ਯਹੋਵਾਹ ਦੇ ਭਵਨ ਦਾ ਵਧੇਰਾ ਪ੍ਰਤਾਪ
“ਮੈਂ ਏਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ, ਸੈਨਾਂ ਦਾ ਯਹੋਵਾਹ ਕਹਿੰਦਾ ਹੈ।”—ਹੱਜਈ 2:7.
1. ਪਵਿੱਤਰ ਆਤਮਾ ਦਾ ਨਿਹਚਾ ਅਤੇ ਕਾਰਜ ਨਾਲ ਕੀ ਸੰਬੰਧ ਹੈ?
ਘਰ-ਘਰ ਪ੍ਰਚਾਰ ਕਰਦੇ ਸਮੇਂ, ਇਕ ਯਹੋਵਾਹ ਦੇ ਗਵਾਹ ਨੂੰ ਇਕ ਪੈਂਟਕਾਸਟਲ ਇਸਤਰੀ ਮਿਲੀ ਜਿਸ ਨੇ ਟਿੱਪਣੀ ਕੀਤੀ, ‘ਪਵਿੱਤਰ ਆਤਮਾ ਸਾਨੂੰ ਮਿਲੀ ਹੈ, ਲੇਕਿਨ ਕੰਮ ਤੁਸੀਂ ਕਰ ਰਹੇ ਹੋ।’ ਸੁਚੱਜ ਨਾਲ, ਉਸ ਨੂੰ ਸਮਝਾਇਆ ਗਿਆ ਕਿ ਜਿਸ ਵਿਅਕਤੀ ਕੋਲ ਪਵਿੱਤਰ ਆਤਮਾ ਹੈ, ਉਹ ਸੁਭਾਵਕ ਤੌਰ ਤੇ ਪਰਮੇਸ਼ੁਰ ਦਾ ਕਾਰਜ ਕਰਨ ਲਈ ਪ੍ਰੇਰਿਤ ਹੋਵੇਗਾ। ਯਾਕੂਬ 2:17 ਬਿਆਨ ਕਰਦਾ ਹੈ: “ਨਿਹਚਾ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਤੋਂ ਮੋਈ ਹੋਈ ਹੈ।” ਯਹੋਵਾਹ ਦੀ ਆਤਮਾ ਦੀ ਮਦਦ ਨਾਲ, ਉਸ ਦੇ ਗਵਾਹਾਂ ਨੇ ਮਜ਼ਬੂਤ ਨਿਹਚਾ ਵਿਕਸਿਤ ਕੀਤੀ ਹੈ, ਅਤੇ ਉਸ ਨੇ ਉਨ੍ਹਾਂ ਨੂੰ ਧਾਰਮਿਕਤਾ ਦੇ ਕੰਮ ਕਰਨ ਲਈ ਠਹਿਰਾ ਕੇ ‘ਆਪਣੇ ਭਵਨ ਨੂੰ ਪਰਤਾਪ ਨਾਲ ਭਰ’ ਦਿੱਤਾ ਹੈ—ਖ਼ਾਸ ਕਰਕੇ ‘ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕਰਨਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ।’ ਜਦੋਂ ਇਹ ਕੰਮ ਯਹੋਵਾਹ ਦੀ ਸੰਤੁਸ਼ਟਤਾ ਅਨੁਸਾਰ ਕੀਤਾ ਗਿਆ ਹੋਵੇਗਾ, “ਤਦ ਅੰਤ ਆਵੇਗਾ।”—ਮੱਤੀ 24:14.
2. (ੳ) ਖ਼ੁਦ ਨੂੰ ਯਹੋਵਾਹ ਦੇ ਕਾਰਜ ਵਿਚ ਰੁਝਾਉਣ ਤੋਂ ਕਿਹੜੀ ਬਰਕਤ ਮਿਲੇਗੀ? (ਅ) ਸਾਨੂੰ ਕਿਸੇ ਵੀ ਜਾਪਦੀ ‘ਦੇਰੀ’ ਬਾਰੇ ਕਿਉਂ ਖ਼ੁਸ਼ ਹੋਣਾ ਚਾਹੀਦਾ ਹੈ?
2 ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਅਸੀਂ ਸਿੱਟਾ ਕੱਢਦੇ ਹਾਂ ਕਿ ਅੱਜ ਸਾਡਾ ਕੰਮ ਦੂਜਿਆਂ ਨੂੰ “ਉਸ ਪਰਮਧੰਨ ਪਰਮੇਸ਼ੁਰ ਦੇ ਪਰਤਾਪ ਦੀ ਖੁਸ਼ ਖਬਰੀ,” ਜੋ ਸਾਨੂੰ ਸੌਂਪੀ ਗਈ ਹੈ, ਦਾ ਪ੍ਰਚਾਰ ਕਰਨ ਉੱਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ। (1 ਤਿਮੋਥਿਉਸ 1:11) ਜਿੰਨੀ ਖ਼ੁਸ਼ੀ ਨਾਲ ਅਸੀਂ ਖ਼ੁਦ ਨੂੰ ਯਹੋਵਾਹ ਦੀ ਸੇਵਾ ਵਿਚ ਰੁਝਾਉਂਦੇ ਹਾਂ, ਉੱਨੀ ਹੀ ਛੇਤੀ ਅੰਤ ਨੇੜੇ ਆਉਂਦਾ ਜਾਪੇਗਾ। ਹਬੱਕੂਕ 2:2, 3 ਵਿਚ, ਅਸੀਂ ਯਹੋਵਾਹ ਦੇ ਸ਼ਬਦ ਪੜ੍ਹਦੇ ਹਾਂ: “ਦਰਸ਼ਣ ਨੂੰ ਲਿਖ, ਪੱਟੀਆਂ ਉੱਤੇ ਸਾਫ਼ ਸਾਫ਼ ਲਿਖ, ਭਈ ਕੋਈ ਪੜ੍ਹਦਾ ਪੜ੍ਹਦਾ ਦੌੜ ਵੀ ਸੱਕੇ। ਏਹ ਰੋਇਆ ਤਾਂ ਇੱਕ ਠਹਿਰਾਏ ਹੋਏ ਸਮੇਂ ਲਈ ਅਜੇ ਪੂਰੀ ਹੋਣ ਵਾਲੀ ਹੈ, ਉਹ ਅੰਤ ਵੱਲ ਕਾਹਲੀ ਕਰਦੀ ਹੈ, ਉਹ ਝੂਠੀ ਨਹੀਂ, ਭਾਵੇਂ ਉਹ ਠਹਿਰਿਆ ਰਹੇ [“ਭਾਵੇਂ ਇਹ ਦੇਰ ਕਰੇ,” ਨਿ ਵ], ਉਹ ਦੀ ਉਡੀਕ ਕਰ, ਉਹ ਜ਼ਰੂਰ ਆਵੇਗਾ, ਉਹ ਚਿਰ ਨਾ ਲਾਵੇਗਾ।” ਜੀ ਹਾਂ, “ਦਰਸ਼ਣ” ਜ਼ਰੂਰ ਪੂਰਾ ਹੋਵੇਗਾ, “ਭਾਵੇਂ ਇਹ ਦੇਰ ਕਰੇ।” ਯਿਸੂ ਦੀ ਰਾਜ ਹਕੂਮਤ ਦੇ ਇਸ 83ਵੇਂ ਸਾਲ ਵਿਚ, ਕੁਝ ਸ਼ਾਇਦ ਮਹਿਸੂਸ ਕਰਨ ਕਿ ਅਸੀਂ ਇਸ ਵੇਲੇ ਦੇਰੀ ਦੇ ਸਮੇਂ ਵਿਚ ਹਾਂ। ਲੇਕਿਨ, ਕੀ ਸਾਨੂੰ ਖ਼ੁਸ਼ ਨਹੀਂ ਹੋਣਾ ਚਾਹੀਦਾ ਹੈ ਕਿ ਅਜੇ ਤਕ ਅੰਤ ਨਹੀਂ ਆਇਆ ਹੈ? ਇਸ 1990 ਦੇ ਦਹਾਕੇ ਦੌਰਾਨ, ਪੂਰਬੀ ਯੂਰਪ, ਅਫ਼ਰੀਕਾ ਦੇ ਕੁਝ ਭਾਗਾਂ, ਅਤੇ ਦੂਜੇ ਦੇਸ਼ਾਂ ਵਿਚ ਖ਼ੁਸ਼ ਖ਼ਬਰੀ ਦੇ ਪ੍ਰਚਾਰ ਉੱਤੋਂ ਪਾਬੰਦੀਆਂ, ਮਾਨੋ ਚਮਤਕਾਰੀ ਢੰਗ ਨਾਲ, ਹਟਾਈਆਂ ਗਈਆਂ ਹਨ। ਇਸ ਜਾਪਦੀ ‘ਦੇਰੀ’ ਦੇ ਕਾਰਨ, ਇਨ੍ਹਾਂ ਹਾਲ ਹੀ ਵਿਚ ਖੋਲ੍ਹੇ ਗਏ ਖੇਤਰਾਂ ਤੋਂ ਹੋਰ ਵੀ ਬਹੁਤ ਸਾਰੀਆਂ “ਭੇਡਾਂ” ਇਕੱਠੀਆਂ ਕਰਨ ਲਈ ਸਮਾਂ ਮਿਲ ਰਿਹਾ ਹੈ।—ਯੂਹੰਨਾ 10:16.
3. ‘ਇਸ ਪੀਹੜੀ’ ਬਾਰੇ ਸਾਡੀ ਨਵੀਂ ਸਮਝ ਨੂੰ ਸਾਨੂੰ ਕਿਉਂ ਉਤੇਜਿਤ ਕਰਨਾ ਚਾਹੀਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਕਾਰਜ ਨੂੰ ਤੀਬਰਤਾ ਸਹਿਤ ਕਰੀਏ?
3 “ਉਹ ਚਿਰ ਨਾ ਲਾਵੇਗਾ,” ਨਬੀ ਆਖਦਾ ਹੈ। ਯਿਸੂ ਨੇ ਕਿਹਾ ਸੀ ਕਿ ਵਰਤਮਾਨ ਦੁਸ਼ਟ ਪੀੜ੍ਹੀ ਬੀਤ ਨਾ ਜਾਵੇਗੀ, ਜਦ ਤਾਈਂ “ਏਹ ਸਭ ਗੱਲਾਂ ਨਾ ਹੋ ਲੈਣ।” (ਮੱਤੀ 24:34) ਕੀ ਉਸ ਦੇ ਸ਼ਬਦਾਂ ਬਾਰੇ ਸਾਡੀ ਨਵੀਂ ਸਮਝ ਦਾ ਇਹ ਅਰਥ ਹੈ ਕਿ ਸਾਡਾ ਪ੍ਰਚਾਰ ਕਾਰਜ ਹੁਣ ਇੰਨਾ ਅਤਿ-ਆਵੱਸ਼ਕ ਨਹੀਂ ਹੈ?a ਤੱਥ ਦਿਖਾਉਂਦੇ ਹਨ ਕਿ ਮਾਮਲਾ ਬਿਲਕੁਲ ਇਸ ਦੇ ਉਲਟ ਹੈ! ਸਾਡੀ ਸਮਕਾਲੀ ਪੀੜ੍ਹੀ ਦੁਸ਼ਟਤਾ ਅਤੇ ਭ੍ਰਿਸ਼ਟਾਚਾਰ ਦੀ ਅਜਿਹੀ ਸਥਿਤੀ ਵਿਚ ਫਸਦੀ ਜਾ ਰਹੀ ਹੈ, ਜੋ ਪੂਰੇ ਬੀਤੇ ਇਤਿਹਾਸ ਵਿਚ ਬੇਮਿਸਾਲ ਹੈ। (ਤੁਲਨਾ ਕਰੋ ਰਸੂਲਾਂ ਦੇ ਕਰਤੱਬ 2:40.) ਸਾਨੂੰ ਆਪਣੇ ਕੰਮ ਵਿਚ ਲੱਗੇ ਰਹਿਣਾ ਚਾਹੀਦਾ ਹੈ। (2 ਤਿਮੋਥਿਉਸ 4:2) ਵੱਡੀ ਬਿਪਤਾ ਦੇ ਸਮਾਂ-ਮਾਪਣ ਬਾਰੇ ਸਾਰੀਆਂ ਭਵਿੱਖਬਾਣੀਆਂ ਦਿਖਾਉਂਦੀਆਂ ਹਨ ਕਿ ਇਹ ਅਚਾਨਕ, ਤੁਰੰਤ, ਚੁੱਪ-ਚਾਪ ਆ ਜਾਵੇਗਾ—ਇਕ ਚੋਰ ਦੇ ਵਾਂਗ। (1 ਥੱਸਲੁਨੀਕੀਆਂ 5:1-4; ਪਰਕਾਸ਼ ਦੀ ਪੋਥੀ 3:3; 16:15) “ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।” (ਮੱਤੀ 24:44) ਜਿਉਂ-ਜਿਉਂ ਮਨੁੱਖਜਾਤੀ ਦੀ ਇਹ ਕੁਧਰਮੀ ਪੀੜ੍ਹੀ ਵਿਨਾਸ਼ ਦੇ ਕੰਢੇ ਆਪੜਦੀ ਹੈ, ਨਿਸ਼ਚੇ ਹੀ ਅਸੀਂ ਫਿਰ ਤੋਂ ਸੰਸਾਰਕ ਮਨੋਰੰਜਨਾਂ ਦੇ “ਚਿੱਕੜ ਵਿੱਚ ਲੇਟਣ” ਦੁਆਰਾ ਆਪਣੀ ਸਦੀਪਕ ਜੀਵਨ ਦੀ ਬਹੁਮੁੱਲੀ ਉਮੀਦ ਨੂੰ ਗੁਆਉਣਾ ਨਹੀਂ ਚਾਹੁੰਦੇ ਹਾਂ!—2 ਪਤਰਸ 2:22; 3:10; ਲੂਕਾ 21:32-36.
4. ਕਿਹੜੀ ਸਥਿਤੀ ਦੇ ਕਾਰਨ ‘ਵੇਲੇ ਸਿਰ ਰਸਤ’ ਵਿਚ ਵਾਧਾ ਕਰਨ ਦੀ ਲੋੜ ਪਈ ਹੈ, ਅਤੇ ਇਸ ਲੋੜ ਨੂੰ ਕਿਵੇਂ ਪੂਰਾ ਕੀਤਾ ਗਿਆ ਹੈ?
4 ਯਿਸੂ ਦੀ ਭਵਿੱਖਬਾਣੀ ਦੇ ਠੀਕ ਅਨੁਸਾਰ, 1914 ਵਿਚ “ਪੀੜਾਂ ਦਾ ਅਰੰਭ” ਹੋਇਆ, ਜਿਉਂ ਹੀ ਮਨੁੱਖਜਾਤੀ ਨੇ “ਰੀਤੀ-ਵਿਵਸਥਾ ਦੀ ਸਮਾਪਤੀ” (ਨਿ ਵ) ਵਿਚ ਕਦਮ ਰੱਖਿਆ। ਦੁੱਖਾਂ, ਤਬਾਹਕਾਰੀ ਘਟਨਾਵਾਂ, ਅਤੇ ਅਰਾਜਕਤਾ ਵਿਚ ਅੱਜ ਤਕ ਵਾਧਾ ਹੁੰਦਾ ਆਇਆ ਹੈ। (ਮੱਤੀ 24:3-8, 12) ਇਸ ਦੌਰਾਨ, ਯਹੋਵਾਹ ਨੇ ਮਸਹ ਕੀਤੇ ਹੋਏ ਮਾਤਬਰ ਅਤੇ ਬੁੱਧਵਾਨ ਨੌਕਰ ਵਰਗ ਨੂੰ ਹੁਕਮ ਦਿੱਤਾ ਹੈ ਕਿ ਉਹ ਆਪਣੇ ਸੁਆਮੀ, ਮਸੀਹ ਦੇ ਘਰਾਣੇ ਲਈ ਅਧਿਆਤਮਿਕ ‘ਰਸਤ ਵੇਲੇ ਸਿਰ’ ਮੁਹੱਈਆ ਕਰੇ। (ਮੱਤੀ 24:45-47) ਸਵਰਗ ਵਿਚ ਆਪਣੇ ਸਿੰਘਾਸਣ ਤੋਂ, ਇਹ ਮਸੀਹਾਈ ਰਾਜਾ ਹੁਣ ਧਰਤੀ ਭਰ ਵਿਚ ਇਕ ਅਦਭੁਤ ਅਧਿਆਤਮਿਕ ਭੋਜਨ ਕਾਰਜਕ੍ਰਮ ਨਿਰਦੇਸ਼ਿਤ ਕਰ ਰਿਹਾ ਹੈ।
ਭਰਵੀਂ “ਰਸਤ”
5. “ਰਸਤ” ਦੀ ਮੂਲ ਚੀਜ਼ ਵੱਲ ਕਿਹੜਾ ਧਿਆਨ ਦਿੱਤਾ ਜਾ ਰਿਹਾ ਹੈ?
5 “ਰਸਤ” ਦੀ ਤਿਆਰੀ ਉੱਤੇ ਗੌਰ ਕਰੋ। (ਲੂਕਾ 12:42) ਮਸੀਹੀ ਭੋਜਨ-ਸੂਚੀ ਵਿਚ ਮੂਲ ਚੀਜ਼ ਪਰਮੇਸ਼ੁਰ ਦਾ ਬਚਨ, ਬਾਈਬਲ ਹੈ। ਬਾਈਬਲ ਨੂੰ ਪ੍ਰਭਾਵਕਾਰੀ ਰੂਪ ਵਿਚ ਸਿਖਾਉਣ ਲਈ ਇਕ ਪੜ੍ਹਨਯੋਗ, ਸ਼ੁੱਧ ਅਨੁਵਾਦ ਦੀ ਮੁੱਖ ਲੋੜ ਹੈ। ਸਾਲਾਂ ਦੇ ਦੌਰਾਨ ਇਸ ਲੋੜ ਨੂੰ ਪ੍ਰਗਤੀਸ਼ੀਲ ਢੰਗ ਨਾਲ ਪੂਰਾ ਕੀਤਾ ਗਿਆ ਹੈ, ਖ਼ਾਸ ਕਰਕੇ 1950 ਵਿਚ ਆਰੰਭ ਹੁੰਦੇ ਹੋਏ, ਜਦੋਂ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਕ੍ਰਿਸਚੀਅਨ ਗ੍ਰੀਕ ਸਕ੍ਰਿਪਚਰਸ ਨੂੰ ਅੰਗ੍ਰੇਜ਼ੀ ਵਿਚ ਰਿਲੀਸ ਕੀਤਾ ਗਿਆ ਸੀ। 1961 ਤਕ, ਪੂਰੀ ਬਾਈਬਲ ਦੀ ਨਿਊ ਵਰਲਡ ਟ੍ਰਾਂਸਲੇਸ਼ਨ ਉਪਲਬਧ ਸੀ, ਅਤੇ ਛੇਤੀ ਹੀ ਦੂਸਰੀਆਂ ਮੁੱਖ ਭਾਸ਼ਾਵਾਂ ਵਿਚ ਸੰਸਕਰਣ ਛਾਪੇ ਗਏ। 1996 ਸੇਵਾ ਸਾਲ ਦੌਰਾਨ ਰਿਲੀਸ ਕੀਤੇ ਗਏ 3 ਖੰਡਾਂ ਨੇ ਕੁੱਲ ਗਿਣਤੀ ਨੂੰ 27 ਤਕ ਵਧਾ ਦਿੱਤਾ, ਜਿਨ੍ਹਾਂ ਵਿੱਚੋਂ 14 ਮੁਕੰਮਲ ਬਾਈਬਲ ਹਨ। ਬਾਈਬਲ, ਅਤੇ ਬਾਈਬਲ ਸਹਾਇਕ ਸਾਧਨਾਂ ਤੇ ਇਹ ਕੰਮ ਕਰਨ ਲਈ, ਕੁਝ 1,174 ਸਮਰਪਿਤ ਮਸੀਹੀ ਹੁਣ 77 ਦੇਸ਼ਾਂ ਵਿਚ ਅਨੁਵਾਦ ਕਾਰਜ ਵਿਚ ਪੂਰਣ-ਕਾਲੀ ਕੰਮ ਕਰ ਰਹੇ ਹਨ।
6. ਸੋਸਾਇਟੀ ਨੇ ਬਾਈਬਲ ਪ੍ਰਕਾਸ਼ਨਾਂ ਲਈ ਮੰਗ ਨੂੰ ਕਿਵੇਂ ਪੂਰਾ ਕੀਤਾ ਹੈ?
6 ਅਨੁਵਾਦਕਾਂ ਦੀ ਇਸ ਸੈਨਾ ਦੇ ਕਾਰਜ ਨੂੰ ਸਮਰਥਨ ਦਿੰਦੇ ਹੋਏ, ਵਾਚ ਟਾਵਰ ਸੋਸਾਇਟੀ ਦੀਆਂ 24 ਛਪਾਈ ਸ਼ਾਖ਼ਾਵਾਂ ਵਧਦੀ ਮਾਤਰਾ ਵਿਚ ਪ੍ਰਕਾਸ਼ਨ ਤਿਆਰ ਕਰਦੀਆਂ ਆਈਆਂ ਹਨ। ਇਸ ਉਦੇਸ਼ ਨਾਲ, ਮੁੱਖ ਸ਼ਾਖ਼ਾਵਾਂ ਵਿਚ ਲਗਾਤਾਰ ਤੇਜ਼-ਰਫ਼ਤਾਰ ਵਾਲੇ ਅਤਿਰਿਕਤ ਰੋਟਰੀ ਪ੍ਰੈੱਸ ਲਗਾਏ ਜਾ ਰਹੇ ਹਨ। ਪਹਿਰਾਬੁਰਜ ਅਤੇ ਅਵੇਕ! ਰਸਾਲਿਆਂ ਦਾ ਉਤਪਾਦਨ ਮਹੀਨੇ-ਬ-ਮਹੀਨੇ ਵਧਦੇ ਹੋਏ, ਕੁੱਲ ਮਿਲਾ ਕੇ 94,38,92,500 ਕਾਪੀਆਂ ਤਕ ਪਹੁੰਚ ਗਿਆ ਹੈ, ਜੋ ਕਿ ਬੀਤੇ ਸਾਲ ਲਈ 13.4-ਫੀ ਸਦੀ ਵਾਧਾ ਹੈ। ਇਕੱਲੇ ਸੰਯੁਕਤ ਰਾਜ ਅਮਰੀਕਾ, ਬ੍ਰਾਜ਼ੀਲ, ਫਿਨਲੈਂਡ, ਜਰਮਨੀ, ਇਟਲੀ, ਜਪਾਨ, ਕੋਰੀਆ ਅਤੇ ਮੈਕਸੀਕੋ ਵਿਚ ਬਾਈਬਲਾਂ ਅਤੇ ਜ਼ਿਲਦਬੱਧ ਪੁਸਤਕਾਂ ਦਾ ਕੁੱਲ ਉਤਪਾਦਨ 1995 ਤੋਂ 40 ਫੀ ਸਦੀ ਵੱਧ ਕੇ 1996 ਵਿਚ 7,67,60,098 ਕਾਪੀਆਂ ਹੋ ਗਿਆ ਹੈ। ਦੂਜੀਆਂ ਸ਼ਾਖ਼ਾਵਾਂ ਨੇ ਵੀ ਸਾਹਿੱਤ ਉਤਪਾਦਨ ਦੇ ਕੁੱਲ ਵਾਧੇ ਵਿਚ ਕਾਫ਼ੀ ਯੋਗਦਾਨ ਦਿੱਤਾ ਹੈ।
7. ਹੁਣ ਯਸਾਯਾਹ 54:2 ਕਿਵੇਂ ਹੋਰ ਵੀ ਤੀਬਰ ਹੋ ਜਾਂਦਾ ਹੈ?
7 ਅਧਿਕਤਰ ਵਾਧਾ ਇਸ ਲਈ ਆਵੱਸ਼ਕ ਹੋਇਆ ਹੈ, ਕਿਉਂਕਿ 1990 ਦੇ ਦਹਾਕੇ ਦੌਰਾਨ ਪੂਰਬੀ ਯੂਰਪ ਅਤੇ ਅਫ਼ਰੀਕਾ ਵਿਚ ਯਹੋਵਾਹ ਦੇ ਗਵਾਹਾਂ ਉੱਤੋਂ ਪਾਬੰਦੀਆਂ ਹਟਾਈਆਂ ਗਈਆਂ ਹਨ। ਇਨ੍ਹਾਂ ਥਾਵਾਂ ਵਿਚ ਅਧਿਆਤਮਿਕ ਭੋਜਨ ਲਈ ਵੱਡੀ ਭੁੱਖ ਹੈ। ਇਸ ਲਈ ਹੋਰ ਵੀ ਤੀਬਰਤਾ ਸਹਿਤ ਇਹ ਪੁਕਾਰ ਗੂੰਜਦੀ ਹੈ: “ਆਪਣੇ ਤੰਬੂ ਦੇ ਥਾਂ ਨੂੰ ਚੌੜਾ ਕਰ, ਓਹ ਆਪਣੇ ਵਾਸਾਂ ਦੇ ਪੜਦੇ ਤਾਣਨ, ਤੂੰ ਸਰਫਾ ਨਾ ਕਰ, ਆਪਣੀਆਂ ਲਾਸਾਂ ਲੰਬੀਆਂ ਤੇ ਆਪਣਿਆਂ ਕੀਲਿਆਂ ਨੂੰ ਤਕੜਾ ਕਰ।”—ਯਸਾਯਾਹ 54:2.
8. ਕਿਹੜੀ ਉਦਾਰ-ਚਿੱਤ ਪ੍ਰਤਿਕ੍ਰਿਆ ਮਾਲੀ ਸਮਰਥਨ ਦੇਣ ਵਿਚ ਮਦਦ ਕਰ ਰਹੀ ਹੈ?
8 ਇਸ ਤਰ੍ਹਾਂ, ਸੋਸਾਇਟੀ ਦੀਆਂ 104 ਸ਼ਾਖ਼ਾਵਾਂ ਵਿੱਚੋਂ ਅਨੇਕਾਂ ਵਿਚ ਸਹੂਲਤਾਂ ਨੂੰ ਫੈਲਾਉਣ ਦੀ ਲੋੜ ਪਈ ਹੈ। ਖੋਲ੍ਹੇ ਗਏ ਅਧਿਕਤਰ ਨਵੇਂ ਖੇਤਰਾਂ ਵਿਚ ਕਠਿਨ ਮਾਲੀ ਸਥਿਤੀ ਦੇ ਕਾਰਨ, ਇਸ ਵਿਸਤਾਰ ਦੇ ਲਈ ਖ਼ਰਚੇ ਦਾ ਇਕ ਵੱਡਾ ਭਾਗ ਵੱਧ ਅਮੀਰ ਦੇਸ਼ਾਂ ਤੋਂ ਵਿਸ਼ਵ-ਵਿਆਪੀ ਕਾਰਜ ਲਈ ਭੇਜੇ ਗਏ ਚੰਦੇ ਦੁਆਰਾ ਪੂਰਾ ਕੀਤਾ ਜਾਂਦਾ ਹੈ। ਖ਼ੁਸ਼ੀ ਦੀ ਗੱਲ ਹੈ ਕਿ ਕਲੀਸਿਯਾਵਾਂ ਅਤੇ ਵਿਅਕਤੀਆਂ ਨੇ ਕੂਚ 35:21 ਦੀ ਭਾਵਨਾ ਨਾਲ ਪੂਰੇ ਦਿਲ ਨਾਲ ਕਾਰਜ ਕੀਤਾ ਹੈ: “ਅਤੇ ਸਾਰੇ ਮਨੁੱਖ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਆਏ ਅਤੇ ਜਿਨ੍ਹਾਂ ਦੇ ਆਤਮਾਂ ਨੇ ਉਸ ਦੀ ਭਾਉਣੀ ਕੀਤੀ ਓਹ ਯਹੋਵਾਹ ਲਈ ਭੇਟਾਂ . . . ਲਿਆਏ।” ਅਸੀਂ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੋ ਇਸ ਉਦਾਰ-ਚਿੱਤ ਦਾਨ ਵਿਚ ਹਿੱਸਾ ਪਾਉਂਦੇ ਰਹੇ ਹਨ।—2 ਕੁਰਿੰਥੀਆਂ 9:11.
9. ਅੱਜ ਰੋਮੀਆਂ 10:13, 18 ਕਿਵੇਂ ਪੂਰਾ ਹੋ ਰਿਹਾ ਹੈ?
9 ਸਾਲ 1996 ਦੌਰਾਨ ਵਾਚ ਟਾਵਰ ਸੋਸਾਇਟੀ ਦੇ ਪ੍ਰਕਾਸ਼ਨਾਂ ਨੇ ਸੱਚ-ਮੁੱਚ ਯਹੋਵਾਹ ਦੇ ਨਾਂ ਅਤੇ ਮਕਸਦਾਂ ਨੂੰ ਧਰਤੀ ਦੀਆਂ ਹੱਦਾਂ ਤਕ ਮਹਿਮਾ ਪਹੁੰਚਾਈ ਹੈ। ਇਹ ਬਿਲਕੁਲ ਰਸੂਲ ਪੌਲੁਸ ਦੇ ਪੂਰਵ-ਸੂਚਨਾ ਅਨੁਸਾਰ ਹੈ। ਯੋਏਲ ਦੀ ਭਵਿੱਖਬਾਣੀ ਅਤੇ 19ਵੇਂ ਜ਼ਬੂਰ ਦਾ ਹਵਾਲਾ ਦਿੰਦੇ ਹੋਏ, ਉਸ ਨੇ ਲਿਖਿਆ: “ਹਰੇਕ ਜਿਹੜਾ ਪ੍ਰਭੁ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ। ਪਰ ਮੈਂ ਆਖਦਾ ਹਾਂ, ਭਲਾ, ਉਨ੍ਹਾਂ ਨੇ ਨਾ ਸੁਣਿਆ? ਬੇਸ਼ੱਕ! ਓਹਨਾਂ ਦਾ ਬੋਲ ਸਾਰੀ ਧਰਤੀ ਵਿੱਚ ਗਿਆ, ਅਤੇ ਸੰਸਾਰ ਦੀਆਂ ਹੱਦਾਂ ਤੀਕੁਰ ਓਹਨਾਂ ਦੇ ਸ਼ਬਦ।” (ਰੋਮੀਆਂ 10:13, 18) ਅਤਿ-ਉੱਤਮ ਨਾਂ ਯਹੋਵਾਹ ਦੀ ਇਸ ਤਰ੍ਹਾਂ ਵਡਿਆਈ ਕਰਨ ਦੁਆਰਾ, ਉਸ ਦੇ ਲੋਕਾਂ ਨੇ ਉਸ ਦੀ ਉਪਾਸਨਾ ਦੇ ਭਵਨ ਨੂੰ ਪ੍ਰਤਾਪ ਨਾਲ ਭਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਹ ਐਲਾਨ ਵਿਸ਼ੇਸ਼ ਤੌਰ ਤੇ 1996 ਦੌਰਾਨ ਸਫ਼ਲ ਹੋਇਆ ਹੈ।
ਵਿਸ਼ਵ ਭਰ ਵਿਚ ਵਾਢੀ
10. ਯਹੋਵਾਹ ਦੇ ਲੋਕਾਂ ਦੀ ਸਰਗਰਮੀ ਵਿਚ ਤੁਸੀਂ ਕਿਹੜੀਆਂ ਉੱਘੜਵੀਆਂ ਵਿਸ਼ੇਸ਼ਤਾਵਾਂ ਦੇਖਦੇ ਹੋ?
10 ਲੂਕਾ 10:2 ਵਿਚ ਪਾਏ ਜਾਂਦੇ ਯਿਸੂ ਦੇ ਸ਼ਬਦ ਪਹਿਲਾਂ ਨਾਲੋਂ ਅੱਜ ਕਿਤੇ ਹੀ ਵੱਧ ਵਜ਼ਨੀ ਹਨ: “ਫ਼ਸਲ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ ਇਸ ਲਈ ਤੁਸੀਂ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫ਼ਸਲ ਵੱਢਣ ਨੂੰ ਵਾਢੇ ਘੱਲ ਦੇਵੇ।” ਕੀ ਤੁਸੀਂ ਇਸ ਸੱਦੇ ਅਨੁਸਾਰ ਕਾਰਜ ਕਰ ਰਹੇ ਹੋ? ਧਰਤੀ ਭਰ ਵਿਚ ਲੱਖਾਂ ਹੀ ਲੋਕ ਇੰਜ ਕਰ ਰਹੇ ਹਨ। ਇਹ 1996 ਦੇ ਦੌਰਾਨ ਖੇਤਰ ਸੇਵਾ ਰਿਪੋਰਟ ਕਰਨ ਵਾਲੇ 54,13,769 ਰਾਜ ਪ੍ਰਕਾਸ਼ਕਾਂ ਦੀ ਨਵੀਂ ਸਿਖਰ ਤੋਂ ਸਾਬਤ ਹੁੰਦਾ ਹੈ। ਇਸ ਤੋਂ ਇਲਾਵਾ, 3,66,579 ਨਵੇਂ ਭਰਾਵਾਂ ਅਤੇ ਭੈਣਾਂ ਨੇ ਬਪਤਿਸਮਾ ਲਿਆ। ਇਹ “ਕੌਮਾਂ ਦੀਆਂ ਮਨਭਾਉਂਦੀਆਂ ਵਸਤਾਂ” (ਨਿ ਵ) ਸਾਨੂੰ ਕਿੰਨੀਆਂ ਹੀ ਪਿਆਰੀਆਂ ਹਨ, ਜੋ ਹੁਣ ‘ਯਹੋਵਾਹ ਦੀ ਉਪਾਸਨਾ ਦੇ ਭਵਨ ਨੂੰ ਪਰਤਾਪ ਨਾਲ ਭਰਨ’ ਵਿਚ ਹਿੱਸਾ ਪਾ ਰਹੀਆਂ ਹਨ!—ਹੱਜਈ 2:7.
11. ਸਾਡੇ ਸਾਰਿਆਂ ਕੋਲ ਆਨੰਦਿਤ ਹੋਣ ਦਾ ਕਿਉਂ ਕਾਰਨ ਹੈ?
11 ਖੋਲ੍ਹੇ ਗਏ ਨਵੇਂ ਖੇਤਰਾਂ ਵਿਚ ਵਿਸਤਾਰ ਦੀਆਂ ਰਿਪੋਰਟਾਂ ਕਿਸੇ ਚਮਤਕਾਰ ਤੋਂ ਘੱਟ ਨਹੀਂ ਹਨ। ਕੀ ਸਾਡੇ ਵਿੱਚੋਂ ਬਾਕੀ ਲੋਕੀ ਉਨ੍ਹਾਂ ਨਾਲ ਈਰਖਾ ਕਰਦੇ ਹਾਂ ਜੋ ਹੁਣ ਅਜਿਹੇ ਵਾਧੇ ਦਾ ਆਨੰਦ ਮਾਣ ਰਹੇ ਹਨ? ਇਸ ਦੇ ਉਲਟ, ਅਸੀਂ ਉਨ੍ਹਾਂ ਨਾਲ ਖ਼ੁਸ਼ੀਆਂ ਮਨਾਉਂਦੇ ਹਾਂ। ਸਾਰੇ ਦੇਸ਼ਾਂ ਵਿਚ ਛੋਟੇ ਆਰੰਭ ਹੋਏ ਸਨ। ਹੱਜਈ ਦੇ ਸਮਕਾਲੀ ਨਬੀ, ਜ਼ਕਰਯਾਹ ਨੇ ਲਿਖਿਆ: “ਉਹ ਕੌਣ ਹੈ ਜਿਹ ਨੇ ਛੋਟੀਆਂ ਗੱਲਾਂ ਦੇ ਦਿਨ ਦੀ ਨਿਰਾਦਰੀ ਕੀਤੀ ਹੋਵੇ?” (ਜ਼ਕਰਯਾਹ 4:10) ਅਸੀਂ ਆਨੰਦਿਤ ਹਾਂ ਕਿ ਉਨ੍ਹਾਂ ਦੇਸ਼ਾਂ ਵਿਚ ਜਿੱਥੇ ਗਵਾਹੀ ਕਾਰਜ ਸੁਸਥਾਪਿਤ ਹੈ, ਉੱਥੇ ਹੁਣ ਲੱਖਾਂ ਹੀ ਰਾਜ ਪ੍ਰਕਾਸ਼ਕ ਹਨ, ਅਤੇ ਖੇਤਰ ਨੂੰ ਅਕਸਰ, ਇੱਥੋਂ ਤਕ ਕਿ ਅਨੇਕ ਵੱਡੇ ਸ਼ਹਿਰਾਂ ਵਿਚ ਤਾਂ ਹਰ ਹਫ਼ਤੇ ਹੀ ਪੂਰਾ ਕੀਤਾ ਜਾਂਦਾ ਹੈ। ਕੀ ਸਾਡੇ ਕੋਲ ਹੱਥ ਢਿੱਲੇ ਕਰਨ ਦਾ ਕੋਈ ਕਾਰਨ ਹੈ ਜਦ ਕਿ ਹੁਣ ਯਹੋਵਾਹ ਉਨ੍ਹਾਂ ਇਲਾਕਿਆਂ ਵਿਚ ਮੁਕਤੀ ਦਾ ਅਵਸਰ ਪੇਸ਼ ਕਰ ਰਿਹਾ ਹੈ ਜਿੱਥੇ ਪਹਿਲਾਂ ਅਸੁਖਾਵੀਂ ਦਸ਼ਾ ਸੀ? ਨਹੀਂ! “ਖੇਤ ਜਗਤ ਹੈ,” ਯਿਸੂ ਨੇ ਕਿਹਾ। (ਮੱਤੀ 13:38) ਇਕ ਮੁਕੰਮਲ ਗਵਾਹੀ ਦੇਣਾ ਜਾਰੀ ਰੱਖਣਾ ਹੈ, ਠੀਕ ਜਿਵੇਂ ਮੁਢਲੇ ਚੇਲਿਆਂ ਨੇ ਯਹੂਦੀ ਰੀਤੀ-ਵਿਵਸਥਾ ਦੀ ਸਮਾਪਤੀ ਵੇਲੇ ਮੁਕੰਮਲ ਗਵਾਹੀ ਦਿੱਤੀ ਸੀ।—ਰਸੂਲਾਂ ਦੇ ਕਰਤੱਬ 2:40; 10:42; 20:24; 28:23.
ਅੱਗੇ ਵਧਦੇ ਜਾਣਾ
12. “ਆਪਣੇ ਚਿਹਰੇ ਦੀ ਸੇਧ ਵਿੱਚ” ਵਧਦੇ ਜਾਣ ਲਈ ਸਾਨੂੰ ਕਿਹੜੀ ਪ੍ਰੇਰਣਾ ਹਾਸਲ ਹੈ? (ਨਾਲੇ ਦੇਖੋ ਦੱਬੀ, “‘ਧਰਤੀ ਦੀ ਹੱਦ ਤੋਂ’ ਵਾਢੀ ਕਰਨਾ।”)
12 ਜੀ ਹਾਂ, ਸਾਨੂੰ ਕਦਮ ਨਾਲ ਕਦਮ ਮਿਲਾਉਂਦੇ ਹੋਏ, ਯਹੋਵਾਹ ਦੇ ਦੂਤਮਈ ਸਵਰਗੀ ਰਥ ਨਾਲ “ਆਪਣੇ ਚਿਹਰੇ ਦੀ ਸੇਧ ਵਿੱਚ” ਵਧਦੇ ਜਾਣਾ ਹੈ। (ਹਿਜ਼ਕੀਏਲ 1:12) ਅਸੀਂ ਪਤਰਸ ਦੇ ਸ਼ਬਦਾਂ ਨੂੰ ਮਨ ਵਿਚ ਰੱਖਦੇ ਹਾਂ: “ਪ੍ਰਭੁ ਆਪਣੇ ਵਾਇਦੇ ਦਾ ਮੱਠਾ ਨਹੀਂ ਜਿਵੇਂ ਕਿੰਨੇ ਹੀ ਮੱਠੇ ਦਾ ਭਰਮ ਕਰਦੇ ਹਨ ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ ਕਿਉਂ ਜੋ ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਆਓ ਅਸੀਂ ਮਾਲੀ ਤੌਰ ਤੇ ਗ਼ਰੀਬ ਦੇਸ਼ਾਂ ਵਿਚ ਆਪਣੇ ਭਰਾਵਾਂ ਦੇ ਮਿਸਾਲੀ ਜੋਸ਼ ਤੋਂ ਉਤਸ਼ਾਹ ਹਾਸਲ ਕਰੀਏ। ਆਰਮਾਗੇਡਨ ਦੇ ਆਰੰਭ ਹੋਣ ਵਿਚ ਕੋਈ ਵੀ ਜਾਪਦੀ ਦੇਰੀ ਦੇ ਕਾਰਨ ਹੀ ਇਨ੍ਹਾਂ ਦੇਸ਼ਾਂ ਵਿਚ ਲੱਖਾਂ ਨੂੰ, ਨਾਲ ਹੀ ਅਕਸਰ ਕੰਮ ਕੀਤੇ ਗਏ ਖੇਤਰਾਂ ਵਿਚ ਅਨੇਕਾਂ ਨੂੰ ਇਕੱਠੇ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ: “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ।” (ਸਫ਼ਨਯਾਹ 1:14) ਸਾਨੂੰ ਵੀ ਮੁਕੰਮਲ ਆਖ਼ਰੀ ਗਵਾਹੀ ਦੇਣ ਵਿਚ ਛੇਤੀ ਕਰਨੀ ਚਾਹੀਦੀ ਹੈ!
13, 14. (ੳ) ਸਾਲ 1996 ਦੌਰਾਨ ਪ੍ਰਕਾਸ਼ਨਾਂ ਦੇ ਵੰਡ ਬਾਰੇ ਕੀ ਕਿਹਾ ਜਾ ਸਕਦਾ ਹੈ? (ਅ) ਕਲੀਸਿਯਾਵਾਂ ਸ਼ਾਇਦ ਹਰ ਸਾਲ ਕਿਹੜੀਆਂ ਖ਼ਾਸ ਯੋਜਨਾਵਾਂ ਬਣਾਉਣ, ਅਤੇ ਤੁਸੀਂ ਹਿੱਸਾ ਲੈਣ ਲਈ ਕਿਵੇਂ ਯੋਜਨਾ ਬਣਾ ਰਹੇ ਹੋ?
13 ਬੀਤੇ ਸਾਲ ਦੇ ਦੌਰਾਨ ਬਾਈਬਲਾਂ, ਪੁਸਤਕਾਂ, ਅਤੇ ਰਸਾਲਿਆਂ ਦੇ ਵੰਡ ਵਿਚ ਮਾਅਰਕੇ ਦਾ ਵਾਧਾ ਹੋਇਆ ਹੈ। ਮਿਸਾਲ ਵਜੋਂ, ਸੰਸਾਰ ਭਰ ਵਿਚ ਰਸਾਲਿਆਂ ਦਾ ਵੰਡ 19-ਫੀ ਸਦੀ ਵਾਧਾ ਦਿਖਾਉਂਦਾ ਹੈ, ਕੁੱਲ ਮਿਲਾ ਕੇ 54,36,67,923 ਕਾਪੀਆਂ ਦਿੱਤੀਆਂ ਗਈਆਂ। ਸਾਡੇ ਰਸਾਲੇ—ਸੜਕਾਂ ਤੇ, ਪਾਰਕਾਂ ਵਿਚ, ਬੱਸ ਅੱਡਿਆਂ ਤੇ, ਵਪਾਰ ਖੇਤਰਾਂ ਵਿਚ—ਬਹੁਪੱਖੀ ਪ੍ਰਚਾਰ ਕੰਮ ਨੂੰ ਸੌਖਾ ਬਣਾਉਂਦੇ ਹਨ। ਰਿਪੋਰਟਾਂ ਦਿਖਾਉਂਦੀਆਂ ਹਨ ਕਿ ਉਨ੍ਹਾਂ ਕੁਝ ਖੇਤਰਾਂ ਵਿਚ ਜਿੱਥੇ ਅਕਸਰ ਰਾਜ ਪ੍ਰਚਾਰ ਕੀਤਾ ਜਾਂਦਾ ਹੈ, ਪੇਸ਼ਾਵਰ ਲੋਕ ਸਾਡੇ ਰਸਾਲਿਆਂ ਦੇ ਗੁਣ ਤੋਂ ਪ੍ਰਭਾਵਿਤ ਹੋਏ ਹਨ, ਅਤੇ ਬਾਈਬਲ ਅਧਿਐਨ ਸਵੀਕਾਰ ਕਰ ਰਹੇ ਹਨ।
14 ਹਰ ਸਾਲ ਅਪ੍ਰੈਲ ਦੇ ਮਹੀਨੇ ਦੌਰਾਨ, ਕਲੀਸਿਯਾਵਾਂ ਆਮ ਤੌਰ ਤੇ ਖ਼ਾਸ ਰਸਾਲਾ ਕਾਰਜ ਆਯੋਜਿਤ ਕਰਦੀਆਂ ਹਨ, ਜੋ ਕਿ ਘਰ-ਘਰ ਅਤੇ ਸਰਬਜਨਕ ਥਾਵਾਂ ਵਿਚ ਦਿਨ-ਭਰ ਦਾ ਮੁਹਿੰਮ ਹੁੰਦਾ ਹੈ। ਕੀ ਤੁਹਾਡੀ ਕਲੀਸਿਯਾ 1997 ਦੇ ਅਪ੍ਰੈਲ ਦੌਰਾਨ ਇਸ ਵਿਚ ਹਿੱਸਾ ਲਵੇਗੀ? ਪਹਿਰਾਬੁਰਜ ਅਤੇ ਅਵੇਕ! ਦੇ ਉੱਘੜਵੇਂ ਅਪ੍ਰੈਲ ਅੰਕ ਤਿਆਰ ਕੀਤੇ ਗਏ ਹਨ, ਅਤੇ ਸੰਸਾਰ ਭਰ ਵਿਚ ਉਨ੍ਹਾਂ ਨੂੰ ਇੱਕੋ ਸਮੇਂ ਤੇ ਪੇਸ਼ ਕਰਨਾ ਯਕੀਨਨ ਹੀ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ! ਸਾਈਪ੍ਰਸ ਦੇ ਟਾਪੂ ਵਿਚ, ਕਲੀਸਿਯਾਵਾਂ ਨੇ “ਰਾਜ ਸੰਦੇਸ਼ ਨਾਲ ਹਰ ਸੰਭਵ ਵਿਅਕਤੀ ਤਕ ਪਹੁੰਚੋ” ਦਾ ਨਾਅਰਾ ਅਪਣਾਉਣ ਦੇ ਨਾਲ-ਨਾਲ, ਹਰ ਮਹੀਨੇ ਅਜਿਹਾ ਅਨੁਸੂਚਿਤ ਰਸਾਲਾ ਕਾਰਜ ਵੀ ਕੀਤਾ, ਜਿਸ ਕਾਰਨ ਬੀਤੇ ਸਾਲ ਲਈ 2,75,359 ਰਸਾਲੇ ਦੇਣ ਦੀ ਨਵੀਂ ਸਿਖਰ ਪ੍ਰਾਪਤ ਹੋਈ, ਜੋ ਕਿ 54-ਫੀ ਸਦੀ ਵਾਧਾ ਹੈ।
ਹੱਜਈ ਦੇ ਆਖ਼ਰੀ ਸੰਦੇਸ਼
15. (ੳ) ਯਹੋਵਾਹ ਨੇ ਹੱਜਈ ਰਾਹੀਂ ਹੋਰ ਸੰਦੇਸ਼ ਕਿਉਂ ਘੱਲੇ? (ਅ) ਹੱਜਈ ਦੇ ਤੀਜੇ ਸੰਦੇਸ਼ ਤੋਂ ਸਾਨੂੰ ਕਿਹੜਾ ਸਬਕ ਸਿਖਣਾ ਚਾਹੀਦਾ ਹੈ?
15 ਯਹੋਵਾਹ ਨੇ ਹੱਜਈ ਨੂੰ, ਆਪਣਾ ਦੂਜਾ ਸੰਦੇਸ਼ ਦੇਣ ਦੇ 63 ਦਿਨਾਂ ਮਗਰੋਂ, ਇਕ ਤੀਜੇ ਐਲਾਨ ਨਾਲ ਘੱਲਿਆ, ਜਿਸ ਨੂੰ ਅਸੀਂ ਅੱਜ ਆਪਣੇ ਦਿਲ ਵਿਚ ਬਿਠਾ ਸਕਦੇ ਹਾਂ। ਹੱਜਈ ਨੇ ਇੰਜ ਗੱਲ ਕੀਤੀ ਮਾਨੋ ਯਹੂਦੀ ਉਦੋਂ ਹੈਕਲ ਦੀ ਬੁਨਿਆਦ ਰੱਖ ਰਹੇ ਸਨ, ਜੋ ਕਿ ਉਹ ਅਸਲ ਵਿਚ 17 ਸਾਲ ਪਹਿਲਾਂ ਰੱਖ ਚੁੱਕੇ ਸਨ। ਇਕ ਵਾਰ ਫਿਰ ਯਹੋਵਾਹ ਨੇ ਸੋਧਣਾ ਉਚਿਤ ਸਮਝਿਆ। ਜਾਜਕ ਅਤੇ ਪਰਜਾ ਢਿੱਲੇ ਪੈ ਗਏ ਸਨ ਅਤੇ ਇਸ ਲਈ ਯਹੋਵਾਹ ਦੀ ਨਜ਼ਰ ਵਿਚ ਅਸ਼ੁੱਧ ਸਨ। ਕਿਤੇ ਇੰਜ ਤਾਂ ਨਹੀਂ ਕਿ ਯਹੋਵਾਹ ਦੇ ਕੁਝ ਲੋਕਾਂ ਨੇ ਅੱਜ ਆਪਣੇ ਹੱਥ ਢਿੱਲੇ ਕਰ ਲਏ ਹਨ, ਇੱਥੋਂ ਤਕ ਕਿ ਸੰਸਾਰ ਦਿਆਂ ਇਜਾਜ਼ਤੀ ਅਤੇ ਭੌਤਿਕਵਾਦੀ ਤੌਰ-ਤਰੀਕਿਆਂ ਵਿਚ ਉਲਝ ਪਏ ਹਨ? ਸਾਡੇ ਸਾਰਿਆਂ ਲਈ ਅਤਿ ਜ਼ਰੂਰੀ ਹੈ ਕਿ ਅਸੀਂ “ਅੱਜ ਦੇ ਦਿਨ ਤੋਂ ਅੱਗੇ ਨੂੰ” ਯਹੋਵਾਹ ਦੇ ਨਾਂ ਨੂੰ ਮਹਿਮਾ ਪਹੁੰਚਾਉਣ ਲਈ ਦ੍ਰਿੜ੍ਹ ਹੋਈਏ, ਅਤੇ ਉਸ ਦੇ ਵਾਅਦੇ ਉੱਤੇ ਭਰੋਸਾ ਰੱਖੀਏ: “ਅੱਜ ਤੋਂ ਮੈਂ ਤੁਹਾਨੂੰ ਬਰਕਤ ਦਿਆਂਗਾ।”—ਹੱਜਈ 2:10-19; ਇਬਰਾਨੀਆਂ 6:11, 12.
16. ਕਿਹੜਾ ‘ਹਿਲਾਉਣਾ’ ਹੁਣ ਨਿਕਟ ਹੈ, ਅਤੇ ਇਸ ਦਾ ਕੀ ਸਿੱਟਾ ਨਿਕਲੇਗਾ?
16 ਉਸੇ ਦਿਨ ਤੇ, ‘ਸੈਨਾਂ ਦੇ ਯਹੋਵਾਹ’ ਦਾ ਵਾਕ ਹੱਜਈ ਕੋਲ ਚੌਥੀ ਅਤੇ ਆਖ਼ਰੀ ਵਾਰ ਆਇਆ। ਉਸ ਨੇ ਇਹ ਦੱਸਦੇ ਹੋਏ ਕਿ ਉਸ ਵੱਲੋਂ ‘ਅਕਾਸ਼ ਅਤੇ ਧਰਤੀ ਨੂੰ ਹਿਲਾਉਣ’ ਵਿਚ ਕੀ ਕੁਝ ਸ਼ਾਮਲ ਹੈ, ਕਿਹਾ: “ਮੈਂ ਰਾਜਾਂ ਦੀਆਂ ਗੱਦੀਆਂ ਨੂੰ ਉਲੱਦ ਦਿਆਂਗਾ ਅਤੇ ਮੈਂ ਕੌਮਾਂ ਦੇ ਰਾਜਾਂ ਦੇ ਬਲ ਨੂੰ ਤੋੜ ਦਿਆਂਗਾ ਅਤੇ ਰਥਾਂ ਨੂੰ ਸਵਾਰਾਂ ਸਣੇ ਉਲੱਦ ਦਿਆਂਗਾ ਅਤੇ ਘੋੜੇ ਅਰ ਉਨ੍ਹਾਂ ਦੇ ਸਵਾਰ ਡਿੱਗ ਪੈਣਗੇ, ਹਾਂ, ਹਰ ਮਨੁੱਖ ਆਪਣੇ ਭਰਾ ਦੀ ਤਲਵਾਰ ਨਾਲ।” (ਹੱਜਈ 2:6, 21, 22) ਇਸ ਤਰ੍ਹਾਂ, ਇਹ ‘ਹਿਲਾਉਣਾ’ ਆਪਣੀ ਸਿਖਰ ਤਕ ਪਹੁੰਚੇਗਾ ਜਦੋਂ ਯਹੋਵਾਹ ਆਰਮਾਗੇਡਨ ਵੇਲੇ ਧਰਤੀ ਨੂੰ ਪੂਰੀ ਤਰ੍ਹਾਂ ਨਾਲ ਸਾਫ਼ ਕਰ ਦੇਵੇਗਾ। ਉਦੋਂ “ਕੌਮਾਂ ਦੀਆਂ ਮਨਭਾਉਂਦੀਆਂ ਵਸਤਾਂ” ਆ ਚੁੱਕੀਆਂ ਹੋਣਗੀਆਂ, ਜੋ ਨਵੇਂ ਸੰਸਾਰ ਲਈ ਮਾਨਵ ਸਮਾਜ ਦਾ ਕੇਂਦਰ-ਬਿੰਦੂ ਬਣਨਗੀਆਂ। ਆਨੰਦ ਮਨਾਉਣ ਅਤੇ ਯਹੋਵਾਹ ਦੀ ਉਸਤਤ ਕਰਨ ਲਈ ਕਿੰਨੇ ਹੀ ਵਧੀਆ ਕਾਰਨ!—ਹੱਜਈ 2:7; ਪਰਕਾਸ਼ ਦੀ ਪੋਥੀ 19:6, 7; 21:1-4.
17. ਯਿਸੂ ਕਿਵੇਂ ਇਕ “ਮੋਹਰ ਛਾਪ” ਵਾਂਗ ਰੱਖਿਆ ਗਿਆ ਹੈ?
17 ਆਪਣੀ ਭਵਿੱਖਬਾਣੀ ਦੀ ਸਮਾਪਤੀ ਵਿਚ, ਹੱਜਈ ਲਿਖਦਾ ਹੈ: ‘ਉਸ ਦਿਨ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਹੇ ਜ਼ਰੁੱਬਾਬਲ, ਮੈਂ ਤੈਨੂੰ ਲਵਾਂਗਾ, ਅਤੇ ਮੈਂ ਤੈਨੂੰ ਆਪਣੀ ਮੋਹਰ ਛਾਪ ਵਾਂਙੁ ਰੱਖਾਂਗਾ ਕਿਉਂ ਜੋ ਮੈਂ ਤੈਨੂੰ ਚੁਣਿਆ ਹੈ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।’ (ਹੱਜਈ 2:23) ਮਸੀਹ ਯਿਸੂ ਹੁਣ ਯਹੋਵਾਹ ਦਾ ਪ੍ਰਤਿਰੂਪੀ ਮਸੀਹਾਈ ਰਾਜਾ ਅਤੇ ਪ੍ਰਧਾਨ ਜਾਜਕ ਹੈ, ਜੋ ਸਵਰਗ ਵਿਚ ਉਨ੍ਹਾਂ ਦੋਵੇਂ ਅਹੁਦਿਆਂ ਨੂੰ ਸੰਭਾਲਦਾ ਹੈ, ਜੋ ਹਾਕਮ ਜ਼ਰੁੱਬਾਬਲ ਅਤੇ ਪ੍ਰਧਾਨ ਜਾਜਕ ਯਹੋਸ਼ੁਆ ਨੇ ਪਾਰਥਿਵ ਯਰੂਸ਼ਲਮ ਵਿਚ ਅਲੱਗ-ਅਲੱਗ ਸੰਭਾਲੇ ਸਨ। ਯਹੋਵਾਹ ਦੇ ਸੱਜੇ ਹੱਥ ਉੱਤੇ ਸਰਕਾਰੀ ਮੋਹਰ ਛਾਪ ਵਾਂਗ, ਯਿਸੂ ਹੀ ਹੈ ਜੋ ‘ਪਰਮੇਸ਼ੁਰ ਦੀਆਂ ਕਿੰਨੀਆਂ ਹੀ ਪਰਤੱਗਿਆਂ’ ਨੂੰ ਸਾਕਾਰ ਕਰਨ ਲਈ ਯਹੋਵਾਹ ਦੇ ਸਾਧਨ ਵਜੋਂ “ਹਾਂ ਹੀ ਹਾਂ” ਹੋਇਆ ਹੈ। (2 ਕੁਰਿੰਥੀਆਂ 1:20; ਅਫ਼ਸੀਆਂ 3:10, 11; ਪਰਕਾਸ਼ ਦੀ ਪੋਥੀ 19:10) ਬਾਈਬਲ ਦਾ ਸਮੁੱਚਾ ਭਵਿੱਖ-ਸੂਚਕ ਸੰਦੇਸ਼ ਯਹੋਵਾਹ ਵੱਲੋਂ ਰਾਜਾ ਅਤੇ ਜਾਜਕੀ ਰਿਹਾਈ-ਦਾਤਾ ਦੇ ਤੌਰ ਤੇ ਮਸੀਹ ਦੇ ਪ੍ਰਬੰਧ ਉੱਤੇ ਕੇਂਦ੍ਰਿਤ ਹੈ।—ਯੂਹੰਨਾ 18:37; 1 ਪਤਰਸ 1:18, 19.
18. ‘ਸੈਨਾਂ ਦੇ ਯਹੋਵਾਹ ਦੇ’ ਸਮਾਪਤੀ “ਵਾਕ” ਦੀ ਕਿਵੇਂ ਤਾਜ਼ਗੀਦਾਇਕ ਪੂਰਤੀ ਹੋਵੇਗੀ?
18 ਸੱਚ-ਮੁੱਚ ਅੱਜ ਸਾਡੇ ਦਿਨਾਂ ਵਿਚ, ਸਭ ਤੋਂ ਵੱਡਾ ਪ੍ਰਤਾਪ ਯਹੋਵਾਹ ਦੀ ਤੇਜੱਸਵੀ ਅਧਿਆਤਮਿਕ ਹੈਕਲ ਵਿਚ ਮਿਲਦਾ ਹੈ! ਅਤੇ ਛੇਤੀ ਹੀ, ਜਦੋਂ ਯਹੋਵਾਹ ਸ਼ਤਾਨ ਦੀ ਸਾਰੀ ਵਿਵਸਥਾ ਨੂੰ ਹਟਾ ਚੁੱਕਾ ਹੋਵੇਗਾ, ਉਦੋਂ ਹੱਜਈ 2:9 ਦੀ ਹੋਰ ਵੀ ਆਨੰਦਮਈ ਪੂਰਤੀ ਹੋਵੇਗੀ: “ਮੈਂ ਏਸ ਅਸਥਾਨ ਨੂੰ ਸ਼ਾਂਤੀ ਦਿਆਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।” ਆਖ਼ਰਕਾਰ ਸ਼ਾਂਤੀ ਹੋਵੇਗੀ!—ਇਕ ਸਥਾਈ, ਵਿਸ਼ਵ-ਵਿਆਪੀ ਸ਼ਾਂਤੀ, ਜਿਸ ਦੀ ਗਾਰੰਟੀ ਯਹੋਵਾਹ ਦੀ “ਮੋਹਰ ਛਾਪ,” ਮਸੀਹ ਯਿਸੂ, ਅਰਥਾਤ “ਸ਼ਾਂਤੀ ਦਾ ਰਾਜ ਕੁਮਾਰ” ਦਿੰਦਾ ਹੈ, ਜਿਸ ਬਾਰੇ ਲਿਖਿਆ ਗਿਆ ਹੈ: “ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ . . . “ਸੈਨਾਂ ਦੇ ਯਹੋਵਾਹ ਦੀ ਅਣਖ ਏਹ ਕਰੇਗੀ।” (ਯਸਾਯਾਹ 9:6, 7) ਸਾਰੀ ਸਦੀਵਤਾ ਲਈ ਯਹੋਵਾਹ ਦੀ ਉਪਾਸਨਾ ਦੇ ਭਵਨ ਦਾ ਪ੍ਰਤਾਪ ਉਸ ਦੀ ਵਿਸ਼ਵ ਸਰਬਸੱਤਾ ਦੇ ਸਮੁੱਚੇ ਸ਼ਾਂਤਮਈ ਖੇਤਰ ਵਿਚ ਪ੍ਰਤਿਬਿੰਬਤ ਹੋਵੇਗਾ। ਇੰਜ ਹੋਵੇ ਕਿ ਅਸੀਂ ਹਮੇਸ਼ਾ ਹੀ ਉਸ ਭਵਨ ਵਿਚ ਰਹੀਏ!—ਜ਼ਬੂਰ 27:4; 65:4; 84:10.
[ਫੁਟਨੋਟ]
a ਪਹਿਰਾਬੁਰਜ ਦੇ ਨਵੰਬਰ 1, 1995, ਅੰਕ ਵਿਚ “ਇਕ ‘ਬੁਰੀ ਪੀੜ੍ਹੀ’ ਕੋਲੋਂ ਬਚਾਏ ਗਏ” ਅਤੇ “ਜਾਗਦੇ ਰਹਿਣ ਦਾ ਇਕ ਸਮਾਂ” ਦੇਖੋ।
ਕੀ ਤੁਸੀਂ ਸਮਝਾ ਸਕਦੇ ਹੋ?
◻ ਅੱਜ, ਯਹੋਵਾਹ ਦੇ ਭਵਨ ਨੂੰ ਕਿਵੇਂ ‘ਪਰਤਾਪ ਨਾਲ ਭਰਿਆ’ ਜਾ ਰਿਹਾ ਹੈ?
◻ ਖ਼ੁਸ਼ ਖ਼ਬਰੀ ਨੂੰ ਪ੍ਰਚਾਰ ਕਰਨਾ ਕਿਉਂ ਅੱਗੇ ਨਾਲੋਂ ਅੱਜ ਜ਼ਿਆਦਾ ਅਤਿ-ਆਵੱਸ਼ਕ ਹੈ?
◻ ਤੀਬਰਤਾ ਸਹਿਤ ਪ੍ਰਚਾਰ ਕਰਨ ਦੇ ਲਈ 1996 ਸੇਵਾ ਸਾਲ ਰਿਪੋਰਟ ਕਿਹੜੀ ਪ੍ਰੇਰਣਾ ਦਿੰਦੀ ਹੈ?
◻ ਮਸੀਹ ਕਿਵੇਂ ਯਹੋਵਾਹ ਦੀ “ਮੋਹਰ ਛਾਪ” ਵਜੋਂ ਕੰਮ ਕਰ ਰਿਹਾ ਹੈ?
[ਸਫ਼ੇ 11 ਉੱਤੇ ਡੱਬੀ]
‘ਧਰਤੀ ਦੀ ਹੱਦ ਤੋਂ’ ਵਾਢੀ ਕਰਨਾ
ਯਸਾਯਾਹ 43:6 ਵਿਚ, ਅਸੀਂ ਯਹੋਵਾਹ ਦਾ ਹੁਕਮ ਪੜ੍ਹਦੇ ਹਾਂ: “ਰੋਕ ਕੇ ਨਾ ਰੱਖ! ਤੂੰ ਮੇਰੇ ਪੁੱਤ੍ਰਾਂ ਨੂੰ ਦੂਰ ਤੋਂ ਲਿਆ, ਅਤੇ ਮੇਰੀਆਂ ਧੀਆਂ ਨੂੰ ਧਰਤੀ ਦੀ ਹੱਦ ਤੋਂ।” ਇਸ ਸ਼ਾਸਤਰਵਚਨ ਦੀ ਅੱਜ ਪੂਰਬੀ ਯੂਰਪ ਵਿਚ ਕਮਾਲ ਦੀ ਪੂਰਤੀ ਹੋ ਰਹੀ ਹੈ। ਮੌਲਡੋਵਾ ਨਾਮਕ ਸਾਬਕਾ ਸਾਮਵਾਦੀ ਦੇਸ਼ ਦੀ ਮਿਸਾਲ ਲਓ। ਉੱਥੇ ਅਜਿਹੇ ਪਿੰਡ ਹਨ ਜਿੱਥੇ ਲਗਭਗ ਅੱਧੀ ਆਬਾਦੀ ਹੁਣ ਗਵਾਹ ਹਨ। ਉਨ੍ਹਾਂ ਨੂੰ ਪ੍ਰਚਾਰ ਕਰਨ ਲਈ ਖੇਤਰ ਦੀ ਭਾਲ ਵਿਚ ਦੂਰ-ਦੂਰ ਤਕ ਸਫ਼ਰ ਕਰਨਾ ਪੈਂਦਾ ਹੈ, ਤਾਂ ਵੀ ਉਹ ਜਤਨ ਕਰ ਰਹੇ ਹਨ! ਇਨ੍ਹਾਂ ਕਲੀਸਿਯਾਵਾਂ ਵਿਚ ਅਨੇਕ ਪ੍ਰਕਾਸ਼ਕ ਉਨ੍ਹਾਂ ਮਾਪਿਆਂ ਦੀ ਸੰਤਾਨ ਹਨ ਜੋ 1950 ਦੇ ਦਹਾਕੇ ਦੇ ਮੁਢਲੇ ਭਾਗ ਵਿਚ ਸਾਇਬੇਰੀਆ ਨੂੰ ਜਲਾਵਤਨ ਕੀਤੇ ਗਏ ਸਨ। ਹੁਣ ਉਨ੍ਹਾਂ ਦੇ ਪਰਿਵਾਰ ਵਾਢੀ ਕਾਰਜ ਵਿਚ ਅਗਵਾਈ ਕਰ ਰਹੇ ਹਨ। 12,565 ਪ੍ਰਕਾਸ਼ਕਾਂ ਵਿੱਚੋਂ, 1,917 ਨੇ ਇਸ ਬੀਤੇ ਸਾਲ ਵਿਚ ਬਪਤਿਸਮਾ ਲਿਆ। ਕਲੀਸਿਯਾਵਾਂ ਵਿੱਚੋਂ ਤਰਤਾਲੀ ਹਨ ਜਿਨ੍ਹਾਂ ਵਿਚ ਲਗਭਗ 150 ਪ੍ਰਕਾਸ਼ਕ ਹਨ, ਅਤੇ ਨਵੇਂ ਸੇਵਾ ਸਾਲ ਵਿਚ ਸਰਕਟਾਂ ਦੀ ਗਿਣਤੀ ਚਾਰ ਤੋਂ ਵੱਧ ਕੇ ਅੱਠ ਹੋ ਗਈ ਹੈ।
ਅਲਬਾਨੀਆ ਵਿਚ ਵੀ ਵਿਸਤਾਰ ਮਾਅਰਕੇ ਵਾਲਾ ਹੈ। ਉੱਥੇ ਥੋੜ੍ਹੇ ਜਿਹੇ ਨਿਸ਼ਠਾਵਾਨ ਗਵਾਹਾਂ ਨੇ ਕੁਝ 50 ਸਾਲਾਂ ਦੀ ਅਤਿਅੰਤ ਕਰੂਰ ਤਾਨਾਸ਼ਾਹੀ ਨੂੰ ਸਹਿਣ ਕੀਤਾ। ਉਨ੍ਹਾਂ ਵਿੱਚੋਂ ਕਈ ਮਾਰੇ ਵੀ ਗਏ। ਇਹ ਯਿਸੂ ਦੇ ਵਾਅਦੇ ਦੀ ਯਾਦ ਦਿਲਾਉਂਦਾ ਹੈ: “ਜਿਹੜੇ ਦੁਖ ਤੈਂ ਭੋਗਣੇ ਹਨ ਤੂੰ ਓਹਨਾਂ ਤੋਂ ਨਾ ਡਰੀਂ। ਵੇਖੋ, ਸ਼ਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ ਭਈ ਤੁਸੀਂ ਪਰਤਾਏ ਜਾਓ . . . ਤੂੰ ਮਰਨ ਤੋੜੀ ਵਫ਼ਾਦਾਰ ਰਹੁ ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ।” (ਪਰਕਾਸ਼ ਦੀ ਪੋਥੀ 2:10; ਨਾਲੇ ਦੇਖੋ ਯੂਹੰਨਾ 5:28, 29; 11:24, 25.) ਹੁਣ ਅਸੀਂ ਅਲਬਾਨੀਆ ਵਿਚ ਕੀ ਦੇਖਦੇ ਹਾਂ? ਸੱਚ-ਮੁੱਚ ਹੀ ਯਸਾਯਾਹ 60:22 ਵਿਚ ਪਾਏ ਜਾਂਦੇ ਯਹੋਵਾਹ ਦੇ ਵਾਅਦੇ ਦੀ ਸ਼ਾਨਦਾਰ ਪੂਰਤੀ: “ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ”! 1990 ਵਿਚ ਕੇਵਲ ਇਕ ਪ੍ਰਕਾਸ਼ਕ ਨੇ ਅਲਬਾਨੀਆ ਵਿਚ ਸੇਵਾ ਰਿਪੋਰਟ ਕੀਤੀ। ਲੇਕਿਨ, ਇਟਲੀ ਅਤੇ ਦੂਜੇ ਦੇਸ਼ਾਂ ਤੋਂ ਹੋਰ ‘ਵਾਢਿਆਂ’ ਨੇ ਯਿਸੂ ਦਾ ਇਹ ਸੱਦਾ ਸਵੀਕਾਰ ਕੀਤਾ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ . . . ਬਪਤਿਸਮਾ ਦਿਓ।” (ਮੱਤੀ 28:19; ਲੂਕਾ 10:2) 1996 ਵਿਚ ਯਿਸੂ ਦੀ ਮੌਤ ਦੇ ਸਮਾਰਕ ਤਕ, 773 ਪ੍ਰਕਾਸ਼ਕ ਖੇਤਰ ਸੇਵਾ ਵਿਚ ਸਕ੍ਰਿਆ ਸਨ, ਅਤੇ ਇਨ੍ਹਾਂ ਨੇ ਆਪਣੀਆਂ ਸਮਾਰਕ ਸਭਾਵਾਂ ਲਈ 6,523 ਵਿਅਕਤੀਆਂ ਨੂੰ ਇਕੱਠੇ ਕੀਤਾ, ਜੋ ਕਿ ਪ੍ਰਕਾਸ਼ਕਾਂ ਦੀ ਗਿਣਤੀ ਨਾਲੋਂ ਅੱਠ ਗੁਣਾ ਜ਼ਿਆਦਾ ਸੀ! ਨਿਖੜੇ ਖੇਤਰਾਂ ਤੋਂ ਅਚੰਭੇ ਦੀਆਂ ਹਾਜ਼ਰੀਆਂ ਦੀ ਰਿਪੋਰਟ ਮਿਲੀ। ਹਾਲਾਂਕਿ ਉੱਥੇ ਕੋਈ ਸਥਾਨਕ ਪ੍ਰਕਾਸ਼ਕ ਨਹੀਂ ਸਨ, ਕੂਕਸ ਅਤੇ ਦੀਵਯੇਕੇ ਨਾਮਕ ਸ਼ਹਿਰਾਂ ਵਿਚ ਕ੍ਰਮਵਾਰ 192 ਅਤੇ 230 ਹਾਜ਼ਰ ਸਨ। ਕਰੂਯੇ ਵਿਚ, ਜਿੱਥੇ ਕੇਵਲ ਇਕ ਹੀ ਪ੍ਰਕਾਸ਼ਕ ਹੈ, 212 ਹਾਜ਼ਰ ਹੋਏ। ਕੌਰਚੇ ਵਿਚ 30 ਪ੍ਰਕਾਸ਼ਕਾਂ ਨੇ 300 ਤੋਂ ਵੱਧ ਲੋਕਾਂ ਲਈ ਸਹੂਲਤਾਂ ਨੂੰ ਕਿਰਾਏ ਤੇ ਲਿਆ। ਜਦੋਂ ਆਡੀਟੋਰੀਅਮ ਵਿਚ ਇੰਨੇ ਲੋਕ ਭਰ ਗਏ, ਤਾਂ ਬਾਕੀ ਦੇ 200 ਨੂੰ ਵਾਪਸ ਮੋੜਨਾ ਪਿਆ, ਕਿਉਂਕਿ ਉੱਥੇ ਹੋਰ ਥਾਂ ਹੀ ਨਹੀਂ ਸੀ। ਸੱਚ-ਮੁੱਚ ਹੀ ਵਾਢੀ ਲਈ ਤਿਆਰ ਖੇਤ!
ਰੋਮਾਨੀਆ ਤੋਂ ਇਹ ਰਿਪੋਰਟ ਮਿਲੀ: “ਘਰ-ਘਰ ਕਾਰਜ ਕਰਦੇ ਸਮੇਂ, ਸਾਨੂੰ ਇਕ ਵਿਅਕਤੀ ਮਿਲਿਆ ਜਿਸ ਨੇ ਕਿਹਾ ਕਿ ਉਹ ਇਕ ਯਹੋਵਾਹ ਦਾ ਗਵਾਹ ਸੀ ਅਤੇ ਇਕ ਛੋਟੇ ਨਗਰ ਵਿਚ ਰਹਿੰਦਾ ਸੀ ਜਿੱਥੇ, ਸਾਡੀ ਜਾਣਕਾਰੀ ਦੇ ਅਨੁਸਾਰ, ਕੋਈ ਗਵਾਹ ਨਹੀਂ ਸਨ। ਉਸ ਨੇ ਸਾਨੂੰ ਦੱਸਿਆ ਕਿ ਉਸ ਤੋਂ ਇਲਾਵਾ ਉੱਥੇ ਹੋਰ 15 ਵਿਅਕਤੀ ਸਨ ਜੋ ਕਈ ਸਾਲਾਂ ਤੋਂ ਵੀਰਵਾਰ ਅਤੇ ਐਤਵਾਰ ਨੂੰ ਸਭਾਵਾਂ ਕਰਦੇ ਆਏ ਸਨ ਅਤੇ ਕਿ ਉਨ੍ਹਾਂ ਨੇ ਘਰ-ਘਰ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਅਗਲੇ ਦਿਨ ਅਸੀਂ ਉਸ ਨਗਰ ਨੂੰ ਗਏ। ਦੋ ਕਮਰਿਆਂ ਵਿਚ 15 ਆਦਮੀ, ਔਰਤਾਂ, ਅਤੇ ਬੱਚੇ ਸਾਡਾ ਇੰਤਜ਼ਾਰ ਕਰ ਰਹੇ ਸਨ ਜਿਨ੍ਹਾਂ ਨੇ 20 ਕਿਤਾਬਾਂ ਅਤੇ 20 ਨਵੀਨਤਮ ਰਸਾਲੇ ਸਵੀਕਾਰ ਕੀਤੇ। ਅਸੀਂ ਉਨ੍ਹਾਂ ਨੂੰ ਦਿਖਾਇਆ ਕਿ ਬਾਈਬਲ ਅਧਿਐਨ ਕਿਵੇਂ ਸੰਚਾਲਿਤ ਕਰੀਦੇ ਹਨ। ਅਸੀਂ ਇਕੱਠੇ ਮਿਲ ਕੇ ਗੀਤ ਗਾਏ ਅਤੇ ਉਨ੍ਹਾਂ ਦੇ ਸਭ ਤੋਂ ਅਹਿਮ ਸਵਾਲਾਂ ਦੇ ਜਵਾਬ ਦਿੱਤੇ। ਉਸ ਸਮੂਹ ਦੀ ਅਗਵਾਈ ਕਰ ਰਹੇ ਵਿਅਕਤੀ ਨੇ ਕਬੂਲ ਕੀਤਾ: ‘ਕੁਝ ਦਿਨ ਪਹਿਲਾਂ, ਮੈਂ ਅੱਥਰੂ ਬਹਾ-ਬਹਾ ਕੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਸਾਡੇ ਲਈ ਇਕ ਚਰਵਾਹਾ ਘੱਲੇ, ਅਤੇ ਮੇਰੀ ਪ੍ਰਾਰਥਨਾ ਸੁਣੀ ਗਈ ਹੈ।’ ਅਸੀਂ ਬਹੁਤ ਹੀ ਖ਼ੁਸ਼ ਸਨ, ਅਤੇ ਸਾਡੀ ਵਿਦਾਇਗੀ ਵੇਲੇ, ਉਸ ਨੇ ਇਕ ਅਨਾਥ ਵਾਂਗ ਜਿਸ ਨੂੰ ਆਖ਼ਰਕਾਰ ਪਿਉ ਮਿਲ ਗਿਆ ਹੋਵੇ, ਕਿਹਾ: ‘ਸਾਨੂੰ ਭੁੱਲ ਨਾ ਜਾਣਾ। ਸਾਨੂੰ ਦੁਬਾਰਾ ਮਿਲਣ ਲਈ ਜ਼ਰੂਰ ਆਉਣਾ!’ ਅਸੀਂ ਦੁਬਾਰਾ ਗਏ, ਅਤੇ ਹੁਣ ਉਸ ਨਗਰ ਵਿਚ ਸੱਤ ਬਾਈਬਲ ਅਧਿਐਨ ਸੰਚਾਲਿਤ ਕੀਤੇ ਜਾ ਰਹੇ ਹਨ। ਅਨੇਕ ਨਵੇਂ ਖੇਤਰਾਂ ਵਿਚ, ਇਹ ਕਾਰਜ ਬਾਈਬਲ ਸਾਹਿੱਤ, ਜਿਸ ਦੀ ਕਾਫ਼ੀ ਕਦਰ ਪਾਈ ਜਾਂਦੀ ਹੈ, ਨਾਲ ਸ਼ਾਨਦਾਰ ਤਰੀਕੇ ਵਿਚ ਸ਼ੁਰੂ ਹੁੰਦਾ ਹੈ, ਅਤੇ ਇਹ ਦਿਖਾਉਂਦਾ ਹੈ ਕਿ ਇਸ ਕਾਰਜ ਦਾ ਇਕ ਈਸ਼ਵਰੀ ਸ੍ਰੋਤ ਹੈ।”
[ਸਫ਼ੇ 12, 13 ਉੱਤੇ ਤਸਵੀਰਾਂ]
“ਕੌਮਾਂ ਦੀਆਂ ਮਨਭਾਉਦੀਆਂ ਵਸਤਾਂ” ਨੂੰ ਸਾਗਰ ਦੇ ਟਾਪੂਆਂ (1), ਦੱਖਣੀ ਅਮਰੀਕਾ (2), ਅਫ਼ਰੀਕਾ (3), ਏਸ਼ੀਆ (4), ਉਤਰੀ ਅਮਰੀਕਾ (5), ਅਤੇ ਯੂਰਪ (6) ਵਿਚ ਇਕੱਠਾ ਕੀਤਾ ਜਾ ਰਿਹਾ ਹੈ