ਕਿਉਂ ਸੱਚੀ ਉਪਾਸਨਾ ਪਰਮੇਸ਼ੁਰ ਦੀ ਬਰਕਤ ਹਾਸਲ ਕਰਦੀ ਹੈ
“ਹਲਲੂਯਾਹ! ਮੁਕਤੀ, ਮਹਿਮਾ ਅਤੇ ਸਮਰੱਥਾ ਸਾਡੇ ਪਰਮੇਸ਼ੁਰ ਦੀ ਹੈ, ਉਹ ਦੇ ਨਿਆਉਂ ਤਾਂ ਸੱਚੇ ਅਤੇ ਜਥਾਰਥ ਹਨ।”—ਪਰਕਾਸ਼ ਦੀ ਪੋਥੀ 19:1, 2.
1. ਵੱਡੀ ਬਾਬੁਲ ਦਾ ਅੰਤ ਕਿਵੇਂ ਹੋਵੇਗਾ?
“ਬਾਬੁਲ, ਵੱਡੀ ਨਗਰੀ” ਪਰਮੇਸ਼ੁਰ ਦੀ ਨਜ਼ਰ ਵਿਚ ਢਹਿ ਪਈ ਹੈ ਅਤੇ ਹੁਣ ਵਿਨਾਸ਼ ਦਾ ਸਾਮ੍ਹਣਾ ਕਰਦੀ ਹੈ। ਬਾਈਬਲ ਭਵਿੱਖਬਾਣੀ ਸੰਕੇਤ ਕਰਦੀ ਹੈ ਕਿ ਇਹ ਵਿਸ਼ਵ-ਵਿਆਪੀ ਧਾਰਮਿਕ ਕੰਜਰੀ ਛੇਤੀ ਹੀ ਆਪਣੇ ਰਾਜਨੀਤਿਕ ਯਾਰਾਂ ਦੇ ਹੱਥੋਂ ਖ਼ਤਮ ਕੀਤੀ ਜਾਵੇਗੀ; ਉਸ ਦਾ ਅੰਤ ਅਚਾਨਕ ਅਤੇ ਸ਼ੀਘਰ ਹੋਵੇਗਾ। ਯਿਸੂ ਵੱਲੋਂ ਯੂਹੰਨਾ ਨੂੰ ਦਿੱਤੇ ਗਏ ਪ੍ਰਕਾਸ਼ ਵਿਚ ਇਹ ਭਵਿੱਖ-ਸੂਚਕ ਸ਼ਬਦ ਸ਼ਾਮਲ ਸਨ: “ਇੱਕ ਬਲੀ ਦੂਤ ਨੇ ਇੱਕ ਪੱਥਰ ਵੱਡੇ ਖਰਾਸ ਦੇ ਪੁੜ ਜਿਹਾ ਚੁੱਕ ਕੇ ਸਮੁੰਦਰ ਵਿੱਚ ਸੁੱਟਿਆ ਅਤੇ ਆਖਿਆ, ਇਸੇ ਤਰਾਂ ਉਹ ਵੱਡੀ ਨਗਰੀ ਬਾਬੁਲ ਜ਼ੋਰ ਨਾਲ ਡੇਗੀ ਜਾਵੇਗੀ, ਅਤੇ ਫੇਰ ਕਦੇ ਉਹ ਦਾ ਪਤਾ ਨਾ ਲੱਗੇਗਾ!”—ਪਰਕਾਸ਼ ਦੀ ਪੋਥੀ 18:2, 21.
2. ਯਹੋਵਾਹ ਦੇ ਸੇਵਕ ਵੱਡੀ ਬਾਬੁਲ ਦੇ ਵਿਨਾਸ਼ ਦੇ ਪ੍ਰਤੀ ਕਿਵੇਂ ਪ੍ਰਤਿਕ੍ਰਿਆ ਦਿਖਾਉਣਗੇ?
2 ਸ਼ਤਾਨ ਦੇ ਸੰਸਾਰ ਦੇ ਕੁਝ ਭਾਗ ਵੱਡੀ ਬਾਬੁਲ ਦੇ ਵਿਨਾਸ਼ ਉੱਤੇ ਵਿਰਲਾਪ ਕਰਨਗੇ ਪਰੰਤੂ ਨਿਸ਼ਚੇ ਹੀ ਪਰਮੇਸ਼ੁਰ ਦੇ ਸੇਵਕ, ਸਵਰਗੀ ਜਾਂ ਪਾਰਥਿਵ, ਵਿਰਲਾਪ ਨਹੀਂ ਕਰਨਗੇ। ਪਰਮੇਸ਼ੁਰ ਦੇ ਪ੍ਰਤੀ ਉਨ੍ਹਾਂ ਦਾ ਇਹ ਆਨੰਦਮਈ ਜੈਕਾਰਾ ਹੋਵੇਗਾ: “ਹਲਲੂਯਾਹ! ਮੁਕਤੀ, ਮਹਿਮਾ ਅਤੇ ਸਮਰੱਥਾ ਸਾਡੇ ਪਰਮੇਸ਼ੁਰ ਦੀ ਹੈ, ਉਹ ਦੇ ਨਿਆਉਂ ਤਾਂ ਸੱਚੇ ਅਤੇ ਜਥਾਰਥ ਹਨ, ਇਸ ਲਈ ਜੋ ਉਸ ਵੱਡੀ ਕੰਜਰੀ ਦਾ ਜਿਨ ਆਪਣੀ ਹਰਾਮਕਾਰੀ ਨਾਲ ਧਰਤੀ ਨੂੰ ਵਿਗਾੜਿਆ ਸੀ, ਨਿਆਉਂ ਕੀਤਾ ਅਤੇ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਉਹ ਦੇ ਹੱਥੋਂ ਲਿਆ।”—ਪਰਕਾਸ਼ ਦੀ ਪੋਥੀ 18:9, 10; 19:1, 2.
ਸੱਚੇ ਧਰਮ ਨੂੰ ਕੀ ਫਲ ਪੈਦਾ ਕਰਨਾ ਚਾਹੀਦਾ ਹੈ?
3. ਕਿਹੜੇ ਸਵਾਲ ਜਵਾਬਾਂ ਦੀ ਮੰਗ ਕਰਦੇ ਹਨ?
3 ਜਦ ਕਿ ਧਰਤੀ ਤੋਂ ਝੂਠਾ ਧਰਮ ਸਾਫ਼ ਕੀਤਾ ਜਾਵੇਗਾ, ਤਾਂ ਕਿਸ ਪ੍ਰਕਾਰ ਦੀ ਉਪਾਸਨਾ ਕਾਇਮ ਰਹੇਗੀ? ਅਸੀਂ ਅੱਜ ਕਿਵੇਂ ਨਿਸ਼ਚਿਤ ਕਰ ਸਕਦੇ ਹਾਂ ਕਿ ਕਿਹੜਾ ਧਾਰਮਿਕ ਸਮੂਹ ਸ਼ਤਾਨ ਦੇ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਦੇ ਵਿਨਾਸ਼ ਵਿੱਚੋਂ ਬਚੇਗਾ? ਉਹ ਧਾਰਮਿਕ ਫਲ ਕੀ ਹੈ ਜੋ ਇਸ ਸਮੂਹ ਨੂੰ ਪੈਦਾ ਕਰਨਾ ਚਾਹੀਦਾ ਹੈ? ਯਹੋਵਾਹ ਦੀ ਸੱਚੀ ਉਪਾਸਨਾ ਦੀ ਪਛਾਣ ਕਰਨ ਲਈ ਘੱਟੋ-ਘੱਟ ਦੱਸ ਕਸੌਟੀਆਂ ਹਨ।—ਮਲਾਕੀ 3:18; ਮੱਤੀ 13:43.
4. ਸੱਚੀ ਉਪਾਸਨਾ ਦੇ ਲਈ ਪਹਿਲੀ ਮੰਗ ਕੀ ਹੈ, ਅਤੇ ਯਿਸੂ ਨੇ ਇਸ ਸੰਬੰਧ ਵਿਚ ਕਿਵੇਂ ਮਿਸਾਲ ਕਾਇਮ ਕੀਤੀ?
4 ਸਭ ਤੋਂ ਪਹਿਲਾਂ, ਸੱਚੇ ਮਸੀਹੀਆਂ ਨੂੰ ਉਸ ਸਰਬਸੱਤਾ ਦਾ ਸਮਰਥਨ ਕਰਨਾ ਚਾਹੀਦਾ ਹੈ ਜਿਸ ਲਈ ਯਿਸੂ ਮਰਿਆ ਸੀ—ਅਥਵਾ ਉਸ ਦੇ ਪਿਤਾ ਦੀ ਸਰਬਸੱਤਾ। ਯਿਸੂ ਨੇ ਆਪਣਾ ਜੀਵਨ ਕਿਸੇ ਰਾਜਨੀਤਿਕ, ਕਬਾਇਲੀ, ਨਸਲੀ, ਜਾਂ ਸਮਾਜਕ ਹੇਤੂ ਲਈ ਕੁਰਬਾਨ ਨਹੀਂ ਕੀਤਾ ਸੀ। ਉਸ ਨੇ ਆਪਣੇ ਪਿਤਾ ਦੇ ਰਾਜ ਨੂੰ ਸਾਰੀਆਂ ਯਹੂਦੀ ਰਾਜਨੀਤਿਕ ਜਾਂ ਕ੍ਰਾਂਤੀਕਾਰੀ ਅਭਿਲਾਸ਼ਾਵਾਂ ਤੋਂ ਅਗਾਹਾਂ ਰੱਖਿਆ। ਉਸ ਨੇ ਸ਼ਤਾਨ ਵੱਲੋਂ ਸੰਸਾਰਕ ਤਾਕਤ ਦੀ ਪੇਸ਼ਕਸ਼ ਦਾ ਜਵਾਬ ਇਨ੍ਹਾਂ ਸ਼ਬਦਾਂ ਵਿਚ ਦਿੱਤਾ: “ਹੇ ਸ਼ਤਾਨ ਚੱਲਿਆ ਜਾਹ! ਕਿਉਂ ਜੋ ਲਿਖਿਆ ਹੈ ਭਈ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ।” ਉਹ ਇਬਰਾਨੀ ਸ਼ਾਸਤਰ ਤੋਂ ਜਾਣਦਾ ਸੀ ਕਿ ਯਹੋਵਾਹ ਸਾਰੀ ਧਰਤੀ ਉੱਤੇ ਸੱਚਾ ਸਰਬਸੱਤਾਵਾਨ ਹੈ। ਕਿਹੜਾ ਧਾਰਮਿਕ ਸਮੂਹ ਇਸ ਸੰਸਾਰ ਦੀਆਂ ਰਾਜਨੀਤਿਕ ਵਿਵਸਥਾਵਾਂ ਦੀ ਬਜਾਇ ਯਹੋਵਾਹ ਦੀ ਹਕੂਮਤ ਨੂੰ ਨਿਸ਼ਚਿਤ ਰੂਪ ਵਿਚ ਸਮਰਥਨ ਦਿੰਦਾ ਹੈ?—ਮੱਤੀ 4:10; ਜ਼ਬੂਰ 83:18.
5. (ੳ) ਸੱਚੇ ਉਪਾਸਕਾਂ ਨੂੰ ਪਰਮੇਸ਼ੁਰ ਦੇ ਨਾਂ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ? (ਅ) ਕਿਹੜੀ ਗੱਲ ਪ੍ਰਦਰਸ਼ਿਤ ਕਰਦੀ ਹੈ ਕਿ ਯਹੋਵਾਹ ਦੇ ਗਵਾਹ ਉਸ ਨਾਂ ਦਾ ਸਨਮਾਨ ਕਰਦੇ ਹਨ?
5 ਇਕ ਦੂਜੀ ਮੰਗ ਇਹ ਹੈ ਕਿ ਸੱਚੀ ਉਪਾਸਨਾ ਨੂੰ ਪਰਮੇਸ਼ੁਰ ਦੇ ਨਾਂ ਨੂੰ ਵਡਿਆਉਣਾ ਅਤੇ ਪਵਿੱਤਰ ਕਰਨਾ ਚਾਹੀਦਾ ਹੈ। ਸਰਬਸ਼ਕਤੀਮਾਨ ਨੇ ਆਪਣਾ ਨਾਂ ਯਹੋਵਾਹ (ਕੁਝ ਬਾਈਬਲ ਅਨੁਵਾਦਾਂ ਵਿਚ ਯਾਹਵੇਹ ਤਰਜਮਾ ਕੀਤਾ ਗਿਆ), ਆਪਣੀ ਪਰਜਾ ਇਸਰਾਏਲ ਨੂੰ ਪ੍ਰਗਟ ਕੀਤਾ, ਅਤੇ ਇਹ ਇਬਰਾਨੀ ਸ਼ਾਸਤਰ ਵਿਚ ਹਜ਼ਾਰਾਂ ਵਾਰੀ ਵਰਤਿਆ ਜਾਂਦਾ ਹੈ। ਉਸ ਤੋਂ ਵੀ ਪਹਿਲਾਂ, ਆਦਮ, ਹੱਵਾਹ, ਅਤੇ ਦੂਜੇ ਲੋਕ ਇਸ ਨਾਂ ਨੂੰ ਜਾਣਦੇ ਸਨ, ਹਾਲਾਂਕਿ ਉਨ੍ਹਾਂ ਨੇ ਹਮੇਸ਼ਾ ਇਸ ਦਾ ਆਦਰ ਨਹੀਂ ਕੀਤਾ। (ਉਤਪਤ 4:1; 9:26; 22:14; ਕੂਚ 6:2) ਜਦ ਕਿ ਮਸੀਹੀ-ਜਗਤ ਅਤੇ ਯਹੂਦੀ ਕੌਮ ਦਿਆਂ ਅਨੁਵਾਦਕਾਂ ਨੇ ਆਮ ਤੌਰ ਤੇ ਆਪਣੀਆਂ ਬਾਈਬਲਾਂ ਵਿੱਚੋਂ ਈਸ਼ਵਰੀ ਨਾਂ ਨੂੰ ਛੱਡਿਆ ਹੈ, ਯਹੋਵਾਹ ਦੇ ਗਵਾਹਾਂ ਨੇ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਵਿਚ ਉਸ ਨਾਂ ਨੂੰ ਉਸ ਦਾ ਉਚਿਤ ਥਾਂ ਅਤੇ ਆਦਰ ਦਿੱਤਾ ਹੈ। ਉਹ ਉਸ ਨਾਂ ਦਾ ਸਨਮਾਨ ਕਰਦੇ ਹਨ, ਠੀਕ ਜਿਵੇਂ ਮੁਢਲੇ ਮਸੀਹੀ ਕਰਦੇ ਸਨ। ਯਾਕੂਬ ਨੇ ਗਵਾਹੀ ਦਿੱਤੀ: “ਸ਼ਮਊਨ ਨੇ ਦੱਸਿਆ ਹੈ ਭਈ ਕਿਸ ਪਰਕਾਰ ਪਰਮੇਸ਼ੁਰ ਨੇ ਪਹਿਲਾਂ ਪਰਾਈਆਂ ਕੌਮਾਂ ਉੱਤੇ ਨਿਗਾਹ ਕੀਤੀ ਤਾਂ ਜੋ ਓਹਨਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ। ਅਤੇ ਨਬੀਆਂ ਦੇ ਬਚਨ ਏਸ ਨਾਲ ਮਿਲਦੇ ਹਨ . . . ਤਾਂ ਜੋ ਬਾਕੀ ਦੇ ਆਦਮੀ ਅਰਥਾਤ ਸਾਰੀਆਂ ਪਰਾਈਆਂ ਕੌਮਾਂ ਜੋ ਮੇਰੇ ਨਾਮ ਦੇ ਸਦਾਉਂਦੇ ਹਨ ਪ੍ਰਭੁ ਨੂੰ ਭਾਲਣ। ਪ੍ਰਭੁ ਜਿਹੜਾ . . . ਏਹ ਗੱਲਾਂ ਪਰਗਟ ਕਰਦਾ ਹੈ ਇਉਂ ਆਖਦਾ ਹੈ।” (ਟੇਢੇ ਟਾਈਪ ਸਾਡੇ।)—ਰਸੂਲਾਂ ਦੇ ਕਰਤੱਬ 15:14-18; ਆਮੋਸ 9:11, 12.
6. (ੳ) ਸੱਚੀ ਉਪਾਸਨਾ ਲਈ ਤੀਜੀ ਮੰਗ ਕੀ ਹੈ? (ਅ) ਯਿਸੂ ਅਤੇ ਦਾਨੀਏਲ ਨੇ ਰਾਜ ਹਕੂਮਤ ਉੱਤੇ ਕਿਵੇਂ ਜ਼ੋਰ ਦਿੱਤਾ? (ਲੂਕਾ 17:20, 21)
6 ਸੱਚੀ ਉਪਾਸਨਾ ਲਈ ਇਕ ਤੀਜੀ ਮੰਗ ਇਹ ਹੈ ਕਿ ਇਸ ਨੂੰ ਮਨੁੱਖਜਾਤੀ ਦੀਆਂ ਹਕੂਮਤ ਸੰਬੰਧੀ ਸਮੱਸਿਆਵਾਂ ਦੇ ਇੱਕੋ-ਇਕ ਜਾਇਜ਼ ਅਤੇ ਵਿਵਹਾਰਕ ਸੁਲਝਾਉ ਵਜੋਂ ਪਰਮੇਸ਼ੁਰ ਦੇ ਰਾਜ ਨੂੰ ਉੱਚਾ ਕਰਨਾ ਚਾਹੀਦਾ ਹੈ। ਯਿਸੂ ਨੇ ਸਪੱਸ਼ਟ ਤੌਰ ਤੇ ਆਪਣੇ ਅਨੁਯਾਈਆਂ ਨੂੰ ਉਸ ਰਾਜ ਦੇ ਆਉਣ ਲਈ, ਅਰਥਾਤ ਪਰਮੇਸ਼ੁਰ ਦੇ ਰਾਜ ਨੂੰ ਧਰਤੀ ਉੱਤੇ ਇਖ਼ਤਿਆਰ ਲੈਣ ਲਈ ਪ੍ਰਾਰਥਨਾ ਕਰਨੀ ਸਿਖਾਈ ਸੀ। ਦਾਨੀਏਲ ਅੰਤ ਦਿਆਂ ਦਿਨਾਂ ਦੇ ਸੰਬੰਧ ਵਿਚ ਭਵਿੱਖਬਾਣੀ ਕਰਨ ਲਈ ਪ੍ਰੇਰਿਤ ਹੋਇਆ ਸੀ: “ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ . . . ਉਹ ਏਹਨਾਂ ਸਾਰੀਆਂ [ਸੰਸਾਰਕ, ਰਾਜਨੀਤਿਕ] ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” ਕਿਨ੍ਹਾਂ ਨੇ ਇਸ 20ਵੀਂ ਸਦੀ ਵਿਚ ਆਪਣੀ ਕ੍ਰਿਆ-ਵਿਧੀ ਦੁਆਰਾ ਦਿਖਾਇਆ ਹੈ ਕਿ ਉਹ ਉਸ ਰਾਜ ਨੂੰ ਅਣਵੰਡਿਆ ਸਮਰਥਨ ਦਿੰਦੇ ਹਨ—ਵੱਡੀ ਬਾਬੁਲ ਦੇ ਧਰਮ ਜਾਂ ਯਹੋਵਾਹ ਦੇ ਗਵਾਹ?—ਦਾਨੀਏਲ 2:44; ਮੱਤੀ 6:10; 24:14.
7. ਸੱਚੇ ਉਪਾਸਕ ਬਾਈਬਲ ਨੂੰ ਕਿਵੇਂ ਵਿਚਾਰਦੇ ਹਨ?
7 ਪਰਮੇਸ਼ੁਰ ਦੀ ਪ੍ਰਵਾਨਗੀ ਲਈ ਇਕ ਚੌਥੀ ਜ਼ਰੂਰਤ ਇਹ ਹੈ ਕਿ ਪਰਮੇਸ਼ੁਰ ਦਿਆਂ ਸੱਚੇ ਸੇਵਕਾਂ ਨੂੰ ਪਰਮੇਸ਼ੁਰ ਦੇ ਪ੍ਰੇਰਿਤ ਬਚਨ ਵਜੋਂ ਬਾਈਬਲ ਦਾ ਸਮਰਥਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਉਹ ਮੂਲ-ਪਾਠ ਸਮੀਖਿਆ ਦੇ ਸ਼ਿਕਾਰ ਨਹੀਂ ਬਣਨਗੇ, ਜਿਹੜੀ ਕਿ ਬਾਈਬਲ ਨੂੰ ਕੇਵਲ ਇਕ ਮਾਨਵ ਸਾਹਿਤਕ ਰਚਨਾ ਦੇ ਤੌਰ ਤੇ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ, ਜਿਸ ਵਿਚ ਮਾਨਵ ਰਚਨਾ ਦੀਆਂ ਸਾਰੀਆਂ ਤਰੁੱਟੀਆਂ ਵੀ ਸ਼ਾਮਲ ਹੋਣਗੀਆਂ। ਯਹੋਵਾਹ ਦੇ ਗਵਾਹ ਵਿਸ਼ਵਾਸ ਕਰਦੇ ਹਨ ਕਿ ਬਾਈਬਲ ਪਰਮੇਸ਼ੁਰ ਦਾ ਪ੍ਰੇਰਿਤ ਬਚਨ ਹੈ, ਠੀਕ ਜਿਵੇਂ ਪੌਲੁਸ ਨੇ ਤਿਮੋਥਿਉਸ ਨੂੰ ਲਿਖਿਆ ਸੀ: “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ। ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।”a ਇਸ ਲਈ, ਯਹੋਵਾਹ ਦੇ ਗਵਾਹ ਬਾਈਬਲ ਨੂੰ ਆਪਣੇ ਮਾਰਗ-ਦਰਸ਼ਕ, ਰੋਜ਼ਾਨਾ ਦੀ ਜ਼ਿੰਦਗੀ ਲਈ ਆਪਣੀ ਹਿਦਾਇਤ ਪੁਸਤਕ, ਅਤੇ ਭਵਿੱਖ ਲਈ ਆਪਣੇ ਉਮੀਦ ਦੇ ਸੋਮੇ ਵਜੋਂ ਸਵੀਕਾਰ ਕਰਦੇ ਹਨ।—2 ਤਿਮੋਥਿਉਸ 3:16, 17.
ਪ੍ਰੇਮ ਦਾ ਧਰਮ, ਨਾ ਕਿ ਨਫ਼ਰਤ ਦਾ
8. ਸੱਚੀ ਉਪਾਸਨਾ ਦੇ ਲਈ ਇਕ ਪੰਜਵੀਂ ਜ਼ਰੂਰਤ ਕੀ ਹੈ?
8 ਯਿਸੂ ਨੇ ਆਪਣੇ ਸੱਚੇ ਅਨੁਯਾਈਆਂ ਨੂੰ ਕਿਵੇਂ ਭਿੰਨ ਦਿਖਾਇਆ? ਉਸ ਦਾ ਜਵਾਬ ਸਾਨੂੰ ਸੱਚੀ ਉਪਾਸਨਾ ਦੇ ਅਤਿ-ਆਵੱਸ਼ਕ ਪੰਜਵੇਂ ਪਛਾਣ ਚਿੰਨ੍ਹ ਵੱਲ ਲੈ ਆਉਂਦਾ ਹੈ। ਯਿਸੂ ਨੇ ਕਿਹਾ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਟੇਢੇ ਟਾਈਪ ਸਾਡੇ।) (ਯੂਹੰਨਾ 13:34, 35) ਯਿਸੂ ਨੇ ਆਪਣਾ ਪ੍ਰੇਮ ਕਿਵੇਂ ਪ੍ਰਦਰਸ਼ਿਤ ਕੀਤਾ? ਇਕ ਰਿਹਾਈ-ਕੀਮਤ ਬਲੀਦਾਨ ਦੇ ਤੌਰ ਤੇ ਆਪਣਾ ਜੀਵਨ ਦੇਣ ਦੇ ਦੁਆਰਾ। (ਮੱਤੀ 20:28; ਯੂਹੰਨਾ 3:16) ਅਸਲੀ ਪ੍ਰੇਮ ਸੱਚੇ ਮਸੀਹੀਆਂ ਦੇ ਲਈ ਇਕ ਜ਼ਰੂਰੀ ਗੁਣ ਕਿਉਂ ਹੈ? ਯੂਹੰਨਾ ਨੇ ਸਮਝਾਇਆ: “ਹੇ ਪਿਆਰਿਓ, ਆਓ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ ਕਿਉਂ ਜੋ ਪ੍ਰੇਮ ਪਰਮੇਸ਼ੁਰ ਤੋਂ ਹੈ . . . ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ ਕਿਉਂ ਜੋ ਪਰਮੇਸ਼ੁਰ ਪ੍ਰੇਮ ਹੈ।”—1 ਯੂਹੰਨਾ 4:7, 8.
9. ਕਿਨ੍ਹਾਂ ਨੇ ਸੱਚਾ ਪ੍ਰੇਮ ਦਿਖਾਇਆ ਹੈ, ਅਤੇ ਕਿਵੇਂ?
9 ਸਾਡੇ ਸਮੇਂ ਵਿਚ ਕਿਨ੍ਹਾਂ ਨੇ ਜਾਤੀਗਤ, ਕੌਮੀ, ਜਾਂ ਨਸਲੀ ਨਫ਼ਰਤ ਦੇ ਬਾਵਜੂਦ ਵੀ ਇਸ ਪ੍ਰਕਾਰ ਦਾ ਪ੍ਰੇਮ ਪ੍ਰਦਰਸ਼ਿਤ ਕੀਤਾ ਹੈ? ਕੌਣ ਹਨ ਜੋ ਮੌਤ ਤਕ ਵੀ ਇਸ ਪਰਮ ਪਰੀਖਿਆ ਵਿਚ ਸਫ਼ਲ ਹੋਏ ਹਨ, ਤਾਂ ਜੋ ਉਨ੍ਹਾਂ ਦਾ ਪ੍ਰੇਮ ਪ੍ਰਬਲ ਹੋਵੇ? ਕੀ ਅਸੀਂ ਕਹਿ ਸਕਦੇ ਹਾਂ ਕਿ ਇਹ ਕੈਥੋਲਿਕ ਪਾਦਰੀ ਅਤੇ ਨਨ ਹਨ ਜੋ ਨਿਸ਼ਚੇ ਹੀ ਉਸ ਕੁਲ-ਨਾਸ਼ ਲਈ ਕੁਝ ਹੱਦ ਤਕ ਜ਼ਿੰਮੇਵਾਰ ਸਨ ਜੋ 1994 ਵਿਚ ਰਵਾਂਡਾ ਵਿਚ ਹੋਇਆ ਸੀ? ਕੀ ਇਹ ਸਰਬੀਆ ਦੇ ਆਰਥੋਡਾਕਸ ਜਾਂ ਕ੍ਰੋਸ਼ੀਆ ਦੇ ਕੈਥੋਲਿਕ ਹਨ ਜਿਨ੍ਹਾਂ ਨੇ ਬਾਲਕਨ ਵਿਚ ਹੋਏ ਉਸ ਗ੍ਰਹਿ-ਯੁੱਧ ਦੌਰਾਨ “ਨਸਲੀ ਸਫ਼ਾਇਆ” ਅਤੇ ਦੂਜੇ ਗ਼ੈਰ-ਮਸੀਹੀ ਕਾਰਵਾਈਆਂ ਵਿਚ ਭਾਗ ਲਿਆ ਸੀ? ਜਾਂ ਕਿ ਇਹ ਕੈਥੋਲਿਕ ਜਾਂ ਪ੍ਰੋਟੈਸਟੈਂਟ ਪਾਦਰੀ ਹਨ ਜਿਨ੍ਹਾਂ ਨੇ ਪਿਛਲੇ ਕੁਝ ਦਸ਼ਕਾਂ ਦੇ ਦੌਰਾਨ ਉੱਤਰੀ ਆਇਰਲੈਂਡ ਵਿਚ ਪੱਖਪਾਤ ਅਤੇ ਨਫ਼ਰਤ ਦੀ ਅੱਗ ਉੱਤੇ ਤੇਲ ਪਾਇਆ ਹੈ? ਯਕੀਨਨ ਹੀ ਯਹੋਵਾਹ ਦਿਆਂ ਗਵਾਹਾਂ ਉੱਤੇ ਅਜਿਹੇ ਕਿਸੇ ਵੀ ਝਗੜੇ ਵਿਚ ਹਿੱਸਾ ਲੈਣ ਦਾ ਦੋਸ਼ ਨਹੀਂ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਆਪਣੇ ਮਸੀਹੀ ਪ੍ਰੇਮ ਨਾਲ ਵਿਸ਼ਵਾਸਘਾਤ ਕਰਨ ਦੀ ਬਜਾਇ, ਕੈਦਾਂ ਅਤੇ ਨਜ਼ਰਬੰਦੀ-ਕੈਂਪਾਂ ਵਿਚ, ਇੱਥੋਂ ਤਕ ਕਿ ਮੌਤ ਤਕ ਵੀ, ਦੁੱਖ ਭੋਗਿਆ ਹੈ।—ਯੂਹੰਨਾ 15:17.
10. ਸੱਚੇ ਮਸੀਹੀ ਨਿਰਪੱਖ ਕਿਉਂ ਰਹਿੰਦੇ ਹਨ?
10 ਪਰਮੇਸ਼ੁਰ ਨੂੰ ਸਵੀਕਾਰਯੋਗ ਉਪਾਸਨਾ ਦੇ ਲਈ ਇਕ ਛੇਵੀਂ ਜ਼ਰੂਰਤ ਹੈ ਇਸ ਸੰਸਾਰ ਦਿਆਂ ਰਾਜਨੀਤਿਕ ਮਾਮਲਿਆਂ ਦੇ ਸੰਬੰਧ ਵਿਚ ਨਿਰਪੱਖਤਾ। ਮਸੀਹੀਆਂ ਨੂੰ ਰਾਜਨੀਤੀ ਵਿਚ ਨਿਰਪੱਖ ਕਿਉਂ ਰਹਿਣਾ ਚਾਹੀਦਾ ਹੈ? ਪੌਲੁਸ, ਯਾਕੂਬ, ਅਤੇ ਯੂਹੰਨਾ ਸਾਨੂੰ ਇਹ ਸਥਿਤੀ ਅਪਣਾਉਣ ਲਈ ਠੋਸ ਕਾਰਨ ਦਿੰਦੇ ਹਨ। ਰਸੂਲ ਪੌਲੁਸ ਨੇ ਲਿਖਿਆ ਕਿ ਸ਼ਤਾਨ ‘ਇਸ ਜੁੱਗ ਦਾ ਈਸ਼ੁਰ’ ਹੈ, ਜੋ ਅਵਿਸ਼ਵਾਸੀਆਂ ਦਿਆਂ ਮਨਾਂ ਨੂੰ ਹਰ ਸੰਭਵ ਤਰੀਕੇ ਦੁਆਰਾ ਅੰਨ੍ਹਾ ਕਰ ਰਿਹਾ ਹੈ, ਜਿਸ ਵਿਚ ਵਿਭਾਜਿਤ ਕਰਨ ਵਾਲੀ ਰਾਜਨੀਤੀ ਵੀ ਸ਼ਾਮਲ ਹੈ। ਚੇਲੇ ਯਾਕੂਬ ਨੇ ਬਿਆਨ ਕੀਤਾ ਕਿ “ਸੰਸਾਰ ਦਾ ਮਿੱਤ੍ਰਚਾਰਾ ਪਰਮੇਸ਼ੁਰ ਦਾ ਵੈਰ ਹੈ,” ਅਤੇ ਰਸੂਲ ਯੂਹੰਨਾ ਨੇ ਕਿਹਾ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” ਇਸ ਲਈ, ਇਕ ਸੱਚਾ ਮਸੀਹੀ, ਸ਼ਤਾਨ ਦੇ ਰਾਜਨੀਤੀ ਅਤੇ ਸੱਤਾ ਦੇ ਭ੍ਰਿਸ਼ਟ ਸੰਸਾਰ ਵਿਚ ਅੰਤਰਗ੍ਰਸਤ ਹੋਣ ਦੁਆਰਾ ਪਰਮੇਸ਼ੁਰ ਦੇ ਪ੍ਰਤੀ ਆਪਣੀ ਭਗਤੀ ਦਾ ਸਮਝੌਤਾ ਨਹੀਂ ਕਰ ਸਕਦਾ ਹੈ।—2 ਕੁਰਿੰਥੀਆਂ 4:4; ਯਾਕੂਬ 4:4; 1 ਯੂਹੰਨਾ 5:19.
11. (ੳ) ਮਸੀਹੀ ਲੋਕ ਯੁੱਧ ਬਾਰੇ ਕੀ ਵਿਚਾਰ ਰੱਖਦੇ ਹਨ? (ਅ) ਇਸ ਸਥਿਤੀ ਦੇ ਲਈ ਕਿਹੜਾ ਸ਼ਾਸਤਰ-ਸੰਬੰਧੀ ਆਧਾਰ ਹੈ? (2 ਕੁਰਿੰਥੀਆਂ 10:3-5)
11 ਦੋ ਪੂਰਵਵਰਤੀ ਮੰਗਾਂ ਨੂੰ ਦੇਖਦਿਆਂ ਹੋਏ, ਇਕ ਸੱਤਵੀਂ ਮੰਗ ਸਪੱਸ਼ਟ ਹੋ ਜਾਂਦੀ ਹੈ, ਅਥਵਾ, ਸੱਚੇ ਮਸੀਹੀ ਉਪਾਸਕਾਂ ਨੂੰ ਯੁੱਧਾਂ ਵਿਚ ਭਾਗ ਨਹੀਂ ਲੈਣਾ ਚਾਹੀਦਾ ਹੈ। ਕਿਉਂ ਜੋ ਸੱਚਾ ਧਰਮ ਪ੍ਰੇਮ ਉੱਤੇ ਆਧਾਰਿਤ ਇਕ ਵਿਸ਼ਵ-ਵਿਆਪੀ ਭਾਈਚਾਰਾ ਹੈ, ਕੋਈ ਵੀ ਚੀਜ਼ ਉਸ “ਗੁਰਭਾਈ ਜਿਹੜੇ ਜਗਤ ਵਿੱਚ ਹਨ,” ਨੂੰ ਵਿਭਾਜਿਤ ਨਹੀਂ ਕਰ ਸਕਦੀ ਜਾਂ ਤੋੜ ਨਹੀਂ ਸਕਦੀ ਹੈ। ਯਿਸੂ ਨੇ ਪ੍ਰੇਮ, ਨਾ ਕਿ ਨਫ਼ਰਤ; ਸ਼ਾਂਤੀ, ਨਾ ਕਿ ਯੁੱਧ ਦੀ ਸਿੱਖਿਆ ਦਿੱਤੀ ਸੀ। (1 ਪਤਰਸ 5:9; ਮੱਤੀ 26:51, 52) ਉਹੀ “ਦੁਸ਼ਟ,” ਅਥਵਾ ਸ਼ਤਾਨ, ਜਿਸ ਨੇ ਕਇਨ ਨੂੰ ਹਾਬਲ ਦਾ ਕਤਲ ਕਰਨ ਲਈ ਪ੍ਰੇਰਿਤ ਕੀਤਾ ਸੀ, ਹੁਣ ਵੀ ਮਨੁੱਖਜਾਤੀ ਦੇ ਵਿਚਕਾਰ ਨਫ਼ਰਤ ਬੀਜ ਰਿਹਾ ਹੈ ਅਤੇ ਰਾਜਨੀਤਿਕ, ਧਾਰਮਿਕ, ਅਤੇ ਨਸਲੀ ਵਿਭਾਜਨਾਂ ਦੇ ਆਧਾਰ ਤੇ ਝਗੜੇ ਅਤੇ ਖ਼ੂਨ-ਖ਼ਰਾਬਾ ਭੜਕਾ ਰਿਹਾ ਹੈ। ਸੱਚੇ ਮਸੀਹੀ ‘ਲੜਾਈ ਨਹੀਂ ਸਿੱਖਦੇ ਹਨ,’ ਭਾਵੇਂ ਕਿ ਇਸ ਦੀ ਉਨ੍ਹਾਂ ਨੂੰ ਕੋਈ ਵੀ ਕੀਮਤ ਕਿਉਂ ਨਾ ਚੁੱਕਣੀ ਪਵੇ। ਲਾਖਣਿਕ ਤੌਰ ਤੇ, ਉਹ ਪਹਿਲਾਂ ਤੋਂ ਹੀ ‘ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾ ਚੁੱਕੇ ਹਨ, ਅਤੇ ਆਪਣੇ ਬਰਛਿਆਂ ਨੂੰ ਦਾਤ।’ ਉਹ ਪਰਮੇਸ਼ੁਰ ਦੀ ਆਤਮਾ ਦਾ ਸ਼ਾਂਤਮਈ ਫਲ ਪੈਦਾ ਕਰਦੇ ਹਨ।—1 ਯੂਹੰਨਾ 3:10-12; ਯਸਾਯਾਹ 2:2-4; ਗਲਾਤੀਆਂ 5:22, 23.
ਪਰਮੇਸ਼ੁਰ ਆਚਰਣ ਅਤੇ ਸਿੱਖਿਆ ਦੀ ਸ਼ੁੱਧਤਾ ਉੱਤੇ ਬਰਕਤ ਦਿੰਦਾ ਹੈ
12. (ੳ) ਅੱਠਵੀਂ ਮੰਗ ਕੀ ਹੈ, ਪਰੰਤੂ ਤੁਸੀਂ ਕਿਹੜੇ ਧਾਰਮਿਕ ਵਿਭਾਜਨਾਂ ਦੀਆਂ ਮਿਸਾਲਾਂ ਦੇ ਸਕਦੇ ਹੋ? (ਅ) ਪੌਲੁਸ ਨੇ ਇਸ ਅੱਠਵੀਂ ਮੰਗ ਨੂੰ ਕਿਵੇਂ ਉਜਾਗਰ ਕੀਤਾ?
12 ਮਸੀਹੀ ਏਕਤਾ ਸੱਚੀ ਉਪਾਸਨਾ ਦੀ ਅੱਠਵੀਂ ਮੰਗ ਹੈ। ਪਰੰਤੂ, ਮਸੀਹੀ-ਜਗਤ ਦਿਆਂ ਵਿਭਾਜਿਤ ਕਰਨ ਵਾਲੇ ਧਰਮਾਂ ਨੇ ਇਸ ਪੱਖੋਂ ਸਹਾਇਤਾ ਨਹੀਂ ਕੀਤੀ ਹੈ। ਅਨੇਕ ਅਖਾਉਤੀ ਮੁੱਖ ਪੰਥ ਵਿਭਿੰਨ ਫ਼ਿਰਕਿਆਂ ਵਿਚ ਵਿਭਾਜਿਤ ਹੋ ਗਏ ਹਨ, ਅਤੇ ਇਸ ਦਾ ਸਿੱਟਾ ਗੜਬੜੀ ਹੈ। ਸੰਯੁਕਤ ਰਾਜ ਅਮਰੀਕਾ ਵਿਚ ਬੈਪਟਿਸਟ ਧਰਮ ਦੀ ਮਿਸਾਲ ਲਓ, ਜੋ ਉੱਤਰੀ ਬੈਪਟਿਸਟ (ਯੂ.ਐੱਸ.ਏ. ਵਿਚ ਅਮਰੀਕੀ ਬੈਪਟਿਸਟ ਚਰਚ) ਅਤੇ ਦੱਖਣੀ ਬੈਪਟਿਸਟ (ਦੱਖਣੀ ਬੈਪਟਿਸਟ ਕਨਵੈਨਸ਼ਨ), ਅਤੇ ਹੋਰ ਦਰਜਨਾਂ ਦੂਸਰੇ ਬੈਪਟਿਸਟ ਸਮੂਹਾਂ ਵਿਚ ਵਿਭਾਜਿਤ ਹੋ ਗਿਆ ਹੈ, ਜੋ ਸੰਪ੍ਰਦਾਇਕ ਫੁੱਟ ਤੋਂ ਪਰਿਣਿਤ ਹੋਏ ਹਨ। (ਵਰਲਡ ਕ੍ਰਿਸਚੀਅਨ ਐਨਸਾਈਕਲੋਪੀਡੀਆ, ਸਫ਼ਾ 714) ਅਨੇਕ ਵਿਭਾਜਨ ਸਿਧਾਂਤਾਂ ਵਿਚ ਜਾਂ ਗਿਰਜੇ ਦੀ ਹਕੂਮਤ ਵਿਚ ਭਿੰਨਤਾ ਦੇ ਕਾਰਨ ਉਤਪੰਨ ਹੁੰਦੇ ਹਨ (ਮਿਸਾਲ ਲਈ, ਪ੍ਰੈਸਬੀਟੀਰੀਅਨ, ਬਿਸ਼ਪਤੰਤਰ, ਸੰਗਤਵਾਦੀ)। ਮਸੀਹੀ-ਜਗਤ ਦਿਆਂ ਵਿਭਾਜਨਾਂ ਦੇ ਸਮਾਨਾਂਤਰ, ਮਸੀਹੀ-ਜਗਤ ਦੇ ਬਾਹਰ ਦਿਆਂ ਧਰਮਾਂ ਵਿਚ ਵੀ ਵਿਭਾਜਨ ਹਨ—ਭਾਵੇਂ ਇਹ ਬੁੱਧ ਮਤ, ਇਸਲਾਮ, ਜਾਂ ਹਿੰਦੂ ਧਰਮ ਹੋਵੇ। ਰਸੂਲ ਪੌਲੁਸ ਨੇ ਮੁਢਲੇ ਮਸੀਹੀਆਂ ਨੂੰ ਕੀ ਸਲਾਹ ਦਿੱਤੀ ਸੀ? “ਹੇ ਭਰਾਵੋ, ਸਾਡੇ ਪ੍ਰਭੁ ਯਿਸੂ ਮਸੀਹ ਦੇ ਨਾਮ ਦਾ ਵਾਸਤਾ ਦੇ ਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਸੱਭੇ ਇੱਕੋ ਗੱਲ ਬੋਲੋ ਅਤੇ ਤੁਹਾਡੇ ਵਿੱਚ ਫੋਟਕ ਨਾ ਪੈਣ ਸਗੋਂ ਇੱਕੋ ਮਨ ਅਤੇ ਇੱਕੋ ਵਿਚਾਰ ਵਿੱਚ ਪੂਰੇ ਹੋ ਜਾਵੋ।”—1 ਕੁਰਿੰਥੀਆਂ 1:10; 2 ਕੁਰਿੰਥੀਆਂ 13:11.
13, 14. (ੳ) ‘ਪਵਿੱਤ੍ਰ ਹੋਣ’ ਦਾ ਕੀ ਭਾਵ ਹੈ? (ਅ) ਸੱਚੀ ਉਪਾਸਨਾ ਕਿਵੇਂ ਸ਼ੁੱਧ ਰੱਖੀ ਜਾਂਦੀ ਹੈ?
13 ਪਰਮੇਸ਼ੁਰ ਵੱਲੋਂ ਪ੍ਰਵਾਨਿਤ ਧਰਮ ਦੇ ਲਈ ਨੌਵੀਂ ਮੰਗ ਕੀ ਹੈ? ਲੇਵੀਆਂ 11:45 ਵਿਚ ਇਕ ਬਾਈਬਲੀ ਸਿਧਾਂਤ ਵਿਅਕਤ ਕੀਤਾ ਗਿਆ ਹੈ: “ਤੁਸੀਂ ਪਵਿੱਤ੍ਰ ਹੋਵੋ, ਮੈਂ ਜੋ ਪਵਿੱਤ੍ਰ ਹਾਂ।” ਰਸੂਲ ਪਤਰਸ ਨੇ ਇਸ ਮੰਗ ਨੂੰ ਦੁਹਰਾਇਆ ਜਦੋਂ ਉਸ ਨੇ ਲਿਖਿਆ: “ਜਿਵੇਂ ਤੁਹਾਡਾ ਸੱਦਣ ਵਾਲਾ ਪਵਿੱਤਰ ਹੈ ਤੁਸੀਂ ਆਪ ਭੀ ਤਿਵੇਂ ਹੀ ਆਪਣੀ ਸਾਰੀ ਚਾਲ ਵਿੱਚ ਪਵਿੱਤਰ ਬਣੋ।” (ਟੇਢੇ ਟਾਈਪ ਸਾਡੇ।)—1 ਪਤਰਸ 1:15.
14 ਪਵਿੱਤਰ ਹੋਣ ਦੀ ਇਸ ਲੋੜ ਦਾ ਕੀ ਅਰਥ ਹੈ? ਇਹ ਕਿ ਯਹੋਵਾਹ ਦਿਆਂ ਉਪਾਸਕਾਂ ਨੂੰ ਅਧਿਆਤਮਿਕ ਅਤੇ ਨੈਤਿਕ ਤੌਰ ਤੇ ਸ਼ੁੱਧ ਹੋਣਾ ਚਾਹੀਦਾ ਹੈ। (2 ਪਤਰਸ 3:14) ਇੱਥੇ ਅਪਸ਼ਚਾਤਾਪੀ, ਸੁਵਿਚਾਰਿਤ ਪਾਪੀਆਂ ਲਈ ਕੋਈ ਥਾਂ ਨਹੀਂ ਹੈ, ਜੋ ਆਪਣੇ ਆਚਰਣ ਦੁਆਰਾ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਨੂੰ ਤੁੱਛ ਸਮਝਦੇ ਹਨ। (ਇਬਰਾਨੀਆਂ 6:4-6) ਯਹੋਵਾਹ ਮੰਗ ਕਰਦਾ ਹੈ ਕਿ ਮਸੀਹੀ ਕਲੀਸਿਯਾ ਸ਼ੁੱਧ ਅਤੇ ਪਵਿੱਤਰ ਰੱਖੀ ਜਾਵੇ। ਇਹ ਕਿਵੇਂ ਸੰਪੰਨ ਕੀਤਾ ਜਾਂਦਾ ਹੈ? ਕੁਝ ਹੱਦ ਤਕ ਇਹ ਉਨ੍ਹਾਂ ਲੋਕਾਂ, ਜੋ ਕਲੀਸਿਯਾ ਨੂੰ ਕਲੰਕਿਤ ਕਰਨਗੇ, ਨੂੰ ਛੇਕਣ ਦੀ ਨਿਆਇਕ ਕ੍ਰਿਆ ਦੁਆਰਾ ਕੀਤਾ ਜਾਂਦਾ ਹੈ।—1 ਕੁਰਿੰਥੀਆਂ 5:9-13.
15, 16. ਅਨੇਕ ਮਸੀਹੀਆਂ ਨੇ ਆਪਣੇ ਜੀਵਨਾਂ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਹਨ?
15 ਮਸੀਹੀ ਸੱਚਾਈ ਜਾਣਨ ਤੋਂ ਪਹਿਲਾਂ, ਅਨੇਕ ਵਿਅਕਤੀ ਦੁਰਾਚਾਰੀ, ਸੁਖਵਾਦੀ, ਸਵੈ-ਕੇਂਦ੍ਰਿਤ ਜੀਵਨ ਬਤੀਤ ਕਰਦੇ ਸਨ। ਪਰੰਤੂ ਮਸੀਹ ਦੇ ਬਾਰੇ ਬਚਨ ਨੇ ਉਨ੍ਹਾਂ ਨੂੰ ਬਦਲ ਦਿੱਤਾ, ਅਤੇ ਉਨ੍ਹਾਂ ਨੇ ਆਪਣੇ ਪਾਪਾਂ ਲਈ ਮਾਫ਼ੀ ਪ੍ਰਾਪਤ ਕਰ ਲਈ ਹੈ। ਪੌਲੁਸ ਨੇ ਇਸ ਗੱਲ ਨੂੰ ਜ਼ੋਰਦਾਰ ਤਰੀਕੇ ਨਾਲ ਪ੍ਰਗਟ ਕੀਤਾ ਜਦੋਂ ਉਸ ਨੇ ਲਿਖਿਆ: “ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ? ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਜ਼ਨਾਹਕਾਰ, ਨਾ ਜਨਾਨੜੇ, ਨਾ ਮੁੰਡੇਬਾਜ, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਹੋਣਗੇ। ਅਤੇ ਤੁਹਾਡੇ ਵਿੱਚੋਂ ਕਈਕੁ ਏਹੋ ਜੇਹੇ ਸਨ ਪਰ . . . ਤੁਸੀਂ ਧੋਤੇ ਗਏ।” (ਟੇਢੇ ਟਾਈਪ ਸਾਡੇ।)—1 ਕੁਰਿੰਥੀਆਂ 6:9-11.
16 ਇਹ ਸਪੱਸ਼ਟ ਹੈ ਕਿ ਯਹੋਵਾਹ ਉਨ੍ਹਾਂ ਨੂੰ ਪ੍ਰਵਾਨ ਕਰਦਾ ਹੈ ਜੋ ਆਪਣੇ ਸ਼ਾਸਤਰ ਵਿਰੋਧੀ ਆਚਰਣ ਤੋਂ ਤੋਬਾ ਕਰਦੇ ਹਨ, ਮੁੜਦੇ ਹਨ, ਅਤੇ ਮਸੀਹ ਅਤੇ ਉਸ ਦੀਆਂ ਸਿੱਖਿਆਵਾਂ ਦੇ ਸੱਚੇ ਅਨੁਯਾਈ ਬਣਦੇ ਹਨ। ਉਹ ਆਪਣੇ ਗੁਆਂਢੀਆਂ ਨਾਲ ਆਪਣੇ ਸਮਾਨ ਪ੍ਰੇਮ ਕਰਦੇ ਹਨ ਅਤੇ ਇਸ ਨੂੰ ਅਨੇਕ ਤਰੀਕਿਆਂ ਨਾਲ ਪ੍ਰਦਰਸ਼ਿਤ ਕਰਦੇ ਹਨ, ਜਿਵੇਂ ਕਿ ਅਜਿਹੀ ਸੇਵਕਾਈ ਵਿਚ ਲੱਗੇ ਰਹਿਣ ਦੇ ਦੁਆਰਾ ਜੋ ਉਨ੍ਹਾਂ ਸਾਰਿਆਂ ਨੂੰ, ਜੋ ਸੁਣਨਗੇ, ਜੀਵਨ ਦਾ ਸੰਦੇਸ਼ ਪੇਸ਼ ਕਰਦੀ ਹੈ।—2 ਤਿਮੋਥਿਉਸ 4:5.
“ਸਚਿਆਈ ਤੁਹਾਨੂੰ ਅਜ਼ਾਦ ਕਰੇਗੀ”
17. ਸੱਚੀ ਉਪਾਸਨਾ ਦੇ ਲਈ ਦੱਸਵੀਂ ਮੰਗ ਕੀ ਹੈ? ਮਿਸਾਲਾਂ ਦਿਓ।
17 ਯਹੋਵਾਹ ਦੀ ਉਪਾਸਨਾ ਆਤਮਾ ਅਤੇ ਸੱਚਾਈ ਵਿਚ ਕਰਨ ਵਾਲਿਆਂ ਲਈ ਉਸ ਦੀ ਇਕ ਦੱਸਵੀਂ ਮੰਗ ਹੈ—ਸ਼ੁੱਧ ਸਿੱਖਿਆ। (ਯੂਹੰਨਾ 4:23, 24) ਯਿਸੂ ਨੇ ਆਪਣੇ ਅਨੁਯਾਈਆਂ ਨੂੰ ਕਿਹਾ: “[ਤੁਸੀਂ] ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।” (ਯੂਹੰਨਾ 8:32) ਬਾਈਬਲ ਦੀ ਸੱਚਾਈ ਸਾਨੂੰ ਪ੍ਰਾਣ ਦੀ ਅਮਰਤਾ, ਨਰਕ ਦੀ ਅੱਗ, ਅਤੇ ਸੋਧਣ-ਸਥਾਨ ਵਰਗੇ ਪਰਮੇਸ਼ੁਰ-ਨਿੰਦਕ ਸਿਧਾਂਤਾਂ ਤੋਂ ਮੁਕਤ ਕਰਦੀ ਹੈ। (ਉਪਦੇਸ਼ਕ ਦੀ ਪੋਥੀ 9:5, 6, 10; ਹਿਜ਼ਕੀਏਲ 18:4, 20) ਇਹ ਸਾਨੂੰ ਮਸੀਹੀ-ਜਗਤ ਦੇ “ਅਤਿ ਪਵਿੱਤਰ ਤ੍ਰਿਏਕ” ਦੇ ਬਾਬੁਲੀ ਰਹੱਸ ਤੋਂ ਮੁਕਤ ਕਰਦੀ ਹੈ। (ਬਿਵਸਥਾ ਸਾਰ 4:35; 6:4; 1 ਕੁਰਿੰਥੀਆਂ 15:27, 28) ਬਾਈਬਲ ਸੱਚਾਈ ਦੇ ਪ੍ਰਤੀ ਆਗਿਆਕਾਰਤਾ ਤੋਂ ਪ੍ਰੇਮਮਈ, ਫ਼ਿਕਰਮੰਦ, ਦਿਆਲੂ, ਕਿਰਪਾਲੂ ਲੋਕ ਪਰਿਣਿਤ ਹੁੰਦੇ ਹਨ। ਸੱਚੀ ਮਸੀਹੀਅਤ ਨੇ ਕਦੇ ਵੀ ਬਦਲੇਖ਼ੋਰ, ਅਸਹਿਣਸ਼ੀਲ ਧਰਮ-ਪਰੀਖਕਾਂ, ਜਿਵੇਂ ਕਿ ਟੋਮਾਸ ਡ ਟੌਰਕੇਮਾਡਾ ਨੂੰ, ਜਾਂ ਘਿਰਣਿਤ ਜੰਗਬਾਜ਼ਾਂ, ਜਿਵੇਂ ਕਿ ਕਰੂਸ-ਯੁੱਧ ਦਿਆਂ ਪੋਪ-ਪਦ ਦੇ ਉਤਸ਼ਾਹਕਾਂ ਨੂੰ ਵਿਕਸਿਤ ਨਹੀਂ ਕੀਤਾ ਹੈ। ਫਿਰ ਵੀ, ਵੱਡੀ ਬਾਬੁਲ ਨੇ ਪੂਰੇ ਇਤਿਹਾਸ ਦੇ ਦੌਰਾਨ, ਘੱਟੋ-ਘੱਟ ਨਿਮਰੋਦ ਦੇ ਸਮੇਂ ਤੋਂ ਲੈ ਕੇ ਹੁਣ ਤਕ, ਇਸੇ ਪ੍ਰਕਾਰ ਦਾ ਫਲ ਪੈਦਾ ਕੀਤਾ ਹੈ।—ਉਤਪਤ 10:8, 9.
ਇਕ ਨਾਂ ਜੋ ਨਿਖੜਵਾਂ ਹੈ
18. (ੳ) ਸੱਚੀ ਉਪਾਸਨਾ ਦੇ ਲਈ ਦੱਸ ਮੰਗਾਂ ਉੱਤੇ ਕੌਣ ਪੂਰਾ ਉਤਰਦੇ ਹਨ ਅਤੇ ਕਿਵੇਂ? (ਅ) ਸਾਡੇ ਅੱਗੇ ਜੋ ਬਰਕਤ ਹੈ, ਉਸ ਨੂੰ ਹਾਸਲ ਕਰਨ ਲਈ ਸਾਨੂੰ ਵਿਅਕਤੀਗਤ ਤੌਰ ਤੇ ਕੀ ਕਰਨਾ ਚਾਹੀਦਾ ਹੈ?
18 ਕੌਣ ਹਨ ਜੋ ਅੱਜ ਸੱਚੀ ਉਪਾਸਨਾ ਦੀਆਂ ਇਨ੍ਹਾਂ ਦੱਸ ਮੰਗਾਂ ਨੂੰ ਅਸਲ ਵਿਚ ਪੂਰਾ ਕਰਦੇ ਹਨ? ਕੌਣ ਹਨ ਜੋ ਖਰਿਆਈ ਅਤੇ ਅਮਨਪਸੰਦੀ ਦੇ ਆਪਣੇ ਰਿਕਾਰਡ ਲਈ ਦੂਸਰਿਆਂ ਦੁਆਰਾ ਜਾਣੇ ਅਤੇ ਪਛਾਣੇ ਜਾਂਦੇ ਹਨ? ਧਰਤੀ ਭਰ ਵਿਚ ਯਹੋਵਾਹ ਦੇ ਗਵਾਹ “ਜਗਤ ਦੇ ਨਹੀਂ” ਹੋਣ ਲਈ ਪ੍ਰਸਿੱਧ ਹਨ। (ਯੂਹੰਨਾ 15:19; 17:14, 16; 18:36) ਯਹੋਵਾਹ ਦੇ ਲੋਕ ਉਸ ਦੇ ਨਾਂ ਤੋਂ ਸੱਦੇ ਜਾਣ ਅਤੇ ਉਸ ਦੇ ਗਵਾਹ ਹੋਣ, ਜਿਵੇਂ ਯਿਸੂ ਮਸੀਹ ਆਪਣੇ ਪਿਤਾ ਲਈ ਇਕ ਵਫ਼ਾਦਾਰ ਗਵਾਹ ਸੀ, ਵਿਚ ਸਨਮਾਨ ਮਹਿਸੂਸ ਕਰਦੇ ਹਨ। ਅਸੀਂ ਉਸ ਪਵਿੱਤਰ ਨਾਂ ਤੋਂ ਸੱਦੇ ਜਾਂਦੇ ਹਾਂ, ਅਤੇ ਇਹ ਨਾਂ ਜਿਨ੍ਹਾਂ ਗੱਲਾਂ ਨੂੰ ਦਰਸਾਉਂਦਾ ਹੈ, ਅਸੀਂ ਉਨ੍ਹਾਂ ਉੱਤੇ ਪੂਰੇ ਉਤਰਨ ਦੀ ਆਪਣੀ ਜ਼ਿੰਮੇਵਾਰੀ ਦੇ ਪ੍ਰਤੀ ਸਚੇਤ ਹਾਂ। ਅਤੇ, ਉਸ ਦੇ ਗਵਾਹ ਹੋਣ ਦੇ ਨਾਤੇ, ਸਾਡੇ ਅੱਗੇ ਕੀ ਹੀ ਇਕ ਸ਼ਾਨਦਾਰ ਭਵਿੱਖ ਹੈ! ਜੋ ਹੈ ਕਿ ਇੱਥੇ ਧਰਤੀ ਉੱਤੇ ਇਕ ਮੁੜ ਬਹਾਲ ਕੀਤੇ ਗਏ ਪਰਾਦੀਸ ਵਿਚ ਵਿਸ਼ਵ ਸਰਬਸੱਤਾਵਾਨ ਦੀ ਉਪਾਸਨਾ ਕਰਨ ਵਾਲੇ ਇਕ ਆਗਿਆਕਾਰ, ਸੰਯੁਕਤ ਮਾਨਵ ਪਰਿਵਾਰ ਦਾ ਭਾਗ ਹੋਣਾ। ਅਜਿਹੀ ਬਰਕਤ ਹਾਸਲ ਕਰਨ ਦੇ ਲਈ, ਆਓ ਅਸੀਂ ਨਿਰੰਤਰ ਸਪੱਸ਼ਟ ਤਰੀਕੇ ਤੋਂ ਆਪਣੇ ਆਪ ਨੂੰ ਸੱਚੀ ਉਪਾਸਨਾ ਦੇ ਨਾਲ ਜੋੜੀਏ ਅਤੇ ਫਖ਼ਰ ਦੇ ਨਾਲ ਯਹੋਵਾਹ ਦੇ ਗਵਾਹ ਦੇ ਨਾਂ ਤੋਂ ਸੱਦੇ ਜਾਈਏ ਕਿਉਂਕਿ “ਉਹ ਦੇ ਨਿਆਉਂ ਤਾਂ ਸੱਚੇ ਅਤੇ ਜਥਾਰਥ ਹਨ”!—ਪਰਕਾਸ਼ ਦੀ ਪੋਥੀ 19:2; ਯਸਾਯਾਹ 43:10-12; ਹਿਜ਼ਕੀਏਲ 3:11. (w96 4/15)
[ਫੁਟਨੋਟ]
a ਖ਼ੁਦ ਬਾਈਬਲ ਤਰਜਮੇ ਪਰਮੇਸ਼ੁਰ ਵੱਲੋਂ ਪ੍ਰੇਰਿਤ ਨਹੀਂ ਹਨ। ਤਰਜਮੇ, ਆਪਣੀ ਖ਼ਾਸੀਅਤ ਦੇ ਕਾਰਨ ਸ਼ਾਇਦ ਉਨ੍ਹਾਂ ਮੂਲ ਭਾਸ਼ਾਵਾਂ, ਜਿਸ ਵਿਚ ਬਾਈਬਲ ਲਿਖੀ ਗਈ ਸੀ, ਦੀ ਸਮਝ ਵਿਚ ਭਿੰਨਤਾਵਾਂ ਪ੍ਰਤਿਬਿੰਬਤ ਕਰਨ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਯਹੋਵਾਹ ਦੇ ਸੇਵਕ ਵੱਡੀ ਬਾਬੁਲ ਦੇ ਵਿਨਾਸ਼ ਨੂੰ ਕਿਵੇਂ ਵਿਚਾਰਦੇ ਹਨ?
◻ ਸੱਚੀ ਉਪਾਸਨਾ ਦੇ ਲਈ ਕਿਹੜੀਆਂ ਮੁੱਖ ਮੰਗਾਂ ਹਨ?
◻ ਸੱਚਾਈ ਤੁਹਾਨੂੰ ਕਿਵੇਂ ਮੁਕਤ ਕਰ ਦਿੰਦੀ ਹੈ?
◻ ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਸਾਨੂੰ ਕਿਹੜਾ ਖ਼ਾਸ ਸਨਮਾਨ ਹਾਸਲ ਹੈ?
[ਸਫ਼ੇ 26 ਉੱਤੇ ਤਸਵੀਰਾਂ]
ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਨੂੰ ਪ੍ਰਚਾਰ ਕਰ ਰਹੇ ਅਤੇ ਸਿਖਾ ਰਹੇ ਹਨ
[ਸਫ਼ੇ 27 ਉੱਤੇ ਤਸਵੀਰ]
ਸੱਚੇ ਮਸੀਹੀ ਸੰਸਾਰਕ ਰਾਜਨੀਤੀ ਅਤੇ ਯੁੱਧਾਂ ਦੇ ਪ੍ਰਤੀ ਹਮੇਸ਼ਾ ਨਿਰਪੱਖ ਰਹੇ ਹਨ
[ਕ੍ਰੈਡਿਟ ਲਾਈਨ]
ਹਵਾਈ-ਜਹਾਜ਼: Courtesy of the Ministry of Defense, London