ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w97 3/1 ਸਫ਼ੇ 24-29
  • ਸਮਝ ਨੂੰ ਤੁਹਾਡੀ ਰਾਖੀ ਕਰਨ ਦਿਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਮਝ ਨੂੰ ਤੁਹਾਡੀ ਰਾਖੀ ਕਰਨ ਦਿਓ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਮਝ ਦੀ ਖ਼ਾਸ ਲੋੜ ਹੈ
  • ਪੂੰਜੀ-ਨਿਵੇਸ਼ ਬਾਰੇ ਕੀ?
  • ਜਦੋਂ ਜੋਖਮ ਭਰੇ ਕਾਰੋਬਾਰਾਂ ਦਾ ਦਿਵਾਲਾ ਨਿਕਲ ਜਾਂਦਾ ਹੈ
  • ਧੋਖੇਬਾਜ਼ੀ ਦੇ ਮਾਮਲੇ ਬਾਰੇ ਕੀ?
  • ਸਮਝ ਅਤੇ ਫ਼ੈਸਲਾ
  • ਸਮਝ ਉੱਤੇ ਆਪਣਾ ਚਿੱਤ ਲਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • “ਬੁੱਧ ਯਹੋਵਾਹ ਹੀ ਦਿੰਦਾ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਯਿਸੂ ਵਾਂਗ ਦਲੇਰ ਅਤੇ ਸਮਝਦਾਰ ਬਣੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
  • “ਸੱਭੋ ਕੁਝ ਲਾਭ ਦੇ ਲਈ ਹੋਣਾ ਚਾਹੀਦਾ ਹੈ”
    ਸਾਡੀ ਰਾਜ ਸੇਵਕਾਈ—2000
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
w97 3/1 ਸਫ਼ੇ 24-29

ਸਮਝ ਨੂੰ ਤੁਹਾਡੀ ਰਾਖੀ ਕਰਨ ਦਿਓ

“ਮੱਤ ਤੇਰੀ ਪਾਲਨਾ ਕਰੇਗੀ, ਅਤੇ ਸਮਝ ਤੇਰੀ ਰਾਖੀ ਕਰੇਗੀ।”—ਕਹਾਉਤਾਂ 2:11.

1. ਸਮਝ ਕਿਸ ਤੋਂ ਸਾਡੀ ਰਾਖੀ ਕਰ ਸਕਦੀ ਹੈ?

ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਸਮਝ ਇਸਤੇਮਾਲ ਕਰੋ। ਕਿਉਂ? ਕਿਉਂਕਿ ਉਹ ਜਾਣਦਾ ਹੈ ਕਿ ਇਹ ਤੁਹਾਡੀ ਤਰ੍ਹਾਂ-ਤਰ੍ਹਾਂ ਦੇ ਖ਼ਤਰਿਆਂ ਤੋਂ ਰਾਖੀ ਕਰੇਗੀ। ਕਹਾਉਤਾਂ 2:10-19 ਇਨ੍ਹਾਂ ਸ਼ਬਦਾਂ ਨਾਲ ਆਰੰਭ ਹੁੰਦਾ ਹੈ: “ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ। ਮੱਤ ਤੇਰੀ ਪਾਲਨਾ ਕਰੇਗੀ, ਅਤੇ ਸਮਝ ਤੇਰੀ ਰਾਖੀ ਕਰੇਗੀ।” ਕਿਸ ਤੋਂ ਰਾਖੀ ਕਰੇਗੀ? “ਬੁਰਿਆਂ ਰਾਹਾਂ” ਤੋਂ, ਸਚਿਆਈ ਦੇ ਰਾਹ ਨੂੰ ਛੱਡਣ ਵਾਲਿਆਂ ਤੋਂ, ਅਤੇ ਉਨ੍ਹਾਂ ਲੋਕਾਂ ਤੋਂ ਜਿਨ੍ਹਾਂ ਦੀਆਂ ਚਾਲਾਂ ਵਿਗੜੀਆਂ ਹੋਈਆਂ ਹਨ।

2. ਸਮਝ ਕੀ ਹੈ, ਅਤੇ ਮਸੀਹੀ ਖ਼ਾਸ ਕਰਕੇ ਕਿਸ ਪ੍ਰਕਾਰ ਦੀ ਸਮਝ ਦੀ ਇੱਛਾ ਰੱਖਦੇ ਹਨ?

2 ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ ਸਮਝ ਮਨ ਦੀ ਯੋਗਤਾ ਹੈ ਜਿਸ ਦੁਆਰਾ ਇਹ ਦੋ ਚੀਜ਼ਾਂ ਵਿਚਕਾਰ ਭੇਦ ਦਰਸਾਉਂਦੀ ਹੈ। ਸਮਝ ਰੱਖਣ ਵਾਲਾ ਵਿਅਕਤੀ ਵਿਚਾਰਾਂ ਜਾਂ ਚੀਜ਼ਾਂ ਵਿਚਕਾਰ ਭੇਦ ਦੇਖਦਾ ਹੈ ਅਤੇ ਚੰਗੀ ਸੂਝ-ਬੂਝ ਦਾ ਮਾਲਕ ਹੁੰਦਾ ਹੈ। ਮਸੀਹੀ ਹੋਣ ਦੇ ਨਾਤੇ, ਅਸੀਂ ਖ਼ਾਸ ਕਰਕੇ ਪਰਮੇਸ਼ੁਰ ਦੇ ਬਚਨ ਦੇ ਯਥਾਰਥ ਗਿਆਨ ਉੱਤੇ ਆਧਾਰਿਤ ਅਧਿਆਤਮਿਕ ਸਮਝ ਦੀ ਇੱਛਾ ਰੱਖਦੇ ਹਾਂ। ਜਦੋਂ ਅਸੀਂ ਸ਼ਾਸਤਰ ਦਾ ਅਧਿਐਨ ਕਰਦੇ ਹਾਂ, ਤਾਂ ਇਹ ਇਸ ਤਰ੍ਹਾਂ ਹੈ ਮਾਨੋ ਅਸੀਂ ਅਧਿਆਤਮਿਕ ਸਮਝ ਦੇ ਇਮਾਰਤੀ ਪੱਥਰ ਇਕੱਠੇ ਕਰ ਰਹੇ ਹਾਂ। ਅਸੀਂ ਜੋ ਕੁਝ ਸਿੱਖਦੇ ਹਾਂ, ਇਹ ਸਾਡੀ ਅਜਿਹੇ ਫ਼ੈਸਲੇ ਕਰਨ ਵਿਚ ਮਦਦ ਕਰਦਾ ਹੈ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ।

3. ਅਸੀਂ ਅਧਿਆਤਮਿਕ ਸਮਝ ਕਿਵੇਂ ਪ੍ਰਾਪਤ ਕਰ ਸਕਦੇ ਹਾਂ?

3 ਜਦੋਂ ਪਰਮੇਸ਼ੁਰ ਨੇ ਇਸਰਾਏਲ ਦੇ ਰਾਜਾ ਸੁਲੇਮਾਨ ਤੋਂ ਪੁੱਛਿਆ ਕਿ ਉਸ ਨੂੰ ਕਿਹੜੀ ਬਰਕਤ ਚਾਹੀਦੀ ਸੀ, ਤਾਂ ਉਸ ਜਵਾਨ ਸ਼ਾਸਕ ਨੇ ਕਿਹਾ: “ਤੂੰ ਆਪਣੇ ਦਾਸ ਨੂੰ ਸੁਣਨ ਵਾਲਾ ਮਨ ਦੇਹ ਭਈ ਉਹ ਤੇਰੀ ਪਰਜਾ ਦਾ ਨਿਆਉਂ ਕਰ ਸੱਕੇ ਏਸ ਲਈ ਭਈ ਮੈਂ ਅੱਛੇ ਅਤੇ ਬੁਰੇ ਨੂੰ ਸਮਝਾਂ।” ਸੁਲੇਮਾਨ ਨੇ ਸਮਝ ਲਈ ਬੇਨਤੀ ਕੀਤੀ, ਅਤੇ ਯਹੋਵਾਹ ਨੇ ਉਸ ਨੂੰ ਆਮ ਤੋਂ ਕਿਤੇ ਵੱਧ ਸਮਝ ਦਿੱਤੀ। (1 ਰਾਜਿਆਂ 3:9; 4:30) ਸਮਝ ਪ੍ਰਾਪਤ ਕਰਨ ਲਈ, ਸਾਨੂੰ ਪ੍ਰਾਰਥਨਾ ਕਰਨ ਦੀ ਲੋੜ ਹੈ, ਅਤੇ ਸਾਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਮੁਹੱਈਆ ਕੀਤੇ ਗਏ ਗਿਆਨਦਾਇਕ ਪ੍ਰਕਾਸ਼ਨਾਂ ਦੀ ਮਦਦ ਨਾਲ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਪਵੇਗਾ। (ਮੱਤੀ 24:45-47) ਇਹ ਅਧਿਆਤਮਿਕ ਸਮਝ ਨੂੰ ਇਸ ਹੱਦ ਤਕ ਵਿਕਸਿਤ ਕਰਨ ਵਿਚ ਸਾਡੀ ਮਦਦ ਕਰੇਗਾ ਕਿ ਅਸੀਂ “ਬੁੱਧ ਵਿੱਚ ਸਿਆਣੇ,” ਅਤੇ “ਭਲੇ ਬੁਰੇ ਦੀ ਜਾਚ [ਜਾਂ, ਵਿਚਕਾਰ ਭੇਦ] ਕਰਨ” ਦੇ ਯੋਗ ਬਣ ਜਾਵਾਂਗੇ।—1 ਕੁਰਿੰਥੀਆਂ 14:20; ਇਬਰਾਨੀਆਂ 5:14.

ਸਮਝ ਦੀ ਖ਼ਾਸ ਲੋੜ ਹੈ

4. “ਨਿਰਮਲ” ਨੇਤਰ ਰੱਖਣ ਦਾ ਕੀ ਅਰਥ ਹੈ, ਅਤੇ ਇਹ ਸਾਨੂੰ ਕਿਵੇਂ ਲਾਭ ਪਹੁੰਚਾ ਸਕਦਾ ਹੈ?

4 ਸਹੀ ਸਮਝ ਨਾਲ, ਅਸੀਂ ਯਿਸੂ ਮਸੀਹ ਦੇ ਸ਼ਬਦਾਂ ਦੀ ਇਕਸਾਰਤਾ ਵਿਚ ਕਾਰਜ ਕਰ ਸਕਦੇ ਹਾਂ: “ਤੁਸੀਂ ਪਹਿਲਾਂ [ਪਰਮੇਸ਼ੁਰ] ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ [ਭੌਤਿਕ] ਵਸਤਾਂ ਵੀ ਦਿੱਤੀਆਂ ਜਾਣਗੀਆਂ।” (ਮੱਤੀ 6:33) ਯਿਸੂ ਨੇ ਇਹ ਵੀ ਕਿਹਾ: “ਤੇਰੇ ਸਰੀਰ ਦਾ ਦੀਵਾ ਤੇਰਾ ਨੇਤਰ ਹੈ। ਜਾਂ ਤੇਰਾ ਨੇਤਰ ਨਿਰਮਲ ਹੈ ਤਾਂ ਤੇਰਾ ਸਾਰਾ ਸਰੀਰ ਵੀ ਚਾਨਣਾ ਹੈ।” (ਲੂਕਾ 11:34) ਨੇਤਰ ਇਕ ਲਾਖਣਿਕ ਦੀਵਾ ਹੈ। ਇਕ “ਨਿਰਮਲ” ਨੇਤਰ ਨਿਰਛਲ ਅਤੇ ਕੇਂਦ੍ਰਿਤ ਹੁੰਦਾ ਹੈ। ਅਜਿਹੇ ਨੇਤਰ ਨਾਲ, ਅਸੀਂ ਸਮਝ ਦਿਖਾ ਸਕਦੇ ਹਾਂ ਅਤੇ ਅਧਿਆਤਮਿਕ ਤੌਰ ਤੇ ਠੋਕਰ ਖਾਧੇ ਬਿਨਾਂ ਚੱਲ ਸਕਦੇ ਹਾਂ।

5. ਕਾਰੋਬਾਰੀ ਲੈਣ-ਦੇਣ ਦੇ ਸੰਬੰਧ ਵਿਚ, ਮਸੀਹੀ ਕਲੀਸਿਯਾ ਦੇ ਉਦੇਸ਼ ਬਾਰੇ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

5 ਆਪਣੇ ਨੇਤਰ ਨੂੰ ਨਿਰਮਲ ਰੱਖਣ ਦੀ ਬਜਾਇ, ਕਈਆਂ ਨੇ ਆਕਰਸ਼ਕ ਕਾਰੋਬਾਰੀ ਲੈਣ-ਦੇਣ ਨਾਲ ਆਪਣੇ ਜੀਵਨ ਨੂੰ ਅਤੇ ਹੋਰਨਾਂ ਦੇ ਜੀਵਨ ਨੂੰ ਔਖਾ ਬਣਾਇਆ ਹੈ। ਪਰੰਤੂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮਸੀਹੀ ਕਲੀਸਿਯਾ “ਸਚਿਆਈ ਦਾ ਥੰਮ੍ਹ ਅਤੇ ਨੀਂਹ ਹੈ।” (1 ਤਿਮੋਥਿਉਸ 3:15) ਇਕ ਇਮਾਰਤ ਦੇ ਥੰਮ੍ਹ ਵਾਂਗ, ਕਲੀਸਿਯਾ ਪਰਮੇਸ਼ੁਰ ਦੀ ਸੱਚਾਈ ਨੂੰ, ਨਾ ਕਿ ਕਿਸੇ ਦੇ ਕਾਰੋਬਾਰੀ ਉਦਯੋਗ ਨੂੰ ਸਮਰਥਨ ਦਿੰਦੀ ਹੈ। ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਪਾਰਕ ਹਿਤਾਂ, ਮਾਲ, ਜਾਂ ਸੇਵਾਵਾਂ ਨੂੰ ਅੱਗੇ ਵਧਾਉਣ ਦੀਆਂ ਥਾਵਾਂ ਵਜੋਂ ਸਥਾਪਿਤ ਨਹੀਂ ਕੀਤੀਆਂ ਗਈਆਂ ਹਨ। ਸਾਨੂੰ ਰਾਜ ਗ੍ਰਹਿ ਵਿਚ ਨਿੱਜੀ ਕਾਰੋਬਾਰੀ ਮਾਮਲਿਆਂ ਦੀ ਕਾਰਵਾਈ ਕਰਨੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਮਝ ਸਾਡੀ ਇਹ ਦੇਖਣ ਵਿਚ ਮਦਦ ਕਰਦੀ ਹੈ ਕਿ ਯਹੋਵਾਹ ਦੇ ਗਵਾਹਾਂ ਦੇ ਰਾਜ ਗ੍ਰਹਿ, ਕਲੀਸਿਯਾ ਪੁਸਤਕ ਅਧਿਐਨ, ਸੰਮੇਲਨ, ਅਤੇ ਮਹਾਂ-ਸੰਮੇਲਨ ਮਸੀਹੀ ਸੰਗਤ ਅਤੇ ਅਧਿਆਤਮਿਕ ਵਿਚਾਰ-ਵਟਾਂਦਰੇ ਲਈ ਹਨ। ਜੇਕਰ ਅਸੀਂ ਕਿਸੇ ਵੀ ਪ੍ਰਕਾਰ ਦੇ ਵਪਾਰਵਾਦ ਨੂੰ ਅੱਗੇ ਵਧਾਉਣ ਲਈ ਅਧਿਆਤਮਿਕ ਸੰਬੰਧਾਂ ਦੀ ਵਰਤੋਂ ਕਰਦੇ ਹਾਂ, ਤਾਂ ਕੀ ਇਹ ਕੁਝ ਹੱਦ ਤਕ ਅਧਿਆਤਮਿਕ ਕਦਰਾਂ-ਕੀਮਤਾਂ ਲਈ ਕਦਰਦਾਨੀ ਦੀ ਘਾਟ ਨਹੀਂ ਦਿਖਾਉਂਦਾ ਹੈ? ਮਾਲੀ ਲਾਭ ਲਈ ਕਦੇ ਵੀ ਕਲੀਸਿਯਾਈ ਸੰਬੰਧਾਂ ਦਾ ਨਾਜਾਇਜ਼ ਫ਼ਾਇਦਾ ਨਹੀਂ ਉਠਾਉਣਾ ਚਾਹੀਦਾ ਹੈ।

6. ਕਲੀਸਿਯਾ ਸਭਾਵਾਂ ਵਿਚ ਵਪਾਰਕ ਉਤਪਾਦਨਾਂ ਅਤੇ ਸੇਵਾਵਾਂ ਦੀ ਵਿਕਰੀ ਜਾਂ ਮਸ਼ਹੂਰੀ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ ਹੈ?

6 ਕਈਆਂ ਨੇ ਸਿਹਤ ਜਾਂ ਸ਼ਿੰਗਾਰ ਸੰਬੰਧੀ ਚੀਜ਼ਾਂ, ਵਿਟਾਮਿਨ ਉਤਪਾਦਨ, ਦੂਰ-ਸੰਚਾਰ ਸੇਵਾਵਾਂ, ਉਸਾਰੀ ਸਾਮੱਗਰੀ, ਸੈਰਸਪਾਟਾ ਯੋਜਨਾਵਾਂ, ਕੰਪਿਊਟਰ ਪ੍ਰੋਗ੍ਰਾਮ ਅਤੇ ਸਾਜ਼-ਸਾਮਾਨ, ਇਤਿਆਦਿ ਵੇਚਣ ਲਈ ਦੈਵ-ਸ਼ਾਸਕੀ ਸੰਬੰਧਾਂ ਨੂੰ ਇਸਤੇਮਾਲ ਕੀਤਾ ਹੈ। ਪਰੰਤੂ, ਕਲੀਸਿਯਾ ਸਭਾਵਾਂ ਵਪਾਰਕ ਉਤਪਾਦਨਾਂ ਜਾਂ ਸੇਵਾਵਾਂ ਦੀ ਵਿਕਰੀ ਜਾਂ ਮਸ਼ਹੂਰੀ ਕਰਨ ਦੀ ਥਾਂ ਨਹੀਂ ਹੈ। ਅਸੀਂ ਮੂਲ ਸਿਧਾਂਤ ਸਮਝ ਸਕਦੇ ਹਾਂ ਜੇਕਰ ਅਸੀਂ ਚੇਤੇ ਰੱਖੀਏ ਕਿ ਯਿਸੂ ਨੇ “ਸਭਨਾਂ ਨੂੰ ਹੈਕਲੋਂ ਬਾਹਰ ਕੱਢ ਦਿੱਤਾ, ਨਾਲੇ ਭੇਡਾਂ, ਨਾਲੇ ਡੰਗਰ ਅਤੇ ਸਰਾਫ਼ਾਂ ਦੀ ਰੋਕੜ ਖਿੰਡਾ ਦਿੱਤੀ ਅਤੇ ਤਖ਼ਤਪੋਸ਼ ਉਲਟਾ ਸੁੱਟੇ। ਅਰ ਕਬੂਤਰ ਵੇਚਣ ਵਾਲਿਆਂ ਨੂੰ ਆਖਿਆ, ਇਨ੍ਹਾਂ ਚੀਜ਼ਾਂ ਨੂੰ ਐੱਥੋਂ ਲੈ ਜਾਓ! ਮੇਰੇ ਪਿਤਾ ਦੇ ਘਰ ਨੂੰ ਬੁਪਾਰ ਦੀ ਮੰਡੀ ਨਾ ਬਣਾਓ!”—ਯੂਹੰਨਾ 2:15, 16.

ਪੂੰਜੀ-ਨਿਵੇਸ਼ ਬਾਰੇ ਕੀ?

7. ਪੂੰਜੀ-ਨਿਵੇਸ਼ ਦੇ ਸੰਬੰਧ ਵਿਚ ਸਮਝ ਅਤੇ ਸਾਵਧਾਨੀ ਕਿਉਂ ਲੋੜੀਂਦੀਆਂ ਹਨ?

7 ਜੋਖਮ ਭਰੇ ਕਾਰੋਬਾਰ ਵਿਚ ਪੂੰਜੀ ਲਗਾਉਣ ਬਾਰੇ ਵਿਚਾਰ ਕਰਦੇ ਸਮੇਂ ਸਮਝ ਅਤੇ ਸਾਵਧਾਨੀ ਦੋਵੇਂ ਲੋੜੀਂਦੀਆਂ ਹਨ। ਫ਼ਰਜ਼ ਕਰੋ ਕਿ ਕੋਈ ਪੈਸਾ ਉਧਾਰ ਲੈਣਾ ਚਾਹੁੰਦਾ ਹੈ ਅਤੇ ਇਸ ਤਰ੍ਹਾਂ ਦੇ ਵਾਅਦੇ ਕਰਦਾ ਹੈ: “ਮੈਂ ਵਿਸ਼ਵਾਸ ਦਿਲਾਉਂਦਾ ਹਾਂ ਕਿ ਤੁਸੀਂ ਮੁਨਾਫ਼ਾ ਕਮਾਓਗੇ।” “ਤੁਹਾਡਾ ਨੁਕਸਾਨ ਹੋ ਹੀ ਨਹੀਂ ਸਕਦਾ। ਇਹ ਤਾਂ ਪੱਕੀ ਗੱਲ ਹੈ।” ਸਾਵਧਾਨ ਹੋਵੋ ਜਦੋਂ ਕੋਈ ਅਜਿਹਾ ਭਰੋਸਾ ਦਿਲਾਉਂਦਾ ਹੈ। ਉਹ ਜਾਂ ਤਾਂ ਖਿਆਲੀ ਦੁਨੀਆਂ ਵਿਚ ਜੀ ਰਿਹਾ ਹੈ ਜਾਂ ਉਹ ਬੇਈਮਾਨ ਹੈ, ਕਿਉਂਕਿ ਪੂੰਜੀ-ਨਿਵੇਸ਼ ਦਾ ਅਕਸਰ ਕੋਈ ਭਰੋਸਾ ਨਹੀਂ ਹੁੰਦਾ ਹੈ। ਅਸਲ ਵਿਚ, ਕੁਝ ਮਿਠਬੋਲੇ, ਬੇਅਸੂਲੇ ਵਿਅਕਤੀਆਂ ਨੇ ਕਲੀਸਿਯਾ ਦੇ ਮੈਂਬਰਾਂ ਨੂੰ ਠੱਗਿਆ ਹੈ। ਇਹ ਸਾਨੂੰ ਉਨ੍ਹਾਂ ‘ਸ਼ਤਾਨੀ ਮਨੁੱਖਾਂ’ ਦੀ ਯਾਦ ਦਿਲਾਉਂਦਾ ਹੈ ਜਿਹੜੇ ਪਹਿਲੀ-ਸਦੀ ਕਲੀਸਿਯਾ ਵਿਚ ਚੋਰੀਂ ਆ ਵੜੇ ਅਤੇ “ਪਰਮੇਸ਼ੁਰ ਦੀ ਕਿਰਪਾ ਨੂੰ ਉਲਟਾ ਕਰ ਕੇ ਲੁੱਚਪੁਣੇ ਵੱਲ ਲਾ ਲੈਂਦੇ” ਸਨ। ਉਹ ਪਾਣੀ ਹੇਠਲੇ ਨੋਕਦਾਰ ਟਿੱਲੇ ਵਾਂਗ ਸਨ ਜੋ ਤੈਰਾਕਾਂ ਨੂੰ ਚੀਰ ਕੇ ਜਾਨੋਂ ਮਾਰ ਸਕਦੇ ਸਨ। (ਯਹੂਦਾਹ 4, 12) ਇਹ ਸੱਚ ਹੈ ਕਿ ਫ਼ਰੇਬੀਆਂ ਦਾ ਮਨੋਰਥ ਵੱਖਰਾ ਹੁੰਦਾ ਹੈ, ਪਰੰਤੂ ਉਹ ਵੀ ਕਲੀਸਿਯਾ ਦੇ ਮੈਂਬਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।

8. ਕੁਝ ਜੋਖਮ ਭਰੇ ਕਾਰੋਬਾਰਾਂ ਦਾ ਕੀ ਨਤੀਜਾ ਹੋਇਆ ਹੈ ਜੋ ਲਾਹੇਵੰਦ ਜਾਪਦੇ ਸਨ?

8 ਹਿਤਕਾਰੀ ਮਸੀਹੀਆਂ ਨੇ ਵੀ ਅਜਿਹੇ ਜੋਖਮ ਭਰੇ ਕਾਰੋਬਾਰਾਂ ਬਾਰੇ ਜਾਣਕਾਰੀ ਦੂਜਿਆਂ ਨਾਲ ਸਾਂਝੀ ਕੀਤੀ ਹੈ ਜੋ ਲਾਹੇਵੰਦ ਜਾਪਦੇ ਸਨ, ਪਰੰਤੂ ਅੰਤ ਵਿਚ ਉਹ ਅਤੇ ਉਨ੍ਹਾਂ ਦੇ ਪਿੱਛੇ-ਪਿੱਛੇ ਜਾਣ ਵਾਲੇ ਆਪਣੀ ਲਗਾਈ ਹੋਈ ਪੂੰਜੀ ਗੁਆ ਬੈਠੇ। ਸਿੱਟੇ ਵਜੋਂ, ਕਈ ਮਸੀਹੀਆਂ ਨੂੰ ਕਲੀਸਿਯਾ ਵਿਚ ਆਪਣਾ ਵਿਸ਼ੇਸ਼-ਸਨਮਾਨ ਗੁਆਉਣਾ ਪਿਆ। ਜਦੋਂ ਜੋਖਮ ਭਰੇ ਫੌਰੀ-ਧੰਨ-ਕਮਾਓ ਕਾਰੋਬਾਰ ਠੱਗੀ ਯੋਜਨਾਵਾਂ ਸਾਬਤ ਹੁੰਦੇ ਹਨ, ਤਾਂ ਉਨ੍ਹਾਂ ਤੋਂ ਕੇਵਲ ਫ਼ਰੇਬੀ ਹੀ ਮੁਨਾਫ਼ਾ ਕਮਾਉਂਦਾ ਹੈ, ਜੋ ਅਕਸਰ ਛੇਤੀ ਹੀ ਨੌਂ ਦੋ ਗਿਆਰਾਂ ਹੋ ਜਾਂਦਾ ਹੈ। ਅਜਿਹੇ ਹਾਲਾਤ ਤੋਂ ਬਚੇ ਰਹਿਣ ਲਈ ਸਮਝ ਇਕ ਵਿਅਕਤੀ ਦੀ ਕਿਵੇਂ ਮਦਦ ਕਰ ਸਕਦੀ ਹੈ?

9. ਪੂੰਜੀ-ਨਿਵੇਸ਼ ਸੰਬੰਧੀ ਦਾਅਵਿਆਂ ਨੂੰ ਪਰਖਣ ਲਈ ਸਮਝ ਕਿਉਂ ਜ਼ਰੂਰੀ ਹੈ?

9 ਸਮਝ ਦਾ ਅਰਥ ਹੈ ਅਪ੍ਰਤੱਖ ਗੱਲਾਂ ਨੂੰ ਗ੍ਰਹਿਣ ਕਰਨ ਦੀ ਯੋਗਤਾ। ਪੂੰਜੀ-ਨਿਵੇਸ਼ ਸੰਬੰਧੀ ਦਾਅਵਿਆਂ ਨੂੰ ਪਰਖਣ ਲਈ ਇਹ ਯੋਗਤਾ ਜ਼ਰੂਰੀ ਹੈ। ਮਸੀਹੀ ਇਕ ਦੂਸਰੇ ਤੇ ਭਰੋਸਾ ਕਰਦੇ ਹਨ, ਅਤੇ ਕੁਝ ਸ਼ਾਇਦ ਤਰਕ ਕਰਨ ਕਿ ਉਨ੍ਹਾਂ ਦੇ ਅਧਿਆਤਮਿਕ ਭੈਣ-ਭਰਾ ਅਜਿਹੇ ਕਾਰੋਬਾਰੀ ਜੋਖਮਾਂ ਵਿਚ ਅੰਤਰਗ੍ਰਸਤ ਨਹੀਂ ਹੋਣਗੇ ਜੋ ਸੰਗੀ ਵਿਸ਼ਵਾਸੀਆਂ ਦੀ ਪੂੰਜੀ ਨੂੰ ਖ਼ਤਰੇ ਵਿਚ ਪਾ ਦੇਣ। ਪਰੰਤੂ ਇਹ ਅਸਲੀਅਤ ਕਿ ਵਪਾਰੀ ਇਕ ਮਸੀਹੀ ਹੈ, ਇਸ ਗੱਲ ਦੀ ਜ਼ਮਾਨਤ ਨਹੀਂ ਕਿ ਉਹ ਕਾਰੋਬਾਰੀ ਮਾਮਲਿਆਂ ਵਿਚ ਮਾਹਰ ਹੈ ਜਾਂ ਕਿ ਉਸ ਦਾ ਵਪਾਰ ਸਫ਼ਲ ਹੋਵੇਗਾ।

10. ਕੁਝ ਮਸੀਹੀ ਆਪਣੇ ਸੰਗੀ ਵਿਸ਼ਵਾਸੀਆਂ ਤੋਂ ਕਾਰੋਬਾਰ ਲਈ ਕਰਜ਼ਾ ਕਿਉਂ ਲੈਂਦੇ ਹਨ, ਅਤੇ ਅਜਿਹੇ ਪੂੰਜੀ-ਨਿਵੇਸ਼ਾਂ ਦਾ ਕੀ ਨਤੀਜਾ ਹੋ ਸਕਦਾ ਹੈ?

10 ਕੁਝ ਮਸੀਹੀ ਆਪਣੇ ਸੰਗੀ ਵਿਸ਼ਵਾਸੀਆਂ ਤੋਂ ਕਾਰੋਬਾਰ ਲਈ ਕਰਜ਼ਾ ਲੈਣ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਜੋਖਮ ਭਰੇ ਵਪਾਰ ਲਈ ਕਰਜ਼ਾ ਦੇਣ ਵਾਲੀਆਂ ਪ੍ਰਸਿੱਧ ਏਜੰਸੀਆਂ ਤੋਂ ਕਦੇ ਵੀ ਪੈਸਾ ਉਧਾਰ ਨਹੀਂ ਮਿਲੇਗਾ। ਅਨੇਕਾਂ ਨੂੰ ਧੋਖੇ ਨਾਲ ਇਹ ਵਿਸ਼ਵਾਸ ਦਿਲਾਇਆ ਗਿਆ ਕਿ ਕੇਵਲ ਪੂੰਜੀ ਲਗਾਉਣ ਨਾਲ ਉਹ ਬਿਨਾਂ ਜ਼ਿਆਦਾ ਕੰਮ ਕੀਤੇ ਜਾਂ ਸ਼ਾਇਦ ਬਿਲਕੁਲ ਹੀ ਕੰਮ ਕੀਤੇ ਬਿਨਾਂ ਫਟਾਫਟ ਦੌਲਤ ਕਮਾ ਸਕਦੇ ਹਨ। ਕੁਝ ਲੋਕ ਕਿਸੇ ਪੂੰਜੀ-ਨਿਵੇਸ਼ ਦੀ ਚਮਕ-ਦਮਕ ਕਾਰਨ ਖਿੱਚੇ ਜਾਂਦੇ ਹਨ, ਪਰੰਤੂ ਉਹ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਗੁਆ ਬੈਠਦੇ ਹਨ! ਇਕ ਮਸੀਹੀ ਨੇ ਕਿਸੇ ਕੰਪਨੀ ਵਿਚ ਵੱਡੀ ਰਕਮ ਲਗਾਈ, ਇਸ ਆਸ ਵਿਚ ਕਿ ਉਸ ਨੂੰ ਸਿਰਫ਼ ਦੋ ਹਫ਼ਤਿਆਂ ਦੇ ਅੰਦਰ 25-ਫੀ ਸਦੀ ਦਰ ਤੇ ਮੁਨਾਫ਼ਾ ਹੋਵੇਗਾ। ਉਸ ਦੀ ਪੂਰੀ ਰਕਮ ਡੁੱਬ ਗਈ ਜਦੋਂ ਕੰਪਨੀ ਨੇ ਦਿਵਾਲਾ ਕੱਢਿਆ। ਇਕ ਹੋਰ ਕਾਰੋਬਾਰੀ ਜੋਖਮ ਵਿਚ, ਅਚੱਲ-ਸੰਪਤੀ ਦੇ ਇਕ ਠੇਕੇਦਾਰ ਨੇ ਕਲੀਸਿਯਾ ਵਿਚ ਦੂਸਰਿਆਂ ਤੋਂ ਵੱਡੀ ਰਕਮ ਕਰਜ਼ੇ ਵਿਚ ਲਈ। ਉਸ ਨੇ ਹੱਦੋਂ ਵੱਧ ਭਾਰੇ ਮੁਨਾਫ਼ਿਆਂ ਦੇ ਵਾਅਦੇ ਕੀਤੇ ਪਰੰਤੂ ਉਸ ਦਾ ਦਿਵਾਲਾ ਨਿਕਲ ਜਾਣ ਤੇ ਕਰਜ਼ ਲਿਆ ਪੈਸਾ ਡੁੱਬ ਗਿਆ।

ਜਦੋਂ ਜੋਖਮ ਭਰੇ ਕਾਰੋਬਾਰਾਂ ਦਾ ਦਿਵਾਲਾ ਨਿਕਲ ਜਾਂਦਾ ਹੈ

11. ਪੌਲੁਸ ਨੇ ਲਾਲਚ ਅਤੇ ਮਾਇਆ ਦੇ ਲੋਭ ਬਾਰੇ ਕੀ ਸਲਾਹ ਦਿੱਤੀ ਸੀ?

11 ਕਾਰੋਬਾਰਾਂ ਦਾ ਦਿਵਾਲਾ ਨਿਕਲਣ ਕਾਰਨ ਕਈਆਂ ਨੂੰ ਨਿਰਾਸ਼ਾ ਹੋਈ ਹੈ ਅਤੇ ਅਜਿਹੇ ਨਾ ਭਰੋਸੇਯੋਗ ਕਾਰੋਬਾਰੀ ਜੋਖਮਾਂ ਵਿਚ ਪ੍ਰਵੇਸ਼ ਕਰਨ ਵਾਲੇ ਕੁਝ ਮਸੀਹੀ ਆਪਣੀ ਅਧਿਆਤਮਿਕਤਾ ਵੀ ਗੁਆ ਬੈਠੇ ਹਨ। ਸਮਝ ਨੂੰ ਰਾਖੀ ਵਜੋਂ ਨਾ ਵਰਤਣ ਦਾ ਨਤੀਜਾ ਦੁੱਖ ਅਤੇ ਕੁੜੱਤਣ ਹੋਇਆ ਹੈ। ਲਾਲਚ ਨੇ ਅਨੇਕਾਂ ਨੂੰ ਆਪਣੇ ਜਾਲ ਵਿਚ ਫਸਾਇਆ ਹੈ। “ਲੋਭ ਦਾ ਤੁਹਾਡੇ ਵਿੱਚ ਨਾਉਂ ਵੀ ਨਾ ਹੋਵੇ ਜਿਵੇਂ ਸੰਤਾਂ ਨੂੰ ਜੋਗ ਹੈ,” ਪੌਲੁਸ ਨੇ ਲਿਖਿਆ। (ਅਫ਼ਸੀਆਂ 5:3) ਅਤੇ ਉਸ ਨੇ ਚੇਤਾਵਨੀ ਦਿੱਤੀ: “ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ। ਕਿਉਂ ਜੋ ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਨਿਹਚਾ ਦੇ ਰਾਹੋਂ ਘੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।”—1 ਤਿਮੋਥਿਉਸ 6:9, 10.

12. ਜੇਕਰ ਮਸੀਹੀ ਇਕ ਦੂਜੇ ਨਾਲ ਕਾਰੋਬਾਰ ਕਰਦੇ ਹਨ, ਤਾਂ ਉਨ੍ਹਾਂ ਨੂੰ ਕਿਹੜੀ ਗੱਲ ਖ਼ਾਸ ਕਰਕੇ ਯਾਦ ਰੱਖਣੀ ਚਾਹੀਦੀ ਹੈ?

12 ਜੇਕਰ ਇਕ ਮਸੀਹੀ ਵਿਚ ਮਾਇਆ ਦਾ ਲੋਭ ਪੈਦਾ ਹੋ ਜਾਂਦਾ ਹੈ, ਤਾਂ ਉਹ ਆਪਣੇ ਆਪ ਨੂੰ ਬਹੁਤ ਅਧਿਆਤਮਿਕ ਹਾਨੀ ਪਹੁੰਚਾਏਗਾ। ਫ਼ਰੀਸੀ ਮਾਇਆ ਦੇ ਲੋਭੀ ਸਨ, ਅਤੇ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਬਹੁਤੇਰਿਆਂ ਵਿਚ ਇਹੋ ਗੁਣ ਪਾਇਆ ਜਾਂਦਾ ਹੈ। (ਲੂਕਾ 16:14; 2 ਤਿਮੋਥਿਉਸ 3:1, 2) ਇਸ ਦੇ ਉਲਟ, ਇਕ ਮਸੀਹੀ ਦਾ ਜੀਵਨ-ਢੰਗ “ਮਾਇਆ ਦੇ ਲੋਭ ਤੋਂ ਰਹਿਤ” ਹੋਣਾ ਚਾਹੀਦਾ ਹੈ। (ਇਬਰਾਨੀਆਂ 13:5) ਯਕੀਨਨ, ਮਸੀਹੀ ਇਕ ਦੂਜੇ ਨਾਲ ਕਾਰੋਬਾਰ ਕਰ ਸਕਦੇ ਹਨ ਜਾਂ ਇਕੱਠੇ ਮਿਲ ਕੇ ਕਾਰੋਬਾਰ ਸ਼ੁਰੂ ਕਰ ਸਕਦੇ ਹਨ। ਪਰੰਤੂ ਜੇਕਰ ਉਹ ਇੰਜ ਕਰਨ, ਤਾਂ ਵਪਾਰਕ ਗੱਲਾਂ-ਬਾਤਾਂ ਅਤੇ ਸੌਦੇਬਾਜ਼ੀਆਂ ਨੂੰ ਕਲੀਸਿਯਾਈ ਮਾਮਲਿਆਂ ਤੋਂ ਵੱਖਰਾ ਰੱਖਿਆ ਜਾਣਾ ਚਾਹੀਦਾ ਹੈ। ਅਤੇ ਯਾਦ ਰੱਖੋ: ਅਧਿਆਤਮਿਕ ਭਰਾਵਾਂ ਵਿਚਾਲੇ ਵੀ, ਕਾਰੋਬਾਰੀ ਰਾਜ਼ੀਨਾਮਿਆਂ ਨੂੰ ਹਮੇਸ਼ਾ ਕਲਮਬੰਦ ਕਰੋ। ਇਸ ਸੰਬੰਧ ਵਿਚ ਲੇਖ “ਇਸ ਨੂੰ ਕਲਮਬੰਦ ਕਰੋ!” ਸਹਾਈ ਹੋਵੇਗਾ, ਜੋ ਫਰਵਰੀ 8, 1983, ਦੀ ਅਵੇਕ! ਵਿਚ, ਸਫ਼ਾ 13 ਤੋਂ 15 ਉੱਤੇ ਦਿੱਤਾ ਗਿਆ ਹੈ।

13. ਤੁਸੀਂ ਕਹਾਉਤਾਂ 22:7 ਨੂੰ ਕਾਰੋਬਾਰੀ ਜੋਖਮਾਂ ਉੱਤੇ ਕਿਵੇਂ ਲਾਗੂ ਕਰੋਗੇ?

13 ਕਹਾਉਤਾਂ 22:7 ਸਾਨੂੰ ਦੱਸਦਾ ਹੈ: “ਉਧਾਰ ਲੈਣ ਵਾਲਾ ਉਧਾਰ ਦੇਣ ਵਾਲੇ ਦਾ ਦਾਸ ਹੁੰਦਾ ਹੈ।” ਆਪਣੇ ਆਪ ਨੂੰ ਜਾਂ ਆਪਣੇ ਭਰਾ ਨੂੰ ਅਜਿਹਾ ਦਾਸ ਬਣਾਉਣਾ ਅਕਸਰ ਮੂਰਖਤਾ ਹੁੰਦੀ ਹੈ। ਜਦੋਂ ਕੋਈ ਸਾਡੇ ਤੋਂ ਕਿਸੇ ਕਾਰੋਬਾਰੀ ਜੋਖਮ ਲਈ ਪੈਸੇ ਉਧਾਰ ਮੰਗਦਾ ਹੈ, ਤਾਂ ਉਸ ਦੀ ਰਕਮ ਮੋੜਨ ਦੀ ਯੋਗਤਾ ਉੱਤੇ ਵਿਚਾਰ ਕਰਨਾ ਬੁੱਧੀਮਤਾ ਹੋਵੇਗੀ। ਕੀ ਉਹ ਇਕ ਭਰੋਸੇਯੋਗ ਅਤੇ ਇਤਬਾਰਯੋਗ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ? ਨਿਰਸੰਦੇਹ, ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਕਰਜ਼ ਦਿੱਤਾ ਪੈਸਾ ਡੁੱਬ ਵੀ ਸਕਦਾ ਹੈ, ਕਿਉਂਕਿ ਬਹੁਤ ਸਾਰੇ ਜੋਖਮ ਭਰੇ ਕਾਰੋਬਾਰਾਂ ਦਾ ਦਿਵਾਲਾ ਨਿਕਲ ਜਾਂਦਾ ਹੈ। ਕੇਵਲ ਇਕ ਇਕਰਾਰਨਾਮਾ ਹੋਣ ਨਾਲ ਹੀ ਜੋਖਮ ਭਰੇ ਕਾਰੋਬਾਰ ਦੀ ਸਫ਼ਲਤਾ ਯਕੀਨੀ ਨਹੀਂ ਹੋ ਜਾਂਦੀ ਹੈ। ਅਤੇ ਨਿਸ਼ਚੇ ਹੀ ਕਿਸੇ ਵਿਅਕਤੀ ਲਈ ਇਹ ਸਮਝਦਾਰੀ ਦੀ ਗੱਲ ਨਹੀਂ ਹੋਵੇਗੀ ਕਿ ਉਹ ਕਿਸੇ ਉਦਯੋਗ ਵਿਚ ਆਪਣੀ ਸਮਰਥਾ ਤੋਂ ਵੱਧ ਪੈਸਾ ਲਗਾਏ।

14. ਸਾਨੂੰ ਸਮਝ ਦਿਖਾਉਣ ਦੀ ਕਿਉਂ ਜ਼ਰੂਰਤ ਹੈ ਜੇਕਰ ਅਸੀਂ ਇਕ ਸੰਗੀ ਮਸੀਹੀ ਨੂੰ ਪੈਸਾ ਉਧਾਰ ਦਿੱਤਾ ਹੈ ਅਤੇ ਉਸ ਦੇ ਕਾਰੋਬਾਰ ਦਾ ਦਿਵਾਲਾ ਨਿਕਲ ਜਾਂਦਾ ਹੈ?

14 ਜੇਕਰ ਅਸੀਂ ਕਾਰੋਬਾਰ ਚਲਾਉਣ ਲਈ ਇਕ ਮਸੀਹੀ ਨੂੰ ਰਕਮ ਉਧਾਰ ਦਿੱਤੀ ਹੈ ਅਤੇ ਉਹ ਪੈਸਾ ਡੁੱਬ ਗਿਆ, ਪਰੰਤੂ ਇਸ ਵਿਚ ਕੋਈ ਬੇਈਮਾਨੀ ਸ਼ਾਮਲ ਨਹੀਂ ਸੀ, ਤਾਂ ਸਾਨੂੰ ਸਮਝ ਦਿਖਾਉਣ ਦੀ ਜ਼ਰੂਰਤ ਹੈ। ਜੇਕਰ ਸਾਡੇ ਤੋਂ ਪੈਸੇ ਉਧਾਰ ਲੈਣ ਵਾਲੇ ਸੰਗੀ ਵਿਸ਼ਵਾਸੀ ਦੀ ਕਿਸੇ ਗ਼ਲਤੀ ਤੋਂ ਬਿਨਾਂ ਉਸ ਦੇ ਕਾਰੋਬਾਰ ਦਾ ਦਿਵਾਲਾ ਨਿਕਲ ਜਾਂਦਾ ਹੈ, ਤਾਂ ਕੀ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਨਾਲ ਅਨਿਆਉਂ ਹੋਇਆ ਹੈ? ਨਹੀਂ, ਕਿਉਂਕਿ ਅਸੀਂ ਆਪਣੀ ਇੱਛਾ ਨਾਲ ਪੈਸਾ ਉਧਾਰ ਦਿੱਤਾ ਸੀ, ਅਸੀਂ ਸੰਭਵ ਤੌਰ ਤੇ ਇਸ ਤੋਂ ਵਿਆਜ ਲੈ ਰਹੇ ਸੀ, ਅਤੇ ਸਾਡੇ ਨਾਲ ਕੋਈ ਵੀ ਬੇਈਮਾਨੀ ਨਹੀਂ ਕੀਤੀ ਗਈ ਹੈ। ਕਿਉਂ ਜੋ ਕੋਈ ਬੇਈਮਾਨੀ ਨਹੀਂ ਕੀਤੀ ਗਈ ਸੀ, ਸਾਡੇ ਕੋਲ ਕਰਜ਼ਦਾਰ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਕੋਈ ਬੁਨਿਆਦ ਨਹੀਂ ਹੈ। ਇਕ ਈਮਾਨਦਾਰ ਸੰਗੀ ਮਸੀਹੀ ਉੱਤੇ ਮੁਕੱਦਮਾ ਚਲਾ ਕੇ ਕੀ ਲਾਭ ਹੋਵੇਗਾ, ਜਿਸ ਨੂੰ ਇਸ ਲਈ ਦਿਵਾਲੀਆਪਣ ਦਾਇਰ ਕਰਨਾ ਪਿਆ ਕਿ ਉਸ ਦੇ ਨੇਕ ਨੀਅਤ ਨਾਲ ਸ਼ੁਰੂ ਕੀਤੇ ਗਏ ਜੋਖਮ ਭਰੇ ਕਾਰੋਬਾਰ ਦਾ ਦਿਵਾਲਾ ਨਿਕਲ ਗਿਆ ਹੈ?—1 ਕੁਰਿੰਥੀਆਂ 6:1.

15. ਜੇਕਰ ਦਿਵਾਲਾ ਕੱਢਿਆ ਜਾਂਦਾ ਹੈ, ਤਾਂ ਕਿਹੜੀਆਂ ਗੱਲਾਂ ਉੱਤੇ ਗੌਰ ਕਰਨਾ ਜ਼ਰੂਰੀ ਹੈ?

15 ਜਿਨ੍ਹਾਂ ਦੇ ਕਾਰੋਬਾਰ ਅਸਫ਼ਲ ਹੋ ਜਾਂਦੇ ਹਨ, ਉਹ ਕਦੇ-ਕਦੇ ਦਿਵਾਲਾ ਕੱਢ ਕੇ ਰਾਹਤ ਭਾਲਦੇ ਹਨ। ਕਿਉਂ ਜੋ ਮਸੀਹੀ ਕਰਜ਼ਾਈਪੁਣੇ ਬਾਰੇ ਲਾਪਰਵਾਹ ਨਹੀਂ ਹੁੰਦੇ ਹਨ, ਕਈਆਂ ਨੇ ਕਾਨੂੰਨੀ ਤੌਰ ਤੇ ਕੁਝ ਕਰਜ਼ਿਆਂ ਤੋਂ ਮੁਕਤ ਹੋਣ ਮਗਰੋਂ ਵੀ ਰੱਦ ਕੀਤੀ ਗਈ ਰਕਮ ਮੋੜਨ ਦੀ ਕੋਸ਼ਿਸ਼ ਕਰਨ ਦੀ ਵਚਨਬੱਧਤਾ ਮਹਿਸੂਸ ਕੀਤੀ ਜੇਕਰ ਲੈਣਦਾਰ ਆਪਣਾ ਪੈਸਾ ਲੈਣ ਲਈ ਤਿਆਰ ਹਨ। ਪਰੰਤੂ ਉਦੋਂ ਕੀ ਜੇਕਰ ਇਕ ਕਰਜ਼ਦਾਰ ਆਪਣੇ ਭਰਾ ਦਾ ਪੈਸਾ ਡੁਬੋ ਦੇਣ ਤੋਂ ਬਾਅਦ ਠਾਠ-ਬਾਠ ਵਾਲੀ ਜ਼ਿੰਦਗੀ ਬਤੀਤ ਕਰਦਾ ਹੈ? ਜਾਂ ਉਦੋਂ ਕੀ ਜੇਕਰ ਕਰਜ਼ਦਾਰ ਨੂੰ ਇੰਨੀ ਰਕਮ ਮਿਲ ਜਾਂਦੀ ਹੈ ਕਿ ਉਹ ਕਰਜ਼ਾ ਮੋੜ ਸਕਦਾ ਹੈ, ਪਰੰਤੂ ਆਪਣੇ ਭਰਾ ਨੂੰ ਇਹ ਪੈਸਾ ਮੋੜਨ ਦੇ ਆਪਣੇ ਨੈਤਿਕ ਫ਼ਰਜ਼ ਨੂੰ ਅਣਡਿੱਠ ਕਰਦਾ ਹੈ? ਜੇਕਰ ਇਸ ਤਰ੍ਹਾਂ ਹੈ ਤਾਂ ਇਹ ਕਰਜ਼ਦਾਰ ਬਾਰੇ ਸ਼ੱਕ ਪੈਦਾ ਕਰੇਗਾ ਕਿ ਉਹ ਕਲੀਸਿਯਾ ਵਿਚ ਜ਼ਿੰਮੇਵਾਰ ਪਦਵੀ ਤੇ ਸੇਵਾ ਕਰਨ ਦੇ ਯੋਗ ਹੈ ਜਾਂ ਨਹੀਂ।—1 ਤਿਮੋਥਿਉਸ 3:3, 8; ਦੇਖੋ ਪਹਿਰਾਬੁਰਜ (ਅੰਗ੍ਰੇਜ਼ੀ), ਸਤੰਬਰ 15, 1994, ਸਫ਼ਾ 30-1.

ਧੋਖੇਬਾਜ਼ੀ ਦੇ ਮਾਮਲੇ ਬਾਰੇ ਕੀ?

16. ਜੇਕਰ ਅਸੀਂ ਕਾਰੋਬਾਰ ਵਿਚ ਧੋਖੇਬਾਜ਼ੀ ਦੇ ਸ਼ਿਕਾਰ ਹੋਏ ਜਾਪਦੇ ਹਾਂ, ਤਾਂ ਕਿਹੜੀ ਕਾਰਵਾਈ ਕੀਤੀ ਜਾ ਸਕਦੀ ਹੈ?

16 ਸਮਝ ਇਹ ਅਹਿਸਾਸ ਕਰਨ ਵਿਚ ਸਾਡੀ ਮਦਦ ਕਰਦੀ ਹੈ ਕਿ ਸਾਰੇ ਪੂੰਜੀ-ਨਿਵੇਸ਼ਾਂ ਤੋਂ ਮੁਨਾਫ਼ਾ ਹਾਸਲ ਨਹੀਂ ਹੁੰਦਾ ਹੈ। ਪਰੰਤੂ, ਉਦੋਂ ਕੀ ਜੇਕਰ ਧੋਖੇਬਾਜ਼ੀ ਸ਼ਾਮਲ ਹੋਵੇ? ਧੋਖੇਬਾਜ਼ੀ “ਦੂਸਰੇ ਨੂੰ ਆਪਣੀ ਕੋਈ ਕੀਮਤੀ ਵਸਤ ਜਾਂ ਕਾਨੂੰਨੀ ਹੱਕ ਤਿਆਗਣ ਲਈ ਰਾਜ਼ੀ ਕਰਨ ਦੇ ਮਨੋਰਥ ਨਾਲ ਜਾਣ-ਬੁੱਝ ਕੇ ਛਲ, ਚਾਲਬਾਜ਼ੀ ਦੀ ਵਰਤੋਂ, ਜਾਂ ਅਸਲੀਅਤ ਤੋਂ ਗੁਮਰਾਹ ਕਰਨੀ” ਹੁੰਦੀ ਹੈ। ਯਿਸੂ ਮਸੀਹ ਨੇ ਦੱਸਿਆ ਕਿ ਕਿਹੜੀ ਕਾਰਵਾਈ ਕੀਤੀ ਜਾ ਸਕਦੀ ਹੈ ਜੇਕਰ ਕੋਈ ਮਹਿਸੂਸ ਕਰੇ ਕਿ ਇਕ ਸੰਗੀ ਉਪਾਸਕ ਨੇ ਉਸ ਨਾਲ ਧੋਖਾ ਕੀਤਾ ਹੈ। ਮੱਤੀ 18:15-17 ਅਨੁਸਾਰ, ਯਿਸੂ ਨੇ ਕਿਹਾ: “ਜੇ ਤੇਰਾ ਭਾਈ ਤੇਰਾ ਗੁਨਾਹ ਕਰੇ ਤਾਂ ਜਾਹ ਅਰ ਉਹ ਦੇ ਸੰਗ ਇਕੱਲਾ ਹੋ ਕੇ ਉਹ ਨੂੰ ਸਮਝਾ ਦਿਹ। ਜੇ ਉਹ ਤੇਰੀ ਸੁਣੇ ਤਾਂ ਤੈਂ ਆਪਣੇ ਭਾਈ ਨੂੰ ਖੱਟ ਲਿਆ। ਪਰ ਜੇ ਨਾ ਸੁਣੇ ਤਾਂ ਤੂੰ ਇੱਕ ਯਾ ਦੋ ਜਣੇ ਆਪਣੇ ਨਾਲ ਹੋਰ ਲੈ ਤਾਂ ਹਰੇਕ ਗੱਲ ਦੋ ਯਾ ਤਿੰਨ ਗਵਾਹਾਂ ਦੇ ਮੂੰਹੋਂ ਸਾਬਤ ਹੋ ਜਾਵੇ। ਅਰ ਜੇ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਕਲੀਸਿਯਾ ਨੂੰ ਖ਼ਬਰ ਦਿਹ। ਫੇਰ ਜੇ ਉਹ ਕਲੀਸਿਯਾ ਦੀ ਵੀ ਨਾ ਸੁਣੇ ਤਾਂ ਉਹ ਤੇਰੇ ਅੱਗੇ ਪਰਾਈ ਕੌਮ ਵਾਲੇ ਅਤੇ ਮਸੂਲੀਏ ਵਰਗਾ ਹੋਵੇ।” ਬਾਅਦ ਵਿਚ ਯਿਸੂ ਨੇ ਜਿਹੜਾ ਦ੍ਰਿਸ਼ਟਾਂਤ ਦਿੱਤਾ, ਇਹ ਸੰਕੇਤ ਕਰਦਾ ਹੈ ਕਿ ਉਹ ਮਾਲੀ ਮਾਮਲਿਆਂ ਸੰਬੰਧੀ ਪਾਪਾਂ ਬਾਰੇ ਸੋਚ ਰਿਹਾ ਸੀ, ਜਿਸ ਵਿਚ ਧੋਖੇਬਾਜ਼ੀ ਵੀ ਸ਼ਾਮਲ ਸੀ।—ਮੱਤੀ 18:23-35.

17, 18. ਜੇਕਰ ਮਸੀਹੀ ਹੋਣ ਦਾ ਦਾਅਵਾ ਕਰਨ ਵਾਲਾ ਸਾਨੂੰ ਧੋਖਾ ਦਿੰਦਾ ਹੈ, ਤਾਂ ਸਮਝ ਸਾਡੀ ਕਿਵੇਂ ਰਾਖੀ ਕਰ ਸਕਦੀ ਹੈ?

17 ਬੇਸ਼ੱਕ, ਮੱਤੀ 18:15-17 ਵਿਚ ਦੱਸੀ ਗਈ ਕਾਰਵਾਈ ਕਰਨ ਦੀ ਕੋਈ ਸ਼ਾਸਤਰ-ਸੰਬੰਧੀ ਬੁਨਿਆਦ ਨਹੀਂ ਹੋਵੇਗੀ ਜੇਕਰ ਧੋਖੇਬਾਜ਼ੀ ਦਾ ਕੋਈ ਸਬੂਤ ਜਾਂ ਇੱਥੋਂ ਤਕ ਕਿ ਸੰਕੇਤ ਵੀ ਨਾ ਹੋਵੇ। ਪਰੰਤੂ, ਉਦੋਂ ਕੀ ਜੇਕਰ ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਨੇ ਸੱਚ-ਮੁੱਚ ਸਾਨੂੰ ਧੋਖਾ ਦਿੱਤਾ ਹੈ? ਸਮਝ ਸਾਨੂੰ ਅਜਿਹੀ ਕਾਰਵਾਈ ਕਰਨ ਤੋਂ ਰੋਕੇਗੀ ਜਿਸ ਨਾਲ ਸ਼ਾਇਦ ਕਲੀਸਿਯਾ ਦੀ ਬਦਨਾਮੀ ਹੋਵੇ। ਪੌਲੁਸ ਨੇ ਸੰਗੀ ਮਸੀਹੀਆਂ ਨੂੰ ਆਪਣੇ ਭਰਾ ਉੱਤੇ ਮੁਕੱਦਮਾ ਚਲਾਉਣ ਦੀ ਬਜਾਇ ਅਨਿਆਉਂ ਅਤੇ ਇੱਥੋਂ ਤਕ ਕਿ ਧੋਖੇ ਨੂੰ ਵੀ ਸਹਾਰ ਲੈਣ ਦੀ ਸਲਾਹ ਦਿੱਤੀ।—1 ਕੁਰਿੰਥੀਆਂ 6:7.

18 ਸਾਡੇ ਸੱਚੇ ਭਰਾ ਅਤੇ ਭੈਣ ‘ਛਲ ਅਤੇ ਬੁਰਿਆਈ ਨਾਲ ਭਰੇ ਹੋਏ’ ਨਹੀਂ ਹਨ, ਜਿਵੇਂ ਕਿ ਬਰਯੇਸੂਸ ਜਾਦੂਗਰ ਸੀ। (ਰਸੂਲਾਂ ਦੇ ਕਰਤੱਬ 13:6-12) ਇਸ ਲਈ ਆਓ ਅਸੀਂ ਸਮਝ ਇਸਤੇਮਾਲ ਕਰੀਏ ਜਦੋਂ ਅਜਿਹੇ ਕਾਰੋਬਾਰੀ ਜੋਖਮਾਂ ਵਿਚ ਪੈਸਾ ਡੁੱਬ ਜਾਂਦਾ ਹੈ, ਜਿਨ੍ਹਾਂ ਵਿਚ ਸੰਗੀ ਵਿਸ਼ਵਾਸੀ ਸ਼ਾਮਲ ਹੁੰਦੇ ਹਨ। ਜੇਕਰ ਅਸੀਂ ਕਾਨੂੰਨੀ ਕਾਰਵਾਈ ਕਰਨ ਦੀ ਸੋਚ ਰਹੇ ਹਾਂ, ਤਾਂ ਸਾਨੂੰ ਉਸ ਸੰਭਵ ਅਸਰ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਜੋ ਨਿੱਜੀ ਤੌਰ ਤੇ ਸਾਡੇ ਉੱਤੇ, ਦੂਸਰੇ ਵਿਅਕਤੀ ਜਾਂ ਵਿਅਕਤੀਆਂ ਉੱਤੇ, ਕਲੀਸਿਯਾ ਉੱਤੇ, ਅਤੇ ਬਾਹਰਲਿਆਂ ਉੱਤੇ ਪਵੇਗਾ। ਹਾਨਪੂਰਤੀ ਦੀ ਭਾਲ ਵਿਚ ਸਾਡਾ ਕਾਫ਼ੀ ਸਮਾਂ, ਤਾਕਤ, ਅਤੇ ਦੂਜੇ ਸਾਧਨ ਲੱਗ ਸਕਦੇ ਹਨ। ਇਹ ਸ਼ਾਇਦ ਕੇਵਲ ਵਕੀਲ ਅਤੇ ਹੋਰ ਪੇਸ਼ਾਵਰ ਵਿਅਕਤੀਆਂ ਦੀ ਹੀ ਜੇਬ ਭਰੇਗਾ। ਦੁੱਖ ਦੀ ਗੱਲ ਹੈ ਕਿ ਕੁਝ ਮਸੀਹੀਆਂ ਨੇ ਇਨ੍ਹਾਂ ਗੱਲਾਂ ਵਿਚ ਬਹੁਤ ਜ਼ਿਆਦਾ ਰੁੱਝਣ ਦੇ ਕਾਰਨ ਦੈਵ-ਸ਼ਾਸਕੀ ਵਿਸ਼ੇਸ਼-ਸਨਮਾਨਾਂ ਨੂੰ ਤਿਆਗ ਦਿੱਤਾ ਹੈ। ਸਾਡੇ ਇਸ ਤਰ੍ਹਾਂ ਕੁਰਾਹੇ ਪੈਣ ਨਾਲ ਸ਼ਤਾਨ ਖ਼ੁਸ਼ ਹੁੰਦਾ ਹੈ, ਪਰੰਤੂ ਅਸੀਂ ਯਹੋਵਾਹ ਦੇ ਜੀ ਨੂੰ ਆਨੰਦਿਤ ਕਰਨਾ ਚਾਹੁੰਦੇ ਹਾਂ। (ਕਹਾਉਤਾਂ 27:11) ਦੂਜੇ ਪਾਸੇ, ਨੁਕਸਾਨ ਨੂੰ ਸਵੀਕਾਰ ਕਰ ਕੇ ਅਸੀਂ ਦੁੱਖਾਂ ਤੋਂ ਬਚ ਸਕਦੇ ਹਾਂ ਅਤੇ ਆਪਣਾ ਅਤੇ ਬਜ਼ੁਰਗਾਂ ਦਾ ਕਾਫ਼ੀ ਸਮਾਂ ਬਚਾ ਸਕਦੇ ਹਾਂ। ਇਹ ਕਲੀਸਿਯਾ ਦੀ ਸ਼ਾਂਤੀ ਬਣਾਈ ਰੱਖਣ ਵਿਚ ਮਦਦ ਕਰੇਗਾ ਅਤੇ ਸਾਨੂੰ ਪਹਿਲਾਂ ਰਾਜ ਦੀ ਭਾਲ ਕਰਦੇ ਰਹਿਣ ਦੇ ਯੋਗ ਬਣਾਏਗਾ।

ਸਮਝ ਅਤੇ ਫ਼ੈਸਲਾ

19. ਤਣਾਉ-ਭਰੇ ਫ਼ੈਸਲੇ ਕਰਦੇ ਸਮੇਂ ਅਧਿਆਤਮਿਕ ਸਮਝ ਅਤੇ ਪ੍ਰਾਰਥਨਾ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ?

19 ਮਾਲੀ ਜਾਂ ਕਾਰੋਬਾਰੀ ਮਾਮਲਿਆਂ ਬਾਰੇ ਫ਼ੈਸਲਾ ਕਰਨਾ ਕਾਫ਼ੀ ਤਣਾਉ ਭਰਿਆ ਹੋ ਸਕਦਾ ਹੈ। ਪਰੰਤੂ ਅਧਿਆਤਮਿਕ ਸਮਝ ਸਾਡੀ ਮਦਦ ਕਰ ਸਕਦੀ ਹੈ ਕਿ ਅਸੀਂ ਇਨ੍ਹਾਂ ਮਾਮਲਿਆਂ ਉੱਤੇ ਚੰਗੀ ਤਰ੍ਹਾਂ ਨਾਲ ਵਿਚਾਰ ਕਰੀਏ ਅਤੇ ਬੁੱਧੀਮਾਨ ਫ਼ੈਸਲਾ ਕਰੀਏ। ਇਸ ਤੋਂ ਇਲਾਵਾ, ਯਹੋਵਾਹ ਉੱਤੇ ਪ੍ਰਾਰਥਨਾਪੂਰਣ ਭਰੋਸਾ ਸਾਨੂੰ “ਪਰਮੇਸ਼ੁਰ ਦੀ ਸ਼ਾਂਤੀ” ਦੇ ਸਕਦਾ ਹੈ। (ਫ਼ਿਲਿੱਪੀਆਂ 4:6, 7) ਇਹ ਇਕ ਅਜਿਹਾ ਚੈਨ ਅਤੇ ਸਕੂਨ ਹੈ ਜੋ ਯਹੋਵਾਹ ਦੇ ਨਾਲ ਇਕ ਗੂੜ੍ਹੇ ਨਿੱਜੀ ਸੰਬੰਧ ਤੋਂ ਮਿਲਦਾ ਹੈ। ਨਿਸ਼ਚੇ ਹੀ, ਅਜਿਹੀ ਸ਼ਾਂਤੀ ਸਾਨੂੰ ਆਪਣਾ ਸੰਤੁਲਨ ਬਣਾਈ ਰੱਖਣ ਵਿਚ ਮਦਦ ਦੇ ਸਕਦੀ ਹੈ ਜਦੋਂ ਅਸੀਂ ਔਖੇ ਫ਼ੈਸਲਿਆਂ ਦਾ ਸਾਮ੍ਹਣਾ ਕਰਦੇ ਹਾਂ।

20. ਜਿੱਥੇ ਤਕ ਕਾਰੋਬਾਰੀ ਮਾਮਲਿਆਂ ਅਤੇ ਕਲੀਸਿਯਾ ਦੀ ਗੱਲ ਆਉਂਦੀ ਹੈ, ਉੱਥੇ ਸਾਨੂੰ ਕੀ ਕਰਨ ਦਾ ਦ੍ਰਿੜ੍ਹ ਨਿਸ਼ਚਾ ਕਰਨਾ ਚਾਹੀਦਾ ਹੈ?

20 ਆਓ ਅਸੀਂ ਦ੍ਰਿੜ੍ਹ ਨਿਸ਼ਚਾ ਕਰੀਏ ਕਿ ਅਸੀਂ ਕਾਰੋਬਾਰੀ ਝਗੜਿਆਂ ਨੂੰ ਸਾਡੀ ਸ਼ਾਂਤੀ ਜਾਂ ਕਲੀਸਿਯਾ ਦੀ ਸ਼ਾਂਤੀ ਤਬਾਹ ਨਹੀਂ ਕਰਨ ਦਿਆਂਗੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮਸੀਹੀ ਕਲੀਸਿਯਾ ਸਾਡੀ ਅਧਿਆਤਮਿਕ ਰੂਪ ਵਿਚ ਮਦਦ ਕਰਨ ਲਈ ਕੰਮ ਕਰਦੀ ਹੈ, ਨਾ ਕਿ ਇਕ ਵਪਾਰਕ ਕੇਂਦਰ ਵਜੋਂ। ਕਾਰੋਬਾਰੀ ਮਾਮਲਿਆਂ ਨੂੰ ਹਮੇਸ਼ਾ ਕਲੀਸਿਯਾ ਦੀਆਂ ਸਰਗਰਮੀਆਂ ਤੋਂ ਵੱਖਰਾ ਰੱਖਿਆ ਜਾਣਾ ਚਾਹੀਦਾ ਹੈ। ਕਾਰੋਬਾਰੀ ਜੋਖਮਾਂ ਵਿਚ ਪ੍ਰਵੇਸ਼ ਕਰਨ ਵੇਲੇ ਸਾਨੂੰ ਸਮਝ ਅਤੇ ਸਾਵਧਾਨੀ ਵਰਤਣੀ ਚਾਹੀਦੀ ਹੈ। ਅਤੇ ਆਓ ਅਸੀਂ ਹਮੇਸ਼ਾ ਹੀ ਅਜਿਹੇ ਮਾਮਲਿਆਂ ਬਾਰੇ ਸੰਤੁਲਿਤ ਦ੍ਰਿਸ਼ਟੀਕੋਣ ਕਾਇਮ ਰੱਖਦੇ ਹੋਏ, ਪਹਿਲਾਂ ਰਾਜ ਹਿਤਾਂ ਦੀ ਭਾਲ ਕਰੀਏ। ਜੇਕਰ ਅਜਿਹੇ ਕੋਈ ਜੋਖਮ ਭਰੇ ਕਾਰੋਬਾਰ ਦਾ ਦਿਵਾਲਾ ਨਿਕਲ ਜਾਂਦਾ ਹੈ ਜਿਸ ਵਿਚ ਸੰਗੀ ਉਪਾਸਕ ਸ਼ਾਮਲ ਹਨ, ਤਾਂ ਆਓ ਅਸੀਂ ਉਹ ਕਾਰਵਾਈ ਕਰੀਏ ਜੋ ਸਾਰੇ ਸ਼ਾਮਲ ਵਿਅਕਤੀਆਂ ਦੇ ਫ਼ਾਇਦੇ ਲਈ ਹੋਵੇਗੀ।

21. ਅਸੀਂ ਕਿਵੇਂ ਸਮਝ ਦੀ ਵਰਤੋਂ ਕਰਦੇ ਹੋਏ ਫ਼ਿਲਿੱਪੀਆਂ 1:9-11 ਦੀ ਇਕਸਾਰਤਾ ਵਿਚ ਕਾਰਜ ਕਰ ਸਕਦੇ ਹਾਂ?

21 ਮਾਲੀ ਮਾਮਲਿਆਂ ਅਤੇ ਹੋਰ ਦੂਸਰੀਆਂ ਘੱਟ ਮਹੱਤਵ ਦੀਆਂ ਗੱਲਾਂ ਬਾਰੇ ਹੱਦੋਂ ਵੱਧ ਚਿੰਤਿਤ ਹੋਣ ਦੀ ਬਜਾਇ, ਆਓ ਅਸੀਂ ਸਮਝ ਉੱਤੇ ਆਪਣਾ ਚਿੱਤ ਲਾਈਏ, ਪਰਮੇਸ਼ੁਰ ਦੀ ਅਗਵਾਈ ਲਈ ਪ੍ਰਾਰਥਨਾ ਕਰੀਏ, ਅਤੇ ਰਾਜ ਹਿਤਾਂ ਨੂੰ ਪਹਿਲ ਦੇਈਏ। ਪੌਲੁਸ ਦੀ ਪ੍ਰਾਰਥਨਾ ਦੀ ਇਕਸਾਰਤਾ ਵਿਚ, ‘ਸਾਡਾ ਪ੍ਰੇਮ ਯਥਾਰਥ ਗਿਆਨ ਅਤੇ ਪੂਰੀ ਸਮਝ ਨਾਲ ਹੋਰ ਵਧੇਰੇ ਵਧਦਾ ਜਾਵੇ; ਕਿ ਅਸੀਂ ਜ਼ਿਆਦਾ ਮਹੱਤਵਪੂਰਣ ਗੱਲਾਂ ਨੂੰ ਨਿਸ਼ਚਿਤ ਕਰੀਏ ਅਤੇ ਦੂਸਰਿਆਂ ਨੂੰ’ ਜਾਂ ਖ਼ੁਦ ਨੂੰ ‘ਠੋਕਰ ਨਾ ਖੁਆਈਏ।’ ਹੁਣ ਜਦ ਕਿ ਰਾਜਾ ਮਸੀਹ ਆਪਣੇ ਸਵਰਗੀ ਸਿੰਘਾਸਣ ਤੇ ਬੈਠ ਚੁੱਕਾ ਹੈ, ਆਓ ਅਸੀਂ ਜੀਵਨ ਦੇ ਹਰ ਪਹਿਲੂ ਵਿਚ ਅਧਿਆਤਮਿਕ ਸਮਝ ਪ੍ਰਦਰਸ਼ਿਤ ਕਰੀਏ। ਅਤੇ ‘ਅਸੀਂ ਯਿਸੂ ਮਸੀਹ ਦੇ ਵਸੀਲੇ ਧਾਰਮਿਕ ਫਲ ਨਾਲ ਭਰੇ ਰਹੀਏ ਜਿਸ ਨਾਲ ਪਰਮੇਸ਼ੁਰ,’ ਅਥਵਾ ਸਰਬਸੱਤਾਵਾਨ ਪ੍ਰਭੂ ਯਹੋਵਾਹ ‘ਦੀ ਮਹਿਮਾ ਅਤੇ ਉਸਤਤ ਹੋਵੇ।’—ਫ਼ਿਲਿੱਪੀਆਂ 1:9-11, ਨਿ ਵ.

ਤੁਸੀਂ ਕਿਵੇਂ ਜਵਾਬ ਦਿਓਗੇ?

◻ ਸਮਝ ਕੀ ਹੈ?

◻ ਮਸੀਹੀਆਂ ਵਿਚਾਲੇ ਕਾਰੋਬਾਰੀ ਲੈਣ-ਦੇਣ ਦੇ ਸੰਬੰਧ ਵਿਚ ਸਮਝ ਪ੍ਰਦਰਸ਼ਿਤ ਕਰਨ ਦੀ ਕਿਉਂ ਖ਼ਾਸ ਲੋੜ ਹੈ?

◻ ਸਮਝ ਸਾਡੀ ਕਿਵੇਂ ਮਦਦ ਕਰ ਸਕਦੀ ਹੈ ਜੇਕਰ ਅਸੀਂ ਮਹਿਸੂਸ ਕਰਦੇ ਹਾਂ ਕਿ ਇਕ ਸੰਗੀ ਵਿਸ਼ਵਾਸੀ ਨੇ ਸਾਨੂੰ ਧੋਖਾ ਦਿੱਤਾ ਹੈ?

◻ ਫ਼ੈਸਲਾ ਕਰਨ ਵਿਚ ਸਮਝ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ?

[ਸਫ਼ੇ 25 ਉੱਤੇ ਤਸਵੀਰ]

ਸਮਝ ਸਾਡੀ ਮਦਦ ਕਰੇਗੀ ਕਿ ਅਸੀਂ ਪਹਿਲਾਂ ਰਾਜ ਦੀ ਭਾਲ ਕਰਦੇ ਰਹਿਣ ਬਾਰੇ

ਯਿਸੂ ਦੀ ਸਲਾਹ ਲਾਗੂ ਕਰੀਏ

[ਸਫ਼ੇ 27 ਉੱਤੇ ਤਸਵੀਰਾਂ]

ਕਾਰੋਬਾਰੀ ਰਾਜ਼ੀਨਾਮਿਆਂ ਨੂੰ ਹਮੇਸ਼ਾ ਕਲਮਬੰਦ ਕਰੋ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ