ਮਾਪਿਓ, ਆਪਣੇ ਬੱਚਿਆਂ ਵਿਚ ਆਨੰਦ ਹਾਸਲ ਕਰੋ
“ਤੇਰੇ ਮਾਪੇ ਅਨੰਦ ਹੋਣ।”—ਕਹਾਉਤਾਂ 23:25.
1. ਮਾਪੇ ਕਿਹੜੀ ਗੱਲ ਕਰਕੇ ਆਪਣੇ ਬੱਚਿਆਂ ਵਿਚ ਆਨੰਦ ਹਾਸਲ ਕਰਨਗੇ?
ਕਿੰਨੀ ਹੀ ਸੁਹਾਵਣੀ ਗੱਲ ਹੁੰਦੀ ਹੈ ਜਦੋਂ ਤੁਸੀਂ ਇਕ ਬਰੂਟੇ ਨੂੰ ਵੱਡਾ ਹੋ ਕੇ ਇਕ ਸ਼ਾਨਦਾਰ ਦਰਖ਼ਤ ਬਣਦੇ ਹੋਏ ਦੇਖਦੇ ਹੋ ਜੋ ਸੁੰਦਰਤਾ ਅਤੇ ਛਾਂ ਮੁਹੱਈਆ ਕਰਦਾ ਹੈ—ਖ਼ਾਸ ਕਰਕੇ ਜੇਕਰ ਤੁਸੀਂ ਇਸ ਨੂੰ ਬੀਜਿਆ ਸੀ ਅਤੇ ਇਸ ਦੀ ਦੇਖ-ਭਾਲ ਕੀਤੀ! ਇਸੇ ਤਰ੍ਹਾਂ, ਮਾਪੇ ਜੋ ਅਜਿਹੇ ਬੱਚਿਆਂ ਦੀ ਪਰਵਰਿਸ਼ ਕਰਦੇ ਹਨ ਜੋ ਵੱਡੇ ਹੋ ਕੇ ਪਰਮੇਸ਼ੁਰ ਦੇ ਪ੍ਰੌੜ੍ਹ ਸੇਵਕ ਬਣਦੇ ਹਨ, ਉਹ ਉਨ੍ਹਾਂ ਵਿਚ ਵੱਡਾ ਆਨੰਦ ਹਾਸਲ ਕਰਦੇ ਹਨ, ਜਿਵੇਂ ਕਿ ਇਹ ਬਾਈਬਲ ਕਹਾਵਤ ਕਹਿੰਦੀ ਹੈ: “ਧਰਮੀ ਦਾ ਪਿਉ ਅੱਤ ਖੁਸ਼ ਹੋਵੇਗਾ, ਅਤੇ ਜਿਹਦੇ ਬੁੱਧਵਾਨ ਪੁੱਤ੍ਰ ਜੰਮੇ ਉਹ ਉਸ ਉੱਤੇ ਅਨੰਦ ਰਹੇਗਾ। ਤੇਰੇ ਮਾਪੇ ਅਨੰਦ ਹੋਣ, ਤੇਰੀ ਜਣਨ ਵਾਲੀ ਖੁਸ਼ ਹੋਵੇ।”—ਕਹਾਉਤਾਂ 23:24, 25.
2, 3. (ੳ) ਮਾਪੇ ਦੁੱਖ ਅਤੇ ਕੁੜੱਤਨ ਤੋਂ ਕਿਵੇਂ ਬਚ ਸਕਦੇ ਹਨ? (ਅ) ਬਰੂਟੇ ਅਤੇ ਬੱਚੇ ਦੋਹਾਂ ਨੂੰ ਕਿਸ ਚੀਜ਼ ਦੀ ਲੋੜ ਹੈ ਤਾਂਕਿ ਉਹ ਆਨੰਦ ਦਾ ਸੋਮਾ ਬਣ ਸਕਣ?
2 ਲੇਕਿਨ, ਬੱਚਾ ਖ਼ੁਦ-ਬ-ਖ਼ੁਦ “ਧਰਮੀ” ਅਤੇ “ਬੁੱਧਵਾਨ” ਨਹੀਂ ਬਣ ਜਾਂਦਾ ਹੈ। ਨਿਆਣਿਆਂ ਨੂੰ “ਦੁਖ” ਅਤੇ “ਕੁੜੱਤਨ” ਦੇ ਸੋਮੇ ਬਣਨ ਤੋਂ ਰੋਕਣ ਦੇ ਲਈ ਵਧੇਰੇ ਜਤਨ ਦੀ ਲੋੜ ਹੁੰਦੀ ਹੈ, ਠੀਕ ਜਿਵੇਂ ਕਿ ਇਕ ਬਰੂਟੇ ਨੂੰ ਸ਼ਾਨਦਾਰ ਦਰਖ਼ਤ ਬਣਾਉਣ ਵਿਚ ਕਾਫ਼ੀ ਕੰਮ ਸ਼ਾਮਲ ਹੋ ਸਕਦਾ ਹੈ। (ਕਹਾਉਤਾਂ 17:21, 25) ਉਦਾਹਰਣ ਵਜੋਂ, ਸਹਾਰਾ ਦੇਣ ਵਾਲੇ ਕਿੱਲੇ ਇਕ ਨਵੇਂ ਬਰੂਟੇ ਨੂੰ ਸਿੱਧਾ ਉੱਗਣ ਅਤੇ ਮਜ਼ਬੂਤ ਬਣਨ ਲਈ “ਸਿਖਲਾ” ਸਕਦੇ ਹਨ। ਨਿਯਮਿਤ ਪਾਣੀ ਦੀ ਸਪਲਾਈ ਅਤਿ ਜ਼ਰੂਰੀ ਹੈ, ਅਤੇ ਸ਼ਾਇਦ ਹਾਨੀਕਾਰਕ ਕੀੜਿਆਂ ਤੋਂ ਬਰੂਟੇ ਦੀ ਰੱਖਿਆ ਕਰਨ ਦੀ ਲੋੜ ਹੋਵੇ। ਅਖ਼ੀਰ ਵਿਚ, ਛਾਂਗ-ਛੰਗਾਈ ਇਕ ਸੁੰਦਰ ਦਰਖ਼ਤ ਉਤਪੰਨ ਕਰਨ ਵਿਚ ਮਦਦ ਕਰਦਾ ਹੈ।
3 ਪਰਮੇਸ਼ੁਰ ਦਾ ਬਚਨ ਪ੍ਰਗਟ ਕਰਦਾ ਹੈ ਕਿ ਬੱਚਿਆਂ ਨੂੰ ਈਸ਼ਵਰੀ ਸਿਖਲਾਈ, ਬਾਈਬਲ ਸੱਚਾਈ ਦੇ ਪਾਣੀ ਨਾਲ ਸਿੰਜਾਈ, ਨੈਤਿਕ ਦੁਰਵਿਹਾਰਾਂ ਤੋਂ ਰੱਖਿਆ, ਅਤੇ ਅਣਚਾਹੇ ਗੁਣਾਂ ਨੂੰ ਛਾਂਗਣ ਦੇ ਲਈ ਪ੍ਰੇਮਮਈ ਅਨੁਸ਼ਾਸਨ ਵਰਗੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਲੋੜਾਂ ਦੀ ਪੂਰਤੀ ਲਈ, ਪਿਤਾਵਾਂ ਨੂੰ ਖ਼ਾਸ ਕਰਕੇ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ” ਵੱਡੇ ਕਰਨ। (ਅਫ਼ਸੀਆਂ 6:4) ਇਸ ਵਿਚ ਕੀ ਸ਼ਾਮਲ ਹੈ?
ਯਹੋਵਾਹ ਦੀਆਂ ਗੱਲਾਂ ਉੱਤੇ ਜ਼ੋਰ
4. ਮਾਪਿਆਂ ਦੀ ਆਪਣੇ ਬੱਚਿਆਂ ਪ੍ਰਤੀ ਕਿਹੜੀ ਜ਼ਿੰਮੇਵਾਰੀ ਹੈ, ਅਤੇ ਇਸ ਨੂੰ ਪੂਰਿਆਂ ਕਰ ਸਕਣ ਤੋਂ ਪਹਿਲਾਂ ਕਿਸ ਚੀਜ਼ ਦੀ ਲੋੜ ਹੈ?
4 ‘ਪ੍ਰਭੁ ਦੀ ਮੱਤ ਦੇਣ’ ਦਾ ਅਰਥ ਹੈ ਆਪਣੀ ਸੋਚਣੀ ਨੂੰ ਯਹੋਵਾਹ ਦੀ ਇੱਛਾ ਦੇ ਅਨੁਸਾਰ ਨਿਯੰਤ੍ਰਿਤ ਕਰਨਾ। ਤਾਂ ਫਿਰ, ਮਾਪਿਆਂ ਨੂੰ ਆਪਣੇ ਨਿਆਣਿਆਂ ਦੇ ਮਨਾਂ ਵਿਚ ਮਾਮਲਿਆਂ ਉੱਤੇ ਯਹੋਵਾਹ ਦੀ ਸੋਚਣੀ ਬਿਠਾਉਣੀ ਚਾਹੀਦੀ ਹੈ। ਅਤੇ ਉਨ੍ਹਾਂ ਨੂੰ ਹਮਦਰਦੀਪੂਰਣ ਅਨੁਸ਼ਾਸਨ, ਜਾਂ ਸੁਧਾਰਕ ਸਿਖਲਾਈ ਮੁਹੱਈਆ ਕਰਨ ਵਿਚ ਵੀ ਪਰਮੇਸ਼ੁਰ ਦੀ ਮਿਸਾਲ ਦਾ ਅਨੁਕਰਣ ਕਰਨਾ ਚਾਹੀਦਾ ਹੈ। (ਜ਼ਬੂਰ 103:10, 11; ਕਹਾਉਤਾਂ 3:11, 12) ਲੇਕਿਨ ਇਸ ਤੋਂ ਪਹਿਲਾਂ ਕਿ ਮਾਪੇ ਇੰਜ ਕਰ ਸਕਣ, ਉਨ੍ਹਾਂ ਨੂੰ ਖ਼ੁਦ ਯਹੋਵਾਹ ਦੀਆਂ ਗੱਲਾਂ ਗ੍ਰਹਿਣ ਕਰਨੀਆਂ ਚਾਹੀਦੀਆਂ ਹਨ, ਜਿਵੇਂ ਕਿ ਪਰਮੇਸ਼ੁਰ ਦੇ ਨਬੀ ਮੂਸਾ ਨੇ ਪ੍ਰਾਚੀਨ ਇਸਰਾਏਲੀਆਂ ਨੂੰ ਨਸੀਹਤ ਦਿੱਤੀ ਸੀ: “[ਯਹੋਵਾਹ ਵੱਲੋਂ] ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ।” (ਟੇਢੇ ਟਾਈਪ ਸਾਡੇ।)—ਬਿਵਸਥਾ ਸਾਰ 6:6.
5. ਇਸਰਾਏਲੀ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਕਦੋਂ ਅਤੇ ਕਿਸ ਤਰੀਕੇ ਵਿਚ ਹਿਦਾਇਤ ਦੇਣੀ ਸੀ, ਅਤੇ ‘ਦਿਲ ਵਿਚ ਬਿਠਾਉਣ’ ਦਾ ਕੀ ਅਰਥ ਹੈ?
5 ਬਾਈਬਲ ਦਾ ਨਿਯਮਿਤ ਅਧਿਐਨ, ਮਨਨ, ਅਤੇ ਪ੍ਰਾਰਥਨਾ ਮਾਪਿਆਂ ਨੂੰ ਉਹ ਕਰਨ ਲਈ ਲੈਸ ਕਰਦੇ ਹਨ ਜਿਸ ਦਾ ਮੂਸਾ ਨੇ ਅੱਗੇ ਹੁਕਮ ਦਿੱਤਾ: “ਤੁਸੀਂ [ਯਹੋਵਾਹ ਦੀਆਂ ਗੱਲਾਂ] ਨੂੰ ਆਪਣੇ ਬੱਚਿਆਂ ਨੂੰ ਸਿਖਲਾਓ [“ਦੇ ਦਿਲ ਵਿਚ ਬਿਠਾਓ,” “ਨਿ ਵ”]। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” (ਟੇਢੇ ਟਾਈਪ ਸਾਡੇ।) “ਦਿਲ ਵਿਚ ਬਿਠਾਓ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਦਾ ਅਰਥ ਹੈ “ਦੁਹਰਾਉਣਾ,” “ਵਾਰ-ਵਾਰ ਕਹਿਣਾ,” “ਸਪੱਸ਼ਟ ਢੰਗ ਨਾਲ ਉੱਕਰਨਾ।” ਧਿਆਨ ਦਿਓ ਕਿ ਮੂਸਾ ਨੇ ਕਿਵੇਂ ਯਹੋਵਾਹ ਦੀਆਂ ਗੱਲਾਂ ਨੂੰ ਮੁੱਖ ਰੱਖਣ ਦੀ ਜ਼ਰੂਰਤ ਉੱਤੇ ਅਤਿਰਿਕਤ ਜ਼ੋਰ ਦਿੱਤਾ: “ਤੁਸੀਂ ਓਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨ੍ਹੋ ਅਤੇ ਓਹ ਤੁਹਾਡਿਆਂ ਨੇਤ੍ਰਾਂ ਦੇ ਵਿਚਕਾਰ ਤਵੀਤ ਜਿਹੀਆਂ ਹੋਣ। ਤੁਸੀਂ ਓਹਨਾਂ ਨੂੰ ਆਪਣੇ ਘਰ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖੋ।” ਪ੍ਰਤੱਖ ਤੌਰ ਤੇ, ਯਹੋਵਾਹ ਮਾਪਿਆਂ ਤੋਂ ਮੰਗ ਕਰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਨਿਯਮਿਤ, ਪ੍ਰੇਮਮਈ ਧਿਆਨ ਦੇਣ!—ਬਿਵਸਥਾ ਸਾਰ 6:7-9.
6. ਮਾਪਿਆਂ ਨੇ ਆਪਣੇ ਬੱਚਿਆਂ ਦੇ ਦਿਲ ਵਿਚ ਕੀ ਬਿਠਾਉਣਾ ਸੀ, ਅਤੇ ਇਸ ਦਾ ਕੀ ਲਾਭ ਹੁੰਦਾ?
6 ਯਹੋਵਾਹ ਦੀਆਂ “ਏਹ ਗੱਲਾਂ” ਕੀ ਹਨ ਜਿਨ੍ਹਾਂ ਨੂੰ ਮਾਪਿਆਂ ਨੇ ਆਪਣੇ ਬੱਚਿਆਂ ਦੇ ਦਿਲਾਂ ਵਿਚ ਬਿਠਾਉਣਾ ਸੀ? ਆਮ ਤੌਰ ਤੇ ਦਸ ਹੁਕਮ ਅਖਵਾਉਣ ਵਾਲੇ ਹੁਕਮਾਂ ਨੂੰ ਮੂਸਾ ਨੇ ਹੁਣੇ-ਹੁਣੇ ਦੁਹਰਾਇਆ ਸੀ, ਜਿਸ ਵਿਚ ਖ਼ੂਨ ਨਾ ਕਰਨ, ਜ਼ਨਾਹ ਨਾ ਕਰਨ, ਚੋਰੀ ਨਾ ਕਰਨ, ਝੂਠੀ ਗਵਾਹੀ ਨਾ ਦੇਣ, ਅਤੇ ਲਾਲਚ ਨਾ ਕਰਨ ਦੇ ਹੁਕਮ ਸ਼ਾਮਲ ਸਨ। ਅਜਿਹੀਆਂ ਨੈਤਿਕ ਮੰਗਾਂ, ਨਾਲ ਹੀ ‘ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰਨ’ ਦਾ ਹੁਕਮ ਹੀ ਉਹ ਗੱਲਾਂ ਸਨ ਜਿਨ੍ਹਾਂ ਨੂੰ ਇਸਰਾਏਲੀ ਮਾਪਿਆਂ ਨੇ ਆਪਣੇ ਨਿਆਣਿਆਂ ਦੇ ਦਿਲਾਂ ਵਿਚ ਖ਼ਾਸ ਕਰਕੇ ਬਿਠਾਉਣਾ ਸੀ। (ਬਿਵਸਥਾ ਸਾਰ 5:6-21; 6:1-5) ਕੀ ਤੁਸੀਂ ਸਹਿਮਤ ਨਹੀਂ ਹੋਵੋਗੇ ਕਿ ਅੱਜ ਬੱਚਿਆਂ ਨੂੰ ਇਸੇ ਪ੍ਰਕਾਰ ਦੀ ਸਿੱਖਿਆ ਦੀ ਲੋੜ ਹੈ?
7. (ੳ) ਬਾਈਬਲ ਵਿਚ ਬੱਚਿਆਂ ਦੀ ਕਿਸ ਚੀਜ਼ ਨਾਲ ਤੁਲਨਾ ਕੀਤੀ ਜਾਂਦੀ ਸੀ? (ਅ) ਅਸੀਂ ਹੁਣ ਕਿਸ ਚੀਜ਼ ਦੀ ਜਾਂਚ ਕਰਾਂਗੇ?
7 ਇਸਰਾਏਲੀ ਪਿਤਾ ਨੂੰ ਕਿਹਾ ਗਿਆ ਸੀ: “ਤੇਰੀ ਵਹੁਟੀ ਫਲਦਾਰ ਦਾਖ ਵਾਂਙੁ ਤੇਰੇ ਘਰ ਦੇ ਅੰਦਰ ਹੋਵੇਗੀ, ਤੇਰੇ ਬੱਚੇ ਜ਼ੈਤੂਨ ਦੇ ਬੂਟਿਆਂ ਵਾਂਙੁ ਤੇਰੀ ਮੇਜ਼ ਦੇ ਆਲੇ ਦੁਆਲੇ ਹੋਣਗੇ।” (ਜ਼ਬੂਰ 128:3) ਪਰੰਤੂ, ਜੇਕਰ ਮਾਪਿਆਂ ਨੇ ਆਪਣੇ “ਬਰੂਟਿਆਂ” ਵਿਚ ਦੁੱਖ ਦੀ ਬਜਾਇ ਆਨੰਦ ਹਾਸਲ ਕਰਨਾ ਹੈ, ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਵਿਚ ਨਿੱਜੀ, ਰੋਜ਼ਾਨਾ ਰੁਚੀ ਲੈਣੀ ਚਾਹੀਦੀ ਹੈ। (ਕਹਾਉਤਾਂ 10:1; 13:24; 29:15, 17) ਆਓ ਅਸੀਂ ਜਾਂਚ ਕਰੀਏ ਕਿ ਮਾਪੇ ਕਿਵੇਂ ਆਪਣੇ ਬੱਚਿਆਂ ਨੂੰ ਅਜਿਹੇ ਤਰੀਕੇ ਵਿਚ ਸਿਖਲਾਈ, ਅਧਿਆਤਮਿਕ ਪਾਣੀ, ਰੱਖਿਆ, ਅਤੇ ਪ੍ਰੇਮਮਈ ਅਨੁਸ਼ਾਸਨ ਦੇ ਸਕਦੇ ਹਨ ਕਿ ਉਹ ਉਨ੍ਹਾਂ ਵਿਚ ਅਸਲੀ ਆਨੰਦ ਹਾਸਲ ਕਰਨ।
ਬਾਲ-ਅਵਸਥਾ ਤੋਂ ਸਿਖਲਾਈ
8. (ੳ) ਤਿਮੋਥਿਉਸ ਦੇ ਲਈ ਕਿਨ੍ਹਾਂ ਨੇ ਸਿਖਲਾਈ ਦੇ ਕਿੱਲਿਆਂ ਵਜੋਂ ਕੰਮ ਕੀਤਾ? (ਅ) ਸਿਖਲਾਈ ਕਦੋਂ ਆਰੰਭ ਹੋਈ, ਅਤੇ ਕੀ ਸਿੱਟਾ ਨਿਕਲਿਆ?
8 ਤਿਮੋਥਿਉਸ ਬਾਰੇ ਵਿਚਾਰ ਕਰੋ ਜਿਸ ਨੇ, ਮਾਨੋ ਪੱਕੀ ਤਰ੍ਹਾਂ ਗੱਡੇ ਹੋਏ ਦੋ ਸਿਖਲਾਈ ਦੇ ਕਿੱਲਿਆਂ—ਉਸ ਦੀ ਮਾਂ ਅਤੇ ਨਾਨੀ—ਤੋਂ ਸਹਾਰਾ ਹਾਸਲ ਕੀਤਾ। ਕਿਉਂ ਜੋ ਤਿਮੋਥਿਉਸ ਦਾ ਪਿਤਾ ਇਕ ਯੂਨਾਨੀ ਸੀ ਅਤੇ ਸਪੱਸ਼ਟ ਤੌਰ ਤੇ ਅਵਿਸ਼ਵਾਸੀ ਸੀ, ਉਸ ਦੀ ਯਹੂਦੀ ਮਾਂ, ਯੂਨੀਕਾ, ਅਤੇ ਨਾਨੀ, ਲੋਇਸ ਨੇ ਮੁੰਡੇ ਨੂੰ ‘ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਵਿਚ’ ਸਿਖਲਾਈ ਦਿੱਤੀ। (2 ਤਿਮੋਥਿਉਸ 1:5; 3:15; ਰਸੂਲਾਂ ਦੇ ਕਰਤੱਬ 16:1) ਤਿਮੋਥਿਉਸ ਨੂੰ—ਉਦੋਂ ਵੀ ਜਦੋਂ ਉਹ ਕੇਵਲ ਇਕ ਬੱਚਾ ਹੀ ਸੀ—ਉਹ “ਅਚਰਜ ਕੰਮ ਜੋ [ਯਹੋਵਾਹ] ਨੇ ਕੀਤੇ” ਹਨ, ਸਿਖਾਉਣ ਵਿਚ ਉਨ੍ਹਾਂ ਦੀ ਮਿਹਨਤ ਦਾ ਭਰਪੂਰ ਪ੍ਰਤਿਫਲ ਮਿਲਿਆ। (ਜ਼ਬੂਰ 78:1, 3, 4) ਤਿਮੋਥਿਉਸ ਸ਼ਾਇਦ ਕਿਸ਼ੋਰ-ਅਵਸਥਾ ਵਿਚ ਹੀ, ਦੁਰਾਡੇ ਦੇਸ਼ਾਂ ਵਿਚ ਮਿਸ਼ਨਰੀ ਬਣ ਗਿਆ, ਅਤੇ ਮੁਢਲੀਆਂ ਮਸੀਹੀ ਕਲੀਸਿਯਾਵਾਂ ਨੂੰ ਮਜ਼ਬੂਤ ਕਰਨ ਵਿਚ ਉਸ ਦਾ ਵੱਡਾ ਹੱਥ ਸੀ।—ਰਸੂਲਾਂ ਦੇ ਕਰਤੱਬ 16:2-5; 1 ਕੁਰਿੰਥੀਆਂ 4:17; ਫ਼ਿਲਿੱਪੀਆਂ 2:19-23.
9. ਨਿਆਣੇ ਕਿਵੇਂ ਭੌਤਿਕਵਾਦ ਦਿਆਂ ਫੰਧਿਆਂ ਤੋਂ ਬਚਣਾ ਸਿੱਖ ਸਕਦੇ ਹਨ?
9 ਮਾਪਿਓ, ਤੁਸੀਂ ਕਿਸ ਪ੍ਰਕਾਰ ਦੇ ਸਿਖਲਾਈ ਦੇ ਕਿੱਲੇ ਹੋ? ਉਦਾਹਰਣ ਲਈ, ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਭੌਤਿਕ ਚੀਜ਼ਾਂ ਬਾਰੇ ਇਕ ਸੰਤੁਲਿਤ ਦ੍ਰਿਸ਼ਟੀਕੋਣ ਵਿਕਸਿਤ ਕਰਨ? ਤਾਂ ਫਿਰ ਤੁਹਾਨੂੰ ਅਜਿਹੇ ਨਵੀਨਤਮ ਯੰਤਰਾਂ ਜਾਂ ਹੋਰ ਚੀਜ਼ਾਂ, ਜਿਨ੍ਹਾਂ ਦੀ ਤੁਹਾਨੂੰ ਅਸਲ ਵਿਚ ਲੋੜ ਨਹੀਂ ਹੈ, ਦੀ ਭਾਲ ਨਾ ਕਰਨ ਦੇ ਦੁਆਰਾ ਸਹੀ ਮਿਸਾਲ ਪੇਸ਼ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਭੌਤਿਕ ਸਹੂਲਤਾਂ ਦੀ ਭਾਲ ਕਰਨੀ ਚੁਣਦੇ ਹੋ, ਤਾਂ ਹੈਰਾਨ ਨਾ ਹੋਣਾ ਜਦੋਂ ਤੁਹਾਡੇ ਬੱਚੇ ਤੁਹਾਡੀ ਨਕਲ ਕਰਦੇ ਹਨ। (ਮੱਤੀ 6:24; 1 ਤਿਮੋਥਿਉਸ 6:9, 10) ਭਲਾ, ਜੇਕਰ ਸਿਖਲਾਈ ਦੇ ਕਿੱਲੇ ਸਿੱਧੇ ਨਾ ਹੋਣ, ਤਾਂ ਬਰੂਟਾ ਕਿਵੇਂ ਸਿੱਧਾ ਉੱਗ ਸਕਦਾ ਹੈ?
10. ਮਾਪਿਆਂ ਨੂੰ ਹਮੇਸ਼ਾ ਕਿਸ ਦਾ ਨਿਰਦੇਸ਼ਨ ਭਾਲਣਾ ਚਾਹੀਦਾ ਹੈ, ਅਤੇ ਉਨ੍ਹਾਂ ਦੀ ਕੀ ਮਨੋਬਿਰਤੀ ਹੋਣੀ ਚਾਹੀਦੀ ਹੈ?
10 ਮਾਪੇ ਜੋ ਆਪਣੇ ਬੱਚਿਆਂ ਵਿਚ ਆਨੰਦ ਹਾਸਲ ਕਰਦੇ ਹਨ, ਉਹ ਉਨ੍ਹਾਂ ਨੂੰ ਸਿਖਲਾਈ ਦੇਣ ਦੇ ਲਈ ਲਗਾਤਾਰ ਈਸ਼ਵਰੀ ਮਦਦ ਭਾਲਣਗੇ, ਇਸ ਉੱਤੇ ਹਮੇਸ਼ਾ ਵਿਚਾਰ ਕਰਦੇ ਹੋਏ ਕਿ ਕਿਹੜੀ ਗੱਲ ਅਧਿਆਤਮਿਕ ਤੌਰ ਤੇ ਉਨ੍ਹਾਂ ਦੇ ਬੱਚਿਆਂ ਦੀ ਬਿਹਤਰੀ ਲਈ ਹੈ। ਇਕ ਚਾਰ ਬੱਚਿਆਂ ਦੀ ਮਾਂ ਨੇ ਦੱਸਿਆ: “ਸਾਡੇ ਬੱਚਿਆਂ ਦੇ ਪੈਦਾ ਹੋਣ ਤੋਂ ਵੀ ਪਹਿਲਾਂ, ਅਸੀਂ ਨਿਯਮਿਤ ਤੌਰ ਤੇ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਸਨ ਕਿ ਉਹ ਸਾਨੂੰ ਚੰਗੇ ਮਾਪੇ ਬਣਨ, ਉਸ ਦੇ ਬਚਨ ਦੁਆਰਾ ਮਾਰਗ-ਦਰਸ਼ਿਤ ਹੋਣ, ਅਤੇ ਇਸ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਲਈ ਮਦਦ ਕਰੇ।” ਉਸ ਨੇ ਅੱਗੇ ਕਿਹਾ: “‘ਯਹੋਵਾਹ ਪਹਿਲਾ ਦਰਜਾ ਰੱਖਦਾ ਹੈ’ ਕੇਵਲ ਇਕ ਆਮ ਵਾਕ ਹੀ ਨਹੀਂ, ਬਲਕਿ ਸਾਡਾ ਜੀਉਣ ਦਾ ਢੰਗ ਸੀ।”—ਨਿਆਈਆਂ 13:8.
ਨਿਯਮਿਤ ਤੌਰ ਤੇ “ਪਾਣੀ” ਮੁਹੱਈਆ ਕਰਨਾ
11. ਬਰੂਟਿਆਂ ਅਤੇ ਬੱਚਿਆਂ ਨੂੰ ਵਧਣ ਦੇ ਲਈ ਕਿਸ ਚੀਜ਼ ਦੀ ਲੋੜ ਹੈ?
11 ਬਰੂਟਿਆਂ ਨੂੰ ਖ਼ਾਸ ਕਰਕੇ ਪਾਣੀ ਦਿੰਦੇ ਰਹਿਣ ਦੀ ਲੋੜ ਹੁੰਦੀ ਹੈ, ਜਿਵੇਂ ਕਿ ਇਸ ਗੱਲ ਤੋਂ ਸੂਚਿਤ ਹੁੰਦਾ ਹੈ ਕਿ ਨਦੀ ਦੇ ਕੰਢੇ ਲੱਗੇ ਹੋਏ ਬਿਰਛ ਕਿੰਨੇ ਵਧੀਆ ਢੰਗ ਨਾਲ ਉੱਗਦੇ ਹਨ। (ਤੁਲਨਾ ਕਰੋ ਪਰਕਾਸ਼ ਦੀ ਪੋਥੀ 22:1, 2.) ਨਿਆਣੇ ਵੀ ਅਧਿਆਤਮਿਕ ਤੌਰ ਤੇ ਵਿਗਸਣਗੇ ਜੇਕਰ ਉਨ੍ਹਾਂ ਨੂੰ ਨਿਯਮਿਤ ਤੌਰ ਤੇ ਬਾਈਬਲ ਸੱਚਾਈ ਦਾ ਪਾਣੀ ਮੁਹੱਈਆ ਕੀਤਾ ਜਾਂਦਾ ਹੈ। ਲੇਕਿਨ ਮਾਪਿਆਂ ਨੂੰ ਆਪਣੇ ਬੱਚੇ ਦੀ ਧਿਆਨ ਦੇਣ ਦੀ ਯੋਗਤਾ ਨੂੰ ਵੀ ਚੇਤੇ ਰੱਖਣ ਦੀ ਲੋੜ ਹੈ। ਇਕ-ਦੋ ਵਾਰੀ ਹੀ ਲੰਬੇ ਸਮਿਆਂ ਲਈ ਹਿਦਾਇਤ ਦੇਣ ਦੀ ਬਜਾਇ, ਸ਼ਾਇਦ ਥੋੜ੍ਹੇ-ਥੋੜ੍ਹੇ ਸਮੇਂ ਲਈ ਅਕਸਰ ਹਿਦਾਇਤ ਦੇਣੀ ਜ਼ਿਆਦਾ ਪ੍ਰਭਾਵੀ ਹੋਵੇ। ਥੋੜ੍ਹੇ-ਥੋੜ੍ਹੇ ਸਮੇਂ ਵਾਲੇ ਹਿਦਾਇਤ ਦੇਣ ਦੇ ਅਜਿਹੇ ਮੌਕਿਆਂ ਦੀ ਮਹੱਤਤਾ ਨੂੰ ਘੱਟ ਨਾ ਸਮਝੋ। ਇਕੱਠੇ ਸਮਾਂ ਬਿਤਾਉਣਾ ਮਾਤਾ ਜਾਂ ਪਿਤਾ ਅਤੇ ਬੱਚੇ ਦੇ ਵਿਚਕਾਰ ਇਕ ਬੰਧਨ ਕਾਇਮ ਕਰਨ ਦੇ ਲਈ ਅਤਿ ਜ਼ਰੂਰੀ ਹੈ, ਇਕ ਅਜਿਹੀ ਨੇੜਤਾ ਜਿਸ ਨੂੰ ਵਾਰ-ਵਾਰ ਸ਼ਾਸਤਰ ਵਿਚ ਉਤਸ਼ਾਹਿਤ ਕੀਤਾ ਜਾਂਦਾ ਹੈ।—ਬਿਵਸਥਾ ਸਾਰ 6:6-9; 11:18-21; ਕਹਾਉਤਾਂ 22:6.
12. ਨਿਆਣਿਆਂ ਦੇ ਨਾਲ ਪ੍ਰਾਰਥਨਾ ਕਰਨ ਦੀ ਕੀ ਮਹੱਤਤਾ ਹੈ?
12 ਨਿਆਣਿਆਂ ਦੇ ਨਾਲ ਸਮਾਂ ਬਿਤਾਉਣ ਦਾ ਇਕ ਮੌਕਾ ਦਿਨ ਦੀ ਸਮਾਪਤੀ ਵੇਲੇ ਹੋ ਸਕਦਾ ਹੈ। ਇਕ ਯੁਵਤੀ ਯਾਦ ਕਰਦੀ ਹੈ: “ਮੇਰੇ ਮਾਪੇ ਹਰ ਰਾਤ ਨੂੰ ਸਾਡੇ ਮੰਜੇ ਦੇ ਸਿਰੇ ਤੇ ਬੈਠਦੇ ਅਤੇ ਸਾਨੂੰ ਸਾਡੀਆਂ ਪ੍ਰਾਰਥਨਾਵਾਂ ਬੋਲਦੇ ਹੋਏ ਸੁਣਦੇ।” ਇੰਜ ਕਰਨ ਦੀ ਮਹੱਤਤਾ ਦੇ ਬਾਰੇ, ਦੂਸਰੀ ਨੇ ਕਿਹਾ: “ਇਸ ਨਾਲ ਮੇਰੀ ਹਰ ਰਾਤ ਨੂੰ ਸੌਣ ਤੋਂ ਪਹਿਲਾਂ ਯਹੋਵਾਹ ਨੂੰ ਪ੍ਰਾਰਥਨਾ ਕਰਨ ਦੀ ਆਦਤ ਬਣ ਗਈ।” ਜਦੋਂ ਬੱਚੇ ਰੋਜ਼ਾਨਾ ਆਪਣੇ ਮਾਪਿਆਂ ਨੂੰ ਯਹੋਵਾਹ ਬਾਰੇ ਗੱਲਾਂ ਕਰਦੇ ਅਤੇ ਉਸ ਨੂੰ ਪ੍ਰਾਰਥਨਾ ਕਰਦੇ ਸੁਣਦੇ ਹਨ, ਤਾਂ ਉਹ ਉਨ੍ਹਾਂ ਦੇ ਲਈ ਇਕ ਅਸਲੀ ਵਿਅਕਤੀ ਬਣ ਜਾਂਦਾ ਹੈ। ਇਕ ਨੌਜਵਾਨ ਨੇ ਕਿਹਾ: “ਜਦੋਂ ਮੈਂ ਯਹੋਵਾਹ ਨੂੰ ਪ੍ਰਾਰਥਨਾ ਵਿਚ ਆਪਣੀਆਂ ਅੱਖਾਂ ਬੰਦ ਕਰਦਾ, ਤਾਂ ਮੈਨੂੰ ਇਕ ਅਸਲੀ ਦਾਦਾ-ਸਮਾਨ ਵਿਅਕਤੀ ਨਜ਼ਰ ਆਉਂਦਾ। ਮੇਰੇ ਮਾਪਿਆਂ ਨੇ ਮੈਨੂੰ ਇਹ ਦੇਖਣ ਵਿਚ ਮਦਦ ਕੀਤੀ ਕਿ ਅਸੀਂ ਜੋ ਕੁਝ ਵੀ ਕਰਦੇ ਅਤੇ ਕਹਿੰਦੇ ਹਾਂ, ਉਸ ਵਿਚ ਯਹੋਵਾਹ ਭੂਮਿਕਾ ਅਦਾ ਕਰਦਾ ਹੈ।”
13. ਨਿਯਮਿਤ ਹਿਦਾਇਤੀ ਅਵਧੀਆਂ ਵਿਚ ਕੀ ਕੁਝ ਸ਼ਾਮਲ ਹੋ ਸਕਦਾ ਹੈ?
13 ਨਿਆਣਿਆਂ ਨੂੰ ਬਾਈਬਲ ਸੱਚਾਈ ਦਾ ਪਾਣੀ ਗ੍ਰਹਿਣ ਕਰਨ ਵਿਚ ਮਦਦ ਕਰਨ ਦੇ ਵਾਸਤੇ, ਮਾਪੇ ਨਿਯਮਿਤ ਹਿਦਾਇਤੀ ਅਵਧੀਆਂ ਵਿਚ ਅਨੇਕ ਵਿਵਹਾਰਕ ਗੱਲਾਂ ਨੂੰ ਸ਼ਾਮਲ ਕਰ ਸਕਦੇ ਹਨ। ਪੂਰਵ ਕਿਸ਼ੋਰ-ਅਵਸਥਾ ਵਾਲੇ ਦੋ ਬੱਚਿਆਂ ਦੇ ਮਾਪਿਆਂ ਨੇ ਕਿਹਾ: “ਦੋਵੇਂ ਬੱਚਿਆਂ ਨੂੰ ਆਪਣੇ ਜੀਵਨ ਦੇ ਆਰੰਭਕ ਹਫ਼ਤਿਆਂ ਤੋਂ ਹੀ ਰਾਜ ਗ੍ਰਹਿ ਵਿਚ ਸ਼ਾਂਤ ਬੈਠਣ ਦੇ ਲਈ ਸਿਖਲਾਈ ਦਿੱਤੀ ਗਈ।” ਇਕ ਪਿਤਾ ਨੇ ਵਰਣਨ ਕੀਤਾ ਕਿ ਉਸ ਦੇ ਪਰਿਵਾਰ ਨੇ ਕੀ ਕੀਤਾ: “ਅਸੀਂ ਬਾਈਬਲ ਦੀਆਂ ਸਾਰੀਆਂ ਪੋਥੀਆਂ ਨੂੰ ਇੰਡੈਕਸ ਕਾਰਡਾਂ ਉੱਤੇ ਸੂਚੀਬੱਧ ਕੀਤਾ ਅਤੇ ਇਨ੍ਹਾਂ ਨੂੰ ਤਰਤੀਬ ਵਿਚ ਰੱਖਣ ਦਾ ਅਸੀਂ ਸਾਰੇ ਵਾਰੀ ਸਿਰ ਅਭਿਆਸ ਕਰਦੇ। ਬੱਚੇ ਹਮੇਸ਼ਾ ਇਸ ਦੀ ਉਡੀਕ ਵਿਚ ਰਹਿੰਦੇ ਸਨ।” ਅਨੇਕ ਪਰਿਵਾਰ ਭੋਜਨ ਤੋਂ ਪਹਿਲਾਂ ਜਾਂ ਮਗਰੋਂ ਇਕ ਸੰਖੇਪ ਹਿਦਾਇਤੀ ਅਵਧੀ ਸੰਮਿਲਿਤ ਕਰਦੇ ਹਨ। ਇਕ ਪਿਤਾ ਨੇ ਕਿਹਾ: “ਸਾਡੇ ਲਈ ਦੈਨਿਕ ਬਾਈਬਲ ਪਾਠ ਦੀ ਚਰਚਾ ਕਰਨ ਲਈ ਸ਼ਾਮ ਦਾ ਭੋਜਨ ਵਧੀਆ ਸਮਾਂ ਰਿਹਾ ਹੈ।”
14. (ੳ) ਨਿਆਣਿਆਂ ਦੇ ਨਾਲ ਕਿਹੜੀਆਂ ਅਧਿਆਤਮਿਕ ਤੌਰ ਤੇ ਲਾਭਕਾਰੀ ਸਰਗਰਮੀਆਂ ਵਿਚ ਹਿੱਸਾ ਲਿਆ ਜਾ ਸਕਦਾ ਹੈ? (ਅ) ਬੱਚਿਆਂ ਵਿਚ ਸਿੱਖਣ ਦੀ ਕਿਹੜੀ ਯੋਗਤਾ ਹੁੰਦੀ ਹੈ?
14 ਨਿਆਣੇ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬa ਵਿੱਚੋਂ ਸਜੀਵ ਬਾਈਬਲ ਬਿਰਤਾਂਤਾਂ ਨੂੰ ਸੁਣਨਾ ਵੀ ਅਤਿ ਪਸੰਦ ਕਰਦੇ ਹਨ। “ਜਦੋਂ ਬੱਚੇ ਛੋਟੇ ਸਨ,” ਇਕ ਦੰਪਤੀ ਦੱਸਦੀ ਹੈ, “ਉਦੋਂ ਬਾਈਬਲ ਕਹਾਣੀਆਂ ਕਿਤਾਬ ਵਿੱਚੋਂ ਇਕ ਪਾਠ ਪੂਰਾ ਕੀਤਾ ਜਾਂਦਾ, ਅਤੇ ਫਿਰ ਬੱਚੇ ਪੁਸ਼ਾਕਾਂ ਪਾ ਕੇ ਵਿਭਿੰਨ ਭੂਮਿਕਾਵਾਂ ਨੂੰ ਇਕ ਛੋਟੇ ਡਰਾਮੇ ਦੇ ਰੂਪ ਵਿਚ ਪੇਸ਼ ਕਰਦੇ। ਉਹ ਇਸ ਨੂੰ ਅਤਿ ਪਸੰਦ ਕਰਦੇ ਸਨ ਅਤੇ ਅਕਸਰ ਇਕ ਅਧਿਐਨ ਵਿਚ ਇਕ ਤੋਂ ਵੱਧ ਕਹਾਣੀਆਂ ਪੜ੍ਹਨ ਲਈ ਜ਼ੋਰ ਪਾਉਂਦੇ ਸਨ।” ਆਪਣੇ ਬੱਚੇ ਦੀ ਸਿੱਖਣ ਦੀ ਯੋਗਤਾ ਨੂੰ ਘੱਟ ਨਾ ਸਮਝੋ! ਚਾਰ-ਸਾਲਾ ਬੱਚਿਆਂ ਨੇ ਬਾਈਬਲ ਕਹਾਣੀਆਂ ਕਿਤਾਬ ਦੇ ਸਮੁੱਚੇ ਅਧਿਆਵਾਂ ਨੂੰ ਰਟਿਆ ਹੈ ਅਤੇ ਇਥੋਂ ਤਕ ਕਿ ਬਾਈਬਲ ਨੂੰ ਵੀ ਪੜ੍ਹਨਾ ਸਿੱਖਿਆ ਹੈ! ਇਕ ਯੁਵਤੀ ਯਾਦ ਕਰਦੀ ਹੈ ਕਿ ਜਦੋਂ ਉਹ ਕਰੀਬ ਸਾਢੇ ਤਿੰਨ ਸਾਲ ਦੀ ਸੀ, ਤਾਂ ਉਹ ਵਾਰ-ਵਾਰ ਅੰਗ੍ਰੇਜ਼ੀ ਸ਼ਬਦ “ਜੁਡੀਸ਼ਲ ਡਿਸੀਸ਼ਨਜ਼” ਨੂੰ ਗ਼ਲਤ ਉਚਾਰਦੀ, ਲੇਕਿਨ ਉਸ ਦੇ ਪਿਤਾ ਨੇ ਉਸ ਨੂੰ ਅਭਿਆਸ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ।
15. ਬੱਚਿਆਂ ਦੇ ਨਾਲ ਚਰਚੇ ਵਿਚ ਕਿਹੜੀਆਂ ਗੱਲਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ, ਅਤੇ ਕੀ ਸਬੂਤ ਹੈ ਕਿ ਅਜਿਹੇ ਚਰਚੇ ਲਾਭਕਾਰੀ ਹੁੰਦੇ ਹਨ?
15 ਆਪਣੇ ਨਿਆਣਿਆਂ ਦੇ ਨਾਲ ਬਿਤਾਏ ਗਏ ਸਮੇਂ ਨੂੰ ਉਨ੍ਹਾਂ ਨੂੰ ਦੂਜਿਆਂ ਦੇ ਨਾਲ ਸੱਚਾਈ ਦਾ ਪਾਣੀ ਸਾਂਝਿਆਂ ਕਰਨ ਦੇ ਵਾਸਤੇ ਤਿਆਰ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ, ਜਿਵੇਂ ਕਿ ਸਭਾਵਾਂ ਵਿਚ ਟਿੱਪਣੀ ਕਰਨ ਦੇ ਦੁਆਰਾ। (ਇਬਰਾਨੀਆਂ 10:24, 25) “ਸਾਡੀਆਂ ਅਭਿਆਸ ਬੈਠਕਾਂ ਦੌਰਾਨ, ਮੈਨੂੰ ਆਪਣੇ ਹੀ ਸ਼ਬਦਾਂ ਵਿਚ ਟਿੱਪਣੀ ਕਰਨੀ ਪੈਂਦੀ ਸੀ,” ਇਕ ਯੁਵਤੀ ਯਾਦ ਕਰਦੀ ਹੈ। “ਮੈਨੂੰ ਬਿਨਾਂ ਅਰਥ ਸਮਝਿਆਂ ਕੇਵਲ ਪੜ੍ਹ ਕੇ ਹੀ ਸੁਣਾਉਣ ਦੀ ਇਜਾਜ਼ਤ ਨਹੀਂ ਸੀ।” ਇਸ ਤੋਂ ਇਲਾਵਾ, ਬੱਚਿਆਂ ਨੂੰ ਖੇਤਰ ਸੇਵਕਾਈ ਵਿਚ ਅਰਥਪੂਰਣ ਭਾਗ ਲੈਣ ਲਈ ਸਿਖਲਾਈ ਦਿੱਤੀ ਜਾ ਸਕਦੀ ਹੈ। ਪਰਮੇਸ਼ੁਰ ਦਾ ਭੈ ਰੱਖਣ ਵਾਲੇ ਮਾਪਿਆਂ ਦੁਆਰਾ ਪਰਵਰਿਸ਼ ਕੀਤੀ ਗਈ ਇਕ ਔਰਤ ਸਮਝਾਉਂਦੀ ਹੈ: “ਅਸੀਂ ਕਦੇ ਵੀ ਪੂਛ ਵਾਂਗ ਨਹੀਂ ਸਨ, ਜੋ ਕੇਵਲ ਆਪਣੇ ਮਾਪਿਆਂ ਦੇ ਨਾਲ ਉਨ੍ਹਾਂ ਦੇ ਕਾਰਜ ਵਿਚ ਜਾਂਦੇ ਸਨ। ਅਸੀਂ ਜਾਣਦੇ ਸੀ ਕਿ ਸਾਡਾ ਵੀ ਭਾਗ ਹੈ, ਭਾਵੇਂ ਕਿ ਇਹ ਕੇਵਲ ਘੰਟੀ ਵਜਾਉਣਾ ਅਤੇ ਨਿਮੰਤ੍ਰਣ ਪਰਚਾ ਦੇਣਾ ਹੀ ਕਿਉਂ ਨਾ ਹੋਵੇ। ਹਰ ਸਪਤਾਹ-ਅੰਤ ਦੀਆਂ ਸਰਗਰਮੀਆਂ ਤੋਂ ਅਗਾਹਾਂ ਧਿਆਨਪੂਰਵਕ ਤਿਆਰੀ ਕਰਨ ਦੁਆਰਾ, ਅਸੀਂ ਜਾਣਦੇ ਸੀ ਕਿ ਅਸੀਂ ਕੀ ਕਹਿਣਾ ਹੈ। ਅਸੀਂ ਕਦੇ ਵੀ ਸਿਨੱਚਰਵਾਰ ਸਵੇਰ ਨੂੰ ਉੱਠ ਕੇ ਇਹ ਨਹੀਂ ਪੁੱਛਦੇ ਸਨ ਕਿ ਅਸੀਂ ਸੇਵਕਾਈ ਵਿਚ ਜਾ ਰਹੇ ਹਾਂ ਜਾਂ ਨਹੀਂ। ਅਸੀਂ ਜਾਣਦੇ ਸੀ ਕਿ ਅਸੀਂ ਜਾ ਰਹੇ ਸਨ।”
16. ਬੱਚਿਆਂ ਦੇ ਨਾਲ ਪਰਿਵਾਰਕ ਅਧਿਐਨ ਕਰਨ ਵਿਚ ਨਿਯਮਿਤਤਾ ਕਿਉਂ ਮਹੱਤਵਪੂਰਣ ਹੈ?
16 ਨਿਆਣਿਆਂ ਨੂੰ ਨਿਯਮਿਤ ਤੌਰ ਤੇ ਬਾਈਬਲ ਸੱਚਾਈ ਦਾ ਪਾਣੀ ਮੁਹੱਈਆ ਕਰਨ ਦੀ ਲੋੜ ਉੱਤੇ ਜਿੰਨਾ ਵੀ ਜ਼ੋਰ ਦਿੱਤਾ ਜਾਵੇ ਉਹ ਘੱਟ ਹੈ, ਜਿਸ ਦਾ ਅਰਥ ਹੈ ਕਿ ਇਕ ਸਪਤਾਹਕ ਪਰਿਵਾਰਕ ਬਾਈਬਲ ਅਧਿਐਨ ਅਤਿ ਜ਼ਰੂਰੀ ਹੈ। ਦੋ ਬੱਚਿਆਂ ਦਾ ਪਿਤਾ ਦਾਅਵੇ ਨਾਲ ਕਹਿੰਦਾ ਹੈ ਕਿ “ਬੱਚਿਆਂ ਨੂੰ ਖਿਝਾਉਣ ਦਾ ਇਕ ਮੁੱਖ ਕਾਰਨ ਹੈ ਅਸੰਗਤੀ।” (ਅਫ਼ਸੀਆਂ 6:4) ਉਸ ਨੇ ਕਿਹਾ: “ਮੈਂ ਤੇ ਮੇਰੀ ਪਤਨੀ ਨੇ ਇਕ ਦਿਨ ਅਤੇ ਸਮਾਂ ਚੁਣਿਆ ਅਤੇ ਵਫ਼ਾਦਾਰੀ ਨਾਲ ਉਸੇ ਕਾਰਜਕ੍ਰਮ ਅਨੁਸਾਰ ਪਰਿਵਾਰਕ ਅਧਿਐਨ ਸੰਚਾਲਿਤ ਕੀਤਾ। ਥੋੜ੍ਹੇ ਹੀ ਸਮੇਂ ਵਿਚ ਬੱਚੇ ਉਸੇ ਸਮੇਂ ਤੇ ਇਸ ਦੀ ਉਡੀਕ ਕਰਨ ਲੱਗੇ।” ਬਾਲ-ਅਵਸਥਾ ਤੋਂ ਹੀ ਅਜਿਹੀ ਸਾਰੀ ਸਿਖਲਾਈ ਮਹੱਤਵਪੂਰਣ ਹੈ, ਇਸ ਪ੍ਰਤੱਖ ਸੱਚਾਈ ਦੇ ਅਨੁਸਾਰ ਕਿ ‘ਜਿਵੇਂ ਬਰੂਟਾ ਢਾਲਿਆ, ਤਿਵੇਂ ਰੁੱਖ ਉੱਗਿਆ।’
17. ਕਿਹੜੀ ਚੀਜ਼ ਉੱਨੀ ਹੀ ਮਹੱਤਵਪੂਰਣ ਹੈ ਜਿੰਨੀ ਕਿ ਨਿਆਣਿਆਂ ਨੂੰ ਬਾਈਬਲ ਸੱਚਾਈ ਮੁਹੱਈਆ ਕਰਨਾ?
17 ਨਿਆਣਿਆਂ ਨੂੰ ਬਾਈਬਲ ਸੱਚਾਈ ਮੁਹੱਈਆ ਕਰਨਾ ਮਹੱਤਵਪੂਰਣ ਹੈ, ਪਰੰਤੂ ਮਾਪਿਆਂ ਦੀ ਮਿਸਾਲ ਵੀ ਉੱਨੀ ਹੀ ਮਹੱਤਵਪੂਰਣ ਹੈ। ਕੀ ਤੁਹਾਡੇ ਬੱਚੇ ਤੁਹਾਨੂੰ ਅਧਿਐਨ ਕਰਦੇ, ਨਿਯਮਿਤ ਤੌਰ ਤੇ ਸਭਾਵਾਂ ਲਈ ਹਾਜ਼ਰ ਹੁੰਦੇ, ਖੇਤਰ ਸੇਵਕਾਈ ਵਿਚ ਭਾਗ ਲੈਂਦੇ, ਜੀ ਹਾਂ, ਯਹੋਵਾਹ ਦੀ ਇੱਛਾ ਪੂਰੀ ਕਰਨ ਵਿਚ ਆਨੰਦ ਹਾਸਲ ਕਰਦੇ ਹੋਏ ਦੇਖਦੇ ਹਨ? (ਜ਼ਬੂਰ 40:8) ਇਹ ਅਤਿ ਜ਼ਰੂਰੀ ਹੈ ਕਿ ਉਹ ਦੇਖਣ। ਵਿਲੱਖਣ ਰੂਪ ਵਿਚ, ਇਕ ਧੀ ਨੇ ਆਪਣੀ ਮਾਂ, ਜਿਸ ਨੇ ਆਪਣੇ ਪਤੀ ਦਾ ਵਿਰੋਧ ਸਹਿਣ ਕੀਤਾ ਅਤੇ ਛੇ ਬੱਚਿਆਂ ਦੀ ਇਸ ਤਰ੍ਹਾਂ ਪਰਵਰਿਸ਼ ਕੀਤੀ ਕਿ ਉਹ ਵਫ਼ਾਦਾਰ ਗਵਾਹ ਬਣੇ, ਦੇ ਬਾਰੇ ਕਿਹਾ: “ਜਿਸ ਗੱਲ ਨੇ ਸਾਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਸੀ ਮਾਂ ਦੀ ਆਪਣੀ ਮਿਸਾਲ—ਇਹ ਸ਼ਬਦਾਂ ਨਾਲੋਂ ਵੱਧ ਪ੍ਰਭਾਵਕਾਰੀ ਸੀ।”
ਨਿਆਣਿਆਂ ਨੂੰ ਰੱਖਿਆ ਪ੍ਰਦਾਨ ਕਰਨਾ
18. (ੳ) ਮਾਪੇ ਬੱਚਿਆਂ ਨੂੰ ਉਹ ਰੱਖਿਆ ਕਿਵੇਂ ਪ੍ਰਦਾਨ ਕਰ ਸਕਦੇ ਹਨ ਜਿਸ ਦੀ ਉਨ੍ਹਾਂ ਨੂੰ ਲੋੜ ਹੈ? (ਅ) ਇਸਰਾਏਲ ਵਿਚ ਨਿਆਣਿਆਂ ਨੂੰ ਸਰੀਰ ਦੇ ਪ੍ਰਜਨਕ ਅੰਗਾਂ ਦੇ ਬਾਰੇ ਕਿਸ ਪ੍ਰਕਾਰ ਦੀ ਹਿਦਾਇਤ ਦਿੱਤੀ ਜਾਂਦੀ ਸੀ?
18 ਜਿਵੇਂ ਬਰੂਟਿਆਂ ਨੂੰ ਅਕਸਰ ਖ਼ਤਰਨਾਕ ਕੀੜਿਆਂ ਤੋਂ ਰੱਖਿਆ ਦੀ ਲੋੜ ਹੁੰਦੀ ਹੈ, ਇਸ ਦੁਸ਼ਟ ਰੀਤੀ-ਵਿਵਸਥਾ ਵਿਚ ਨਿਆਣਿਆਂ ਨੂੰ ‘ਦੁਸ਼ਟ ਮਨੁੱਖਾਂ’ ਤੋਂ ਰੱਖਿਆ ਦੀ ਲੋੜ ਹੈ। (2 ਤਿਮੋਥਿਉਸ 3:1-5, 13) ਮਾਪੇ ਇਹ ਰੱਖਿਆ ਕਿਵੇਂ ਪ੍ਰਦਾਨ ਕਰ ਸਕਦੇ ਹਨ? ਉਨ੍ਹਾਂ ਨੂੰ ਈਸ਼ਵਰੀ ਬੁੱਧ ਪ੍ਰਾਪਤ ਕਰਨ ਵਿਚ ਮਦਦ ਕਰਨ ਦੇ ਦੁਆਰਾ! (ਉਪਦੇਸ਼ਕ ਦੀ ਪੋਥੀ 7:12) ਯਹੋਵਾਹ ਨੇ ਇਸਰਾਏਲੀਆਂ ਨੂੰ—ਜਿਸ ਵਿਚ ਉਨ੍ਹਾਂ ਦੇ ‘ਨਿਆਣੇ’ ਵੀ ਸ਼ਾਮਲ ਸਨ—ਉਸ ਦੀ ਬਿਵਸਥਾ ਦੇ ਪਠਨ ਨੂੰ ਸੁਣਨ ਦਾ ਹੁਕਮ ਦਿੱਤਾ, ਜਿਸ ਵਿਚ ਉਚਿਤ ਤੇ ਅਨੁਚਿਤ ਲਿੰਗੀ ਆਚਰਣ ਦੀ ਪਛਾਣ ਸ਼ਾਮਲ ਸੀ। (ਬਿਵਸਥਾ ਸਾਰ 31:12; ਲੇਵੀਆਂ 18:6-24) ਸਰੀਰ ਦੇ ਪ੍ਰਜਨਕ ਅੰਗਾਂ ਦਾ ਵਾਰ-ਵਾਰ ਜ਼ਿਕਰ ਕੀਤਾ ਗਿਆ ਹੈ, ਜਿਸ ਵਿਚ “ਨਲ” ਅਤੇ “ਜਣਨ-ਅੰਗ” ਵੀ ਸ਼ਾਮਲ ਹਨ। (ਲੇਵੀਆਂ 15:1-3, 16; 21:20; 22:24; ਗਿਣਤੀ 25:8, ਨਿ ਵ; ਬਿਵਸਥਾ ਸਾਰ 23:10) ਅੱਜ ਦੇ ਸੰਸਾਰ ਦੀ ਅਤਿਅੰਤ ਭ੍ਰਿਸ਼ਟਤਾ ਦੇ ਕਾਰਨ, ਨਿਆਣਿਆਂ ਨੂੰ ਸਰੀਰ ਦੇ ਅਜਿਹੇ ਅੰਗ, ਜੋ ਉਸ ਸ੍ਰਿਸ਼ਟੀ ਦਾ ਭਾਗ ਹਨ ਜਿਸ ਨੂੰ ਪਰਮੇਸ਼ੁਰ ਨੇ “ਬਹੁਤ ਹੀ ਚੰਗਾ” ਆਖਿਆ ਸੀ, ਦੀ ਉਚਿਤ ਅਤੇ ਅਨੁਚਿਤ ਵਰਤੋਂ ਬਾਰੇ ਜਾਣਨ ਦੀ ਲੋੜ ਹੈ।—ਉਤਪਤ 1:31; 1 ਕੁਰਿੰਥੀਆਂ 12:21-24.
19. ਨਿਆਣਿਆਂ ਨੂੰ ਉਨ੍ਹਾਂ ਦੇ ਸਰੀਰ ਦੇ ਗੁਪਤ ਅੰਗਾਂ ਬਾਰੇ ਕਿਹੜੀ ਹਿਦਾਇਤ ਮੁਹੱਈਆ ਕਰਨੀ ਉਚਿਤ ਹੈ?
19 ਮਿਸਾਲੀ ਤੌਰ ਤੇ ਦੋਵੇਂ ਮਾਪਿਆਂ ਨੂੰ ਇਕੱਠੇ ਮਿਲ ਕੇ, ਜਾਂ ਹਰੇਕ ਸਰਪਰਸਤ ਨੂੰ, ਬੱਚੇ ਨੂੰ ਉਸ ਦੇ ਸਰੀਰ ਦੇ ਗੁਪਤ ਅੰਗ ਦੱਸਣੇ ਚਾਹੀਦੇ ਹਨ। ਫਿਰ ਉਨ੍ਹਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਕਿਸੇ ਹੋਰ ਵਿਅਕਤੀ ਨੂੰ ਇਨ੍ਹਾਂ ਅੰਗਾਂ ਨੂੰ ਛੋਹਣ ਦੀ ਇਜਾਜ਼ਤ ਨਹੀਂ ਹੈ। ਕਿਉਂ ਜੋ ਬੱਚਿਆਂ ਨਾਲ ਛੇੜਖਾਨੀ ਕਰਨ ਵਾਲੇ ਅਕਸਰ ਪਰਖਦੇ ਹਨ ਕਿ ਨਿਆਣੇ ਅਸਪੱਸ਼ਟ ਲਿੰਗੀ ਹਰਕਤਾਂ ਦੇ ਪ੍ਰਤੀ ਕਿਵੇਂ ਪ੍ਰਤਿਕਰਮ ਦਿਖਾਉਂਦੇ ਹਨ, ਬੱਚੇ ਨੂੰ ਸਿਖਾਉਣਾ ਚਾਹੀਦਾ ਹੈ ਕਿ ਉਹ ਦ੍ਰਿੜ੍ਹਤਾ ਨਾਲ ਵਿਰੋਧ ਕਰੇ ਅਤੇ ਕਹੇ, “ਮੈਂ ਤੁਹਾਡੀ ਸ਼ਿਕਾਇਤ ਕਰਾਂਗਾ!” ਆਪਣੇ ਨਿਆਣਿਆਂ ਨੂੰ ਸਿਖਾਓ ਕਿ ਉਨ੍ਹਾਂ ਨੂੰ ਹਮੇਸ਼ਾ ਕਿਸੇ ਵੀ ਵਿਅਕਤੀ ਦੀ ਸ਼ਿਕਾਇਤ ਕਰਨੀ ਚਾਹੀਦੀ ਹੈ ਜੋ ਉਨ੍ਹਾਂ ਨੂੰ ਅਜਿਹੇ ਤਰੀਕੇ ਵਿਚ ਛੋਹਣ ਦੀ ਕੋਸ਼ਿਸ਼ ਕਰੇ ਜਿਸ ਤੋਂ ਉਹ ਪਰੇਸ਼ਾਨੀ ਮਹਿਸੂਸ ਕਰਦੇ ਹਨ, ਭਾਵੇਂ ਕਿ ਕੋਈ ਵੀ ਡਰਾਉਣੀਆਂ ਧਮਕੀਆਂ ਕਿਉਂ ਨਾ ਦਿੱਤੀਆਂ ਜਾਣ।
ਪ੍ਰੇਮਮਈ ਅਨੁਸ਼ਾਸਨ ਮੁਹੱਈਆ ਕਰਨਾ
20. (ੳ) ਅਨੁਸ਼ਾਸਨ ਕਿਵੇਂ ਛਾਂਗ-ਛੰਗਾਈ ਵਰਗਾ ਹੈ? (ਅ) ਅਨੁਸ਼ਾਸਨ ਦਾ ਮੁਢਲਾ ਅਸਰ ਕੀ ਹੁੰਦਾ ਹੈ, ਲੇਕਿਨ ਇਸ ਦਾ ਸਿੱਟਾ ਕੀ ਹੁੰਦਾ ਹੈ?
20 ਨਿਆਣਿਆਂ ਨੂੰ ਪ੍ਰੇਮਮਈ ਅਨੁਸ਼ਾਸਨ ਤੋਂ ਲਾਭ ਪਹੁੰਚਦਾ ਹੈ, ਜਿਵੇਂ ਕਿ ਇਕ ਦਰਖ਼ਤ ਨੂੰ ਛਾਂਗ-ਛੰਗਾਈ ਤੋਂ ਲਾਭ ਮਿਲਦਾ ਹੈ। (ਕਹਾਉਤਾਂ 1:8, 9; 4:13; 13:1) ਜਦੋਂ ਅਣਚਾਹੀਆਂ ਟਾਹਣੀਆਂ ਵੱਢ ਦਿੱਤੀਆਂ ਜਾਂਦੀਆਂ ਹਨ, ਤਾਂ ਹੋਰ ਟਾਹਣੀਆਂ ਉੱਨਤੀ ਕਰਦੀਆਂ ਹਨ। ਇਸ ਲਈ ਜੇਕਰ ਤੁਹਾਡੇ ਬੱਚੇ ਖ਼ਾਸ ਕਰਕੇ ਭੌਤਿਕ ਚੀਜ਼ਾਂ ਉੱਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ ਜਾਂ ਭੈੜੀ ਸੰਗਤ ਜਾਂ ਨੁਕਸਾਨਦੇਹ ਮਨੋਰੰਜਨ ਵੱਲ ਝੁਕਾਉ ਹਨ, ਤਾਂ ਇਹ ਗ਼ਲਤ ਝੁਕਾਉ ਉਨ੍ਹਾਂ ਟਾਹਣੀਆਂ ਵਰਗੇ ਹਨ ਜਿਨ੍ਹਾਂ ਨੂੰ ਵੱਢ ਦੇਣ ਦੀ ਲੋੜ ਹੈ। ਜੇ ਇਨ੍ਹਾਂ ਨੂੰ ਹਟਾ ਦਿੱਤਾ ਜਾਵੇ, ਤਾਂ ਤੁਹਾਡੇ ਬੱਚਿਆਂ ਨੂੰ ਅਧਿਆਤਮਿਕ ਦਿਸ਼ਾ ਵਿਚ ਵਧਣ ਲਈ ਮਦਦ ਮਿਲੇਗੀ। ਪਹਿਲਾਂ-ਪਹਿਲ ਅਜਿਹਾ ਅਨੁਸ਼ਾਸਨ ਸੁਖਾਵਾਂ ਨਹੀਂ ਹੁੰਦਾ ਹੈ, ਠੀਕ ਜਿਵੇਂ ਛਾਂਗ-ਛੰਗਾਈ ਨਾਲ ਇਕ ਦਰਖ਼ਤ ਨੂੰ ਕੁਝ ਸੱਟ ਲੱਗ ਸਕਦੀ ਹੈ। ਲੇਕਿਨ ਅਨੁਸ਼ਾਸਨ ਦਾ ਵਧੀਆ ਸਿੱਟਾ ਇਹ ਹੈ ਕਿ ਤੁਹਾਡਾ ਬੱਚਾ ਉਸ ਦਿਸ਼ਾ ਵਿਚ ਨਵੇਂ ਸਿਰਿਓਂ ਵਧਣਾ ਸ਼ੁਰੂ ਕਰ ਦੇਵੇਗਾ ਜਿਸ ਦੇ ਤੁਸੀਂ ਇੱਛੁਕ ਹੋ।—ਇਬਰਾਨੀਆਂ 12:5-11.
21, 22. (ੳ) ਕਿਹੜੀ ਗੱਲ ਸੂਚਿਤ ਕਰਦੀ ਹੈ ਕਿ ਅਨੁਸ਼ਾਸਨ ਦੇਣਾ ਅਤੇ ਲੈਣਾ ਸੁਖਾਵਾਂ ਨਹੀਂ ਹੁੰਦਾ ਹੈ? (ਅ) ਮਾਪਿਆਂ ਨੂੰ ਅਨੁਸ਼ਾਸਨ ਦੇਣ ਤੋਂ ਕਿਉਂ ਨਹੀਂ ਹਿਚਕਿਚਾਉਣਾ ਚਾਹੀਦਾ ਹੈ?
21 ਇਹ ਬਿਲਕੁਲ ਹੀ ਮੰਨਿਆ ਜਾਂਦਾ ਹੈ ਕਿ ਅਨੁਸ਼ਾਸਨ ਦੇਣਾ ਅਤੇ ਲੈਣਾ ਸੁਖਾਵਾਂ ਨਹੀਂ ਹੁੰਦਾ ਹੈ। “ਮੇਰਾ ਪੁੱਤਰ ਇਕ ਅਜਿਹੇ ਯੁਵਕ ਨਾਲ ਕਾਫ਼ੀ ਸਮਾਂ ਬਿਤਾ ਰਿਹਾ ਸੀ ਜਿਸ ਦੀ ਚੰਗੀ ਸੰਗਤ ਨਾ ਹੋਣ ਬਾਰੇ ਬਜ਼ੁਰਗਾਂ ਨੇ ਮੈਨੂੰ ਚੇਤਾਵਨੀ ਦਿੱਤੀ ਸੀ,” ਇਕ ਪਿਤਾ ਬਿਆਨ ਕਰਦਾ ਹੈ। “ਮੈਨੂੰ ਹੋਰ ਛੇਤੀ ਕਦਮ ਚੁੱਕਣਾ ਚਾਹੀਦਾ ਸੀ। ਹਾਲਾਂਕਿ ਮੇਰਾ ਪੁੱਤਰ ਕਿਸੇ ਘੋਰ ਪਾਪ ਵਿਚ ਨਹੀਂ ਉਲਝਿਆ, ਫਿਰ ਵੀ ਉਸ ਦੀ ਸੋਚਣੀ ਨੂੰ ਮੁੜ ਠੀਕ ਕਰਨ ਵਿਚ ਕਾਫ਼ੀ ਸਮਾਂ ਲੱਗਾ।” ਪੁੱਤਰ ਨੇ ਟਿੱਪਣੀ ਕੀਤੀ: “ਮੈਂ ਟੁੱਟ ਗਿਆ ਜਦੋਂ ਮੈਨੂੰ ਮੇਰੇ ਜਿਗਰੀ ਦੋਸਤ ਤੋਂ ਅਲੱਗ ਕਰ ਦਿੱਤਾ ਗਿਆ।” ਲੇਕਿਨ ਉਸ ਨੇ ਅੱਗੇ ਕਿਹਾ: “ਇਹ ਵਧੀਆ ਫ਼ੈਸਲਾ ਸੀ, ਕਿਉਂਕਿ ਇਸ ਦੇ ਕੁਝ ਹੀ ਸਮੇਂ ਮਗਰੋਂ ਉਹ ਛੇਕਿਆ ਗਿਆ।”
22 “ਸਿੱਖਿਆ ਦੀ ਤਾੜ ਜੀਉਣ ਦਾ ਰਾਹ ਹੈ,” ਪਰਮੇਸ਼ੁਰ ਦਾ ਬਚਨ ਕਹਿੰਦਾ ਹੈ। ਇਸ ਲਈ ਅਨੁਸ਼ਾਸਨ ਦੇਣਾ ਭਾਵੇਂ ਕਿੰਨਾ ਹੀ ਔਖਾ ਕਿਉਂ ਨਾ ਹੋਵੇ, ਆਪਣੇ ਬੱਚਿਆਂ ਨੂੰ ਇਹ ਦੇਣ ਤੋਂ ਨਾ ਹਿਚਕਿਚਾਓ। (ਕਹਾਉਤਾਂ 6:23; 23:13; 29:17) ਅੰਤ ਵਿਚ, ਉਹ ਤੁਹਾਡੀ ਤਾੜਨਾ ਦੇ ਲਈ ਧੰਨਵਾਦੀ ਹੋਣਗੇ। “ਮੈਨੂੰ ਯਾਦ ਹੈ ਕਿ ਮੈਂ ਆਪਣੇ ਮਾਪਿਆਂ ਨਾਲ ਕਿੰਨਾ ਗੁੱਸੇ ਹੋਇਆ ਸੀ ਜਦੋਂ ਮੈਨੂੰ ਅਨੁਸ਼ਾਸਿਤ ਕੀਤਾ ਗਿਆ,” ਇਕ ਯੁਵਕ ਚੇਤੇ ਕਰਦਾ ਹੈ। “ਹੁਣ ਮੈਂ ਹੋਰ ਵੀ ਗੁੱਸੇ ਹੁੰਦਾ ਜੇਕਰ ਮੇਰੇ ਮਾਪਿਆਂ ਨੇ ਮੈਨੂੰ ਉਹ ਅਨੁਸ਼ਾਸਨ ਨਾ ਦਿੱਤਾ ਹੁੰਦਾ।”
ਪ੍ਰਤਿਫਲ ਜਤਨ ਦੇ ਯੋਗ ਹੈ
23. ਨਿਆਣਿਆਂ ਉੱਤੇ ਲਗਾਇਆ ਗਿਆ ਸਾਰਾ ਪ੍ਰੇਮਮਈ ਧਿਆਨ ਕਿਉਂ ਜਤਨ ਦੇ ਯੋਗ ਹੈ?
23 ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਬੱਚੇ ਜਿਨ੍ਹਾਂ ਵਿਚ ਮਾਪੇ, ਅਤੇ ਦੂਜੇ ਲੋਕ, ਆਨੰਦ ਹਾਸਲ ਕਰਦੇ ਹਨ, ਉਹ ਅਧਿਕ ਰੋਜ਼ਾਨਾ, ਪ੍ਰੇਮਮਈ ਧਿਆਨ ਦਿੱਤੇ ਜਾਣ ਦੇ ਨਤੀਜੇ ਹੁੰਦੇ ਹਨ। ਲੇਕਿਨ, ਉਨ੍ਹਾਂ ਵਿਚ ਲਾਇਆ ਗਿਆ ਸਾਰਾ ਜਤਨ—ਭਾਵੇਂ ਉਹ ਸਰੀਰਕ ਬੱਚੇ ਹੋਣ ਜਾਂ ਅਧਿਆਤਮਿਕ—ਉਸ ਪ੍ਰਤਿਫਲ ਦੇ ਯੋਗ ਹੈ ਜਿਸ ਦਾ ਆਨੰਦ ਮਾਣਿਆ ਜਾ ਸਕਦਾ ਹੈ। ਬਿਰਧ ਰਸੂਲ ਯੂਹੰਨਾ ਨੇ ਇਹ ਪ੍ਰਦਰਸ਼ਿਤ ਕੀਤਾ ਜਦੋਂ ਉਸ ਨੇ ਲਿਖਿਆ: “ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੋ ਮੈਂ ਸੁਣਾਂ ਭਈ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।”—3 ਯੂਹੰਨਾ 4.
[ਫੁਟਨੋਟ]
a ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
ਕੀ ਤੁਹਾਨੂੰ ਯਾਦ ਹੈ?
◻ ਬਰੂਟੇ ਅਤੇ ਬੱਚੇ ਦੋਹਾਂ ਨੂੰ ਸ਼ਲਾਘਾਯੋਗ ਬਣਨ ਦੇ ਲਈ ਕਿਸ ਚੀਜ਼ ਦੀ ਲੋੜ ਹੈ?
◻ ਮਾਪੇ ਅਸਲ ਵਿਚ ਕਿਵੇਂ ਪ੍ਰਭਾਵਕਾਰੀ ਸਿਖਲਾਈ ਦੇ ਕਿੱਲਿਆਂ ਵਜੋਂ ਕੰਮ ਕਰ ਸਕਦੇ ਹਨ?
◻ ਨਿਆਣਿਆਂ ਨੂੰ ਹਿਦਾਇਤ ਦੇਣ ਦੇ ਸਮੇਂ ਵਿਚ ਕੀ ਕੁਝ ਸ਼ਾਮਲ ਕੀਤਾ ਜਾ ਸਕਦਾ ਹੈ, ਅਤੇ ਉਨ੍ਹਾਂ ਨੂੰ ਕਿਸ ਗੱਲ ਦਾ ਵਿਰੋਧ ਕਰਨਾ ਸਿਖਾਇਆ ਜਾਣਾ ਚਾਹੀਦਾ ਹੈ?
◻ ਇਕ ਬੱਚੇ ਲਈ ਅਨੁਸ਼ਾਸਨ ਕਿਵੇਂ ਲਾਭਕਾਰੀ ਹੈ, ਜਿਵੇਂ ਕਿ ਛਾਂਗ-ਛੰਗਾਈ ਇਕ ਦਰਖ਼ਤ ਦੇ ਲਈ ਲਾਭਕਾਰੀ ਹੁੰਦੀ ਹੈ?
[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Courtesy of Green Chimney’s Farm