ਮਰੀਜ਼ਾਂ ਦੇ ਹੱਕ ਦਾ ਆਦਰ ਕੀਤਾ ਗਿਆ
‘ਮੈਂ ਕਿਸੇ ਤਰੀਕੇ ਤੋਂ ਵੀ ਇਹ ਸਰਜਰੀ ਬਿਨਾਂ ਲਹੂ ਦੇ ਨਹੀਂ ਕਰ ਸਕਦਾ ਹਾਂ। ਜੇਕਰ ਤੁਸੀਂ ਇਹ ਸਰਜਰੀ ਕਰਵਾਉਣੀ ਹੈ, ਤਾਂ ਤੁਹਾਨੂੰ ਮੇਰੇ ਇਲਾਜ ਦੇ ਤਰੀਕੇ ਨੂੰ ਮੰਨਣਾ ਪਵੇਗਾ। ਨਹੀਂ ਤਾਂ, ਤੁਹਾਨੂੰ ਕੋਈ ਹੋਰ ਡਾਕਟਰ ਲੱਭਣਾ ਪਵੇਗਾ।’
ਡਾਕਟਰ ਦੇ ਇਨ੍ਹਾਂ ਸ਼ਬਦਾਂ ਨੇ ਜੇਂਗ ਸੇ ਜੂ, ਥਾਈਲੈਂਡ ਵਿਚ ਰਹਿਣ ਵਾਲੀ ਇਕ ਯਹੋਵਾਹ ਦੀ ਗਵਾਹ ਦੀ ਨਿਹਚਾ ਨੂੰ ਨਹੀਂ ਡਗਮਗਾਇਆ। ਇਹ ਤਸ਼ਖੀਸ ਕੀਤੇ ਜਾਣ ਤੇ ਕਿ ਉਸ ਨੂੰ ਮਨਿਨਜੀਓਮਾ, ਅਰਥਾਤ ਇਕ ਪ੍ਰਕਾਰ ਦਾ ਦਿਮਾਗ਼ੀ ਫੋੜਾ ਹੈ, ਜੇਂਗ ਨੂੰ ਸਰਜਰੀ ਦੀ ਸਖ਼ਤ ਜ਼ਰੂਰਤ ਸੀ। ਪਰੰਤੂ ਉਹ ਬਾਈਬਲ ਦੇ ਇਸ ਹੁਕਮ ਨੂੰ ਮੰਨਣ ਲਈ ਦ੍ਰਿੜ੍ਹ ਸੀ: “ਲਹੂ . . . ਤੋਂ ਬਚੇ ਰਹੋ।”—ਰਸੂਲਾਂ ਦੇ ਕਰਤੱਬ 15:28, 29.
ਜੇ ਮੁਮਕਿਨ ਹੋਵੇ ਤਾਂ ਜੇਂਗ ਆਪਣੇ ਹੀ ਦੇਸ਼ ਵਿਚ ਇਲਾਜ ਕਰਵਾਉਣਾ ਚਾਹੁੰਦੀ ਸੀ, ਇਸ ਲਈ ਉਹ ਦੋ ਦੂਜੇ ਹਸਪਤਾਲ ਗਈ। ਉਸ ਲਈ ਨਿਰਾਸ਼ਾ ਦੀ ਗੱਲ ਸੀ ਕਿ ਉੱਥੇ ਵੀ ਡਾਕਟਰਾਂ ਨੇ ਬਿਨਾਂ ਲਹੂ ਸਰਜਰੀ ਕਰਨ ਤੋਂ ਇਨਕਾਰ ਕਰ ਦਿੱਤਾ। ਆਖ਼ਰਕਾਰ, ਥਾਈਲੈਂਡ ਵਿਚ ਸਥਿਤ ਹਸਪਤਾਲ ਸੂਚਨਾ ਸੇਵਾਵਾਂ (HIS [Hospital Information Services]) ਦੁਆਰਾ ਜੇਂਗ ਦਾ ਸੰਪਰਕ ਟੋਕੀਓ ਮਹਿਲ ਮੈਡਿਕਲ ਕਾਲਿਜ ਦੀ ਤੰਤੂ-ਵਿਗਿਆਨਕ ਸੰਸਥਾ ਨਾਲ ਕਰਵਾਇਆ ਗਿਆ। ਉਸ ਹਸਪਤਾਲ ਨੇ 200 ਤੋਂ ਵੱਧ ਦਿਮਾਗ਼ੀ-ਫੋੜੇ ਵਾਲੇ ਮਰੀਜ਼ਾਂ ਦਾ ਗਾਮਾ ਚਾਕੂ ਇਸਤੇਮਾਲ ਕਰਦੇ ਹੋਏ ਇਲਾਜ ਕੀਤਾ ਹੈ, ਜੋ ਕਿ ਰੇਡੀਏਸ਼ਨ ਚਿਕਿਤਸਾ ਵਿਚ ਨਵੀਨਤਮ ਵਿਕਾਸਾਂ ਵਿੱਚੋਂ ਇਕ ਹੈ।
ਹਸਪਤਾਲ ਦੇ ਨੇੜੇ ਰਹਿਣ ਵਾਲੇ ਜਪਾਨੀ ਗਵਾਹਾਂ ਦੇ ਨਾਲ ਜੇਂਗ ਲਈ ਠਹਿਰਨ ਦੇ ਪ੍ਰਬੰਧ ਕੀਤੇ ਗਏ। ਇਕ ਸਮੂਹ ਉਸ ਨੂੰ ਹਵਾਈ ਅੱਡੇ ਤੇ ਮਿਲਣ ਆਇਆ, ਜਿਸ ਵਿਚ ਥਾਈ ਭਾਸ਼ਾ ਬੋਲਣ ਵਾਲੇ ਦੋ ਯਹੋਵਾਹ ਦੇ ਗਵਾਹ ਅਤੇ HIS ਦਾ ਇਕ ਪ੍ਰਤਿਨਿਧ ਵੀ ਸ਼ਾਮਲ ਸਨ। ਤਕਰੀਬਨ ਇਕ ਹਫ਼ਤੇ ਦੀ ਜਾਂਚ ਮਗਰੋਂ, ਜੇਂਗ ਨੂੰ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਜਿੱਥੇ ਉਸ ਦਾ ਇਲਾਜ ਗਾਮਾ ਚਾਕੂ ਦੇ ਨਾਲ ਕੀਤਾ ਗਿਆ। ਇਸ ਪ੍ਰਕ੍ਰਿਆ ਨੇ ਕੇਵਲ ਤਕਰੀਬਨ ਇਕ ਹੀ ਘੰਟਾ ਲਿਆ। ਅਗਲੇ ਦਿਨ ਜੇਂਗ ਹਸਪਤਾਲ ਤੋਂ ਬਾਹਰ ਆ ਗਈ, ਅਤੇ ਉਸ ਤੋਂ ਅਗਲੇ ਦਿਨ ਉਹ ਵਾਪਸ ਥਾਈਲੈਂਡ ਨੂੰ ਰਵਾਨਾ ਹੋ ਗਈ।
“ਮੈਂ ਕਦੀ ਵੀ ਇਹ ਕਲਪਨਾ ਨਹੀਂ ਕੀਤੀ ਸੀ ਕਿ ਇਸ ਪ੍ਰਬੰਧ ਦੇ ਦੁਆਰਾ ਇੰਨੀ ਮਦਦ ਪ੍ਰਦਾਨ ਕੀਤੀ ਜਾ ਸਕਦੀ ਹੈ,” ਜੇਂਗ ਨੇ ਕਿਹਾ। “ਦਿਖਾਏ ਗਏ ਪ੍ਰੇਮ ਅਤੇ ਨਾਲ ਹੀ ਅੰਤਰਗ੍ਰਸਤ ਅਨੇਕ ਦਲਾਂ ਦੇ ਵਿਚਕਾਰ ਸਹਿਯੋਗ ਤੋਂ ਮੈਂ ਸੱਚ-ਮੁੱਚ ਹੀ ਪ੍ਰਭਾਵਿਤ ਹੋਈ।”
ਇਸ ਸਮਾਚਾਰ ਨੂੰ ਰਿਪੋਰਟ ਕਰਦੇ ਹੋਏ, ਜਪਾਨੀ ਅਖ਼ਬਾਰ ਮਾਏਨੀਚੀ ਸ਼ਿੱਮਬੁਨ ਨੇ ਟਿੱਪਣੀ ਕੀਤੀ: “ਹੁਣ ਤਕ ਰਕਤ-ਆਧਾਨ ਇਨਕਾਰ ਕਰਨ ਦੇ ਧਾਰਮਿਕ ਕਾਰਨਾਂ ਨੂੰ ਹੀ ਉਜਾਗਰ ਕੀਤਾ ਗਿਆ ਹੈ। ਪਰੰਤੂ, ਰਕਤ-ਆਧਾਨ ਦੇ ਗੌਣ ਪ੍ਰਭਾਵ ਵੀ ਹੁੰਦੇ ਹਨ, ਜਿਵੇਂ ਕਿ ਏਡਜ਼, ਹੈੱਪਾਟਾਇਟਿਸ-ਸੀ ਵਰਗੇ ਵਿਸ਼ਾਣੂ ਸੰਬੰਧੀ ਇਨਫੇਕਸ਼ਨ ਦੇ ਖ਼ਤਰੇ, ਅਤੇ ਅਲਰਜੀ। ਇਸ ਕਾਰਨ ਅਜਿਹੇ ਮਰੀਜ਼ ਵੀ ਹੁੰਦੇ ਹਨ ਜੋ ਰਕਤ-ਆਧਾਨ ਨਹੀਂ ਚਾਹੁੰਦੇ ਹਨ, ਚਾਹੇ ਉਨ੍ਹਾਂ ਦਾ ਧਾਰਮਿਕ ਵਿਸ਼ਵਾਸ ਕੁਝ ਵੀ ਹੋਵੇ।”
ਇਸ ਅਖ਼ਬਾਰ ਨੇ ਅੱਗੇ ਬਿਆਨ ਕੀਤਾ: “ਰਕਤ-ਆਧਾਨ ਇਨਕਾਰ ਕਰਨ ਵਾਲੇ ਅਨੇਕ ਮਰੀਜ਼ਾਂ ਨੂੰ ਹਸਪਤਾਲ ਬਦਲਣਾ ਪਿਆ ਹੈ, ਪਰੰਤੂ ਮਰੀਜ਼ਾਂ ਦੀ ਇੱਛਾ ਦਾ ਆਦਰ ਕਰਨ ਦੇ ਪ੍ਰਤੀ ਡਾਕਟਰੀ ਸੰਸਥਾਵਾਂ ਨੂੰ ਤਬਦੀਲੀ ਕਰਨ ਦੀ ਜ਼ਰੂਰਤ ਹੈ। ਜਾਣਕਾਰ ਸਹਿਮਤੀ (ਇਕ ਮਰੀਜ਼ ਨੂੰ ਪੂਰਾ ਸਪੱਸ਼ਟੀਕਰਣ ਦਿੱਤਾ ਜਾਣਾ ਕਿ ਇਲਾਜ ਵਿਚ ਕੀ ਕੁਝ ਸੰਮਿਲਿਤ ਹੈ ਅਤੇ ਫਿਰ ਮਰੀਜ਼ ਵੱਲੋਂ ਇਲਾਜ ਲਈ ਸਹਿਮਤੀ) ਦੀ ਜ਼ਰੂਰਤ ਹੈ, ਅਤੇ ਰਕਤ-ਆਧਾਨ ਦੇ ਮਾਮਲੇ ਕੋਈ ਭਿੰਨ ਨਹੀਂ ਹਨ। ਇਸ ਗੱਲ ਨੂੰ ਪਛਾਣਿਆ ਜਾਣਾ ਚਾਹੀਦਾ ਹੈ ਕਿ ਇਹ ਵਾਦ-ਵਿਸ਼ਾ ਕੇਵਲ ਕਿਸੇ ਇਕ ਖ਼ਾਸ ਧਰਮ ਨੂੰ ਹੀ ਅੰਤਰਗ੍ਰਸਤ ਨਹੀਂ ਕਰਦਾ ਹੈ।”
ਜੇਂਗ ਸੇ ਜੂ ਦੀ ਤਰ੍ਹਾਂ, ਅਨੇਕ ਲੋਕ ਜੋ ਬਿਨਾਂ ਲਹੂ ਦੇ ਇਲਾਜ ਨੂੰ ਤਰਜੀਹ ਦਿੰਦੇ ਹਨ, ਉਨ੍ਹਾਂ ਨੂੰ ਦੂਸਰੇ ਹਸਪਤਾਲਾਂ ਵਿਚ ਬਦਲੀ ਕਰਨੀ ਪੈਂਦੀ ਹੈ। ਫਿਰ ਵੀ, ਉਹ ਉਨ੍ਹਾਂ ਡਾਕਟਰਾਂ ਦਿਆਂ ਜਤਨਾਂ ਦੀ ਕਦਰ ਪਾਉਂਦੇ ਹਨ ਜੋ ਆਪਣੇ ਮਰੀਜ਼ਾਂ ਦੇ ਹੱਕ ਦਾ ਆਦਰ ਕਰਨ ਲਈ ਤਿਆਰ ਹਨ। (w96 3/15)
ਯਹੋਵਾਹ ਦੇ ਗਵਾਹਾਂ ਦੁਆਰਾ ਹਸਪਤਾਲ ਸੂਚਨਾ ਸੇਵਾਵਾਂ ਉਨ੍ਹਾਂ ਡਾਕਟਰਾਂ ਦੇ ਸਹਿਯੋਗ ਨੂੰ ਭਾਲਣ ਲਈ, ਜੋ ਉਨ੍ਹਾਂ ਦਿਆਂ ਵਿਸ਼ਵਾਸਾਂ ਦਾ ਆਦਰ ਕਰਦੇ ਹਨ, ਵਾਚ ਟਾਵਰ ਸੋਸਾਇਟੀ ਦੀਆਂ ਸ਼ਾਖਾਵਾਂ ਵਿਚ ਸਥਾਪਿਤ ਕੀਤੀਆਂ ਗਈਆਂ ਸਨ। ਸੰਸਾਰ ਭਰ ਵਿਚ, ਹਸਪਤਾਲਾਂ, ਡਾਕਟਰਾਂ, ਸਿਹਤ-ਸੰਭਾਲ ਕਰਮਚਾਰੀਆਂ, ਵਕੀਲਾਂ, ਅਤੇ ਨਿਆਂਕਾਰਾਂ ਦੇ ਨਾਲ HIS ਸਹਿਯੋਗੀ ਸੰਬੰਧ ਕਾਇਮ ਕਰਦਾ ਹੈ।