ਮਸੀਹ ਦੀ ਬਿਵਸਥਾ
“ਮੈਂ . . . ਮਸੀਹ ਦੇ ਭਾਣੇ ਸ਼ਰਾ ਅਧੀਨ ਹਾਂ।”—1 ਕੁਰਿੰਥੀਆਂ 9:21.
1, 2. (ੳ) ਮਨੁੱਖਜਾਤੀ ਦੀਆਂ ਗ਼ਲਤੀਆਂ ਵਿੱਚੋਂ ਅਨੇਕਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਸੀ? (ਅ) ਯਹੂਦੀਵਾਦ ਦੇ ਇਤਿਹਾਸ ਤੋਂ ਮਸੀਹੀ-ਜਗਤ ਕਿਹੜੀ ਗੱਲ ਸਿੱਖਣ ਤੋਂ ਚੂਕ ਗਿਆ?
“ਜਨਤਾ ਅਤੇ ਸਰਕਾਰ ਨੇ ਕਦੇ ਵੀ ਇਤਿਹਾਸ ਤੋਂ ਕੁਝ ਨਹੀਂ ਸਿੱਖਿਆ, ਨਾ ਹੀ ਇਸ ਤੋਂ ਸਿੱਟਾ ਕੱਢੇ ਗਏ ਸਿਧਾਂਤਾਂ ਉੱਤੇ ਅਮਲ ਕੀਤਾ ਹੈ।” ਇੰਜ ਇਕ 19ਵੀਂ-ਸਦੀ ਦੇ ਜਰਮਨ ਫ਼ਿਲਾਸਫ਼ਰ ਨੇ ਕਿਹਾ। ਵਾਕਈ, ਮਾਨਵ ਇਤਿਹਾਸ ਦੇ ਦੌਰ ਨੂੰ “ਬੇਵਕੂਫੀ ਦਾ ਸਿਲਸਿਲਾ,” ਭਿਆਨਕ ਚੁੱਕਾਂ ਅਤੇ ਸੰਕਟਾਂ ਦੀ ਇਕ ਲੜੀ ਵਰਣਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਅਨੇਕਾਂ ਨੂੰ ਰੋਕਿਆ ਜਾ ਸਕਦਾ ਸੀ ਜੇਕਰ ਮਨੁੱਖਜਾਤੀ ਕੇਵਲ ਬੀਤੀਆਂ ਗ਼ਲਤੀਆਂ ਤੋਂ ਸਿੱਖਣ ਲਈ ਤਿਆਰ ਹੁੰਦੀ।
2 ਈਸ਼ਵਰੀ ਬਿਵਸਥਾ ਦੀ ਇਸ ਚਰਚੇ ਵਿਚ ਬੀਤੀਆਂ ਗ਼ਲਤੀਆਂ ਤੋਂ ਸਿੱਖਣ ਦੇ ਇਸੇ ਇਨਕਾਰ ਨੂੰ ਉਚੇਚਾ ਪੇਸ਼ ਕੀਤਾ ਗਿਆ ਹੈ। ਯਹੋਵਾਹ ਪਰਮੇਸ਼ੁਰ ਨੇ ਮੂਸਾ ਦੀ ਬਿਵਸਥਾ ਦੀ ਥਾਂ ਇਕ ਹੋਰ ਵੀ ਬਿਹਤਰ ਬਿਵਸਥਾ ਰੱਖੀ—ਮਸੀਹ ਦੀ ਬਿਵਸਥਾ। ਪਰੰਤੂ, ਮਸੀਹੀ-ਜਗਤ ਦੇ ਆਗੂ, ਜੋ ਇਸ ਬਿਵਸਥਾ ਨੂੰ ਸਿਖਾਉਣ ਅਤੇ ਉਸ ਅਨੁਸਾਰ ਜੀਉਣ ਦਾ ਦਾਅਵਾ ਕਰਦੇ ਹਨ, ਫ਼ਰੀਸੀਆਂ ਦੀ ਘੋਰ ਮੂਰਖਤਾ ਤੋਂ ਸਿੱਖਣ ਤੋਂ ਚੂਕ ਗਏ ਹਨ। ਇਸ ਤਰ੍ਹਾਂ ਮਸੀਹੀ-ਜਗਤ ਨੇ ਮਸੀਹ ਦੀ ਬਿਵਸਥਾ ਦੀ ਤੋੜ-ਮਰੋੜ ਅਤੇ ਕੁਵਰਤੋਂ ਕੀਤੀ ਹੈ, ਠੀਕ ਜਿਵੇਂ ਯਹੂਦੀਵਾਦ ਨੇ ਮੂਸਾ ਦੀ ਬਿਵਸਥਾ ਦੇ ਨਾਲ ਕੀਤਾ ਸੀ। ਇਹ ਕਿਵੇਂ ਹੋ ਸਕਦਾ ਹੈ? ਪਹਿਲਾਂ, ਆਓ ਅਸੀਂ ਇਸ ਬਿਵਸਥਾ ਦੀ ਚਰਚਾ ਕਰੀਏ—ਇਹ ਕੀ ਹੈ, ਇਹ ਕਿਨ੍ਹਾਂ ਨੂੰ ਨਿਯੰਤ੍ਰਿਤ ਕਰਦੀ ਹੈ ਅਤੇ ਕਿਵੇਂ, ਅਤੇ ਕਿਹੜੀ ਗੱਲ ਇਸ ਨੂੰ ਮੂਸਾ ਦੀ ਬਿਵਸਥਾ ਤੋਂ ਵਖਰਿਆਉਂਦੀ ਹੈ। ਫਿਰ ਅਸੀਂ ਜਾਂਚ ਕਰਾਂਗੇ ਕਿ ਮਸੀਹੀ-ਜਗਤ ਨੇ ਇਸ ਦੀ ਕਿਵੇਂ ਕੁਵਰਤੋਂ ਕੀਤੀ ਹੈ। ਇੰਜ ਹੋਵੇ ਕਿ ਇਸ ਤਰ੍ਹਾਂ ਅਸੀਂ ਇਤਿਹਾਸ ਤੋਂ ਸਿੱਖੀਏ ਅਤੇ ਲਾਭ ਉਠਾਈਏ!
ਨਵਾਂ ਨੇਮ
3. ਯਹੋਵਾਹ ਨੇ ਇਕ ਨਵੇਂ ਨੇਮ ਦੇ ਸੰਬੰਧ ਵਿਚ ਕਿਹੜਾ ਵਾਅਦਾ ਕੀਤਾ?
3 ਯਹੋਵਾਹ ਪਰਮੇਸ਼ੁਰ ਨੂੰ ਛੱਡ ਹੋਰ ਕੌਣ ਇਕ ਸੰਪੂਰਣ ਬਿਵਸਥਾ ਵਿਚ ਸੁਧਾਰ ਕਰ ਸਕਦਾ ਸੀ? ਮੂਸਾ ਦਾ ਬਿਵਸਥਾ ਨੇਮ ਸੰਪੂਰਣ ਸੀ। (ਜ਼ਬੂਰ 19:7) ਇਸ ਦੇ ਬਾਵਜੂਦ ਯਹੋਵਾਹ ਨੇ ਵਾਅਦਾ ਕੀਤਾ: “ਵੇਖੋ, ਓਹ ਦਿਨ ਆ ਰਹੇ ਹਨ, . . . ਕਿ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ। ਉਸ ਨੇਮ ਵਾਂਙੁ ਨਹੀਂ ਜਿਹੜਾ ਓਹਨਾਂ ਦੇ ਪਿਉ ਦਾਦਿਆਂ ਨਾਲ ਬੰਨ੍ਹਿਆਂ।” ਦਸ ਹੁਕਮ—ਮੂਸਾ ਦੀ ਬਿਵਸਥਾ ਦਾ ਕੇਂਦਰਕ—ਪੱਥਰ ਦੀਆਂ ਫੱਟੀਆਂ ਉੱਤੇ ਲਿਖੇ ਗਏ ਸਨ। ਪਰੰਤੂ ਨਵੇਂ ਨੇਮ ਬਾਰੇ ਯਹੋਵਾਹ ਨੇ ਆਖਿਆ: “ਮੈਂ ਆਪਣੀ ਬਿਵਸਥਾ ਨੂੰ ਓਹਨਾਂ ਦੇ ਅੰਦਰ ਰੱਖਾਂਗਾ ਅਤੇ ਓਹਨਾਂ ਦੇ ਦਿਲਾਂ ਉੱਤੇ ਲਿਖਾਂਗਾ।”—ਯਿਰਮਿਯਾਹ 31:31-34.
4. (ੳ) ਨਵੇਂ ਨੇਮ ਵਿਚ ਕਿਹੜਾ ਇਸਰਾਏਲ ਸੰਮਿਲਿਤ ਹੈ? (ਅ) ਅਧਿਆਤਮਿਕ ਇਸਰਾਏਲੀਆਂ ਤੋਂ ਇਲਾਵਾ ਹੋਰ ਕੌਣ ਮਸੀਹ ਦੀ ਬਿਵਸਥਾ ਅਧੀਨ ਹਨ?
4 ਇਸ ਨਵੇਂ ਨੇਮ ਵਿਚ ਕੌਣ ਸ਼ਾਮਲ ਕੀਤੇ ਜਾਂਦੇ? ਯਕੀਨਨ ਹੀ ਸ਼ਾਬਦਿਕ ‘ਇਸਰਾਏਲ ਦਾ ਘਰਾਣਾ’ ਨਹੀਂ, ਜਿਸ ਨੇ ਇਸ ਨੇਮ ਦੇ ਵਿਚੋਲੇ ਨੂੰ ਠੁਕਰਾ ਦਿੱਤਾ ਸੀ। (ਇਬਰਾਨੀਆਂ 9:15) ਨਹੀਂ, ਇਹ ਨਵਾਂ “ਇਸਰਾਏਲ” “ਪਰਮੇਸ਼ੁਰ ਦਾ ਇਸਰਾਏਲ,” ਅਥਵਾ ਅਧਿਆਤਮਿਕ ਇਸਰਾਏਲੀਆਂ ਦੀ ਕੌਮ ਹੁੰਦੀ। (ਗਲਾਤੀਆਂ 6:16; ਰੋਮੀਆਂ 2:28, 29) ਬਾਅਦ ਵਿਚ ਮਸੀਹੀਆਂ ਦੇ ਇਸ ਛੋਟੇ, ਆਤਮਾ ਨਾਲ ਮਸਹ ਕੀਤੇ ਹੋਏ ਸਮੂਹ ਦੇ ਨਾਲ ਸਾਰੀਆਂ ਕੌਮਾਂ ਤੋਂ ਨਿੱਕਲੀ “ਵੱਡੀ ਭੀੜ” ਆ ਮਿਲਦੀ, ਅਤੇ ਇਹ ਵੀ ਯਹੋਵਾਹ ਦੀ ਉਪਾਸਨਾ ਕਰਨ ਦੀ ਭਾਲ ਕਰਦੀ। (ਪਰਕਾਸ਼ ਦੀ ਪੋਥੀ 7:9, 10; ਜ਼ਕਰਯਾਹ 8:23) ਹਾਲਾਂਕਿ ਇਹ ਉਸ ਨਵੇਂ ਨੇਮ ਵਿਚ ਸ਼ਰੀਕ ਨਹੀਂ ਹੁੰਦੇ, ਇਹ ਵੀ ਬਿਵਸਥਾ ਦੁਆਰਾ ਬੱਝੇ ਹੁੰਦੇ। (ਤੁਲਨਾ ਕਰੋ ਲੇਵੀਆਂ 24:22; ਗਿਣਤੀ 15:15.) “ਇੱਕੋ ਅਯਾਲੀ” ਹੇਠ “ਇੱਕੋ ਇੱਜੜ” ਦੇ ਤੌਰ ਤੇ, ਸਾਰੇ ਹੀ “ਮਸੀਹ ਦੇ ਭਾਣੇ ਸ਼ਰਾ ਅਧੀਨ” ਹੁੰਦੇ, ਜਿਵੇਂ ਕਿ ਰਸੂਲ ਪੌਲੁਸ ਨੇ ਲਿਖਿਆ। (ਯੂਹੰਨਾ 10:16; 1 ਕੁਰਿੰਥੀਆਂ 9:21) ਪੌਲੁਸ ਨੇ ਇਸ ਨਵੇਂ ਨੇਮ ਨੂੰ ਇਕ “ਉੱਤਮ ਨੇਮ” ਆਖਿਆ। ਕਿਉਂ? ਇਕ ਤਾਂ ਇਹ ਕਿ ਇਹ ਪੂਰੇ ਹੋਏ ਵਾਅਦਿਆਂ ਉੱਤੇ ਆਧਾਰਿਤ ਹੈ, ਨਾ ਕਿ ਹੋਣ ਵਾਲੀਆਂ ਗੱਲਾਂ ਦੇ ਪਰਛਾਵੇਂ ਉੱਤੇ।—ਇਬਰਾਨੀਆਂ 8:6; 9:11-14.
5. ਨਵੇਂ ਨੇਮ ਦਾ ਕੀ ਮਕਸਦ ਹੈ, ਅਤੇ ਇਹ ਕਿਉਂ ਸਫ਼ਲ ਹੋਵੇਗਾ?
5 ਇਸ ਨੇਮ ਦਾ ਮਕਸਦ ਕੀ ਹੈ? ਇਸ ਦਾ ਮਕਸਦ ਹੈ ਸਾਰੀ ਮਨੁੱਖਜਾਤੀ ਨੂੰ ਬਰਕਤ ਦੇਣ ਲਈ ਰਾਜਿਆਂ ਅਤੇ ਜਾਜਕਾਂ ਦੀ ਇਕ ਕੌਮ ਉਤਪੰਨ ਕਰਨਾ। (ਕੂਚ 19:6; 1 ਪਤਰਸ 2:9; ਪਰਕਾਸ਼ ਦੀ ਪੋਥੀ 5:10) ਮੂਸਾ ਦੇ ਬਿਵਸਥਾ ਨੇਮ ਨੇ ਕਦੇ ਵੀ ਪੂਰੇ ਅਰਥ ਵਿਚ ਇਸ ਕੌਮ ਨੂੰ ਉਤਪੰਨ ਨਹੀਂ ਕੀਤਾ, ਕਿਉਂਕਿ ਸਮੁੱਚੇ ਤੌਰ ਤੇ ਇਸਰਾਏਲ ਨੇ ਬਗਾਵਤ ਕੀਤੀ ਅਤੇ ਆਪਣੇ ਵਿਸ਼ੇਸ਼-ਸਨਮਾਨ ਨੂੰ ਗੁਆ ਦਿੱਤਾ। (ਤੁਲਨਾ ਕਰੋ ਰੋਮੀਆਂ 11:17-21.) ਪਰੰਤੂ, ਨਵਾਂ ਨੇਮ ਨਿਸ਼ਚਿਤ ਹੀ ਸਫ਼ਲ ਹੋਵੇਗਾ, ਕਿਉਂਕਿ ਇਹ ਇਕ ਬਹੁਤ ਹੀ ਭਿੰਨ ਪ੍ਰਕਾਰ ਦੀ ਬਿਵਸਥਾ ਨਾਲ ਸੰਬੰਧਿਤ ਹੈ। ਕਿਨ੍ਹਾਂ ਤਰੀਕਿਆਂ ਤੋਂ ਭਿੰਨ?
ਆਜ਼ਾਦੀ ਦੀ ਬਿਵਸਥਾ
6, 7. ਮਸੀਹ ਦੀ ਬਿਵਸਥਾ, ਮੂਸਾ ਦੀ ਬਿਵਸਥਾ ਦੁਆਰਾ ਪੇਸ਼ ਕੀਤੀ ਗਈ ਆਜ਼ਾਦੀ ਨਾਲੋਂ ਵਧੇਰੀ ਆਜ਼ਾਦੀ ਕਿਵੇਂ ਪੇਸ਼ ਕਰਦੀ ਹੈ?
6 ਮਸੀਹ ਦੀ ਬਿਵਸਥਾ ਨੂੰ ਵਾਰ-ਵਾਰ ਆਜ਼ਾਦੀ ਦੇ ਨਾਲ ਜੋੜਿਆ ਜਾਂਦਾ ਹੈ। (ਯੂਹੰਨਾ 8:31, 32) ਇਸ ਨੂੰ “ਇਕ ਆਜ਼ਾਦ ਲੋਕਾਂ ਦੀ ਬਿਵਸਥਾ” ਅਤੇ “ਆਜ਼ਾਦੀ ਦੀ ਸੰਪੂਰਣ ਬਿਵਸਥਾ” ਆਖਿਆ ਜਾਂਦਾ ਹੈ। (ਯਾਕੂਬ 1:25; 2:12, ਨਿ ਵ) ਬੇਸ਼ੱਕ, ਮਾਨਵ ਵਿਚਕਾਰ ਸਾਰੀ ਆਜ਼ਾਦੀ ਸਾਪੇਖ ਹੈ। ਫਿਰ ਵੀ, ਇਹ ਬਿਵਸਥਾ ਆਪਣੇ ਪੂਰਵ-ਵਰਤੀ, ਮੂਸਾ ਦੀ ਬਿਵਸਥਾ ਨਾਲੋਂ ਕਿਤੇ ਹੀ ਵਧੇਰੀ ਆਜ਼ਾਦੀ ਪੇਸ਼ ਕਰਦੀ ਹੈ। ਇਹ ਕਿਵੇਂ?
7 ਇਕ ਮਿਸਾਲ ਵਜੋਂ, ਕੋਈ ਵੀ ਵਿਅਕਤੀ ਮਸੀਹ ਦੀ ਬਿਵਸਥਾ ਅਧੀਨ ਪੈਦਾ ਨਹੀਂ ਹੁੰਦਾ ਹੈ। ਜਾਤੀ ਅਤੇ ਜਨਮ ਦੇ ਸਥਾਨ ਵਰਗੀਆਂ ਗੱਲਾਂ ਅਸੰਬੰਧਿਤ ਹਨ। ਸੱਚੇ ਮਸੀਹੀ ਇਸ ਬਿਵਸਥਾ ਦੇ ਪ੍ਰਤੀ ਆਗਿਆਕਾਰਤਾ ਦੇ ਜੂਲੇ ਨੂੰ ਸਵੀਕਾਰ ਕਰਨ ਲਈ ਮਰਜ਼ੀ ਨਾਲ ਆਪਣੇ ਦਿਲ ਵਿਚ ਚੋਣ ਕਰਦੇ ਹਨ। ਇੰਜ ਕਰਨ ਨਾਲ, ਉਹ ਪਾਉਂਦੇ ਹਨ ਕਿ ਇਹ ਇਕ ਹੌਲਾ ਜੂਲਾ ਹੈ, ਇਕ ਹਲਕਾ ਭਾਰ। (ਮੱਤੀ 11:28-30) ਜੇ ਤੁਹਾਨੂੰ ਯਾਦ ਹੋਵੇ, ਮੂਸਾ ਦੀ ਬਿਵਸਥਾ ਮਨੁੱਖ ਨੂੰ ਇਹ ਸਿਖਾਉਣ ਦੇ ਲਈ ਵੀ ਤਿਆਰ ਕੀਤੀ ਗਈ ਸੀ ਕਿ ਉਹ ਪਾਪੀ ਹੈ ਅਤੇ ਉਸ ਨੂੰ ਛੁਡਾਉਣ ਲਈ ਇਕ ਰਿਹਾਈ-ਕੀਮਤ ਬਲੀਦਾਨ ਦੀ ਸਖ਼ਤ ਲੋੜ ਹੈ। (ਗਲਾਤੀਆਂ 3:19) ਮਸੀਹ ਦੀ ਬਿਵਸਥਾ ਸਿਖਾਉਂਦੀ ਹੈ ਕਿ ਮਸੀਹਾ ਆ ਚੁੱਕਾ ਹੈ, ਆਪਣੇ ਜੀਵਨ ਦੇ ਨਾਲ ਰਿਹਾਈ-ਕੀਮਤ ਅਦਾ ਕਰ ਚੁੱਕਾ ਹੈ, ਅਤੇ ਸਾਡੇ ਲਈ ਪਾਪ ਤੇ ਮੌਤ ਦੇ ਭਿਆਨਕ ਦਮਨ ਤੋਂ ਮੁਕਤ ਹੋਣ ਦਾ ਰਾਹ ਖੋਲ੍ਹ ਦਿੱਤਾ ਹੈ! (ਰੋਮੀਆਂ 5:20, 21) ਲਾਭ ਉਠਾਉਣ ਦੇ ਲਈ, ਸਾਨੂੰ ਉਸ ਬਲੀਦਾਨ ਵਿਚ ‘ਨਿਹਚਾ ਕਰਨ’ ਦੀ ਲੋੜ ਹੈ।—ਯੂਹੰਨਾ 3:16.
8. ਮਸੀਹ ਦੀ ਬਿਵਸਥਾ ਵਿਚ ਕੀ ਸੰਮਿਲਿਤ ਹੈ, ਪਰੰਤੂ ਇਸ ਦੇ ਅਨੁਸਾਰ ਜੀਉਣ ਲਈ ਸੈਂਕੜੇ ਕਾਨੂੰਨੀ ਅਧਿਨਿਯਮਾਂ ਨੂੰ ਯਾਦ ਕਰਨ ਦੀ ਲੋੜ ਕਿਉਂ ਨਹੀਂ ਹੈ?
8 ‘ਨਿਹਚਾ ਕਰਨ’ ਵਿਚ ਮਸੀਹ ਦੀ ਬਿਵਸਥਾ ਦੇ ਅਨੁਸਾਰ ਜੀਉਣਾ ਸੰਮਿਲਿਤ ਹੈ। ਇਸ ਵਿਚ ਮਸੀਹ ਦੇ ਸਭ ਹੁਕਮਾਂ ਦੀ ਪਾਲਣਾ ਕਰਨਾ ਸ਼ਾਮਲ ਹੈ। ਕੀ ਇਸ ਦਾ ਅਰਥ ਹੈ ਸੈਂਕੜੇ ਨਿਯਮਾਂ ਤੇ ਅਧਿਨਿਯਮਾਂ ਨੂੰ ਯਾਦ ਕਰਨਾ? ਜੀ ਨਹੀਂ। ਜਦ ਕਿ ਪੁਰਾਣੇ ਨੇਮ ਦੇ ਵਿਚੋਲੇ, ਮੂਸਾ ਨੇ ਮੂਸਾ ਦੀ ਬਿਵਸਥਾ ਨੂੰ ਲਿਪੀਬੱਧ ਕੀਤਾ ਸੀ, ਨਵੇਂ ਨੇਮ ਦੇ ਵਿਚੋਲੇ, ਯਿਸੂ ਨੇ ਇਕ ਵੀ ਨਿਯਮ ਨਹੀਂ ਲਿਖਿਆ। ਇਸ ਦੀ ਬਜਾਇ, ਉਸ ਨੇ ਇਸ ਬਿਵਸਥਾ ਨੂੰ ਜੀ ਕੇ ਦਿਖਾਇਆ। ਆਪਣੇ ਸੰਪੂਰਣ ਜੀਵਨ ਮਾਰਗ ਦੇ ਜ਼ਰੀਏ, ਉਸ ਨੇ ਪੈਰਵੀ ਕਰਨ ਦੇ ਲਈ ਸਾਰਿਆਂ ਵਾਸਤੇ ਇਕ ਨਮੂਨਾ ਕਾਇਮ ਕੀਤਾ। (1 ਪਤਰਸ 2:21) ਸ਼ਾਇਦ ਇਸੇ ਲਈ ਮੁਢਲੇ ਮਸੀਹੀਆਂ ਦੀ ਉਪਾਸਨਾ ਨੂੰ ‘ਉਹ ਪੰਥ’ ਆਖਿਆ ਜਾਂਦਾ ਸੀ। (ਰਸੂਲਾਂ ਦੇ ਕਰਤੱਬ 9:2; 19:9, 23; 22:4; 24:22) ਉਨ੍ਹਾਂ ਨੇ ਮਸੀਹ ਦੇ ਜੀਵਨ ਵਿਚ ਮਸੀਹ ਦੀ ਬਿਵਸਥਾ ਦੀ ਮਿਸਾਲ ਦੇਖੀ। ਯਿਸੂ ਦਾ ਅਨੁਕਰਣ ਕਰਨ ਦਾ ਅਰਥ ਬਿਵਸਥਾ ਦੀ ਪਾਲਣਾ ਕਰਨੀ ਸੀ। ਉਨ੍ਹਾਂ ਦਾ ਉਸ ਦੇ ਪ੍ਰਤੀ ਗਹਿਰੇ ਪ੍ਰੇਮ ਦਾ ਅਰਥ ਸੀ ਕਿ ਇਹ ਬਿਵਸਥਾ ਸੱਚ-ਮੁੱਚ ਉਨ੍ਹਾਂ ਦੇ ਦਿਲਾਂ ਉੱਤੇ ਲਿਖੀ ਹੋਈ ਸੀ, ਜਿਵੇਂ ਕਿ ਭਵਿੱਖਬਾਣੀ ਕੀਤੀ ਗਈ ਸੀ। (ਯਿਰਮਿਯਾਹ 31:33; 1 ਪਤਰਸ 4:8) ਅਤੇ ਇਕ ਜਣਾ ਜੋ ਪ੍ਰੇਮ ਦੇ ਕਾਰਨ ਆਗਿਆਕਾਰ ਹੁੰਦਾ ਹੈ ਕਦੇ ਵੀ ਦੱਬਿਆ ਹੋਇਆ ਮਹਿਸੂਸ ਨਹੀਂ ਕਰਦਾ ਹੈ—ਇਕ ਹੋਰ ਕਾਰਨ ਕਿ ਕਿਉਂ ਮਸੀਹ ਦੀ ਬਿਵਸਥਾ ਨੂੰ “ਇਕ ਆਜ਼ਾਦ ਲੋਕਾਂ ਦੀ ਬਿਵਸਥਾ” ਆਖਿਆ ਜਾ ਸਕਦਾ ਹੈ।
9. ਕਿਹੜੀ ਚੀਜ਼ ਮਸੀਹ ਦੀ ਬਿਵਸਥਾ ਦਾ ਮੂਲ ਤੱਤ ਹੈ, ਅਤੇ ਇਸ ਬਿਵਸਥਾ ਵਿਚ ਇਕ ਨਵਾਂ ਹੁਕਮ ਕਿਸ ਤਰੀਕੇ ਨਾਲ ਸ਼ਾਮਲ ਹੈ?
9 ਜੇਕਰ ਮੂਸਾ ਦੀ ਬਿਵਸਥਾ ਵਿਚ ਪ੍ਰੇਮ ਮਹੱਤਵਪੂਰਣ ਸੀ, ਤਾਂ ਇਹ ਮਸੀਹੀ ਬਿਵਸਥਾ ਦਾ ਮੂਲ ਤੱਤ ਹੈ। ਇਸ ਤਰ੍ਹਾਂ ਮਸੀਹ ਦੀ ਬਿਵਸਥਾ ਵਿਚ ਇਕ ਨਵਾਂ ਹੁਕਮ ਸ਼ਾਮਲ ਹੈ—ਮਸੀਹੀਆਂ ਨੂੰ ਇਕ ਦੂਜੇ ਦੇ ਲਈ ਆਤਮ-ਬਲੀਦਾਨੀ ਪ੍ਰੇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਉਵੇਂ ਹੀ ਪ੍ਰੇਮ ਕਰਨਾ ਚਾਹੀਦਾ ਹੈ ਜਿਵੇਂ ਕਿ ਯਿਸੂ ਨੇ ਕੀਤਾ ਸੀ; ਉਸ ਨੇ ਆਪਣੇ ਮਿੱਤਰਾਂ ਦੀ ਖ਼ਾਤਰ ਖ਼ੁਸ਼ੀ-ਖ਼ੁਸ਼ੀ ਆਪਣੀ ਜਾਨ ਦੇ ਦਿੱਤੀ ਸੀ। (ਯੂਹੰਨਾ 13:34, 35; 15:13) ਸੋ ਇਹ ਕਿਹਾ ਜਾ ਸਕਦਾ ਹੈ ਕਿ ਮੂਸਾ ਦੀ ਬਿਵਸਥਾ ਨਾਲੋਂ ਮਸੀਹ ਦੀ ਬਿਵਸਥਾ ਦੈਵ-ਸ਼ਾਸਨ ਦੀ ਇਕ ਹੋਰ ਵੀ ਉੱਚ ਅਭਿਵਿਅਕਤੀ ਹੈ। ਜਿਵੇਂ ਕਿ ਇਸ ਰਸਾਲੇ ਨੇ ਪਹਿਲਾਂ ਹੀ ਦਿਖਾਇਆ ਹੈ: “ਦੈਵ-ਸ਼ਾਸਨ ਪਰਮੇਸ਼ੁਰ ਦੁਆਰਾ ਸ਼ਾਸਨ ਹੈ; ਪਰਮੇਸ਼ੁਰ ਪ੍ਰੇਮ ਹੈ; ਇਸ ਲਈ ਦੈਵ-ਸ਼ਾਸਨ ਪ੍ਰੇਮ ਦੁਆਰਾ ਸ਼ਾਸਨ ਹੈ।”
ਯਿਸੂ ਅਤੇ ਫ਼ਰੀਸੀ
10. ਯਿਸੂ ਦੀ ਸਿੱਖਿਆ ਫ਼ਰੀਸੀਆਂ ਦੀ ਸਿੱਖਿਆ ਤੋਂ ਕਿਵੇਂ ਭਿੰਨ ਸੀ?
10 ਤਾਂ ਫਿਰ, ਇਹ ਹੈਰਾਨੀ ਦੀ ਗੱਲ ਨਹੀਂ ਕਿ ਉਸ ਦੇ ਦਿਨਾਂ ਦੇ ਯਹੂਦੀ ਧਾਰਮਿਕ ਆਗੂਆਂ ਨਾਲ ਯਿਸੂ ਦਾ ਤਕਰਾਰ ਹੋਇਆ। “ਅਜ਼ਾਦੀ ਦੀ ਸੰਪੂਰਣ ਬਿਵਸਥਾ” ਤਾਂ ਗ੍ਰੰਥੀਆਂ ਅਤੇ ਫ਼ਰੀਸੀਆਂ ਦੇ ਮਨਾਂ ਵਿਚ ਬਿਲਕੁਲ ਆਈ ਹੀ ਨਹੀਂ ਸੀ। ਉਹ ਪਰਜਾ ਨੂੰ ਮਨੁੱਖ ਦੇ ਬਣਾਏ ਹੋਏ ਵਿਨਿਯਮਾਂ ਦੁਆਰਾ ਨਿਯੰਤ੍ਰਿਤ ਕਰਨ ਦੀ ਕੋਸ਼ਿਸ਼ ਕਰਦੇ ਸਨ। ਉਨ੍ਹਾਂ ਦੀ ਸਿੱਖਿਆ ਦਮਨਕਾਰੀ, ਨਿੰਦਾਤਮਕ, ਨਕਾਰਾਤਮਕ ਬਣ ਗਈ। ਇਸ ਦੇ ਬਿਲਕੁਲ ਉਲਟ, ਯਿਸੂ ਦੀ ਸਿੱਖਿਆ ਅਤਿਅੰਤ ਉਤਸ਼ਾਹਜਨਕ ਅਤੇ ਸਕਾਰਾਤਮਕ ਸੀ! ਉਹ ਵਿਵਹਾਰਕ ਸੀ ਅਤੇ ਲੋਕਾਂ ਦੀਆਂ ਅਸਲੀ ਲੋੜਾਂ ਤੇ ਚਿੰਤਾਵਾਂ ਨੂੰ ਸੰਬੋਧਿਤ ਕਰਦਾ ਸੀ। ਉਹ ਨਿੱਤ ਦੇ ਜੀਵਨ ਤੋਂ ਦ੍ਰਿਸ਼ਟਾਂਤ ਇਸਤੇਮਾਲ ਕਰਦੇ ਹੋਏ ਅਤੇ ਪਰਮੇਸ਼ੁਰ ਦੇ ਬਚਨ ਦਾ ਅਧਿਕਾਰ ਲੈਂਦੇ ਹੋਏ, ਸਰਲ ਤਰੀਕੇ ਨਾਲ ਅਤੇ ਅਸਲੀ ਭਾਵਨਾ ਨਾਲ ਸਿਖਾਉਂਦਾ ਸੀ। ਇਸ ਤਰ੍ਹਾਂ, “ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ।” (ਮੱਤੀ 7:28) ਜੀ ਹਾਂ, ਯਿਸੂ ਦੀ ਸਿੱਖਿਆ ਉਨ੍ਹਾਂ ਦੇ ਦਿਲਾਂ ਤਕ ਪਹੁੰਚੀ!
11. ਯਿਸੂ ਨੇ ਕਿਵੇਂ ਪ੍ਰਦਰਸ਼ਿਤ ਕੀਤਾ ਕਿ ਮੂਸਾ ਦੀ ਬਿਵਸਥਾ ਨੂੰ ਤਰਕਸੰਗਤੀ ਅਤੇ ਦਇਆ ਦੇ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਸੀ?
11 ਮੂਸਾ ਦੀ ਬਿਵਸਥਾ ਵਿਚ ਹੋਰ ਵਿਨਿਯਮ ਜੋੜਨ ਦੀ ਬਜਾਇ, ਯਿਸੂ ਨੇ ਦਿਖਾਇਆ ਕਿ ਕਿਵੇਂ ਯਹੂਦੀਆਂ ਨੂੰ ਉਸ ਬਿਵਸਥਾ ਨੂੰ ਲਗਾਤਾਰ ਲਾਗੂ ਕਰ ਰਹੇ ਹੋਣਾ ਚਾਹੀਦਾ ਸੀ—ਤਰਕਸੰਗਤੀ ਅਤੇ ਦਇਆ ਸਹਿਤ। ਮਿਸਾਲ ਲਈ, ਉਸ ਮੌਕੇ ਨੂੰ ਯਾਦ ਕਰੋ ਜਦੋਂ ਲਹੂ ਦੇ ਪ੍ਰਵਾਹ ਨਾਲ ਪੀੜਿਤ ਇਕ ਔਰਤ ਉਸ ਕੋਲ ਅੱਪੜੀ ਸੀ। ਮੂਸਾ ਦੀ ਬਿਵਸਥਾ ਦੇ ਅਨੁਸਾਰ, ਜਿਸ ਕਿਸੇ ਨੂੰ ਉਹ ਛੋਂਹਦੀ ਉਹ ਅਸ਼ੁੱਧ ਹੋ ਜਾਂਦਾ, ਇਸ ਲਈ ਉਸ ਨੂੰ ਨਿਸ਼ਚੇ ਹੀ ਲੋਕਾਂ ਦੀ ਭੀੜ ਵਿਚ ਨਹੀਂ ਹੋਣਾ ਚਾਹੀਦਾ ਸੀ! (ਲੇਵੀਆਂ 15:25-27) ਲੇਕਨ ਉਹ ਰਾਜ਼ੀ ਹੋਣ ਲਈ ਇੰਨੀ ਤੀਬਰ ਇੱਛਾ ਰੱਖਦੀ ਸੀ ਕਿ ਉਸ ਨੇ ਭੀੜ ਵਿੱਚੋਂ ਰਾਹ ਬਣਾਉਂਦੇ ਹੋਏ ਯਿਸੂ ਦੇ ਬਾਹਰਲੇ ਬਸਤਰ ਨੂੰ ਛੋਹਿਆ। ਲਹੂ ਦਾ ਪ੍ਰਵਾਹ ਤੁਰੰਤ ਹੀ ਰੁਕ ਗਿਆ। ਕੀ ਉਸ ਨੇ ਉਸ ਨੂੰ ਬਿਵਸਥਾ ਦੀ ਉਲੰਘਣਾ ਕਰਨ ਲਈ ਝਿੜਕਿਆ? ਨਹੀਂ; ਇਸ ਦੀ ਬਜਾਇ, ਉਸ ਨੇ ਉਸ ਦੀ ਨਿਰਾਸ਼ ਹਾਲਾਤ ਨੂੰ ਸਮਝਿਆ ਅਤੇ ਬਿਵਸਥਾ ਦੀ ਸਭ ਤੋਂ ਵੱਡੀ ਸਿੱਖਿਆ—ਪ੍ਰੇਮ—ਨੂੰ ਪ੍ਰਦਰਸ਼ਿਤ ਕੀਤਾ। ਹਮਦਰਦੀਪੂਰਵਕ ਉਸ ਨੇ ਉਸ ਨੂੰ ਕਿਹਾ: “ਹੇ ਬੇਟੀ ਤੇਰੀ ਨਿਹਚਾ ਨੇ ਤੈਨੂੰ ਚੰਗਾ ਕੀਤਾ ਹੈ, ਸਲਾਮਤ ਚਲੀ ਜਾਹ ਅਤੇ ਆਪਣੀ ਬਲਾ ਤੋਂ ਬਚੀ ਰਹੁ।”—ਮਰਕੁਸ 5:25-34.
ਕੀ ਮਸੀਹ ਦੀ ਬਿਵਸਥਾ ਇਜਾਜ਼ਤੀ ਹੈ?
12. (ੳ) ਸਾਨੂੰ ਇਹ ਸਿੱਟਾ ਕਿਉਂ ਨਹੀਂ ਕੱਢਣਾ ਚਾਹੀਦਾ ਹੈ ਕਿ ਮਸੀਹ ਇਜਾਜ਼ਤੀ ਹੈ? (ਅ) ਕੀ ਦਿਖਾਉਂਦਾ ਹੈ ਕਿ ਅਨੇਕ ਨਿਯਮਾਂ ਨੂੰ ਬਣਾਉਣਾ ਅਨੇਕ ਬਚਾਉ ਦੇ ਰਾਹ ਬਣਾਉਣ ਵੱਲ ਲੈ ਜਾਂਦਾ ਹੈ?
12 ਤਾਂ ਫਿਰ, ਕੀ ਸਾਨੂੰ ਇਹ ਸਿੱਟਾ ਕੱਢਣਾ ਚਾਹੀਦਾ ਹੈ ਕਿ ਕਿਉਂਕਿ ਮਸੀਹ ਦੀ ਬਿਵਸਥਾ “ਆਜ਼ਾਦੀ ਦੀ” ਹੈ, ਇਹ ਇਜਾਜ਼ਤੀ ਹੈ, ਜਦ ਕਿ ਫ਼ਰੀਸੀਆਂ ਨੇ, ਆਪਣੀਆਂ ਸਾਰੀਆਂ ਮੌਖਿਕ ਰੀਤਾਂ ਸਹਿਤ, ਘਟੋ-ਘੱਟ ਲੋਕਾਂ ਦੇ ਆਚਰਣ ਨੂੰ ਸਖ਼ਤ ਸਰਹੱਦਾਂ ਦੇ ਅੰਦਰ ਤਾਂ ਰੱਖਿਆ? ਜੀ ਨਹੀਂ। ਕਾਨੂੰਨੀ ਪ੍ਰਣਾਲੀਆਂ ਅੱਜ ਦਿਖਾਉਂਦੀਆਂ ਹਨ ਕਿ ਅਕਸਰ ਜਿੰਨੇ ਜ਼ਿਆਦਾ ਨਿਯਮ ਹੁੰਦੇ ਹਨ, ਲੋਕ ਉਨ੍ਹਾਂ ਦੇ ਵਿਚ ਉੱਨੇ ਹੀ ਅਧਿਕ ਬਚਾਉ ਦੇ ਰਾਹ ਲੱਭਦੇ ਹਨ।a ਯਿਸੂ ਦੇ ਦਿਨਾਂ ਵਿਚ ਫ਼ਰੀਸੀਵਾਦੀ ਅਸੂਲਾਂ ਦੀ ਬਹੁਤਾਤ ਨੇ ਬਚਾਉ ਦੇ ਰਾਹ ਦੀ ਭਾਲ ਕਰਨ, ਕਾਰਜਾਂ ਨੂੰ ਬੇਦਿਲ ਢੰਗ ਨਾਲ ਪ੍ਰੇਮ ਰਹਿਤ ਨਿਭਾਉਣ, ਅਤੇ ਆਂਤਰਿਕ ਭ੍ਰਿਸ਼ਟਾਚਾਰ ਨੂੰ ਛੁਪਾਉਣ ਪੱਖੋਂ ਇਕ ਸਵੈ-ਸਤਵਾਦੀ ਬਾਹਰੀ ਦਿੱਖ ਨੂੰ ਵਿਕਸਿਤ ਕਰਨ ਦੇ ਲਈ ਉਤਸ਼ਾਹਿਤ ਕੀਤਾ।—ਮੱਤੀ 23:23, 24.
13. ਮਸੀਹ ਦੀ ਬਿਵਸਥਾ ਕਿਸੇ ਵੀ ਲਿਖਤੀ ਨਿਯਮਾਵਲੀ ਨਾਲੋਂ ਆਚਰਣ ਦੇ ਜ਼ਿਆਦਾ ਉੱਚਤਰ ਮਿਆਰ ਵਿਚ ਕਿਉਂ ਪਰਿਣਿਤ ਹੁੰਦੀ ਹੈ?
13 ਇਸ ਦੇ ਉਲਟ, ਮਸੀਹ ਦੀ ਬਿਵਸਥਾ ਅਜਿਹੇ ਰਵੱਈਏ ਵਿਕਸਿਤ ਨਹੀਂ ਕਰਦੀ ਹੈ। ਦਰਅਸਲ, ਇਕ ਰਸਮੀ ਕਾਨੂੰਨੀ ਨਿਯਮਾਵਲੀ ਦੀ ਪੈਰਵੀ ਕਰਨ ਨਾਲੋਂ, ਇਕ ਅਜਿਹੀ ਬਿਵਸਥਾ ਦੀ ਪਾਲਣਾ ਕਰਨਾ ਜੋ ਯਹੋਵਾਹ ਦੇ ਲਈ ਪ੍ਰੇਮ ਉੱਤੇ ਆਧਾਰਿਤ ਹੈ ਅਤੇ ਜਿਸ ਦੀ ਪਾਲਣਾ ਮਸੀਹ ਵੱਲੋਂ ਦੂਜਿਆਂ ਦੇ ਪ੍ਰਤੀ ਆਤਮ-ਬਲੀਦਾਨੀ ਪ੍ਰੇਮ ਦਾ ਅਨੁਕਰਣ ਕਰਨ ਦੇ ਦੁਆਰਾ ਕੀਤੀ ਜਾਂਦੀ ਹੈ, ਆਚਰਣ ਦੇ ਇਕ ਕਿਤੇ ਹੀ ਉੱਚਤਰ ਮਿਆਰ ਵਿਚ ਪਰਿਣਿਤ ਹੁੰਦਾ ਹੈ। ਪ੍ਰੇਮ ਬਚਾਉ ਦੇ ਰਾਹ ਨਹੀਂ ਭਾਲਦਾ ਹੈ; ਇਹ ਸਾਨੂੰ ਉਹ ਹਾਨੀਕਾਰਕ ਕੰਮ ਕਰਨ ਤੋਂ ਰੋਕਦਾ ਹੈ ਜਿਨ੍ਹਾਂ ਨੂੰ ਇਕ ਨਿਯਮਾਵਲੀ ਸ਼ਾਇਦ ਸਪੱਸ਼ਟ ਤੌਰ ਤੇ ਮਨ੍ਹਾ ਨਾ ਕਰੇ। (ਦੇਖੋ ਮੱਤੀ 5:27, 28.) ਇਸ ਤਰ੍ਹਾਂ, ਮਸੀਹ ਦੀ ਬਿਵਸਥਾ ਸਾਨੂੰ ਅਜਿਹੇ ਤਰੀਕਿਆਂ ਵਿਚ ਦੂਜਿਆਂ ਦੇ ਲਈ ਚੀਜ਼ਾਂ ਕਰਨ ਲਈ—ਉਦਾਰਤਾ, ਪਰਾਹੁਣਚਾਰੀ, ਅਤੇ ਪ੍ਰੇਮ ਦਿਖਾਉਣ ਲਈ—ਪ੍ਰੇਰਿਤ ਕਰੇਗੀ ਜੋ ਕੋਈ ਵੀ ਰਸਮੀ ਕਾਨੂੰਨ ਸਾਡੇ ਤੋਂ ਨਹੀਂ ਕਰਵਾ ਸਕਦਾ ਹੈ।—ਰਸੂਲਾਂ ਦੇ ਕਰਤੱਬ 20:35; 2 ਕੁਰਿੰਥੀਆਂ 9:7; ਇਬਰਾਨੀਆਂ 13:16.
14. ਪਹਿਲੀ-ਸਦੀ ਮਸੀਹੀ ਕਲੀਸਿਯਾ ਉੱਤੇ ਮਸੀਹ ਦੀ ਬਿਵਸਥਾ ਦੇ ਅਨੁਸਾਰ ਜੀਉਣ ਦਾ ਕੀ ਅਸਰ ਪਿਆ?
14 ਜਿਸ ਹੱਦ ਤਕ ਇਸ ਦੇ ਸਦੱਸ ਮਸੀਹ ਦੀ ਬਿਵਸਥਾ ਦੇ ਅਨੁਸਾਰ ਜੀਉਂਦੇ ਸਨ, ਮੁਢਲੀ ਮਸੀਹੀ ਕਲੀਸਿਯਾ ਨੇ ਉੱਨਾ ਹੀ ਇਕ ਨਿੱਘਾ, ਪ੍ਰੇਮਮਈ ਵਾਤਾਵਰਣ ਦਾ ਆਨੰਦ ਮਾਣਿਆ, ਜੋ ਮੁਕਾਬਲਤਨ ਉਨ੍ਹਾਂ ਸਖ਼ਤ, ਆਲੋਚਨਾਤਮਕ, ਅਤੇ ਪਖੰਡੀ ਰਵੱਈਏ ਤੋਂ ਮੁਕਤ ਸੀ ਜੋ ਉਨ੍ਹਾਂ ਦਿਨਾਂ ਦੇ ਯਹੂਦੀ ਸਭਾ-ਘਰਾਂ ਵਿਚ ਇੰਨੇ ਪ੍ਰਚਲਿਤ ਸਨ। ਇਨ੍ਹਾਂ ਅੱਲ੍ਹੜ ਕਲੀਸਿਯਾਵਾਂ ਦੇ ਸਦੱਸਾਂ ਨੂੰ ਸੱਚ-ਮੁੱਚ ਹੀ ਅਹਿਸਾਸ ਹੋਇਆ ਹੋਵੇਗਾ ਕਿ ਉਹ “ਇਕ ਆਜ਼ਾਦ ਲੋਕਾਂ ਦੀ ਬਿਵਸਥਾ” ਦੇ ਅਨੁਸਾਰ ਜੀ ਰਹੇ ਸਨ!
15. ਮਸੀਹੀ ਕਲੀਸਿਯਾ ਨੂੰ ਭ੍ਰਿਸ਼ਟ ਕਰਨ ਲਈ ਸ਼ਤਾਨ ਦੇ ਕੁਝ ਮੁਢਲੇ ਜਤਨ ਕਿਹੜੇ ਸਨ?
15 ਪਰੰਤੂ, ਸ਼ਤਾਨ ਮਸੀਹੀ ਕਲੀਸਿਯਾ ਨੂੰ ਅੰਦਰੋਂ ਭ੍ਰਿਸ਼ਟ ਕਰਨ ਲਈ ਉਤਸੁਕ ਸੀ, ਠੀਕ ਜਿਵੇਂ ਉਸ ਨੇ ਇਸਰਾਏਲ ਦੀ ਕੌਮ ਨੂੰ ਭ੍ਰਿਸ਼ਟ ਕੀਤਾ ਸੀ। ਰਸੂਲ ਪੌਲੁਸ ਨੇ ਬਘਿਆੜ-ਸਮਾਨ ਮਨੁੱਖਾਂ ਬਾਰੇ ਚਿਤਾਇਆ ਜੋ “ਉਲਟੀਆਂ ਗੱਲਾਂ ਕਰਨਗੇ” ਅਤੇ ਪਰਮੇਸ਼ੁਰ ਦੇ ਝੁੰਡ ਉੱਤੇ ਦਮਨ ਕਰਨਗੇ। (ਰਸੂਲਾਂ ਦੇ ਕਰਤੱਬ 20:29, 30) ਉਸ ਨੂੰ ਯਹੂਦੀ ਰੀਤਾਂ-ਰਸਮਾਂ ਦੇ ਸਮਰਥਕਾਂ ਦੇ ਨਾਲ ਖਹਿਬੜਨਾ ਪਿਆ, ਜੋ ਮਸੀਹ ਦੀ ਬਿਵਸਥਾ ਦੀ ਸਾਪੇਖ ਆਜ਼ਾਦੀ ਨੂੰ ਮੂਸਾ ਦੀ ਬਿਵਸਥਾ, ਜੋ ਕਿ ਮਸੀਹ ਵਿਚ ਪੂਰੀ ਹੋ ਚੁੱਕੀ ਸੀ, ਦੀ ਗ਼ੁਲਾਮੀ ਲਈ ਬਦਲਣ ਦੀ ਕੋਸ਼ਿਸ਼ ਕਰ ਰਹੇ ਸਨ। (ਮੱਤੀ 5:17; ਰਸੂਲਾਂ ਦੇ ਕਰਤੱਬ 15:1; ਰੋਮੀਆਂ 10:4) ਆਖ਼ਰੀ ਰਸੂਲ ਦੀ ਮੌਤ ਮਗਰੋਂ, ਅਜਿਹੇ ਧਰਮ-ਤਿਆਗ ਦੇ ਵਿਰੁੱਧ ਹੋਰ ਕੋਈ ਪ੍ਰਤਿਬੰਧ ਨਾ ਰਿਹਾ। ਇਸ ਲਈ ਭ੍ਰਿਸ਼ਟਾਚਾਰ ਬੇਮੁਹਾਰੀ ਫੈਲ ਗਈ।—2 ਥੱਸਲੁਨੀਕੀਆਂ 2:6, 7.
ਮਸੀਹੀ-ਜਗਤ ਮਸੀਹ ਦੀ ਬਿਵਸਥਾ ਨੂੰ ਪ੍ਰਦੂਸ਼ਿਤ ਕਰਦਾ ਹੈ
16, 17. (ੳ) ਮਸੀਹੀ-ਜਗਤ ਵਿਚ ਭ੍ਰਿਸ਼ਟਾਚਾਰ ਨੇ ਕਿਹੜੇ ਰੂਪ ਧਾਰੇ? (ਅ) ਕੈਥੋਲਿਕ ਚਰਚ ਦੇ ਨਿਯਮਾਂ ਨੇ ਕਿਵੇਂ ਕਾਮ ਦੇ ਬਾਰੇ ਇਕ ਵਿਕ੍ਰਿਤ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਇਆ?
16 ਜਿਵੇਂ ਕਿ ਯਹੂਦੀਵਾਦ ਨਾਲ ਹੋਇਆ, ਭ੍ਰਿਸ਼ਟਾਚਾਰ ਨੇ ਮਸੀਹੀ-ਜਗਤ ਵਿਚ ਇਕ ਤੋਂ ਵੱਧ ਰੂਪ ਧਾਰਣ ਕੀਤਾ। ਉਹ ਵੀ ਝੂਠੇ ਸਿਧਾਂਤਾਂ ਅਤੇ ਢਿੱਲੀ ਨੈਤਿਕਤਾ ਦਾ ਸ਼ਿਕਾਰ ਹੋ ਗਿਆ। ਅਤੇ ਉਸ ਵੱਲੋਂ ਆਪਣੇ ਝੁੰਡ ਨੂੰ ਬਾਹਰੀ ਪ੍ਰਭਾਵਾਂ ਤੋਂ ਬਚਾਉਣ ਦੇ ਜਤਨ ਅਕਸਰ ਸ਼ੁੱਧ ਉਪਾਸਨਾ ਦੇ ਬਚੇ-ਖੁਚੇ ਭਾਗ ਲਈ ਖੋਰਨਸ਼ੀਲ ਸਾਬਤ ਹੋਏ। ਸਖ਼ਤ ਅਤੇ ਸ਼ਾਸਤਰ ਵਿਰੋਧੀ ਨਿਯਮ ਤੇਜ਼ੀ ਨਾਲ ਵਧੇ।
17 ਗਿਰਜੇ ਦੇ ਨਿਯਮ ਦੇ ਵਿਸ਼ਾਲ ਸੰਗ੍ਰਹਿ ਨੂੰ ਰਚਣ ਵਿਚ ਕੈਥੋਲਿਕ ਚਰਚ ਅੱਵਲ ਰਿਹਾ ਹੈ। ਇਹ ਨਿਯਮ ਖ਼ਾਸ ਕਰਕੇ ਕਾਮ ਸੰਬੰਧੀ ਮਾਮਲਿਆਂ ਵਿਚ ਵਿਕ੍ਰਿਤ ਸਨ। ਪੁਸਤਕ ਕਾਮੁਕਤਾ ਅਤੇ ਕੈਥੋਲਿਕਵਾਦ (ਅੰਗ੍ਰੇਜ਼ੀ) ਦੇ ਅਨੁਸਾਰ, ਗਿਰਜੇ ਨੇ ਸਟਾਇਕਵਾਦ ਦੇ ਯੂਨਾਨੀ ਫ਼ਲਸਫ਼ੇ ਨੂੰ ਗ੍ਰਹਿਣ ਕਰ ਲਿਆ, ਜੋ ਕਿ ਹਰ ਪ੍ਰਕਾਰ ਦੇ ਵਿਲਾਸ ਬਾਰੇ ਸ਼ੱਕੀ ਸੀ। ਗਿਰਜੇ ਨੇ ਇਹ ਸਿਖਾਉਣਾ ਸ਼ੁਰੂ ਕੀਤਾ ਕਿ ਸਭ ਕਾਮ ਵਿਲਾਸ, ਜਿਸ ਵਿਚ ਆਮ ਵਿਆਹੁਤਾ ਸੰਬੰਧ ਵੀ ਸ਼ਾਮਲ ਸੀ, ਪਾਪਪੂਰਣ ਸਨ। (ਤੁਲਨਾ ਕਰੋ ਕਹਾਉਤਾਂ 5:18, 19.) ਕਿਹਾ ਜਾਂਦਾ ਸੀ ਕਿ ਕਾਮ ਕੇਵਲ ਪ੍ਰਜਣਨ ਦੇ ਲਈ ਹੀ ਹੈ। ਇਸ ਲਈ ਗਿਰਜੇ ਦੇ ਨਿਯਮ ਨੇ ਕਿਸੇ ਵੀ ਪ੍ਰਕਾਰ ਦੇ ਗਰਭ-ਨਿਰੋਧ ਦੀ ਇਕ ਅਤਿ ਗੰਭੀਰ ਪਾਪ ਵਜੋਂ ਨਿਖੇਧੀ ਕੀਤੀ, ਜਿਸ ਲਈ ਕਦੇ-ਕਦੇ ਕਈ ਸਾਲਾਂ ਦੇ ਪ੍ਰਾਸਚਿਤ ਦੀ ਲੋੜ ਪੈਂਦੀ ਸੀ। ਇਸ ਤੋਂ ਇਲਾਵਾ, ਪਾਦਰੀ ਵਰਗ ਨੂੰ ਵਿਆਹ ਕਰਨ ਦੀ ਮਨਾਹੀ ਸੀ, ਜੋ ਫ਼ਰਮਾਨ ਅਧਿਕ ਨਾਜਾਇਜ਼ ਕਾਮ ਦਾ ਕਾਰਨ ਬਣਿਆ ਹੈ, ਜਿਸ ਵਿਚ ਬੱਚਿਆਂ ਨਾਲ ਦੁਰਵਿਹਾਰ ਕਰਨਾ ਵੀ ਸ਼ਾਮਲ ਹੈ।—1 ਤਿਮੋਥਿਉਸ 4:1-3.
18. ਗਿਰਜੇ ਦੇ ਨਿਯਮਾਂ ਵਿਚ ਵਾਧੇ ਤੋਂ ਕੀ ਪਰਿਣਿਤ ਹੋਇਆ?
18 ਜਿਉਂ-ਜਿਉਂ ਗਿਰਜੇ ਦੇ ਨਿਯਮ ਵਧਦੇ ਗਏ, ਉਨ੍ਹਾਂ ਨੂੰ ਪੁਸਤਕਾਂ ਵਿਚ ਸੰਗਠਿਤ ਕੀਤਾ ਗਿਆ। ਇਹ ਬਾਈਬਲ ਨੂੰ ਧੁੰਦਲਾ ਕਰਨ ਅਤੇ ਇਸ ਦਾ ਸਥਾਨ ਲੈਣ ਲੱਗ ਪਏ। (ਤੁਲਨਾ ਕਰੋ ਮੱਤੀ 15:3, 9.) ਯਹੂਦੀਵਾਦ ਦੇ ਸਮਾਨ, ਕੈਥੋਲਿਕਵਾਦ ਧਰਮ-ਨਿਰਪੇਖ ਲਿਖਤਾਂ ਉੱਤੇ ਸ਼ੱਕ ਕਰਦਾ ਸੀ ਅਤੇ ਅਧਿਕਤਰ ਲਿਖਤਾਂ ਨੂੰ ਇਕ ਖ਼ਤਰਾ ਵਿਚਾਰਦਾ ਸੀ। ਇਹ ਦ੍ਰਿਸ਼ਟੀਕੋਣ ਛੇਤੀ ਹੀ ਇਸ ਮਾਮਲੇ ਉੱਤੇ ਬਾਈਬਲ ਦੀ ਸਮਝਦਾਰ ਚੇਤਾਵਨੀ ਤੋਂ ਕਿਤੇ ਹੀ ਅੱਗੇ ਵੱਧ ਗਿਆ। (ਉਪਦੇਸ਼ਕ ਦੀ ਪੋਥੀ 12:12; ਕੁਲੁੱਸੀਆਂ 2:8) ਚੌਥੀ ਸਦੀ ਸਾ.ਯੁ. ਦੇ ਗਿਰਜੇ ਦੇ ਇਕ ਲੇਖਕ, ਜਰੋਮ, ਨੇ ਦੁਹਾਈ ਪਾਈ: “ਹੇ ਪ੍ਰਭੂ, ਜੇ ਮੈਂ ਫਿਰ ਕਦੇ ਵੀ ਸੰਸਾਰਕ ਪੁਸਤਕਾਂ ਆਪਣੇ ਕੋਲ ਰੱਖਾਂ ਜਾਂ ਉਨ੍ਹਾਂ ਨੂੰ ਪੜ੍ਹਾਂ, ਤਾਂ ਮੈਂ ਤੈਨੂੰ ਇਨਕਾਰ ਕੀਤਾ ਹੈ।” ਸਮੇਂ ਦੇ ਬੀਤਣ ਨਾਲ, ਗਿਰਜੇ ਨੇ ਪੁਸਤਕਾਂ—ਇੱਥੋਂ ਤਕ ਕਿ ਧਰਮ-ਨਿਰਪੇਖ ਵਿਸ਼ਿਆਂ ਉੱਤੇ ਪੁਸਤਕਾਂ—ਦੀ ਕਾਂਟਛਾਂਟ ਕਰਨ ਦਾ ਬੀੜਾ ਉਠਾ ਲਿਆ। ਇਸ ਲਈ, 17ਵੀਂ-ਸਦੀ ਦੇ ਖਗੋਲ-ਵਿਗਿਆਨੀ ਗੈਲੇਲੀਓ ਦੀ ਇਹ ਲਿਖਣ ਵਾਸਤੇ ਨਿਖੇਧੀ ਕੀਤੀ ਗਈ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ। ਗਿਰਜੇ ਦੀ ਸਾਰੀਆਂ ਗੱਲਾਂ ਵਿਚ ਆਖ਼ਰੀ ਅਧਿਕਾਰ ਚਲਾਉਣ ਦੀ ਹੱਠ—ਇੱਥੋਂ ਤਕ ਕਿ ਖਗੋਲ-ਵਿਗਿਆਨ ਦੇ ਸਵਾਲਾਂ ਵਿਚ ਵੀ—ਆਖ਼ਰਕਾਰ ਬਾਈਬਲ ਵਿਚ ਨਿਹਚਾ ਨੂੰ ਕਮਜ਼ੋਰ ਕਰਨ ਦਾ ਕੰਮ ਕਰਦੀ।
19. ਈਸਾਈ ਮੱਠਾਂ ਨੇ ਸਖ਼ਤ ਸੱਤਾਵਾਦ ਨੂੰ ਕਿਵੇਂ ਉਤਸ਼ਾਹਿਤ ਕੀਤਾ?
19 ਗਿਰਜੇ ਦਾ ਅਸੂਲ ਬਣਾਉਣਾ ਈਸਾਈ ਮੱਠਾਂ ਵਿਚ ਵਧਿਆ-ਫੁੱਲਿਆ, ਜਿੱਥੇ ਮੱਠਵਾਸੀ ਆਤਮ-ਤਿਆਗ ਵਿਚ ਜੀਵਨ ਬਤੀਤ ਕਰਨ ਲਈ ਆਪਣੇ ਆਪ ਨੂੰ ਇਸ ਸੰਸਾਰ ਤੋਂ ਅੱਡ ਕਰ ਲੈਂਦੇ ਸਨ। ਅਧਿਕਤਰ ਕੈਥੋਲਿਕ ਮੱਠ “ਸੇਂਟ ਬੈਨਡਿਕਟ ਦੇ ਅਸੂਲ” ਦੀ ਪਾਲਣ ਕਰਦੇ ਸਨ। ਐਬਟ (ਇਕ ਅਭਿਵਿਅਕਤੀ ਜੋ “ਪਿਤਾ” ਦੇ ਲਈ ਅਰਾਮੀ ਸ਼ਬਦ ਤੋਂ ਲਈ ਗਈ ਹੈ) ਨੇ ਪਰਮ ਅਧਿਕਾਰ ਦੇ ਨਾਲ ਸ਼ਾਸਨ ਕੀਤਾ। (ਤੁਲਨਾ ਕਰੋ ਮੱਤੀ 23:9.) ਜੇਕਰ ਇਕ ਮੱਠਵਾਸੀ ਨੂੰ ਆਪਣੇ ਮਾਪਿਆਂ ਵੱਲੋਂ ਕੋਈ ਤੋਹਫ਼ਾ ਮਿਲਦਾ, ਤਾਂ ਐਬਟ ਨਿਸ਼ਚਿਤ ਕਰਦਾ ਕਿ ਇਹ ਉਸ ਮੱਠਵਾਸੀ ਨੂੰ ਜਾਂ ਹੋਰ ਕਿਸੇ ਨੂੰ ਮਿਲਣਾ ਚਾਹੀਦਾ ਹੈ। ਉਜੱਡਤਾਵਾਂ ਦੀ ਨਿੰਦਿਆ ਕਰਨ ਤੋਂ ਇਲਾਵਾ ਇਕ ਅਸੂਲ ਨੇ ਸਾਰੀ ਗੱਪ-ਸ਼ੱਪ ਅਤੇ ਮਸ਼ਕਰੀ ਨੂੰ ਵਰਜਿਆ, ਇਹ ਕਹਿੰਦਿਆ: “ਕੋਈ ਵੀ ਚੇਲਾ ਅਜਿਹੀਆਂ ਗੱਲਾਂ ਨਹੀਂ ਕਰੇਗਾ।”
20. ਕੀ ਦਿਖਾਉਂਦਾ ਹੈ ਕਿ ਪ੍ਰੋਟੈਸਟੈਂਟਵਾਦ ਵੀ ਸ਼ਾਸਤਰ ਵਿਰੋਧੀ ਸੱਤਾਵਾਦ ਵਿਚ ਮਾਹਰ ਸਾਬਤ ਹੋਏ?
20 ਪ੍ਰੋਟੈਸਟੈਂਟਵਾਦ, ਜਿਸ ਨੇ ਕੈਥੋਲਿਕਵਾਦ ਦੀਆਂ ਸ਼ਾਸਤਰ ਵਿਰੋਧੀ ਜ਼ਿਆਦਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ, ਛੇਤੀ ਹੀ ਸਮਾਨ ਰੂਪ ਵਿਚ ਸੱਤਾਵਾਦੀ ਅਸੂਲ ਬਣਾਉਣ ਵਿਚ ਮਾਹਰ ਹੋ ਗਿਆ, ਜਿਨ੍ਹਾਂ ਦੀ ਮਸੀਹ ਦੀ ਬਿਵਸਥਾ ਵਿਚ ਕੋਈ ਬੁਨਿਆਦ ਨਹੀਂ ਸੀ। ਉਦਾਹਰਣ ਦੇ ਲਈ, ਮੋਹਰੀ ਸੁਧਾਰਕ ਜੌਨ ਕੈਲਵਿਨ ਨੂੰ “ਬਹਾਲ ਕੀਤੇ ਗਏ ਚਰਚ ਦਾ ਵਿਧਾਇਕ” ਆਖਿਆ ਜਾਣ ਲੱਗਾ। ਉਸ ਨੇ ਜਨੀਵਾ ਉੱਤੇ ਬੇਸ਼ੁਮਾਰ ਸਖ਼ਤ ਅਸੂਲਾਂ ਨਾਲ ਸ਼ਾਸਨ ਕੀਤਾ, ਜੋ “ਬਜ਼ੁਰਗਾਂ” ਦੁਆਰਾ ਲਾਗੂ ਕਰਵਾਏ ਜਾਂਦੇ ਸਨ, ਜਿਨ੍ਹਾਂ ਦਾ “ਕਰਤੱਵ,” ਕੈਲਵਿਨ ਨੇ ਆਖਿਆ, “ਹਰ ਵਿਅਕਤੀ ਦੇ ਜੀਵਨ ਉੱਤੇ ਨਿਗਰਾਨੀ ਰੱਖਣਾ ਹੈ।” (ਭਿੰਨਤਾ ਦਿਖਾਓ 2 ਕੁਰਿੰਥੀਆਂ 1:24.) ਗਿਰਜੇ ਨੇ ਮੁਸਾਫਰਖ਼ਾਨਿਆਂ ਉੱਤੇ ਨਿਯੰਤ੍ਰਣ ਰੱਖਿਆ ਅਤੇ ਸੂਤਰ-ਬੱਧ ਕੀਤਾ ਕਿ ਗੱਲਬਾਤ ਦੇ ਕਿਹੜੇ ਵਿਸ਼ੇ ਉਚਿਤ ਸਨ। ਚੰਚਲ ਗੀਤ ਗਾਉਣ ਜਾਂ ਨੱਚਣ ਵਰਗੇ ਅਪਰਾਧਾਂ ਦੇ ਲਈ ਸਖ਼ਤ ਸਜ਼ਾਵਾਂ ਹੁੰਦੀਆਂ ਸਨ।b
ਮਸੀਹੀ-ਜਗਤ ਦੀਆਂ ਗ਼ਲਤੀਆਂ ਤੋਂ ਸਿੱਖਣਾ
21. ‘ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਨ੍ਹਾਂ ਤੋਂ ਪਰੇ ਵਧਣ’ ਦੇ ਮਸੀਹੀ-ਜਗਤ ਦੇ ਝੁਕਾਉ ਦੇ ਆਮ ਤੌਰ ਤੇ ਕਿਹੜੇ ਪ੍ਰਭਾਵ ਪਏ ਹਨ?
21 ਕੀ ਇਨ੍ਹਾਂ ਸਭ ਅਸੂਲਾਂ ਅਤੇ ਨਿਯਮਾਂ ਨੇ ਮਸੀਹੀ-ਜਗਤ ਨੂੰ ਭ੍ਰਿਸ਼ਟਾਚਾਰ ਤੋਂ ਸੁਰੱਖਿਅਤ ਰੱਖਣ ਲਈ ਕੰਮ ਕੀਤਾ ਹੈ? ਇਸ ਦਾ ਉਲਟ ਹੀ ਹੋਇਆ ਹੈ! ਅੱਜ ਮਸੀਹੀ-ਜਗਤ ਸੈਂਕੜੇ ਪੰਥਾਂ ਵਿਚ ਵਿਭਾਜਿਤ ਹੋ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਅਤਿਅੰਤ ਸਖ਼ਤ ਹਨ ਅਤੇ ਦੂਜੇ ਸਪੱਸ਼ਟ ਤੌਰ ਤੇ ਇਜਾਜ਼ਤੀ ਹਨ। ਇਨ੍ਹਾਂ ਵਿੱਚੋਂ ਸਾਰੇ ਹੀ, ਕਿਸੇ-ਨਾ-ਕਿਸੇ ਤਰੀਕੇ ਤੋਂ, ‘ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਨ੍ਹਾਂ ਤੋਂ ਪਰੇ ਵਧ’ ਗਏ ਹਨ, ਜਿਸ ਕਾਰਨ ਮਾਨਵ ਸੋਚਣੀ ਨੂੰ ਝੁੰਡ ਨੂੰ ਨਿਯੰਤ੍ਰਿਤ ਕਰਨ ਅਤੇ ਈਸ਼ਵਰੀ ਬਿਵਸਥਾ ਵਿਚ ਦਖ਼ਲ ਦੇਣ ਦੀ ਇਜਾਜ਼ਤ ਮਿਲੀ।—1 ਕੁਰਿੰਥੀਆਂ 4:6.
22. ਮਸੀਹੀ-ਜਗਤ ਦੀ ਬੇਮੁਖਤਾ ਦੇ ਕਾਰਨ ਮਸੀਹ ਦੀ ਬਿਵਸਥਾ ਦਾ ਅੰਤ ਕਿਉਂ ਨਹੀਂ ਹੋਇਆ ਹੈ?
22 ਪਰੰਤੂ, ਮਸੀਹ ਦੀ ਬਿਵਸਥਾ ਦਾ ਇਤਿਹਾਸ ਕੋਈ ਦੁਖਾਂਤ ਨਹੀਂ ਹੈ। ਯਹੋਵਾਹ ਪਰਮੇਸ਼ੁਰ ਈਸ਼ਵਰੀ ਬਿਵਸਥਾ ਨੂੰ ਮਹਿਜ਼ ਮਾਨਵ ਦੁਆਰਾ ਕਦੇ ਵੀ ਨਾਸ਼ ਨਹੀਂ ਹੋਣ ਦੇਵੇਗਾ। ਮਸੀਹੀ ਬਿਵਸਥਾ ਅੱਜ ਸੱਚੇ ਮਸੀਹੀਆਂ ਦੇ ਵਿਚਕਾਰ ਪੂਰੀ ਲਾਗੂ ਕੀਤੀ ਜਾਂਦੀ ਹੈ, ਅਤੇ ਇਨ੍ਹਾਂ ਨੂੰ ਇਸ ਦੇ ਅਨੁਸਾਰ ਜੀਉਣ ਦਾ ਵੱਡਾ ਵਿਸ਼ੇਸ਼-ਸਨਮਾਨ ਹਾਸਲ ਹੈ। ਲੇਕਨ ਇਹ ਜਾਂਚ ਕਰਨ ਮਗਰੋਂ ਕਿ ਯਹੂਦੀਵਾਦ ਅਤੇ ਮਸੀਹੀ-ਜਗਤ ਨੇ ਈਸ਼ਵਰੀ ਬਿਵਸਥਾ ਦੇ ਨਾਲ ਕੀ ਕੀਤਾ ਹੈ, ਅਸੀਂ ਸ਼ਾਇਦ ਉਚਿਤ ਤੌਰ ਤੇ ਗੌਰ ਕਰੀਏ, ‘ਅਸੀਂ ਮਾਨਵੀ ਤਰਕ ਅਤੇ ਅਸੂਲ, ਜੋ ਈਸ਼ਵਰੀ ਬਿਵਸਥਾ ਦੇ ਅਸਲ ਅਰਥ ਨੂੰ ਨੁਕਸਾਨ ਪਹੁੰਚਾਉਂਦੇ ਹਨ, ਦੇ ਨਾਲ ਪਰਮੇਸ਼ੁਰ ਦੇ ਬਚਨ ਨੂੰ ਦੂਸ਼ਿਤ ਕਰਨ ਦੇ ਫੰਦੇ ਤੋਂ ਬਚਦੇ ਹੋਏ, ਮਸੀਹ ਦੀ ਬਿਵਸਥਾ ਦੇ ਅਨੁਸਾਰ ਕਿਵੇਂ ਜੀਵਨ ਬਤੀਤ ਕਰ ਸਕਦੇ ਹਾਂ? ਮਸੀਹ ਦੀ ਬਿਵਸਥਾ ਨੂੰ ਅੱਜ ਸਾਡੇ ਵਿਚ ਕਿਹੜਾ ਸੰਤੁਲਿਤ ਦ੍ਰਿਸ਼ਟੀਕੋਣ ਬਿਠਾਉਣਾ ਚਾਹੀਦਾ ਹੈ?’ ਅਗਲਾ ਲੇਖ ਇਨ੍ਹਾਂ ਸਵਾਲਾਂ ਉੱਤੇ ਗੱਲਬਾਤ ਕਰੇਗਾ। (w96 9/1)
[ਫੁਟਨੋਟ]
a ਅੱਜ ਜਿਸ ਪ੍ਰਕਾਰ ਦਾ ਯਹੂਦੀਵਾਦ ਹੋਂਦ ਵਿਚ ਹੈ, ਉਸ ਦੇ ਲਈ ਫ਼ਰੀਸੀ ਵੱਡੀ ਹੱਦ ਤਕ ਜ਼ਿੰਮੇਵਾਰ ਸਨ, ਇਸ ਲਈ ਇਹ ਹੈਰਾਨੀਜਨਕ ਗੱਲ ਨਹੀਂ ਹੈ ਕਿ ਯਹੂਦੀਵਾਦ ਅਜੇ ਵੀ ਆਪਣੀਆਂ ਅਨੇਕ ਸ਼ਾਮਲ ਕੀਤੀਆਂ ਗਈਆਂ ਸਬਤ ਸੰਬੰਧੀ ਬੰਦਸ਼ਾਂ ਵਿਚ ਬਚਾਉ ਦੇ ਰਾਹ ਭਾਲਦਾ ਹੈ। ਉਦਾਹਰਣ ਵਜੋਂ, ਸਬਤ ਦੇ ਦਿਨ ਤੇ ਇਕ ਆਰਥੋਡਾਕਸ ਯਹੂਦੀ ਹਸਪਤਾਲ ਵਿਚ ਇਕ ਮੁਲਾਕਾਤੀ ਸ਼ਾਇਦ ਇਹ ਪਾਏ ਕਿ ਲਿਫਟ ਖ਼ੁਦਬਖ਼ੁਦ ਹਰ ਮੰਜ਼ਿਲ ਤੇ ਰੁਕ ਜਾਂਦੀ ਹੈ ਤਾਂ ਜੋ ਸਵਾਰੀਆਂ ਇਕ ਲਿਫਟ ਬਟਨ ਦਬਾਉਣ ਦੇ ਪਾਪਪੂਰਣ “ਕਾਰਜ” ਨੂੰ ਕਰਨ ਤੋਂ ਪਰਹੇਜ਼ ਕਰ ਸਕਣ। ਕੁਝ ਆਰਥੋਡਾਕਸ ਡਾਕਟਰ ਆਪਣੇ ਨੁਸਖੇ ਨੂੰ ਅਜਿਹੀ ਸਿਆਹੀ ਨਾਲ ਲਿਖਦੇ ਹਨ ਜੋ ਕੁਝ ਹੀ ਦਿਨਾਂ ਵਿਚ ਮਿਟ ਜਾਵੇਗੀ। ਕਿਉਂ? ਮਿਸ਼ਨਾ ਲਿਖਣ ਨੂੰ “ਕਾਰਜ” ਵਜੋਂ ਵਰਗੀਕ੍ਰਿਤ ਕਰਦਾ ਹੈ, ਲੇਕਨ ਇਹ “ਲਿਖਾਈ” ਦੀ ਵਿਆਖਿਆ ਸਥਾਈ ਨਿਸ਼ਾਨ ਛੱਡਣ ਦੇ ਤੌਰ ਤੇ ਦਿੰਦਾ ਹੈ।
b ਸਰਵੀਟਸ, ਜਿਸ ਨੇ ਕੈਲਵਿਨ ਦੇ ਕੁਝ ਧਰਮ-ਸ਼ਾਸਤਰ ਸੰਬੰਧੀ ਦ੍ਰਿਸ਼ਟੀਕੋਣ ਦਾ ਵਿਰੋਧ ਕੀਤਾ ਸੀ, ਨੂੰ ਇਕ ਧਰਮ-ਧਰੋਹੀ ਵਜੋਂ ਸੂਲੀ ਤੇ ਸਾੜਿਆ ਗਿਆ ਸੀ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਮਸੀਹ ਦੀ ਬਿਵਸਥਾ ਦਾ ਮੂਲ ਤੱਤ ਕੀ ਹੈ?
◻ ਯਿਸੂ ਦੀ ਸਿਖਾਉਣ ਦੀ ਸ਼ੈਲੀ ਫ਼ਰੀਸੀਆਂ ਤੋਂ ਕਿਵੇਂ ਭਿੰਨ ਸੀ?
◻ ਸ਼ਤਾਨ ਨੇ ਮਸੀਹੀ-ਜਗਤ ਨੂੰ ਭ੍ਰਿਸ਼ਟ ਕਰਨ ਦੇ ਲਈ ਕਿਵੇਂ ਇਕ ਸਖ਼ਤ, ਅਸੂਲ ਬਣਾਉਣ ਵਾਲਾ ਰੁਝਾਨ ਇਸਤੇਮਾਲ ਕੀਤਾ?
◻ ਮਸੀਹ ਦੀ ਬਿਵਸਥਾ ਦੇ ਅਨੁਸਾਰ ਜੀਉਣ ਦੇ ਕੁਝ ਸਕਾਰਾਤਮਕ ਪ੍ਰਭਾਵ ਕੀ ਹਨ?
[ਸਫ਼ੇ 11 ਉੱਤੇ ਤਸਵੀਰ]
ਯਿਸੂ ਨੇ ਮੂਸਾ ਦੀ ਬਿਵਸਥਾ ਨੂੰ ਤਰਕਸੰਗਤੀ ਅਤੇ ਦਇਆ ਦੇ ਨਾਲ ਲਾਗੂ ਕੀਤਾ