ਮੂਲਵਾਦ ਇਹ ਕੀ ਹੈ?
ਮੂਲਵਾਦ ਕਿੱਥੋਂ ਸ਼ੁਰੂ ਹੋਇਆ ਸੀ? ਪਿਛਲੀ ਸਦੀ ਦੇ ਅੰਤ ਵਿਚ, ਉਦਾਰਵਾਦੀ ਧਰਮ-ਸ਼ਾਸਤਰੀ ਬਾਈਬਲ ਦੀ ਮੂਲ-ਪਾਠ ਆਲੋਚਨਾ ਅਤੇ ਕ੍ਰਮ-ਵਿਕਾਸ ਵਰਗੇ ਵਿਗਿਆਨਕ ਸਿਧਾਂਤਾਂ ਅਨੁਸਾਰ ਆਪਣੇ ਵਿਚਾਰਾਂ ਨੂੰ ਬਦਲ ਰਹੇ ਸਨ। ਨਤੀਜੇ ਵਜੋਂ, ਲੋਕਾਂ ਦਾ ਬਾਈਬਲ ਵਿਚ ਵਿਸ਼ਵਾਸ ਡੋਲ ਗਿਆ। ਸੰਯੁਕਤ ਰਾਜ ਅਮਰੀਕਾ ਵਿਚ ਰੂੜ੍ਹੀਵਾਦੀ ਧਾਰਮਿਕ ਨੇਤਾਵਾਂ ਨੇ ਪ੍ਰਤਿਕ੍ਰਿਆ ਵਿਚ ਉਹ ਸਿਧਾਂਤ ਸਥਾਪਿਤ ਕੀਤੇ ਜਿਨ੍ਹਾਂ ਨੂੰ ਉਹ ਨਿਹਚਾ ਦੇ ਮੂਲ ਸਿਧਾਂਤa ਕਹਿੰਦੇ ਸਨ। 20ਵੀਂ ਸਦੀ ਦੇ ਸ਼ੁਰੂ ਵਿਚ, ਉਨ੍ਹਾਂ ਨੇ ਇਨ੍ਹਾਂ ਮੂਲ ਸਿਧਾਂਤਾਂ ਦੀ ਚਰਚਾ ਮੂਲ ਸਿਧਾਂਤ: ਸੱਚਾਈ ਦੀ ਇਕ ਗਵਾਹੀ (ਦ ਫੰਡਾਮੈਂਟਲਸ: ਏ ਟੈਸਟੀਮੋਨੀ ਟੂ ਦ ਟਰੁੱਥ) ਸਿਰਲੇਖ ਅਧੀਨ ਖੰਡਾਂ ਦੀ ਲੜੀ ਵਿਚ ਪ੍ਰਕਾਸ਼ਿਤ ਕੀਤੀ। ਇਸ ਸਿਰਲੇਖ ਤੋਂ ਹੀ ਸ਼ਬਦ “fundamentalism” (“ਮੂਲਵਾਦ”) ਆਇਆ।
20ਵੀਂ ਸਦੀ ਦੇ ਪਹਿਲੇ ਅੱਧ ਵਿਚ, ਮੂਲਵਾਦ ਸਮੇਂ-ਸਮੇਂ ਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ। ਉਦਾਹਰਣ ਲਈ, 1925 ਵਿਚ, ਧਾਰਮਿਕ ਮੂਲਵਾਦੀਆਂ ਨੇ ਟੈਨਿਸੀ, ਯੂ.ਐੱਸ.ਏ., ਦੇ ਜੌਨ ਸਕੋਪਸ ਨਾਮ ਦੇ ਇਕ ਸਕੂਲ ਅਧਿਆਪਕ ਉੱਤੇ ਮੁਕੱਦਮਾ ਕਰ ਦਿੱਤਾ ਜੋ ਸਕੋਪਸ ਕੇਸ ਵਜੋਂ ਜਾਣਿਆ ਗਿਆ। ਉਸ ਦਾ ਅਪਰਾਧ? ਉਹ ਕ੍ਰਮ-ਵਿਕਾਸ ਦਾ ਸਿਧਾਂਤ ਪੜ੍ਹਾ ਰਿਹਾ ਸੀ, ਅਤੇ ਇਹ ਰਾਜ ਦੇ ਕਾਨੂੰਨ ਦੇ ਵਿਰੁੱਧ ਸੀ। ਉਨ੍ਹਾਂ ਦਿਨਾਂ ਵਿਚ, ਕੁਝ ਲੋਕ ਵਿਸ਼ਵਾਸ ਕਰਦੇ ਸਨ ਕਿ ਮੂਲਵਾਦ ਥੋੜ੍ਹ-ਚਿਰਾ ਹੋਵੇਗਾ। 1926 ਵਿਚ, ਕ੍ਰਿਸ਼ਚਨ ਸੈਂਚੁਅਰੀ, ਇਕ ਪ੍ਰੋਟੈਸਟੈਂਟ ਰਸਾਲੇ ਨੇ ਕਿਹਾ ਕਿ ਇਹ “ਖੋਖਲਾ ਅਤੇ ਬਣਾਵਟੀ” ਅਤੇ “ਰਚਨਾਤਮਕ ਪ੍ਰਾਪਤੀਆਂ ਜਾਂ ਕਾਇਮ ਰਹਿਣ ਦੇ ਗੁਣਾਂ ਤੋਂ ਪੂਰੀ ਤਰ੍ਹਾਂ ਵਾਂਝਾ” ਸੀ। ਉਹ ਅਨੁਮਾਨ ਕਿੰਨਾ ਗ਼ਲਤ ਸੀ!
1970 ਦੇ ਦਹਾਕੇ ਤੋਂ, ਮੂਲਵਾਦ ਲਗਾਤਾਰ ਖ਼ਬਰਾਂ ਦਾ ਵਿਸ਼ਾ ਬਣਿਆ ਰਿਹਾ ਹੈ। ਕੈਲੇਫ਼ੋਰਨੀਆ, ਯੂ.ਐੱਸ.ਏ., ਵਿਚ ਫੁੱਲਰ ਥੀਓਲਾਜੀਕਲ ਸੈਮੀਨਰੀ ਦੇ ਪ੍ਰੋਫ਼ੈਸਰ ਮੀਰੋਸਲਾਵ ਵੌਲਫ ਕਹਿੰਦਾ ਹੈ, “ਮੂਲਵਾਦ ਸਿਰਫ਼ ਕਾਇਮ ਹੀ ਨਹੀਂ ਰਿਹਾ, ਸਗੋਂ ਪ੍ਰਫੁੱਲਤ ਵੀ ਹੋਇਆ ਹੈ।” ਅੱਜ, ਸ਼ਬਦ “ਮੂਲਵਾਦ” ਸਿਰਫ਼ ਪ੍ਰੋਟੈਸਟੈਂਟ ਅੰਦੋਲਨਾਂ ਤੇ ਹੀ ਲਾਗੂ ਨਹੀਂ ਹੁੰਦਾ ਪਰੰਤੂ ਦੂਸਰੇ ਧਰਮਾਂ ਉੱਤੇ ਵੀ ਲਾਗੂ ਹੁੰਦਾ ਹੈ, ਜਿਵੇਂ ਕੈਥੋਲਿਕਵਾਦ, ਇਸਲਾਮ, ਯਹੂਦੀਵਾਦ, ਅਤੇ ਹਿੰਦੂਵਾਦ।
ਸਾਡੇ ਸਮਿਆਂ ਪ੍ਰਤੀ ਇਕ ਪ੍ਰਤਿਕ੍ਰਿਆ
ਮੂਲਵਾਦ ਦਾ ਫੈਲਾਉ ਕਿਉਂ? ਜੋ ਇਸ ਦਾ ਅਧਿਐਨ ਕਰਦੇ ਹਨ ਉਹ ਸਾਡੇ ਸਮਿਆਂ ਦੀ ਨੈਤਿਕ ਅਤੇ ਧਾਰਮਿਕ ਅਨਿਸ਼ਚਿਤਤਾ ਨੂੰ ਕੁਝ ਹੱਦ ਤਕ ਇਸ ਲਈ ਦੋਸ਼ੀ ਠਹਿਰਾਉਂਦੇ ਹਨ। ਪੁਰਾਣੇ ਸਮਿਆਂ ਵਿਚ ਜ਼ਿਆਦਾਤਰ ਸਮਾਜ ਪਰੰਪਰਾਗਤ ਵਿਸ਼ਵਾਸਾਂ ਤੇ ਆਧਾਰਿਤ ਨੈਤਿਕ ਨਿਸ਼ਚਿਤਤਾ ਦੇ ਵਾਤਾਵਰਣ ਵਿਚ ਰਹਿੰਦੇ ਸਨ। ਹੁਣ ਉਨ੍ਹਾਂ ਵਿਸ਼ਵਾਸਾਂ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਜਾਂ ਨਕਾਰਿਆ ਜਾਂਦਾ ਹੈ। ਬਹੁਤ ਸਾਰੇ ਬੁੱਧੀਜੀਵੀ ਦਾਅਵਾ ਕਰਦੇ ਹਨ ਕਿ ਪਰਮੇਸ਼ੁਰ ਨਹੀਂ ਹੈ ਅਤੇ ਕਿ ਇਸ ਉਦਾਸੀਨ ਵਿਸ਼ਵ-ਮੰਡਲ ਵਿਚ ਮਨੁੱਖ ਇਕੱਲਾ ਹੈ। ਬਹੁਤ ਸਾਰੇ ਵਿਗਿਆਨੀ ਸਿਖਾਉਂਦੇ ਹਨ ਕਿ ਮਾਨਵਜਾਤੀ ਸੰਜੋਗੀ ਕ੍ਰਮ-ਵਿਕਾਸ ਦਾ ਨਤੀਜਾ ਹੈ, ਨਾ ਕਿ ਪ੍ਰੇਮਮਈ ਸ੍ਰਿਸ਼ਟੀਕਰਤਾ ਦੇ ਕਾਰਜਾਂ ਦਾ। ਇਜਾਜ਼ਤੀ ਮਨੋਬਿਰਤੀ ਪ੍ਰਚਲਿਤ ਹੈ। ਸੰਸਾਰ ਵਿਚ ਸਮਾਜ ਦੇ ਸਾਰੇ ਪੱਧਰਾਂ ਤੇ ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਹੈ।—2 ਤਿਮੋਥਿਉਸ 3:4, 5, 13.
ਮੂਲਵਾਦੀ ਪੁਰਾਣੀਆਂ ਨਿਸ਼ਚਿਤਤਾਵਾਂ ਨੂੰ ਲੋਚਦੇ ਹਨ, ਅਤੇ ਉਨ੍ਹਾਂ ਵਿੱਚੋਂ ਕੁਝ ਆਪਣੇ ਸਮਾਜਾਂ ਅਤੇ ਕੌਮਾਂ ਨੂੰ ਉਨ੍ਹਾਂ ਨੀਹਾਂ ਤੇ ਵਾਪਸ ਲੈ ਜਾਣਾ ਚਾਹੁੰਦੇ ਹਨ ਜਿਨ੍ਹਾਂ ਨੂੰ ਉਹ ਉਪਯੁਕਤ ਨੈਤਿਕ ਅਤੇ ਸਿਧਾਂਤਕ ਨੀਂਹ ਮਹਿਸੂਸ ਕਰਦੇ ਹਨ। ਉਹ ਹਰ ਤਰੀਕੇ ਨਾਲ ਦੂਸਰਿਆਂ ਨੂੰ “ਸਹੀ” ਨੈਤਿਕ ਸੰਹਿਤਾ ਅਤੇ ਸਿਧਾਂਤਕ ਵਿਸ਼ਵਾਸਾਂ ਦੀ ਵਿਵਸਥਾ ਅਨੁਸਾਰ ਜੀਉਣ ਲਈ ਮਜਬੂਰ ਕਰਦੇ ਹਨ। ਇਕ ਮੂਲਵਾਦੀ ਪੱਕਾ ਯਕੀਨ ਕਰਦਾ ਹੈ ਕਿ ਉਹ ਠੀਕ ਹੈ ਅਤੇ ਦੂਸਰੇ ਗ਼ਲਤ ਹਨ। ਪ੍ਰੋਫ਼ੈਸਰ ਜੇਮਸ ਬਾਰ, ਆਪਣੀ ਕਿਤਾਬ ਮੂਲਵਾਦ (Fundamentalism) ਵਿਚ ਕਹਿੰਦਾ ਹੈ ਕਿ ਮੂਲਵਾਦ “ਅਕਸਰ ਇਕ ਵਿਰੋਧੀ ਅਤੇ ਨਿੰਦਾਤਮਕ ਸ਼ਬਦ ਵਿਚਾਰਿਆ ਜਾਂਦਾ ਹੈ, ਜੋ ਸੰਕੀਰਣਤਾ, ਕੱਟੜਤਾ, ਰੂੜ੍ਹੀਵਾਦ, ਅਤੇ ਸੰਪ੍ਰਦਾਇਕਤਾ ਵੱਲ ਸੰਕੇਤ ਕਰਦਾ ਹੈ।”
ਕਿਉਂਕਿ ਕੋਈ ਵੀ ਸੰਕੀਰਣ, ਕੱਟੜ, ਜਾਂ ਸੰਪ੍ਰਦਾਇਕ ਨਹੀਂ ਕਹਾਉਣਾ ਚਾਹੁੰਦਾ ਹੈ, ਸਾਰੇ ਸਹਿਮਤ ਨਹੀਂ ਹੁੰਦੇ ਕਿ ਕੌਣ ਮੂਲਵਾਦੀ ਹੈ ਅਤੇ ਕੌਣ ਨਹੀਂ ਹੈ। ਫਿਰ ਵੀ, ਕੁਝ ਪਹਿਲੂ ਹਨ ਜੋ ਧਾਰਮਿਕ ਮੂਲਵਾਦ ਦੀ ਪਛਾਣ ਕਰਵਾਉਂਦੇ ਹਨ।
ਮੂਲਵਾਦੀ ਨੂੰ ਪਛਾਣਨਾ
ਧਾਰਮਿਕ ਮੂਲਵਾਦ ਅਕਸਰ ਉਸ ਚੀਜ਼ ਨੂੰ ਜੋ ਇਕ ਸਭਿਆਚਾਰ ਦੀ ਮੂਲ ਪਰੰਪਰਾ ਜਾਂ ਧਾਰਮਿਕ ਵਿਸ਼ਵਾਸ ਮੰਨੀ ਜਾਂਦੀ ਹੈ, ਬਚਾਈ ਰੱਖਣ ਅਤੇ ਸੰਸਾਰ ਦੀ ਧਰਮ-ਨਿਰਪੇਖ ਆਤਮਾ ਦਾ ਵਿਰੋਧ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਇਸ ਦਾ ਇਹ ਅਰਥ ਨਹੀਂ ਹੈ ਕਿ ਮੂਲਵਾਦੀ ਸਭ ਆਧੁਨਿਕ ਚੀਜ਼ਾਂ ਦਾ ਵਿਰੋਧ ਕਰਦੇ ਹਨ। ਕੁਝ ਆਪਣੇ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਆਧੁਨਿਕ ਸੰਚਾਰ ਸਾਧਨਾਂ ਦਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਯੋਗ ਕਰਦੇ ਹਨ। ਪਰੰਤੂ ਉਹ ਸਮਾਜ ਦੀ ਧਰਮ-ਨਿਰਪੇਖਤਾ ਦੇ ਵਿਰੁੱਧ ਲੜਦੇ ਹਨ।b
ਕੁਝ ਮੂਲਵਾਦੀ, ਸਿਧਾਂਤਾਂ ਦੇ ਪਰੰਪਰਾਗਤ ਢਾਂਚੇ ਜਾਂ ਜੀਵਨ-ਢੰਗ ਨੂੰ ਸਿਰਫ਼ ਆਪਣੇ ਲਈ ਬਚਾਈ ਰੱਖਣ ਲਈ ਨਹੀਂ ਸਗੋਂ ਇਨ੍ਹਾਂ ਨੂੰ ਦੂਸਰਿਆਂ ਤੇ ਥੋਪਣ, ਸਮਾਜਕ ਢਾਂਚੇ ਨੂੰ ਬਦਲਣ ਲਈ ਵੀ ਦ੍ਰਿੜ੍ਹ ਹੁੰਦੇ ਹਨ, ਤਾਂਕਿ ਇਨ੍ਹਾਂ ਨੂੰ ਮੂਲਵਾਦੀਆਂ ਦੇ ਵਿਸ਼ਵਾਸਾਂ ਦੇ ਮੁਤਾਬਕ ਢਾਲਿਆ ਜਾ ਸਕੇ। ਇਸ ਲਈ ਇਕ ਕੈਥੋਲਿਕ ਮੂਲਵਾਦੀ ਗਰਭਪਾਤ ਨੂੰ ਕੇਵਲ ਰੱਦ ਹੀ ਨਹੀਂ ਕਰੇਗਾ। ਉਹ ਸੰਭਵ ਤੌਰ ਤੇ ਆਪਣੇ ਦੇਸ਼ ਦੇ ਵਿਧਾਨਕਾਰਾਂ ਉੱਤੇ ਗਰਭਪਾਤ ਨੂੰ ਗ਼ੈਰ-ਕਾਨੂੰਨੀ ਕਰਾਰ ਦੇਣ ਲਈ ਵੀ ਜ਼ੋਰ ਪਾਏਗਾ। ਪੋਲੈਂਡ ਵਿਚ, ਲਾ ਰੇਪੂਬਲੀਕਾ ਅਖ਼ਬਾਰ ਮੁਤਾਬਕ, ਗਰਭਪਾਤ ਵਿਰੋਧੀ ਕਾਨੂੰਨ ਪਾਸ ਕਰਵਾਉਣ ਲਈ, ਕੈਥੋਲਿਕ ਚਰਚ ਨੇ “ਇਕ ‘ਲੜਾਈ’ ਲੜੀ ਜਿਸ ਵਿਚ ਉਸ ਨੇ ਆਪਣੀ ਸਾਰੀ ਤਾਕਤ ਅਤੇ ਪ੍ਰਭਾਵ ਦਾ ਇਸਤੇਮਾਲ ਕੀਤਾ।” ਇਸ ਤਰ੍ਹਾਂ ਕਰਨ ਦੁਆਰਾ, ਚਰਚ ਅਧਿਕਾਰੀ ਮੂਲਵਾਦੀਆਂ ਦੀ ਤਰ੍ਹਾਂ ਕੰਮ ਕਰ ਰਹੇ ਸਨ। ਸੰਯੁਕਤ ਰਾਜ ਅਮਰੀਕਾ ਵਿਚ ਪ੍ਰੋਟੈਸਟੈਂਟ ਕ੍ਰਿਸ਼ਚਨ ਕਲੀਸ਼ਨ ਵੀ ਸਮਾਨ “ਲੜਾਈਆਂ” ਲੜਦੀ ਹੈ।
ਮੂਲਵਾਦੀ ਆਪਣੀਆਂ ਡੂੰਘੀਆਂ ਧਾਰਮਿਕ ਧਾਰਣਾਵਾਂ ਦੁਆਰਾ ਸਭ ਤੋਂ ਚੰਗੀ ਤਰ੍ਹਾਂ ਨਾਲ ਪਛਾਣੇ ਜਾਂਦੇ ਹਨ। ਇਸ ਲਈ, ਇਕ ਪ੍ਰੋਟੈਸਟੈਂਟ ਮੂਲਵਾਦੀ ਬਾਈਬਲ ਦੀ ਸ਼ਾਬਦਿਕ ਵਿਆਖਿਆ ਕਰਨ ਦਾ ਯਕੀਨੀ ਹਿਮਾਇਤੀ ਹੋਵੇਗਾ, ਜਿਸ ਦੇ ਵਿਸ਼ਵਾਸ ਵਿਚ ਸੰਭਵ ਤੌਰ ਤੇ ਸ਼ਾਮਲ ਹੋਵੇਗਾ ਕਿ ਧਰਤੀ ਦੀ ਸ੍ਰਿਸ਼ਟੀ ਛੇ ਸ਼ਾਬਦਿਕ ਦਿਨਾਂ ਵਿਚ ਕੀਤੀ ਗਈ ਸੀ। ਇਕ ਕੈਥੋਲਿਕ ਮੂਲਵਾਦੀ ਨੂੰ ਪੋਪ ਦੀ ਅਭੁੱਲਤਾ ਤੇ ਕੋਈ ਸ਼ੱਕ ਨਹੀਂ ਹੁੰਦਾ ਹੈ।
ਤਾਂ ਫਿਰ, ਇਹ ਸਮਝਣਯੋਗ ਹੈ ਕਿ ਕਿਉਂ ਸ਼ਬਦ “ਮੂਲਵਾਦ” ਤਰਕ-ਰਹਿਤ ਕੱਟੜਤਾ ਦੇ ਅਕਸ ਨੂੰ ਉਭਾਰਦਾ ਹੈ ਅਤੇ ਕਿਉਂ ਉਹ ਜਿਹੜੇ ਮੂਲਵਾਦੀ ਨਹੀਂ ਹਨ ਮੂਲਵਾਦ ਨੂੰ ਫੈਲਦਿਆਂ ਦੇਖ ਕੇ ਪਰੇਸ਼ਾਨ ਹੁੰਦੇ ਹਨ। ਵਿਅਕਤੀਗਤ ਤੌਰ ਤੇ, ਅਸੀਂ ਸ਼ਾਇਦ ਮੂਲਵਾਦੀਆਂ ਨਾਲ ਅਸਹਿਮਤ ਹੋਈਏ ਅਤੇ ਉਨ੍ਹਾਂ ਦੇ ਰਾਜਨੀਤਿਕ ਰਣਨੀਤੀਆਂ ਤੋਂ ਅਤੇ ਕਈ ਵਾਰ ਉਨ੍ਹਾਂ ਦੇ ਹਿੰਸਕ ਕੰਮਾਂ ਤੋਂ ਹੈਰਾਨ ਹੋਈਏ। ਅਸਲ ਵਿਚ, ਇਕ ਧਰਮ ਦੇ ਮੂਲਵਾਦੀ ਦੂਸਰੇ ਧਰਮ ਦੇ ਮੂਲਵਾਦੀਆਂ ਦੇ ਕੰਮਾਂ ਨੂੰ ਸ਼ਾਇਦ ਘਿਰਣਾਯੋਗ ਸਮਝਣ! ਅਜੇ ਵੀ ਬਹੁਤ ਸਾਰੇ ਸੋਚਵਾਨ ਲੋਕ ਉਨ੍ਹਾਂ ਚੀਜ਼ਾਂ ਬਾਰੇ ਚਿੰਤਾਵਾਨ ਹਨ ਜੋ ਮੂਲਵਾਦ ਦੇ ਫੈਲਾਉ ਨੂੰ ਉਕਸਾਉਂਦੀਆਂ ਹਨ—ਅਨੈਤਿਕਤਾ ਦਾ ਵਾਧਾ, ਨਿਹਚਾ ਦੀ ਘਾਟ, ਅਤੇ ਆਧੁਨਿਕ ਸਮਾਜ ਵਿਚ ਅਧਿਆਤਮਿਕਤਾ ਦੀ ਅਸਵੀਕ੍ਰਿਤੀ।
ਕੀ ਮੂਲਵਾਦ ਹੀ ਇਨ੍ਹਾਂ ਪ੍ਰਵਿਰਤੀਆਂ ਦਾ ਵਿਰੋਧ ਕਰਨ ਦਾ ਇੱਕੋ-ਇਕ ਤਰੀਕਾ ਹੈ? ਜੇਕਰ ਨਹੀਂ, ਤਾਂ ਦੂਜਾ ਤਰੀਕਾ ਕੀ ਹੈ?
[ਫੁਟਨੋਟ]
a 1895 ਵਿਚ ਪਰਿਭਾਸ਼ਿਤ ਕੀਤੇ ਗਏ ਮੂਲਵਾਦ ਦੇ ਕਥਿਤ ਪੰਜ ਨੁਕਤੇ ਸਨ “(1) ਸ਼ਾਸਤਰ ਦੀ ਸੰਪੂਰਣ ਪ੍ਰੇਰਨਾ ਅਤੇ ਅਚੂਕਤਾ; (2) ਯਿਸੂ ਮਸੀਹ ਦਾ ਦੇਵ ਸਰੂਪ; (3) ਮਸੀਹ ਦਾ ਕੁਆਰੀ ਤੋਂ ਜਨਮ; (4) ਸਲੀਬ ਉੱਤੇ ਮਸੀਹ ਦਾ ਪ੍ਰਤਿਸਥਾਪਕ ਪ੍ਰਾਸਚਿਤ; (5) ਮਸੀਹ ਦਾ ਸਰੀਰਕ ਪੁਨਰ-ਉਥਾਨ ਅਤੇ ਧਰਤੀ ਤੇ ਉਸ ਦੀ ਵਿਅਕਤੀਗਤ ਅਤੇ ਸਰੀਰਕ ਦੂਜੀ ਵਾਪਸੀ।”—ਸਟੂਡੀ ਡੀ ਟੇਓਲੋਜੀਆ (ਧਰਮ-ਸ਼ਾਸਤਰ ਦਾ ਅਧਿਐਨ)।
b “ਧਰਮ-ਨਿਰਪੇਖਤਾ” ਦਾ ਅਰਥ ਧਰਮ-ਨਿਰਪੇਖ ਚੀਜ਼ਾਂ ਤੇ ਜ਼ੋਰ ਦੇਣਾ ਹੈ, ਨਾ ਕਿ ਅਧਿਆਤਮਿਕ ਜਾਂ ਪਵਿੱਤਰ ਚੀਜ਼ਾਂ ਤੇ। ਧਰਮ-ਨਿਰਪੇਖਤਾ ਦਾ ਧਰਮ ਨਾਲ ਜਾਂ ਧਾਰਮਿਕ ਵਿਸ਼ਵਾਸਾਂ ਨਾਲ ਸੰਬੰਧ ਨਹੀਂ ਹੈ।
[ਸਫ਼ੇ 5 ਉੱਤੇ ਸੁਰਖੀ]
1926 ਵਿਚ ਇਕ ਪ੍ਰੋਟੈਸਟੈਂਟ ਰਸਾਲੇ ਨੇ ਮੂਲਵਾਦ ਦਾ ਵਰਣਨ “ਖੋਖਲਾ ਅਤੇ ਬਣਾਵਟੀ” ਅਤੇ “ਰਚਨਾਤਮਕ ਪ੍ਰਾਪਤੀਆਂ ਜਾਂ ਕਾਇਮ ਰਹਿਣ ਦੇ ਗੁਣਾਂ ਤੋਂ ਪੂਰੀ ਤਰ੍ਹਾਂ ਵਾਂਝਾ” ਵਜੋਂ ਕੀਤਾ