਆਂ ਉੱਤੇ ਕੇਂਦ੍ਰਿਤ ਸਨ।
“ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ”
ਆਪਣੇ ਵਫ਼ਾਦਾਰ ਰਸੂਲਾਂ ਦੇ ਨਾਲ, ਯਿਸੂ ਨੇ ਇਕ ਨਵਾਂ ਕਰਮ-ਕਾਂਡ ਸਥਾਪਿਤ ਕੀਤਾ ਜੋ ਯਹੂਦੀ ਪਸਾਹ ਦੀ ਥਾਂ ਲੈਂਦਾ। ਰਸੂਲ ਪੌਲੁਸ ਨੇ ਇਸ ਨੂੰ “ਪ੍ਰਭੂ ਦਾ ਸੰਧਿਆ ਭੋਜਨ” ਆਖਿਆ। (1 ਕੁਰਿੰਥੀਆਂ 11:20, ਨਿ ਵ) ਯਿਸੂ ਨੇ ਇਕ ਪਤੀਰੀ ਰੋਟੀ ਲੈਂਦੇ ਹੋਏ ਇਕ ਪ੍ਰਾਰਥਨਾ ਕਹੀ। ਫਿਰ ਉਸ ਨੇ ਰੋਟੀ ਤੋੜੀ ਅਤੇ ਆਪਣੇ ਰਸੂਲਾਂ ਨੂੰ ਦਿੱਤੀ। “ਲਓ ਖਾਓ, ਇਹ ਮੇਰਾ ਸਰੀਰ ਹੈ,” ਉਸ ਨੇ ਕਿਹਾ। ਫਿਰ ਉਸ ਨੇ ਦਾਖ ਰਸ ਦਾ ਇਕ ਪਿਆਲਾ ਲਿਆ, ਸ਼ੁਕਰ ਕੀਤਾ ਅਤੇ ਇਸ ਨੂੰ ਰਸੂਲਾਂ ਨੂੰ ਦਿੰਦੇ ਹੋਏ, ਕਿਹਾ: “ਤੁਸੀਂ ਸਾਰੇ ਇਸ ਵਿੱਚੋਂ ਪੀਓ। ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖ਼ਾਤਰ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ।”—ਮੱਤੀ 26:26-28.
ਇਸ ਘਟਨਾ ਦੀ ਕੀ ਮਹੱਤਤਾ ਸੀ? ਜਿਵੇਂ ਕਿ ਯਿਸੂ ਨੇ ਸੰਕੇਤ ਕੀਤਾ, ਰੋਟੀ ਉਸ ਦੇ ਪਾਪ-ਰਹਿਤ ਦੇਹ ਨੂੰ ਦਰਸਾਉਂਦੀ ਸੀ। (ਇਬਰਾਨੀਆਂ 7:26; 1 ਪਤਰਸ 2:22, 24) ਦਾਖ ਰਸ ਯਿਸੂ ਦੇ ਵਹਾਏ ਗਏ ਲਹੂ ਦਾ ਪ੍ਰਤੀਕ ਸੀ, ਜੋ ਪਾਪਾਂ ਦੀ ਮਾਫ਼ੀ ਨੂੰ ਮੁਮਕਿਨ ਬਣਾਉਂਦਾ। ਉਸ ਦਾ ਬਲੀਦਾਨ-ਰੂਪੀ ਲਹੂ ਯਹੋਵਾਹ ਪਰਮੇਸ਼ੁਰ ਅਤੇ 1,44,000 ਮਨੁੱਖਾਂ, ਜੋ ਯਿਸੂ ਦੇ ਨਾਲ ਸਵਰਗ ਵਿਚ ਆਖ਼ਰਕਾਰ ਰਾਜ ਕਰਨਗੇ, ਦੇ ਵਿਚਕਾਰ ਨਵੇਂ ਨੇਮ ਨੂੰ ਵੀ ਵੈਧ ਬਣਾਉਂਦਾ। (ਇਬਰਾਨੀਆਂ 9:14; 12:22-24; ਪਰਕਾਸ਼ ਦੀ ਪੋਥੀ 14:1) ਆਪਣੇ ਰਸੂਲਾਂ ਨੂੰ ਇਸ ਭੋਜਨ ਵਿਚ ਸ਼ਰੀਕ ਹੋਣ ਦਾ ਨਿਮੰਤ੍ਰਣ ਦੇਣ ਦੇ ਦੁਆਰਾ, ਯਿਸੂ ਨੇ ਸੰਕੇਤ ਕੀਤਾ ਕਿ ਉਹ ਸਵਰਗੀ ਰਾਜ ਵਿਚ ਉਸ ਦੇ ਨਾਲ ਸਾਂਝੇ ਹੋਣਗੇ।
ਇਸ ਸਮਾਰਕ ਭੋਜਨ ਦੇ ਸੰਬੰਧ ਵਿਚ, ਯਿਸੂ ਨੇ ਹੁਕਮ ਦਿੱਤਾ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” (ਲੂਕਾ 22:19) ਜੀ ਹਾਂ, ਪ੍ਰਭੂ ਦਾ ਸੰਧਿਆ ਭੋਜਨ ਇਕ ਸਾਲਾਨਾ ਘਟਨਾ ਹੋਵੇਗਾ, ਠੀਕ ਜਿਵੇਂ ਪਸਾਹ ਵੀ ਇਕ ਸਾਲਾਨਾ ਘਟਨਾ ਸੀ। ਜਦ ਕਿ ਪਸਾਹ ਮਿਸਰ ਦੀ ਗ਼ੁਲਾਮੀ ਤੋਂ ਇਸਰਾਏਲੀਆਂ ਦੇ ਛੁਟਕਾਰੇ ਦੀ ਯਾਦਗਾਰੀ ਸੀ, ਪ੍ਰਭੂ ਦਾ ਸੰਧਿਆ ਭੋਜਨ ਇਸ ਤੋਂ ਵੀ ਵੱਡੇ ਛੁਟਕਾਰੇ ਉੱਤੇ ਧਿਆਨ ਕੇਂਦ੍ਰਿਤ ਕਰਦਾ—ਉਧਾਰਯੋਗ ਮਨੁੱਖਜਾਤੀ ਦਾ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਛੁਟਕਾਰਾ। (1 ਕੁਰਿੰਥੀਆਂ 5:7; ਅਫ਼ਸੀਆਂ 1:7) ਇਸ ਤੋਂ ਇਲਾਵਾ, ਪ੍ਰਤੀਕਾਤਮਕ ਰੋਟੀ ਅਤੇ ਦਾਖ ਰਸ ਵਿਚ ਸ਼ਰੀਕ ਹੋਣ ਵਾਲਿਆਂ ਨੂੰ ਪਰਮੇਸ਼ੁਰ ਦੇ ਸਵਰਗੀ ਰਾਜ ਵਿਚ ਰਾਜੇ ਅਤੇ ਜਾਜਕ ਬਣਨ ਦੇ ਉਨ੍ਹਾਂ ਦੇ ਭਾਵੀ ਵਿਸ਼ੇਸ਼-ਸਨਮਾਨਾਂ ਦੀ ਯਾਦ ਦਿਲਾਈ ਜਾਵੇਗੀ।—ਪਰਕਾਸ਼ ਦੀ ਪੋਥੀ 20:6.
ਯਿਸੂ ਮਸੀਹ ਦੀ ਮੌਤ ਸੱਚ-ਮੁੱਚ ਹੀ ਮਾਨਵ ਇਤਿਹਾਸ ਵਿਚ ਸਭ ਤੋਂ ਮਹੱਤਵਪੂਰਣ ਘਟਨਾ ਸੀ। ਯਿਸੂ ਨੇ ਜੋ ਕੀਤਾ ਹੈ, ਉਸ ਦੀ ਕਦਰ ਕਰਨ ਵਾਲੇ ਲੋਕ ਪ੍ਰਭੂ ਦੇ ਸੰਧਿਆ ਭੋਜਨ ਦੇ ਸੰਬੰਧ ਵਿਚ ਉਸ ਦੇ ਇਸ ਹੁਕਮ ਦੀ ਪਾਲਣਾ ਕਰਦੇ ਹਨ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” ਯਹੋਵਾਹ ਦੇ ਗਵਾਹ ਹਰ ਸਾਲ ਨੀਸਾਨ 14 ਨਾਲ ਮੇਲ ਖਾਣ ਵਾਲੀ ਤਾਰੀਖ਼ ਨੂੰ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਹਨ। ਸੰਨ 1996 ਵਿਚ ਇਹ ਤਾਰੀਖ਼ ਅਪ੍ਰੈਲ 2 ਨੂੰ, ਸੂਰਜ ਅਸਤ ਹੋਣ ਤੋਂ ਬਾਅਦ ਪੈਂਦੀ ਹੈ। ਤੁਹਾਨੂੰ ਆਪਣੇ ਇਲਾਕੇ ਦੇ ਰਾਜ ਗ੍ਰਹਿ ਵਿਚ ਹਾਜ਼ਰ ਹੋਣ ਦੇ ਲਈ ਨਿੱਘ ਨਾਲ ਨਿਮੰਤ੍ਰਣ ਦਿੱਤਾ ਜਾਂਦਾ ਹੈ।
‘ਮੈਂ ਤੁਹਾਨੂੰ ਇਕ ਨਵਾਂ ਹੁਕਮ ਦਿੰਦਾ ਹਾਂ’
ਪ੍ਰਭੂ ਦਾ ਸੰਧਿਆ ਭੋਜਨ ਸਥਾਪਿਤ ਕਰਨ ਤੋਂ ਇਲਾਵਾ, ਯਿਸੂ ਕੋਲ ਆਪਣੇ ਰਸੂਲਾਂ ਨੂੰ ਦੇਣ ਲਈ ਕੁਝ ਵਿਦਾਇਗੀ ਸਲਾਹ ਵੀ ਸੀ। ਉਨ੍ਹਾਂ ਦੀ ਵਧੀਆ ਸਿਖਲਾਈ ਦੇ ਬਾਵਜੂਦ, ਇਨ੍ਹਾਂ ਮਨੁੱਖਾਂ ਨੇ ਕਾਫ਼ੀ ਕੁਝ ਸਿੱਖਣਾ ਸੀ। ਉਨ੍ਹਾਂ ਨੇ ਯਿਸੂ ਲਈ, ਆਪਣੇ ਆਪ ਲਈ, ਜਾਂ ਭਵਿੱਖ ਲਈ ਪਰਮੇਸ਼ੁਰ ਦੇ ਮਕਸਦ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਸਮਝਿਆ ਸੀ। ਪਰੰਤੂ ਯਿਸੂ ਨੇ ਇਨ੍ਹਾਂ ਸਾਰਿਆਂ ਮਾਮਲਿਆਂ ਨੂੰ ਇਸੇ ਸਮੇਂ ਸਪੱਸ਼ਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। (ਯੂਹੰਨਾ 14:26; 16:12, 13) ਇਸ ਦੀ ਬਜਾਇ, ਉਸ ਨੇ ਇਕ ਬਹੁਤ ਮਹੱਤਵਪੂਰਣ ਚੀਜ਼ ਦੇ ਬਾਰੇ ਗੱਲ ਕੀਤੀ। “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ,” ਉਸ ਨੇ ਕਿਹਾ, “ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ।” ਫਿਰ ਯਿਸੂ ਨੇ ਅੱਗੇ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”—ਯੂਹੰਨਾ 13:34, 35.
ਇਹ ਕਿਸ ਤਰੀਕੇ ਤੋਂ “ਨਵਾਂ ਹੁਕਮ” ਸੀ? ਖ਼ੈਰ, ਮੂਸਾ ਦੀ ਬਿਵਸਥਾ ਨੇ ਹੁਕਮ ਕੀਤਾ: “ਤੂੰ ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ।” (ਲੇਵੀਆਂ 19:18) ਪਰੰਤੂ, ਯਿਸੂ ਨੇ ਆਪਣੇ ਅਨੁਯਾਈਆਂ ਤੋਂ ਆਤਮ-ਬਲੀਦਾਨੀ ਪ੍ਰੇਮ ਦਿਖਾਉਣ ਦੀ ਮੰਗ ਕੀਤੀ, ਜੋ ਆਪਣੇ ਸੰਗੀ ਮਸੀਹੀਆਂ ਲਈ ਆਪਣੀ ਜਾਨ ਦੇਣ ਦੀ ਹੱਦ ਤਕ ਵੀ ਜਾਵੇਗਾ। ਨਿਰਸੰਦੇਹ, ਇਹ ‘ਪ੍ਰੇਮ ਦਾ ਨਿਯਮ’ ਘੱਟ ਗੰਭੀਰ ਹਾਲਤਾਂ ਵਿਚ ਵੀ ਲਾਗੂ ਹੁੰਦਾ। ਹਰ ਪਰਿਸਥਿਤੀ ਵਿਚ ਯਿਸੂ ਮਸੀਹ ਦਾ ਇਕ ਅਨੁਯਾਈ ਅਧਿਆਤਮਿਕ ਤੌਰ ਤੇ ਅਤੇ ਹੋਰ ਤਰੀਕਿਆਂ ਵਿਚ ਦੂਜਿਆਂ ਦੀ ਮਦਦ ਕਰਨ ਦੇ ਦੁਆਰਾ ਪ੍ਰੇਮ ਪ੍ਰਦਰਸ਼ਿਤ ਕਰਨ ਵਿਚ ਪਹਿਲ ਲਵੇਗਾ।—ਗਲਾਤੀਆਂ 6:10.
ਯਿਸੂ ਦੇ ਪਾਰਥਿਵ ਜੀਵਨ ਦੀ ਇਸ ਆਖ਼ਰੀ ਰਾਤ ਨੂੰ, ਪ੍ਰੇਮ ਨੇ ਯਿਸੂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਚੇਲਿਆਂ ਦੇ ਨਿਮਿੱਤ ਯਹੋਵਾਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੇ। ਹੋਰਨਾਂ ਗੱਲਾਂ ਦੇ ਨਾਲ-ਨਾਲ ਉਸ ਨੇ ਪ੍ਰਾਰਥਨਾ ਕੀਤੀ: “ਏਹ ਜਗਤ ਵਿੱਚ ਹਨ ਅਤੇ ਮੈਂ ਤੇਰੇ ਕੋਲ ਆਉਂਦਾ ਹਾਂ। ਹੇ ਪਵਿੱਤ੍ਰ ਪਿਤਾ ਆਪਣੇ ਹੀ ਉਸ ਨਾਮ ਨਾਲ ਜਿਹੜਾ ਤੈਂ ਮੈਨੂੰ ਦਿੱਤਾ ਓਹਨਾਂ ਦੀ ਰੱਛਿਆ ਕਰ ਇਸ ਲਈ ਜੋ ਓਹ ਸਾਡੇ ਵਾਂਗਰ ਇੱਕ ਹੋਣ।” (ਯੂਹੰਨਾ 17:11) ਇਹ ਧਿਆਨਯੋਗ ਹੈ ਕਿ ਆਪਣੇ ਪਿਤਾ ਨੂੰ ਇਸ ਬੇਨਤੀ ਵਿਚ, ਯਿਸੂ ਨੇ ਆਪਣੇ ਅਨੁਯਾਈਆਂ ਦੀ ਪ੍ਰੇਮਪੂਰਣ ਏਕਤਾ ਲਈ ਪ੍ਰਾਰਥਨਾ ਕੀਤੀ। (ਯੂਹੰਨਾ 17:20-23) ਉਨ੍ਹਾਂ ਨੂੰ ‘ਇੱਕ ਦੂਏ ਨਾਲ ਪਿਆਰ ਕਰਨ’ ਦੀ ਜ਼ਰੂਰਤ ਸੀ ‘ਜਿਵੇਂ ਯਿਸੂ ਨੇ ਉਨ੍ਹਾਂ ਨਾਲ ਪਿਆਰ ਕੀਤਾ।’—ਯੂਹੰਨਾ 15:12.
ਵਫ਼ਾਦਾਰ ਰਸੂਲਾਂ ਨੇ ਯਿਸੂ ਦਿਆਂ ਵਿਦਾਇਗੀ ਸ਼ਬਦਾਂ ਵੱਲ ਧਿਆਨ ਦਿੱਤਾ। ਸਾਨੂੰ ਵੀ ਉਸ ਦਿਆਂ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ। ਇਨ੍ਹਾਂ ਭੈੜੇ “ਅੰਤ ਦਿਆਂ ਦਿਨਾਂ” ਵਿਚ, ਸੱਚੇ ਉਪਾਸਕਾਂ ਦੇ ਵਿਚਕਾਰ ਪ੍ਰੇਮ ਅਤੇ ਏਕਤਾ ਪਹਿਲਾਂ ਨਾਲੋਂ ਕਿਤੇ ਹੀ ਜ਼ਿਆਦਾ ਮਹੱਤਵਪੂਰਣ ਹੈ। (2 ਤਿਮੋਥਿਉਸ 3:1) ਸੱਚ-ਮੁੱਚ, ਸੱਚੇ ਮਸੀਹੀ ਯਿਸੂ ਦਿਆਂ ਹੁਕਮਾਂ ਨੂੰ ਮੰਨਦੇ ਹਨ ਅਤੇ ਭਰਾਤਰੀ ਪ੍ਰੇਮ ਦਿਖਾਉਂਦੇ ਹਨ। ਇਸ ਵਿਚ ਪ੍ਰਭੂ ਦੇ ਸੰਧਿਆ ਭੋਜਨ ਨੂੰ ਮਨਾਉਣ ਦੇ ਬਾਰੇ ਉਸ ਦੇ ਹੁਕਮ ਦੀ ਪਾਲਣਾ ਸੰਮਿਲਿਤ ਹੈ। (w96 3/15)