ਮੁਢਲੀ ਮਸੀਹੀਅਤ ਅਤੇ ਸਰਕਾਰ
ਆਪਣੀ ਮੌਤ ਦੀ ਪੂਰਬਲੀ ਸ਼ਾਮ ਨੂੰ, ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਸੀਂ ਜਗਤ ਦੇ ਨਹੀਂ ਹੋ ਪਰ ਮੈਂ ਤੁਹਾਨੂੰ ਜਗਤ ਵਿੱਚੋਂ ਚੁਣ ਲਿਆ ਇਸ ਕਰਕੇ ਜਗਤ ਤੁਹਾਡੇ ਨਾਲ ਵੈਰ ਕਰਦਾ ਹੈ।” (ਯੂਹੰਨਾ 15:19) ਪਰੰਤੂ, ਕੀ ਇਸ ਦਾ ਇਹ ਅਰਥ ਹੈ ਕਿ ਮਸੀਹੀ ਇਸ ਸੰਸਾਰ ਦੇ ਅਧਿਕਾਰੀਆਂ ਦੇ ਪ੍ਰਤੀ ਇਕ ਵੈਰਭਾਵੀ ਰਵੱਈਆ ਅਪਣਾਉਣਗੇ?
ਸੰਸਾਰਕ ਨਹੀਂ ਪਰੰਤੂ ਵੈਰਭਾਵੀ ਵੀ ਨਹੀਂ
ਰਸੂਲ ਪੌਲੁਸ ਨੇ ਰੋਮ ਵਿਚ ਰਹਿਣ ਵਾਲੇ ਮਸੀਹੀਆਂ ਨੂੰ ਆਖਿਆ: “ਹਰੇਕ ਪ੍ਰਾਣੀ ਹਕੂਮਤਾਂ [“ਉੱਚ ਹਕੂਮਤਾਂ,” ਨਿ ਵ] ਦੇ ਅਧੀਨ ਰਹੇ।” (ਰੋਮੀਆਂ 13:1) ਇਸੇ ਤਰ੍ਹਾਂ, ਰਸੂਲ ਪਤਰਸ ਨੇ ਲਿਖਿਆ: “ਤੁਸੀਂ ਪ੍ਰਭੁ ਦੇ ਨਮਿੱਤ ਮਨੁੱਖ ਦੇ ਹਰੇਕ ਪਰਬੰਧ ਦੇ ਅਧੀਨ ਹੋਵੋ, ਭਾਵੇਂ ਪਾਤਸ਼ਾਹ ਦੇ ਇਸ ਲਈ ਜੋ ਉਹ ਸਭਨਾਂ ਤੋਂ ਵੱਡਾ ਹੈ। ਭਾਵੇਂ ਹਾਕਮਾਂ ਦੇ ਇਸ ਲਈ ਜੋ ਓਹ ਉਸ ਦੇ ਘੱਲੇ ਹੋਏ ਹਨ ਭਈ ਕੁਕਰਮੀਆਂ ਨੂੰ ਸਜ਼ਾ ਦੇਣ ਅਤੇ ਸੁਕਰਮੀਆਂ ਦੀ ਸੋਭਾ ਕਰਨ।” (1 ਪਤਰਸ 2:13, 14) ਸਰਕਾਰ ਅਤੇ ਉਸ ਦੇ ਬਾਕਾਇਦਾ ਤੌਰ ਤੇ ਨਿਯੁਕਤ ਪ੍ਰਤਿਨਿਧਾਂ ਦੇ ਪ੍ਰਤੀ ਅਧੀਨਗੀ ਸਪੱਸ਼ਟ ਤੌਰ ਤੇ ਮੁਢਲੇ ਮਸੀਹੀਆਂ ਦੇ ਵਿਚਕਾਰ ਇਕ ਸਵੀਕ੍ਰਿਤ ਸਿਧਾਂਤ ਸੀ। ਉਹ ਕਾਨੂੰਨ-ਪਾਲਕ ਨਾਗਰਿਕ ਹੋਣ ਅਤੇ ਸਾਰੇ ਮਨੁੱਖਾਂ ਦੇ ਨਾਲ ਸ਼ਾਂਤੀ ਵਿਚ ਰਹਿਣ ਦੀ ਕੋਸ਼ਿਸ਼ ਕਰਦੇ ਸਨ।—ਰੋਮੀਆਂ 12:18.
“ਚਰਚ ਅਤੇ ਸਰਕਾਰ” ਦੇ ਮਜ਼ਮੂਨ ਹੇਠ, ਦ ਐਨਸਾਈਕਲੋਪੀਡੀਆ ਆਫ਼ ਰਿਲੀਜਨ ਬਿਆਨ ਕਰਦਾ ਹੈ: “ਪਹਿਲੀਆਂ ਤਿੰਨ ਸਦੀਆਂ ਸੰ.ਈ. ਵਿਚ ਮਸੀਹੀ ਚਰਚ ਕਾਫ਼ੀ ਹੱਦ ਤਕ ਸਰਕਾਰੀ ਰੋਮੀ ਸਮਾਜ ਤੋਂ ਅੱਡ ਸੀ . . . ਫਿਰ ਵੀ, ਮਸੀਹੀ ਆਗੂਆਂ ਨੇ, . . . ਮਸੀਹੀ ਧਰਮ ਦੁਆਰਾ ਕਾਇਮ ਕੀਤੀਆਂ ਗਈਆਂ ਹੱਦਾਂ ਦੇ ਅੰਦਰ ਰਹਿੰਦੇ ਹੋਏ, ਰੋਮੀ ਕਾਨੂੰਨ ਦੇ ਪ੍ਰਤੀ ਆਗਿਆਕਾਰਤਾ ਅਤੇ ਸਮਰਾਟ ਦੇ ਪ੍ਰਤੀ ਨਿਸ਼ਠਾ ਦੀ ਸਿੱਖਿਆ ਦਿੱਤੀ।”
ਸਨਮਾਨ, ਨਾ ਕਿ ਉਪਾਸਨਾ
ਮਸੀਹੀ ਲੋਕ ਰੋਮੀ ਸਮਰਾਟ ਦੇ ਪ੍ਰਤੀ ਵੈਰਭਾਵੀ ਨਹੀਂ ਸਨ। ਉਨ੍ਹਾਂ ਨੇ ਉਸ ਦੇ ਅਧਿਕਾਰ ਦਾ ਆਦਰ ਕੀਤਾ ਅਤੇ ਉਸ ਨੂੰ ਉਹ ਸਨਮਾਨ ਦਿੱਤਾ ਜਿਸ ਦਾ ਉਹ ਆਪਣੀ ਪਦਵੀ ਦੇ ਲਿਹਾਜ਼ ਨਾਲ ਹੱਕਦਾਰ ਸੀ। ਸਮਰਾਟ ਨੀਰੋ ਦੇ ਸ਼ਾਸਨ ਦੇ ਦੌਰਾਨ, ਰਸੂਲ ਪਤਰਸ ਨੇ ਰੋਮੀ ਸਾਮਰਾਜ ਦੇ ਵਿਭਿੰਨ ਭਾਗਾਂ ਵਿਚ ਵਸ ਰਹੇ ਮਸੀਹੀਆਂ ਨੂੰ ਲਿਖਿਆ: “ਸਭਨਾਂ ਦਾ ਆਦਰ ਕਰੋ, . . . ਪਾਤਸ਼ਾਹ ਦਾ ਆਦਰ ਕਰੋ।” (1 ਪਤਰਸ 2:17) ਸ਼ਬਦ “ਪਾਤਸ਼ਾਹ” ਯੂਨਾਨੀ-ਭਾਸ਼ੀ ਸੰਸਾਰ ਵਿਚ ਨਾ ਕੇਵਲ ਸਥਾਨਕ ਪਾਤਸ਼ਾਹਾਂ ਦੇ ਲਈ ਹੀ ਬਲਕਿ ਰੋਮੀ ਸਮਰਾਟ ਦੇ ਲਈ ਵੀ ਵਰਤਿਆ ਜਾਂਦਾ ਸੀ। ਰਸੂਲ ਪੌਲੁਸ ਨੇ ਰੋਮੀ ਸਾਮਰਾਜ ਦੀ ਰਾਜਧਾਨੀ ਵਿਚ ਵਸ ਰਹੇ ਮਸੀਹੀਆਂ ਨੂੰ ਸਲਾਹ ਦਿੱਤੀ: “ਸਭਨਾਂ ਦਾ ਹੱਕ ਭਰ ਦਿਓ। . . . ਜਿਹ ਦਾ ਆਦਰ [ਕਰਨਾ] ਚਾਹੀਦਾ ਹੈ ਆਦਰ ਕਰੋ।” (ਰੋਮੀਆਂ 13:7) ਰੋਮੀ ਸਮਰਾਟ ਨਿਸ਼ਚੇ ਹੀ ਸਨਮਾਨ ਦੀ ਮੰਗ ਕਰਦਾ ਸੀ। ਸਮਾਂ ਬੀਤਣ ਨਾਲ, ਉਹ ਉਪਾਸਨਾ ਦੀ ਵੀ ਮੰਗ ਕਰਨ ਲੱਗਾ। ਲੇਕਨ ਮੁਢਲੇ ਮਸੀਹੀਆਂ ਨੇ ਇੱਥੇ ਹੱਦ ਬੰਨ੍ਹ ਦਿੱਤੀ।
ਦੂਜੀ ਸਦੀ ਸਾ.ਯੁ. ਵਿਚ ਰੋਮੀ ਰਾਜਪਾਲ ਦੇ ਸਾਮ੍ਹਣੇ ਆਪਣੇ ਮੁਕੱਦਮੇ ਦੇ ਸਮੇਂ, ਕਹਿਣ ਅਨੁਸਾਰ ਪੌਲੀਕਾਰਪ ਨੇ ਘੋਸ਼ਿਤ ਕੀਤਾ ਸੀ: “ਮੈਂ ਇਕ ਮਸੀਹੀ ਹਾਂ। . . . ਸਾਨੂੰ ਉਨ੍ਹਾਂ ਹਕੂਮਤਾਂ ਅਤੇ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਨਾਲ ਉਚਿਤ ਸਨਮਾਨ ਦੇਣ ਲਈ ਸਿਖਾਇਆ ਜਾਂਦਾ ਹੈ ਜੋ ਪਰਮੇਸ਼ੁਰ ਵੱਲੋਂ ਨਿਯੁਕਤ ਹਨ।” ਪਰੰਤੂ, ਪੌਲੀਕਾਰਪ ਨੇ ਸਮਰਾਟ ਦੀ ਉਪਾਸਨਾ ਕਰਨ ਦੀ ਬਜਾਇ ਮਰਨਾ ਚੁਣਿਆ। ਮਸੀਹੀ ਮਤ ਦੀ ਦੂਜੀ-ਸਦੀ ਦਾ ਇਕ ਹਿਮਾਇਤੀ, ਅੰਤਾਕਿਯਾ ਦੇ ਥੀਓਫ਼ੀਲਸ ਨੇ ਲਿਖਿਆ: “ਮੈਂ ਸਮਰਾਟ ਦਾ ਸਨਮਾਨ ਕਰਨਾ ਪਸੰਦ ਕਰਾਂਗਾ, ਬੇਸ਼ੱਕ ਉਸ ਦੀ ਉਪਾਸਨਾ ਨਹੀਂ, ਲੇਕਨ ਉਸ ਲਈ ਪ੍ਰਾਰਥਨਾ ਕਰਾਂਗਾ। ਪਰੰਤੂ ਪਰਮੇਸ਼ੁਰ, ਅਥਵਾ ਜੀਉਂਦੇ ਅਤੇ ਸੱਚੇ ਪਰਮੇਸ਼ੁਰ ਦੀ ਹੀ ਮੈਂ ਉਪਾਸਨਾ ਕਰਦਾ ਹਾਂ।”
ਸਮਰਾਟ ਦੇ ਲਈ ਉਚਿਤ ਪ੍ਰਾਰਥਨਾਵਾਂ ਕਿਸੇ ਵੀ ਤਰੀਕੇ ਤੋਂ ਸਮਰਾਟ ਉਪਾਸਨਾ ਜਾਂ ਰਾਸ਼ਟਰਵਾਦ ਦੇ ਨਾਲ ਸੰਬੰਧਿਤ ਨਹੀਂ ਸਨ। ਰਸੂਲ ਪੌਲੁਸ ਨੇ ਇਨ੍ਹਾਂ ਦਾ ਉਦੇਸ਼ ਸਪੱਸ਼ਟ ਕੀਤਾ: “ਸੋ ਮੈਂ ਸਭ ਤੋਂ ਪਹਿਲਾਂ ਇਹ ਤਗੀਦ ਕਰਦਾ ਹਾਂ ਜੋ ਬੇਨਤੀਆਂ, ਪ੍ਰਾਰਥਨਾਂ, ਅਰਦਾਸਾਂ ਅਤੇ ਧੰਨਵਾਦ ਸਭਨਾਂ ਮਨੁੱਖਾਂ ਲਈ ਕੀਤੇ ਜਾਨ। ਪਾਤਸ਼ਾਹਾਂ ਅਤੇ ਸਭਨਾਂ ਮਰਾਤਬੇ ਵਾਲਿਆਂ ਦੇ ਲਈ ਭਈ ਅਸੀਂ ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁਖ ਨਾਲ ਉਮਰ ਭੋਗੀਏ।”—1 ਤਿਮੋਥਿਉਸ 2:1, 2.
“ਸਮਾਜ ਦੇ ਕੰਢੇ ਤੇ”
ਮੁਢਲੇ ਮਸੀਹੀਆਂ ਵੱਲੋਂ ਇਸ ਆਦਰਪੂਰਣ ਆਚਰਣ ਨੇ ਉਨ੍ਹਾਂ ਨੂੰ ਉਸ ਸੰਸਾਰ ਜਿਸ ਵਿਚ ਉਹ ਰਹਿੰਦੇ ਸਨ, ਦੀ ਮਿੱਤਰਤਾ ਨਹੀਂ ਹਾਸਲ ਕਰਾਈ। ਫ਼ਰਾਂਸੀਸੀ ਇਤਿਹਾਸਕਾਰ ਏ. ਆਮੌਨ ਬਿਆਨ ਕਰਦਾ ਹੈ ਕਿ ਮੁਢਲੇ ਮਸੀਹੀ “ਸਮਾਜ ਦੇ ਕੰਢੇ ਤੇ ਰਹਿੰਦੇ ਸਨ।” ਉਹ ਅਸਲ ਵਿਚ ਦੋ ਸਮਾਜਾਂ ਦੇ ਕੰਢੇ ਤੇ ਰਹਿੰਦੇ ਸਨ, ਯਹੂਦੀ ਅਤੇ ਰੋਮੀ, ਅਤੇ ਉਨ੍ਹਾਂ ਨੂੰ ਦੋਵੇਂ ਹੀ ਪੱਖਾਂ ਤੋਂ ਕਾਫ਼ੀ ਪੱਖਪਾਤ ਅਤੇ ਗ਼ਲਤਫ਼ਹਿਮੀ ਦਾ ਸਾਮ੍ਹਣਾ ਕਰਨਾ ਪਿਆ।
ਮਿਸਾਲ ਲਈ, ਜਦੋਂ ਉਸ ਉੱਤੇ ਯਹੂਦੀ ਆਗੂਆਂ ਦੁਆਰਾ ਝੂਠਾ ਦੋਸ਼ ਲਗਾਇਆ ਗਿਆ ਸੀ, ਤਾਂ ਰਸੂਲ ਪੌਲੁਸ ਨੇ ਰੋਮੀ ਰਾਜਪਾਲ ਅੱਗੇ ਆਪਣੀ ਸਫ਼ਾਈ ਵਿਚ ਆਖਿਆ: “ਨਾ ਤਾਂ ਮੈਂ ਯਹੂਦੀਆਂ ਦੀ ਸ਼ਰਾ ਦਾ, ਨਾ ਹੈਕਲ ਦਾ, ਨਾ ਕੈਸਰ ਦਾ ਕੁਝ ਵਿਗਾੜਿਆ ਹੈ। . . . ਮੈਂ ਕੈਸਰ ਦੀ ਦੁਹਾਈ ਦਿੰਦਾ ਹਾਂ!” (ਰਸੂਲਾਂ ਦੇ ਕਰਤੱਬ 25:8, 11) ਇਸ ਗੱਲ ਤੋਂ ਅਵਗਤ ਕਿ ਯਹੂਦੀ ਉਸ ਨੂੰ ਮਾਰਨ ਦਾ ਖੜਯੰਤਰ ਬਣਾ ਰਹੇ ਸਨ, ਪੌਲੁਸ ਨੇ ਨੀਰੋ ਨੂੰ ਅਪੀਲ ਕੀਤੀ, ਅਤੇ ਇਸ ਤਰ੍ਹਾਂ ਉਸ ਨੇ ਰੋਮੀ ਸਮਰਾਟ ਦੇ ਅਧਿਕਾਰ ਨੂੰ ਮਾਨਤਾ ਦਿੱਤੀ। ਬਾਅਦ ਵਿਚ, ਰੋਮ ਵਿਖੇ ਉਸ ਦੇ ਪਹਿਲੇ ਮੁਕੱਦਮੇ ਤੇ, ਇੰਜ ਜਾਪਦਾ ਹੈ ਕਿ ਪੌਲੁਸ ਰਿਹਾ ਕੀਤਾ ਗਿਆ ਸੀ। ਪਰੰਤੂ ਉਸ ਨੂੰ ਬਾਅਦ ਵਿਚ ਫਿਰ ਕੈਦ ਕੀਤਾ ਗਿਆ ਸੀ, ਅਤੇ ਰਵਾਇਤੀ ਤੌਰ ਤੇ ਮੰਨਿਆ ਜਾਂਦਾ ਹੈ ਕਿ ਉਸ ਨੂੰ ਨੀਰੋ ਦੇ ਆਦੇਸ਼ ਤੇ ਪ੍ਰਾਣ-ਦੰਡ ਦਿੱਤਾ ਗਿਆ ਸੀ।
ਰੋਮੀ ਸਮਾਜ ਵਿਚ ਮੁਢਲੇ ਮਸੀਹੀਆਂ ਦੀ ਔਖੀ ਸਥਿਤੀ ਦੇ ਸੰਬੰਧ ਵਿਚ, ਸਮਾਜ-ਵਿਗਿਆਨੀ ਅਤੇ ਧਰਮ-ਸ਼ਾਸਤਰੀ ਅਰਨਸਟ ਟ੍ਰੇਲਚ ਨੇ ਲਿਖਿਆ: “ਅਜਿਹੀਆਂ ਸਾਰੀਆਂ ਪਦਵੀਆਂ ਅਤੇ ਕੰਮ-ਧੰਦੇ ਵਰਜਿਤ ਸਨ ਜੋ ਮੂਰਤੀ-ਪੂਜਾ ਦੇ ਨਾਲ, ਜਾਂ ਸਮਰਾਟ ਦੀ ਉਪਾਸਨਾ ਦੇ ਨਾਲ ਸੰਬੰਧਿਤ ਸਨ, ਜਾਂ ਜਿਨ੍ਹਾਂ ਦਾ ਖ਼ੂਨ-ਖ਼ਰਾਬੇ ਦੇ ਨਾਲ ਜਾਂ ਮੌਤ-ਦੰਡ ਦੇ ਨਾਲ ਕੋਈ ਨਾਤਾ ਸੀ, ਜਾਂ ਉਹ ਜੋ ਮਸੀਹੀਆਂ ਨੂੰ ਗ਼ੈਰ-ਮਸੀਹੀ ਅਨੈਤਿਕਤਾ ਦੇ ਸੰਪਰਕ ਵਿਚ ਲਿਆਉਂਦੇ।” ਕੀ ਇਸ ਸਥਿਤੀ ਨੇ ਮਸੀਹੀਆਂ ਅਤੇ ਸਰਕਾਰ ਦੇ ਵਿਚਕਾਰ ਇਕ ਸ਼ਾਂਤੀਪੂਰਣ ਅਤੇ ਪਰਸਪਰ ਤੌਰ ਤੇ ਆਦਰਪੂਰਣ ਸੰਬੰਧ ਲਈ ਕੋਈ ਗੁੰਜਾਇਸ਼ ਨਹੀਂ ਛੱਡੀ?
ਕੈਸਰ ਨੂੰ ਉਸ ਦਾ “ਹੱਕ” ਅਦਾ ਕਰਨਾ
ਯਿਸੂ ਨੇ ਇਕ ਜੁਗਤ ਦੱਸੀ ਜੋ ਰੋਮੀ ਸਰਕਾਰ ਦੇ ਪ੍ਰਤੀ ਜਾਂ, ਇਸ ਲਿਹਾਜ਼ ਤੋਂ, ਕਿਸੇ ਵੀ ਦੂਸਰੀ ਸਰਕਾਰ ਦੇ ਪ੍ਰਤੀ ਮਸੀਹੀ ਵਿਅਕਤੀ ਦੇ ਆਚਰਣ ਨੂੰ ਨਿਯੰਤ੍ਰਣ ਕਰਦੀ, ਜਦੋਂ ਉਸ ਨੇ ਆਖਿਆ: “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।” (ਮੱਤੀ 22:21) ਯਿਸੂ ਦੇ ਅਨੁਯਾਈਆਂ ਨੂੰ ਦਿੱਤੀ ਗਈ ਇਹ ਸਲਾਹ ਉਸ ਅਨੇਕ ਰਾਸ਼ਟਰਵਾਦੀ ਯਹੂਦੀਆਂ ਦੇ ਰਵੱਈਏ ਤੋਂ ਬਿਲਕੁਲ ਉਲਟ ਸੀ ਜੋ ਰੋਮੀ ਹਕੂਮਤ ਨੂੰ ਬੁਰਾ ਮਨਾਉਂਦੇ ਸਨ ਅਤੇ ਇਕ ਵਿਦੇਸ਼ੀ ਹਕੂਮਤ ਨੂੰ ਕਰ ਦੇਣ ਦੀ ਵੈਧਤਾ ਦਾ ਵਿਰੋਧ ਕਰਦੇ ਸਨ।
ਬਾਅਦ ਵਿਚ, ਪੌਲੁਸ ਨੇ ਰੋਮ ਵਿਚ ਰਹਿ ਰਹੇ ਮਸੀਹੀਆਂ ਨੂੰ ਆਖਿਆ: “ਇਸ ਲਈ ਨਿਰਾ ਕ੍ਰੋਧ ਹੀ ਦੇ ਕਾਰਨ ਨਹੀਂ ਸਗੋਂ ਅੰਤਹਕਰਨ ਵੀ ਦੇ ਕਾਰਨ ਅਧੀਨ ਹੋਣਾ ਲੋੜੀਦਾ ਹੈ। ਤੁਸੀਂ ਇਸੇ ਕਾਰਨ ਹਾਲਾ ਭੀ ਦਿੰਦੇ ਹੋ ਕਿ ਓਹ [ਸਰਕਾਰੀ “ਉੱਚ ਹਕੂਮਤਾਂ”] ਇਸੇ ਕੰਮ ਵਿੱਚ ਰੁੱਝੇ ਰਹਿੰਦੇ ਹਨ ਅਤੇ ਪਰਮੇਸ਼ੁਰ ਦੇ ਖਾਦਮ ਹਨ। ਸਭਨਾਂ ਦਾ ਹੱਕ ਭਰ ਦਿਓ। ਜਿਹ ਨੂੰ ਹਾਲਾ ਚਾਹੀਦਾ ਹੈ ਹਾਲਾ ਦਿਓ, ਜਿਹ ਨੂੰ ਮਸੂਲ ਚਾਹੀਦਾ ਹੈ ਮਸੂਲ ਦਿਓ।” (ਰੋਮੀਆਂ 13:5-7) ਹਾਲਾਂਕਿ ਮਸੀਹੀ ਸੰਸਾਰ ਦਾ ਭਾਗ ਨਹੀਂ ਸਨ, ਇਹ ਉਨ੍ਹਾਂ ਦਾ ਫ਼ਰਜ਼ ਸੀ ਕਿ ਉਹ ਈਮਾਨਦਾਰ, ਕਰ ਅਦਾ ਕਰਨ ਵਾਲੇ ਨਾਗਰਿਕ ਬਣਦੇ, ਅਤੇ ਸਰਕਾਰ ਵੱਲੋਂ ਮੁਹੱਈਆ ਕੀਤੀਆਂ ਗਈਆਂ ਸੇਵਾਵਾਂ ਦੇ ਲਈ ਅਦਾਇਗੀ ਦਿੰਦੇ।—ਯੂਹੰਨਾ 17:16.
ਪਰੰਤੂ ਕੀ ਯਿਸੂ ਦੇ ਸ਼ਬਦ ਕੇਵਲ ਕਰ ਅਦਾ ਕਰਨ ਤਕ ਹੀ ਸੀਮਿਤ ਹਨ? ਕਿਉਂ ਜੋ ਯਿਸੂ ਨੇ ਨਿਸ਼ਚਿਤ ਰੂਪ ਵਿਚ ਵਿਆਖਿਆ ਨਹੀਂ ਕੀਤੀ ਕਿ ਕਿਹੜੀਆਂ ਚੀਜ਼ਾਂ ਕੈਸਰ ਦੀਆਂ ਅਤੇ ਕਿਹੜੀਆਂ ਪਰਮੇਸ਼ੁਰ ਦੀਆਂ ਹਨ, ਅਜਿਹੇ ਮੱਧਵਰਤੀ ਮਾਮਲੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸੰਗ ਦੇ ਅਨੁਸਾਰ ਜਾਂ ਸਮੁੱਚੀ ਬਾਈਬਲ ਦੀ ਸਾਡੀ ਸਮਝ ਦੇ ਅਨੁਸਾਰ ਨਿਪਟਾਇਆ ਜਾਣਾ ਚਾਹੀਦਾ ਹੈ। ਦੂਜੇ ਸ਼ਬਦਾਂ ਵਿਚ, ਇਹ ਨਿਸ਼ਚਿਤ ਕਰਨਾ ਕਿ ਇਕ ਮਸੀਹੀ ਕਿਹੜੀਆਂ ਚੀਜ਼ਾਂ ਕੈਸਰ ਨੂੰ ਦੇ ਸਕਦਾ ਹੈ, ਕਦੇ-ਕਦੇ ਉਸ ਮਸੀਹੀ ਦੇ ਅੰਤਹਕਰਣ ਨੂੰ ਅੰਤਰਗ੍ਰਸਤ ਕਰੇਗਾ, ਜੋ ਕਿ ਬਾਈਬਲ ਸਿਧਾਂਤਾਂ ਦੁਆਰਾ ਪ੍ਰਬੁੱਧ ਕੀਤਾ ਗਿਆ ਹੈ।
ਦੋ ਵਿਰੋਧੀ ਮੰਗਾਂ ਦੇ ਵਿਚਕਾਰ ਇਕ ਧਿਆਨਵਾਨ ਸੰਤੁਲਨ
ਅਨੇਕ ਲੋਕ ਇਹ ਭੁੱਲ ਹੀ ਜਾਂਦੇ ਹਨ ਕਿ ਇਹ ਆਖਣ ਤੋਂ ਬਾਅਦ ਕਿ ਕੈਸਰ ਦੀਆਂ ਚੀਜ਼ਾਂ ਉਸ ਨੂੰ ਦੇਣੀਆਂ ਚਾਹੀਦੀਆਂ ਹਨ, ਯਿਸੂ ਨੇ ਅੱਗੇ ਕਿਹਾ ਸੀ: “ਅਤੇ ਜਿਹੜੀਆਂ ਪਰਮੇਸ਼ੁਰ ਦੀਆਂ [ਚੀਜ਼ਾਂ] ਹਨ ਸੋ ਪਰਮੇਸ਼ੁਰ ਨੂੰ ਦਿਓ।” ਰਸੂਲ ਪਤਰਸ ਨੇ ਦਿਖਾਇਆ ਕਿ ਮਸੀਹੀਆਂ ਦਾ ਪਹਿਲਾ ਫ਼ਰਜ਼ ਕੀ ਹੈ। “ਪਾਤਸ਼ਾਹ,” ਜਾਂ ਸਮਰਾਟ, ਅਤੇ ਉਸ ਦੇ “ਰਾਜਪਾਲਾਂ” ਦੇ ਪ੍ਰਤੀ ਅਧੀਨਗੀ ਦੀ ਸਲਾਹ ਦੇਣ ਤੋਂ ਤੁਰੰਤ ਮਗਰੋਂ, ਪਤਰਸ ਨੇ ਲਿਖਿਆ: “ਤੁਸੀਂ ਅਜ਼ਾਦ ਹੋ ਕੇ ਆਪਣੀ ਅਜ਼ਾਦੀ ਨੂੰ ਬੁਰਿਆਈ ਦਾ ਪੜਦਾ ਨਾ ਬਣਾਓ ਸਗੋਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਗੁਲਾਮ ਜਾਣੋ। ਸਭਨਾਂ ਦਾ ਆਦਰ ਕਰੋ, ਭਾਈਆਂ ਨਾਲ ਪ੍ਰੇਮ ਰੱਖੋ, ਪਰਮੇਸ਼ੁਰ ਦਾ ਭੈ ਮੰਨੋ, ਪਾਤਸ਼ਾਹ ਦਾ ਆਦਰ ਕਰੋ।” (1 ਪਤਰਸ 2:16, 17) ਰਸੂਲ ਨੇ ਦਿਖਾਇਆ ਕਿ ਮਸੀਹੀ ਲੋਕ ਪਰਮੇਸ਼ੁਰ ਦੇ, ਨਾ ਕਿ ਕਿਸੇ ਮਾਨਵ ਸ਼ਾਸਕ ਦੇ ਦਾਸ ਹਨ। ਹਾਲਾਂਕਿ ਉਨ੍ਹਾਂ ਨੂੰ ਸਰਕਾਰ ਦੇ ਪ੍ਰਤਿਨਿਧਾਂ ਦੇ ਲਈ ਉਚਿਤ ਸਨਮਾਨ ਅਤੇ ਆਦਰ ਦਿਖਾਉਣਾ ਚਾਹੀਦਾ ਹੈ, ਉਨ੍ਹਾਂ ਨੂੰ ਇਹ ਪਰਮੇਸ਼ੁਰ ਦੀ ਭੈ ਵਿਚ ਕਰਨਾ ਚਾਹੀਦਾ ਹੈ, ਜਿਸ ਦੇ ਨਿਯਮ ਉੱਚਤਮ ਹਨ।
ਸਾਲਾਂ ਪਹਿਲਾਂ, ਪਤਰਸ ਨੇ ਬਿਲਕੁਲ ਸਪੱਸ਼ਟ ਕਰ ਦਿੱਤਾ ਸੀ ਕਿ ਮਨੁੱਖ ਦੇ ਨਿਯਮ ਨਾਲੋਂ ਪਰਮੇਸ਼ੁਰ ਦਾ ਨਿਯਮ ਸਰਬੋਤਮ ਹੈ। ਯਹੂਦੀ ਮਹਾਸਭਾ ਇਕ ਪ੍ਰਸ਼ਾਸਨੀ ਨਿਕਾਇ ਸੀ ਜਿਸ ਨੂੰ ਰੋਮੀਆਂ ਨੇ ਸਿਵਲ ਅਤੇ ਧਾਰਮਿਕ ਦੋਵੇਂ ਹੀ ਅਧਿਕਾਰ ਦਿੱਤੇ ਹੋਏ ਸਨ। ਜਦੋਂ ਇਸ ਨੇ ਯਿਸੂ ਦੇ ਅਨੁਯਾਈਆਂ ਨੂੰ ਮਸੀਹ ਦੇ ਨਾਂ ਵਿਚ ਸਿੱਖਿਆ ਦੇਣ ਤੋਂ ਪਰਹੇਜ਼ ਕਰਨ ਲਈ ਹੁਕਮ ਦਿੱਤਾ, ਤਾਂ ਪਤਰਸ ਅਤੇ ਦੂਜੇ ਰਸੂਲਾਂ ਨੇ ਆਦਰਪੂਰਣ ਢੰਗ ਨਾਲ ਲੇਕਨ ਦ੍ਰਿੜ੍ਹਤਾ ਨਾਲ ਜਵਾਬ ਦਿੱਤਾ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।” (ਰਸੂਲਾਂ ਦੇ ਕਰਤੱਬ 5:29) ਪ੍ਰਤੱਖ ਤੌਰ ਤੇ, ਮੁਢਲੇ ਮਸੀਹੀਆਂ ਨੂੰ ਪਰਮੇਸ਼ੁਰ ਦੇ ਪ੍ਰਤੀ ਆਗਿਆਕਾਰਤਾ ਅਤੇ ਮਾਨਵ ਅਧਿਕਾਰੀਆਂ ਦੇ ਪ੍ਰਤੀ ਉਚਿਤ ਅਧੀਨਗੀ ਦੇ ਵਿਚਕਾਰ ਇਕ ਧਿਆਨਵਾਨ ਸੰਤੁਲਨ ਕਾਇਮ ਰੱਖਣਾ ਪੈਂਦਾ ਸੀ। ਤੀਜੀ ਸਦੀ ਸਾ.ਯੁ. ਦੇ ਮੁੱਢ ਵਿਚ ਟਰਟੂਲੀਅਨ ਨੇ ਇਸ ਨੂੰ ਇੰਜ ਦੱਸਿਆ: “ਜੇਕਰ ਸਾਰਾ ਕੁਝ ਹੀ ਕੈਸਰ ਦਾ ਹੈ, ਤਾਂ ਪਰਮੇਸ਼ੁਰ ਲਈ ਕੀ ਬਚੇਗਾ?”
ਸਰਕਾਰ ਦੇ ਨਾਲ ਸਮਝੌਤਾ
ਜਿਉਂ-ਜਿਉਂ ਸਮਾਂ ਬੀਤਦਾ ਗਿਆ, ਸਰਕਾਰ ਦੇ ਸੰਬੰਧ ਵਿਚ ਪਹਿਲੀ-ਸਦੀ ਦੇ ਮਸੀਹੀਆਂ ਦੀ ਅਪਣਾਈ ਹੋਈ ਸਥਿਤੀ ਹੌਲੀ-ਹੌਲੀ ਕਮਜ਼ੋਰ ਹੁੰਦੀ ਗਈ। ਯਿਸੂ ਅਤੇ ਰਸੂਲਾਂ ਦੇ ਦੁਆਰਾ ਪੂਰਵ-ਸੂਚਿਤ ਕੀਤਾ ਗਿਆ ਧਰਮ-ਤਿਆਗ ਦੂਜੀ ਅਤੇ ਤੀਜੀ ਸਦੀਆਂ ਸਾ.ਯੁ. ਵਿਚ ਵਧਿਆ-ਫੁੱਲਿਆ। (ਮੱਤੀ 13:37, 38; ਰਸੂਲਾਂ ਦੇ ਕਰਤੱਬ 20:29, 30; 2 ਥੱਸਲੁਨੀਕੀਆਂ 2:3-12; 2 ਪਤਰਸ 2:1-3) ਧਰਮ-ਤਿਆਗੀ ਮਸੀਹੀਅਤ ਨੇ ਰੋਮੀ ਸੰਸਾਰ ਨਾਲ ਸਮਝੌਤੇ ਕੀਤੇ, ਇਸ ਦੇ ਗ਼ੈਰ-ਮਸੀਹੀ ਤਿਉਹਾਰਾਂ ਅਤੇ ਇਸ ਦੇ ਫ਼ਲਸਫ਼ਿਆਂ ਨੂੰ ਅਪਣਾਇਆ, ਅਤੇ ਨਾ ਕੇਵਲ ਸਿਵਲ ਸੇਵਾ ਬਲਕਿ ਸੈਨਿਕ ਸੇਵਾ ਨੂੰ ਵੀ ਸਵੀਕਾਰ ਕੀਤਾ।
ਪ੍ਰੋਫੈਸਰ ਟ੍ਰੇਲਚ ਨੇ ਲਿਖਿਆ: “ਤੀਜੀ ਸਦੀ ਤੋਂ ਇਹ ਸਥਿਤੀ ਹੋਰ ਵੀ ਔਖੀ ਹੋ ਗਈ, ਕਿਉਂਕਿ ਸਮਾਜ ਦੇ ਉੱਚ ਵਰਗਾਂ ਵਿਚ ਅਤੇ ਜ਼ਿਆਦਾ ਉੱਘੇ ਪੇਸ਼ਿਆਂ ਵਿਚ, ਸੈਨਾ ਵਿਚ ਅਤੇ ਸਰਕਾਰੀ ਦਾਇਰਿਆਂ ਵਿਚ ਮਸੀਹੀਆਂ ਦੀ ਗਿਣਤੀ ਵਧਦੀ ਗਈ। [ਗ਼ੈਰ-ਬਾਈਬਲੀ] ਮਸੀਹੀ ਲਿਖਤਾਂ ਦੇ ਕਈ ਹਿੱਸਿਆਂ ਵਿਚ ਇਨ੍ਹਾਂ ਗੱਲਾਂ ਵਿਚ ਭਾਗ ਲੈਣ ਦੇ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ ਹੈ; ਦੂਜੇ ਪਾਸੇ, ਅਸੀਂ ਸਮਝੌਤਾ ਕਰਨ ਦੇ ਜਤਨਾਂ ਨੂੰ ਵੀ ਪਾਉਂਦੇ ਹਾਂ—ਅਜਿਹੀਆਂ ਦਲੀਲਾਂ ਜੋ ਪਰੇਸ਼ਾਨ ਅੰਤਹਕਰਣਾਂ ਨੂੰ ਸ਼ਾਂਤ ਕਰਨ ਲਈ ਬਣਾਈਆਂ ਗਈਆਂ ਸਨ . . . ਕਾਂਸਟੰਟਾਈਨ ਦੇ ਸਮੇਂ ਤੋਂ ਇਹ ਔਖਿਆਈਆਂ ਲੁਪਤ ਹੋ ਗਈਆਂ; ਮਸੀਹੀਆਂ ਅਤੇ ਗ਼ੈਰ-ਮਸੀਹੀਆਂ ਦੇ ਵਿਚਕਾਰ ਮੱਤਭੇਦ ਖ਼ਤਮ ਹੋ ਗਿਆ, ਅਤੇ ਸਾਰੇ ਸਰਕਾਰੀ ਅਹੁਦਿਆਂ ਦੇ ਦਰਵਾਜ਼ੇ ਖੁੱਲ੍ਹ ਗਏ।”
ਚੌਥੀ ਸਦੀ ਸਾ.ਯੁ. ਦੇ ਅੰਤ ਦੇ ਨਿਕਟ, ਇਸ ਪ੍ਰਕਾਰ ਦੀ ਦੁਰਾਚਾਰੀ, ਸਮਝੌਤਾਵਾਦੀ ਮਸੀਹੀਅਤ ਰੋਮੀ ਸਾਮਰਾਜ ਦਾ ਸਰਕਾਰੀ ਧਰਮ ਬਣ ਗਈ।
ਆਪਣੇ ਪੂਰੇ ਇਤਿਹਾਸ ਦੇ ਦੌਰਾਨ, ਮਸੀਹੀ-ਜਗਤ—ਜਿਸ ਦੀ ਪ੍ਰਤਿਨਿਧਤਾ ਕੈਥੋਲਿਕ, ਆਰਥੋਡਾਕਸ, ਅਤੇ ਪ੍ਰੋਟੈਸਟੈਂਟ ਚਰਚ ਕਰਦੇ ਹਨ—ਨੇ ਸਰਕਾਰ ਦੇ ਨਾਲ ਸਮਝੌਤਾ ਕਰਨਾ ਜਾਰੀ ਰੱਖਿਆ ਹੈ, ਅਤੇ ਇਸ ਦੀ ਰਾਜਨੀਤੀ ਵਿਚ ਗਹਿਰੀ ਤਰ੍ਹਾਂ ਨਾਲ ਅੰਤਰਗ੍ਰਸਤ ਹੋ ਕੇ ਉਸ ਦੇ ਯੁੱਧਾਂ ਵਿਚ ਉਸ ਨੂੰ ਸਮਰਥਨ ਦਿੱਤਾ ਹੈ। ਗਿਰਜੇ ਦੇ ਅਨੇਕ ਸੁਹਿਰਦ ਸਦੱਸ ਜੋ ਇਸ ਤੋਂ ਚਕ੍ਰਿਤ ਹੋਏ ਹਨ, ਨੂੰ ਨਿਰਸੰਦੇਹ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਅੱਜ ਵੀ ਅਜਿਹੇ ਮਸੀਹੀ ਹਨ ਜੋ ਸਰਕਾਰ ਦੇ ਨਾਲ ਆਪਣੇ ਸੰਬੰਧ ਵਿਚ ਪਹਿਲੀ-ਸਦੀ ਦੇ ਮਸੀਹੀਆਂ ਵਰਗੀ ਸਥਿਤੀ ਨੂੰ ਕਾਇਮ ਰੱਖਦੇ ਹਨ। ਅਗਲੇ ਦੋ ਲੇਖ ਇਸ ਮਾਮਲੇ ਉੱਤੇ ਹੋਰ ਵੇਰਵੇ ਸਹਿਤ ਚਰਚਾ ਕਰਨਗੇ। (w96 5/1)
[ਸਫ਼ੇ 5 ਉੱਤੇ ਤਸਵੀਰ]
ਕੈਸਰ ਨੀਰੋ, ਜਿਸ ਦੇ ਬਾਰੇ ਪਤਰਸ ਨੇ ਲਿਖਿਆ ਸੀ: “ਪਾਤਸ਼ਾਹ ਦਾ ਆਦਰ ਕਰੋ”
[ਕ੍ਰੈਡਿਟ ਲਾਈਨ]
Musei Capitolini, Roma
[ਸਫ਼ੇ 6 ਉੱਤੇ ਤਸਵੀਰ]
ਪੌਲੀਕਾਰਪ ਨੇ ਸਮਰਾਟ ਦੀ ਉਪਾਸਨਾ ਕਰਨ ਦੀ ਬਜਾਇ ਮਰਨਾ ਚੁਣਿਆ
[ਸਫ਼ੇ 7 ਉੱਤੇ ਤਸਵੀਰ]
ਮੁਢਲੇ ਮਸੀਹੀ ਸ਼ਾਂਤਮਈ, ਈਮਾਨਦਾਰ, ਕਰ ਅਦਾ ਕਰਨ ਵਾਲੇ ਨਾਗਰਿਕ ਸਨ