ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w96 11/1 ਸਫ਼ੇ 5-7
  • ਕੀ ਪਰਮੇਸ਼ੁਰ ਵਰਤ ਰੱਖਣ ਦੀ ਮੰਗ ਕਰਦਾ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਪਰਮੇਸ਼ੁਰ ਵਰਤ ਰੱਖਣ ਦੀ ਮੰਗ ਕਰਦਾ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਵਰਤ ਰੱਖਣਾ ਮਸੀਹੀਆਂ ਦੇ ਲਈ ਹੈ?
  • ਲੈਂਟ ਦੇ ਬਾਰੇ ਕੀ?
  • ਜਦੋਂ ਵਰਤ ਰੱਖਣਾ ਲਾਭਕਾਰੀ ਹੋ ਸਕਦਾ ਹੈ
  • ਕੀ ਵਰਤ ਰੱਖਣ ਨਾਲ ਤੁਸੀਂ ਰੱਬ ਨੂੰ ਖ਼ੁਸ਼ ਕਰ ਸਕਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਬਾਈਬਲ ਵਰਤ ਰੱਖਣ ਬਾਰੇ ਕੀ ਕਹਿੰਦੀ ਹੈ?
    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
  • ਕੀ ਵਰਤ ਰੱਖਣਾ ਅਪ੍ਰਚਲਿਤ ਹੋ ਗਿਆ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਵਰਤ ਬਾਰੇ ਸਵਾਲ ਕੀਤਾ ਜਾਂਦਾ ਹੈ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
w96 11/1 ਸਫ਼ੇ 5-7

ਕੀ ਪਰਮੇਸ਼ੁਰ ਵਰਤ ਰੱਖਣ ਦੀ ਮੰਗ ਕਰਦਾ ਹੈ?

ਮੂਸਾ ਦੁਆਰਾ ਦਿੱਤੀ ਗਈ ਪਰਮੇਸ਼ੁਰ ਦੀ ਬਿਵਸਥਾ ਨੇ ਕੇਵਲ ਇਕ ਮੌਕੇ ਤੇ ਵਰਤ ਰੱਖਣ ਦੀ ਮੰਗ ਕੀਤੀ—ਸਾਲਾਨਾ ਪ੍ਰਾਸਚਿਤ ਦੇ ਦਿਨ ਤੇ। ਬਿਵਸਥਾ ਨੇ ਹੁਕਮ ਦਿੱਤਾ ਕਿ ਉਸ ਦਿਨ ਤੇ ਇਸਰਾਏਲੀਆਂ ਨੇ “ਆਪਣੇ ਪ੍ਰਾਣਾਂ ਨੂੰ ਦੁਖ ਦੇਣਾ” ਸੀ, ਜਿਸ ਦਾ ਇਹ ਅਰਥ ਸਮਝਿਆ ਜਾਂਦਾ ਹੈ ਕਿ ਉਹ ਵਰਤ ਰੱਖਦੇ ਸਨ। (ਲੇਵੀਆਂ 16:29-31; 23:27; ਜ਼ਬੂਰ 35:13) ਪਰੰਤੂ, ਇਹ ਵਰਤ ਕੇਵਲ ਇਕ ਰਸਮੀ ਕਾਰਵਾਈ ਹੀ ਨਹੀਂ ਸੀ। ਪ੍ਰਾਸਚਿਤ ਦੇ ਦਿਨ ਦੀ ਪਾਲਣਾ ਨੇ ਇਸਰਾਏਲ ਦੇ ਲੋਕਾਂ ਨੂੰ ਆਪਣੀ ਪਾਪੀ ਅਵਸਥਾ ਦੇ ਬਾਰੇ ਅਤੇ ਉਧਾਰ ਦੀ ਜ਼ਰੂਰਤ ਬਾਰੇ ਹੋਰ ਵੀ ਅਧਿਕ ਸਚੇਤ ਹੋਣ ਲਈ ਪ੍ਰੇਰਿਤ ਕੀਤਾ। ਉਹ ਉਸ ਦਿਨ ਤੇ ਪਰਮੇਸ਼ੁਰ ਦੇ ਸਾਮ੍ਹਣੇ ਆਪਣੇ ਪਾਪਾਂ ਦੇ ਲਈ ਸੋਗ ਅਤੇ ਪਸ਼ਚਾਤਾਪ ਪ੍ਰਗਟ ਕਰਨ ਦੇ ਲਈ ਵੀ ਵਰਤ ਰੱਖਦੇ ਸਨ।

ਹਾਲਾਂਕਿ ਮੂਸਾ ਦੀ ਬਿਵਸਥਾ ਹੇਠ ਇਹੋ ਇੱਕੋ-ਇਕ ਅਨਿਵਾਰੀ ਵਰਤ ਸੀ, ਇਸਰਾਏਲੀ ਦੂਜੇ ਮੌਕਿਆਂ ਤੇ ਵੀ ਵਰਤ ਰੱਖਦੇ ਸਨ। (ਕੂਚ 34:28; 1 ਸਮੂਏਲ 7:6; 2 ਇਤਹਾਸ 20:3; ਅਜ਼ਰਾ 8:21; ਅਸਤਰ 4:3, 16) ਇਨ੍ਹਾਂ ਵਿਚ ਪਸ਼ਚਾਤਾਪ ਪ੍ਰਦਰਸ਼ਿਤ ਕਰਨ ਦੇ ਜ਼ਰੀਏ ਵਜੋਂ ਸਵੈ-ਇੱਛੁਕ ਵਰਤ ਵੀ ਸ਼ਾਮਲ ਸਨ। ਯਹੋਵਾਹ ਨੇ ਯਹੂਦਾਹ ਦੇ ਪਾਪੀ ਲੋਕਾਂ ਤੋਂ ਬੇਨਤੀ ਕੀਤੀ: “ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜੋ, ਵਰਤ ਨਾਲ, ਰੋਣ ਨਾਲ ਅਤੇ ਛਾਤੀ ਪਿੱਟਣ ਨਾਲ।” ਇਹ ਇਕ ਬਾਹਰੀ ਦਿਖਾਵਾ ਨਹੀਂ ਹੋਣਾ ਸੀ, ਕਿਉਂਕਿ ਪਰਮੇਸ਼ੁਰ ਅੱਗੇ ਜਾ ਕੇ ਕਹਿੰਦਾ ਹੈ: “ਆਪਣੇ ਦਿਲਾਂ ਨੂੰ ਪਾੜੋ, ਨਾ ਕਿ ਆਪਣੇ ਕੱਪੜੇ।”—ਯੋਏਲ 2:12-15.

ਸਮੇਂ ਦੇ ਗੁਜ਼ਰਨ ਨਾਲ, ਅਨੇਕ ਲੋਕ ਇਕ ਬਾਹਰੀ ਰਸਮੀ ਕਾਰਵਾਈ ਵਜੋਂ ਵਰਤ ਰੱਖਦੇ ਸਨ। ਯਹੋਵਾਹ ਨੂੰ ਅਜਿਹੇ ਅਸੁ­ਹਿਰਦ ਵਰਤਾਂ ਤੋਂ ਘਿਰਣਾ ਸੀ ਅਤੇ ਇਸ ਲਈ ਉਸ ਨੇ ਪਖੰਡੀ ਇਸਰਾਏਲੀਆਂ ਨੂੰ ਪੁੱਛਿਆ: “ਭਲਾ, ਏਹ ਇਹੋ ਜਿਹਾ ਵਰਤ ਹੈ ਜਿਹ ਨੂੰ ਮੈਂ ਚੁਣਾਂ, ਇੱਕ ਦਿਨ ਜਿਹ ਦੇ ਵਿੱਚ ਆਦਮੀ ਆਪਣੀ ਜਾਨ ਨੂੰ ਦੁਖ ਦੇਵੇ? ਭਲਾ, ਉਹ ਕਾਨੇ ਵਾਂਙੁ ਆਪਣਾ ਸਿਰ ਝੁਕਾਵੇ, ਅਤੇ ਤੱਪੜ ਅਤੇ ਸੁਆਹ ਵਿਛਾਵੇ? ਭਲਾ, ਤੂੰ ਇਹ ਨੂੰ ਵਰਤ ਆਖੇਂਗਾ, ਇੱਕ ਦਿਨ ਜਿਹੜਾ ਯਹੋਵਾਹ ਨੂੰ ਭਾਵੇ?” (ਯਸਾਯਾਹ 58:5) ਆਪਣੇ ਵਰਤਾਂ ਦਾ ਇਕ ਅਡੰਬਰੀ ਦਿਖਾਵਾ ਕਰਨ ਦੀ ਬਜਾਇ, ਇਨ੍ਹਾਂ ਹੂੜ੍ਹ ਲੋਕਾਂ ਨੂੰ ਪਸ਼ਚਾਤਾਪ ਯੋਗ ਕਾਰਜ ਕਰਨ ਦੇ ਲਈ ਕਿਹਾ ਗਿਆ ਸੀ।

ਯਹੂਦੀਆਂ ਦੁਆਰਾ ਕਾਇਮ ਕੀਤੇ ਗਏ ਕੁਝ ਵਰਤਾਂ ਨੂੰ ਤਾਂ ਪਰਮੇਸ਼ੁਰ ਨੇ ਆਰੰਭ ਤੋਂ ਹੀ ਅਪ੍ਰਵਾਨ ਕੀਤਾ। ਮਿਸਾਲ ਲਈ, ਇਕ ਸਮੇਂ ਤੇ ਯਹੂਦਾਹ ਦੇ ਲੋਕ ਸੱਤਵੀਂ ਸਦੀ ਸਾ.ਯੁ.ਪੂ. ਵਿਚ ਹੋਈ ਯਰੂਸ਼ਲਮ ਦੀ ਘੇਰਾਬੰਦੀ ਅਤੇ ਉਜਾੜ ਨਾਲ ਸੰਬੰਧਿਤ ਬਿਪਤਾਜਨਕ ਘਟਨਾਵਾਂ ਦੀ ਯਾਦ ਵਿਚ ਚਾਰ ਸਾਲਾਨਾ ਵਰਤ ਰੱਖਦੇ ਸਨ। (2 ਰਾਜਿਆਂ 25:1-4, 8, 9, 22-26; ਜ਼ਕਰਯਾਹ 8:19) ਯਹੂਦੀਆਂ ਨੂੰ ਬਾਬਲ ਦੀ ਕੈਦ ਤੋਂ ਛੁਡਾਏ ਜਾਣ ਮਗਰੋਂ, ਯਹੋਵਾਹ ਨੇ ਨਬੀ ਜ਼ਕਰਯਾਹ ਰਾਹੀਂ ਕਿਹਾ: “ਜਦ ਤੁਸਾਂ . . . ਇਨ੍ਹਾਂ ਸੱਤਰਾਂ ਵਰ੍ਹਿਆਂ ਤੀਕ ਵਰਤ ਰੱਖਿਆ . . . ਕੀ ਕਦੀ ਮੇਰੇ ਲਈ ਵੀ ਵਰਤ ਰੱਖਿਆ?” ਪਰਮੇਸ਼ੁਰ ਨੇ ਇਨ੍ਹਾਂ ਵਰਤਾਂ ਨੂੰ ਪ੍ਰਵਾਨ ਨਹੀਂ ਕੀਤਾ ਕਿਉਂਕਿ ਯਹੂਦੀ ਉਨ੍ਹਾਂ ਨਿਆਉਂ ਉੱਤੇ ਵਰਤ ਰੱਖ ਰਹੇ ਸਨ ਅਤੇ ਸੋਗ ਕਰ ਰਹੇ ਸਨ ਜੋ ਖ਼ੁਦ ਯਹੋਵਾਹ ਵੱਲੋਂ ਦਿੱਤੇ ਗਏ ਸਨ। ਉਹ ਆਪਣੇ ਉੱਤੇ ਆਈ ਬਿਪਤਾ ਦੇ ਕਾਰਨ ਵਰਤ ਰੱਖ ਰਹੇ ਸਨ, ਨਾ ਕਿ ਆਪਣੇ ਖ਼ੁਦ ਦੇ ਪਾਪਾਂ ਦੇ ਲਈ ਜਿਸ ਕਾਰਨ ਇਹ ਬਿਪਤਾ ਆਈ ਸੀ। ਜਦੋਂ ਉਨ੍ਹਾਂ ਨੂੰ ਆਪਣੇ ਜੱਦੀ ਦੇਸ਼ ਵਿਚ ਮੁੜ ਬਹਾਲ ਕੀਤਾ ਗਿਆ, ਤਾਂ ਇਹ ਅਤੀਤ ਬਾਰੇ ਸੋਗ ਕਰਨ ਦੀ ਬਜਾਇ ਉਨ੍ਹਾਂ ਲਈ ਆਨੰਦ ਮਨਾਉਣ ਦਾ ਸਮਾਂ ਸੀ।—ਜ਼ਕਰਯਾਹ 7:5.

ਕੀ ਵਰਤ ਰੱਖਣਾ ਮਸੀਹੀਆਂ ਦੇ ਲਈ ਹੈ?

ਹਾਲਾਂਕਿ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਦੇ ਵੀ ਵਰਤ ਰੱਖਣ ਦਾ ਹੁਕਮ ਨਹੀਂ ਦਿੱਤਾ, ਉਹ ਅਤੇ ਉਸ ਦੇ ਪੈਰੋਕਾਰ ਪ੍ਰਾਸਚਿਤ ਦਿਨ ਤੇ ਵਰਤ ਰੱਖਦੇ ਸਨ ਕਿਉਂਕਿ ਉਹ ਮੂਸਾ ਦੀ ਬਿਵਸਥਾ ਦੇ ਅਧੀਨ ਸਨ। ਇਸ ਤੋਂ ਇਲਾਵਾ, ਉਸ ਦੇ ਕੁਝ ਚੇਲੇ ਹੋਰ ਮੌਕਿਆਂ ਤੇ ਆਪਣੀ ਮਰਜ਼ੀ ਨਾਲ ਵਰਤ ਰੱਖਦੇ ਸਨ, ਕਿਉਂਕਿ ਯਿਸੂ ਨੇ ਉਨ੍ਹਾਂ ਨੂੰ ਇਸ ਅਭਿਆਸ ਤੋਂ ਪੂਰਣ ਤੌਰ ਤੇ ਪਰਹੇਜ਼ ਕਰਨ ਲਈ ਆਦੇਸ਼ ਨਹੀਂ ਦਿੱਤਾ ਸੀ। (ਰਸੂਲਾਂ ਦੇ ਕਰਤੱਬ 13:2, 3; 14:23) ਤਾਂ ਵੀ, ਉਨ੍ਹਾਂ ਨੂੰ ‘ਆਪਣੇ ਮੂੰਹ ਇਸ ਲਈ ਵਿਗਾੜਨ ਭਈ ਓਹ ਮਨੁੱਖਾਂ ਨੂੰ ਵਰਤੀ ਮਲੂਮ ਹੋਣ’ ਤੋਂ ਪਰਹੇਜ਼ ਕਰਨਾ ਸੀ। (ਮੱਤੀ 6:16) ਸ਼ਰਧਾ ਦੇ ਅਜਿਹੇ ਬਾਹਰੀ ਦਿਖਾਵੇ ਦੇ ਕਾਰਨ ਦੂਜੇ ਮਨੁੱਖ ਸ਼ਾਇਦ ਉਨ੍ਹਾਂ ਨੂੰ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਦੇਖਣ ਅਤੇ ਆਪਣੀ ਸਵੀਕ੍ਰਿਤੀ ਵਿਅਕਤ ਕਰਨ। ਪਰੰਤੂ, ਪਰਮੇਸ਼ੁਰ ਅਜਿਹੇ ਅਡੰਬਰੀ ਦਿਖਾਵੇ ਨਾਲ ਖ਼ੁਸ਼ ਨਹੀਂ ਹੁੰਦਾ ਹੈ।—ਮੱਤੀ 6:17, 18.

ਯਿਸੂ ਨੇ ਆਪਣੀ ਮੌਤ ਦੇ ਸਮੇਂ ਆਪਣੇ ਪੈਰੋਕਾਰਾਂ ਦੁਆਰਾ ਵਰਤ ਰੱਖੇ ਜਾਣ ਬਾਰੇ ਵੀ ਗੱਲ ਕੀਤੀ ਸੀ। ਇੰਜ ਕਰਨ ਨਾਲ ਉਹ ਇਕ ਰਸਮੀ ਵਰਤ ਕਾਇਮ ਨਹੀਂ ਕਰ ਰਿਹਾ ਸੀ। ਇਸ ਦੀ ਬਜਾਇ, ਉਹ ਉਸ ਗਹਿਰੇ ਦੁੱਖ ਦੇ ਪ੍ਰਤੀ ਪ੍ਰਤੀਕ੍ਰਿਆ ਦਾ ਸੰਕੇਤ ਦੇ ਰਿਹਾ ਸੀ ਜੋ ਉਹ ਮਹਿਸੂਸ ਕਰਦੇ। ਇਕ ਵਾਰੀ ਉਸ ਦਾ ਪੁਨਰ-ਉਥਾਨ ਹੋ ਜਾਣ ਤੇ, ਉਹ ਦੁਬਾਰਾ ਉਨ੍ਹਾਂ ਦੇ ਸੰਗ ਹੁੰਦਾ, ਅਤੇ ਉਦੋਂ ਉਨ੍ਹਾਂ ਦੇ ਲਈ ਵਰਤ ਰੱਖਣ ਦਾ ਅਜਿਹਾ ਕੋਈ ਕਾਰਨ ਨਾ ਰਹਿੰਦਾ।—ਲੂਕਾ 5:34, 35.

ਮੂਸਾ ਦੀ ਬਿਵਸਥਾ ਉਦੋਂ ਸਮਾਪਤ ਹੋ ਗਈ, ਜਦੋਂ ‘ਮਸੀਹ ਬਾਹਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜ੍ਹਾਇਆ ਗਿਆ।’ (ਇਬਰਾਨੀਆਂ 9:24-28) ਅਤੇ ਬਿਵਸਥਾ ਦੀ ਸਮਾਪਤੀ ਦੇ ਨਾਲ ਹੀ, ਪ੍ਰਾਸਚਿਤ ਦਿਨ ਤੇ ਵਰਤ ਰੱਖਣ ਦਾ ਹੁਕਮ ਵੀ ਸਮਾਪਤ ਹੋ ਗਿਆ। ਇਸ ਤਰ੍ਹਾਂ, ਬਾਈਬਲ ਵਿਚ ਦੱਸੇ ਗਏ ਇੱਕੋ-ਇਕ ਅਨਿਵਾਰੀ ਵਰਤ ਨੂੰ ਹਟਾ ਦਿੱਤਾ ਗਿਆ।

ਲੈਂਟ ਦੇ ਬਾਰੇ ਕੀ?

ਤਾਂ ਫਿਰ, ਲੈਂਟ ਦੇ ਦੌਰਾਨ ਵਰਤ ਰੱਖਣ ਦਾ ਮਸੀਹੀ-ਜਗਤ ਦੇ ਅਭਿਆਸ ਦਾ ਆਧਾਰ ਕੀ ਹੈ? ਕੈਥੋਲਿਕ ਅਤੇ ਪ੍ਰੋਟੈਸਟੈਂਟ ਗਿਰਜੇ ਦੋਵੇਂ ਲੈਂਟ ਨੂੰ ਮੰਨਦੇ ਹਨ, ਹਾਲਾਂਕਿ ਇਸ ਨੂੰ ਮਨਾਉਣ ਦਾ ਤਰੀਕਾ ਅਲੱਗ-ਅਲੱਗ ਗਿਰਜਿਆਂ ਵਿਚ ਵੱਖਰਾ ਹੁੰਦਾ ਹੈ। ਕੁਝ ਤਾਂ ਈਸਟਰ ਤੋਂ ਪੂਰਵਵਰਤੀ 40-ਦਿਨਾਂ ਦੀ ਸਮੁੱਚੀ ਅਵਧੀ ਦੇ ਦੌਰਾਨ ਕੇਵਲ ਇਕ ਭੋਜਨ ਪ੍ਰਤਿ ਦਿਨ ਖਾਂਦੇ ਹਨ। ਦੂਜੇ ਵਿਅਕਤੀ ਕੇਵਲ ਭਸਮ ਬੁੱਧਵਾਰ ਅਤੇ ਗੁੱਡ ਫ੍ਰਾਈਡੇ ਦੇ ਦਿਨ ਤੇ ਮੁਕੰਮਲ ਤੌਰ ਤੇ ਵਰਤ ਰੱਖਦੇ ਹਨ। ਕਈਆਂ ਦੇ ਲਈ, ਲੈਂਟ ਦੀ ਮੰਗ ਹੈ ਕਿ ਉਹ ਮੀਟ, ਮੱਛੀ, ਅੰਡੇ, ਅਤੇ ਦੁੱਧ ਨਾਲ ਬਣੀਆਂ ਚੀਜ਼ਾਂ ਤੋਂ ਪਰਹੇਜ਼ ਕਰਨ।

ਲੈਂਟ ਅਖਾਉਤੀ ਤੌਰ ਤੇ ਯਿਸੂ ਦੇ ਬਪਤਿਸਮੇ ਮਗਰੋਂ ਉਸ ਦੇ 40-ਦਿਨਾਂ ਦੇ ਵਰਤ ਉੱਤੇ ਆਧਾਰਿਤ ਹੈ। ਕੀ ਉਹ ਉਦੋਂ ਇਕ ਰੀਤ ਕਾਇਮ ਕਰ ਰਿਹਾ ਸੀ ਜਿਸ ਦੀ ਸਾਲਾਨਾ ਤੌਰ ਤੇ ਪੈਰਵੀ ਕੀਤੀ ਜਾਣੀ ਚਾਹੀਦੀ ਸੀ? ਬਿਲਕੁਲ ਹੀ ਨਹੀਂ। ਇਹ ਗੱਲ ਇਸ ਤੱਥ ਤੋਂ ਸਪੱਸ਼ਟ ਹੁੰਦੀ ਹੈ ਕਿ ਬਾਈਬਲ ਵਿਚ ਮੁਢਲੇ ਮਸੀਹੀਆਂ ਦੇ ਦਰਮਿਆਨ ਅਜਿਹੇ ਕਿਸੇ ਵੀ ਅਭਿਆਸ ਦਾ ਰਿਕਾਰਡ ਨਹੀਂ ਹੈ। ਲੈਂਟ ਮਸੀਹ ਮਗਰੋਂ ਚੌਥੀ ਸਦੀ ਵਿਚ ਪਹਿਲੀ ਵਾਰੀ ਮਨਾਇਆ ਗਿਆ ਸੀ। ਮਸੀਹੀ-ਜਗਤ ਦੀਆਂ ਹੋਰ ਅਨੇਕ ਸਿੱਖਿਆਵਾਂ ਵਾਂਗ, ਇਹ ਗ਼ੈਰ-ਮਸੀਹੀ ਸ੍ਰੋਤਾਂ ਤੋਂ ਲਿਆ ਗਿਆ ਸੀ।

ਜੇਕਰ ਲੈਂਟ ਯਿਸੂ ਵੱਲੋਂ ਆਪਣੇ ਬਪਤਿਸਮੇ ਮਗਰੋਂ ਵਿਰਾਨੇ ਵਿਚ ਰੱਖੇ ਗਏ ਵਰਤ ਦਾ ਅਨੁਕਰਣ ਹੈ, ਤਾਂ ਇਹ ਈਸਟਰ—ਜੋ ਕਿ ਅਖਾਉਤੀ ਤੌਰ ਤੇ ਉਸ ਦੇ ਪੁਨਰ-ਉਥਾਨ ਦਾ ਸਮਾਂ ਹੈ—ਤੋਂ ਪਹਿਲਾਂ ਦੇ ਹਫ਼ਤਿਆਂ ਦੌਰਾਨ ਕਿਉਂ ਮਨਾਇਆ ਜਾਂਦਾ ਹੈ? ਯਿਸੂ ਨੇ ਆਪਣੀ ਮੌਤ ਤੋਂ ਪਹਿਲਾਂ ਦਿਆਂ ਦਿਨਾਂ ਦੌਰਾਨ ਵਰਤ ਨਹੀਂ ਰੱਖਿਆ ਸੀ। ਇੰਜੀਲ ਬਿਰਤਾਂਤ ਸੰਕੇਤ ਕਰਦੇ ਹਨ ਕਿ ਉਸ ਦੇ ਮਰਨ ਤੋਂ ਕੁਝ ਹੀ ਦਿਨ ਪਹਿਲਾਂ ਉਸ ਨੇ ਅਤੇ ਉਸ ਦੇ ਚੇਲਿਆਂ ਨੇ ਬੈਤਅਨੀਆ ਵਿਚ ਲੋਕਾਂ ਦੇ ਘਰ ਜਾ ਕੇ ਭੋਜਨ ਕੀਤਾ ਸੀ। ਅਤੇ ਉਸ ਨੇ ਆਪਣੀ ਮੌਤ ਤੋਂ ਪਹਿਲਾਂ ਦੀ ਰਾਤ ਨੂੰ ਪਸਾਹ ਦਾ ਭੋਜਨ ਖਾਧਾ ਸੀ।—ਮੱਤੀ 26:6, 7; ਲੂਕਾ 22:15; ਯੂਹੰਨਾ 12:2.

ਯਿਸੂ ਦਾ ਆਪਣੇ ਬਪਤਿਸਮੇ ਮਗਰੋਂ ਵਰਤ ਰੱਖਣ ਤੋਂ ਕੁਝ ਸਿੱਖਿਆ ਜਾ ਸਕਦਾ ਹੈ। ਉਹ ਇਕ ਅਤਿ-ਮਹੱਤਵਪੂਰਣ ਸੇਵਕਾਈ ਸ਼ੁਰੂ ਕਰ ਰਿਹਾ ਸੀ। ਯਹੋਵਾਹ ਦੀ ਸਰਬਸੱਤਾ ਦਾ ਦੋਸ਼-ਨਿਵਾਰਣ ਅਤੇ ਸਮੁੱਚੀ ਮਾਨਵਜਾਤੀ ਦਾ ਭਵਿੱਖ ਇਸ ਵਿਚ ਸ਼ਾਮਲ ਸੀ। ਇਹ ਗਹਿਰੇ ਮਨਨ ਦੇ ਲਈ ਅਤੇ ਪ੍ਰਾਰਥਨਾਪੂਰਣ ਢੰਗ ਨਾਲ ਯਹੋਵਾਹ ਤੋਂ ਮਦਦ ਅਤੇ ਮਾਰਗ-ਦਰਸ਼ਨ ਭਾਲਣ ਦੇ ਲਈ ਇਕ ਸਮਾਂ ਸੀ। ਇਸ ਸਮੇਂ ਦੇ ਦੌਰਾਨ ਯਿਸੂ ਨੇ ਉਚਿਤ ਰੂਪ ਵਿਚ ਵਰਤ ਰੱਖਿਆ। ਇਹ ਸੰਕੇਤ ਕਰਦਾ ਹੈ ਕਿ ਵਰਤ ਲਾਭਕਾਰੀ ਹੋ ਸਕਦਾ ਹੈ ਜੇਕਰ ਇਹ ਸਹੀ ਮੰਤਵ ਦੇ ਨਾਲ ਅਤੇ ਉਚਿਤ ਮੌਕੇ ਤੇ ਰੱਖਿਆ ਜਾਂਦਾ ਹੈ।—ਤੁਲਨਾ ਕਰੋ ਕੁਲੁੱਸੀਆਂ 2:20-23.

ਜਦੋਂ ਵਰਤ ਰੱਖਣਾ ਲਾਭਕਾਰੀ ਹੋ ਸਕਦਾ ਹੈ

ਆਓ ਅਸੀਂ ਕੁਝ ਮੌਕਿਆਂ ਬਾਰੇ ਵਿਚਾਰ ਕਰੀਏ ਜਦੋਂ ਪਰਮੇਸ਼ੁਰ ਦਾ ਇਕ ਉਪਾਸਕ ਸ਼ਾਇਦ ਵਰਤ ਰੱਖੇ। ਇਕ ਵਿਅਕਤੀ ਜਿਸ ਨੇ ਪਾਪ ਕੀਤਾ ਹੈ, ਨੂੰ ਸ਼ਾਇਦ ਕੁਝ ਸਮੇਂ ਦੇ ਲਈ ਖਾਣ ਦੀ ਇੱਛਾ ਨਾ ਹੋਵੇ। ਇਹ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੇ ਲਈ ਜਾਂ ਦਿੱਤੇ ਗਏ ਅਨੁਸ਼ਾਸਨ ਦੇ ਕਾਰਨ ਗੁੱਸੇ ਦੀ ਭਾਵਨਾ ਦੇ ਨਾਲ ਨਹੀਂ ਕੀਤਾ ਜਾਵੇਗਾ। ਅਤੇ, ਨਿਰਸੰਦੇਹ, ਕੇਵਲ ਵਰਤ ਰੱਖਣਾ ਹੀ ਪਰਮੇਸ਼ੁਰ ਦੇ ਨਾਲ ਮਾਮਲੇ ਨੂੰ ਸੁਲਝਾ ਨਹੀਂ ਦੇਵੇਗਾ। ਪਰੰਤੂ, ਇਕ ਸੱਚ-ਮੁੱਚ ਪਸ਼ਚਾਤਾਪੀ ਵਿਅਕਤੀ ਯਹੋਵਾਹ ਨੂੰ ਅਤੇ ਸ਼ਾਇਦ ਮਿੱਤਰਾਂ ਅਤੇ ਪਰਿਵਾਰ ਨੂੰ ਠੇਸ ਪਹੁੰਚਾਉਣ ਦੇ ਕਾਰਨ ਗਹਿਰਾ ਦੁੱਖ ਮਹਿਸੂਸ ਕਰੇਗਾ। ਦੁੱਖ ਦੇ ਕਾਰਨ ਅਤੇ ਮਾਫ਼ੀ ਲਈ ਉਤਸ਼ਾਹ-ਭਰਪੂਰ ਪ੍ਰਾਰਥਨਾਵਾਂ ਦੇ ਕਾਰਨ ਸ਼ਾਇਦ ਖਾਣ ਦੀ ਇੱਛਾ ਨਾ ਹੋਵੇ।

ਇਸਰਾਏਲ ਦੇ ਰਾਜਾ ਦਾਊਦ ਦਾ ਵੀ ਮਿਲਦਾ-ਜੁਲਦਾ ਅਨੁਭਵ ਸੀ। ਜਦੋਂ ਉਸ ਦੇ ਅੱਗੇ ਬਥ-ਸ਼ਬਾ ਦੁਆਰਾ ਹੋਏ ਆਪਣੇ ਪੁੱਤਰ ਦੇ ਮਰ ਜਾਣ ਦੀ ਸੰਭਾਵਨਾ ਸੀ, ਤਾਂ ਉਸ ਨੇ ਬੱਚੇ ਦੇ ਸੰਬੰਧ ਵਿਚ ਯਹੋਵਾਹ ਤੋਂ ਦਇਆ ਹਾਸਲ ਕਰਨ ਲਈ ਆਪਣਾ ਪੂਰਾ ਜ਼ੋਰ ਪ੍ਰਾਰਥਨਾ ਕਰਨ ਵਿਚ ਲਗਾ ਦਿੱਤਾ। ਜਦੋਂ ਉਸ ਦੀਆਂ ਭਾਵਨਾਵਾਂ ਅਤੇ ਸ਼ਕਤੀ ਪ੍ਰਾਰਥਨਾ ਵਿਚ ਲੱਗੀਆਂ ਹੋਈਆਂ ਸਨ, ਉਸ ਨੇ ਵਰਤ ਰੱਖਿਆ। ਇਸੇ ਸਮਾਨ, ਅੱਜ ਕੁਝ ਤਣਾਉ-ਭਰਪੂਰ ਸਥਿਤੀਆਂ ਵਿਚ ਭੋਜਨ ਕਰਨਾ ਸ਼ਾਇਦ ਉਚਿਤ ਨਾ ਜਾਪੇ।—2 ਸਮੂਏਲ 12:15-17.

ਅਜਿਹੇ ਵੀ ਸਮੇਂ ਹੋ ਸਕਦੇ ਹਨ ਜਦੋਂ ਇਕ ਧਰਮੀ ਵਿਅਕਤੀ ਕੁਝ ਗਹਿਰੇ ਅਧਿਆਤਮਿਕ ਮਾਮਲੇ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੁੰਦਾ ਹੈ। ਬਾਈਬਲ ਅਤੇ ਮਸੀਹੀ ਪ੍ਰਕਾਸ਼ਨਾਂ ਵਿਚ ਖੋਜ ਕਰਨੀ ਸ਼ਾਇਦ ਜ਼ਰੂਰੀ ਹੋਵੇ। ਮਨਨ ਕਰਨ ਦੇ ਲਈ ਸ਼ਾਇਦ ਕੁਝ ਸਮੇਂ ਦੀ ਲੋੜ ਪਵੇ। ਅਜਿਹੇ ਇਕ ਦਿਲਚਸਪ ਅਧਿਐਨ ਦੇ ਇਜਲਾਸ ਦੌਰਾਨ, ਇਕ ਵਿਅਕਤੀ ਸ਼ਾਇਦ ਭੋਜਨ ਖਾਣ ਦੇ ਦੁਆਰਾ ਆਪਣੇ ਧਿਆਨ ਨੂੰ ਭੰਗ ਕਰਨਾ ਪਸੰਦ ਨਾ ਕਰੇ।—ਤੁਲਨਾ ਕਰੋ ਯਿਰਮਿਯਾਹ 36:8-10.

ਗੰਭੀਰ ਨਿਰਣੇ ਬਣਾਉਣ ਦੇ ਸਮੇਂ ਪਰਮੇਸ਼ੁਰ ਦੇ ਸੇਵਕਾਂ ਵੱਲੋਂ ਵਰਤ ਰੱਖੇ ਜਾਣ ਦੀਆਂ ਸ਼ਾਸਤਰ-ਸੰਬੰਧੀ ਮਿਸਾਲਾਂ ਹਨ। ਨਹਮਯਾਹ ਦੇ ਦਿਨਾਂ ਵਿਚ ਯਹੋਵਾਹ ਦੇ ਪ੍ਰਤੀ ਇਕ ਸਹੁੰ ਚੁੱਕੀ ਜਾਣੀ ਸੀ, ਅਤੇ ਯਹੂਦੀ ਲੋਕ ਸਰਾਪ ਦੇ ਯੋਗ ਹੁੰਦੇ ਜੇਕਰ ਉਹ ਇਸ ਨੂੰ ਤੋੜਦੇ। ਉਨ੍ਹਾਂ ਨੇ ਵਾਅਦਾ ਕਰਨਾ ਸੀ ਕਿ ਉਹ ਆਪਣੀਆਂ ਵਿਦੇਸ਼ੀ ਪਤਨੀਆਂ ਨੂੰ ਤਲਾਕ ਦੇ ਦੇਣਗੇ ਅਤੇ ਆਲੇ-ਦੁਆਲੇ ਦੀਆਂ ਕੌਮਾਂ ਤੋਂ ਪਰੇ ਰਹਿਣਗੇ। ਇਹ ਸਹੁੰ ਚੁੱਕਣ ਤੋਂ ਪਹਿਲਾਂ ਅਤੇ ਆਪਣੇ ਦੋਸ਼ ਦਾ ਇਕਬਾਲ ਕਰਨ ਦੇ ਦੌਰਾਨ, ਸਮੁੱਚੀ ਕਲੀਸਿਯਾ ਨੇ ਵਰਤ ਰੱਖਿਆ। (ਨਹਮਯਾਹ 9:1, 38; 10:29, 30) ਇਸ ਲਈ, ਜਦੋਂ ਇਕ ਮਸੀਹੀ ਦੇ ਸਾਮ੍ਹਣੇ ਗੰਭੀਰ ਨਿਰਣੇ ਹੋਣ, ਤਾਂ ਉਹ ਸ਼ਾਇਦ ਥੋੜ੍ਹੇ ਸਮੇਂ ਲਈ ਭੋਜਨ ਤੋਂ ਪਰਹੇਜ਼ ਕਰੇ।

ਮੁਢਲੀ ਮਸੀਹੀ ਕਲੀਸਿਯਾ ਵਿਚ ਬਜ਼ੁਰਗਾਂ ਦੇ ਸਮੂਹ ਕਦੇ-ਕਦੇ ਨਿਰਣੇ ਬਣਾਉਣ ਦੇ ਨਾਲ-ਨਾਲ ਵਰਤ ਵੀ ਰੱਖਦੇ ਸਨ। ਅੱਜ, ਔਖੇ ਨਿਰਣਿਆਂ ਦਾ ਸਾਮ੍ਹਣਾ ਕਰ ਰਹੇ ਕਲੀਸਿਯਾ ਬਜ਼ੁਰਗ, ਹੋ ਸਕਦਾ ਹੈ ਕਿ ਇਕ ਨਿਆਇਕ ਮਾਮਲੇ ਦੇ ਸੰਬੰਧ ਵਿਚ, ਸ਼ਾਇਦ ਮਾਮਲੇ ਉੱਤੇ ਵਿਚਾਰ ਕਰਦੇ ਸਮੇਂ ਭੋਜਨ ਤੋਂ ਗੁਰੇਜ਼ ਕਰਨ।

ਖ਼ਾਸ ਹਾਲਾਤ ਵਿਚ ਵਰਤ ਰੱਖਣ ਦਾ ਚੁਣਾਉ ਇਕ ਨਿੱਜੀ ਫ਼ੈਸਲਾ ਹੈ। ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਦੂਜੇ ਵਿਅਕਤੀ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ ਹੈ। ਸਾਨੂੰ ‘ਮਨੁੱਖਾਂ ਨੂੰ ਧਰਮੀ ਵਿਖਾਈ ਦੇਣ’ ਦੇ ਇੱਛੁਕ ਨਹੀਂ ਹੋਣਾ ਚਾਹੀਦਾ ਹੈ; ਨਾ ਹੀ ਸਾਨੂੰ ਭੋਜਨ ਨੂੰ ਇੰਨੀ ਅਹਿਮੀਅਤ ਦੇਣੀ ਚਾਹੀਦੀ ਹੈ ਕਿ ਇਹ ਗੰਭੀਰ ਜ਼ਿੰਮੇਵਾਰੀਆਂ ਨੂੰ ਪੂਰਿਆਂ ਕਰਨ ਵਿਚ ਸਾਡੇ ਲਈ ਇਕ ਰੁਕਾਵਟ ਬਣੇ। (ਮੱਤੀ 23:28; ਲੂਕਾ 12:22, 23) ਅਤੇ ਬਾਈਬਲ ਦਿਖਾਉਂਦੀ ਹੈ ਕਿ ਪਰਮੇਸ਼ੁਰ ਨਾ ਤਾਂ ਸਾਡੇ ਤੋਂ ਵਰਤ ਰੱਖਣ ਦੀ ਮੰਗ ਕਰਦਾ ਹੈ ਅਤੇ ਨਾ ਹੀ ਸਾਨੂੰ ਵਰਤ ਰੱਖਣ ਤੋਂ ਮਨ੍ਹਾ ਕਰਦਾ ਹੈ।

[ਸਫ਼ੇ 7 ਉੱਤੇ ਤਸਵੀਰ]

ਕੀ ਤੁਸੀਂ ਜਾਣਦੇ ਹੋ ਕਿ ਯਿਸੂ ਨੇ ਆਪਣੇ ਬਪਤਿਸਮੇ ਮਗਰੋਂ 40 ਦਿਨਾਂ ਦੇ ਲਈ ਵਰਤ ਕਿਉ ਰੱਖਿਆ ਸੀ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ