ਨਿਸ਼ਠਾਵਾਨਾਂ ਨੂੰ ਦੇਖੋ!
“ਹੇ ਯਹੋਵਾਹ, ਕੌਣ ਅਸਲ ਵਿਚ ਤੇਰੇ ਤੋਂ ਨਾ ਡਰੇਗਾ, ਅਤੇ ਤੇਰੇ ਨਾਂ ਦੀ ਮਹਿਮਾ ਨਾ ਕਰੇਗਾ, ਕਿਉਕਿ ਤੂੰ ਹੀ ਤਾਂ ਇਕੱਲਾ ਨਿਸ਼ਠਾਵਾਨ ਹੈਂ?”—ਪਰਕਾਸ਼ ਦੀ ਪੋਥੀ 15:4, ਨਿ ਵ.
1. ਜੇ. ਐੱਫ਼. ਰਦਰਫ਼ਰਡ ਨੇ ਆਪਣੇ ਪੂਰਵ-ਪਦ-ਅਧਿਕਾਰੀ, ਸੀ. ਟੀ. ਰਸਲ ਦੀ ਨਿਸ਼ਠਾ ਦੇ ਸੰਬੰਧ ਵਿਚ ਕੀ ਸਾਖੀ ਦਿੱਤੀ?
ਜੋਸਫ਼ ਐੱਫ਼. ਰਦਰਫ਼ਰਡ, ਜਿਸ ਨੇ 1917 ਵਿਚ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ ਵਜੋਂ ਸੀ. ਟੀ. ਰਸਲ ਦੀ ਥਾਂ ਲਈ, ਨੇ ਰਸਲ ਦੀ ਸਮਾਰਕ ਸੇਵਾ ਤੇ ਇਹ ਕਹਿੰਦੇ ਹੋਏ ਆਪਣੀ ਟਿੱਪਣੀ ਆਰੰਭ ਕੀਤੀ: “ਚਾਰਲਸ ਟੇਜ਼ ਰਸਲ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾਵਾਨ ਸਨ, ਮਸੀਹ ਯਿਸੂ ਦੇ ਪ੍ਰਤੀ ਨਿਸ਼ਠਾਵਾਨ ਸਨ, ਮਸੀਹਾ ਦੇ ਰਾਜ ਦੇ ਮੰਤਵ ਦੇ ਪ੍ਰਤੀ ਨਿਸ਼ਠਾਵਾਨ ਸਨ। ਉਹ ਪੂਰਣ ਤੌਰ ਤੇ ਨਿਸ਼ਠਾਵਾਨ ਸਨ—ਜੀ ਹਾਂ, ਮੌਤ ਤਕ ਵੀ ਨਿਸ਼ਠਾਵਾਨ।” ਸੱਚ-ਮੁੱਚ, ਯਹੋਵਾਹ ਪਰਮੇਸ਼ੁਰ ਦੇ ਇਕ ਵਫ਼ਾਦਾਰ ਸੇਵਕ ਨੂੰ ਅਰਪਣ ਕੀਤੀ ਜਾਣ ਵਾਲੀ ਇਹ ਇਕ ਉੱਤਮ ਸ਼ਰਧਾਂਜਲੀ ਸੀ। ਕਿਸੇ ਵਿਅਕਤੀ ਬਾਰੇ ਇਹ ਕਹਿਣਾ ਕਿ ਉਹ ਨਿਸ਼ਠਾ ਦੀ ਚੁਣੌਤੀ ਉੱਤੇ ਪੂਰਾ ਉਤਰਿਆ, ਕਿ ਉਹ ਨਿਸ਼ਠਾਵਾਨ ਸੀ—ਪੂਰਣ ਤੌਰ ਤੇ ਨਿਸ਼ਠਾਵਾਨ—ਇਸ ਤੋਂ ਵੱਡੀ ਹੋਰ ਕੋਈ ਸ਼ਰਧਾਂਜਲੀ ਅਸੀਂ ਉਸ ਨੂੰ ਅਰਪਣ ਨਹੀਂ ਕਰ ਸਕਦੇ ਹਾਂ।
2, 3. (ੳ) ਨਿਸ਼ਠਾ ਇਕ ਚੁਣੌਤੀ ਕਿਉਂ ਪੇਸ਼ ਕਰਦੀ ਹੈ? (ਅ) ਹੋਰ ਕੌਣ ਹਨ ਜੋ ਸੱਚੇ ਮਸੀਹੀਆਂ ਦੇ ਨਿਸ਼ਠਾਵਾਨ ਹੋਣ ਦਿਆਂ ਜਤਨਾਂ ਦੇ ਵਿਰੁੱਧ ਹਥਿਆਰਬੰਦ ਹਨ?
2 ਨਿਸ਼ਠਾ ਇਕ ਚੁਣੌਤੀ ਪੇਸ਼ ਕਰਦੀ ਹੈ। ਕਿਉਂ? ਕਿਉਂਕਿ ਨਿਸ਼ਠਾ ਖ਼ੁਦਗਰਜ਼ੀ ਨਾਲ ਟਕਰਾਉਂਦੀ ਹੈ। ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾਹੀਣ ਲੋਕਾਂ ਵਿੱਚੋਂ ਮਸੀਹੀ-ਜਗਤ ਦੇ ਪਾਦਰੀ ਮੁੱਖ ਹਨ। ਨਾਲ ਹੀ, ਅੱਜ ਨਾਲੋਂ ਪਹਿਲਾਂ ਵਿਆਹ ਸੰਬੰਧ ਵਿਚ ਇੰਨੀ ਵਿਆਪਕ ਨਿਸ਼ਠਾਹੀਣਤਾ ਕਦੇ ਵੀ ਨਹੀਂ ਰਹੀ ਹੈ। ਜ਼ਨਾਹ ਆਮ ਗੱਲ ਹੈ। ਵਪਾਰ ਸੰਸਾਰ ਵਿਚ ਵੀ ਵਿਸ਼ਵਾਸਘਾਤ ਪ੍ਰਚਲਿਤ ਹੈ। ਇਸ ਸੰਬੰਧ ਵਿਚ, ਸਾਨੂੰ ਦੱਸਿਆ ਜਾਂਦਾ ਹੈ: “ਕਈ ਮੈਨੇਜਰ ਅਤੇ ਪੇਸ਼ਾਵਰ ਵਿਅਕਤੀ . . . ਵਿਸ਼ਵਾਸ ਕਰਦੇ ਹਨ ਕਿ ਕੇਵਲ ਸਿੱਧੜੇ ਅਤੇ ਅਨਾੜੀ ਹੀ ਅੱਜ ਆਪਣੀਆਂ ਕੰਪਨੀਆਂ ਦੇ ਪ੍ਰਤੀ ਨਿਸ਼ਠਾਵਾਨ ਹੁੰਦੇ ਹਨ।” ਲੋਕੀ ਜਿਹੜੇ “ਅਤਿ ਨਿਸ਼ਠਾਵਾਨ” ਹੁੰਦੇ ਹਨ, ਉਨ੍ਹਾਂ ਨੂੰ ਘਿਰਣਾ ਨਾਲ ਦੇਖਿਆ ਜਾਂਦਾ ਹੈ। “ਤੁਹਾਡੀ ਪ੍ਰਮੁੱਖ ਅਤੇ ਇੱਕੋ-ਇਕ ਨਿਸ਼ਠਾ ਆਪਣੇ ਪ੍ਰਤੀ ਹੋਣੀ ਚਾਹੀਦੀ ਹੈ” ਪ੍ਰਬੰਧਕੀ ਮਸ਼ਵਰਾ ਦੇਣ ਅਤੇ ਕਾਰਜਕਾਰੀ ਭਾਲ ਕਰਨ ਵਾਲੇ ਇਕ ਫ਼ਰਮ ਦੇ ਇਕ ਪ੍ਰਧਾਨ ਨੇ ਇਉਂ ਕਿਹਾ। ਆਪਣੇ ਪ੍ਰਤੀ ਨਿਸ਼ਠਾ ਦੀ ਗੱਲ ਕਰਨੀ, ਇਸ ਸ਼ਬਦ ਦੇ ਅਰਥ ਨੂੰ ਵਿਗਾੜਨਾ ਹੈ। ਇਹ ਸਾਨੂੰ ਮੀਕਾਹ 7:2 ਵਿਚ ਕਹੀ ਗਈ ਗੱਲ ਦੀ ਯਾਦ ਦਿਲਾਉਂਦਾ ਹੈ: “ਭਗਤ [“ਨਿਸ਼ਠਾਵਾਨ ਵਿਅਕਤੀ,” ਨਿ ਵ] ਧਰਤੀ ਤੋਂ ਨਾਸ ਹੋ ਗਿਆ।”
3 ਇਕ ਕਿਤੇ ਹੀ ਜ਼ਿਆਦਾ ਮਹੱਤਵਪੂਰਣ ਪੈਮਾਨੇ ਤੇ, ਸ਼ਤਾਨ ਅਤੇ ਉਸ ਦੇ ਪਿਸ਼ਾਚ ਸਾਡੇ ਵਿਰੁੱਧ ਹਥਿਆਰਬੰਦ ਹਨ, ਅਤੇ ਸਾਨੂੰ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾਹੀਣ ਬਣਾਉਣ ਤੇ ਡਟੇ ਹੋਏ ਹਨ। ਇਸੇ ਲਈ ਮਸੀਹੀਆਂ ਨੂੰ ਅਫ਼ਸੀਆਂ 6:12 ਵਿਚ ਕਿਹਾ ਜਾਂਦਾ ਹੈ: “ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋਂ ਹਕੂਮਤਾਂ, ਇਖ਼ਤਿਆਰਾਂ, ਅਤੇ ਇਸ ਅੰਧਘੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ।” ਜੀ ਹਾਂ, ਸਾਨੂੰ ਇਸ ਚੇਤਾਵਨੀ ਨੂੰ ਧਿਆਨ ਦੇਣ ਦੀ ਲੋੜ ਹੈ: “ਸੁਚੇਤ ਹੋਵੋ, ਜਾਗਦੇ ਰਹੋ! ਤੁਹਾਡਾ ਵਿਰੋਧੀ ਸ਼ਤਾਨ ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!”—1 ਪਤਰਸ 5:8.
4. ਕਿਹੜੇ ਰੁਝਾਨਾਂ ਦੇ ਕਾਰਨ ਨਿਸ਼ਠਾਵਾਨ ਹੋਣਾ ਇੰਨਾ ਔਖਾ ਹੈ?
4 ਨਾਲ ਹੀ, ਆਪਣੇ ਮਾਪਿਆਂ ਤੋਂ ਵਿਰਸੇ ਵਿਚ ਹਾਸਲ ਕੀਤੇ ਹੋਏ ਸੁਆਰਥੀ ਰੁਝਾਨ ਵੀ ਨਿਸ਼ਠਾ ਨੂੰ ਔਖਾ ਬਣਾਉਂਦੇ ਹਨ, ਜਿਵੇਂ ਕਿ ਉਤਪਤ 8:21 ਵਿਚ ਜ਼ਿਕਰ ਕੀਤਾ ਗਿਆ ਹੈ: “ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ”—ਅਤੇ ਸੁਆਰਥੀ—“ਹੀ ਹੈ।” ਸਾਡੇ ਸਾਰਿਆਂ ਦੀ ਉਹੋ ਸਮੱਸਿਆ ਹੈ ਜੋ ਰਸੂਲ ਪੌਲੁਸ ਦੀ ਸੀ ਜਿਵੇਂ ਕਿ ਉਸ ਨੇ ਕਬੂਲ ਕੀਤਾ: “ਜਿਹੜੀ ਭਲਿਆਈ ਮੈਂ ਕਰਨਾ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ ਸਗੋਂ ਜਿਹੜੀ ਬੁਰਿਆਈ ਮੈਂ ਨਹੀਂ ਚਾਹੁੰਦਾ ਸੋਈ ਕਰਦਾ ਹਾਂ।”—ਰੋਮੀਆਂ 7:19.
ਨਿਸ਼ਠਾ ਇਕ ਅਨੋਖੀ ਚੀਜ਼ ਹੈ
5, 6. ਇਸ ਬਾਰੇ ਕੀ ਕਿਹਾ ਜਾ ਸਕਦਾ ਹੈ ਕਿ ਨਿਸ਼ਠਾ ਕੀ ਹੈ, ਅਤੇ ਇਸ ਦੀ ਪਰਿਭਾਸ਼ਾ ਕਿਵੇਂ ਦਿੱਤੀ ਗਈ ਹੈ?
5 “ਨਿਸ਼ਠਾ” ਇਕ ਬਹੁਤ ਹੀ ਅਨੋਖਾ ਸ਼ਬਦ ਹੈ। ਇਸ ਲਈ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ) ਬਿਆਨ ਕਰਦੀ ਹੈ: “ਇੰਜ ਜਾਪਦਾ ਹੈ ਕਿ ਕੋਈ ਅੰਗ੍ਰੇਜ਼ੀ ਸ਼ਬਦ ਨਹੀਂ ਹਨ ਜੋ ਇਨ੍ਹਾਂ ਇਬਰਾਨੀ ਅਤੇ ਯੂਨਾਨੀ ਸ਼ਬਦਾਂ ਦੇ ਪੂਰਣ ਅਰਥ ਨੂੰ ਹੂ-ਬਹੂ ਵਿਅਕਤ ਕਰਨ, ਪਰੰਤੂ ਸ਼ਬਦ ‘ਨਿਸ਼ਠਾ’ ਕਾਫ਼ੀ ਮਿਲਦਾ-ਜੁਲਦਾ ਅਰਥ ਦਿੰਦਾ ਹੈ, ਕਿਉਂਕਿ ਜਦੋਂ ਇਹ ਪਰਮੇਸ਼ੁਰ ਅਤੇ ਉਸ ਦੀ ਸੇਵਾ ਦੇ ਸੰਬੰਧ ਵਿਚ ਵਰਤਿਆ ਜਾਂਦਾ ਹੈ, ਤਾਂ ਇਸ ਵਿਚ ਸ਼ਰਧਾ ਅਤੇ ਵਫ਼ਾਦਾਰੀ ਦਾ ਭਾਵ ਵੀ ਸ਼ਾਮਲ ਹੁੰਦਾ ਹੈ।”a “ਨਿਸ਼ਠਾ” ਦੇ ਸੰਬੰਧ ਵਿਚ ਪਹਿਰਾਬੁਰਜ (ਅੰਗ੍ਰੇਜ਼ੀ) ਨੇ ਇਕ ਵਾਰ ਕਿਹਾ: “ਵਫ਼ਾਦਾਰੀ, ਜ਼ਿੰਮੇਵਾਰੀ, ਪ੍ਰੇਮ, ਵਚਨਬੱਧਤਾ, ਤਾਬੇਦਾਰੀ। ਇਨ੍ਹਾਂ ਸ਼ਬਦਾਂ ਵਿਚ ਕੀ ਸਮਾਨ ਗੱਲ ਹੈ? ਇਹ ਨਿਸ਼ਠਾ ਦੇ ਵਿਭਿੰਨ ਪਹਿਲੂ ਹਨ।” ਜੀ ਹਾਂ, ਕਿੰਨੇ ਹੀ ਸਦਗੁਣ ਕੇਵਲ ਨਿਸ਼ਠਾ ਦੇ ਹੀ ਵਿਭਿੰਨ ਪਹਿਲੂ ਹੁੰਦੇ ਹਨ। ਇਹ ਗੱਲ ਨਿਸ਼ਚੇ ਹੀ ਧਿਆਨ ਦੇਣ ਦੇ ਯੋਗ ਹੈ ਕਿ ਸ਼ਾਸਤਰਾਂ ਵਿਚ ਕਿੰਨਾ ਅਕਸਰ ਨਿਸ਼ਠਾ ਅਤੇ ਧਾਰਮਿਕਤਾ ਨੂੰ ਇਕੱਠੇ ਜੋੜਿਆ ਜਾਂਦਾ ਹੈ।
6 ਨਾਲ ਹੀ ਸਹਾਈ ਹਨ ਇਹ ਨਿਮਨਲਿਖਿਤ ਪਰਿਭਾਸ਼ਾਵਾਂ: ‘ਨਿਸ਼ਠਾ ਇਕ ਜਾਰੀ, ਭਰੋਸੇਯੋਗ ਵਫ਼ਾਦਾਰੀ ਅਤੇ ਤਾਬੇਦਾਰੀ ਨੂੰ ਸੰਕੇਤ ਕਰ ਸਕਦੀ ਹੈ, ਜੋ ਡਗਮਗਾਉਣ ਜਾਂ ਪਰਤਾਵੇ ਤੋਂ ਸੁਰੱਖਿਅਤ ਹੈ।’ ‘ਨਿਸ਼ਠਾ ਆਪਣੇ ਪ੍ਰਣ ਦੇ ਪ੍ਰਤੀ ਵਫ਼ਾਦਾਰੀ ਜਾਂ ਉਸ ਸੰਸਥਾ ਜਾਂ ਸਿਧਾਂਤਾਂ ਦੇ ਪ੍ਰਤੀ ਬਾਕਾਇਦਾ ਤਾਬੇਦਾਰੀ ਨੂੰ ਸੂਚਿਤ ਕਰਦੀ ਹੈ ਜਿਨ੍ਹਾਂ ਦੇ ਪ੍ਰਤੀ ਇਕ ਵਿਅਕਤੀ ਖ਼ੁਦ ਨੂੰ ਨੈਤਿਕ ਤੌਰ ਤੇ ਵਚਨਬੱਧ ਮਹਿਸੂਸ ਕਰਦਾ ਹੈ; ਇਹ ਸ਼ਬਦ ਨਾ ਕੇਵਲ ਲਗਾਉ ਵੱਲ ਬਲਕਿ ਉਸ ਲਗਾਉ ਤੋਂ ਦੂਰ ਭਰਮਾਏ ਜਾਣ ਅਤੇ ਕਾਇਲ ਕੀਤੇ ਜਾਣ ਦੇ ਪ੍ਰਤੀ ਵਿਰੋਧਤਾ ਵੱਲ ਵੀ ਸੰਕੇਤ ਕਰਦਾ ਹੈ।’ ਇਸ ਤਰ੍ਹਾਂ, ਲੋਕੀ ਜੋ ਅਜ਼ਮਾਇਸ਼ਾਂ, ਵਿਰੋਧਤਾ, ਅਤੇ ਸਤਾਹਟ ਦੇ ਬਾਵਜੂਦ ਵਫ਼ਾਦਾਰ ਰਹਿੰਦੇ ਹਨ, ਉਹ “ਨਿਸ਼ਠਾਵਾਨ” ਕਹਿਲਾਉਣ ਦੇ ਯੋਗ ਹਨ।
7. ਨਿਸ਼ਠਾ ਅਤੇ ਵਫ਼ਾਦਾਰੀ ਦੇ ਵਿਚਕਾਰ ਕਿਹੜੀ ਭਿੰਨਤਾ ਦਿਖਾਈ ਜਾ ਸਕਦੀ ਹੈ?
7 ਲੇਕਨ, ਇਸ ਸੰਬੰਧ ਵਿਚ ਨਿਸ਼ਠਾ ਅਤੇ ਵਫ਼ਾਦਾਰੀ ਦੇ ਵਿਚਕਾਰ ਕੀਤੀ ਜਾ ਸਕਣ ਵਾਲੀ ਇਕ ਭਿੰਨਤਾ ਨੂੰ ਦਰਸਾਉਣਾ ਸ਼ਾਇਦ ਚੰਗਾ ਹੋਵੇਗਾ। ਪੱਛਮੀ ਸੰਯੁਕਤ ਰਾਜ ਅਮਰੀਕਾ ਵਿਚ ਇਕ ਗੀਜ਼ਰ ਹੈ ਜੋ ਲਗਭਗ ਹਰ ਘੰਟੇ ਮਗਰੋਂ ਫੁੱਟਦਾ ਹੈ। ਇਹ ਇੰਨਾ ਨਿਯਮਿਤ ਹੈ ਕਿ ਇਸ ਨੂੰ ਪੁਰਾਣਾ ਵਫ਼ਾਦਾਰ (ਓਲਡ ਫ਼ੇਥਫ਼ੁਲ) ਦਾ ਨਾਂ ਦਿੱਤਾ ਗਿਆ ਹੈ। ਬਾਈਬਲ ਨਿਰਜੀਵ ਵਸਤੂਆਂ ਜਿਵੇਂ ਕਿ ਚੰਦਰਮਾ ਦੇ ਵਫ਼ਾਦਾਰ ਹੋਣ ਬਾਰੇ ਗੱਲ ਕਰਦੀ ਹੈ, ਕਿਉਂਕਿ ਇਹ ਭਰੋਸੇਯੋਗ ਹੈ। ਜ਼ਬੂਰ 89:37 ਚੰਦਰਮਾ ਦਾ ਜ਼ਿਕਰ “ਗਗਣ ਦੀ ਸੱਚੀ [“ਵਫ਼ਾਦਾਰ,” ਨਿ ਵ] ਸਾਖੀ” ਵਜੋਂ ਕਰਦਾ ਹੈ। ਪਰਮੇਸ਼ੁਰ ਦਿਆਂ ਵਚਨਾਂ ਨੂੰ ਵਫ਼ਾਦਾਰ ਕਿਹਾ ਜਾਂਦਾ ਹੈ। ਪਰਕਾਸ਼ ਦੀ ਪੋਥੀ 21:5 ਕਹਿੰਦੀ ਹੈ: “ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ, ਅਤੇ ਓਨ ਆਖਿਆ, ਲਿਖ, ਕਿਉਂ ਜੋ ਏਹ ਬਚਨ ਨਿਹਚਾ ਜੋਗ [“ਵਫ਼ਾਦਾਰ,” ਨਿ ਵ] ਅਤੇ ਸਤ ਹਨ।” ਇਹ ਸਾਰੇ ਹੀ ਵਫ਼ਾਦਾਰ, ਭਰੋਸੇਯੋਗ ਹਨ, ਪਰੰਤੂ ਇਹ ਕਿਸੇ ਵੀ ਲਗਾਉ ਜਾਂ ਨੈਤਿਕ ਗੁਣ, ਜਿਵੇਂ ਕਿ ਨਿਸ਼ਠਾ, ਨਹੀਂ ਦਿਖਾ ਸਕਦੇ ਹਨ।
ਯਹੋਵਾਹ, ਸਰਬੋਤਮ ਨਿਸ਼ਠਾਵਾਨ
8. ਕਿਹੜਾ ਸ਼ਾਸਤਰ ਸੰਬੰਧੀ ਸਬੂਤ ਨਿਸ਼ਠਾ ਦੀ ਉੱਚਤਮ ਮਿਸਾਲ ਦੀ ਪਛਾਣ ਕਰਵਾਉਂਦਾ ਹੈ?
8 ਬਿਨਾਂ ਕਿਸੇ ਸ਼ੱਕ ਦੇ, ਨਿਸ਼ਠਾ ਦੀ ਉੱਚਤਮ ਮਿਸਾਲ ਯਹੋਵਾਹ ਪਰਮੇਸ਼ੁਰ ਹੈ। ਯਹੋਵਾਹ ਮਾਨਵਜਾਤੀ ਦੇ ਪ੍ਰਤੀ ਨਿਸ਼ਠਾਵਾਨ ਰਿਹਾ ਹੈ, ਇੱਥੋਂ ਤਕ ਕਿ ਆਪਣੇ ਪੁੱਤਰ ਨੂੰ ਵੀ ਦੇ ਦਿੱਤਾ ਤਾਂ ਜੋ ਮਾਨਵ ਸਦੀਪਕ ਜੀਵਨ ਹਾਸਲ ਕਰ ਸਕਣ। (ਯੂਹੰਨਾ 3:16) ਯਿਰਮਿਯਾਹ 3:12 ਵਿਚ ਅਸੀਂ ਪੜ੍ਹਦੇ ਹਾਂ: “ਮੁੜ, ਹੇ ਆਕੀ ਇਸਰਾਏਲ, ਯਹੋਵਾਹ ਦਾ ਵਾਕ ਹੈ, ਮੈਂ ਨਹਿਰੀਆਂ ਵੱਟ ਕੇ ਤੈਨੂੰ ਨਾ ਵੇਖਾਂਗਾਂ, ਮੈਂ ਦਿਆਲੂ [“ਨਿਸ਼ਠਾਵਾਨ,” ਨਿ ਵ] ਜੋ ਹਾਂ।” ਪਰਕਾਸ਼ ਦੀ ਪੋਥੀ 16:5 ਵਿਚ ਦਰਜ ਇਹ ਸ਼ਬਦ ਯਹੋਵਾਹ ਦੀ ਨਿਸ਼ਠਾ ਦਾ ਹੋਰ ਸਬੂਤ ਦਿੰਦੇ ਹਨ: “ਹੇ ਪਵਿੱਤਰ [“ਨਿਸ਼ਠਾਵਾਨ,” ਨਿ ਵ] ਪੁਰਖ, ਤੂੰ ਜੋ ਹੈਂ ਅਤੇ ਤੂੰ ਜੋ ਸੈਂ, ਤੂੰ ਧਰਮੀ ਹੈਂ।” ਫਿਰ, ਜ਼ਬੂਰ 145:17 ਵਿਚ ਸਾਨੂੰ ਦੱਸਿਆ ਜਾਂਦਾ ਹੈ: “ਯਹੋਵਾਹ ਆਪਣੇ ਸਾਰੇ ਰਾਹਾਂ ਵਿੱਚ ਧਰਮੀ ਹੈ, ਅਤੇ ਆਪਣੇ ਸਾਰੇ ਕੰਮਾਂ ਵਿੱਚ ਦਯਾਵਾਨ [“ਨਿਸ਼ਠਾਵਾਨ,” ਨਿ ਵ] ਹੈ।” ਅਸਲ ਵਿਚ, ਯਹੋਵਾਹ ਆਪਣੀ ਨਿਸ਼ਠਾ ਵਿਚ ਇੰਨਾ ਸਿਰਕੱਢਵਾਂ ਹੈ ਕਿ ਪਰਕਾਸ਼ ਦੀ ਪੋਥੀ 15:4 ਆਖਦੀ ਹੈ: “ਹੇ ਯਹੋਵਾਹ, ਕੌਣ ਅਸਲ ਵਿਚ ਤੇਰੇ ਤੋਂ ਨਾ ਡਰੇਗਾ, ਅਤੇ ਤੇਰੇ ਨਾਂ ਦੀ ਮਹਿਮਾ ਨਾ ਕਰੇਗਾ, ਕਿਉਂਕਿ ਤੂੰ ਹੀ ਤਾਂ ਇਕੱਲਾ ਨਿਸ਼ਠਾਵਾਨ ਹੈਂ?” ਯਹੋਵਾਹ ਪਰਮੇਸ਼ੁਰ ਅਤਿਉੱਤਮ ਢੰਗ ਨਾਲ ਨਿਸ਼ਠਾਵਾਨ ਹੈ।
9, 10. ਯਹੋਵਾਹ ਨੇ ਇਸਰਾਏਲ ਦੀ ਕੌਮ ਨਾਲ ਆਪਣੇ ਵਰਤਾਉ ਵਿਚ ਨਿਸ਼ਠਾ ਦਾ ਕਿਹੜਾ ਰੀਕਾਰਡ ਕਾਇਮ ਕੀਤਾ?
9 ਖ਼ਾਸ ਕਰਕੇ ਇਸਰਾਏਲ ਦੀ ਕੌਮ ਦੇ ਇਤਿਹਾਸ ਤੋਂ ਯਹੋਵਾਹ ਦੀ ਆਪਣੇ ਲੋਕਾਂ ਦੇ ਪ੍ਰਤੀ ਨਿਸ਼ਠਾ ਦਾ ਭਰਪੂਰ ਸਬੂਤ ਮਿਲਦਾ ਹੈ। ਨਿਆਈਆਂ ਦੇ ਦਿਨਾਂ ਵਿਚ, ਇਸਰਾਏਲੀਆਂ ਨੇ ਵਾਰ-ਵਾਰ ਸੱਚੀ ਉਪਾਸਨਾ ਨੂੰ ਤਿਆਗਿਆ, ਪਰੰਤੂ ਯਹੋਵਾਹ ਨੇ ਬਾਰੰਬਾਰ ਪਛਤਾਵਾ ਮਹਿਸੂਸ ਕਰ ਕੇ ਉਨ੍ਹਾਂ ਨੂੰ ਬਚਾਇਆ। (ਨਿਆਈਆਂ 2:15-22) ਉਨ੍ਹਾਂ ਪੰਜਾਂ ਸਦੀਆਂ ਦੇ ਦੌਰਾਨ ਜਦੋਂ ਇਸਰਾਏਲ ਵਿਚ ਰਾਜੇ ਹੁੰਦੇ ਸਨ, ਯਹੋਵਾਹ ਨੇ ਉਸ ਕੌਮ ਦੇ ਪ੍ਰਤੀ ਆਪਣੀ ਨਿਸ਼ਠਾ ਨੂੰ ਪ੍ਰਦਰਸ਼ਿਤ ਕੀਤਾ।
10 ਯਹੋਵਾਹ ਦੀ ਨਿਸ਼ਠਾ ਨੇ ਉਸ ਨੂੰ ਆਪਣੇ ਲੋਕਾਂ ਨਾਲ ਧੀਰਜਵਾਨ ਹੋਣ ਲਈ ਪ੍ਰੇਰਿਤ ਕੀਤਾ, ਜਿਵੇਂ ਕਿ 2 ਇਤਹਾਸ 36:15, 16 ਵਿਚ ਦੱਸਿਆ ਗਿਆ ਹੈ: “ਯਹੋਵਾਹ ਉਨ੍ਹਾਂ ਦੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੇ ਆਪਣੇ ਦੂਤਾਂ ਦੇ ਰਾਹੀਂ ਓਹਨਾਂ ਨੂੰ ਜਤਨ ਨਾਲ ਘੱਲ ਕੇ ਉਨ੍ਹਾਂ ਦੇ ਕੋਲ ਸੁਨੇਹਾ ਭੇਜਿਆ ਕਿਉਂ ਜੋ ਉਸ ਨੂੰ ਆਪਣੇ ਲੋਕਾਂ ਅਤੇ ਧਾਮ ਉੱਤੇ ਤਰਸ ਆਉਂਦਾ ਸੀ। ਪਰ ਉਨ੍ਹਾਂ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਠੱਠੇ ਕੀਤੇ ਅਤੇ ਉਨ੍ਹਾਂ ਦੀਆਂ ਗੱਲਾਂ ਦੀ ਨਿੰਦਿਆ ਕੀਤੀ ਅਤੇ ਉਹ ਦੇ ਨਬੀਆਂ ਦਾ ਮਖੌਲ ਉਡਾਇਆ, ਐਥੋਂ ਤੀਕ ਕਿ ਯਹੋਵਾਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਅਜਿਹਾ ਭੜਕਿਆ ਕਿ ਕੋਈ ਚਾਰਾ ਨਾ ਰਿਹਾ।”
11. ਯਹੋਵਾਹ ਦੀ ਨਿਸ਼ਠਾ ਸਾਨੂੰ ਕਿਹੜਾ ਭਰੋਸਾ ਜਾਂ ਤਸੱਲੀ ਦਿੰਦੀ ਹੈ?
11 ਕਿਉਂ ਜੋ ਯਹੋਵਾਹ ਸਰਬੋਤਮ ਤਰੀਕੇ ਨਾਲ ਨਿਸ਼ਠਾਵਾਨ ਹੈ, ਰਸੂਲ ਪੌਲੁਸ ਇਹ ਲਿਖ ਸਕਿਆ, ਜਿਵੇਂ ਕਿ ਰੋਮੀਆਂ 8:38, 39 ਵਿਚ ਦਰਜ ਹੈ: “ਮੈਨੂੰ ਪਰਤੀਤ ਹੈ ਭਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ, ਨਾ ਉਚਿਆਈ, ਨਾ ਡੁੰਘਿਆਈ, ਨਾ ਕੋਈ ਹੋਰ ਸਰਿਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸੱਕੇਗੀ।” ਜੀ ਹਾਂ, ਯਹੋਵਾਹ ਸਾਨੂੰ ਭਰੋਸਾ ਦਿੰਦਾ ਹੈ: “ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।” (ਇਬਰਾਨੀਆਂ 13:5) ਸੱਚ-ਮੁੱਚ, ਇਹ ਜਾਣ ਕੇ ਤਸੱਲੀ ਮਿਲਦੀ ਹੈ ਕਿ ਯਹੋਵਾਹ ਪਰਮੇਸ਼ੁਰ ਹਮੇਸ਼ਾ ਹੀ ਨਿਸ਼ਠਾਵਾਨ ਹੈ!
ਯਿਸੂ ਮਸੀਹ, ਨਿਸ਼ਠਾਵਾਨ ਪੁੱਤਰ
12, 13. ਪਰਮੇਸ਼ੁਰ ਦੇ ਪੁੱਤਰ ਦੀ ਨਿਸ਼ਠਾ ਦੇ ਸੰਬੰਧ ਵਿਚ ਸਾਡੇ ਕੋਲ ਕੀ ਸਬੂਤ ਹੈ?
12 ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨ ਵਿਚ ਯਹੋਵਾਹ ਦੀ ਸੰਪੂਰਣਤਾ ਨਾਲ ਅਨੁਕਰਣ ਕਰਨ ਵਾਲਾ ਯਿਸੂ ਮਸੀਹ ਸੀ ਅਤੇ ਹੈ। ਰਸੂਲ ਪਤਰਸ ਉਚਿਤ ਤੌਰ ਤੇ ਜ਼ਬੂਰ 16:10 ਦਾ ਹਵਾਲਾ ਦੇ ਕੇ ਇਸ ਨੂੰ ਰਸੂਲਾਂ ਦੇ ਕਰਤੱਬ 2:27 ਵਿਚ ਯਿਸੂ ਮਸੀਹ ਨੂੰ ਲਾਗੂ ਕਰ ਸੱਕਿਆ: “ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ, ਨਾ ਆਪਣੇ ਪਵਿੱਤ੍ਰ [“ਨਿਸ਼ਠਾਵਾਨ,” ਨਿ ਵ] ਪੁਰਖ ਨੂੰ ਗਲਨ ਦੇਵੇਂਗਾ।” ਯਿਸੂ ਮਸੀਹ ਨੂੰ ਯੋਗ ਤਰੀਕੇ ਨਾਲ “ਨਿਸ਼ਠਾਵਾਨ ਪੁਰਖ” ਦਾ ਨਾਂ ਦਿੱਤਾ ਜਾਂਦਾ ਹੈ। ਉਹ ਪੂਰਣ ਰੂਪ ਵਿਚ ਆਪਣੇ ਪਿਤਾ ਦੇ ਪ੍ਰਤੀ ਅਤੇ ਪਰਮੇਸ਼ੁਰ ਦੇ ਵਾਅਦਾ ਕੀਤੇ ਹੋਏ ਰਾਜ ਦੇ ਪ੍ਰਤੀ ਨਿਸ਼ਠਾਵਾਨ ਹੈ। ਸ਼ਤਾਨ ਨੇ ਪਹਿਲਾਂ ਪਰਤਾਵਿਆਂ, ਅਥਵਾ ਖ਼ੁਦਗਰਜ਼ ਦੇ ਮੋਹ ਦਾ ਇਸਤੇਮਾਲ ਕਰ ਕੇ ਯਿਸੂ ਦੀ ਖਰਿਆਈ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਵਿਚ ਅਸਫ਼ਲ ਹੋਣ ਮਗਰੋਂ, ਇਬਲੀਸ ਨੇ ਸਤਾਹਟ ਦਾ ਸਹਾਰਾ ਲਿਆ, ਅਤੇ ਆਖ਼ਰਕਾਰ ਪ੍ਰਾਣ-ਦੰਡ ਸੂਲੀ ਉੱਤੇ ਉਸ ਨੂੰ ਮਰਵਾ ਦਿੱਤਾ। ਯਿਸੂ ਕਦੇ ਵੀ ਆਪਣੇ ਸਵਰਗੀ ਪਿਤਾ, ਯਹੋਵਾਹ ਪਰਮੇਸ਼ੁਰ ਦੇ ਪ੍ਰਤੀ ਆਪਣੀ ਨਿਸ਼ਠਾ ਵਿਚ ਡਗਮਗਾਇਆ ਨਹੀਂ।—ਮੱਤੀ 4:1-11.
13 ਯਿਸੂ ਮਸੀਹ ਮੱਤੀ 28:20 ਵਿਚ ਦਰਜ ਕੀਤੇ ਗਏ ਵਾਅਦੇ ਦੇ ਇਕਸਾਰ ਆਪਣੇ ਅਨੁਯਾਈਆਂ ਦੇ ਪ੍ਰਤੀ ਨਿਸ਼ਠਾਵਾਨ ਰਿਹਾ ਹੈ: “ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” ਉਸ ਵਾਅਦੇ ਦੀ ਪੂਰਤੀ ਵਿਚ, ਉਹ ਪੰਤੇਕੁਸਤ 33 ਸਾ.ਯੁ. ਤੋਂ ਲੈ ਕੇ ਵਰਤਮਾਨ ਸਮੇਂ ਤਕ ਆਪਣੀ ਕਲੀਸਿਯਾ ਦੇ ਉੱਤੇ ਨਿਸ਼ਠਾ ਨਾਲ ਸਰਦਾਰੀ ਕਰ ਰਿਹਾ ਹੈ।
ਅਪੂਰਣ ਮਾਨਵ ਜੋ ਨਿਸ਼ਠਾਵਾਨ ਸਨ
14. ਅੱਯੂਬ ਨੇ ਨਿਸ਼ਠਾ ਦੀ ਕਿਹੜੀ ਮਿਸਾਲ ਕਾਇਮ ਕੀਤੀ?
14 ਹੁਣ, ਅਪੂਰਣ ਮਾਨਵ ਦੇ ਬਾਰੇ ਕੀ? ਕੀ ਉਹ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾਵਾਨ ਹੋ ਸਕਦੇ ਹਨ? ਸਾਡੇ ਕੋਲ ਅੱਯੂਬ ਦੀ ਸਿਰਕੱਢਵੀਂ ਮਿਸਾਲ ਹੈ। ਸ਼ਤਾਨ ਨੇ ਉਸ ਦੇ ਮਾਮਲੇ ਵਿਚ ਵਾਦ-ਵਿਸ਼ੇ ਨੂੰ ਬਿਲਕੁਲ ਸਪੱਸ਼ਟ ਕਰ ਦਿੱਤਾ ਸੀ। ਕੀ ਅੱਯੂਬ ਯਹੋਵਾਹ ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾਵਾਨ ਸੀ, ਜਾਂ ਕੀ ਉਹ ਕੇਵਲ ਖ਼ੁਦਗਰਜ਼ੀ ਦੇ ਕਾਰਨ ਹੀ ਉਸ ਦੀ ਸੇਵਾ ਕਰ ਰਿਹਾ ਸੀ? ਸ਼ਤਾਨ ਨੇ ਸ਼ੇਖ਼ੀ ਮਾਰੀ ਕਿ ਉਹ ਅੱਯੂਬ ਲਈ ਮੁਸੀਬਤਾਂ ਖੜ੍ਹੀਆਂ ਕਰ ਕੇ ਉਸ ਨੂੰ ਯਹੋਵਾਹ ਤੋਂ ਮੋੜ ਸਕਦਾ ਸੀ। ਜਦੋਂ ਅੱਯੂਬ ਆਪਣੀ ਸਾਰੀ ਸੰਪਤੀ, ਆਪਣੇ ਸਾਰੇ ਬੱਚੇ, ਅਤੇ ਇੱਥੋਂ ਤਕ ਕਿ ਆਪਣੀ ਸਿਹਤ ਵੀ ਗੁਆ ਬੈਠਾ, ਤਾਂ ਉਸ ਦੀ ਪਤਨੀ ਨੇ ਉਸ ਉੱਤੇ ਜ਼ੋਰ ਪਾਇਆ: “ਪਰਮੇਸ਼ੁਰ ਨੂੰ ਫਿਟਕਾਰ ਤੇ ਮਰ ਜਾਹ!” ਲੇਕਨ ਅੱਯੂਬ ਨਿਸ਼ਠਾਵਾਨ ਸੀ, ਕਿਉਂਕਿ ਉਸ ਨੇ ਉਹ ਨੂੰ ਕਿਹਾ: “ਜਿਵੇਂ ਝੱਲੀਆਂ ਤੀਵੀਆਂ ਵਿੱਚੋਂ ਕੋਈ ਬੋਲਦੀ ਹੈ ਤਿਵੇਂ ਤੂੰ ਵੀ ਬੋਲਦੀ ਹੈਂ! ਕੀ ਅਸੀਂ ਚੰਗਾ ਚੰਗਾ ਤਾਂ ਪਰਮੇਸ਼ੁਰ ਕੋਲੋਂ ਲਈਏ ਅਰ ਬੁਰਾ ਨਾ ਲਈਏ? ਏਸ ਸਾਰੇ ਵਿੱਚ ਅੱਯੂਬ ਨੇ ਆਪਣੇ ਬੁੱਲ੍ਹਾਂ ਨਾਲ ਪਾਪ ਨਾ ਕੀਤਾ।” (ਅੱਯੂਬ 2:9, 10) ਅਸਲ ਵਿਚ, ਆਪਣੇ ਅਖਾਉਤੀ ਹਮਦਰਦਾਂ ਨੂੰ ਅੱਯੂਬ ਨੇ ਕਿਹਾ: “ਭਾਵੇਂ ਉਹ [ਪਰਮੇਸ਼ੁਰ] ਮੈਨੂੰ ਵੱਢ ਸੁੱਟੇ, ਤਾਂ ਵੀ ਮੈਂ ਉਸ ਉੱਤੇ ਉਮੀਦ ਰੱਖਾਂਗਾ।” (ਅੱਯੂਬ 13:15, ਨਿਊ ਇੰਟਰਨੈਸ਼ਨਲ ਵਰਯਨ) ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅੱਯੂਬ ਨੂੰ ਯਹੋਵਾਹ ਦੀ ਪ੍ਰਵਾਨਗੀ ਹਾਸਲ ਸੀ! ਇਸ ਲਈ, ਯਹੋਵਾਹ ਨੇ ਅਲੀਫ਼ਜ਼ ਤੇਮਾਨੀ ਨੂੰ ਆਖਿਆ: “ਮੇਰਾ ਕ੍ਰੋਧ ਤੇਰੇ ਉੱਤੇ ਅਤੇ ਤੇਰੇ ਦੋਹਾਂ ਮਿੱਤ੍ਰਾਂ ਉੱਤੇ ਭੜਕ ਉੱਠਿਆ ਹੈ ਕਿਉਂ ਜੋ ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ ਜਿਵੇਂ ਮੇਰਾ ਦਾਸ ਅੱਯੂਬ ਬੋਲਿਆ।”—ਅੱਯੂਬ 42:7, 10-16; ਯਾਕੂਬ 5:11.
15. ਯਹੋਵਾਹ ਪਰਮੇਸ਼ੁਰ ਦਿਆਂ ਅਨੇਕਾਂ ਸੇਵਕਾਂ ਦੀ ਨਿਸ਼ਠਾ ਦੇ ਸੰਬੰਧ ਵਿਚ ਸਾਡੇ ਕੋਲ ਕਿਹੜਾ ਸ਼ਾਸਤਰ ਸੰਬੰਧੀ ਸਬੂਤ ਹੈ?
15 ਇਬਰਾਨੀਆਂ ਅਧਿਆਇ 11 ਵਿਚ ਵਰਣਿਤ ਸਾਰੇ ਨਿਹਚਾਵਾਨ ਪੁਰਸ਼ਾਂ ਅਤੇ ਇਸਤਰੀਆਂ ਨੂੰ ਨਿਸ਼ਠਾਵਾਨ ਵਿਅਕਤੀ ਕਿਹਾ ਜਾ ਸਕਦਾ ਹੈ। ਉਹ ਨਾ ਕੇਵਲ ਨਿਹਚਾਵਾਨ ਸਨ, ਬਲਕਿ ਦਬਾਉ ਦੇ ਬਾਵਜੂਦ ਨਿਸ਼ਠਾਵਾਨ ਵੀ ਸਨ। ਇਸ ਤਰ੍ਹਾਂ, ਅਸੀਂ ਉਨ੍ਹਾਂ ਬਾਰੇ ਪੜ੍ਹਦੇ ਹਾਂ “ਜਿਨ੍ਹਾਂ ਨੇ ਨਿਹਚਾ ਦੇ ਰਾਹੀਂ . . . ਬਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ, ਅੱਗ ਦੇ ਤਾਉ ਨੂੰ ਠੰਡਿਆਂ ਕੀਤਾ, ਤਲਵਾਰ ਦੀਆਂ ਧਾਰਾਂ ਤੋਂ ਬਚ ਨਿੱਕਲੇ, . . . ਅਤੇ ਕਈਕੁ ਠੱਠਿਆਂ ਵਿੱਚ ਉਡਾਏ ਜਾਣ ਅਤੇ ਕੋਰੜੇ ਖਾਣ ਸਗੋਂ ਜਕੜੇ ਜਾਣ ਅਤੇ ਕੈਦ ਹੋਣ ਨਾਲ ਪਰਤਾਏ ਗਏ। ਓਹ ਪਥਰਾਉ ਕੀਤੇ ਗਏ, ਆਰਿਆਂ ਨਾਲ ਚੀਰੇ ਗਏ, ਪਰਤਾਏ ਗਏ, ਤਲਵਾਰਾਂ ਨਾਲ ਵੱਢੇ ਗਏ, ਕੰਗਾਲ ਅਤੇ ਦੁਖੀ ਹੋਏ ਹੋਏ ਅਤੇ ਜਬਰੀ ਝੱਲਦੇ ਹੋਏ ਭੇਡਾਂ ਅਤੇ ਬੱਕਰਿਆਂ ਦੀਆਂ ਖਲੜੀਆਂ ਪਹਿਨੇ ਮਾਰੇ ਮਾਰੇ ਫਿਰਦੇ ਰਹੇ।”—ਇਬਰਾਨੀਆਂ 11:33-37.
16. ਰਸੂਲ ਪੌਲੁਸ ਨੇ ਨਿਸ਼ਠਾ ਦੀ ਕਿਹੜੀ ਮਿਸਾਲ ਪੇਸ਼ ਕੀਤੀ?
16 ਮਸੀਹੀ ਯੂਨਾਨੀ ਸ਼ਾਸਤਰ ਰਸੂਲ ਪੌਲੁਸ ਦਾ ਵੀ ਉੱਘੜਵਾਂ ਉਦਾਹਰਣ ਪੇਸ਼ ਕਰਦੇ ਹਨ। ਉਹ ਉਚਿਤ ਤੌਰ ਤੇ ਆਪਣੀ ਸੇਵਕਾਈ ਦੇ ਵਿਸ਼ੇ ਵਿਚ ਥੱਸਲੁਨੀਕੀ ਮਸੀਹੀਆਂ ਨੂੰ ਕਹਿ ਸਕਿਆ: “ਤੁਸੀਂ ਗਵਾਹ ਹੋ, ਨਾਲੇ ਪਰਮੇਸ਼ੁਰ ਵੀ ਹੈ, ਕਿ ਤੁਸੀਂ ਵਿਸ਼ਵਾਸੀਆਂ ਦੇ ਪ੍ਰਤੀ ਅਸੀਂ ਕਿੰਨੇ ਨਿਸ਼ਠਾਵਾਨ ਅਤੇ ਧਰਮੀ ਅਤੇ ਨਿਰਦੋਸ਼ ਸਾਬਤ ਹੋਏ ਹਾਂ।” (1 ਥੱਸਲੁਨੀਕੀਆਂ 2:10, ਨਿ ਵ) ਸਾਨੂੰ 2 ਕੁਰਿੰਥੀਆਂ 6:4, 5 ਵਿਚ ਦਰਜ ਪੌਲੁਸ ਦਿਆਂ ਸ਼ਬਦਾਂ ਵਿਚ ਉਸ ਦੀ ਨਿਸ਼ਠਾ ਦਾ ਹੋਰ ਵੀ ਸਬੂਤ ਮਿਲਦਾ ਹੈ, ਜਿੱਥੇ ਅਸੀਂ ਪੜ੍ਹਦੇ ਹਾਂ: “ਜਿਵੇਂ ਪਰਮੇਸ਼ੁਰ ਦੇ ਸੇਵਕਾਂ ਦੇ ਜੋਗ ਹੈ ਤਿਵੇਂ ਹਰ ਇੱਕ ਗੱਲ ਤੋਂ ਆਪਣੇ ਲਈ ਪਰਮਾਣ ਦਿੰਦੇ ਹਾਂ ਅਰਥਾਤ ਵੱਡੇ ਸਹਾਰੇ ਤੋਂ, ਬਿਪਤਾ ਤੋਂ, ਥੁੜਾਂ ਤੋਂ, ਤੰਗੀਆਂ ਤੋਂ, ਕੋਰੜੇ ਖਾਣ ਤੋਂ, ਕੈਦ ਤੋਂ, ਘਮਸਾਣਾਂ ਤੋਂ, ਮਿਹਨਤਾਂ ਤੋਂ, ਉਣੀਂਦਿਆਂ ਤੋਂ, ਫਾਕਿਆਂ ਤੋਂ।” ਇਹ ਸਾਰੀਆਂ ਗੱਲਾਂ ਸਬੂਤ ਹਨ ਕਿ ਰਸੂਲ ਪੌਲੁਸ ਨਿਸ਼ਠਾਵਾਨ ਹੋਣ ਦੇ ਕਾਰਨ ਆਤਮ-ਸਨਮਾਨ ਰੱਖਦਾ ਸੀ।
ਆਧੁਨਿਕ ਸਮਿਆਂ ਵਿਚ ਨਿਸ਼ਠਾਵਾਨ ਵਿਅਕਤੀ
17. ਜੇ. ਐੱਫ਼. ਰਦਰਫ਼ਰਡ ਦੇ ਕਿਹੜੇ ਸ਼ਬਦਾਂ ਨੇ ਉਸ ਦੀ ਨਿਸ਼ਠਾਵਾਨ ਰਹਿਣ ਦੀ ਦ੍ਰਿੜ੍ਹਤਾ ਨੂੰ ਪ੍ਰਗਟ ਕੀਤਾ?
17 ਆਧੁਨਿਕ ਸਮਿਆਂ ਨੂੰ ਆਉਂਦੇ ਹੋਏ, ਸਾਡੇ ਕੋਲ ਉਹ ਵਧੀਆ ਮਿਸਾਲ ਹੈ ਜੋ ਪਹਿਲਾਂ ਹੀ ਅਸੀਂ ਇਸ ਲੇਖ ਦੇ ਆਰੰਭ ਵਿਚ ਦੇਖ ਚੁੱਕੇ ਹਾਂ। ਧਿਆਨ ਦਿਓ ਕਿ ਪੁਸਤਕ ‘ਸ਼ਾਂਤੀ ਦੇ ਰਾਜ ਕੁਮਾਰ’ ਅਧੀਨ ਵਿਸ਼ਵ-ਵਿਆਪੀ ਸੁਰੱਖਿਆ (ਅੰਗ੍ਰੇਜ਼ੀ), ਸਫ਼ਾ 146 ਉੱਤੇ, ਉਪ-ਸਿਰਲੇਖ “ਕੈਦ ਦੇ ਸਮੇਂ ਦੇ ਦੌਰਾਨ ਨਿਸ਼ਠਾ” ਹੇਠ, ਕੀ ਬਿਆਨ ਕੀਤਾ ਗਿਆ ਹੈ। ਉੱਥੇ ਕਿਹਾ ਗਿਆ ਹੈ: “ਆਪਣੀ ਕੈਦ ਦੇ ਸਮੇਂ ਦੇ ਦੌਰਾਨ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ, ਜੋਸਫ਼ ਐੱਫ਼. ਰਦਰਫ਼ਰਡ ਨੇ ਯਹੋਵਾਹ ਦੇ ਸੰਗਠਨ ਦੇ ਪ੍ਰਤੀ ਨਿਸ਼ਠਾ ਦਿਖਾਉਂਦੇ ਹੋਏ, ਦਸੰਬਰ 25, 1918, ਨੂੰ ਇਹ ਲਿਖਿਆ: ‘ਕਿਉਂਕਿ ਮੈਂ ਬਾਬੁਲ ਨਾਲ ਸਮਝੌਤਾ ਕਰਨ ਤੋਂ ਇਨਕਾਰ ਕੀਤਾ, ਪਰੰਤੂ ਵਫ਼ਾਦਾਰੀ ਨਾਲ ਆਪਣੇ ਪ੍ਰਭੂ ਦੀ ਸੇਵਾ ਕਰਨ ਦਾ ਜਤਨ ਕੀਤਾ, ਮੈਂ ਕੈਦ ਵਿਚ ਹਾਂ, ਅਤੇ ਇਸ ਗੱਲ ਲਈ ਮੈਂ ਧੰਨਵਾਦੀ ਹਾਂ। . . . ਮੈਂ ਉਸ ਦੀ ਪ੍ਰਵਾਨਗੀ ਅਤੇ ਕਿਰਪਾਦ੍ਰਿਸ਼ਟੀ ਹਾਸਲ ਕਰ ਕੇ ਕੈਦ ਵਿਚ ਹੋਣਾ ਕਿਤੇ ਹੀ ਜ਼ਿਆਦਾ ਪਸੰਦ ਕਰਦਾ ਹਾਂ, ਇਸ ਦੀ ਬਜਾਇ ਕਿ ਉਸ ਦਰਿੰਦੇ ਦੇ ਨਾਲ ਸਮਝੌਤਾ ਕਰ ਕੇ ਜਾਂ ਉਸ ਅੱਗੇ ਝੁੱਕ ਕੇ ਆਜ਼ਾਦ ਹੋ ਜਾਵਾਂ ਅਤੇ ਪੂਰੇ ਸੰਸਾਰ ਦੀ ਸ਼ਲਾਘਾ ਹਾਸਲ ਕਰਾਂ।’”b
18, 19. ਆਧੁਨਿਕ ਸਮਿਆਂ ਵਿਚ ਸਾਡੇ ਕੋਲ ਨਿਸ਼ਠਾ ਦੀਆਂ ਕਿਹੜੀਆਂ ਉੱਤਮ ਮਿਸਾਲਾਂ ਹਨ?
18 ਸਾਨੂੰ ਅਨੇਕ ਦੂਸਰੇ ਮਸੀਹੀਆਂ ਵਿਚ ਨਿਸ਼ਠਾ ਦੀਆਂ ਉੱਤਮ ਮਿਸਾਲਾਂ ਮਿਲਦੀਆਂ ਹਨ, ਜਿਨ੍ਹਾਂ ਨੇ ਸਤਾਹਟਾਂ ਸਹਾਰੀਆਂ ਹਨ। ਨਾਜ਼ੀ ਹਕੂਮਤ ਦੇ ਦੌਰਾਨ ਅਜਿਹੇ ਨਿਸ਼ਠਾਵਾਨ ਵਿਅਕਤੀਆਂ ਵਿਚ ਯਹੋਵਾਹ ਦੇ ਜਰਮਨ ਗਵਾਹ ਸ਼ਾਮਲ ਹਨ, ਜਿਵੇਂ ਕਿ ਅੰਗ੍ਰੇਜ਼ੀ ਭਾਸ਼ਾ ਵਿਚ ਵਿਆਪਕ ਤੌਰ ਤੇ ਵਿਤਰਤ ਕੀਤੀ ਗਈ ਪਰਪਲ ਟ੍ਰਾਇਐਂਗਲਜ਼ ਵਿਡਿਓ ਵਿਚ ਚਿਤ੍ਰਿਤ ਕੀਤਾ ਗਿਆ ਹੈ। ਨਾਲ ਹੀ ਯਹੋਵਾਹ ਦੇ ਉਹ ਅਨੇਕ ਨਿਸ਼ਠਾਵਾਨ ਅਫ਼ਰੀਕੀ ਗਵਾਹ ਧਿਆਨਯੋਗ ਹਨ, ਉਦਾਹਰਣ ਵਜੋਂ ਉਹ ਜੋ ਮਲਾਵੀ ਵਿਚ ਹਨ। ਉੱਥੇ, ਇਕ ਜੇਲ੍ਹ ਦੇ ਦਰੋਗਾ ਨੇ ਗਵਾਹਾਂ ਦੀ ਨਿਸ਼ਠਾ ਦੀ ਸਾਖੀ ਦਿੰਦੇ ਹੋਏ ਕਿਹਾ: “ਉਹ ਕਦੇ ਵੀ ਸਮਝੌਤਾ ਨਹੀਂ ਕਰਨਗੇ। ਉਹ ਕੇਵਲ ਵਧਦੇ ਜਾਂਦੇ ਹਨ।”
19 ਅਸੀਂ ਹਾਲ ਹੀ ਦੀਆਂ ਯਹੋਵਾਹ ਦੇ ਗਵਾਹਾਂ ਦੀਆਂ ਯੀਅਰ ਬੁੱਕਸ ਨੂੰ ਪੜ੍ਹਨ ਤੇ ਯੂਨਾਨ, ਮੋਜ਼ਾਮਬੀਕ, ਅਤੇ ਪੋਲੈਂਡ ਵਿਚ ਸੱਚੇ ਮਸੀਹੀਆਂ ਵੱਲੋਂ ਦਿਖਾਈ ਗਈ ਨਿਸ਼ਠਾ ਤੋਂ ਨਿਸ਼ਚਿਤ ਹੀ ਪ੍ਰਭਾਵਿਤ ਹੁੰਦੇ ਹਾਂ। ਉਨ੍ਹਾਂ ਵਿੱਚੋਂ ਅਨੇਕਾਂ ਨੇ ਅਤਿਅੰਤ ਤਸੀਹੇ ਸਹੇ; ਦੂਜਿਆਂ ਨੂੰ ਕਤਲ ਕੀਤਾ ਗਿਆ। ਸੰਨ 1992 ਯੀਅਰ ਬੁੱਕ ਦੇ ਸਫ਼ੇ 177 ਉੱਤੇ ਇਥੋਪੀਆ ਵਿਚ ਨੌਂ ਮਸੀਹੀ ਪੁਰਸ਼ਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ, ਜਿਨ੍ਹਾਂ ਨੇ ਕਤਲ ਕੀਤੇ ਜਾਣ ਦੀ ਹੱਦ ਤਕ ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕੀਤਾ। ਯਹੋਵਾਹ ਦੇ ਗਵਾਹ ਹੋਣ ਵਜੋਂ, ਕੀ ਅਸੀਂ ਖ਼ੁਸ਼ ਨਹੀਂ ਹਾਂ ਕਿ ਸਾਡੇ ਕੋਲ ਇੰਨੀਆਂ ਵਧੀਆ ਮਿਸਾਲਾਂ ਹਨ ਜੋ ਸਾਨੂੰ ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨ ਲਈ ਪ੍ਰੇਰਿਤ ਕਰਦੀਆਂ ਹਨ?
20. ਜੇਕਰ ਅਸੀਂ ਨਿਸ਼ਠਾਵਾਨ ਰਹੀਏ, ਤਾਂ ਸਿੱਟੇ ਵਜੋਂ ਕੀ ਹੋਵੇਗਾ?
20 ਨਿਸ਼ਠਾ ਨਾਲ ਪਰਤਾਵਿਆਂ ਅਤੇ ਦਬਾਵਾਂ ਦਾ ਵਿਰੋਧ ਕਰਨ ਦੁਆਰਾ, ਅਸੀਂ ਆਪਣਾ ਆਤਮ-ਸਨਮਾਨ ਵਧਾਉਂਦੇ ਹਾਂ। ਤਾਂ ਫਿਰ, ਅਸੀਂ ਨਿਸ਼ਠਾ ਦੇ ਵਾਦ-ਵਿਸ਼ੇ ਉੱਤੇ ਕਿਸ ਦੇ ਪੱਖ ਵਿਚ ਪਾਏ ਜਾਣਾ ਚਾਹੁੰਦੇ ਹਾਂ? ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨ ਨਾਲ, ਅਸੀਂ ਇਸ ਵਾਦ-ਵਿਸ਼ੇ ਵਿਚ ਯਹੋਵਾਹ ਪਰਮੇਸ਼ੁਰ ਦਾ ਪੱਖ ਲੈਂਦੇ ਹਾਂ ਅਤੇ ਸ਼ਤਾਨ ਅਰਥਾਤ ਇਬਲੀਸ ਨੂੰ ਉਹ ਹੀ ਨੀਚ ਤੇ ਘਟੀਆ ਝੂਠਾ ਸਾਬਤ ਕਰਦੇ ਹਾਂ ਜੋ ਕਿ ਉਹ ਹੈ! ਇੰਜ ਅਸੀਂ ਆਪਣੇ ਬਣਾਉਣ ਵਾਲੇ, ਯਹੋਵਾਹ ਪਰਮੇਸ਼ੁਰ ਦੀ ਪ੍ਰਵਾਨਗੀ, ਅਤੇ ਖ਼ੁਸ਼ੀ ਵਿਚ ਸਦੀਪਕ ਜੀਵਨ ਦਾ ਪ੍ਰਤਿਫਲ ਹਾਸਲ ਕਰਦੇ ਹਾਂ। (ਜ਼ਬੂਰ 37:29; 144:15ਅ) ਨਿਸ਼ਠਾ ਦੀ ਚੁਣੌਤੀ ਦਾ ਸਾਮ੍ਹਣਾ ਕਰਨ ਲਈ ਕਿਸ ਚੀਜ਼ ਦੀ ਲੋੜ ਹੈ, ਇਹ ਅੱਗੇ ਚਰਚਾ ਕੀਤੀ ਜਾਵੇਗੀ। (w96 3/15)
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਦੋ ਖੰਡਾਂ ਦਾ ਬਾਈਬਲ ਐਨਸਾਈਕਲੋਪੀਡੀਆ।
b ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ
ਤੁਸੀਂ ਕਿਵੇਂ ਜਵਾਬ ਦਿਓਗੇ?
◻ ਨਿਸ਼ਠਾਵਾਨ ਹੋਣਾ ਇਕ ਚੁਣੌਤੀ ਕਿਉਂ ਪੇਸ਼ ਕਰਦਾ ਹੈ?
◻ ਇਹ ਕਿਉਂ ਕਿਹਾ ਜਾ ਸਕਦਾ ਹੈ ਕਿ “ਨਿਸ਼ਠਾ” ਇਕ ਬਹੁਤ ਹੀ ਅਨੋਖਾ ਸ਼ਬਦ ਹੈ?
◻ ਸਾਡੇ ਕੋਲ ਉਨ੍ਹਾਂ ਅਪੂਰਣ ਮਾਨਵ ਦੀਆਂ ਕਿਹੜੀਆਂ ਸ਼ਾਸਤਰ ਸੰਬੰਧੀ ਮਿਸਾਲਾਂ ਹਨ ਜੋ ਨਿਸ਼ਠਾਵਾਨ ਸਨ?
◻ ਸਾਡੇ ਕੋਲ ਨਿਸ਼ਠਾ ਦੀਆਂ ਆਧੁਨਿਕ-ਦਿਨ ਦੀਆਂ ਕਿਹੜੀਆਂ ਵਧੀਆ ਮਿਸਾਲਾਂ ਹਨ?
[ਸਫ਼ੇ 19 ਉੱਤੇ ਤਸਵੀਰ]
ਚਾਰਲਸ ਟੇਜ਼ ਰਸਲ
[ਸਫ਼ੇ 20 ਉੱਤੇ ਤਸਵੀਰ]
ਯਿਸੂ ਸੱਚ-ਮੁੱਚ ਯਹੋਵਾਹ ਦਾ “ਨਿਸ਼ਠਾਵਾਨ ਪੁਰਖ” ਸੀ
[ਸਫ਼ੇ 21 ਉੱਤੇ ਤਸਵੀਰ]
ਅੱਯੂਬ, ਭਾਵੇਂ ਕਿ ਅਪੂਰਣ ਸੀ, ਪਰਮੇਸ਼ੁਰ ਦੇ ਪ੍ਰਤੀ ਨਿਸ਼ਠਾਵਾਨ ਸਾਬਤ ਹੋਇਆ
[ਸਫ਼ੇ 22 ਉੱਤੇ ਤਸਵੀਰ]
ਪੌਲੁਸ ਨੇ ਯਹੋਵਾਹ ਦੇ ਪ੍ਰਤੀ ਨਿਸ਼ਠਾ ਦੀ ਇਕ ਵਧੀਆ ਮਿਸਾਲ ਕਾਇਮ ਕੀਤੀ