ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨਾ
‘ਨਵੇਂ ਵਿਅਕਤਿੱਤਵ ਨੂੰ ਪਹਿਨ ਲਓ ਜੋ ਕਿ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਸੱਚੀ ਧਾਰਮਿਕਤਾ ਅਤੇ ਨਿਸ਼ਠਾ ਵਿਚ ਉਤਪੰਨ ਹੋਇਆ ਸੀ।’—ਅਫ਼ਸੀਆਂ 4:24, ਨਿ ਵ.
1. ਯਹੋਵਾਹ ਪਰਮੇਸ਼ੁਰ ਸਾਡੀ ਨਿਸ਼ਠਾ ਦਾ ਹੱਕਦਾਰ ਕਿਉਂ ਹੈ?
ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨ ਦੇ ਕਈ ਪਹਿਲੂ ਹਨ। ਸਭ ਤੋਂ ਮਹੱਤਵਪੂਰਣ ਹੈ ਯਹੋਵਾਹ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨਾ। ਸੱਚ-ਮੁੱਚ, ਇਸ ਗੱਲ ਨੂੰ ਨਜ਼ਰ ਵਿਚ ਰੱਖਦੇ ਹੋਏ ਕਿ ਯਹੋਵਾਹ ਕੌਣ ਹੈ ਅਤੇ ਉਸ ਨੇ ਸਾਡੇ ਲਈ ਕੀ ਕੁਝ ਕੀਤਾ ਹੈ, ਅਤੇ ਨਾਲ ਹੀ ਉਸ ਨੂੰ ਸਾਡੇ ਸਮਰਪਣ ਦੇ ਕਾਰਨ, ਉਹ ਸਾਡੀ ਨਿਸ਼ਠਾ ਦਾ ਹੱਕਦਾਰ ਹੈ। ਅਸੀਂ ਯਹੋਵਾਹ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾ ਕਿਵੇਂ ਪ੍ਰਗਟ ਕਰਦੇ ਹਾਂ? ਇਕ ਮੁੱਖ ਤਰੀਕਾ ਹੈ ਯਹੋਵਾਹ ਦਿਆਂ ਧਾਰਮਿਕ ਸਿਧਾਂਤਾਂ ਦੇ ਪ੍ਰਤੀ ਨਿਸ਼ਠਾਵਾਨ ਰਹਿਣਾ।
2, 3. ਨਿਸ਼ਠਾ ਅਤੇ ਧਾਰਮਿਕਤਾ ਦੇ ਵਿਚਕਾਰ ਕੀ ਸੰਬੰਧ ਹੈ?
2 ਉਸ ਚੁਣੌਤੀ ਦਾ ਸਾਮ੍ਹਣਾ ਕਰਨ ਲਈ, ਸਾਨੂੰ 1 ਪਤਰਸ 1:15, 16 ਵਿਚ ਪਾਏ ਜਾਣ ਵਾਲੇ ਸ਼ਬਦਾਂ ਉੱਤੇ ਧਿਆਨ ਦੇਣਾ ਚਾਹੀਦਾ ਹੈ: “ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ ਤੁਸੀਂ ਆਪ ਭੀ ਤਿਵੇਂ ਹੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ। ਕਿਉਂ ਜੋ ਇਹ ਲਿਖਿਆ ਹੋਇਆ ਹੈ ਭਈ ਤੁਸੀਂ ਪਵਿੱਤਰ ਬਣੋ ਇਸ ਲਈ ਜੋ ਮੈਂ ਪਵਿੱਤਰ ਹਾਂ।” ਯਹੋਵਾਹ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾ ਸਾਨੂੰ ਪ੍ਰੇਰਿਤ ਕਰੇਗੀ ਕਿ ਅਸੀਂ ਆਪਣੇ ਵਿਚਾਰਾਂ, ਸ਼ਬਦਾਂ, ਅਤੇ ਕਾਰਜਾਂ ਨੂੰ ਉਸ ਦੀ ਪਵਿੱਤਰ ਇੱਛਾ ਦੇ ਇਕਸਾਰ ਬਣਾਉਂਦੇ ਹੋਏ, ਹਰ ਵੇਲੇ ਉਸ ਦੀ ਆਗਿਆਪਾਲਣਾ ਕਰੀਏ। ਇਸ ਦਾ ਅਰਥ ਇਕ ਸਾਫ਼ ਅੰਤਹਕਰਣ ਬਣਾਏ ਰੱਖਣਾ ਹੈ, ਜਿਵੇਂ ਸਾਨੂੰ 1 ਤਿਮੋਥਿਉਸ 1:3-5 ਵਿਚ ਆਗਿਆ ਦਿੱਤੀ ਜਾਂਦੀ ਹੈ: “[ਹੋਰ ਤਰਾਂ ਦੀ ਸਿੱਖਿਆ ਨਾ ਦੇਣ ਜਾਂ ਝੂਠੀਆਂ ਕਹਾਣੀਆਂ ਉੱਤੇ ਚਿੱਤ ਨਾ ਲਾਉਣ ਦੀ] ਆਗਿਆ ਦਾ ਤਾਤਪਰਜ ਉਹ ਪ੍ਰੇਮ ਹੈ ਜਿਹੜਾ ਸ਼ੁੱਧ ਮਨ ਅਤੇ ਸਾਫ਼ ਅੰਤਹਕਰਨ ਅਤੇ ਨਿਸ਼ਕਪਟ ਨਿਹਚਾ ਤੋਂ ਹੁੰਦਾ ਹੈ।” ਸੱਚ ਹੈ, ਸਾਡੇ ਵਿੱਚੋਂ ਕੋਈ ਵੀ ਸੰਪੂਰਣ ਨਹੀਂ ਹੈ, ਪਰੰਤੂ ਸਾਨੂੰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਹੈ ਕਿ ਨਹੀਂ?
3 ਯਹੋਵਾਹ ਦੇ ਪ੍ਰਤੀ ਨਿਸ਼ਠਾ ਸਾਨੂੰ ਸੁਆਰਥੀ ਢੰਗ ਨਾਲ ਧਾਰਮਿਕ ਸਿਧਾਂਤਾਂ ਦਾ ਸਮਝੌਤਾ ਕਰਨ ਤੋਂ ਬਚਾਈ ਰੱਖੇਗੀ। ਸੱਚ-ਮੁੱਚ, ਨਿਸ਼ਠਾ ਸਾਨੂੰ ਅੰਦਰੋਂ ਕੁਝ ਹੋਰ ਅਤੇ ਬਾਹਰੋਂ ਕੁਝ ਹੋਰ ਹੋਣ ਤੋਂ ਬਚਾਈ ਰੱਖੇਗੀ। ਜ਼ਬੂਰਾਂ ਦਾ ਲਿਖਾਰੀ ਨਿਸ਼ਠਾ ਬਾਰੇ ਹੀ ਸੋਚ ਰਿਹਾ ਸੀ ਜਦੋਂ ਉਸ ਨੇ ਗੀਤ ਗਾਇਆ: “ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਲਾ, ਮੈਂ ਤੇਰੀ ਸਚਿਆਈ ਵਿੱਚ ਚੱਲਾਂਗਾ, ਮੇਰੇ ਦਿਲ ਨੂੰ ਇਕਾਗਰ ਕਰ ਕਿ ਮੈਂ ਤੇਰੇ ਨਾਮ ਦਾ ਭੈ ਮੰਨਾਂ।” (ਜ਼ਬੂਰ 86:11) ਨਿਸ਼ਠਾ ਉਸ ਚੀਜ਼ ਦੀ ਮੰਗ ਕਰਦੀ ਹੈ ਜਿਸ ਦੀ ਉਚਿਤ ਵਿਆਖਿਆ “ਲਾਗੂ ਨਾ ਕੀਤੇ ਜਾਣ ਯੋਗ ਨਿਯਮਾਂ ਦੇ ਪ੍ਰਤੀ ਆਗਿਆਕਾਰਤਾ” ਦੇ ਤੌਰ ਤੇ ਕੀਤੀ ਗਈ ਹੈ।
4, 5. ਨਿਸ਼ਠਾ ਸਾਨੂੰ ਕਿਹੜਾ ਗ਼ਲਤ ਕਦਮ ਚੁੱਕਣ ਤੋਂ ਬਚਾਈ ਰੱਖੇਗੀ?
4 ਯਹੋਵਾਹ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾ ਸਾਨੂੰ ਅਜਿਹਾ ਕੋਈ ਵੀ ਕੰਮ ਕਰਨ ਤੋਂ ਵੀ ਬਚਾਈ ਰੱਖੇਗੀ ਜੋ ਉਸ ਦੇ ਨਾਂ ਅਤੇ ਰਾਜ ਉੱਤੇ ਬਦਨਾਮੀ ਲਿਆਵੇਗਾ। ਮਿਸਾਲ ਲਈ, ਦੋ ਮਸੀਹੀ ਇਕ ਵਾਰੀ ਆਪਸ ਵਿਚ ਅਜਿਹੀ ਮੁਸ਼ਕਲ ਵਿਚ ਪੈ ਗਏ ਕਿ ਉਨ੍ਹਾਂ ਨੇ ਅਨੁਚਿਤ ਤੌਰ ਤੇ ਇਕ ਸੰਸਾਰਕ ਅਦਾਲਤ ਦਾ ਸਹਾਰਾ ਲਿਆ। ਜੱਜ ਨੇ ਪੁੱਛਿਆ, ‘ਕੀ ਤੁਸੀਂ ਦੋਵੇਂ ਹੀ ਯਹੋਵਾਹ ਦੇ ਗਵਾਹ ਹੋ?’ ਸਪੱਸ਼ਟ ਹੈ ਕਿ ਉਹ ਸਮਝ ਨਹੀਂ ਸਕਿਆ ਕਿ ਉਹ ਅਦਾਲਤ ਵਿਚ ਕੀ ਕਰ ਰਹੇ ਸਨ। ਇਹ ਕਿੰਨੀ ਹੀ ਵੱਡੀ ਬਦਨਾਮੀ ਸੀ! ਯਹੋਵਾਹ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾ ਉਨ੍ਹਾਂ ਭਰਾਵਾਂ ਨੂੰ ਰਸੂਲ ਪੌਲੁਸ ਦੀ ਇਸ ਸਲਾਹ ਉੱਤੇ ਧਿਆਨ ਦੇਣ ਲਈ ਪ੍ਰੇਰਿਤ ਕਰਦੀ: “ਹੁਣ ਤਾਂ ਤੁਹਾਡੇ ਵਿੱਚ ਇੱਕ ਵੱਡਾ ਘਾਟਾ ਹੈ ਕਿ ਤੁਸੀਂ ਇੱਕ ਦੂਏ ਉੱਤੇ ਮੁਕੱਦਮਾ ਬਣਾਉਂਦੇ ਹੋ। ਤੁਸੀਂ ਸਗੋਂ ਕੁਨਿਆਉਂ ਕਿਉਂ ਨਹੀਂ ਸਹਾਰ ਲੈਂਦੇ? ਤੁਸੀਂ ਸਗੋਂ ਠਗਾਈ ਕਿਉਂ ਨਹੀਂ ਖਾਂਦੇ?” (1 ਕੁਰਿੰਥੀਆਂ 6:7) ਨਿਰਸੰਦੇਹ, ਯਹੋਵਾਹ ਅਤੇ ਉਸ ਦੇ ਸੰਗਠਨ ਉੱਤੇ ਬਦਨਾਮੀ ਲਿਆਉਣ ਦੀ ਬਜਾਇ ਨਿੱਜੀ ਘਾਟਾ ਸਹਾਰਨਾ ਹੀ ਯਹੋਵਾਹ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾ ਦਾ ਮਾਰਗ ਹੈ।
5 ਯਹੋਵਾਹ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾ ਵਿਚ ਮਨੁੱਖ ਦੇ ਭੈ ਅੱਗੇ ਨਾ ਝੁੱਕਣਾ ਵੀ ਸ਼ਾਮਲ ਹੈ। “ਮਨੁੱਖ ਦਾ ਭੈ ਫਾਹੀ ਲਿਆਉਂਦਾ ਹੈ, ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਸੁਖ ਸਾਂਦ ਨਾਲ ਰਹੇਗਾ।” (ਕਹਾਉਤਾਂ 29:25) ਇਸ ਲਈ, ਅਸੀਂ ਸਤਾਹਟ ਦਾ ਸਾਮ੍ਹਣਾ ਕਰਨ ਤੇ ਸਮਝੌਤਾ ਨਹੀਂ ਕਰਦੇ ਹਾਂ, ਪਰੰਤੂ ਅਸੀਂ ਭੂਤਪੂਰਵ ਸੋਵੀਅਤ ਸੰਘ ਵਿਚ, ਮਲਾਵੀ ਵਿਚ, ਇਥੋਪੀਆ ਵਿਚ, ਅਤੇ ਹੋਰ ਕਿੰਨੇ ਹੀ ਦੂਸਰੇ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਕਾਇਮ ਕੀਤੀ ਗਈ ਮਿਸਾਲ ਦੀ ਪੈਰਵੀ ਕਰਦੇ ਹਾਂ।
6. ਨਿਸ਼ਠਾ ਸਾਨੂੰ ਕਿਨ੍ਹਾਂ ਨਾਲ ਮੇਲ-ਜੋਲ ਰੱਖਣ ਤੋਂ ਦੂਰ ਰੱਖੇਗੀ?
6 ਜੇਕਰ ਅਸੀਂ ਯਹੋਵਾਹ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾਵਾਨ ਹਾਂ, ਤਾਂ ਅਸੀਂ ਉਨ੍ਹਾਂ ਸਾਰਿਆਂ ਨਾਲ ਮਿੱਤਰਤਾ ਕਰਨ ਤੋਂ ਪਰਹੇਜ਼ ਕਰਾਂਗੇ ਜੋ ਉਸ ਦੇ ਵੈਰੀ ਹਨ। ਇਸੇ ਲਈ ਚੇਲੇ ਯਾਕੂਬ ਨੇ ਲਿਖਿਆ: “ਹੇ ਵਿਭਚਾਰਣੋ, ਕੀ ਤੁਹਾਨੂੰ ਮਲੂਮ ਨਹੀਂ ਭਈ ਸੰਸਾਰ ਦਾ ਮਿੱਤ੍ਰਚਾਰਾ ਪਰਮੇਸ਼ੁਰ ਦਾ ਵੈਰ ਹੈ? ਫੇਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।” (ਯਾਕੂਬ 4:4) ਅਸੀਂ ਉਹ ਨਿਸ਼ਠਾ ਰੱਖਣੀ ਚਾਹੁੰਦੇ ਹਾਂ ਜੋ ਰਾਜਾ ਦਾਊਦ ਨੇ ਪ੍ਰਗਟ ਕੀਤੀ ਜਦੋਂ ਉਸ ਨੇ ਕਿਹਾ: “ਹੇ ਯਹੋਵਾਹ, ਕੀ ਮੈਂ ਤੇਰੇ ਵੈਰੀਆਂ ਨਾਲ ਵੈਰ ਨਹੀਂ ਰੱਖਦਾ? ਅਤੇ ਤੇਰੇ ਵਿਰੋਧੀਆਂ ਤੋਂ ਗਰੰਜ ਨਹੀਂ ਹੁੰਦਾ? ਮੈਂ ਉਨ੍ਹਾਂ ਨਾਲ ਪੂਰਾ ਪੂਰਾ ਵੈਰ ਰੱਖਦਾ ਹਾਂ, ਓਹ ਮੇਰੇ ਵੈਰੀ ਹੋ ਗਏ ਹਨ।” (ਜ਼ਬੂਰ 139:21, 22) ਅਸੀਂ ਕਿਸੇ ਵੀ ਹਠੀਲੇ ਪਾਪੀਆਂ ਨਾਲ ਮੇਲ-ਮਿਲਾਪ ਨਹੀਂ ਰੱਖਣਾ ਚਾਹੁੰਦੇ ਹਾਂ, ਕਿਉਂ ਜੋ ਉਨ੍ਹਾਂ ਅਤੇ ਸਾਡੇ ਵਿਚ ਕੁਝ ਸਾਂਝਾ ਨਹੀਂ ਹੈ। ਕੀ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾ ਸਾਨੂੰ ਯਹੋਵਾਹ ਦੇ ਅਜਿਹੇ ਕਿਸੇ ਵੀ ਵੈਰੀਆਂ ਨਾਲ ਮੇਲ-ਜੋਲ ਰੱਖਣ ਤੋਂ ਦੂਰ ਨਹੀਂ ਰੱਖੇਗੀ, ਭਾਵੇਂ ਕਿ ਇਹ ਕਿਸੇ ਵਿਅਕਤੀ ਦੇ ਨਾਲ ਜਾਂ ਟੈਲੀਵਿਯਨ ਦੇ ਮਾਧਿਅਮ ਦੁਆਰਾ ਮੇਲ-ਜੋਲ ਰੱਖਣਾ ਹੋਵੇ?
ਯਹੋਵਾਹ ਦੀ ਪੱਖ-ਪੂਰਤੀ ਕਰਨਾ
7. ਨਿਸ਼ਠਾ ਸਾਨੂੰ ਯਹੋਵਾਹ ਦੇ ਸੰਬੰਧ ਵਿਚ ਕੀ ਕਰਨ ਲਈ ਮਦਦ ਕਰੇਗੀ, ਅਤੇ ਅਲੀਹੂ ਨੇ ਇਹ ਕਿਵੇਂ ਕੀਤਾ?
7 ਨਿਸ਼ਠਾ ਸਾਨੂੰ ਯਹੋਵਾਹ ਪਰਮੇਸ਼ੁਰ ਦੀ ਪੱਖ-ਪੂਰਤੀ ਕਰਨ ਲਈ ਪ੍ਰੇਰਿਤ ਕਰੇਗੀ। ਇਸ ਦਾ ਕੀ ਹੀ ਵਧੀਆ ਉਦਾਹਰਣ ਸਾਨੂੰ ਅਲੀਹੂ ਵਿਚ ਮਿਲਦਾ ਹੈ! ਅੱਯੂਬ 32:2, 3 ਸਾਨੂੰ ਦੱਸਦਾ ਹੈ: “ਅਲੀਹੂ ਦਾ . . . ਕ੍ਰੋਧ ਭੜਕਿਆ। ਉਹ ਦਾ ਕ੍ਰੋਧ ਅੱਯੂਬ ਉੱਤੇ ਭੜਕਿਆ ਏਸ ਲਈ ਕਿ ਉਸ ਆਪਣੇ ਆਪ ਨੂੰ ਨਾ ਕਿ ਪਰਮੇਸ਼ੁਰ ਨੂੰ ਧਰਮੀ ਠਹਿਰਾਇਆ। ਅਤੇ ਉਹ ਦਾ ਕ੍ਰੋਧ ਉਹ ਦੇ ਤਿੰਨਾਂ ਮਿੱਤ੍ਰਾਂ ਉੱਤੇ ਵੀ ਭੜਕਿਆ ਕਿਉਂ ਜੋ ਉਨ੍ਹਾਂ ਨੂੰ ਉੱਤਰ ਨਾ ਲੱਭਾ ਤਾਂ ਵੀ ਉਨ੍ਹਾਂ ਨੇ ਅੱਯੂਬ [“ਪਰਮੇਸ਼ੁਰ,” ਨਿ ਵ] ਨੂੰ ਦੋਸ਼ੀ ਠਹਿਰਾਇਆ।” ਅੱਯੂਬ ਅਧਿਆਇ 32 ਤੋਂ 37 ਵਿਚ, ਅਲੀਹੂ ਯਹੋਵਾਹ ਦੀ ਪੱਖ-ਪੂਰਤੀ ਕਰਦਾ ਹੈ। ਮਿਸਾਲ ਲਈ, ਉਸ ਨੇ ਕਿਹਾ: “ਮੇਰੇ ਲਈ ਜ਼ਰਾ ਠਹਿਰ ਅਤੇ ਮੈਂ ਤੈਨੂੰ ਦੱਸਾਂਗਾ, ਭਈ ਪਰਮੇਸ਼ੁਰ ਲਈ ਹੋਰ ਗੱਲਾਂ ਵੀ ਹਨ। . . . ਮੈਂ ਆਪਣੇ ਕਰਤਾਰ ਨੂੰ ਧਰਮੀ ਠਹਿਰਾਵਾਂਗਾ, . . . ਉਹ ਧਰਮੀ ਵੱਲੋਂ ਅੱਖ ਨਹੀਂ ਫੇਰਦਾ।”—ਅੱਯੂਬ 36:2-7.
8. ਸਾਨੂੰ ਯਹੋਵਾਹ ਦੀ ਪੱਖ-ਪੂਰਤੀ ਕਰਨ ਦੀ ਕਿਉਂ ਲੋੜ ਹੈ?
8 ਯਹੋਵਾਹ ਦੀ ਪੱਖ-ਪੂਰਤੀ ਕਰਨ ਦੀ ਕਿਉਂ ਲੋੜ ਹੈ? ਅੱਜ, ਸਾਡੇ ਪਰਮੇਸ਼ੁਰ ਯਹੋਵਾਹ ਨੂੰ ਕਿੰਨੇ ਹੀ ਅਨੇਕ ਤਰੀਕਿਆਂ ਵਿਚ ਤਿਰਸਕਾਰਿਆ ਜਾਂਦਾ ਹੈ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਹੋਂਦ ਵਿਚ ਨਹੀਂ ਹੈ, ਕਿ ਉਹ ਇਕ ਤ੍ਰਿਏਕ ਦਾ ਭਾਗ ਹੈ, ਕਿ ਉਹ ਲੋਕਾਂ ਨੂੰ ਸਦਾ ਲਈ ਇਕ ਤਪਦੇ ਨਰਕ ਵਿਚ ਤਸੀਹੇ ਦਿੰਦਾ ਹੈ, ਕਿ ਉਹ ਕਮਜ਼ੋਰ ਤਰੀਕੇ ਨਾਲ ਸੰਸਾਰ ਨੂੰ ਧਰਮ-ਪਰਿਵਰਤਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਕਿ ਉਹ ਮਨੁੱਖਜਾਤੀ ਦੀ ਪਰਵਾਹ ਨਹੀਂ ਕਰਦਾ ਹੈ, ਇਤਿਆਦਿ। ਅਸੀਂ ਉਸ ਨੂੰ ਉਸ ਦੀ ਪੱਖ-ਪੂਰਤੀ ਕਰਨ ਅਤੇ ਇਹ ਸਾਬਤ ਕਰਨ ਦੁਆਰਾ ਆਪਣੀ ਨਿਸ਼ਠਾ ਪ੍ਰਦਰਸ਼ਿਤ ਕਰਦੇ ਹਾਂ ਕਿ ਯਹੋਵਾਹ ਹੋਂਦ ਵਿਚ ਹੈ; ਕਿ ਉਹ ਇਕ ਬੁੱਧੀਮਾਨ, ਨਿਆਈ, ਸਰਬਸ਼ਕਤੀਮਾਨ, ਅਤੇ ਪ੍ਰੇਮਪੂਰਣ ਪਰਮੇਸ਼ੁਰ ਹੈ; ਕਿ ਉਸ ਦਾ ਹਰ ਕੰਮ ਲਈ ਇਕ ਸਮਾਂ ਹੁੰਦਾ ਹੈ; ਅਤੇ ਕਿ ਜਦੋਂ ਉਸ ਦਾ ਨਿਸ਼ਚਿਤ ਸਮਾਂ ਆਵੇਗਾ, ਤਾਂ ਉਹ ਸਭ ਦੁਸ਼ਟਤਾ ਦਾ ਅੰਤ ਕਰ ਕੇ ਪੂਰੀ ਧਰਤੀ ਨੂੰ ਇਕ ਪਰਾਦੀਸ ਬਣਾਵੇਗਾ। (ਉਪਦੇਸ਼ਕ ਦੀ ਪੋਥੀ 3:1) ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੇ ਨਾਂ ਅਤੇ ਰਾਜ ਦੀ ਗਵਾਹੀ ਦੇਣ ਲਈ ਹਰ ਮੌਕੇ ਦਾ ਲਾਭ ਉਠਾਈਏ।
ਯਹੋਵਾਹ ਦੇ ਸੰਗਠਨ ਦੇ ਪ੍ਰਤੀ ਨਿਸ਼ਠਾ
9. ਕਿਨ੍ਹਾਂ ਮਾਮਲਿਆਂ ਉੱਤੇ ਕਈਆਂ ਨੇ ਆਪਣੀ ਨਿਸ਼ਠਾ ਦੀ ਘਾਟ ਪ੍ਰਗਟ ਕੀਤੀ ਹੈ?
9 ਅਸੀਂ ਹੁਣ ਯਹੋਵਾਹ ਦੇ ਦ੍ਰਿਸ਼ਟ ਸੰਗਠਨ ਦੇ ਪ੍ਰਤੀ ਨਿਸ਼ਠਾਵਾਨ ਹੋਣ ਦੇ ਮਾਮਲੇ ਵੱਲ ਆਉਂਦੇ ਹਾਂ। ਨਿਸ਼ਚੇ ਹੀ, ਸਾਨੂੰ ਇਸ ਦੇ ਪ੍ਰਤੀ, ਜਿਸ ਵਿਚ “ਮਾਤਬਰ ਅਤੇ ਬੁੱਧਵਾਨ ਨੌਕਰ” ਵੀ ਸ਼ਾਮਲ ਹੈ, ਨਿਸ਼ਠਾ ਦਿਖਾਉਣੀ ਚਾਹੀਦੀ ਹੈ, ਜਿਸ ਦੇ ਰਾਹੀਂ ਮਸੀਹੀ ਕਲੀਸਿਯਾ ਨੂੰ ਅਧਿਆਤਮਿਕ ਤੌਰ ਤੇ ਭੋਜਨ ਮਿਲਦਾ ਹੈ। (ਮੱਤੀ 24:45-47) ਫ਼ਰਜ਼ ਕਰੋ ਕਿ ਵਾਚ ਟਾਵਰ ਪ੍ਰਕਾਸ਼ਨਾਂ ਵਿਚ ਕੁਝ ਅਜਿਹੀ ਗੱਲ ਛਪਦੀ ਹੈ ਜੋ ਅਸੀਂ ਉਸ ਵੇਲੇ ਨਹੀਂ ਸਮਝਦੇ ਹਾਂ ਜਾਂ ਜਿਸ ਨਾਲ ਅਸੀਂ ਸਹਿਮਤ ਨਹੀਂ ਹੁੰਦੇ ਹਾਂ। ਅਸੀਂ ਕੀ ਕਰਾਂਗੇ? ਬੁਰਾ ਮਨਾ ਕੇ ਸੰਗਠਨ ਛੱਡ ਦਿਆਂਗੇ? ਕਈਆਂ ਨੇ ਇਹੋ ਹੀ ਕੀਤਾ ਜਦੋਂ ਬਹੁਤ ਸਾਲ ਪਹਿਲਾਂ, ਪਹਿਰਾਬੁਰਜ (ਅੰਗ੍ਰੇਜ਼ੀ) ਨੇ ਨਵੇਂ ਨੇਮ ਨੂੰ ਹਜ਼ਾਰ ਵਰ੍ਹਿਆਂ ਦੇ ਸਮੇਂ ਉੱਤੇ ਲਾਗੂ ਕੀਤਾ ਸੀ। ਦੂਜਿਆਂ ਨੇ ਉਸ ਦਾ ਬੁਰਾ ਮਨਾਇਆ ਜੋ ਪਹਿਰਾਬੁਰਜ (ਅੰਗ੍ਰੇਜ਼ੀ) ਨੇ ਇਕ ਸਮੇਂ ਤੇ ਨਿਰਪੱਖਤਾ ਦੇ ਵਿਸ਼ੇ ਉੱਤੇ ਕਿਹਾ ਸੀ। ਜੇਕਰ ਇਨ੍ਹਾਂ ਮਾਮਲਿਆਂ ਵਿਚ ਠੋਕਰ ਖਾਣ ਵਾਲੇ ਵਿਅਕਤੀ ਸੰਗਠਨ ਦੇ ਪ੍ਰਤੀ ਅਤੇ ਆਪਣੇ ਭਰਾਵਾਂ ਦੇ ਪ੍ਰਤੀ ਨਿਸ਼ਠਾਵਾਨ ਰਹੇ ਹੁੰਦੇ, ਤਾਂ ਉਹ ਯਹੋਵਾਹ ਉੱਤੇ ਭਰੋਸਾ ਰੱਖਦੇ ਕਿ ਉਹ ਇਨ੍ਹਾਂ ਮਾਮਲਿਆਂ ਦੀ ਸਪੱਸ਼ਟੀਕਰਣ ਕਰੇਗਾ, ਜੋ ਕਿ ਯਹੋਵਾਹ ਨੇ ਆਪਣੇ ਨਿਸ਼ਚਿਤ ਸਮੇਂ ਤੇ ਕੀਤਾ। ਇਸ ਲਈ, ਨਿਸ਼ਠਾ ਵਿਚ ਧੀਰਜ ਨਾਲ ਉਡੀਕਣਾ ਸ਼ਾਮਲ ਹੈ ਜਦ ਤਾਈਂ ਮਾਤਬਰ ਅਤੇ ਬੁੱਧਵਾਨ ਨੌਕਰ ਦੁਆਰਾ ਅਤਿਰਿਕਤ ਸਮਝ ਨਾ ਪ੍ਰਕਾਸ਼ਿਤ ਕੀਤੀ ਜਾਵੇ।
10. ਨਿਸ਼ਠਾ ਸਾਨੂੰ ਕਿਸ ਗੱਲ ਬਾਰੇ ਜਿਗਿਆਸੂ ਹੋਣ ਤੋਂ ਬਚਾਈ ਰੱਖੇਗੀ?
10 ਯਹੋਵਾਹ ਦੇ ਦ੍ਰਿਸ਼ਟ ਸੰਗਠਨ ਦੇ ਪ੍ਰਤੀ ਨਿਸ਼ਠਾ ਦਾ ਇਹ ਵੀ ਅਰਥ ਹੈ ਕਿ ਅਸੀਂ ਧਰਮ-ਤਿਆਗੀਆਂ ਨਾਲ ਕੋਈ ਵਾਸਤਾ ਨਾ ਰੱਖੀਏ। ਨਿਸ਼ਠਾਵਾਨ ਮਸੀਹੀ ਜਿਗਿਆਸੂ ਨਹੀਂ ਹੋਣਗੇ ਕਿ ਅਜਿਹੇ ਲੋਕਾਂ ਕੋਲ ਕਹਿਣ ਨੂੰ ਕੀ ਹੈ। ਸੱਚ ਹੈ, ਉਹ ਲੋਕ ਜਿਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਧਰਤੀ ਉੱਤੇ ਆਪਣਾ ਕੰਮ ਨਿਰਦੇਸ਼ਿਤ ਕਰਨ ਲਈ ਇਸਤੇਮਾਲ ਕਰਦਾ ਹੈ ਸੰਪੂਰਣ ਨਹੀਂ ਹਨ। ਲੇਕਨ ਪਰਮੇਸ਼ੁਰ ਦਾ ਬਚਨ ਸਾਨੂੰ ਕੀ ਕਰਨ ਲਈ ਕਹਿੰਦਾ ਹੈ? ਪਰਮੇਸ਼ੁਰ ਦੇ ਸੰਗਠਨ ਨੂੰ ਛੱਡ ਦਿਓ? ਨਹੀਂ। ਭਰਾਤਰੀ ਸਨੇਹ ਦੇ ਕਾਰਨ ਸਾਨੂੰ ਇਸ ਦੇ ਪ੍ਰਤੀ ਨਿਸ਼ਠਾਵਾਨ ਬਣੇ ਰਹਿਣਾ ਚਾਹੀਦਾ ਹੈ, ਅਤੇ ਸਾਨੂੰ ਨਿਰੰਤਰ ‘ਤਨੋਂ ਮਨੋਂ ਹੋ ਕੇ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖਣਾ’ ਚਾਹੀਦਾ ਹੈ।—1 ਪਤਰਸ 1:22.
ਨਿਸ਼ਠਾਵਾਨ ਬਜ਼ੁਰਗਾਂ ਦੇ ਪ੍ਰਤੀ ਨਿਸ਼ਠਾ
11. ਨਿਸ਼ਠਾ ਸਾਨੂੰ ਕਿਹੜੇ ਨਕਾਰਾਤਮਕ ਸੋਚ-ਵਿਚਾਰ ਦੇ ਵਿਰੁੱਧ ਚੌਕਸ ਰਹਿਣ ਲਈ ਮਦਦ ਕਰੇਗੀ?
11 ਜਦੋਂ ਕਲੀਸਿਯਾ ਵਿਚ ਅਜਿਹਾ ਕੁਝ ਕਿਹਾ ਜਾਂ ਕੀਤਾ ਜਾਂਦਾ ਹੈ ਜਿਸ ਨੂੰ ਸਮਝਣ ਵਿਚ ਸਾਨੂੰ ਔਖਿਆਈ ਹੁੰਦੀ ਹੈ, ਉਦੋਂ ਨਿਸ਼ਠਾ ਸਾਨੂੰ ਨੁਕਤਾਚੀਨੀ ਕਰਨ ਤੋਂ ਬਚਾਈ ਰੱਖੇਗੀ ਅਤੇ ਸਾਨੂੰ ਇਹ ਸਥਿਤੀ ਅਪਣਾਉਣ ਲਈ ਮਦਦ ਕਰੇਗੀ ਕਿ ਸ਼ਾਇਦ ਇਹ ਇਕ ਨਿਆਉਂ ਦਾ ਮਾਮਲਾ ਹੈ। ਕੀ ਨਿਯੁਕਤ ਬਜ਼ੁਰਗਾਂ ਅਤੇ ਦੂਜੇ ਸੰਗੀ ਵਿਸ਼ਵਾਸੀਆਂ ਦੀਆਂ ਕਮਜ਼ੋਰੀਆਂ ਉੱਤੇ ਧਿਆਨ ਕੇਂਦ੍ਰਿਤ ਕਰਨ ਨਾਲੋਂ ਉਨ੍ਹਾਂ ਦਿਆਂ ਚੰਗੇ ਗੁਣਾਂ ਉੱਤੇ ਧਿਆਨ ਕੇਂਦ੍ਰਿਤ ਕਰਨਾ ਕਿਤੇ ਹੀ ਬਿਹਤਰ ਨਹੀਂ ਹੈ? ਜੀ ਹਾਂ, ਅਸੀਂ ਅਜਿਹੇ ਸਾਰੇ ਨਕਾਰਾਤਮਕ ਸੋਚ-ਵਿਚਾਰਾਂ ਦੇ ਵਿਰੁੱਧ ਚੌਕਸ ਰਹਿਣਾ ਚਾਹੁੰਦੇ ਹਾਂ, ਕਿਉਂਕਿ ਇਹ ਨਿਸ਼ਠਾਹੀਣ ਹੋਣ ਨਾਲ ਸੰਬੰਧਿਤ ਹੈ! ਨਿਸ਼ਠਾ ਸਾਨੂੰ ਪੌਲੁਸ ਵੱਲੋਂ “ਕਿਸੇ ਦੀ ਬਦਨਾਮੀ ਨਾ ਕਰਨ” ਦੇ ਉਪਦੇਸ਼ ਨੂੰ ਮੰਨਣ ਲਈ ਵੀ ਮਦਦ ਕਰੇਗੀ।—ਤੀਤੁਸ 3:1, 2.
12, 13. ਬਜ਼ੁਰਗਾਂ ਨੂੰ ਕਿਹੜੀਆਂ ਖ਼ਾਸ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ?
12 ਨਿਸ਼ਠਾ ਬਜ਼ੁਰਗਾਂ ਲਈ ਖ਼ਾਸ ਚੁਣੌਤੀਆਂ ਪੇਸ਼ ਕਰਦੀ ਹੈ। ਇਨ੍ਹਾਂ ਵਿੱਚੋਂ ਇਕ ਚੁਣੌਤੀ ਭੇਤਦਾਰੀ ਦਾ ਮਾਮਲਾ ਹੈ। ਕਲੀਸਿਯਾ ਦਾ ਇਕ ਸਦੱਸ ਸ਼ਾਇਦ ਇਕ ਬਜ਼ੁਰਗ ਨੂੰ ਆਪਣੇ ਭਰੋਸੇ ਵਿਚ ਲਵੇ। ਉਸ ਵਿਅਕਤੀ ਦੇ ਪ੍ਰਤੀ ਨਿਸ਼ਠਾ ਉਸ ਬਜ਼ੁਰਗ ਨੂੰ ਭੇਤਦਾਰੀ ਦੇ ਸਿਧਾਂਤ ਦਾ ਉਲੰਘਣ ਕਰਨ ਤੋਂ ਬਚਾਈ ਰੱਖੇਗੀ। ਉਹ ਕਹਾਉਤਾਂ 25:9 ਦੀ ਸਲਾਹ ਉੱਤੇ ਧਿਆਨ ਦੇਵੇਗਾ: “ਕਿਸੇ ਦਾ ਕੋਈ ਗੁਪਤ ਭੇਤ ਪ੍ਰਗਟ ਨਾ ਹੋਣ ਦੇਹ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਦਾ ਅਰਥ ਹੈ ਕਿ ਆਪਣੀ ਪਤਨੀ ਨੂੰ ਵੀ ਨਹੀਂ!
13 ਬਜ਼ੁਰਗਾਂ ਨੂੰ ਨਿਸ਼ਠਾ ਦੀਆਂ ਹੋਰ ਵੀ ਪਰੀਖਿਆਵਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਕੀ ਉਹ ਮਨੁੱਖਾਂ ਨੂੰ ਖ਼ੁਸ਼ ਕਰਨ ਵਾਲੇ ਹੋਣਗੇ, ਜਾਂ ਕੀ ਉਹ ਦਲੇਰੀ ਅਤੇ ਨਿਮਰਤਾ ਨਾਲ ਉਨ੍ਹਾਂ ਦੀ ਮਦਦ ਕਰਨਗੇ ਜਿਨ੍ਹਾਂ ਨੂੰ ਤਾੜਨਾ ਦੀ ਲੋੜ ਹੈ, ਭਾਵੇਂ ਕਿ ਉਹ ਸਕੇ ਰਿਸ਼ਤੇਦਾਰ ਜਾਂ ਗਹਿਰੇ ਮਿੱਤਰ ਹੀ ਕਿਉਂ ਨਾ ਹੋਣ? ਯਹੋਵਾਹ ਦੇ ਸੰਗਠਨ ਦੇ ਪ੍ਰਤੀ ਨਿਸ਼ਠਾ ਸਾਡੇ ਵਿੱਚੋਂ ਬਜ਼ੁਰਗਾਂ ਦੀ ਹੈਸੀਅਤ ਵਿਚ ਕੰਮ ਕਰ ਰਹੇ ਵਿਅਕਤੀਆਂ ਨੂੰ ਪ੍ਰੇਰਿਤ ਕਰੇਗੀ ਕਿ ਉਹ ਅਧਿਆਤਮਿਕ ਸਹਾਇਤਾ ਦੇ ਲਈ ਲੋੜਵੰਦਾਂ ਨੂੰ ਮਦਦ ਦੇਣ ਦਾ ਜਤਨ ਕਰਨ। (ਗਲਾਤੀਆਂ 6:1, 2) ਹਾਲਾਂਕਿ ਅਸੀਂ ਦਿਆਲੂ ਹੋਵਾਂਗੇ, ਨਿਸ਼ਠਾ ਸਾਨੂੰ ਆਪਣੇ ਸੰਗੀ ਬਜ਼ੁਰਗ ਦੇ ਨਾਲ ਨਿਝੱਕ ਬਣਾਵੇਗੀ, ਓਵੇਂ ਹੀ ਜਿਵੇਂ ਪੌਲੁਸ ਨੇ ਰਸੂਲ ਪਤਰਸ ਨਾਲ ਨਿਝੱਕ ਹੋ ਕੇ ਗੱਲ ਕੀਤੀ। (ਗਲਾਤੀਆਂ 2:11-14) ਦੂਜੇ ਪਾਸੇ, ਨਿਗਾਹਬਾਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਇਉਂ ਨਾ ਹੋਵੇ ਕਿ ਉਹ ਨਾਸਮਝੀ ਨਾਲ ਕੰਮ ਕਰਨ ਜਾਂ ਪੱਖਪਾਤ ਦਿਖਾਉਣ ਜਾਂ ਕਿਸੇ ਹੋਰ ਤਰੀਕਿਓਂ ਆਪਣੇ ਅਧਿਕਾਰ ਦੀ ਦੁਰਵਰਤੋਂ ਕਰਨ ਦੁਆਰਾ ਆਪਣੀ ਦੇਖ-ਭਾਲ ਹੇਠ ਵਿਅਕਤੀਆਂ ਲਈ ਪਰਮੇਸ਼ੁਰ ਦੇ ਸੰਗਠਨ ਦੇ ਪ੍ਰਤੀ ਨਿਸ਼ਠਾਵਾਨ ਰਹਿਣਾ ਔਖਾ ਬਣਾ ਦੇਣ।—ਫ਼ਿਲਿੱਪੀਆਂ 4:5.
14, 15. ਕਿਹੜੇ ਪਹਿਲੂ ਸ਼ਾਇਦ ਕਲੀਸਿਯਾ ਦਿਆਂ ਸਦੱਸਾਂ ਦੀ ਨਿਸ਼ਠਾ ਨੂੰ ਪਰਖਣ?
14 ਕਲੀਸਿਯਾ ਅਤੇ ਇਸ ਦੇ ਬਜ਼ੁਰਗਾਂ ਦੇ ਪ੍ਰਤੀ ਨਿਸ਼ਠਾ ਦਿਖਾਉਣ ਦੀ ਚੁਣੌਤੀ ਦਾ ਸਾਮ੍ਹਣਾ ਕਰਨ ਦੇ ਮਾਮਲੇ ਵਿਚ ਹੋਰ ਵੀ ਦੂਜੇ ਪਹਿਲੂ ਹਨ। ਜੇਕਰ ਕਲੀਸਿਯਾ ਵਿਚ ਕੁਝ ਗੜਬੜੀ ਵਾਲੀਆਂ ਹਾਲਾਤਾਂ ਹਨ, ਤਾਂ ਇਹ ਸਾਨੂੰ ਯਹੋਵਾਹ ਦੇ ਪ੍ਰਤੀ ਅਤੇ ਉਸ ਦੀ ਪ੍ਰਤਿਨਿਧਤਾ ਕਰਨ ਵਾਲਿਆਂ ਦੇ ਪ੍ਰਤੀ ਨਿਸ਼ਠਾ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੰਦਾ ਹੈ। (ਦੇਖੋ ਪਹਿਰਾਬੁਰਜ [ਅੰਗ੍ਰੇਜ਼ੀ], ਜੂਨ 15, 1987, ਸਫ਼ੇ 15-17.) ਜਦੋਂ ਕਿਸੇ ਨੂੰ ਛੇਕਿਆ ਜਾਂਦਾ ਹੈ, ਉਦੋਂ ਨਿਸ਼ਠਾ ਮੰਗ ਕਰਦੀ ਹੈ ਕਿ ਅਸੀਂ ਬਜ਼ੁਰਗਾਂ ਨੂੰ ਸਮਰਥਨ ਦੇਈਏ, ਅਤੇ ਇਹ ਅਨੁਮਾਨ ਲਾਉਣ ਦੀ ਕੋਸ਼ਿਸ਼ ਨਾ ਕਰੀਏ ਕਿ ਕੀਤੀ ਗਈ ਕਾਰਵਾਈ ਲਈ ਚੋਖਾ ਕਾਰਨ ਸੀ ਜਾਂ ਨਹੀਂ।
15 ਕਲੀਸਿਯਾ ਦੇ ਪ੍ਰਤੀ ਨਿਸ਼ਠਾ ਸਾਡੇ ਤੋਂ ਇਹ ਵੀ ਮੰਗ ਕਰਦੀ ਹੈ ਕਿ ਜਿੰਨੀ ਹੱਦ ਤਕ ਸਾਡੇ ਹਾਲਾਤ ਅਤੇ ਯੋਗਤਾ ਅਨੁਮਤੀ ਦਿੰਦੇ ਹਨ, ਅਸੀਂ ਸਾਰੀਆਂ ਪੰਜ ਸਭਾਵਾਂ ਨੂੰ ਸਮਰਥਨ ਦੇਈਏ। ਨਿਸ਼ਠਾ ਮੰਗ ਕਰਦੀ ਹੈ ਕਿ ਅਸੀਂ ਨਾ ਕੇਵਲ ਇਨ੍ਹਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਈਏ ਪਰੰਤੂ ਇਨ੍ਹਾਂ ਲਈ ਤਿਆਰੀ ਕਰੀਏ ਅਤੇ ਮੌਕੇ ਅਨੁਸਾਰ ਉਤਸ਼ਾਹਜਨਕ ਟਿੱਪਣੀਆਂ ਵੀ ਕਰੀਏ।—ਇਬਰਾਨੀਆਂ 10:24, 25.
ਵਿਆਹ ਸੰਬੰਧੀ ਨਿਸ਼ਠਾ
16, 17. ਵਿਆਹੁਤਾ ਮਸੀਹੀਆਂ ਨੂੰ ਨਿਸ਼ਠਾ ਦੀਆਂ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ?
16 ਹੋਰ ਕੌਣ ਸਾਡੀ ਨਿਸ਼ਠਾ ਦੇ ਹੱਕਦਾਰ ਹਨ? ਜੇ ਅਸੀਂ ਵਿਆਹੇ ਹੋਏ ਹਾਂ ਤਾਂ, ਆਪਣੇ ਵਿਆਹ ਦੀ ਪ੍ਰਤਿੱਗਿਆ ਨੂੰ ਧਿਆਨ ਵਿਚ ਰੱਖਦਿਆਂ ਹੋਏ, ਸਾਨੂੰ ਆਪਣੇ ਵਿਆਹੁਤਾ ਸਾਥੀ ਦੇ ਪ੍ਰਤੀ ਨਿਸ਼ਠਾਵਾਨ ਹੋਣ ਦੀ ਚੁਣੌਤੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਆਪਣੇ ਸਾਥੀ ਦੇ ਪ੍ਰਤੀ ਨਿਸ਼ਠਾ ਸਾਨੂੰ ਦੂਜੀਆਂ ਔਰਤਾਂ ਜਾਂ ਆਦਮੀਆਂ ਨਾਲ ਆਪਣੀ ਪਤਨੀ ਜਾਂ ਪਤੀ ਨਾਲੋਂ ਜ਼ਿਆਦਾ ਮਿੱਠੇ ਤਰੀਕੇ ਨਾਲ ਪੇਸ਼ ਆਉਣ ਦੀ ਗ਼ਲਤੀ ਕਰਨ ਤੋਂ ਬਚਾਈ ਰੱਖੇਗੀ। ਆਪਣੇ ਸਾਥੀ ਦੇ ਪ੍ਰਤੀ ਨਿਸ਼ਠਾ ਇਹ ਵੀ ਮੰਗ ਕਰਦੀ ਹੈ ਕਿ ਅਸੀਂ ਆਪਣੇ ਸਾਥੀ ਦੀਆਂ ਕਮਜ਼ੋਰੀਆਂ ਜਾਂ ਕਮੀਆਂ ਨੂੰ ਦੂਜਿਆਂ ਅੱਗੇ ਪ੍ਰਗਟ ਨਾ ਕਰੀਏ। ਦੂਜਿਆਂ ਅੱਗੇ ਸ਼ਿਕਾਇਤ ਕਰਨਾ ਜ਼ਿਆਦਾ ਸੌਖਾ ਹੈ, ਇਸ ਨਾਲੋਂ ਕਿ ਆਪਣੇ ਵਿਆਹੁਤਾ ਸਾਥੀ ਨਾਲ ਸੰਚਾਰ ਮਾਰਗ ਖੁਲ੍ਹਾ ਰੱਖਣ ਲਈ ਸੰਘਰਸ਼ ਕਰਨਾ, ਜਿਵੇਂ ਕਿ ਸਾਨੂੰ ਸੁਨਹਿਰੇ ਅਸੂਲ ਦੀ ਇਕਸਾਰਤਾ ਵਿਚ ਕਰਨਾ ਚਾਹੀਦਾ ਹੈ। (ਮੱਤੀ 7:12) ਦਰਅਸਲ, ਵਿਵਾਹਕ ਸਥਿਤੀ ਸਾਡੀ ਮਸੀਹੀ ਨਿਸ਼ਠਾ ਦੇ ਪ੍ਰਤੀ ਇਕ ਅਸਲੀ ਚੁਣੌਤੀ ਪੇਸ਼ ਕਰਦੀ ਹੈ।
17 ਨਿਸ਼ਠਾ ਦੀ ਇਸ ਚੁਣੌਤੀ ਦਾ ਸਾਮ੍ਹਣਾ ਕਰਨ ਲਈ, ਸਾਨੂੰ ਨਾ ਕੇਵਲ ਘੋਰ ਬਦਚਲਨੀ ਦੇ ਦੋਸ਼ ਤੋਂ ਬਚੇ ਰਹਿਣਾ ਚਾਹੀਦਾ ਹੈ, ਬਲਕਿ ਸਾਨੂੰ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਬਾਰੇ ਵੀ ਸਾਵਧਾਨ ਰਹਿਣਾ ਚਾਹੀਦਾ ਹੈ। (ਜ਼ਬੂਰ 19:14) ਮਿਸਾਲ ਲਈ, ਜੇ ਸਾਡਾ ਧੋਖੇਬਾਜ਼ ਦਿਲ ਵਿਲਾਸ ਅਤੇ ਉਤੇਜਨਾ ਦਾ ਲੋਭੀ ਹੈ, ਤਾਂ ਇਹ ਕਿੰਨਾ ਹੀ ਆਸਾਨ ਹੈ ਕਿ ਅਸੀਂ ਕਿਸੇ ਚੀਜ਼ ਦੀ ਤਾਰੀਫ਼ ਕਰਦੇ ਕਰਦੇ ਉਸ ਨੂੰ ਸੁਆਰਥੀ ਢੰਗ ਨਾਲ ਲੋਚਣ ਲੱਗ ਪਈਏ। ਵਿਵਾਹਕ ਨਿਸ਼ਠਾ ਲਈ ਜ਼ੋਰ ਦਿੰਦੇ ਹੋਏ, ਰਾਜਾ ਸੁਲੇਮਾਨ ਪਤੀਆਂ ਨੂੰ ਲਾਖਣਿਕ ਤੌਰ ਤੇ ‘ਪਾਣੀ ਆਪਣੇ ਹੀ ਕੁੰਡ ਵਿੱਚੋਂ ਪੀਣ’ ਦੀ ਸਲਾਹ ਦਿੰਦਾ ਹੈ। (ਕਹਾਉਤਾਂ 5:15) ਅਤੇ ਯਿਸੂ ਨੇ ਕਿਹਾ: “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।” (ਮੱਤੀ 5:28) ਪਤੀ ਜੋ ਅਸ਼ਲੀਲ ਸਾਮੱਗਰੀ ਪੜ੍ਹਨ ਦੇ ਸ਼ੌਕੀਨ ਹਨ, ਉਹ ਜ਼ਨਾਹ ਕਰਨ ਦੇ ਪਰਤਾਵੇ ਵਿਚ ਪੈਣ, ਅਤੇ ਇਸ ਤਰ੍ਹਾਂ ਆਪਣੀਆਂ ਪਤਨੀਆਂ ਨਾਲ ਧੋਖਾ ਕਰਨ ਅਤੇ ਉਨ੍ਹਾਂ ਦੇ ਪ੍ਰਤੀ ਬੇਵਫ਼ਾ ਹੋਣ ਦੇ ਖ਼ਤਰੇ ਵਿਚ ਹੁੰਦੇ ਹਨ। ਇਸੇ ਤਰ੍ਹਾਂ ਹੀ, ਇਕ ਪਤਨੀ ਜੋ ਜ਼ਨਾਹਕਾਰੀ ਉਪਕਥਾਵਾਂ ਨਾਲ ਸੰਬੰਧਿਤ ਨਾਟਕਾਂ ਵਿਚ ਰੁੱਝੀ ਹੋਈ ਹੋਵੇ, ਉਹ ਆਪਣੇ ਪਤੀ ਦੇ ਪ੍ਰਤੀ ਬੇਵਫ਼ਾਈ ਕਰਨ ਦੇ ਪਰਤਾਵੇ ਵਿਚ ਪੈ ਸਕਦੀ ਹੈ। ਪਰੰਤੂ, ਆਪਣੇ ਸਾਥੀ ਦੇ ਪ੍ਰਤੀ ਸੱਚ-ਮੁੱਚ ਨਿਸ਼ਠਾਵਾਨ ਰਹਿਣ ਦੁਆਰਾ, ਅਸੀਂ ਵਿਆਹ ਬੰਧਨ ਨੂੰ ਮਜ਼ਬੂਤ ਬਣਾਉਂਦੇ ਹਾਂ, ਅਤੇ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦਿਆਂ ਆਪਣੇ ਜਤਨਾਂ ਵਿਚ ਇਕ ਦੂਸਰੇ ਦੀ ਮਦਦ ਕਰਦੇ ਹਾਂ।
ਨਿਸ਼ਠਾਵਾਨ ਰਹਿਣ ਲਈ ਸਹਾਇਕ ਸਾਧਨ
18. ਕਿਸ ਗੱਲ ਦੀ ਕਦਰ ਸਾਨੂੰ ਨਿਸ਼ਠਾਵਾਨ ਰਹਿਣ ਲਈ ਮਦਦ ਕਰੇਗੀ?
18 ਇਨ੍ਹਾਂ ਚਾਰ ਖੇਤਰਾਂ ਵਿਚ ਨਿਸ਼ਠਾ: ਯਹੋਵਾਹ ਦੇ ਪ੍ਰਤੀ, ਉਸ ਦੇ ਸੰਗਠਨ ਦੇ ਪ੍ਰਤੀ, ਕਲੀਸਿਯਾ ਦੇ ਪ੍ਰਤੀ, ਅਤੇ ਆਪਣੇ ਵਿਆਹੁਤਾ ਸਾਥੀ ਦੇ ਪ੍ਰਤੀ, ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨ ਲਈ ਕਿਹੜੀ ਗੱਲ ਸਾਡੀ ਮਦਦ ਕਰੇਗੀ? ਇਕ ਸਹਾਇਕ ਸਾਧਨ ਹੈ ਇਸ ਗੱਲ ਦੀ ਕਦਰ ਕਰਨੀ ਕਿ ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨ ਅਤੇ ਯਹੋਵਾਹ ਦੀ ਸਰਬਸੱਤਾ ਦੇ ਦੋਸ਼-ਨਿਵਾਰਣ ਦਰਮਿਆਨ ਇਕ ਨਜ਼ਦੀਕੀ ਸੰਬੰਧ ਹੈ। ਜੀ ਹਾਂ, ਨਿਸ਼ਠਾਵਾਨ ਰਹਿਣ ਦੁਆਰਾ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਨੂੰ ਵਿਸ਼ਵ ਸਰਬਸੱਤਾਵਾਨ ਦੇ ਤੌਰ ਤੇ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਤਮ-ਸਨਮਾਨ ਅਤੇ ਯਹੋਵਾਹ ਦੇ ਨਵੇਂ ਸੰਸਾਰ ਵਿਚ ਸਦੀਪਕ ਜੀਵਨ ਦੀ ਉਮੀਦ ਵੀ ਰੱਖ ਸਕਦੇ ਹਾਂ। ਅਸੀਂ ਯਹੋਵਾਹ ਤੋਂ ਲੈ ਕੇ ਬਾਈਬਲ ਵਿਚ ਅਤੇ ਸਾਡੇ ਵਾਚ ਟਾਵਰ ਪ੍ਰਕਾਸ਼ਨਾਂ, ਜਿਨ੍ਹਾਂ ਵਿਚ ਯੀਅਰ ਬੁੱਕ ਦੇ ਬਿਰਤਾਂਤ ਵੀ ਸ਼ਾਮਲ ਹਨ, ਜ਼ਿਕਰ ਕੀਤੇ ਗਏ ਨਿਸ਼ਠਾ ਦੇ ਵਧੀਆ ਉਦਾਹਰਣਾਂ ਉੱਤੇ ਵਿਚਾਰ ਕਰਨ ਦੇ ਦੁਆਰਾ ਆਪਣੇ ਆਪ ਨੂੰ ਨਿਸ਼ਠਾਵਾਨ ਬਣੇ ਰਹਿਣ ਵਿਚ ਮਦਦ ਕਰ ਸਕਦੇ ਹਾਂ।
19. ਸਾਡਾ ਨਿਸ਼ਠਾਵਾਨ ਰਹਿਣ ਵਿਚ ਨਿਹਚਾ ਕੀ ਭੂਮਿਕਾ ਅਦਾ ਕਰਦੀ ਹੈ?
19 ਯਹੋਵਾਹ ਪਰਮੇਸ਼ੁਰ ਵਿਚ ਦ੍ਰਿੜ੍ਹ ਨਿਹਚਾ ਅਤੇ ਉਸ ਨੂੰ ਨਾਰਾਜ਼ ਕਰਨ ਦਾ ਭੈ ਸਾਨੂੰ ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨ ਲਈ ਮਦਦ ਕਰਨਗੇ। ਅਸੀਂ ਉੱਦਮੀ ਢੰਗ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਅਤੇ ਮਸੀਹੀ ਸੇਵਕਾਈ ਵਿਚ ਭਾਗ ਲੈਣ ਦੇ ਦੁਆਰਾ ਯਹੋਵਾਹ ਵਿਚ ਆਪਣੀ ਨਿਹਚਾ ਅਤੇ ਉਸ ਦੇ ਪ੍ਰਤੀ ਭੈ ਨੂੰ ਮਜ਼ਬੂਤ ਬਣਾਉਂਦੇ ਹਾਂ। ਇਹ ਸਾਨੂੰ ਅਫ਼ਸੀਆਂ 4:23, 24 ਵਿਚ ਦਰਜ ਕੀਤੀ ਗਈ ਪੌਲੁਸ ਦੀ ਸਲਾਹ ਦੀ ਇਕਸਾਰਤਾ ਵਿਚ ਕਾਰਜ ਕਰਨ ਲਈ ਮਦਦ ਕਰੇਗਾ: “ਤੁਹਾਨੂੰ ਤੁਹਾਡੇ ਮਨ ਨੂੰ ਪ੍ਰੇਰਿਤ ਕਰਨ ਵਾਲੀ ਸ਼ਕਤੀ ਵਿਚ ਨਵੇਂ ਬਣਨਾ ਚਾਹੀਦਾ ਹੈ, ਅਤੇ ਨਵੇਂ ਵਿਅਕਤਿੱਤਵ ਨੂੰ ਪਹਿਨਣਾ ਚਾਹੀਦਾ ਹੈ ਜੋ ਕਿ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਸੱਚੀ ਧਾਰਮਿਕਤਾ ਅਤੇ ਨਿਸ਼ਠਾ ਵਿਚ ਉਤਪੰਨ ਹੋਇਆ ਸੀ।”—ਨਿ ਵ.
20. ਮੁੱਖ ਤੌਰ ਤੇ, ਕਿਹੜਾ ਗੁਣ ਸਾਨੂੰ ਯਹੋਵਾਹ ਦੇ ਪ੍ਰਤੀ ਅਤੇ ਦੂਜੇ ਸਾਰਿਆਂ ਦੇ ਪ੍ਰਤੀ ਜੋ ਸਾਡੀ ਨਿਸ਼ਠਾ ਦੇ ਹੱਕਦਾਰ ਹਨ, ਨਿਸ਼ਠਾਵਾਨ ਰਹਿਣ ਲਈ ਮਦਦ ਕਰੇਗਾ?
20 ਯਹੋਵਾਹ ਦਿਆਂ ਗੁਣਾਂ ਲਈ ਕਦਰ ਸਾਨੂੰ ਨਿਸ਼ਠਾਵਾਨ ਰਹਿਣ ਵਿਚ ਮਦਦ ਕਰਦੀ ਹੈ। ਮੁੱਖ ਤੌਰ ਤੇ, ਆਪਣੇ ਸਵਰਗੀ ਪਿਤਾ ਲਈ ਨਿਰਸੁਆਰਥੀ ਪ੍ਰੇਮ ਅਤੇ ਜੋ ਕੁਝ ਉਸ ਨੇ ਸਾਡੇ ਲਈ ਕੀਤਾ ਹੈ, ਉਸ ਲਈ ਇਹਸਾਨਮੰਦੀ, ਅਤੇ ਉਸ ਨੂੰ ਆਪਣੇ ਸਾਰੇ ਦਿਲ ਅਤੇ ਪ੍ਰਾਣ ਅਤੇ ਮਨ ਅਤੇ ਸ਼ਕਤੀ ਨਾਲ ਪ੍ਰੇਮ ਕਰਨਾ, ਇਹ ਉਸ ਦੇ ਪ੍ਰਤੀ ਨਿਸ਼ਠਾਵਾਨ ਰਹਿਣ ਵਿਚ ਸਾਡੀ ਮਦਦ ਕਰਨਗੇ। ਇਸ ਤੋਂ ਇਲਾਵਾ, ਉਹ ਪ੍ਰੇਮ ਰੱਖਣਾ ਜੋ ਯਿਸੂ ਨੇ ਕਿਹਾ ਕਿ ਉਸ ਦੇ ਅਨੁਯਾਈਆਂ ਦੀ ਪਛਾਣ ਕਰਾਵੇਗਾ, ਸਾਨੂੰ ਕਲੀਸਿਯਾ ਵਿਚ ਅਤੇ ਆਪਣੇ ਪਰਿਵਾਰ ਵਿਚ ਸਾਰੇ ਮਸੀਹੀਆਂ ਦੇ ਪ੍ਰਤੀ ਨਿਸ਼ਠਾਵਾਨ ਰਹਿਣ ਲਈ ਮਦਦ ਕਰੇਗਾ। ਦੂਜੇ ਸ਼ਬਦਾਂ ਵਿਚ, ਇਹ ਅਸਲ ਵਿਚ ਸੁਆਰਥੀ ਜਾਂ ਨਿਰਸੁਆਰਥੀ ਹੋਣ ਦਾ ਮਾਮਲਾ ਹੈ। ਨਿਸ਼ਠਾਹੀਣਤਾ ਦਾ ਭਾਵ ਹੈ ਸੁਆਰਥੀ ਹੋਣਾ। ਨਿਸ਼ਠਾ ਦਾ ਭਾਵ ਹੈ ਨਿਰਸੁਆਰਥੀ ਹੋਣਾ।—ਮਰਕੁਸ 12:30, 31; ਯੂਹੰਨਾ 13:34, 35.
21. ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨ ਦੇ ਮਾਮਲੇ ਦਾ ਸਾਰਾਂਸ਼ ਕਿਵੇਂ ਦਿੱਤਾ ਜਾ ਸਕਦਾ ਹੈ?
21 ਸਾਰਾਂਸ਼ ਵਿਚ: ਨਿਸ਼ਠਾ ਉਹ ਉੱਤਮ ਗੁਣ ਹੈ ਜੋ ਯਹੋਵਾਹ ਪਰਮੇਸ਼ੁਰ, ਯਿਸੂ ਮਸੀਹ, ਅਤੇ ਯਹੋਵਾਹ ਦੇ ਸਾਰੇ ਸੱਚੇ ਸੇਵਕ ਪ੍ਰਗਟ ਕਰਦੇ ਹਨ। ਯਹੋਵਾਹ ਪਰਮੇਸ਼ੁਰ ਦੇ ਨਾਲ ਇਕ ਚੰਗਾ ਰਿਸ਼ਤਾ ਰੱਖਣ ਲਈ, ਸਾਨੂੰ ਉਸ ਦੀਆਂ ਧਾਰਮਿਕ ਮੰਗਾਂ ਉੱਤੇ ਪੂਰੇ ਉਤਰਨ ਦੁਆਰਾ, ਉਸ ਦੇ ਵੈਰੀਆਂ ਨਾਲ ਕੋਈ ਵਾਸਤਾ ਨਾ ਰੱਖਣ ਦੁਆਰਾ, ਅਤੇ ਰਸਮੀ ਤੇ ਗ਼ੈਰ-ਰਸਮੀ ਤੌਰ ਤੇ ਗਵਾਹੀ ਦਿੰਦੇ ਹੋਏ ਯਹੋਵਾਹ ਦੀ ਪੱਖ-ਪੂਰਤੀ ਕਰਨ ਦੁਆਰਾ ਉਸ ਦੇ ਪ੍ਰਤੀ ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨਾ ਪਵੇਗਾ। ਸਾਨੂੰ ਯਹੋਵਾਹ ਦੇ ਦ੍ਰਿਸ਼ਟ ਸੰਗਠਨ ਦੇ ਪ੍ਰਤੀ ਨਿਸ਼ਠਾਵਾਨ ਹੋਣ ਦੀ ਚੁਣੌਤੀ ਦਾ ਵੀ ਸਾਮ੍ਹਣਾ ਕਰਨਾ ਪਵੇਗਾ। ਸਾਨੂੰ ਆਪਣੀਆਂ ਕਲੀਸਿਯਾਵਾਂ ਦੇ ਪ੍ਰਤੀ ਨਿਸ਼ਠਾਵਾਨ ਅਤੇ ਆਪਣੇ ਵਿਆਹੁਤਾ ਸਾਥੀਆਂ ਦੇ ਪ੍ਰਤੀ ਨਿਸ਼ਠਾਵਾਨ ਹੋਣਾ ਪਵੇਗਾ। ਨਿਸ਼ਠਾ ਦੀ ਚੁਣੌਤੀ ਦਾ ਸਫ਼ਲਤਾਪੂਰਵਕ ਸਾਮ੍ਹਣਾ ਕਰਨ ਦੁਆਰਾ, ਅਸੀਂ ਯਹੋਵਾਹ ਦੀ ਸਰਬਸੱਤਾ ਦੇ ਦੋਸ਼-ਨਿਵਾਰਣ ਵਿਚ ਭਾਗ ਲੈ ਰਹੇ ਹੋਵਾਂਗੇ, ਅਤੇ ਵਾਦ-ਵਿਸ਼ੇ ਵਿਚ ਉਸ ਦਾ ਪੱਖ ਲੈ ਰਹੇ ਹੋਵਾਂਗੇ। ਫਲਸਰੂਪ ਅਸੀਂ ਉਸ ਦੀ ਕਿਰਪਾ ਅਤੇ ਸਦੀਪਕ ਜੀਵਨ ਦਾ ਇਨਾਮ ਹਾਸਲ ਕਰਾਂਗੇ। ਰਸੂਲ ਪੌਲੁਸ ਨੇ ਈਸ਼ਵਰੀ ਭਗਤੀ ਬਾਰੇ ਜੋ ਕਿਹਾ ਸੀ, ਉਹ ਸਾਡੇ ਵੱਲੋਂ ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨ ਬਾਰੇ ਵੀ ਕਿਹਾ ਜਾ ਸਕਦਾ ਹੈ। ਇਹ ਹੁਣ ਲਈ ਅਤੇ ਆਉਣ ਵਾਲੇ ਜੀਵਨ ਲਈ ਲਾਹੇਵੰਦ ਹੈ।—ਜ਼ਬੂਰ 18:25; 1 ਤਿਮੋਥਿਉਸ 4:8. (w96 3/15)
ਤੁਸੀਂ ਕਿਵੇਂ ਜਵਾਬ ਦਿਓਗੇ?
◻ ਅਸੀਂ ਕਿਨ੍ਹਾਂ ਤਰੀਕਿਆਂ ਵਿਚ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰ ਸਕਦੇ ਹਾਂ?
◻ ਯਹੋਵਾਹ ਦੇ ਸੰਗਠਨ ਦੇ ਪ੍ਰਤੀ ਨਿਸ਼ਠਾ ਸਾਡੇ ਤੋਂ ਕੀ ਮੰਗ ਕਰਦੀ ਹੈ?
◻ ਬਜ਼ੁਰਗ ਕਿਵੇਂ ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰ ਸਕਦੇ ਹਨ?
◻ ਵਿਆਹੁਤਾ ਮਸੀਹੀਆਂ ਨੂੰ ਕਿਹੜੀ ਚੁਣੌਤੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਿਸ ਵਿਚ ਨਿਸ਼ਠਾ ਸ਼ਾਮਲ ਹੈ?
◻ ਕਿਹੜੇ ਗੁਣ ਸਾਨੂੰ ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨ ਲਈ ਮਦਦ ਕਰਨਗੇ?
[ਸਫ਼ੇ 25 ਉੱਤੇ ਤਸਵੀਰ]
ਕਲੀਸਿਯਾ ਦੇ ਸਦੱਸਾਂ ਦੇ ਪ੍ਰਤੀ ਨਿਸ਼ਠਾ ਬਜ਼ੁਰਗਾਂ ਨੂੰ ਗੁਪਤ ਭੇਤ ਪ੍ਰਗਟ ਕਰਨ ਤੋਂ ਬਚਾਈ ਰੱਖੇਗੀ
[ਸਫ਼ੇ 26 ਉੱਤੇ ਤਸਵੀਰਾਂ]
ਆਪਣੇ ਸਾਥੀ ਦੇ ਪ੍ਰਤੀ ਨਿਸ਼ਠਾ ਵਿਆਹ ਬੰਧਨ ਨੂੰ ਮਜ਼ਬੂਤ ਬਣਾਉਦੀ ਹੈ