ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w97 3/1 ਸਫ਼ੇ 19-23
  • ਸਮਝ ਉੱਤੇ ਆਪਣਾ ਚਿੱਤ ਲਾਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਮਝ ਉੱਤੇ ਆਪਣਾ ਚਿੱਤ ਲਾਓ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਮਝ ਅਤੇ ਸਾਡੀ ਬੋਲੀ
  • ਸਮਝ ਅਤੇ ਸਾਡਾ ਆਚਰਣ
  • ਸਮਝ ਅਤੇ ਸਾਡਾ ਸੁਭਾਉ
  • ਸਮਝ ਅਤੇ ਸਾਡਾ ਪਰਿਵਾਰ
  • ਸਮਝ ਅਤੇ ਸਾਡਾ ਜੀਵਨ-ਮਾਰਗ
  • ਸਮਝ ਲਈ ਹਮੇਸ਼ਾ ਯਹੋਵਾਹ ਵੱਲ ਦੇਖੋ
  • ਅਧਿਆਤਮਿਕ ਸਮਝ ਨਾਲ ਭਰਪੂਰ
  • ਸਮਝ ਨੂੰ ਤੁਹਾਡੀ ਰਾਖੀ ਕਰਨ ਦਿਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • “ਬੁੱਧ ਯਹੋਵਾਹ ਹੀ ਦਿੰਦਾ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਯਿਸੂ ਵਾਂਗ ਦਲੇਰ ਅਤੇ ਸਮਝਦਾਰ ਬਣੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
w97 3/1 ਸਫ਼ੇ 19-23

ਸਮਝ ਉੱਤੇ ਆਪਣਾ ਚਿੱਤ ਲਾਓ

“ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ।”—ਕਹਾਉਤਾਂ 2:6.

1. ਅਸੀਂ ਸਮਝ ਉੱਤੇ ਆਪਣਾ ਚਿੱਤ ਕਿਵੇਂ ਲਾ ਸਕਦੇ ਹਾਂ?

ਯਹੋਵਾਹ ਸਾਡਾ ਮਹਾਨ ਗੁਰੂ ਹੈ। (ਯਸਾਯਾਹ 30:20, 21) ਪਰੰਤੂ ਉਸ ਦੇ ਬਚਨ ਵਿਚ ਪ੍ਰਗਟ ਕੀਤੇ ਗਏ “ਪਰਮੇਸ਼ੁਰ ਦੇ ਗਿਆਨ” ਤੋਂ ਲਾਭ ਉਠਾਉਣ ਲਈ ਸਾਨੂੰ ਕੀ ਕਰਨਾ ਪਵੇਗਾ? ਕਿਸੇ ਹੱਦ ਤਕ, ਸਾਨੂੰ ‘ਸਮਝ ਉੱਤੇ ਚਿੱਤ ਲਾਉਣਾ’ ਪਵੇਗਾ—ਇਸ ਗੁਣ ਨੂੰ ਵਿਕਸਿਤ ਕਰਨ ਅਤੇ ਪ੍ਰਦਰਸ਼ਿਤ ਕਰਨ ਦੀ ਦਿਲੀ ਇੱਛਾ ਰੱਖਣੀ ਪਵੇਗੀ। ਇੰਜ ਕਰਨ ਲਈ, ਸਾਨੂੰ ਪਰਮੇਸ਼ੁਰ ਵੱਲ ਦੇਖਣਾ ਪਵੇਗਾ, ਕਿਉਂਕਿ ਇਕ ਬੁੱਧਵਾਨ ਮਨੁੱਖ ਨੇ ਕਿਹਾ ਸੀ: “ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ।” (ਕਹਾਉਤਾਂ 2:1-6) ਗਿਆਨ, ਬੁੱਧ, ਅਤੇ ਸਮਝ ਕੀ ਹਨ?

2. (ੳ) ਗਿਆਨ ਕੀ ਹੈ? (ਅ) ਤੁਸੀਂ ਬੁੱਧ ਦੀ ਪਰਿਭਾਸ਼ਾ ਕਿਵੇਂ ਦਿਓਗੇ? (ੲ) ਸਮਝ ਕੀ ਹੈ?

2 ਤੱਥਾਂ ਬਾਰੇ ਜਾਣਕਾਰੀ ਨੂੰ ਗਿਆਨ ਕਹਿੰਦੇ ਹਨ ਜੋ ਤਜਰਬੇ, ਨਿਰੀਖਣ, ਜਾਂ ਅਧਿਐਨ ਦੁਆਰਾ ਹਾਸਲ ਹੁੰਦਾ ਹੈ। ਬੁੱਧ ਇਸ ਗਿਆਨ ਨੂੰ ਵਰਤੋਂ ਵਿਚ ਲਿਆਉਣ ਦੀ ਯੋਗਤਾ ਹੈ। (ਮੱਤੀ 11:19) ਰਾਜਾ ਸੁਲੇਮਾਨ ਨੇ ਬੁੱਧ ਦਿਖਾਈ ਜਦੋਂ ਦੋ ਤੀਵੀਆਂ ਨੇ ਇੱਕੋ ਬੱਚੇ ਉੱਤੇ ਆਪਣਾ ਹੱਕ ਜਤਾਇਆ ਅਤੇ ਉਸ ਨੇ ਝਗੜੇ ਨੂੰ ਨਿਬੇੜਨ ਲਈ ਇਕ ਮਾਂ ਦੀ ਆਪਣੇ ਬੱਚੇ ਪ੍ਰਤੀ ਮਮਤਾ ਬਾਰੇ ਆਪਣੇ ਗਿਆਨ ਨੂੰ ਇਸਤੇਮਾਲ ਕੀਤਾ। (1 ਰਾਜਿਆਂ 3:16-28) ਸਮਝ “ਸੂਝ-ਬੂਝ ਦੀ ਤੀਖਣਤਾ” ਹੈ। ਇਹ “ਮਨ ਦੀ ਸਮਰਥਾ ਜਾਂ ਯੋਗਤਾ ਹੈ ਜਿਸ ਦੁਆਰਾ ਇਹ ਦੋ ਚੀਜ਼ਾਂ ਵਿਚਕਾਰ ਭੇਦ ਦਰਸਾਉਂਦੀ ਹੈ।” (ਵੈਬਸਟਰਸ ਯੂਨੀਵਰਸਲ ਡਿਕਸ਼ਨਰੀ) ਯਹੋਵਾਹ ਆਪਣੇ ਪੁੱਤਰ ਰਾਹੀਂ ਸਾਨੂੰ ਇਹ ਸਮਝ ਦੇਵੇਗਾ, ਜੇਕਰ ਅਸੀਂ ਸਮਝ ਉੱਤੇ ਆਪਣਾ ਚਿੱਤ ਲਾਈਏ। (2 ਤਿਮੋਥਿਉਸ 2:1, 7) ਪਰੰਤੂ ਸਮਝ ਕਿਵੇਂ ਜੀਵਨ ਦੇ ਵਿਭਿੰਨ ਪਹਿਲੂਆਂ ਉੱਤੇ ਅਸਰ ਪਾ ਸਕਦੀ ਹੈ?

ਸਮਝ ਅਤੇ ਸਾਡੀ ਬੋਲੀ

3. ਤੁਸੀਂ ਕਹਾਉਤਾਂ 11:12, 13 ਨੂੰ ਕਿਵੇਂ ਸਮਝਾਓਗੇ ਅਤੇ “ਦਿਲ ਦੀ ਘਾਟ” ਹੋਣ ਦਾ ਕੀ ਅਰਥ ਹੈ?

3 ਸਮਝ ਇਹ ਅਹਿਸਾਸ ਕਰਨ ਵਿਚ ਸਾਡੀ ਮਦਦ ਕਰਦੀ ਹੈ ਕਿ “ਇੱਕ ਚੁੱਪ ਕਰਨ ਦਾ ਵੇਲਾ ਹੈ ਅਤੇ ਇੱਕ ਬੋਲਣ ਦਾ ਵੇਲਾ ਹੈ।” (ਉਪਦੇਸ਼ਕ ਦੀ ਪੋਥੀ 3:7) ਇਹ ਗੁਣ ਸਾਨੂੰ ਇਸ ਪੱਖੋਂ ਵੀ ਸਾਵਧਾਨ ਕਰਦਾ ਹੈ ਕਿ ਅਸੀਂ ਕੀ ਕੁਝ ਬੋਲਦੇ ਹਾਂ। ਕਹਾਉਤਾਂ 11:12, 13 ਬਿਆਨ ਕਰਦਾ ਹੈ: “ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਨਿਰਬੁੱਧ ਹੈ [“ਉਸ ਵਿਚ ਦਿਲ ਦੀ ਘਾਟ ਹੈ,” ਨਿ ਵ], ਪਰ ਬੁੱਧ ਵਾਲਾ ਪੁਰਸ਼ ਚੁੱਪ ਕਰ ਰਹਿੰਦਾ ਹੈ। ਬਕਵਾਸੀ ਛਿਪੀਆਂ ਗੱਲਾਂ ਨੂੰ ਪਰਗਟ ਕਰਦਾ ਹੈ, ਪਰ ਮਾਤਬਰ ਰੂਹ ਵਾਲਾ ਗੱਲ ਨੂੰ ਲੁਕੋ ਰੱਖਦਾ ਹੈ।” ਜੀ ਹਾਂ, ਜਿਹੜਾ ਆਦਮੀ ਜਾਂ ਔਰਤ ਦੂਸਰੇ ਨੂੰ ਤੁੱਛ ਜਾਣਦੀ ਹੈ, ਉਸ ਵਿਚ “ਦਿਲ ਦੀ ਘਾਟ” ਹੈ। ਕੋਸ਼ਕਾਰ ਵਿਲਹੇਲਮ ਗੇਜ਼ੇਨੀਉਸ ਦੇ ਅਨੁਸਾਰ, ਅਜਿਹਾ ਵਿਅਕਤੀ “ਸਮਝ-ਰਹਿਤ” ਹੁੰਦਾ ਹੈ। ਉਸ ਵਿਚ ਸੂਝ-ਬੂਝ ਦੀ ਕਮੀ ਹੈ, ਅਤੇ “ਦਿਲ” ਸ਼ਬਦ ਦੀ ਵਰਤੋਂ ਦਿਖਾਉਂਦੀ ਹੈ ਕਿ ਉਸ ਵਿਚ ਅੰਦਰੂਨੀ ਵਿਅਕਤੀ ਦੇ ਸਦਗੁਣਾਂ ਦੀ ਵੀ ਘਾਟ ਹੈ। ਜੇਕਰ ਮਸੀਹੀ ਹੋਣ ਦਾ ਦਾਅਵਾ ਕਰਦਾ ਇਕ ਵਿਅਕਤੀ ਆਪਣੀ ਗੱਪ-ਸ਼ੱਪ ਨੂੰ ਇਸ ਹੱਦ ਤਕ ਲੈ ਜਾਂਦਾ ਹੈ ਕਿ ਇਹ ਤੁਹਮਤ ਜਾਂ ਗਾਲ੍ਹਾਂ ਦਾ ਰੂਪ ਇਖ਼ਤਿਆਰ ਕਰ ਲੈਂਦੀ ਹੈ, ਤਾਂ ਨਿਯੁਕਤ ਬਜ਼ੁਰਗਾਂ ਨੂੰ ਕਲੀਸਿਯਾ ਵਿਚ ਇਸ ਹਾਨੀਕਾਰਕ ਸਥਿਤੀ ਨੂੰ ਸੁਧਾਰਨ ਲਈ ਕਾਰਵਾਈ ਕਰਨੀ ਚਾਹੀਦੀ ਹੈ।—ਲੇਵੀਆਂ 19:16; ਜ਼ਬੂਰ 101:5; 1 ਕੁਰਿੰਥੀਆਂ 5:11.

4. ਸਮਝਦਾਰ ਅਤੇ ਮਾਤਬਰ ਮਸੀਹੀ ਗੁਪਤ ਜਾਣਕਾਰੀ ਦਾ ਕੀ ਕਰਦੇ ਹਨ?

4 “ਦਿਲ ਦੀ ਘਾਟ” ਵਾਲਿਆਂ ਦੇ ਉਲਟ, ‘ਬੁੱਧ ਵਾਲੇ’ ਵਿਅਕਤੀ ਉਚਿਤ ਸਮੇਂ ਤੇ ਚੁੱਪ ਰਹਿੰਦੇ ਹਨ। ਉਹ ਭੇਦ ਨਹੀਂ ਖੋਲ੍ਹਦੇ ਹਨ। (ਕਹਾਉਤਾਂ 20:19) ਇਹ ਜਾਣਦੇ ਹੋਏ ਕਿ ਬੇਲਗਾਮ ਬੋਲੀ ਨੁਕਸਾਨ ਪਹੁੰਚਾ ਸਕਦੀ ਹੈ, ਸਮਝਦਾਰ ਵਿਅਕਤੀ “ਮਾਤਬਰ ਰੂਹ” ਦੇ ਮਾਲਕ ਹੁੰਦੇ ਹਨ। ਉਹ ਸੰਗੀ ਵਿਸ਼ਵਾਸੀਆਂ ਪ੍ਰਤੀ ਨਿਸ਼ਠਾਵਾਨ ਹੁੰਦੇ ਹਨ ਅਤੇ ਅਜਿਹੇ ਗੁਪਤ ਮਾਮਲਿਆਂ ਦਾ ਭੇਦ ਨਹੀਂ ਖੋਲ੍ਹਦੇ ਹਨ ਜਿਸ ਤੋਂ ਉਨ੍ਹਾਂ ਨੂੰ ਸ਼ਾਇਦ ਖ਼ਤਰਾ ਪਹੁੰਚੇ। ਜੇਕਰ ਸਮਝਦਾਰ ਮਸੀਹੀਆਂ ਨੂੰ ਕਲੀਸਿਯਾ ਸੰਬੰਧੀ ਕੋਈ ਗੁਪਤ ਜਾਣਕਾਰੀ ਹਾਸਲ ਹੁੰਦੀ ਹੈ, ਤਾਂ ਉਹ ਇਹ ਜਾਣਕਾਰੀ ਦੂਸਰਿਆਂ ਨੂੰ ਨਹੀਂ ਦਿੰਦੇ ਹਨ, ਜਦ ਤਾਈਂ ਯਹੋਵਾਹ ਦਾ ਸੰਗਠਨ ਇਸ ਨੂੰ ਆਪਣੇ ਤਰੀਕੇ ਨਾਲ ਪ੍ਰਕਾਸ਼ਨ ਰਾਹੀਂ ਗਿਆਤ ਨਹੀਂ ਕਰਵਾਉਂਦਾ ਹੈ।

ਸਮਝ ਅਤੇ ਸਾਡਾ ਆਚਰਣ

5. “ਮੂਰਖ” ਢਿੱਲੇ ਆਚਰਣ ਨੂੰ ਕਿਵੇਂ ਵਿਚਾਰਦੇ ਹਨ, ਅਤੇ ਕਿਉਂ?

5 ਬਾਈਬਲ ਕਹਾਵਤਾਂ ਸਾਨੂੰ ਸਮਝ ਇਸਤੇਮਾਲ ਕਰਨ ਅਤੇ ਅਨੁਚਿਤ ਆਚਰਣ ਤੋਂ ਬਚੇ ਰਹਿਣ ਲਈ ਮਦਦ ਕਰਦੀਆਂ ਹਨ। ਮਿਸਾਲ ਲਈ, ਕਹਾਉਤਾਂ 10:23 ਕਹਿੰਦਾ ਹੈ: “ਮੂਰਖ ਲਈ ਤਾਂ ਸ਼ਰਾਰਤ ਕਰਨੀ [“ਢਿੱਲਾ ਆਚਰਣ ਰੱਖਣਾ,” ਨਿ ਵ] ਹਾਸੇ ਦੀ ਗੱਲ ਹੈ, ਪਰ ਸਮਝ ਵਾਲੇ ਮਨੁੱਖ ਲਈ ਬੁੱਧ ਹੈ।” ਜਿਨ੍ਹਾਂ ਲਈ ਢਿੱਲਾ ਆਚਰਣ “ਹਾਸੇ ਦੀ ਗੱਲ” ਹੈ, ਉਹ ਆਪਣੇ ਮਾਰਗ ਦੀ ਬੁਰਾਈ ਪ੍ਰਤੀ ਅੰਨ੍ਹੇ ਹੁੰਦੇ ਹਨ ਅਤੇ ਉਹ ਨਹੀਂ ਮੰਨਦੇ ਕਿ ਸਾਰਿਆਂ ਨੇ ਪਰਮੇਸ਼ੁਰ ਨੂੰ ਲੇਖਾ ਦੇਣਾ ਹੈ। (ਰੋਮੀਆਂ 14:12) ਅਜਿਹੇ “ਮੂਰਖ” ਆਪਣੇ ਤਰਕ ਕਰਨ ਵਿਚ ਇਸ ਹੱਦ ਤਕ ਭਟਕ ਜਾਂਦੇ ਹਨ ਕਿ ਉਹ ਇਹ ਮੰਨਣ ਲੱਗਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਦਿਆਂ ਪਾਪਾਂ ਨੂੰ ਨਹੀਂ ਦੇਖਦਾ ਹੈ। ਆਪਣੇ ਕਰਮਾਂ ਦੁਆਰਾ, ਉਹ ਦਿਖਾਉਂਦੇ ਹਨ: “ਪਰਮੇਸ਼ੁਰ ਹੈ ਹੀ ਨਹੀਂ।” (ਜ਼ਬੂਰ 14:1-3; ਯਸਾਯਾਹ 29:15, 16) ਈਸ਼ਵਰੀ ਸਿਧਾਂਤਾਂ ਦੁਆਰਾ ਮਾਰਗ-ਦਰਸ਼ਿਤ ਨਾ ਹੋਣ ਦੇ ਕਾਰਨ, ਉਨ੍ਹਾਂ ਵਿਚ ਸਮਝ ਦੀ ਘਾਟ ਹੈ ਅਤੇ ਉਹ ਮਾਮਲਿਆਂ ਵਿਚ ਸਹੀ ਨਿਰਣਾ ਨਹੀਂ ਕਰ ਸਕਦੇ ਹਨ।—ਕਹਾਉਤਾਂ 28:5.

6. ਢਿੱਲਾ ਆਚਰਣ ਮੂਰਖਤਾ ਕਿਉਂ ਹੈ, ਅਤੇ ਜੇਕਰ ਅਸੀਂ ਸਮਝਦਾਰ ਹਾਂ, ਤਾਂ ਅਸੀਂ ਇਸ ਨੂੰ ਕਿਵੇਂ ਵਿਚਾਰਾਂਗੇ?

6 “ਸਮਝ ਵਾਲੇ ਮਨੁੱਖ” ਨੂੰ ਅਹਿਸਾਸ ਹੁੰਦਾ ਹੈ ਕਿ ਢਿੱਲਾ ਆਚਰਣ “ਹਾਸੇ ਦੀ ਗੱਲ,” ਅਰਥਾਤ ਇਕ ਖੇਡ ਨਹੀਂ ਹੈ। ਉਹ ਜਾਣਦਾ ਹੈ ਕਿ ਇਹ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰਦਾ ਹੈ ਅਤੇ ਉਸ ਨਾਲ ਸਾਡੇ ਸੰਬੰਧ ਨੂੰ ਤੋੜ ਸਕਦਾ ਹੈ। ਅਜਿਹਾ ਆਚਰਣ ਮੂਰਖਤਾ ਹੈ ਕਿਉਂਕਿ ਇਸ ਨਾਲ ਲੋਕੀ ਆਪਣਾ ਆਤਮ-ਸਨਮਾਨ ਗੁਆ ਬੈਠਦੇ ਹਨ, ਵਿਆਹ ਟੁੱਟ ਜਾਂਦੇ ਹਨ, ਮਨ ਤੇ ਸਰੀਰ ਦੋਹਾਂ ਨੂੰ ਨੁਕਸਾਨ ਪਹੁੰਚਦਾ ਹੈ, ਅਤੇ ਅਧਿਆਤਮਿਕਤਾ ਖ਼ਤਮ ਹੋ ਜਾਂਦੀ ਹੈ। ਤਾਂ ਫਿਰ, ਆਓ ਅਸੀਂ ਸਮਝ ਉੱਤੇ ਆਪਣਾ ਚਿੱਤ ਲਾਈਏ ਅਤੇ ਕਿਸੇ ਵੀ ਪ੍ਰਕਾਰ ਦੇ ਢਿੱਲੇ ਆਚਰਣ ਜਾਂ ਅਨੈਤਿਕਤਾ ਤੋਂ ਦੂਰ ਰਹੀਏ।—ਕਹਾਉਤਾਂ 5:1-23.

ਸਮਝ ਅਤੇ ਸਾਡਾ ਸੁਭਾਉ

7. ਕ੍ਰੋਧ ਦੇ ਕੁਝ ਸਰੀਰਕ ਅਸਰ ਕੀ ਹਨ?

7 ਸਮਝ ਉੱਤੇ ਆਪਣਾ ਚਿੱਤ ਲਾਉਣਾ ਸਾਨੂੰ ਆਪਣੇ ਸੁਭਾਉ ਉੱਤੇ ਕਾਬੂ ਪਾਉਣ ਲਈ ਵੀ ਮਦਦ ਕਰਦਾ ਹੈ। “ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ ਉਹ ਵੱਡਾ ਸਮਝ ਵਾਲਾ ਹੈ,” ਕਹਾਉਤਾਂ 14:29 ਕਹਿੰਦਾ ਹੈ, “ਪਰ ਤੱਤੀ ਤਬੀਅਤ ਵਾਲਾ ਮੂਰਖਤਾਈ ਨੂੰ ਉੱਚਾ ਕਰਦਾ ਹੈ।” ਇਕ ਸਮਝਦਾਰ ਵਿਅਕਤੀ ਵੱਲੋਂ ਬੇਕਾਬੂ ਕ੍ਰੋਧ ਤੋਂ ਪਰਹੇਜ਼ ਕਰਨ ਦੇ ਜਤਨਾਂ ਦਾ ਇਕ ਕਾਰਨ ਇਹ ਹੈ ਕਿ ਇਹ ਉਸ ਉੱਤੇ ਸਰੀਰਕ ਤੌਰ ਤੇ ਭੈੜਾ ਅਸਰ ਪਾਉਂਦਾ ਹੈ। ਇਹ ਬਲੱਡ-ਪ੍ਰੇਸ਼ਰ ਵਧਾਉਂਦਾ ਹੈ ਅਤੇ ਸਾਹ ਦੀਆਂ ਬੀਮਾਰੀਆਂ ਦਾ ਕਾਰਨ ਬਣਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕ੍ਰੋਧ ਅਤੇ ਤੈਸ਼ ਵਰਗੇ ਜਜ਼ਬੇ ਦਮਾ, ਚਮੜੀ ਰੋਗ, ਪਾਚਨ ਸੰਬੰਧੀ ਰੋਗ, ਅਤੇ ਨਾਸੂਰ ਵਰਗੀਆਂ ਬੀਮਾਰੀਆਂ ਨੂੰ ਬਦਤਰ ਬਣਾਉਂਦੇ ਹਨ ਜਾਂ ਇਨ੍ਹਾਂ ਦਾ ਕਾਰਨ ਬਣਦੇ ਹਨ।

8. ਬੇਸਬਰੇ ਹੋਣ ਕਾਰਨ ਕੀ ਹੋ ਸਕਦਾ ਹੈ, ਪਰੰਤੂ ਇਸ ਸੰਬੰਧ ਵਿਚ ਸਮਝ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

8 ਆਪਣੀ ਸਿਹਤ ਨੂੰ ਹਾਨੀ ਨਾ ਪਹੁੰਚਾਉਣਾ ਹੀ ਇੱਕੋ-ਇਕ ਕਾਰਨ ਨਹੀਂ ਕਿ ਕਿਉਂ ਸਾਨੂੰ ਸਮਝ ਵਰਤਣੀ ਚਾਹੀਦੀ ਹੈ ਅਤੇ “ਛੇਤੀ ਕ੍ਰੋਧ ਨਹੀਂ” ਕਰਨਾ ਚਾਹੀਦਾ ਹੈ। ਬੇਸਬਰੇ ਹੋਣ ਕਾਰਨ ਸਾਡੇ ਤੋਂ ਅਜਿਹੇ ਕੰਮ ਹੋ ਸਕਦੇ ਹਨ ਜਿਨ੍ਹਾਂ ਉੱਤੇ ਸਾਨੂੰ ਬਾਅਦ ਵਿਚ ਪਛਤਾਵਾ ਹੁੰਦਾ ਹੈ। ਸਮਝ ਸਾਨੂੰ ਇਹ ਵਿਚਾਰਨ ਲਈ ਪ੍ਰੇਰਦੀ ਹੈ ਕਿ ਬੇਲਗਾਮ ਬੋਲੀ ਜਾਂ ਜਲਦਬਾਜ਼ੀ ਨਾਲ ਉਠਾਏ ਗਏ ਕਦਮ ਦਾ ਕੀ ਨਤੀਜਾ ਹੋ ਸਕਦਾ ਹੈ ਅਤੇ ਸਿੱਟੇ ਵਜੋਂ ਸਾਨੂੰ ਕੋਈ ਮੂਰਖ ਕੰਮ ਕਰਨ ਦੁਆਰਾ ‘ਮੂਰਖਤਾਈ ਨੂੰ ਉੱਚਾ ਕਰਨ’ ਤੋਂ ਰੋਕਦੀ ਹੈ। ਖ਼ਾਸ ਕਰਕੇ ਸਮਝ ਸਾਨੂੰ ਇਹ ਅਹਿਸਾਸ ਕਰਨ ਵਿਚ ਮਦਦ ਕਰਦੀ ਹੈ ਕਿ ਕ੍ਰੋਧ ਸਾਡੀ ਸੋਚਣ-ਸ਼ਕਤੀ ਘਟਾ ਸਕਦਾ ਹੈ, ਜਿਸ ਕਰਕੇ ਅਸੀਂ ਚੰਗੀ ਸੂਝ-ਬੂਝ ਇਸਤੇਮਾਲ ਕਰਨ ਦੇ ਅਯੋਗ ਹੁੰਦੇ ਹਾਂ। ਇਹ ਈਸ਼ਵਰੀ ਇੱਛਾ ਪੂਰੀ ਕਰਨ ਅਤੇ ਪਰਮੇਸ਼ੁਰ ਦੇ ਧਾਰਮਿਕ ਸਿਧਾਂਤਾਂ ਅਨੁਸਾਰ ਜੀਉਣ ਦੀ ਸਾਡੀ ਯੋਗਤਾ ਨੂੰ ਕਮਜ਼ੋਰ ਕਰ ਦੇਵੇਗਾ। ਜੀ ਹਾਂ, ਬੇਕਾਬੂ ਕ੍ਰੋਧ ਨੂੰ ਖੁੱਲ੍ਹ ਦੇਣੀ ਅਧਿਆਤਮਿਕ ਤੌਰ ਤੇ ਹਾਨੀਕਾਰਕ ਹੈ। ਅਸਲ ਵਿਚ, “ਕ੍ਰੋਧ” ਨੂੰ ਉਨ੍ਹਾਂ ‘ਸਰੀਰ ਦੇ ਕੰਮਾਂ’ ਵਿਚ ਸ਼ਾਮਲ ਕੀਤਾ ਜਾਂਦਾ ਹੈ ਜੋ ਘਿਣਾਉਣੇ ਹਨ ਅਤੇ ਜੋ ਸਾਨੂੰ ਪਰਮੇਸ਼ੁਰ ਦੇ ਰਾਜ ਦੇ ਵਾਰਸ ਹੋਣ ਦੇ ਅਯੋਗ ਬਣਾਉਣਗੇ। (ਗਲਾਤੀਆਂ 5:19-21) ਤਾਂ ਫਿਰ, ਸਮਝਦਾਰ ਮਸੀਹੀਆਂ ਵਜੋਂ, ਆਓ ਅਸੀਂ ‘ਸੁਣਨ ਵਿੱਚ ਕਾਹਲੇ ਅਤੇ ਬੋਲਣ ਵਿੱਚ ਧੀਰੇ ਅਤੇ ਕ੍ਰੋਧ ਵਿੱਚ ਵੀ ਧੀਰੇ’ ਹੋਈਏ।—ਯਾਕੂਬ 1:19.

9. ਸਮਝ ਅਤੇ ਭਰਾਤਰੀ ਪ੍ਰੇਮ ਮਤਭੇਦਾਂ ਨੂੰ ਸੁਲਝਾਉਣ ਵਿਚ ਸਾਡੀ ਕਿਵੇਂ ਮਦਦ ਕਰ ਸਕਦੇ ਹਨ?

9 ਜੇਕਰ ਸਾਨੂੰ ਗੁੱਸਾ ਆਉਂਦਾ ਵੀ ਹੈ, ਤਾਂ ਸਮਝ ਸ਼ਾਇਦ ਸੁਝਾਏ ਕਿ ਸਾਨੂੰ ਝਗੜੇ ਤੋਂ ਬਚਣ ਲਈ ਚੁੱਪ ਰਹਿਣਾ ਚਾਹੀਦਾ ਹੈ। ਕਹਾਉਤਾਂ 17:27 ਕਹਿੰਦਾ ਹੈ: “ਗਿਆਨਵਾਨ ਘੱਟ ਬੋਲਦਾ ਹੈ, ਅਤੇ ਸਮਝ ਵਾਲਾ ਸ਼ੀਲ ਸੁਭਾਉ ਹੁੰਦਾ ਹੈ।” ਸਮਝ ਅਤੇ ਭਰਾਤਰੀ ਪ੍ਰੇਮ ਸਾਡੀ ਇਹ ਵੇਖਣ ਵਿਚ ਮਦਦ ਕਰਨਗੇ ਕਿ ਸਾਨੂੰ ਆਵੇਗ ਵਿਚ ਆ ਕੇ ਕੁਝ ਦੁਖਦਾਈ ਗੱਲ ਕਹਿਣ ਦੀ ਇੱਛਾ ਤੇ ਕਾਬੂ ਪਾਉਣਾ ਚਾਹੀਦਾ ਹੈ। ਜੇਕਰ ਅਸੀਂ ਪਹਿਲਾਂ ਹੀ ਗੁੱਸੇ ਵਿਚ ਕੁਝ ਚੰਗਾ-ਮੰਦਾ ਬੋਲ ਗਏ ਹਾਂ, ਤਾਂ ਪ੍ਰੇਮ ਅਤੇ ਨਿਮਰਤਾ ਸਾਨੂੰ ਮਾਫ਼ੀ ਮੰਗਣ ਅਤੇ ਸੁਲਾਹ-ਸਫ਼ਾਈ ਕਰਨ ਲਈ ਪ੍ਰੇਰਿਤ ਕਰਨਗੇ। ਪਰੰਤੂ ਫ਼ਰਜ਼ ਕਰੋ ਕਿ ਕਿਸੇ ਨੇ ਸਾਨੂੰ ਠੇਸ ਪਹੁੰਚਾਈ ਹੈ। ਤਾਂ ਫਿਰ ਆਓ ਅਸੀਂ ਸ਼ਾਂਤੀ ਕਾਇਮ ਰੱਖਣ ਦੇ ਮੁੱਖ ਉਦੇਸ਼ ਨਾਲ ਇਕਾਂਤ ਵਿਚ ਉਸ ਨਾਲ ਠੰਢੇ ਸੁਭਾਉ ਅਤੇ ਨਿਮਰਤਾ ਸਹਿਤ ਗੱਲਬਾਤ ਕਰੀਏ।—ਮੱਤੀ 5:23, 24; 18:15-17.

ਸਮਝ ਅਤੇ ਸਾਡਾ ਪਰਿਵਾਰ

10. ਬੁੱਧ ਅਤੇ ਸਮਝ ਦੀ ਪਰਿਵਾਰਕ ਜੀਵਨ ਵਿਚ ਕੀ ਭੂਮਿਕਾ ਹੈ?

10 ਪਰਿਵਾਰ ਦੇ ਜੀਆਂ ਨੂੰ ਬੁੱਧ ਅਤੇ ਸਮਝ ਦਿਖਾਉਣੀ ਚਾਹੀਦੀ ਹੈ, ਕਿਉਂਕਿ ਇਹ ਗੁਣ ਘਰਾਣੇ ਨੂੰ ਮਜ਼ਬੂਤ ਕਰਨਗੇ। ਕਹਾਉਤਾਂ 24:3, 4 ਕਹਿੰਦਾ ਹੈ: “ਬੁੱਧ ਨਾਲ ਘਰ ਬਣਾਈਦਾ ਹੈ, ਅਤੇ ਸਮਝ ਨਾਲ ਉਹ ਅਸਥਿਰ ਰਹਿੰਦਾ ਹੈ। ਗਿਆਨ ਦੇ ਰਾਹੀਂ ਉਹ ਦੀਆਂ ਕੋਠੜੀਆਂ ਸਭ ਪਰਕਾਰ ਦੇ ਅਣਮੁੱਲ ਅਤੇ ਮਨ ਭਾਉਂਦੇ ਪਦਾਰਥਾਂ ਨਾਲ ਭਰਦੀਆਂ ਹਨ।” ਬੁੱਧ ਅਤੇ ਸਮਝ, ਇਕ ਸਫ਼ਲ ਪਰਿਵਾਰਕ ਜੀਵਨ ਲਈ ਵਧੀਆ ਇਮਾਰਤੀ ਪੱਥਰ ਵਾਂਗ ਹਨ। ਸਮਝ ਮਸੀਹੀ ਮਾਪਿਆਂ ਦੀ ਮਦਦ ਕਰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਪਣੀਆਂ ਭਾਵਨਾਵਾਂ ਅਤੇ ਚਿੰਤਾਵਾਂ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਲਈ ਉਤਸ਼ਾਹਿਤ ਕਰਨ। ਇਕ ਸਮਝਦਾਰ ਵਿਅਕਤੀ ਵਿਚਾਰ-ਵਟਾਂਦਰਾ ਕਰਨ, ਸੁਣਨ ਅਤੇ ਆਪਣੇ ਵਿਆਹੁਤਾ ਸਾਥੀ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਨੂੰ ਸਮਝਣ ਦੀ ਯੋਗਤਾ ਰੱਖਦਾ ਹੈ।—ਕਹਾਉਤਾਂ 20:5.

11. ਇਕ ਸਮਝਦਾਰ ਵਿਆਹੁਤਾ ਤੀਵੀਂ ਕਿਵੇਂ ‘ਆਪਣਾ ਘਰ ਬਣਾ’ ਸਕਦੀ ਹੈ?

11 ਬੁੱਧ ਅਤੇ ਸਮਝ ਯਕੀਨਨ ਹੀ ਸੁਖੀ ਪਰਿਵਾਰਕ ਜੀਵਨ ਲਈ ਅਤਿ-ਜ਼ਰੂਰੀ ਹਨ। ਮਿਸਾਲ ਲਈ, ਕਹਾਉਤਾਂ 14:1 ਕਹਿੰਦਾ ਹੈ: “ਬੁੱਧਵਾਨ ਤੀਵੀਂ ਤਾਂ ਆਪਣਾ ਘਰ ਬਣਾਉਂਦੀ ਹੈ, ਪਰ ਮੂਰਖਣੀ ਆਪਣੀਂ ਹੀ ਹੱਥੀਂ ਉਹ ਨੂੰ ਢਾਹ ਦਿੰਦੀ ਹੈ।” ਇਕ ਬੁੱਧਵਾਨ ਤੇ ਸਮਝਦਾਰ ਵਿਆਹੁਤਾ ਤੀਵੀਂ ਜੋ ਉਚਿਤ ਤੌਰ ਤੇ ਆਪਣੇ ਪਤੀ ਦੇ ਅਧੀਨ ਰਹਿੰਦੀ ਹੈ, ਘਰਾਣੇ ਦੀ ਭਲਾਈ ਲਈ ਮਿਹਨਤ ਕਰੇਗੀ ਅਤੇ ਇਸ ਤਰ੍ਹਾਂ ਆਪਣੇ ਪਰਿਵਾਰ ਨੂੰ ਮਜ਼ਬੂਤ ਕਰਨ ਵਿਚ ਮਦਦ ਦੇਵੇਗੀ। ਇਕ ਗੱਲ ਜਿਹੜੀ ‘ਉਸ ਦਾ ਘਰ ਬਣਾਏਗੀ,’ ਉਹ ਇਹ ਹੈ ਕਿ ਉਹ ਹਮੇਸ਼ਾ ਆਪਣੇ ਪਤੀ ਬਾਰੇ ਚੰਗਾ ਬੋਲਦੀ ਹੈ ਅਤੇ ਇਸ ਤਰ੍ਹਾਂ ਉਸ ਪ੍ਰਤੀ ਦੂਸਰਿਆਂ ਦਾ ਆਦਰ ਵਧਾਉਂਦੀ ਹੈ। ਅਤੇ ਇਕ ਯੋਗ, ਸਮਝਦਾਰ ਪਤਨੀ ਜੋ ਯਹੋਵਾਹ ਦਾ ਸ਼ਰਧਾਮਈ ਭੈ ਰੱਖਦੀ ਹੈ, ਪ੍ਰਸ਼ੰਸਾ ਹਾਸਲ ਕਰਦੀ ਹੈ।—ਕਹਾਉਤਾਂ 12:4; 31:28, 30.

ਸਮਝ ਅਤੇ ਸਾਡਾ ਜੀਵਨ-ਮਾਰਗ

12. ਜਿਨ੍ਹਾਂ ਵਿਚ “ਦਿਲ ਦੀ ਘਾਟ” ਹੈ, ਉਹ ਮੂਰਖਤਾਈ ਨੂੰ ਕਿਵੇਂ ਵਿਚਾਰਦੇ ਹਨ, ਅਤੇ ਕਿਉਂ?

12 ਸਮਝ ਸਾਡੀ ਮਦਦ ਕਰਦੀ ਹੈ ਕਿ ਅਸੀਂ ਆਪਣੇ ਸਾਰੇ ਕੰਮਾਂ ਵਿਚ ਸਿੱਧੀ ਚਾਲ ਚਲੀਏ। ਇਸ ਦਾ ਸੰਕੇਤ ਕਹਾਉਤਾਂ 15:21 ਤੋਂ ਮਿਲਦਾ ਹੈ, ਜੋ ਕਹਿੰਦਾ ਹੈ: “ਨਿਰਬੁੱਧ [‘ਜਿਸ ਵਿਅਕਤੀ ਵਿਚ ਦਿਲ ਦੀ ਘਾਟ ਹੈ, ਉਹ,’ ਨਿ ਵ] ਮੂਰਖਤਾਈ ਤੋਂ ਅਨੰਦ ਹੁੰਦਾ ਹੈ, ਅਤੇ ਸਮਝ ਵਾਲਾ ਪੁਰਸ਼ ਸਿੱਧੀ ਚਾਲ ਚੱਲਦਾ ਹੈ।” ਸਾਨੂੰ ਇਸ ਕਹਾਵਤ ਨੂੰ ਕਿਵੇਂ ਸਮਝਣਾ ਚਾਹੀਦਾ ਹੈ? ਮੂਰਖਤਾਈ, ਜਾਂ ਬੇਵਕੂਫ਼ੀ ਦਾ ਮਾਰਗ ਬੇਸਮਝ ਆਦਮੀਆਂ, ਔਰਤਾਂ, ਅਤੇ ਨੌਜਵਾਨਾਂ ਲਈ ਆਨੰਦ ਦਾ ਕਾਰਨ ਹੁੰਦਾ ਹੈ। ਉਨ੍ਹਾਂ ਵਿਚ “ਦਿਲ ਦੀ ਘਾਟ,” ਅਰਥਾਤ ਚੰਗੀ ਨੀਅਤ ਦੀ ਕਮੀ ਹੈ, ਅਤੇ ਉਹ ਇੰਨੇ ਨਾਸਮਝ ਹਨ ਕਿ ਉਹ ਮੂਰਖਤਾਈ ਵਿਚ ਖ਼ੁਸ਼ੀ ਮਨਾਉਂਦੇ ਹਨ।

13. ਸੁਲੇਮਾਨ ਨੇ ਹਾਸੀ ਅਤੇ ਹੋਛੇਪਣ ਬਾਰੇ ਕਿਹੜੀ ਗੱਲ ਸਮਝੀ?

13 ਇਸਰਾਏਲ ਦੇ ਸਮਝਦਾਰ ਰਾਜਾ ਸੁਲੇਮਾਨ ਨੇ ਜਾਣਿਆ ਕਿ ਹੋਛਾਪਣ ਬਹੁਤ ਹੀ ਘੱਟ ਅਰਥ ਰੱਖਦਾ ਹੈ। ਉਸ ਨੇ ਕਬੂਲ ਕੀਤਾ: “ਮੈਂ ਆਪਣੇ ਮਨ ਵਿੱਚ ਆਖਿਆ ਭਈ ਆ, ਮੈਂ ਅਨੰਦ ਨਾਲ ਤੇਰਾ ਪਰਤਾਵਾ ਲਵਾਂਗਾ, ਸੋ ਸੁਖ ਭੋਗ, ਅਤੇ ਵੇਖੋ, ਇਹ ਭੀ ਵਿਅਰਥ ਸੀ। ਮੈਂ ਹਾਸੀ ਨੂੰ ਆਖਿਆ, ਤੂੰ ਕਮਲੀ ਹੈਂ, ਅਤੇ ਅਨੰਦ ਨੂੰ, ਇਹ ਕੀ ਕਰਦਾ ਹੈਂ?” (ਉਪਦੇਸ਼ਕ ਦੀ ਪੋਥੀ 2:1, 2) ਇਕ ਸਮਝਦਾਰ ਮਨੁੱਖ ਹੋਣ ਕਾਰਨ, ਸੁਲੇਮਾਨ ਨੇ ਪਾਇਆ ਕਿ ਕੇਵਲ ਹੁਲਾਸ ਅਤੇ ਹਾਸੀ ਤੋਂ ਸੰਤੋਖ ਨਹੀਂ ਮਿਲਦਾ ਹੈ, ਕਿਉਂਕਿ ਇਹ ਅਸਲੀ ਅਤੇ ਸਥਾਈ ਖ਼ੁਸ਼ੀ ਨਹੀਂ ਦਿੰਦੇ ਹਨ। ਹਾਸੀ ਸ਼ਾਇਦ ਕੁਝ ਸਮੇਂ ਲਈ ਸਾਨੂੰ ਆਪਣੀਆਂ ਸਮੱਸਿਆਵਾਂ ਭੁੱਲਣ ਵਿਚ ਮਦਦ ਕਰੇ, ਪਰੰਤੂ ਬਾਅਦ ਵਿਚ ਉਹ ਹੋਰ ਵੀ ਵਿਗੜ ਸਕਦੀਆਂ ਹਨ। ਸੁਲੇਮਾਨ ਉਚਿਤ ਤੌਰ ਤੇ ਹਾਸੀ ਨੂੰ “ਕਮਲੀ” ਕਹਿ ਸਕਦਾ ਸੀ। ਕਿਉਂ? ਕਿਉਂਕਿ ਬੇਸਮਝ ਹਾਸੀ ਚੰਗੀ ਸੂਝ-ਬੂਝ ਨੂੰ ਵਿਗਾੜ ਦਿੰਦੀ ਹੈ। ਇਸ ਦੇ ਕਾਰਨ ਅਸੀਂ ਬਹੁਤ ਗੰਭੀਰ ਮਾਮਲਿਆਂ ਨੂੰ ਵੀ ਮਜ਼ਾਕ ਸਮਝ ਸਕਦੇ ਹਾਂ। ਇਕ ਜੋਕਰ ਦੇ ਸ਼ਬਦਾਂ ਅਤੇ ਕਰਤੂਤਾਂ ਨਾਲ ਸੰਬੰਧਿਤ ਆਨੰਦ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਇਸ ਤੋਂ ਕੋਈ ਲਾਭ ਹਾਸਲ ਹੁੰਦਾ ਹੈ। ਹਾਸੀ ਅਤੇ ਹੁਲਾਸ ਨਾਲ ਸੁਲੇਮਾਨ ਦੇ ਤਜਰਬੇ ਦਾ ਅਰਥ ਸਮਝਣਾ, ਸਾਨੂੰ “ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ” ਬਣਨ ਤੋਂ ਰੋਕੇਗਾ।—2 ਤਿਮੋਥਿਉਸ 3:1, 4.

14. ਸਮਝ ਵਾਲਾ ਪੁਰਸ਼ ਕਿਵੇਂ “ਸਿੱਧੀ ਚਾਲ” ਚੱਲਦਾ ਹੈ?

14 ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਸਮਝ ਵਾਲਾ ਪੁਰਸ਼ “ਸਿੱਧੀ ਚਾਲ” ਚੱਲਦਾ ਹੈ? ਅਧਿਆਤਮਿਕ ਸਮਝ ਅਤੇ ਈਸ਼ਵਰੀ ਸਿਧਾਂਤਾਂ ਦੀ ਵਰਤੋਂ ਕਾਰਨ, ਲੋਕੀ ਇਕ ਨੇਕ ਅਤੇ ਸਿੱਧੇ ਮਾਰਗ ਉੱਤੇ ਚੱਲਦੇ ਹਨ। ਬਾਇੰਗਟਨ ਦਾ ਅਨੁਵਾਦ ਸਾਫ਼-ਸਾਫ਼ ਕਹਿੰਦਾ ਹੈ: “ਮੂਰਖਤਾ ਇਕ ਬੇਅਕਲ ਆਦਮੀ ਲਈ ਸੁਖ ਹੈ, ਪਰੰਤੂ ਅਕਲਮੰਦ ਆਦਮੀ ਸਿੱਧਾ ਚੱਲੇਗਾ।” “ਸਮਝ ਵਾਲਾ ਪੁਰਸ਼” ਆਪਣੇ ਪੈਰਾਂ ਲਈ ਸਿੱਧਾ ਰਾਹ ਤਿਆਰ ਕਰਦਾ ਹੈ ਅਤੇ ਸਹੀ ਤੇ ਗ਼ਲਤ ਵਿਚਕਾਰ ਭੇਦ ਕਰ ਸਕਦਾ ਹੈ ਕਿਉਂਕਿ ਉਹ ਪਰਮੇਸ਼ੁਰ ਦੇ ਬਚਨ ਨੂੰ ਆਪਣੇ ਜੀਵਨ ਵਿਚ ਲਾਗੂ ਕਰਦਾ ਹੈ।—ਇਬਰਾਨੀਆਂ 5:14; 12:12, 13.

ਸਮਝ ਲਈ ਹਮੇਸ਼ਾ ਯਹੋਵਾਹ ਵੱਲ ਦੇਖੋ

15. ਅਸੀਂ ਕਹਾਉਤਾਂ 2:6-9 ਤੋਂ ਕੀ ਸਿੱਖਦੇ ਹਾਂ?

15 ਜੀਵਨ ਵਿਚ ਇਕ ਖਰੇ ਮਾਰਗ ਤੇ ਚੱਲਣ ਲਈ, ਸਾਨੂੰ ਸਾਰਿਆਂ ਨੂੰ ਆਪਣੀ ਅਪੂਰਣਤਾ ਨੂੰ ਕਬੂਲਣ ਅਤੇ ਅਧਿਆਤਮਿਕ ਸਮਝ ਲਈ ਯਹੋਵਾਹ ਵੱਲ ਦੇਖਣ ਦੀ ਲੋੜ ਹੈ। ਕਹਾਉਤਾਂ 2:6-9 ਕਹਿੰਦਾ ਹੈ: “ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ। ਸਚਿਆਰਾਂ ਲਈ ਉਹ ਦਨਾਈ ਰੱਖ ਛੱਡਦਾ ਹੈ, ਜਿਹੜੇ ਖਰਿਆਈ ਨਾਲ ਚੱਲਦੇ ਹਨ ਉਨ੍ਹਾਂ ਲਈ ਉਹ ਢਾਲ ਹੈ, ਤਾਂ ਜੋ ਉਹ ਨਿਆਉਂ ਦੇ ਰਾਹਾਂ ਦੀ ਰਾਖੀ ਕਰੇ, ਅਤੇ ਆਪਣੇ ਭਗਤਾਂ ਦੇ ਰਾਹ ਦੀ ਰੱਛਿਆ ਕਰੇ। ਤਦ ਤੂੰ ਧਰਮ ਅਤੇ ਨਿਆਉਂ ਅਤੇ ਇਨਸਾਫ਼ ਨੂੰ, ਸਗੋਂ ਹਰੇਕ ਭਲੇ ਰਾਹ ਨੂੰ ਸਮਝੇਂਗਾ।”—ਤੁਲਨਾ ਕਰੋ ਯਾਕੂਬ 4:6.

16. ਯਹੋਵਾਹ ਦੇ ਵਿਰੁੱਧ ਕੋਈ ਬੁੱਧ, ਮੱਤ, ਜਾਂ ਸਲਾਹ ਕਿਉਂ ਨਹੀਂ ਹੈ?

16 ਯਹੋਵਾਹ ਉੱਤੇ ਆਪਣੀ ਨਿਰਭਰਤਾ ਨੂੰ ਕਬੂਲਦੇ ਹੋਏ, ਆਓ ਅਸੀਂ ਉਸ ਦੇ ਬਚਨ ਦਾ ਡੂੰਘਾ ਅਧਿਐਨ ਕਰਨ ਦੁਆਰਾ ਨਿਮਰਤਾ ਸਹਿਤ ਉਸ ਦੀ ਇੱਛਾ ਨੂੰ ਸਮਝਣ ਦਾ ਜਤਨ ਕਰੀਏ। ਉਸ ਕੋਲ ਪਰਮ-ਬੁੱਧ ਹੈ, ਅਤੇ ਉਸ ਦੀ ਸਲਾਹ ਹਮੇਸ਼ਾ ਲਾਭਦਾਇਕ ਹੁੰਦੀ ਹੈ। (ਯਸਾਯਾਹ 40:13; ਰੋਮੀਆਂ 11:34) ਦਰਅਸਲ, ਕੋਈ ਵੀ ਸਲਾਹ ਜੋ ਉਸ ਦੇ ਵਿਰੁੱਧ ਚੱਲੇ, ਵਿਅਰਥ ਹੈ। ਕਹਾਉਤਾਂ 21:30 ਬਿਆਨ ਕਰਦਾ ਹੈ: “ਕੋਈ ਬੁੱਧ, ਕੋਈ ਮੱਤ, ਕੋਈ ਸਲਾਹ ਨਹੀਂ, ਜੋ ਯਹੋਵਾਹ ਦੇ ਵਿਰੁੱਧ ਚੱਲੇ।” (ਤੁਲਨਾ ਕਰੋ ਕਹਾਉਤਾਂ 19:21.) ਕੇਵਲ ਅਧਿਆਤਮਿਕ ਸਮਝ ਹੀ, ਜੋ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਮੁਹੱਈਆ ਕੀਤੇ ਗਏ ਪ੍ਰਕਾਸ਼ਨਾਂ ਦੀ ਮਦਦ ਨਾਲ ਪਰਮੇਸ਼ੁਰ ਦੇ ਬਚਨ ਦੇ ਅਧਿਐਨ ਦੁਆਰਾ ਵਿਕਸਿਤ ਹੁੰਦੀ ਹੈ, ਸਾਡੀ ਮਦਦ ਕਰੇਗੀ ਕਿ ਅਸੀਂ ਜੀਵਨ ਵਿਚ ਸਹੀ ਮਾਰਗ ਉੱਤੇ ਚੱਲਦੇ ਰਹੀਏ। (ਮੱਤੀ 24:45-47) ਤਾਂ ਫਿਰ, ਆਓ ਅਸੀਂ ਯਹੋਵਾਹ ਦੀ ਸਲਾਹ ਅਨੁਸਾਰ ਆਪਣੇ ਜੀਵਨ ਨੂੰ ਚਲਾਈਏ, ਇਹ ਜਾਣਦੇ ਹੋਏ ਕਿ ਵਿਰੋਧੀ ਸਲਾਹ ਭਾਵੇਂ ਕਿੰਨੀ ਵੀ ਮੰਨਣਯੋਗ ਕਿਉਂ ਨਾ ਜਾਪਦੀ ਹੋਵੇ, ਇਹ ਯਹੋਵਾਹ ਦੇ ਬਚਨ ਵਿਰੁੱਧ ਖੜ੍ਹੀ ਨਹੀਂ ਰਹਿ ਸਕਦੀ।

17. ਗ਼ਲਤ ਸਲਾਹ ਦੇਣ ਦਾ ਕੀ ਨਤੀਜਾ ਹੋ ਸਕਦਾ ਹੈ?

17 ਜਿਹੜੇ ਸਮਝਦਾਰ ਮਸੀਹੀ ਸਲਾਹ ਦਿੰਦੇ ਹਨ, ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਲਾਹ ਪਰਮੇਸ਼ੁਰ ਦੇ ਬਚਨ ਉੱਤੇ ਪੱਕੀ ਤਰ੍ਹਾਂ ਨਾਲ ਆਧਾਰਿਤ ਹੋਣੀ ਚਾਹੀਦੀ ਹੈ ਅਤੇ ਕਿ ਕਿਸੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਬਾਈਬਲ ਅਧਿਐਨ ਅਤੇ ਮਨਨ ਕਰਨ ਦੀ ਲੋੜ ਹੁੰਦੀ ਹੈ। (ਕਹਾਉਤਾਂ 15:28) ਗੰਭੀਰ ਮਾਮਲਿਆਂ ਬਾਰੇ ਸਵਾਲਾਂ ਦੇ ਗ਼ਲਤ ਜਵਾਬ ਦੇਣ ਤੋਂ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਲਈ, ਮਸੀਹੀ ਬਜ਼ੁਰਗਾਂ ਨੂੰ ਅਧਿਆਤਮਿਕ ਸਮਝ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਯਹੋਵਾਹ ਦੀ ਅਗਵਾਈ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਦੋਂ ਉਹ ਸੰਗੀ ਵਿਸ਼ਵਾਸੀਆਂ ਦੀ ਅਧਿਆਤਮਿਕ ਰੂਪ ਵਿਚ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ।

ਅਧਿਆਤਮਿਕ ਸਮਝ ਨਾਲ ਭਰਪੂਰ

18. ਜੇਕਰ ਕਲੀਸਿਯਾ ਵਿਚ ਕੋਈ ਸਮੱਸਿਆ ਪੈਦਾ ਹੋਵੇ, ਤਾਂ ਸਮਝ ਸਾਨੂੰ ਆਪਣਾ ਅਧਿਆਤਮਿਕ ਸੰਤੁਲਨ ਬਣਾਈ ਰੱਖਣ ਵਿਚ ਕਿਵੇਂ ਮਦਦ ਕਰ ਸਕਦੀ ਹੈ?

18 ਯਹੋਵਾਹ ਨੂੰ ਖ਼ੁਸ਼ ਕਰਨ ਲਈ, ਸਾਨੂੰ “ਸਾਰੀਆਂ ਗੱਲਾਂ ਦੀ ਸਮਝ” ਦੀ ਲੋੜ ਹੈ। (2 ਤਿਮੋਥਿਉਸ 2:7) ਬਾਈਬਲ ਦਾ ਉਤਸ਼ਾਹਪੂਰਣ ਅਧਿਐਨ ਕਰਨ ਅਤੇ ਪਰਮੇਸ਼ੁਰ ਦੀ ਆਤਮਾ ਅਤੇ ਸੰਗਠਨ ਦੇ ਨਿਰਦੇਸ਼ਨ ਦੀ ਪਾਲਣਾ ਕਰਨ ਨਾਲ ਅਸੀਂ ਇਹ ਸਮਝਣ ਵਿਚ ਮਦਦ ਹਾਸਲ ਕਰਾਂਗੇ ਕਿ ਉਨ੍ਹਾਂ ਹਾਲਤਾਂ ਵਿਚ ਕੀ ਕਰਨਾ ਚਾਹੀਦਾ ਹੈ ਜੋ ਸਾਨੂੰ ਕੁਰਾਹੇ ਪਾ ਸਕਦੀਆਂ ਹਨ। ਫ਼ਰਜ਼ ਕਰੋ ਕਿ ਕਲੀਸਿਯਾ ਵਿਚ ਕਿਸੇ ਮਾਮਲੇ ਨੂੰ ਉਸ ਤਰ੍ਹਾਂ ਨਹੀਂ ਨਿਪਟਾਇਆ ਜਾਂਦਾ ਹੈ ਜਿਸ ਤਰ੍ਹਾਂ ਕਿ ਸਾਡੇ ਖ਼ਿਆਲ ਵਿਚ ਨਿਪਟਾਇਆ ਜਾਣਾ ਚਾਹੀਦਾ ਸੀ। ਅਧਿਆਤਮਿਕ ਸਮਝ ਸਾਨੂੰ ਇਹ ਦੇਖਣ ਵਿਚ ਮਦਦ ਕਰੇਗੀ ਕਿ ਇਹ ਯਹੋਵਾਹ ਦੇ ਲੋਕਾਂ ਨਾਲ ਸੰਗਤ ਕਰਨੋਂ ਰੁਕਣ ਅਤੇ ਪਰਮੇਸ਼ੁਰ ਦੀ ਸੇਵਾ ਛੱਡਣ ਦਾ ਕੋਈ ਕਾਰਨ ਨਹੀਂ ਹੈ। ਯਹੋਵਾਹ ਦੀ ਸੇਵਾ ਕਰਨ ਦੇ ਆਪਣੇ ਵਿਸ਼ੇਸ਼-ਸਨਮਾਨ ਬਾਰੇ, ਅਧਿਆਤਮਿਕ ਆਜ਼ਾਦੀ ਦੇ ਆਨੰਦ ਬਾਰੇ, ਅਤੇ ਰਾਜ ਘੋਸ਼ਕਾਂ ਵਜੋਂ ਆਪਣੀ ਸੇਵਕਾਈ ਤੋਂ ਹਾਸਲ ਹੋਣ ਵਾਲੀ ਖ਼ੁਸ਼ੀ ਬਾਰੇ ਸੋਚੋ। ਭਾਵੇਂ ਦੂਸਰੇ ਵਿਅਕਤੀ ਜੋ ਮਰਜ਼ੀ ਕਰਨ, ਅਧਿਆਤਮਿਕ ਸਮਝ ਸਾਨੂੰ ਸਹੀ ਨਜ਼ਰੀਆ ਰੱਖਣ ਅਤੇ ਇਹ ਅਹਿਸਾਸ ਕਰਨ ਦੇ ਯੋਗ ਬਣਾਉਂਦੀ ਹੈ ਕਿ ਅਸੀਂ ਪਰਮੇਸ਼ੁਰ ਨੂੰ ਸਮਰਪਿਤ ਹਾਂ ਅਤੇ ਸਾਨੂੰ ਉਸ ਨਾਲ ਆਪਣੇ ਸੰਬੰਧ ਨੂੰ ਕੀਮਤੀ ਸਮਝਣਾ ਚਾਹੀਦਾ ਹੈ। ਜੇਕਰ ਸਮੱਸਿਆ ਨਿਪਟਾਉਣ ਵਿਚ ਅਸੀਂ ਦੈਵ-ਸ਼ਾਸਕੀ ਤੌਰ ਤੇ ਕੁਝ ਵੀ ਨਹੀਂ ਕਰ ਸਕਦੇ ਹਾਂ, ਤਾਂ ਸਾਨੂੰ ਧੀਰਜ ਨਾਲ ਯਹੋਵਾਹ ਵੱਲੋਂ ਹਾਲਾਤ ਨੂੰ ਸੁਧਾਰਨ ਦੀ ਉਡੀਕ ਕਰਨੀ ਚਾਹੀਦੀ ਹੈ। ਹਾਰ ਮੰਨਣ ਜਾਂ ਨਿਰਾਸ਼ਾ ਅੱਗੇ ਝੁਕਣ ਦੀ ਬਜਾਇ, ਆਓ ਅਸੀਂ ‘ਪਰਮੇਸ਼ੁਰ ਉੱਤੇ ਆਸ਼ਾ ਰੱਖੀਏ।’—ਜ਼ਬੂਰ 42:5, 11.

19. (ੳ) ਫ਼ਿਲਿੱਪੀਆਂ ਨਿਮਿੱਤ ਪੌਲੁਸ ਦੀ ਪ੍ਰਾਰਥਨਾ ਦਾ ਸਾਰ ਕੀ ਸੀ? (ਅ) ਜੇਕਰ ਅਸੀਂ ਕਿਸੇ ਗੱਲ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਸਮਝਦੇ ਹਾਂ, ਤਾਂ ਸਮਝ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

19 ਅਧਿਆਤਮਿਕ ਸਮਝ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਪ੍ਰਤੀ ਨਿਸ਼ਠਾਵਾਨ ਰਹਿਣ ਵਿਚ ਸਾਡੀ ਮਦਦ ਕਰਦੀ ਹੈ। ਪੌਲੁਸ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਦੱਸਿਆ: “ਮੈਂ ਲਗਾਤਾਰ ਇਹ ਪ੍ਰਾਰਥਨਾ ਕਰਦਾ ਹਾਂ, ਕਿ ਤੁਹਾਡਾ ਪ੍ਰੇਮ ਯਥਾਰਥ ਗਿਆਨ ਅਤੇ ਪੂਰੀ ਸਮਝ ਨਾਲ ਹੋਰ ਵਧੇਰੇ ਵਧਦਾ ਜਾਵੇ; ਕਿ ਤੁਸੀਂ ਜ਼ਿਆਦਾ ਮਹੱਤਵਪੂਰਣ ਗੱਲਾਂ ਨੂੰ ਨਿਸ਼ਚਿਤ ਕਰੋ, ਤਾਂ ਜੋ ਤੁਸੀਂ ਮਸੀਹ ਦੇ ਦਿਨ ਤਾਈਂ ਬੇਦਾਗ ਹੋਵੋ ਅਤੇ ਦੂਸਰਿਆਂ ਨੂੰ ਠੋਕਰ ਨਾ ਖੁਆਓ।” (ਫ਼ਿਲਿੱਪੀਆਂ 1:9, 10, ਨਿ ਵ) ਸਹੀ ਤਰੀਕੇ ਨਾਲ ਤਰਕ ਕਰਨ ਲਈ, ਸਾਨੂੰ “ਯਥਾਰਥ ਗਿਆਨ ਅਤੇ ਪੂਰੀ ਸਮਝ” ਦੀ ਲੋੜ ਹੈ। ਇੱਥੇ “ਸਮਝ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ “ਸੰਵੇਦੀ ਨੈਤਿਕ ਬੋਧ” ਨੂੰ ਸੂਚਿਤ ਕਰਦਾ ਹੈ। ਜਦੋਂ ਅਸੀਂ ਕੁਝ ਸਿੱਖਦੇ ਹਾਂ, ਤਾਂ ਅਸੀਂ ਇਹ ਸਮਝਣਾ ਚਾਹੁੰਦੇ ਹਾਂ ਕਿ ਇਸ ਗੱਲ ਦਾ ਪਰਮੇਸ਼ੁਰ ਅਤੇ ਮਸੀਹ ਨਾਲ ਕੀ ਸੰਬੰਧ ਹੈ ਅਤੇ ਇਸ ਉੱਤੇ ਮਨਨ ਕਰਨਾ ਚਾਹੁੰਦੇ ਹਾਂ ਕਿ ਇਹ ਯਹੋਵਾਹ ਦੇ ਵਿਅਕਤਿੱਤਵ ਅਤੇ ਪ੍ਰਬੰਧਾਂ ਲਈ ਕਿਵੇਂ ਆਦਰ ਵਧਾਉਂਦਾ ਹੈ। ਇਹ ਇਸ ਗੱਲ ਬਾਰੇ ਸਾਡੀ ਸਮਝ ਅਤੇ ਕਦਰ ਨੂੰ ਵਧਾਉਂਦਾ ਹੈ ਕਿ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਨੇ ਸਾਡੇ ਲਈ ਕੀ ਕੁਝ ਕੀਤਾ ਹੈ। ਜੇਕਰ ਅਸੀਂ ਕਿਸੇ ਗੱਲ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਸਮਝਦੇ ਹਾਂ, ਤਾਂ ਸਮਝ ਇਹ ਅਹਿਸਾਸ ਕਰਨ ਵਿਚ ਸਾਡੀ ਮਦਦ ਕਰੇਗੀ ਕਿ ਅਸੀਂ ਪਰਮੇਸ਼ੁਰ, ਮਸੀਹ, ਅਤੇ ਈਸ਼ਵਰੀ ਮਕਸਦ ਬਾਰੇ ਜੋ ਵੀ ਮਹੱਤਵਪੂਰਣ ਗੱਲਾਂ ਸਿੱਖੀਆਂ ਹਨ, ਉਨ੍ਹਾਂ ਵਿਚ ਸਾਨੂੰ ਨਿਹਚਾ ਨਹੀਂ ਤਿਆਗਣੀ ਚਾਹੀਦੀ ਹੈ।

20. ਅਸੀਂ ਅਧਿਆਤਮਿਕ ਸਮਝ ਨਾਲ ਕਿਵੇਂ ਭਰਪੂਰ ਹੋ ਸਕਦੇ ਹਾਂ?

20 ਜੇਕਰ ਅਸੀਂ ਹਮੇਸ਼ਾ ਆਪਣੇ ਵਿਚਾਰਾਂ ਅਤੇ ਕੰਮਾਂ ਨੂੰ ਪਰਮੇਸ਼ੁਰ ਦੇ ਬਚਨ ਅਨੁਸਾਰ ਢਾਲੀਏ, ਤਾਂ ਅਸੀਂ ਅਧਿਆਤਮਿਕ ਸਮਝ ਨਾਲ ਭਰਪੂਰ ਹੋਵਾਂਗੇ। (2 ਕੁਰਿੰਥੀਆਂ 13:5) ਉਸਾਰੂ ਤਰੀਕੇ ਨਾਲ ਇੰਜ ਕਰਨਾ, ਸਾਨੂੰ ਆਪਣੀ ਰਾਇ ਠੋਸਣ ਅਤੇ ਦੂਜਿਆਂ ਪ੍ਰਤੀ ਆਲੋਚਨਾਤਮਕ ਹੋਣ ਦੀ ਬਜਾਇ ਨਿਮਰ ਬਣਨ ਵਿਚ ਸਾਡੀ ਮਦਦ ਕਰੇਗਾ। ਸਮਝ ਸਾਡੀ ਮਦਦ ਕਰੇਗੀ ਕਿ ਅਸੀਂ ਤਾੜਨਾ ਤੋਂ ਲਾਭ ਹਾਸਲ ਕਰੀਏ ਅਤੇ ਵੱਧ ਮਹੱਤਵਪੂਰਣ ਚੀਜ਼ਾਂ ਨੂੰ ਨਿਸ਼ਚਿਤ ਕਰੀਏ। (ਕਹਾਉਤਾਂ 3:7) ਤਾਂ ਫਿਰ, ਯਹੋਵਾਹ ਨੂੰ ਖ਼ੁਸ਼ ਕਰਨ ਦੀ ਇੱਛਾ ਰੱਖਦੇ ਹੋਏ, ਆਓ ਅਸੀਂ ਉਸ ਦੇ ਬਚਨ ਦੇ ਯਥਾਰਥ ਗਿਆਨ ਨਾਲ ਭਰਪੂਰ ਹੋਣ ਦਾ ਜਤਨ ਕਰੀਏ। ਇਹ ਸਾਨੂੰ ਸਹੀ ਅਤੇ ਗ਼ਲਤ ਵਿਚਕਾਰ ਭੇਦ ਕਰਨ, ਇਹ ਨਿਸ਼ਚਿਤ ਕਰਨ ਕਿ ਕਿਹੜੀਆਂ ਚੀਜ਼ਾਂ ਸੱਚ-ਮੁੱਚ ਮਹੱਤਵਪੂਰਣ ਹਨ, ਅਤੇ ਯਹੋਵਾਹ ਨਾਲ ਆਪਣੇ ਕੀਮਤੀ ਸੰਬੰਧ ਨੂੰ ਨਿਸ਼ਠਾ ਨਾਲ ਬਣਾਈ ਰੱਖਣ ਦੇ ਯੋਗ ਬਣਾਏਗਾ। ਇਹ ਸਭ ਕੁਝ ਸੰਭਵ ਹੈ ਜੇਕਰ ਅਸੀਂ ਸਮਝ ਉੱਤੇ ਆਪਣਾ ਚਿੱਤ ਲਾਉਂਦੇ ਹਾਂ। ਪਰੰਤੂ, ਕਿਸੇ ਹੋਰ ਚੀਜ਼ ਦੀ ਵੀ ਲੋੜ ਹੈ। ਇਹ ਜ਼ਰੂਰੀ ਹੈ ਕਿ ਅਸੀਂ ਸਮਝ ਨੂੰ ਸਾਡੀ ਰਾਖੀ ਕਰਨ ਦੇਈਏ।

ਤੁਸੀਂ ਕਿਵੇਂ ਜਵਾਬ ਦਿਓਗੇ?

◻ ਸਾਨੂੰ ਸਮਝ ਉੱਤੇ ਆਪਣਾ ਚਿੱਤ ਕਿਉਂ ਲਾਉਣਾ ਚਾਹੀਦਾ ਹੈ?

◻ ਸਮਝ ਸਾਡੀ ਬੋਲੀ ਅਤੇ ਆਚਰਣ ਉੱਤੇ ਕਿਵੇਂ ਅਸਰ ਪਾ ਸਕਦੀ ਹੈ?

◻ ਸਮਝ ਦਾ ਸਾਡੇ ਸੁਭਾਉ ਉੱਤੇ ਕੀ ਅਸਰ ਹੋ ਸਕਦਾ ਹੈ?

◻ ਸਾਨੂੰ ਸਮਝ ਲਈ ਹਮੇਸ਼ਾ ਯਹੋਵਾਹ ਵੱਲ ਕਿਉਂ ਦੇਖਣਾ ਚਾਹੀਦਾ ਹੈ?

[ਸਫ਼ੇ 20 ਉੱਤੇ ਤਸਵੀਰ]

ਸਮਝ ਸਾਨੂੰ ਆਪਣੇ ਸੁਭਾਉ ਉਤੇ ਕਾਬੂ ਪਾਉਣ ਲਈ ਮਦਦ ਕਰਦੀ ਹੈ

[ਸਫ਼ੇ 23 ਉੱਤੇ ਤਸਵੀਰ]

ਸਮਝਦਾਰ ਰਾਜੇ ਸੁਲੇਮਾਨ ਨੂੰ ਅਹਿਸਾਸ ਹੋਇਆ ਕਿ ਹੋਛਾਪਣ ਅਸਲ ਵਿਚ ਸੰਤੋਖਜਨਕ ਨਹੀਂ ਹੈ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ